ਅਮੋਲਕ ਸਿੰਘ
ਸਾਹਿਬ ਸਿੰਘ
ਮਾਂ ਭਾਗ ਕੌਰ ਦੀ ਕੁੱਖੋਂ 4 ਅਕਤੂਬਰ 1966 ਨੂੰ ਪਿੰਡ ਚੱਕ ਸਿੰਘਾ, ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ’ਚ ਜਨਮੇ ਸਾਹਿਬ ਸਿੰਘ ਨੇ ਬੀ.ਏ.ਐਮ.ਐਸ. ਕਰਕੇ ਕਿਰਤੀ ਕਿਸਾਨਾਂ, ਮਿਹਨਤਕਸ਼ ਲੋਕਾਂ ਉਪਰ ਹੁਕਮ ਚਾੜ੍ਹਨ ਵਾਲਾ ‘ਸਾਹਿਬ’ ਬਣਨ ਦੀ ਬਜਾਏ ਮਾਂ ਭਾਗ ਕੌਰ ਦੇ ਵਿਹੜੇ ਅਜਿਹਾ ਮਹਿਕਾਂ ਵੰਡਦਾ ਰੰਗਮੰਚ ਦਾ ਬੂਟਾ ਲਾਇਆ ਜੋ ਕਾਮਿਆਂ ਦੇ ‘ਭਾਗ’ ਖੋਲ੍ਹਣ ਲਈ ਚਾਨਣ ਚਾਨਣ ਹੋ ਗਿਆ।
ਡਾ. ਸਾਹਿਬ ਸਿੰਘ ਦੀ ਉਮਰ ਨੂੰ ਵਰ੍ਹਿਆਂ ’ਚ ਨਹੀਂ ਸਗੋਂ ਰੰਗਮੰਚ ਦੇ ਸਿਰ ’ਤੇ ਧੁੱਪਾਂ ਛਾਵਾਂ ਦੇ ਆਏ ਪਰਛਾਵਿਆਂ ਨਾਲ ਮਿਣਿਆ ਜਾਣਾ ਚਾਹੀਦਾ ਹੈ।
145 ਨਾਟਕਾਂ ’ਚ ਅਦਾਕਾਰੀ, ਦੇਸ਼-ਵਿਦੇਸ਼ ’ਚ 7000 ਤੋਂ ਵੱਧ ਸ਼ੋਅ; 80 ਨਾਟਕਾਂ, 15 ਫ਼ਿਲਮਾਂ ਦਾ ਨਿਰਦੇਸ਼ਨ; 30 ਨਾਟਕਾਂ, 10 ਕਿਤਾਬਾਂ, 20 ਫ਼ਿਲਮਾਂ, 30 ਟੀ.ਵੀ. ਸੀਰੀਅਲ ਦਾ ਰਚਨਾਕਾਰ ਡਾ. ਸਾਹਿਬ ਸਿੰਘ ਲੋਕਾਂ ਦੇ ਜੰਗਲ ’ਚ ਖਿੜਿਆ ਬਹੁ-ਕਲਾਵੰਤੀ, ਗੁਣਵੰਤੀ ਗ਼ੁਲਾਬ ਹੈ। ਸਾਡੇ ਇਸ ਰੰਗਕਰਮੀ ਨੇ ਅਦਾਕਾਰ ਮੰਚ ਮੁਹਾਲੀ ਵੱਲੋਂ ਮੁਹਾਲੀ ਅਤੇ ਚੱਕਸਿੰਘਾ ਰੰਗਮੰਚ ਉਤਸਵ ਸ਼ੁਰੂ ਕੀਤੇ ਹਨ।
ਪਲਸ ਮੰਚ ਦੇ 25 ਜਨਵਰੀ, ਪਹਿਲੀ ਮਈ, 27 ਸਤੰਬਰ ਦੇ ਮੇਲੇ ਹੋਣ ਜਾਂ ਪੰਜਾਬ ਦੇ ਕਿਸੇ ਵੀ ਕੋਨੇ ’ਚ ਲੱਗਦੇ ਮੇਲੇ ਜਾਂ ਮੇਲਾ ਗ਼ਦਰੀ ਬਾਬਿਆਂ ਦਾ ਹੋਵੇ, ਡਾ. ਸਾਹਿਬ ਸਿੰਘ ਦੇ ਅਨੇਕਾਂ ਨਾਟਕਾਂ ਨੇ ਅੱਧੀ ਅੱਧੀ ਰਾਤ ਚੰਨ ਤਾਰਿਆਂ ਦੀ ਰੌਸ਼ਨੀ ਹੇਠ ਲੋਕਾਂ ਦੀਆਂ ਤਾੜੀਆਂ ਦੀ ਦਾਦ ਮਾਣੀ ਹੈ।
‘ਸੰਮਾਂ ਵਾਲੀ ਡਾਂਗ’ ਉਸ ਨੂੰ ਮਿਲੇ ਢੇਰਾਂ ਪੁਰਸਕਾਰਾਂ ਤੋਂ ਸਰਬੋਤਮ ਪੁਰਸਕਾਰ ਹੈ ਜਿਸ ਨੇ ਬਰਫ਼ਾਂ ਲੱਦੇ ਮੁਲਕਾਂ ਤੋਂ ਲੈ ਕੇ ਕਿਸੇ ਸਮੇਂ ਮਾਰੂਥਲ ਦੇ ਟਿੱਬੇ ਕਰਕੇ ਜਾਣੇ ਜਾਂਦੇ ਮਾਲਵੇ ਦੇ ਪਿੰਡਾਂ ਤੱਕ ਧਮਾਲ ਪਾਈ ਹੈ।
ਨਾਟਕਕਾਰ, ਨਿਰਦੇਸ਼ਕ, ਅਦਾਕਾਰ ਡਾ. ਸਾਹਿਬ ਸਿੰਘ ਤੋਂ ਭਵਿੱਖ ਵਿੱਚ ਰੰਗਮੰਚ ਦੇ ਅੰਬਰ ਤੇ ਹੋਰ ਉਚੇਰੀ ਪਰਵਾਜ਼ ਦੀ ਮਾਣਮੱਤੀ ਉਮੀਦ ਹੈ।
ਗੁਰਦਿਆਲ ਰੌਸ਼ਨ
ਮਾਂ ਸ੍ਰੀਮਤੀ ਚੰਨਣ ਕੌਰ ਦੇ ਘਰ 1 ਸਤੰਬਰ 1955 ਨੂੰ ਪਿੰਡ ਲੜੋਆ, ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ਜਨਮਿਆ ਗੁਰਦਿਆਲ ਰੌਸ਼ਨ ਸਾਡਾ ਉਹ ਮਾਣਮੱਤਾ ਗ਼ਜ਼ਲਗੋ ਹੈ ਜਿਸ ਦੀ ਗ਼ਜ਼ਲ ਨੂੰ ਸਦਾ ਹੀ ਭਾਈ ਲਾਲੋਆਂ ਦੀ ਬਾਂਹ ਫੜਨ ਦਾ ਮਾਣ ਹਾਸਲ ਹੈ। ਗੁਰਦਿਆਲ ਰੌਸ਼ਨ ਦੀ ਕਲਮ ਦੀ ਪਛਾਣ ਇਹ ਹੈ ਕਿ ਉਹ ਪਾਠਕ ਦੀ ਸੋਚ ਨੂੰ ਹਵਾ ’ਚ ਲਟਕਦਾ ਜਾਂ ਕਿਸੇ ਚੌਰਾਹੇ ’ਚ ਖੜ੍ਹਾ ਨਹੀਂ ਛੱਡਦੀ ਸਗੋਂ ਬੇਬਾਕੀ ਨਾਲ ਇਹ ਕਹਿੰਦੀ ਹੈ ਕਿ ਜੇ ਚੇਤਨ ਕਲਮਕਾਰਾਂ ਨੇ ਵੀ ਹਨੇਰਾ ਢੋਂਹਦੇ ਲੋਕਾਂ ਲਈ ਚਾਨਣ ਦੀ ਲੀਕ ਨਹੀਂ ਬਣਨਾ ਫਿਰ ਕਵਿਤਾ ਜਾਂ ਗ਼ਜ਼ਲ ਲਿਖਣੀ ਹੀ ਕਾਹਦੇ ਲਈ ਹੈ?
ਗੁਰਦਿਆਲ ਰੌਸ਼ਨ ਦੀ ਕਲਮ ਤੋਂ ਉਪਜਿਆ ਕਿਸਾਨੀ ਸੰਘਰਸ਼ ਦਾ ਕਾਵਿਕ ਦਸਤਾਵੇਜ਼ ‘ਖੇਤਾਂ ਤੋਂ ਦਿੱਲੀ ਤੱਕ’ ਅਜਿਹਾ ਪ੍ਰਮਾਣਿਕ ਇਤਿਹਾਸਕ ਦਸਤਾਵੇਜ਼ ਹੈ ਕਿ ਜਦ ਵੀ ਕਿਸਾਨੀ ਅੰਦੋਲਨ ਤੇ ਖੋਜ ਪੜਤਾਲ, ਵਿਚਾਰ ਚਰਚਾ ਹੋਵੇਗੀ, ਉੱਥੇ ਇਸ ਕਾਵਿ-ਸੰਗ੍ਰਹਿ ਦੀ ਚਰਚਾ ਲਾਜ਼ਮੀ ਹੋਵੇਗੀ।
ਗ਼ਜ਼ਲ, ਗੀਤ, ਫੀਚਰਜ਼, ਆਲੋਚਨਾ ਦੇ ਖੇਤਰ ’ਚ ਗੁਰਦਿਆਲ ਰੌਸ਼ਨ ਕਿਸੇ ਜਾਣਕਾਰੀ ਦਾ ਮੁਥਾਜ ਨਹੀਂ। ਡੇਢ ਦਰਜਨ ਤੋਂ ਵੱਧ ਗ਼ਜ਼ਲ ਸੰਗ੍ਰਹਿ, ਐਨੇ ਹੀ ਗੀਤ/ਕਾਵਿ-ਸੰਗ੍ਰਹਿ, ਤਿੰਨ ਨਬਿੰਧ, 10 ਸੰਪਾਦਿਤ ਪੁਸਤਕਾਂ, ਅਨੇਕਾਂ ਰਸਾਲਿਆਂ ’ਚ ਰਚਨਾਵਾਂ ਅਤੇ ਲੜੀਵਾਰ ਕਾਲਮ ਆਦਿ ਉਹ ਪੰਜਾਬੀ ਸਾਹਿਤ ਪਾਠਕਾਂ ਨੂੰ ਦੇ ਚੁੱਕੇ ਹਨ। ਦੋ ਸੌ ਤੋਂ ਵੱਧ ਪੁੰਗਰਦੀਆਂ ਕਲਮਾਂ ਨੂੰ ਰੌਸ਼ਨ ਨੇ ਗ਼ਜ਼ਲ ਦੀ ਗੁੜ੍ਹਤੀ ਦਿੱਤੀ ਜੋ ਅੱਜ ਕਾਵਿ-ਜਗਤ ਅੰਦਰ ਆਪਣਾ ਸ਼ਾਨਾਮੱਤਾ ਸਥਾਨ ਰੱਖਦੀਆਂ ਹਨ।
ਹੰਸਾ ਸਿੰਘ
ਮਾਂ ਸੁਰਜੀਤ ਕੌਰ ਦੀ ਕੁੱਖੋਂ 26 ਮਈ 1949 ਨੂੰ ਬਾਬਾ ਬਕਾਲਾ (ਅੰਮ੍ਰਿਤਸਰ) ਵਿਖੇ ਜਨਮੇ ਹੰਸਾ ਸਿੰਘ ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਦੇ ਬਾਨੀਆਂ ਦੀ ਪਹਿਲੀ ਕਤਾਰ ’ਚ ਸ਼ੁਮਾਰ ਰਹੇ ਹਨ।
ਉਨ੍ਹਾਂ ਨੇ ਆਪਣੇ ਜੀਵਨ ’ਚ ਰੰਗਮੰਚ ਦੀ ਪਹਿਲੀ ਉਡਾਣ ਸਕੂਲ ਵਿੱਚ ਹੀ ਓਪੇਰਾ ਖੇਡ ਕੇ ਭਰੀ। ਕਾਲਜ ਦੇ ਯੂਥ ਫੈਸਟੀਵਲਾਂ ਵਿੱਚ ਹੁੰਦੇ ਨਾਟਕਾਂ, ਭੰਗੜਾ, ਗੀਤਾਂ ਆਦਿ ਵਿੱਚ ਉਹ ਅੱਵਲ ਸਥਾਨ ਹਾਸਲ ਕਰਦੇ ਰਹੇ।
ਗੁਰਸ਼ਰਨ ਭਾ’ਜੀ ਨਾਲ ਪਹਿਲੀ ਮੁਲਾਕਾਤ ਉਪਰੰਤ ਉਹ ਅੰਮ੍ਰਿਤਸਰ ਰਿਹਰਸਲਾਂ ਕਰਨ ਲਈ ਬਾਬਾ ਬਕਾਲਾ ਸਾਈਕਲ ’ਤੇ ਹੀ ਜਾਂਦੇ ਰਹੇ। ਉਨ੍ਹਾਂ ਕਈ ਵਾਰ ਰੇਲਵੇ ਸਟੇਸ਼ਨ ਅੰਮ੍ਰਿਤਸਰ ਹੀ ਸੌਂ ਜਾਣਾ ਅਤੇ ਸਵੇਰੇ ਫੇਰ ਰਿਹਰਸਲ ਵਿੱਚ ਸ਼ਾਮਲ ਹੋ ਜਾਣਾ।
1976 ਤੋਂ 1978 ਤੱਕ ਉਨ੍ਹਾਂ ਨੇ ਗੁਰਸ਼ਰਨ ਭਾ’ਜੀ ਦੇ ਰੰਗਮੰਚ ਗਰੁੱਪ ਨਾਲ ਕੰਮ ਕਰਦਿਆਂ ਦਰਜਨਾਂ ਨਾਟਕਾਂ ’ਚ ਕੰਮ ਕੀਤਾ। ਗੁਰਸ਼ਰਨ ਭਾ’ਜੀ ਆਪਣੇ ਨਾਟਕਾਂ ਦਾ ਆਗਾਜ਼ ਹੰਸਾ ਸਿੰਘ ਦੀ ਬੁਲੰਦ ਹੇਕ ਨਾਲ ਕਰਿਆ ਕਰਦੇ, ‘ਸਮਿਆਂ ਨੂੰ ਹੈ ਲੋੜ, ਜੁਆਨੀ ਨਾ ਮਦਹੋਸ਼ ਰਹੇ’। ਇਸ ਉਪਰੰਤ ਉਨ੍ਹਾਂ ਪੰਜਾਬ ਨਾਟਕ ਕਲਾ ਕੇਂਦਰ ਨਾਲ ਜੁੜ ਕੇ ਪੰਜਾਬ ਦਾ ਉਹ ਕਿਹੜਾ ਕੋਨਾ ਹੈ ਜਿੱਥੇ ਨਾਟਕ ਨਹੀਂ ਖੇਡੇ।
1988 ਵਿੱਚ ਉਨ੍ਹਾਂ ਨੇ ‘ਨਵਚਿੰਤਨ ਕਲਾ ਮੰਚ ਬਿਆਸ’ ਨਾਮ ਦੀ ਟੀਮ ਬਣਾਈ ਜਿਸ ਨਾਲ ਉਹ ਜ਼ਿੰਦਗੀ ਦੇ ਆਖ਼ਰੀ ਦਮ ਤੱਕ ਜੁੜੇ ਰਹੇ ਅਤੇ ਕਿਸਾਨ ਮੋਰਚੇ ਵਿੱਚ ਨਾਟਕ ਕਰਨ ਉਪਰੰਤ ਸਦੀਵੀ ਵਿਛੋੜਾ ਦੇ ਗਏ। ਪਲਸ ਮੰਚ ਦੁਆਰਾ ਰਿਕਾਰਡ ਗੀਤਾਂ ਦੀਆਂ ਕੈਸੇਟਾਂ ਹੰਸਾ ਸਿੰਘ ਦੀ ਗੀਤਕਾਰੀ ਅਤੇ ਗਾਇਨ ਦੀਆਂ ਗਵਾਹ ਹਨ।
1992 ਵਿੱਚ ਭਿਆਨਕ ਹਾਦਸਾ, ਫਿਰ ਹਾਦਸਾ-ਦਰ-ਹਾਦਸਾ, ਫਿਰ ਉਨ੍ਹਾਂ ਦੇ ਪੁੱਤਰ ਰੰਗਕਰਮੀ ਕਰਾਂਤੀ ਪਾਲ ਦਾ ਸੜਕ ਹਾਦਸਾ, ਇਸ ਸਭ ਦੇ ਬਾਵਜੂਦ ਉਹ ਰੰਗਮੰਚ ਦੇ ਸਫ਼ਰ ’ਤੇ ਅਡੋਲ ਰਹੇ। ਗ਼ਦਰੀ ਬਾਬਿਆਂ ਦੇ ਮੇਲੇ ਮੌਕੇ ਝੰਡੇ ਦੇ ਗੀਤ ਦੀਆਂ ਰਿਹਰਸਲ ਉਹ ਮੰਜੇ ’ਤੇ ਪਏ ਵੀ ਕਰਾਉਂਦੇ ਰਹੇ। ਮੇਲਾ ਗ਼ਦਰੀ ਬਾਬਿਆਂ ਦਾ, ਪਲਸ ਮੰਚ ਵੱਲੋਂ ਪਹਿਲੀ ਮਈ, 25 ਜਨਵਰੀ, 27 ਸਤੰਬਰ ਆਦਿ ਸਭ ਸਮਾਗਮ ’ਚ ਹੰਸਾ ਸਿੰਘ ਦੀਆਂ ਪੇਸ਼ਕਾਰੀਆਂ ਆਪਣਾ ਵਿਸ਼ੇਸ਼ ਪ੍ਰਭਾਵ ਛੱਡਦੀਆਂ ਰਹੀਆਂ।
ਅੱਜ ਕੌਮਾਂਤਰੀ ਮਜ਼ਦੂਰ ਦਿਹਾੜੇ ’ਤੇ ਪੰਜਾਬੀ ਭਵਨ, ਲੁਧਿਆਣਾ ਵਿਖੇ ਕਿਸਾਨ ਅੰਦੋਲਨ/ ਦਿੱਲੀ ਮੋਰਚਾ ਦੇ ਸ਼ਹੀਦਾਂ ਨੂੰ ਸਮਰਪਤ ਨਾਟਕਾਂ ਅਤੇ ਗੀਤਾਂ ਭਰੀ ਰਾਤ ਦੇ 40ਵੇਂ ਮੇਲੇ ਮੌਕੇ ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ), ਡਾ. ਸਾਹਿਬ ਸਿੰਘ, ਗੁਰਦਿਆਲ ਰੌਸ਼ਨ ਅਤੇ ਮਰਹੂਮ ਹੰਸਾ ਸਿੰਘ ਨੂੰ ‘ਗੁਰਸ਼ਰਨ ਕਲਾ ਸਨਮਾਨ’ ਨਾਲ ਸਨਮਾਨਿਤ ਕਰੇਗਾ।
ਸੰਪਰਕ: 98778-68710
ਏਨਾ ਖ਼ਿਆਲ ਰੱਖੋ
ਏਨਾ ਖ਼ਿਆਲ ਰੱਖੋ, ਨਾ ਹੇਰ ਫੇਰ ਨਿਕਲੇ।
ਨ੍ਹੇਰੇ ਨੂੰ ਰਿੜਕ ਦੇਵੋ, ਸ਼ਾਇਦ ਸਵੇਰ ਨਿਕਲੇ।
ਦਿੰਦੀ ਹੈ ਜ਼ਿੰਦਗੀ ਇਹ, ਇਕ ਵਹਿਮ ਸੀ ਅਸਾਨੂੰ,
ਸੁੱਕੀ ਨਦੀ ਤਾਂ ਇਸ ’ਚੋਂ, ਲਾਸ਼ਾਂ ਦੇ ਢੇਰ ਨਿਕਲੇ।
ਸੱਤਾ ਦਾ ਲੁੰਗ ਲਾਣਾ, ਜਾਦੂ ਦਿਖਾ ਰਿਹਾ ਹੈ,
ਖੁੱਡੇ ’ਚ ਮੁਰਗ਼ ਜਾਵੇ, ਬਾਹਰ ਬਟੇਰ ਨਿਕਲੇ।
ਮਿੱਟੀ ਦੇ ਮੋਰ ਨਿਕਲੇ, ਜੋ ਕੂਕਦੇ ਸੀ ਚਿਰ ਤੋਂ,
ਜਿਹੜੇ ਦਹਾੜਦੇ ਸਨ, ਕਾਗਜ਼ ਦੇ ਸ਼ੇਰ ਨਿਕਲੇ।
ਪੰਜਾਬ ਅਪਣੇ ਧੀਆਂ, ਪੁੱਤਾਂ ’ਤੇ ਮਾਣ ਕਰਦੈ,
ਲਖ਼ਤੇ ਜਿਗਰ ਜੋ ਇਸ ਦੇ, ਕੱਪਣ ਹਨ੍ਹੇਰ ਨਿਕਲੇ।
ਖੁੱਲ੍ਹਿਆ ਹੈ ਪਾਜ ਸਾਰਾ, ਧਨ ਦੇ ਉਪਾਸ਼ਕਾਂ ਦਾ,
ਦਸਦੇ ਫ਼ਕੀਰ ਸੀ ਜੋ, ਬੰਦੇ ਕੁਬੇਰ ਨਿਕਲੇ।
ਕਾਇਰ ਦੀ ਮੌਤ ਮਰਨਾ, ਹੁਣ ਬੁਜ਼ਦਿਲਾਂ ਦਾ ਤੈਅ ਹੈ,
ਫਿਰ ਟੋਲੀਆਂ ਬਣਾ ਕੇ, ਸਾਡੇ ਦਲੇਰ ਨਿਕਲੇ।
ਹੁਣ ਹੋ ਰਹੀ ਹੈ ਏਦਾਂ, ਖ਼ਬਰਾਂ ਦੀ ਪੇਸ਼ਕਾਰੀ,
ਸੁਣ ਕੇ ਜਿਨ੍ਹਾਂ ਨੂੰ ‘ਰੌਸ਼ਨ’, ਬੱਚੇ ਦੀ ਲੇਰ ਨਿਕਲੇ।
– ਗੁਰਦਿਆਲ ਰੌਸ਼ਨ