ਦੀਪ ਦੇਵਿੰਦਰ ਸਿੰਘ
ਉਸ ਵਰ੍ਹੇ ਠੰਢ ਵੀ ਅੰਤਾਂ ਦੀ ਪਈ ਸੀ। ਸਵੇਰ ਦੀ ਲੱਥੀ ਧੁੰਦ ਸ਼ਾਮ ਤੀਕ ਵੀ ਨਹੀਂ ਸੀ ਹਟਦੀ। ਜੇ ਕਦੇ ਐਵੇਂ ਮਾਮੂਲੀ ਜਿਹੀ ਸੂਰਜ ਦੀ ਟਿੱਕੀ ਵਿਖਾਈ ਦਿੰਦੀ ਵੀ ਤਾਂ ਧੂੜ ਦੇ ਸੰਘਣੇ ਬੱਦਲ ਉਹਨੂੰ ਫਿਰ ਆਪਣੇ ਕਲਾਵੇ ਵਿਚ ਲੈ ਲੈਂਦੇ। ਮੱਠੀ ਮੱਠੀ ਵਗਦੀ ਸਰਦ ਹਵਾ ਹੱਡਾਂ ਨੂੰ ਚੀਰਦੀ ਜਾਂਦੀ।
ਉਨ੍ਹੀਂ ਦਿਨੀਂ ਮੈਂ ਪਿੰਡ ਛੱਡ ਸ਼ਹਿਰ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗਿਆ ਸਾਂ। ਮੇਰੇ ਨਾਲ ਮੇਰੀ ਪਤਨੀ ਅਤੇ ਪੰਜ ਸੱਤ ਮਹੀਨਿਆਂ ਦੀ ਧੀ ਸੀ ਜਿਹੜੀ ਠੰਢ ਕਰਕੇ ਪਿਛਲੇ ਦੋ ਤਿੰਨ ਦਿਨ ਤੋਂ ਬਿਮਾਰ ਸੀ। ਲੰਘੀ ਰਾਤ ਵੀ ਰੀਂ ਰੀਂ ਕਰਦੀ ਰਹੀ ਸੀ ਤੇ ਚੱਜ ਨਾਲ ਸੁੱਤੀ ਨਹੀਂ ਸੀ।
ਉਹ ਦਿਨ ਮੇਰੇ ਲਈ ਬਹੁਤ ਤੰਗੀ ਦੇ ਦਿਨ ਸਨ। ਸ਼ਹਿਰ ਦੇ ਲੇਬਰ ਚੌਂਕ ਵਿਚ ਮੈਂ ਅਕਸਰ ਰਾਜ ਮਿਸਤਰੀ ਵਜੋਂ ਦਿਹਾੜੀ ਲੱਭਣ ਲਈ ਖਲੋਂਦਾ ਸਾਂ। ਕੰਮਾਂ ਦਾ ਮੰਦਾ ਹੋਣ ਕਰਕੇ ਕਈ ਵਾਰ ਤਾਂ ਖਾਲੀ ਹੱਥ ਵੀ ਪਰਤਣਾ ਪੈਂਦਾ। ਉਸ ਦਿਨ ਵੀ ਘਰੋਂ ਤੁਰਨ ਵੇਲੇ ਰੋਟੀ ਵਾਲਾ ਡੱਬਾ ਹੱਥ ’ਚ ਫੜਾਉਂਦਿਆਂ ਪਤਨੀ ਨੇ ਰਾਤ ਨੂੰ ਥੋੜ੍ਹਾ ਜਲਦੀ ਤੇ ਪੈਸੇ ਲੇ ਕੇ ਆਉਣ ਲਈ ਕਿਹਾ ਸੀ ਤਾਂ ਜੋ ਬੱਚੀ ਨੂੰ ਡਾਕਟਰ ਦੇ ਵਿਖਾਇਆ ਜਾ ਸਕੇ। ਉਹਦੇ ਚਿਹਰੇ ਅਤੇ ਬੋਲਾਂ ਵਿਚ ਚਿੰਤਾ ਸੀ। ਮੈਂ ਵੀ ਇਸੇ ਚਿੰਤਾ ਕਰਕੇ ਦਿਨ ਭਰ ਗੁੰਮ-ਸੁੰਮ ਰਿਹਾ ਸਾਂ।
ਉਨ੍ਹਾਂ ਦਿਨਾਂ ਵਿੱਚ ਸ਼ਹਿਰ ਦੇ ਬਾਹਰਵਾਰ ਕਿਸੇ ਦੇ ਘਰ ਕੰਮ ਚੱਲਦਾ ਸੀ ਮੇਰਾ। ਮਕਾਨ ਦੀ ਦੂਜੀ ਮੰਜ਼ਿਲ ਦੇ ਬਨੇਰੇ ਪਲੱਸਤਰ ਕਰ ਰਹੇ ਸਾਂ। ਉੱਚੇ ਥਾਂ ’ਤੇ ਚੜ੍ਹ ਕੇ ਕੰਮ ਕਰਦਿਆਂ ਸਵੇਰ ਤੋਂ ਵਗਦੇ ਠੱਕੇ ਨੇ ਮੱਤ ਮਾਰ ਛੱਡੀ ਸੀ। ਪਿੱਛੇ ਦਿਹਾੜੀ ਕਰਦੇ ਰਾਜੂ ਕੋਲੋਂ ਦੋ ਵਾਰੀ ਦੁਕਾਨ ਤੋਂ ਚਾਹ ਵੀ ਮੰਗਵਾਈ ਸੀ। ਜਦੋਂ ਤੱਕ ਰਾਜੂ ਪਤਲੀਆਂ ਤੇ ਲੰਮੀਆਂ ਜਿਹੀਆਂ ਗਲਾਸੀਆਂ ਵਾਲਾ ਛਿੱਕਾ ਉਪਰ ਲੈ ਕੇ ਪਹੁੰਚਦਾ ਚਾਹ ਪਾਣੀ ਵਰਗੀ ਹੋਈ ਹੁੰਦੀ।
ਰਾਜੂ ਮੇਰੇ ਤੋਂ ਪਹਿਲਾਂ ਦਾ ਇਸ ਸ਼ਹਿਰ ਵਿੱਚ ਆਪਣੇ ਟੱਬਰ ਟੀਹਰ ਨਾਲ ਰਹਿੰਦਾ ਸੀ। ਪਿੱਛੋਂ ਬਿਹਾਰ ਦੇ ਕਿਸੇ ਪਿੰਡੋਂ ਆਇਆ। ਇਹਦੇ ਕੋਲ ਸ਼ਹਿਰ ਦਾ ਮੇਰੇ ਤੋਂ ਬਹੁਤਾ ਅਨੁਭਵ ਸੀ। ਅਸੀਂ ਆਪੋ ਆਪਣੀ ਕਬੀਲਦਾਰੀ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ। ਉਸ ਰੋਜ਼ ਸਰਦਾਰ ਨੇ ਲੱਗ ਗਈਆਂ ਪੰਜ ਪੰਜ ਦਿਹਾੜੀਆਂ ਦੇ ਪੈਸੇ ਸਾਨੂੰ ਦੇਣੇ ਸਨ। ਰਾਜੂ ਨੇ ਵੀ ਕਵਾਟਰ ਦਾ ਕਰਾਇਆ ਦੇਣਾ ਸੀ। ਮੈਨੂੰ ਬਿਮਾਰ ਬੱਚੀ ਦੇ ਇਲਾਜ ਦੀ ਚਿੰਤਾ ਸੀ ਜਿਸ ਨੂੰ ਰਾਤੀਂ ਵੀ ਪੈਸਿਆਂ ਖੁਣੋਂ ਡਾਕਟਰ ਦੇ ਨਹੀਂ ਸੀ ਲਿਜਾਇਆ ਗਿਆ।
ਇਸੇ ਆਸ ਵਿੱਚ ਸ਼ਾਮੀਂ ਹਥਲਾ ਕੰਮ ਸਮੇਟਦਿਆਂ ਕੱਪੜਾ ਲੱਤਾ ਬਦਲ ਹੇਠਾਂ ਉਤਰੇ ਸਾਂ। ਸਰਦਾਰ ਕਿਧਰੇ ਬਾਜ਼ਾਰ ਗਿਆ ਸੀ ਜਿਹਨੂੰ ਉਡੀਕਦਿਆਂ ਉਡੀਕਦਿਆਂ ਹਨੇਰਾ ਆਣ ਉਤਰਿਆ ਸੀ। ਸਮਝ ਨਹੀਂ ਸੀ ਆ ਰਹੀ ਕਿ ਘਰ ਕਿੰਝ ਜਾਇਆ ਜਾਵੇ। ਕਦੇ ਕਦੇ ਪਤਨੀ ’ਤੇ ਵੀ ਖਿਝ ਆਵੇ ਕਿ ਐਵੇਂ ਜ਼ਿੱਦ ਕਰ ਕੇ ਸ਼ਹਿਰ ਆ ਗਈ। ਚੰਗੇ ਭਲੇ ਮਾਂ ਬਾਪ, ਭਰਾ ਭਰਜਾਈਆਂ ਦੇ ਸਾਂਝੇ ਪਰਿਵਾਰ ਵਿੱਚ ਰਹਿੰਦੇ ਸਾਂ। ਹੁਣ ਆਪ ਵੀ ਦੁਖੀ ਤੇ ਮੇਰੀ ਵੀ ਵੇਲਣੇ ’ਚ ਬਾਂਹ ਦਿੱਤੀ ਹੋਈ ਸੀ।
ਮੇਰੇ ਪਲ ਪਲ ਬਦਲ ਰਹੇ ਰੰਗ ਨੂੰ ਵੇਖ ਕੇ ਰਾਜੂ ਪੈਰ ਘਸੀਟਦਾ ਮੇਰੇ ਕੋਲ ਆਣ ਖਲੋਤਾ ਤੇ ਉਦਾਸੀ ਜਿਹੀ ਸੁਰ ਵਿੱਚ ਬੋਲਿਆ, ‘‘ਅਰੇ ਭਾ’ਜੀ ਸਰਦਾਰ ਤੋ ਲਗਤਾ ਅਬ ਨਹੀਂ ਆਏਗਾ।’’ ਮੈਨੂੰ ਅੱਗਿਉਂ ਕੋਈ ਜਵਾਬ ਨਹੀਂ ਸੀ ਅਹੁੜਿਆ, ਮੈਂ ਉਂਝ ਹੀ ਨਿੰਮੋਝੂਣਾ ਖਲੋਤਾ ਇਧਰ ਉਧਰ ਝਾਕੀ ਜਾ ਰਿਹਾ ਸਾਂ। ਫਿਰ ਪਤਾ ਨਹੀਂ ਕੀ ਸੋਚ ਕੇ ਰਾਜੂ ਬੋਲਿਆ ਸੀ, ‘‘ਆਈਏ ਭਾ’ਜੀ ਹਮਾਰੇ ਸਾਥ’’ ਤੇ ਨਾਲ ਹੀ ਉਸ ਨੇ ਆਪਣਾ ਸਾਈਕਲ ਰੇੜੵ ਲਿਆ ਸੀ। ਅਸੀਂ ਅੱਗੜ ਪਿੱਛੜ ਸਾਈਕਲ ਚਲਾਉਂਦੇ ਰਾਜੂ ਦੇ ਕੁਆਟਰ ਆਣ ਪਹੁੰਚੇ ਸਾਂ। ਉਸ ਨੇ ਆਪਣੀ ਪਤਨੀ ਨੂੰ ਆਂਢ-ਗੁਆਂਢ ਭੇਜ ਕੇ ਸੱਤਰ ਰੁਪਏ ਦਾ ਪ੍ਰਬੰਧ ਕਰ ਲਿਆ ਸੀ, ਮੇਰੇ ਲਈ ਉਹ ਸੱਤ ਸੌ ਵਰਗੇ ਸਨ। ਰਾਜੂ ਮੈਨੂੰ ਰੱਬ ਵਰਗਾ ਲੱਗ ਰਿਹਾ ਸੀ ਜਿਸ ਨੇ ਮੇਰੀ ਗਰਜ਼ ਪੂਰੀ ਕੀਤੀ ਸੀ।
ਹਨੇਰਾ ਵਾਹਵਾ ਆਣ ਉਤਰਿਆ ਸੀ ਤੇ ਬਾਰੀਕ ਬਾਰੀਕ ਕਣੀਆਂ ਵੀ ਪੈਣ ਲੱਗੀਆਂ ਸਨ। ਮੈਂ ਵਾਹੋਦਾਹੀ ਘਰ ਨੂੰ ਭੱਜਿਆ ਸਾਂ। ਬਿਮਾਰ ਬੱਚੀ ਤੇ ਪਤਨੀ ਦਾ ਉਤਰਿਆ ਚਿਹਰਾ ਦਿਨ ਭਰ ਮੇਰੇ ਕਲੇਜੇ ਨੂੰ ਵੱਢ ਪਾਉਂਦੇ ਰਹੇ ਸਨ। ਇਸੇ ਲਈ ਘਰ ਮੂਹਰੇ ਜਾ ਕੇ ਮੇਰੇ ਕੋਲੋਂ ਸਾਈਕਲ ਦਾ ਸਟੈਂਡ ਵੀ ਨਹੀਂ ਸੀ ਲਗਾ ਹੋਇਆ। ਕੰਧ ਆਸਰੇ ਸਾਈਕਲ ਖੜ੍ਹਾ ਕਰ ਕੇ ਮੈਂ ਕਾਹਲੀ ਨਾਲ ਬੂਹਿਉਂ ਅੰਦਰ ਝਾਤੀ ਮਾਰੀ। ਸਾਹਮਣੀ ਕੰਧ ਨਾਲ ਢੱਠੀ ਮੰਜੀ ’ਤੇ ਪਿੰਡੋਂ ਆਈ ਬੀਬੀ ਬੈਠੀ ਸੀ ਤੇ ਉਹਦੀ ਗੋਦੀ ਵਿੱਚ ਬੱਚੀ ਚੈਨ ਨਾਲ ਸੁੱਤੀ ਪਈ ਸੀ। ਲੱਗਦਾ ਸੀ ਬੀਬੀ ਨੇ ਕੋਈ ਘਰ ਦੇ ਓਹੜ-ਪੋਹੜ ਨਾਲ ਡਾਕਟਰ ਦੇ ਵੀ ਵਿਖਾਇਆ ਹੋਊ। ਇਕ ਨੁੱਕਰੇ ਬੂਰੇ ਵਾਲੀ ਅੰਗੀਠੀ ਮਘ ਰਹੀ ਸੀ। ਪਤਨੀ ਆਰਾਮ ਨਾਲ ਚੌਂਕੇ ਚੁੱਲ੍ਹੇ ਦੇ ਆਹਰ ਵਿੱਚ ਰੁੱਝੀ ਹੋਈ ਸੀ। ਘਰ ਵਿੱਚ ਅੰਤਾਂ ਦਾ ਨਿੱਘ ਸੀ। ਠੰਢ ਦਾ ਤਾਂ ਹੁਣ ਕਿਧਰੇ ਨਾਮੋ ਨਿਸ਼ਾਨ ਵੀ ਨਹੀਂ ਸੀ ਲੱਗਦਾ।
ਸੰਪਰਕ: 98721-65707