ਡਾ. ਵਿਨੋਦ ਕੁਮਾਰ
ਜੀਵਨ ਨਾਲ ਜੁੜੇ ਮਸਲੇ ਦਿਨ ਪ੍ਰਤੀ ਦਿਨ ਗੁੰਝਲਦਾਰ ਹੁੰਦੇ ਜਾ ਰਹੇ ਹਨ। ਸਾਧਾਰਨ ਲੋਕਾਈ ਆਪਣੀ ਜੀਵਨ ਪ੍ਰਕਿਰਿਆ ਸਮਝਣ ਵਿਚ ਅਸਮਰੱਥ ਹੁੰਦੀ ਜਾ ਰਹੀ ਹੈ। ਇਸ ਦੇ ਤਿੰਨ ਵੱਡੇ ਕਾਰਨ ਹਨ। ਇਕ ਇਹ ਕਿ ਹਰ ਕੋਈ ਰੇਡੀਮੇਡ ਤੇ ਸੁਖਾਲੀ ਜ਼ਿੰਦਗੀ ਜਿਉਣ ਦੇ ਚੱਕਰ ਵਿਚ ਇਸ ਦੀਆਂ ਹੋਰ ਗੁੰਝਲਦਾਰ ਹੁੰਦੀਆਂ ਜਾ ਰਹੀਆਂ ਪਰਤਾਂ ਨੂੰ ਸਮਝਣਾ ਹੀ ਨਹੀਂ ਚਾਹੁੰਦਾ। ਦੂਸਰਾ, ਅਸੀਂ ਸਰੀਰਕ ਤੇ ਮਾਨਸਿਕ ਦਬਾਅ ਅਧੀਨ ਬਚਾਅ ਦੀ ਕੋਸ਼ਿਸ਼ ਕਰਦਿਆਂ ਭਿਆਨਕ ਹੁੰਦੀਆਂ ਜਾ ਰਹੀਆਂ ਜੀਵਨ ਹਾਲਤਾਂ ਤੋਂ ਡਰਦੇ ਹੋਏ ਅੱਖਾਂ ਮੀਟ ਲੈਣਾ ਬਿਹਤਰ ਸਮਝਦੇ ਹਾਂ। ਤੀਸਰਾ, ਸਾਨੂੰ ਪ੍ਰਸਥਿਤੀਆਂ ਨੂੰ ਉਨ੍ਹਾਂ ਦੇ ਸੰਦਰਭ ਵਿਚ ਪਛਾਣਨ ਤੇ ਉਸਾਰੂ ਬਣਾਉਣ ਲਈ ਲੋੜੀਂਦੀ ਸਪੇਸ ਹੀ ਉਪਲਬਧ ਨਹੀਂ ਹੁੰਦੀ। ਝੂਠੀ ਚੇਤਨਾ ਦਾ ਪ੍ਰਚਾਰ ਤੇ ਪਸਾਰ ਕੀਤਾ ਜਾਂਦਾ ਹੈ ਤੇ ਸਾਨੂੰ ਅਸਲ ਹਾਲਤਾਂ ਦੀ ਥਾਂ ਝੂਠੀਆਂ ਜੀਵਨ ਮਿੱਥਾਂ ਦਿੱਤੀਆਂ ਜਾਂਦੀਆਂ ਹਨ। ਫਰਾਂਸੀਸੀ ਚਿੰਤਕ ਲੁਈ ਆਲਥੂਸੇਅ ਅਨੁਸਾਰ ਝੂਠੀ ਚੇਤਨਾ ਮਨੁੱਖ ਨੂੰ ਅਸਲ ਜੀਵਨ ਤੋਂ ਕੋਹਾਂ ਦੂਰ ਲੈ ਜਾਂਦੀ ਹੈ। ਮਨੁੱਖ ਦਾ ਅਸਲ ਜੀਵਨ ਪ੍ਰਸਥਿਤੀਆਂ ਨਾਲ ਇਕ ਕਾਲਪਨਿਕ ਰਿਸ਼ਤਾ ਬਣ ਜਾਂਦਾ ਹੈ ਜਿਸ ਵਿਚ ਆਮ ਤੌਰ ’ਤੇ ਸਭ ਕੁਝ ਸਹਿਜ, ਸੁਭਾਵਿਕ, ਕੁਦਰਤੀ ਜਾਂ ਰੱਬੀ ਵਰਤਾਰਾ ਜਾਪਦਾ ਹੈ।
ਇਹ ਵਰਤਾਰਾ ਬਹੁਤ ਹੀ ਗੁੰਝਲਦਾਰ ਹੈ ਤੇ ਇਕ ਗਹਿਨ ਅਧਿਐਨ ਤੇ ਡੂੰਘੀ ਸਮਝ ਦੀ ਮੰਗ ਕਰਦਾ ਹੈ। ਹਾਲ ਦੀ ਘੜੀ ਇਸ ਨੂੰ ਅਸੀਂ ਮਨੁੱਖ ਨਾਲ ਡੂੰਘੇ ਤੌਰ ’ਤੇ ਜੁੜੇ ਤਿੰਨ ਪ੍ਰਮੁੱਖ ਤੱਤਾਂ ਨਾਲ ਜੋੜ ਕੇ ਸਮਝਣ ਦੀ ਕੋਸ਼ਿਸ਼ ਕਰ ਸਕਦੇ ਹਾਂ। ਇਹ ਤਿੰਨ ਤੱਤ ਹਨ: ਰਾਜਨੀਤੀ, ਸਿੱਖਿਆ ਤੇ ਮੀਡੀਆ।
ਸਿਧਾਂਤਕ ਤੌਰ ’ਤੇ ਅਸੀਂ ਆਜ਼ਾਦ ਲੋਕਤੰਤਰੀ ਦੇਸ਼ ਦੇ ਵਾਸੀ ਹਾਂ। ਵਿਵਹਾਰਕ ਰੂਪ ਵਿਚ ਅਸੀਂ ਜਾਣਦੇ ਹਾਂ ਕਿ ਭ੍ਰਿਸ਼ਟ ਸਿਆਸਤਦਾਨ ਤੇ ਪਾਰਟੀਆਂ ਕਿਸ ਤਰ੍ਹਾਂ ਲੋਕਾਂ ਦੀਆਂ ਦੀਆਂ ਭਾਵਨਾਵਾਂ ਤੇ ਹੱਕਾਂ ਨਾਲ ਖੇਡਦੀਆਂ ਹਨ। ਚੋਣ ਮਨੋਰਥ ਪੱਤਰਾਂ ਵਿਚ ਅਤੇ ਸਟੇਜਾਂ ਉਪਰ ਲੋਕਾਂ ਨੂੰ ਚੰਗੀ ਜ਼ਿੰਦਗੀ ਦੇਣ ਦਾ ਵਾਅਦਾ ਕੀਤਾ ਜਾਂਦਾ ਹੈ, ਪਰ ਅਜਿਹਾ ਹਕੀਕਤ ਵਿਚ ਨਹੀਂ ਬਦਲਦਾ। ਹੁਣ ਤਾਂ ਬਹੁਤੇ ਲੋਕ ਇਸ ਵਰਤਾਰੇ ਨੂੰ ਸਹਿਜ ਮੰਨਣ ਲੱਗੇ ਹਨ। ਹਰ ਨਾਗਰਿਕ ਨੂੰ ਚੋਣਾਂ ਲੜਨ ਦਾ ਅਧਿਕਾਰ ਹੈ, ਪਰ ਵਿਵਹਾਰਿਕ ਰੂਪ ਵਿਚ ਇਹ ਆਮ ਇਨਸਾਨ ਲਈ ਸੰਭਵ ਹੀ ਨਹੀਂ ਹੈ ਕਿਉਂਕਿ ਕੋਈ ਚੋਣ ਲੜਨ ਲਈ ਲੱਖਾਂ ਰੁਪਏ ਦਾ ਬਜਟ ਚਾਹੀਦਾ ਹੈ। ਨੈਤਿਕ ਕਦਰਾਂ ਕੀਮਤਾਂ ਦਾ ਪੱਲਾ ਫੜ ਕੇ ਚੋਣ ਜਿੱਤਣਾ ਬੜਾ ਮੁਸ਼ਕਿਲ ਹੋਵੇਗਾ। ਧਰਮ ਤੇ ਜਾਤ ਦੀ ਖ਼ਤਰਨਾਕ ਰਾਜਨੀਤੀ ਸਾਡੇ ਜੀਵਨ ਦਾ ਅੰਗ ਬਣ ਚੁੱਕੀ ਹੈ। ਸਤਹੀ ਪੱਧਰ ਤੋਂ ਅਸੀਂ ਆਪਣੇ ਦੇਸ਼ ਨੂੰ ਪਾਰਦਰਸ਼ੀ ਤੇ ਇਮਾਨਦਾਰ ਲੋਕਤੰਤਰ ਦੇ ਰੂਪ ਵਿਚ ਦੇਖਦੇ ਹਾਂ ਤੇ ਸਵੈ ਦੀ ਖੁਸ਼ਾਮਦ ਦੇ ਗ਼ੁਲਾਮ ਹੋ ਜਾਂਦੇ ਹਾਂ। ਸਾਧਾਰਨ ਵਿਅਕਤੀ ਬੱਸ ਵੋਟ ਹੀ ਪਾ ਸਕਦਾ ਹੈ। ਵੋਟ ਪਾਉਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਖੁਸ਼ਹਾਲ ਜੀਵਨ ਚੁਣ ਸਕਦੇ ਹੋ। ਇਸ ਤਰ੍ਹਾਂ ਮਨੁੱਖ ਆਪਣੀ ਰਾਜਨੀਤਿਕ ਜ਼ਿੰਦਗੀ ਨਿਸ਼ਚਿਤ ਕਰਨ ਤੇ ਜਿਉਣ ਲਈ ਪੂਰਨ ਰੂਪ ਵਿਚ ਆਜ਼ਾਦ ਨਹੀਂ। ਇਸ ਤਰ੍ਹਾਂ ਝੂਠੀ ਰਾਜਨੀਤੀ ਸਾਨੂੰ ਸੁਚੇਤ ਤੇ ਅਚੇਤ ਰੂਪ ਵਿਚ ਝੂਠੀ ਤੇ ਨਾਂਹ-ਪੱਖੀ ਜ਼ਿੰਦਗੀ ਹੰਢਾਉਣ ਵੱਲ ਤੋਰਦੀ ਹੈ।
ਮੀਡੀਆ ਦੇ ਵੱਡੇ ਹਿੱਸੇ ਰਾਹੀਂ ਝੂਠੀ ਜ਼ਿੰਦਗੀ ਤੇ ਚੇਤਨਾ ਦਾ ਕੂੜ ਪ੍ਰਚਾਰ ਜ਼ੋਰਾਂ ਸ਼ੋਰਾਂ ਨਾਲ ਹੁੰਦਾ ਹੈ। ਇਹ ਕਿਸੇ ਵੀ ਤੰਤਰ ਵਿਚ ਵੱਡਾ ਰੋਲ ਅਦਾ ਕਰਦਾ ਹੈ ਤੇ ਲੋਕਾਂ ਨੂੰ ਉਨ੍ਹਾਂ ਦੀ ਅਸਲ ਜ਼ਿੰਦਗੀ, ਮਸਲਿਆਂ ਤੇ ਸਰੋਕਾਰਾਂ ਨਾਲੋਂ ਤੋੜਦਾ ਹੋਇਆ ਝੂਠੀ ਖੁਸ਼ਹਾਲ ਜ਼ਿੰਦਗੀ ਦੀ ਪੇਸ਼ਕਾਰੀ ਕਰਦਾ ਹੈ। ਟੀ.ਵੀ. ਲੜੀਵਾਰਾਂ, ਇਸ਼ਤਿਹਾਰਾਂ, ਫਿਲਮਾਂ ਅਤੇ ਗੀਤਾਂ ਵਿਚ ਅਕਸਰ ਅਮੀਰ ਲੋਕਾਂ ਦੀ ਅਤੇ ਝੂਠੀ ਭੜਕਾਊ ਜ਼ਿੰਦਗੀ ਦੀ ਪੇਸ਼ਕਾਰੀ ਕੀਤੀ ਜਾਂਦੀ ਹੈ ਜਿਸ ਵਿਚ ਮਹਿੰਗੀਆਂ ਪੁਸ਼ਾਕਾਂ, ਵੱਡੀਆਂ ਕਾਰਾਂ, ਵੱਡੇ ਵੱਡੇ ਬੰਗਲੇ, ਮਹਿੰਗੇ ਨਸ਼ਿਆਂ ਦਾ ਸੇਵਨ, ਨਾਜਾਇਜ਼ ਸੰਬੰਧਾਂ ਦੀ ਭਰਮਾਰ, ਗੁੰਡਾਗਰਦੀ, ਜਲਦ ਅਮੀਰ ਬਣਨ ਦੀ ਲਾਲਸਾ ਆਦਿ ਆਮ ਤੌਰ ’ਤੇ ਸ਼ਾਮਿਲ ਹੁੰਦਾ ਹੈ। ਇਹ ਸਭ ਯਥਾਰਥ ਅਤੇ ਸਾਧਾਰਨ ਜ਼ਿੰਦਗੀ ਤੋਂ ਕੋਹਾਂ ਦੂਰ ਹੁੰਦਾ ਹੈ। ਨਾ ਹੀ ਜ਼ਮੀਨੀ ਪੱਧਰ ਦੀ ਸੱਚਾਈ ਦਿਖਾਈ ਜਾਂਦੀ ਹੈ, ਨਾ ਹੀ ਅਸਲ ਲੋਕ ਮੁੱਦੇ ਤੇ ਨਾ ਹੀ ਉਨ੍ਹਾਂ ਦਾ ਵਿਸ਼ਲੇਸ਼ਣ ਜਾਂ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੋਸ਼ਲ ਮੀਡੀਆ ਰਾਹੀਂ ਵੀ ਲੋਕਾਂ ਨੂੰ ਗੁੰਮਰਾਹ ਕਰਦਿਆਂ ਝੂਠੀ ਜ਼ਿੰਦਗੀ ਦਿੱਤੀ ਜਾਂਦੀ ਹੈ। ਖ਼ਾਸਕਰ ਨੌਜਵਾਨ ਆਪਣਾ ਕੀਮਤੀ ਸਮਾਂ ਤੇ ਬੌਧਿਕ ਤਾਕਤ ਬੇਲੋੜੀਆਂ ਤੇ ਉਕਸਾਊ ਐਪਸ ਉਪਰ ਨਸ਼ਟ ਕਰ ਦਿੰਦੇ ਹਨ।
ਜੀਵਨ ਨੂੰ ਉਸਾਰੂ ਸੇਧ ਦੇਣ ਦੀ ਥਾਂ ਸਿੱਖਿਆ ਵੀ ਅੱਜਕੱਲ੍ਹ ਗੁੰਮਰਾਹ ਜ਼ਿਆਦਾ ਕਰਦੀ ਹੈ ਤੇ ਸਾਨੂੰ ਗੈਰ-ਉਸਾਰੂ ਜ਼ਿੰਦਗੀ ਵਿਚ ਵਧੇਰੇ ਵਿਸ਼ਵਾਸੀ ਬਣਾਉਂਦੀ ਹੈ। ਥਾਂ ਥਾਂ ’ਤੇ ਖੁੱਲ੍ਹ ਰਹੇ ਪ੍ਰਾਈਵੇਟ ਵਿੱਦਿਅਕ ਅਦਾਰੇ ਸਿੱਖਿਆ ਵੰਡਣ ਦੀ ਥਾਂ ਵਪਾਰਕ ਕੇਂਦਰ ਬਣ ਚੁੱਕੇ ਹਨ। ਮਹਿੰਗੇ ਤੇ ਬੇਲੋੜੇ ਕੋਰਸ ਸ਼ੁਰੂ ਕੀਤੇ ਤੇ ਪ੍ਰਚਾਰੇ ਜਾਂਦੇ ਹਨ। ਰਵਾਇਤੀ ਕੋਰਸਾਂ ਨੂੰ ਛੇਤੀ ਕਿਤੇ ਅੱਪਡੇਟ ਨਹੀਂ ਕੀਤਾ ਜਾਂਦਾ। ਚੱਲ ਰਹੀ ਪ੍ਰਣਾਲੀ ਵਿਚ ਸਿਧਾਂਤਕ ਸਿੱਖਿਆ ਜ਼ਿਆਦਾ ਭਾਰੂ ਹੈ। ਰਾਜਨੀਤੀ ਦੇ ਵਿਦਿਆਰਥੀਆਂ ਦੀ ਵਿਵਹਾਰਿਕ ਰਾਜਨੀਤੀ ਬਾਰੇ ਜਾਣਕਾਰੀ ਅਕਸਰ ਸੀਮਿਤ ਹੁੰਦੀ ਹੈ। ਉਨ੍ਹਾਂ ਨੂੰ ਪੜ੍ਹਾਇਆ ਜਾਂਦਾ ਹੈ ਕਿ ਤੁਸੀਂ ਭਾਰਤ ਦੇ ਨਾਗਰਿਕ ਹੋਣ ਦੇ ਨਾਤੇ ਕੋਈ ਵੀ ਚੋਣ ਲੜਨ ਦਾ ਅਧਿਕਾਰ ਰੱਖਦੇ ਹੋ। ਪਰ ਵਿਹਾਰਕ ਰੂਪ ਵਿਚ ਕੀ ਇਹ ਸੰਭਵ ਹੈ ਕਿ ਕੋਈ ਗ਼ਰੀਬ ਵਿਅਕਤੀ ਛੋਟੀ ਤੋਂ ਛੋਟੀ ਚੋਣ ਵੀ ਲੜ ਸਕਦਾ ਹੋਵੇ।
ਪਿਛਲੇ ਸਮੇਂ ਦੌਰਾਨ ਸਿੱਖਿਆ ਨੂੰ ਵਿਹਾਰਕ ਬਣਾਉਣ ਦੇ ਨਾਂ ’ਤੇ ਬਹੁਤ ਸਾਰੇ ਮਹਿੰਗੇ ਤਕਨੀਕੀ ਤੇ ਮੈਨੇਜਮੈਂਟ ਕੋਰਸਾਂ ਦਾ ਹੜ੍ਹ ਹੀ ਆ ਗਿਆ ਜਿਸ ਰਾਹੀਂ ਬਹੁਤ ਸਾਰੇ ਗ਼ਰੀਬ ਤੇ ਸਾਧਾਰਨ ਲੋਕ ਲੁੱਟੇ ਗਏ। ਨਤੀਜੇ ਵਜੋਂ ਬੇਰੁਜ਼ਗਾਰਾਂ ਦੀ ਵੱਡੀ ਫ਼ੌਜ ਖੜ੍ਹੀ ਹੋ ਗਈ। ਇਸ ਤਹਿਤ ਨਾ ਤਾਂ ਲੋਕਾਂ ਨੂੰ ਪੂਰਨ ਸਿੱਖਿਆ ਹੀ ਮਿਲੀ, ਨਾ ਹੀ ਮੁਹਾਰਤ ਤੇ ਰੁਜ਼ਗਾਰ। ਮੌਜੂਦਾ ਵਿੱਦਿਅਕ ਢਾਂਚਾ ਬਹੁਤ ਸਾਰੇ ਖੱਪਿਆਂ, ਵਿਰੋਧਤਾਵਾਂ ਤੇ ਖੜੋਤ ਨਾਲ ਉਲਝਿਆ ਪਿਆ ਹੈ।
ਇਸ ਤਰ੍ਹਾਂ ਜ਼ਿੰਦਗੀ ਨੂੰ ਸੋਚਣ, ਸਮਝਣ ਤੇ ਉਸਾਰੂ ਕਾਰਜ ਕਰਨ ਲਈ ਸਪੇਸ ਦਿਨ ਪ੍ਰਤੀ ਦਿਨ ਸੁੰਗੜਦੀ ਜਾ ਰਹੀ ਹੈ। ਇਸ ਸਪੇਸ ਤੇ ਉਸਾਰੂ ਜ਼ਿੰਦਗੀ ਨੂੰ ਬਚਾਉਣ ਲਈ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਅਸੀਂ ਥੁੜ-ਚਿਰੇ ਨਿੱਜੀ ਹਿੱਤਾਂ ਨੂੰ ਤਰਜੀਹ ਨਾ ਦਿੰਦੇ ਹੋਏ, ਮਨੁੱਖ ਹੋਣ ਨਾਤੇ ਆਪਣੀ ਭੂਮਿਕਾ ਤੇ ਫ਼ਰਜ਼ ਪਛਾਣੀਏ। ਆਪਣੇ ਥੁੜ-ਚਿਰੇ ਆਰਾਮ ਲਈ ਪੂਰੇ ਆਵਾਮ ਦੀ ਜ਼ਿੰਦਗੀ ਨੂੰ ਦਾਅ ’ਤੇ ਨਾ ਲਗਾਈਏ। ਪ੍ਰਣ ਕਰੀਏ ਕਿ ਅਸੀਂ ਜ਼ਿੰਦਗੀ ਕੇਵਲ ਆਪਣੇ ਲਈ ਨਹੀਂ ਸਗੋਂ ਸਮੁੱਚੀ ਮਨੁੱਖਤਾ ਦੀ ਉਸਾਰੀ ਲਈ ਖਰਚਣੀ ਤੇ ਜਿਉਣੀ ਹੈ। ਪੜ੍ਹੇ-ਲਿਖੇ ਵਰਗ ਨੂੰ ਕੇਵਲ ਆਪਣੀ ਆਮਦਨ ਤੇ ਰੁਤਬੇ ਤੱਕ ਹੀ ਸੀਮਿਤ ਹੋ ਕੇ ਅੱਖਾਂ ਨਹੀਂ ਮੀਟ ਲੈਣੀਆਂ ਚਾਹੀਦੀਆਂ। ਵਿਚਾਰਸ਼ੀਲ ਵਰਗਾਂ ਨੂੰ ਅੱਗੇ ਹੋ ਕੇ ਆਪਣੀ ਹੈਸੀਅਤ ਮੁਤਾਬਿਕ ਆਵਾਮ ਦੀ ਅਗਵਾਈ ਕਰਨੀ ਚਾਹੀਦੀ ਹੈ। ਹਰ ਇਨਸਾਨ ਨੂੰ ਆਪੋ ਆਪਣੀ ਹੈਸੀਅਤ ਅਨੁਸਾਰ ਬਿਹਤਰ ਤੇ ਸਾਰਥਕ ਜ਼ਿੰਦਗੀ ਸਿਰਜਣ ਲਈ ਸੰਘਰਸ਼ ਕਰਨਾ ਤੇ ਯੋਗਦਾਨ ਪਾਉਣਾ ਚਾਹੀਦਾ ਹੈ।
ਸੰਪਰਕ: 94631-53296