1971 ਵਿਚ ਭਾਰਤ ਦੀ ਪਾਕਿਸਤਾਨ ਉੱਤੇ ਇਤਿਹਾਸਕ ਜਿੱਤ ਨੂੰ ਯਾਦ ਕਰਦਿਆਂ ਹਰ ਸਾਲ 16 ਦਸੰਬਰ ਨੂੰ ਮੁਲਕ ਭਰ ਵਿਚ ਵਿਜੈ ਦਿਵਸ ਮਨਾਇਆ ਜਾਂਦਾ ਹੈ। ਇਸ ਸਾਲ ਇਸ ਜੰਗ ਦੀ ਸਵਰਨ ਜੈਅੰਤੀ ਮਨਾਈ ਜਾ ਰਹੀ ਹੈ। ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਨੇ ਉਸ ਵਕਤ ਦੇ ਸਮੁੱਚੇ ਹਾਲਾਤ ਬਾਰੇ ਟਿੱਪਣੀ ਕੀਤੀ ਹੈ। ਇਸ ਵਿਚ ਪਾਕਿਸਤਾਨੀ ਹੁਕਮਰਾਨ ਦੇ ਰਵੱਈਏ, ਬੰਗਲਾ ਅਵਾਮ ਦੀ ਤਾਂਘ ਅਤੇ ਭਾਰਤ ਦੀਆਂ ਰਣਨੀਤੀਆਂ ਦੀ ਤਫ਼ਸੀਲ ਹੈ। ਕਮੋਡੋਰ ਗੁਰਨਾਮ ਸਿੰਘ ਨੇ ਆਈਐੱਨਐੱਸ ਵਿਕਰਾਂਤ ਦੇ ਰੋਲ ਬਾਰੇ ਜਿ਼ਕਰ ਕੀਤਾ ਹੈ ਅਤੇ ਇਸ ਜੰਗ ਦੌਰਾਨ ਸਮੁੰਦਰੀ ਫ਼ੌਜ ਦੀ ਬੰਗਾਲ ਦੀ ਖਾੜੀ ਵਿਚ ਕੀਤੀ ਮੁਕੰਮਲ ਨਾਕਾਬੰਦੀ ਦਾ ਵਿਸਥਾਰ ਸਹਿਤ ਵਰਨਣ ਹੈ। ਭਾਰਤੀ ਨੌ ਸੈਨਾ ਨੇ ਉਦੋਂ ਪੂਰਬੀ ਪਾਕਿਸਤਾਨ ਕਹਾਉਣ ਵਾਲੇ ਪਾਕਿਸਤਾਨ ਦੇ ਇਸ ਹਿੱਸੇ ਦੀਆਂ ਸਮੁੰਦਰੀ ਬੰਦਰਗਾਹਾਂ, ਹਵਾਈ ਅੱਡਿਆਂ, ਸ਼ਹਿਰਾਂ ਅਤੇ ਫ਼ੌਜ ਦੇ ਜ਼ਮੀਨੀ ਅਦਾਰਿਆਂ ਤੇ ਟਿਕਾਣਿਆਂ ਉੱਤੇ ਹਮਲੇ ਕੁਝ ਦਿਨ ਪਹਿਲਾਂ ਹੀ ਸ਼ੁਰੂ ਕਰ ਦਿੱਤੇ ਸਨ ਅਤੇ ਛੇਤੀ ਹੀ ਦੋਹਾਂ ਧਿਰਾਂ ਦੀਆਂ ਹਕੀਕਤਾਂ ਜ਼ਾਹਿਰ ਹੋਣ ਲੱਗ ਪਈਆਂ ਸਨ। ਲਿਖਤ ਵਿਚ ਅਚਾਰ ਦੇ ਪੀਪਿਆਂ ਦਾ ਜਿ਼ਕਰ ਹੈ, ਇਸ ਤੋਂ ਚੱਲਦੀ ਜੰਗ ਦੌਰਾਨ ਫ਼ੌਜੀਆਂ ਦੀ ਮਨੋ-ਅਵਸਥਾ ਨੂੰ ਬੜੇ ਵਚਿੱਤਰ ਢੰਗ ਨਾਲ ਪੇਸ਼ ਕੀਤਾ ਗਿਆ ਹੈ।
ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ
1971 ਵਿਚ ਭਾਰਤ ਅਤੇ ਪਾਕਿਸਤਾਨ ਦਰਮਿਆਨ 13 ਦਿਨ ਚੱਲੀ ਫੈਸਲਾਕੁਨ ਜੰਗ ਤੋਂ ਬਾਅਦ ਪਾਕਿਸਤਾਨ ਦੇ ਦੋ ਟੁਕੜੇ ਹੋ ਗਏ ਅਤੇ ਨਵੇਂ ਮੁਲਕ ਬੰਗਲਾਦੇਸ਼ ਦੀ ਸਿਰਜਣਾ ਹੋਈ। ਪੂਰਬੀ ਫੌਜ ਦੇ ਆਰਮੀ ਕਮਾਂਡਰ ਲੈਫ. ਜਨਰਲ ਏਕੇ ਨਿਆਜ਼ੀ ਨੇ ਆਪਣੀ ਆਰਮੀ, ਕੁਝ ਸਿਵਲੀਅਨ ਅਫਸਰਾਂ ਅਤੇ ਤਕਰੀਬਨ 93 ਹਜ਼ਾਰ ਲੜਾਕੂਆਂ ਸਮੇਤ 16 ਦਸੰਬਰ 1971 ਨੂੰ ਸ਼ਾਮ ਦੇ 4 ਵੱਜ ਕੇ 51 ਮਿੰਟ ਤੇ ਭਾਰਤੀ ਫੌਜ ਦੀ ਪੂਰਬੀ ਕਮਾਂਡ ਦੇ ਆਰਮੀ ਕਮਾਂਡਰ ਲੈਫ. ਜਨਰਲ ਜਗਜੀਤ ਸਿੰਘ ਅਰੋੜਾ ਸਾਹਮਣੇ ਗੋਡੇ ਟੇਕ ਦਿੱਤੇ। ਦੂਜੇ ਸੰਸਾਰ ਯੁੱਧ ਤੋਂ ਬਾਅਦ ਇਹ ਪਹਿਲੀ ਵਾਰ ਸੀ ਜਦੋਂ ਕਿਸੇ ਮੁਲਕ ਦੀ ਫੌਜ ਨੇ ਜੰਗ ਮਗਰੋਂ ਇੰਨੀ ਵੱਡੀ ਗਿਣਤੀ ਵਿਚ ਮੁਕਾਬਲੇ ਵਾਲੀ ਫੌਜ ਸਾਹਮਣੇ ਆਤਮ-ਸਮਰਪਣ ਕੀਤਾ ਹੋਵੇ। ਭਾਰਤ ਦੀ ਇਸ ਸੰਸਾਰ ਪੱਧਰੀ ਇਤਿਹਾਸਕ ਜੰਗੀ ਜਿੱਤ ਨੂੰ ਯਾਦ ਕਰਦਿਆਂ 16 ਦਸੰਬਰ ਨੂੰ ਮੁਲਕ ਭਰ ਵਿਚ ਵਿਜੈ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਸਾਲ ਇਸ ਜੰਗ ਦੀ ਸਵਰਨ ਜੈਅੰਤੀ ਮਨਾਈ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਨੇ ਆਪਣੀ ਆਜ਼ਾਦੀ ਦੀ 50ਵੀਂ ਵਰ੍ਹੇਗੰਢ ਮੌਕੇ 27 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਢਾਕਾ ਵਿਖੇ ਮੁੱਖ ਮਹਿਮਾਨ ਵਜੋਂ ਨਵਾਜਿਆ।
ਪਾਕਿਸਤਾਨ ਹਕੂਮਤ ਵੱਲੋਂ ਪੂਰਬੀ ਪਾਕਿਸਤਾਨ ਨੂੰ ਆਰਥਿਕ, ਸਮਾਜਿਕ ਸਭਿਆਚਾਰਕ ਤੇ ਸਮੁੱਚੇ ਵਿਕਾਸ ਪੱਖੋਂ ਲਗਾਤਾਰ ਅਣਗੌਲਿਆ ਕਰਨ ਨਾਲ ਮਤਭੇਦ ਵਧਦੇ ਗਏ ਅਤੇ ਪਰਜਾਤੰਤਰ ਪ੍ਰਣਾਲੀ ਨੂੰ ਠੇਸ ਪਹੁੰਚਣੀ ਸ਼ੁਰੂ ਹੋ ਗਈ। ਜਨਵਰੀ 1969 ਵਿਚ ਢਾਕਾ ਅੰਦਰ ਮੁੱਖ ਵਿਰੋਧੀ ਪਾਰਟੀਆਂ ਨੇ ਮੀਟਿੰਗ ਕਰਕੇ ਸਾਂਝੇ ਤੌਰ ਤੇ ਜਮਹੂਰੀਅਤ ਬਹਾਲੀ ਵਾਲੀ ਮੰਗ ਰੱਖੀ। ਪਾਕਿਸਤਾਨ ਅੰਦਰ ਜਦੋਂ ਹਾਲਾਤ ਕਾਬੂ ਤੋਂ ਬਾਹਰ ਹੁੰਦੇ ਦੇਖੇ ਤਾਂ ਰਾਸ਼ਟਰਪਤੀ ਫੀਲਡ ਮਾਰਸ਼ਲ ਅਯੂਬ ਖਾਂ ਨੇ 25 ਮਾਰਚ 1969 ਨੂੰ ਰਾਜ ਸੱਤਾ ਜਨਰਲ ਯਹੀਆ ਖਾਂ ਨੂੰ ਸੌਂਪ ਦਿੱਤੀ। ਜਨਰਲ ਯਹੀਆ ਖਾਂ ਨੇ ਤੁਰੰਤ ਮਾਰਸ਼ਲ ਲਾਅ ਲਾਗੂ ਕਰ ਦਿੱਤਾ। ਦਸੰਬਰ 1970 ਵਿਚ ਆਮ ਚੋਣਾਂ ਕਰਵਾਈਆਂ। ਪੂਰਬੀ ਪਾਕਿਸਤਾਨ (ਬਾਅਦ ਵਿਚ ਬੰਗਲਾਦੇਸ਼) ਦੀ ਸਿਆਸੀ ਪਾਰਟੀ ਅਵਾਮੀ ਲੀਗ ਨੇ 169 ਵਿਚੋਂ 167 ਸੀਟਾਂ ਜਿੱਤੀਆਂ ਅਤੇ 313 ਮੈਂਬਰੀ ਪਾਕਿਸਤਾਨੀ ਪਾਰਲੀਮੈਂਟ ‘ਮਜਲਿਸ-ਏ-ਸ਼ੂਰਾ’ ਵਿਚ ਸਾਧਾਰਨ ਬਹੁਮਤ ਹਾਸਲ ਕੀਤਾ ਪਰ ਉਸ ਨੂੰ ਫਿਰ ਵੀ ਸੱਤਾ ਨਾ ਸੌਂਪੀ ਗਈ। ਇਸ ਲਈ ਉਥੋਂ ਦੀ ਜਨਤਾ ਨੇ ਸ਼ੇਖ ਮੁਜੀਬ-ਉਰ ਰਹਿਮਾਨ ਦੀ ਅਗਵਾਈ ਹੇਠ ਅੰਦੋਲਨ ਸ਼ੁਰੂ ਕਰ ਦਿੱਤਾ।
ਜਨਰਲ ਯਹੀਆ ਖਾਂ ਨੇ ਪੂਰਬੀ ਪਾਕਿਸਤਾਨ ਅੰਦਰ ਵਿਦਰੋਹੀਆਂ ਨੂੰ ਕੁਚਲਣ ਵਾਸਤੇ ਮੁੱਖ ਸੈਨਾਪਤੀ ਨੂੰ ਹੁਕਮ ਜਾਰੀ ਕੀਤੇ। ਬਸ ਫਿਰ ਪੂਰਬੀ ਪਾਕਿਸਤਾਨ ਦੀ ਬੰਗਾਲੀ ਵਸੋਂ ਵਿਰੁੱਧ ਕਈ ਕਿਸਮ ਦੇ ਅੱਤਿਆਚਾਰ ਜਿਵੇਂ ਨਸਲਘਾਤ, ਜਬਰ ਜਨਾਹ, ਲੁੱਟ-ਖਸੁੱਟ ਵਰਗੀਆਂ ਵਾਰਦਾਤਾਂ ਸ਼ੁਰੂ ਹੋ ਗਈਆਂ। 25-26 ਮਾਰਚ 1971 ਦੀ ਰਾਤ ਨੂੰ ਸ਼ੇਖ਼ ਮੁਜੀਬ-ਉਰ ਰਹਿਮਾਨ ਨੂੰ ਕੈਦ ਕਰਕੇ ਪਾਕਿਸਤਾਨ ਲੈ ਗਏ। ਅਵਾਮੀ ਲੀਗ ਦਾ ਕਾਡਰ ਤਿਤਰ-ਬਿਤਰ ਹੋਣਾ ਸ਼ੁਰੂ ਹੋ ਗਿਆ। ਘੱਟਗਿਣਤੀ ਵਾਲੇ ਵਰਗ ਨੂੰ ਦੇਸ਼ ਨਿਕਾਲਾ ਦੇਣਾ ਸ਼ੁਰੂ ਕਰ ਦਿੱਤਾ ਗਿਆ ਜਿਨ੍ਹਾਂ ਨੇ ਭਾਰਤ ਵਿਚ ਪਨਾਹ ਲੈਣੀ ਸ਼ੁਰੂ ਕਰ ਦਿੱਤੀ। ਲੱਖਾਂ ਦੀ ਗਿਣਤੀ ਵਿਚ ਲੋਕਾਂ ਨੇ ਪੱਛਮੀ ਬੰਗਾਲ, ਬਿਹਾਰ, ਅਸਾਮ, ਮੇਘਾਲਿਆ ਅਤੇ ਤ੍ਰਿਪੁਰਾ ਵਰਗੇ ਸੂਬਿਆਂ ਅੰਦਰ ਬਣਾਏ ਸ਼ਰਨਾਰਥੀ ਕੈਂਪਾਂ ਵਿਚ ਪਨਾਹ ਲਈ ਜਿਸ ਕਾਰਨ ਭਾਰਤ ਉਪਰ ਆਰਥਿਕ ਬੋਝ ਪੈਣ ਦੇ ਨਾਲ ਨਾਲ ਕਈ ਹੋਰ ਸਮੱਸਿਆਵਾਂ ਵੀ ਪੈਦਾ ਹੋ ਗਈਆਂ। ਭਾਰਤ ਸਰਕਾਰ ਨੇ ਕੌਮਾਂਤਰੀ ਭਾਈਚਾਰੇ ਨੂੰ ਦਖਲਅੰਦਾਜ਼ੀ ਦੀ ਪੁਰਜ਼ੋਰ ਅਪੀਲ ਕੀਤੀ ਪਰ ਕੋਈ ਖਾਸ ਹੁੰਗਾਰਾ ਨਾ ਮਿਲਿਆ।
ਜਦੋਂ 27 ਮਾਰਚ 1971 ਨੂੰ ਪਾਕਿਸਤਾਨ ਫੌਜ ਦੇ ਬਾਗ਼ੀ ਮੇਜਰ (ਬਾਅਦ ਵਿਚ ਰਾਸ਼ਟਰਪਤੀ) ਜਿ਼ਆ-ਉਰ ਰਹਿਮਾਨ ਨੇ ਸ਼ੇਖ਼ ਮੁਜੀਬ-ਉਰ ਰਹਿਮਾਨ ਦੀ ਤਰਫੋਂ ਬੰਗਲਾਦੇਸ਼ ਦੀ ਆਜ਼ਾਦੀ ਦਾ ਐਲਾਨ ਕਰ ਦਿੱਤਾ ਤਾਂ ਪੂਰਬੀ ਪਾਕਿਸਤਾਨ ਦੀ ਅਵਾਮ ਦੀ ਤਰਸਯੋਗ ਹਾਲਤ ਦੇ ਮੱਦੇਨਜ਼ਰ, ਉਨ੍ਹਾਂ ਨੂੰ ਆਜ਼ਾਦੀ ਦੀ ਜੱਦੋ-ਜਹਿਦ ਵਾਸਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਵੀ ਉਸੇ ਦਿਨ ਮੁਕੰਮਲ ਸਹਿਯੋਗ ਦਾ ਐਲਾਨ ਕਰ ਦਿੱਤਾ। ਮੇਜਰ ਜਿ਼ਆ-ਉਰ ਰਹਿਮਾਨ, ਪੂਰਬੀ ਬੰਗਾਲ ਰਾਈਫਲਜ਼ ਅਤੇ ਪੈਰਾ-ਮਿਲਟਰੀ ਦਾ ਵੱਡਾ ਹਿੱਸਾ ਬਗਾਵਤ ਕਰਕੇ ‘ਮੁਕਤੀਬਾਹਿਨੀ’ ਵਿਚ ਸ਼ਾਮਲ ਹੋ ਗਏ।
ਪੂਰਬੀ ਪਾਕਿਸਤਾਨ ਵਿਚ ਬੜੀ ਤੇਜ਼ੀ ਨਾਲ ਵਿਗੜਦੀ ਹਾਲਤ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਕੈਬਨਿਟ ਮੀਟਿੰਗ ਸੱਦੀ ਜਿਸ ਵਿਚ ਫੌਜ ਮੁਖੀ ਜਨਰਲ (ਬਾਅਦ ਵਿਚ ਫੀਲਡ ਮਾਰਸ਼ਲ) ਐੱਸਐੱਚਐੱਫਜੇ ਮਾਨਕ ਸ਼ਾਹ ਉਚੇਚੇ ਤੌਰ ਤੇ ਸ਼ਾਮਲ ਹੋਏ। ਪ੍ਰਧਾਨ ਮੰਤਰੀ ਨੇ ਸੰਭਾਵੀ ਜੰਗ ਬਾਰੇ ਸੈਨਾ ਮੁਖੀ ਨਾਲ ਵੱਖਰੇ ਤੌਰ ਤੇ ਵਿਚਾਰ ਸਾਂਝੇ ਕੀਤੇ, ਨਾਲ ਹੀ ਸੈਨਾ ਮੁਖੀ ਨੂੰ ਇਕ ਹੋਰ ਟੀਚਾ ਸੌਂਪਿਆ ਕਿ ਉਹ ਬੰਗਲਾਦੇਸ਼ ਦੇ ਸੁਤੰਤਰਤਾ ਸੰਗਰਾਮੀਆਂ, ਬਾਗ਼ੀ ਆਰਮੀ ਅਫਸਰਾਂ, ਅਫਸਰਾਂ, ਭਾਰਤ ਦੀਆਂ ਖੁ਼ਫ਼ੀਆ ਏਜੰਸੀਆਂ ਅਤੇ ਹਥਿਆਰਬੰਦ ਸੈਨਾਵਾਂ ਦੇ ਚੋਣਵੇਂ ਅਹੁਦੇਦਾਰਾਂ ਨੂੰ ਗੁਪਤ ਢੰਗ ਨਾਲ ਜਥੇਬੰਦ ਕਰਕੇ ਸ਼ਰਨਾਰਥੀ ਕੈਂਪਾਂ ਅੰਦਰ ‘ਮੁਕਤੀਬਾਹਿਨੀ’ ਨੂੰ ਗੁਰੀਲਾ ਫੌਜ ਵਜੋਂ ਤਿਆਰ ਕਰਨ ਤਾਂ ਕਿ ਪਾਕਿਸਤਾਨ ਨਾਲ ਬੰਗਲਾਦੇਸ਼ ਦੀ ਸਿਰਜਣਾ ਵਾਸਤੇ ਸਾਂਝੀ ਜੰਗ ਲੜੀ ਜਾ ਸਕੇ।
ਸਤੰਬਰ ਦੇ ਅਖ਼ੀਰ ਵਿਚ ਪਾਕਿਸਤਾਨ ਅੰਦਰ ਭਾਰਤ ਅਤੇ ਪੂਰਬੀ ਪਾਕਿਸਤਾਨ ਖਿ਼ਲਾਫ਼ ਘ੍ਰਿਣਾ ਭਰਿਆ ਜਥੇਬੰਦ ਕੂੜ ਪ੍ਰਚਾਰ ਸ਼ੁਰੂ ਹੋ ਗਿਆ। ਹਜ਼ਾਰਾਂ ਦੀ ਗਿਣਤੀ ਵਿਚ ਲੋਕ ਸੜਕਾਂ ਤੇ ਉਤਰ ਆਏ ਅਤੇ ਮੰਗ ਕੀਤੀ ਕਿ ‘ਭਾਰਤ ਨੂੰ ਕੁਚਲਿਆ ਜਾਵੇ ਅਤੇ ਗ਼ੱਦਾਰ (ਮੁਜੀਬ-ਉਰ ਰਹਿਮਾਨ) ਨੂੰ ਫਾਂਸੀ ਦੇ ਤਖ਼ਤੇ ਤੇ ਲਟਕਾਇਆ ਜਾਵੇ। ਐਸਾ ਪ੍ਰਤੀਤ ਹੋਣ ਲੱਗਾ ਕਿ ਜੰਗ ਅਟੱਲ ਹੈ। 23 ਨਵੰਬਰ ਨੂੰ ਜਨਰਲ ਯਹੀਆ ਖਾਂ ਨੇ ਆਪਣੇ ਮੁਲਕ ਵਿਚ ਐਮਰਜੈਂਸੀ ਲਗਾ ਕੇ ਅਵਾਮ ਨੂੰ ਲੜਾਈ ਵਾਸਤੇ ਤਿਆਰ-ਬਰ-ਤਿਆਰ ਰਹਿਣ ਵਾਸਤੇ ਕਹਿ ਦਿੱਤਾ।
ਮੈਨੂੰ ਯਾਦ ਹੈ, ਜਦੋਂ 51 ਮਾਊਂਟੇਨ ਰਜ਼ੀਮੈਂਟ ਜੋ ਪੈਟਨ (ਕਸ਼ਮੀਰ) ਵਿਚ ਤਾਇਨਾਤ ਸੀ ਤੇ ਮੈਂ ਯੂਨਿਟ ਐਡਜੂਟੈਂਟ ਦੀ ਡਿਊਟੀ ਨਿਭਾਅ ਰਿਹਾ ਸੀ, ਤਾਂ ਸਾਨੂੰ 12 ਅਕਤੂਬਰ ਨੂੰ ਨਿਯਮਤ ਲੜਾਈ ਵਾਲੇ ਇਲਾਕੇ ਨੂੰ ਕੂਚ ਕਰਨ ਵਾਸਤੇ ਹੁਕਮ ਜਾਰੀ ਕੀਤੇ ਗਏ। ਕੰਟਰੋਲ ਰੇਖਾ ਨੇੜੇ ਪਹੁੰਚ ਕੇ ਹਾਜੀਪੀਰ ਵੱਲ ਤੋਪਾਂ ਦਾ ਰੁਖ਼ ਕਰਕੇ ਉੜੀ ਇਲਾਕੇ ਅੰਦਰ ਅਸੀਂ ਬੰਕਰ ਬਣਾਉਣੇ ਸ਼ੁਰੂ ਕਰ ਦਿੱਤੇ ਅਤੇ ਲੜਾਈ ਦਾ ਪੂਰਵ-ਅਭਿਆਸ ਵੀ ਆਰੰਭ ਹੋ ਗਿਆ। 3 ਦਸੰਬਰ ਸ਼ਾਮ ਦੇ ਤਕਰੀਬਨ 5 ਵੱਜ ਕੇ 45 ਮਿੰਟ ਤੇ ਦੁਸ਼ਮਣ ਦੇ ਲੜਾਕੂ ਹਵਾਈ ਜਹਾਜ਼ ਸਾਡੀ ਗੰਨ ਪੁਜ਼ੀਸ਼ਨ ਉਪਰ ਬੜੀ ਤੇਜ਼ੀ ਨਾਲ ਨਿਕਲੇ। ਖ਼ਬਰ ਮਿਲੀ ਕਿ ਪਾਕਿਸਤਾਨ ਨੇ ਸ੍ਰੀਨਗਰ ਤੇ ਆਗਰਾ ਸਮੇਤ ਭਾਰਤ ਦੇ 11 ਹਵਾਈ ਅੱਡਿਆਂ ਉਪਰ ਹਮਲੇ ਸ਼ੁਰੂ ਕਰ ਦਿੱਤੇ ਹਨ।
ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 3 ਦਸੰਬਰ ਦੇਰ ਸ਼ਾਮ ਕੈਬਨਿਟ ਮੀਟਿੰਗ ਬੁਲਾਈ। ਬਾਅਦ ਵਿਚ ਉਨ੍ਹਾਂ ਰੇਡੀਓ ਉਪਰ ਮੁਲਕ ਦੇ ਨਾਂ ਤੇ ਸੰਦੇਸ਼ ਦਿੰਦਿਆਂ ਐਲਾਨ ਕੀਤਾ ਕਿ ਪਾਕਿਸਤਾਨ ਦੇ ਹਵਾਈ ਹਮਲਿਆਂ ਦਾ ਮਤਲਬ ਹੈ ਕਿ ਜੰਗ ਸ਼ੁਰੂ ਹੋ ਚੁੱਕੀ ਹੈ। ਰਾਸ਼ਟਰਪਤੀ ਨੇ ਮੁਲਕ ਵਿਚ ਐਮਰਜੈਂਸੀ ਲਗਾ ਦਿੱਤੀ। ਇਸ ਦੇ ਨਾਲ ਹੀ ‘ਅਪਰੇਸ਼ਨ ਕੈਕਟਸ-ਲਿੱਲੀ’ ਸ਼ੁਰੂ ਹੋ ਗਿਆ। ਰਾਤ ਦੇ 11 ਵੱਜ ਕੇ 50 ਮਿੰਟ ਤੇ ਭਾਰਤੀ ਹਵਾਈ ਸੈਨਾ ਨੇ ਪਾਕਿਸਤਾਨ ਉਪਰ ਉਡਾਣਾਂ ਭਰ ਕੇ ਉਸ ਦੇ ਹਵਾਈ ਅੱਡਿਆਂ ਉਪਰ ਜਵਾਬੀ ਹਮਲੇ ਕਰਕੇ ਕਈ ਜਹਾਜ਼ ਤਬਾਹ ਕਰ ਦਿੱਤੇ ਤੇ ਪੈਟਰੋਲ ਟੈਂਕਾਂ ਨੂੰ ਅੱਗ ਲਾ ਦਿੱਤੀ। ਸਾਡੀਆਂ ਤੋਪਾਂ ਦੀ ਆਵਾਜ਼ ਵੀ ਆਕਾਸ਼ ਵਿਚ ਗੂੰਜਣ ਲੱਗੀ।
ਦੂਸਰੇ ਫਰੰਟ ਤੇ ਭਾਰਤ ਦੀਆਂ ਫੌਜਾਂ ਮੁਕਤੀਬਾਹਿਨੀ ਨਾਲ ਪੂਰਬੀ ਪਾਕਿਸਤਾਨ ਵਿਚ ਦਾਖ਼ਲ ਹੋ ਗਈਆਂ। ਪ੍ਰਧਾਨ ਮੰਤਰੀ ਨੇ 6 ਦਸੰਬਰ ਨੂੰ ਪਾਰਲੀਮੈਂਟ ਵਿਚ ਐਲਾਨ ਕੀਤਾ ਕਿ ਭਾਰਤ ਨੇ ਪਰਜਾਤੰਤਰੀ ਬੰਗਲਾਦੇਸ਼ ਨੂੰ ਮਾਨਤਾ ਦੇ ਦਿੱਤੀ ਹੈ। ਪਾਕਿਸਤਾਨ ਨੇ ਭਾਰਤ ਨਾਲ ਕੂਟਨੀਤਕ ਸੰਬੰਧਾਂ ਭੰਗ ਕਰ ਦਿੱਤੇ। 7 ਦਸੰਬਰ ਨੂੰ ਭਾਰਤੀ ਫੌਜਾਂ ਨੇ ਅੱਗੇ ਵਧਦਿਆਂ ਜਸੋਰ ਸ਼ਹਿਰ ਨੂੰ ਆਜ਼ਾਦ ਕਰਵਾਇਆ। 8 ਦਸੰਬਰ ਨੂੰ ਜਨਰਲ ਮਾਨਕ ਸ਼ਾਹ ਨੇ ਪੂਰਬੀ ਪਾਕਿਸਤਾਨ ਵਿਚ ਤਾਇਨਾਤ ਦੁਸ਼ਮਣ ਦੀਆਂ ਫੌਜਾਂ ਨੂੰ ਹਥਿਆਰ ਸੁੱਟਣ ਵਾਸਤੇ ਅਪੀਲ ਕੀਤੀ।
ਮੁਕਤੀਬਾਹਿਨੀ ਦੇ ਸਹਿਯੋਗ ਨਾਲ ਭਾਰਤੀ ਫੌਜ ਨੇ 11 ਦਸੰਬਰ ਤੱਕ ਪੂਰਬੀ ਪਾਕਿਸਤਾਨ (ਬੰਗਲਾਦੇਸ਼) ਅੰਦਰ ਢਾਨਪੁਰ, ਦਾਊਦਕੰਡੀ, ਹਿਲੀ, ਸਾਇਮਨ ਸਿੰਘ, ਕੁਸ਼ਤੀਆ, ਨੋਆਖਲੀ ਅਤੇ ਨਿਆਚਾਰ ਵਰਗੇ ਸ਼ਹਿਰਾਂ ਨੂੰ ਪਾਕਿਸਤਾਨੀ ਕਬਜ਼ੇ ਤੋਂ ਮੁਕਤ ਕਰਵਾਇਆ। 12-13 ਦਸੰਬਰ ਨੂੰ ਪੈਰਾਟਰੂਪਰਾਂ ਨੇ ਢਾਕਾ ਘੇਰ ਲਿਆ। 15 ਦਸੰਬਰ ਨੂੰ ਲੈਫ. ਜਨਰਲ ਏਕੇ ਨਿਆਜ਼ੀ ਨੇ ਭਾਰਤ ਦੇ ਸੈਨਾ ਮੁਖੀ ਨੂੰ ਜੰਗਬੰਦੀ ਵਾਸਤੇ ਬੇਨਤੀ ਕੀਤੀ। ਮਾਨਕ ਸ਼ਾਹ ਨੇ ਜਨਰਲ ਨਿਆਜ਼ੀ ਨੂੰ 16 ਦਸੰਬਰ ਸਵੇਰੇ 9 ਵਜੇ ਤੱਕ ਆਪਣੀ ਸਮੁੱਚੀ ਫੌਜ ਸਮੇਤ ਆਤਮ-ਸਮਰਪਣ ਵਾਸਤੇ ਕਿਹਾ। 16 ਦਸੰਬਰ, 1971 ਸ਼ਾਮ ਦੇ 4 ਵਜੇ ਕੇ 51 ਮਿੰਟ ਤੇ ਭਾਰਤ ਦੇ ਇਤਿਹਾਸ ਵਿਚ ਸੁਨਹਿਰੀ ਮੌਕਾ ਆਇਆ ਜਦੋਂ ਜਨਰਲ ਨਿਆਜ਼ੀ ਨੇ ਆਤਮ-ਸਮਰਪਣ ਕਰਨ ਵਾਲੇ ਦਸਤਾਵੇਜ਼ ਤੇ ਦਸਤਖ਼ਤ ਕਰਕੇ 93 ਹਜ਼ਾਰ ਵਾਲੀ ਸ਼ਕਤੀਸ਼ਾਲੀ ਸਮਝੀ ਜਾਂਦੀ ਫੌਜ ਤੇ ਸਿਵਲੀਅਨਾਂ ਸਮੇਤ ਭਾਰਤੀ ਫੌਜ ਦੇ ਆਰਮੀ ਕਮਾਂਡਰ ਜਨਰਲ ਜਗਜੀਤ ਸਿੰਘ ਅਰੋੜਾ ਸਾਹਮਣੇ ਆਤਮ-ਸਮਰਪਣ ਕਰ ਦਿੱਤਾ। ਇਉਂ ਨਵੇਂ ਮੁਲਕ ਬੰਗਲਾਦੇਸ਼ ਦਾ ਜਨਮ ਹੋ ਗਿਆ।
ਇਸ ਜੰਗ ਦੌਰਾਨ ਅਮਰੀਕਾ, ਪਾਕਿਸਤਾਨ ਦੀ ਮਦਦ ਉੱਤੇ ਨਿਤਰਿਆ ਤੇ ਬੰਗਾਲ ਦੀ ਖਾੜੀ ਵਿਚ ਜੰਗੀ ਬੇੜੇ ਵੀ ਭੇਜਣੇ ਸ਼ੁਰੂ ਕਰ ਦਿੱਤੇ; ਫਿਰ ਚੀਨ ਨੂੰ ਵੀ ਕਿਹਾ ਕਿ ਉਹ ਪਾਕਿਸਤਾਨ ਨੂੰ ਹਥਿਆਰ ਅਸਲ੍ਹਾ ਵਗੈਰਾ ਭੇਜੇ। ਦੂਸਰੇ ਪਾਸੇ, ਸੋਵੀਅਤ ਯੂਨੀਅਨ ਨੇ ਭਾਰਤੀ ਫੌਜ ਅਤੇ ਮੁਕਤੀਬਾਹਿਨੀ ਨਾਲ ਹਮਦਰਦੀ ਜ਼ਾਹਿਰ ਕਰਦਿਆਂ ਭਾਰਤ ਸਰਕਾਰ ਨੂੰ ਵਿਸ਼ਵਾਸ ਦਿਵਾਇਆ ਕਿ ਜੇ ਅਮਰੀਕਾ ਤੇ ਚੀਨ ਦੀ ਤਰਫੋਂ ਕੋਈ ਕਾਰਵਾਈ ਹੁੰਦੀ ਹੈ ਤਾਂ ਉਹ ਭਾਰਤ ਦੀ ਮਦਦ ਕਰੇਗਾ। ਇਸ ਦੇ ਨਾਲ ਹੀ ਉਸ ਦੇ ਸਮੁੰਦਰੀ ਬੇੜੇ ਵੀ ਹਰਕਤ ਵਿਚ ਆ ਗਏ ਪਰ ਜੰਗਬੰਦੀ ਐਲਾਨੀ ਗਈ। ਦਰਅਸਲ, ਸੋਵੀਅਤ ਯੂਨੀਅਨ ਦੀ ਭਾਰਤ ਨਾਲ ਅਗਸਤ 1971 ਵਿਚ ਦੋਸਤੀ ਵਾਲੀ ਸੰਧੀ ਹੋ ਚੁੱਕੀ ਸੀ।
ਜਿਸ ਨਿਪੁੰਨਤਾ, ਦਲੇਰੀ ਤੇ ਸੂਝ-ਬੂਝ ਨਾਲ ਇਹ ਜੰਗ ਪ੍ਰਧਾਨ ਮੰਤਰੀ ਅਤੇ ਸੈਨਾ ਮੁਖੀ ਦਰਮਿਆਨ ਰਣਨੀਤਕ ਇਕਸੁਰਤਾ ਤਹਿਤ ਭਾਰਤ ਦੇ ਸੂਰਬੀਰ ਸੈਨਿਕਾਂ ਨੇ ਲੜੀ, ਉਸ ਨੇ ਮੁਲਕ ਅਤੇ ਫੌਜ ਦਾ ਨਾਂ ਸੰਸਾਰ ਭਰ ਵਿਚ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿਚ ਦਰਜ ਕਰਵਾਇਆ।
ਉਂਜ ਇਹ ਕੌੜੀ ਸਚਾਈ ਹੈ ਕਿ ਰੱਬ ਅਤੇ ਫੌਜ ਨੂੰ ਕੇਵਲ ਔਖੀ ਘੜੀ ਵੇਲੇ ਹੀ ਯਾਦ ਕੀਤਾ ਜਾਂਦਾ ਹੈ, ਜਦੋਂ ਖ਼ਤਰਾ ਟਲ ਜਾਂਦਾ ਹੈ ਤਾਂ ਹਾਕਮ ਅਤੇ ਸਮਾਜ ਸਭ ਕੁਝ ਭੁੱਲ ਜਾਂਦੇ ਹਨ। ਅਫਸੋਸ ਕਿ ਹਰ ਜੰਗ ਜਿੱਤਣ ਤੋਂ ਬਾਅਦ ਫੌਜ ਦਾ ਦਰਜਾ ਹੇਠਾਂ ਖਿਸਕਦਾ ਗਿਆ। ਇਸ ਦੀ ਸਭ ਤੋਂ ਵੱਡੀ ਮਿਸਾਲ ਇਹ ਹੈ ਕਿ ਜਨਰਲ ਮਾਨਕ ਸ਼ਾਹ ਨੂੰ ਫੀਲਡ ਮਾਰਸ਼ਲ ਦਾ ਅਹੁਦਾ ਤਾਂ ਦਿੱਤਾ ਗਿਆ ਪਰ ਉਸ ਦੀ ਵਧੀ ਹੋਈ ਤਨਖਾਹ, ਭੱਤੇ ਆਦਿ ਦਾ ਭੁਗਤਾਨ ਉਸ ਸਮੇਂ ਕੀਤਾ ਗਿਆ ਜਦੋਂ ਤਕਰੀਬਨ 40 ਸਾਲਾਂ ਬਾਅਦ ਰਾਸ਼ਟਰਪਤੀ ਅਬਦੁੱਲ ਕਲਾਮ ਫੀਲਡ ਮਾਰਸ਼ਲ ਦੀ ਬਿਮਾਰੀ ਦੀ ਹਾਲਤ ਵਿਚ ਉਨ੍ਹਾਂ ਨੂੰ ਵਲਿੰਗਟ ਵਿਚ ਮਿਲਣ ਗਏ। ਵਾਪਸੀ ਤੇ ਉਨ੍ਹਾਂ ਸਰਕਾਰ ਨੂੰ ਕੋਸਿਆ ਵੀ। ਜੇ ਇਸ ਕਿਸਮ ਦਾ ਵਰਤਾਓ ਜੇਤੂ ਜਰਨੈਲ ਨਾਲ ਕੀਤਾ ਜਾ ਸਕਦਾ ਹੈ ਤਾਂ ਜਵਾਨ ਨੂੰ ਕੌਣ ਪੁੱਛੇਗਾ? ਇਹ ਵੀ ਕਾਰਨ ਹੈ ਕਿ ‘ਓਆਰਓਪੀ’ ਦੀ ਬਰਾਬਰੀ ਸੰਨ 2019 ਤੋਂ ਸਰਕਾਰ ਨੇ ਕਰਨੀ ਸੀ, ਉਹ ਅਜੇ ਤੱਕ ਨਹੀਂ ਹੋਈ।
ਅਫਸੋਸ ਦੀ ਗੱਲ ਇਹ ਵੀ ਹੈ ਕਿ 2016 ਦੀ ਸਰਜੀਕਲ ਸਟ੍ਰਾਈਕ ਪਿੱਛੋਂ ਜਿਸ ਤਰੀਕੇ ਨਾਲ ਫੌਜ ਦਾ ਸਿਆਸੀਕਰਨ ਕੀਤਾ ਜਾ ਰਿਹਾ ਹੈ, ਉਹ ਨਾ ਫੌਜ ਅਤੇ ਨਾ ਹੀ ਮੁਲਕ ਦੇ ਹਿੱਤ ਵਿਚ ਹੋਵੇਗਾ। ਹਾਕਮ ਸੁਚੇਤ ਰਹਿਣ। ਆਓ, ਉਨ੍ਹਾਂ ਮਹਾਨ ਯੋਧਿਆਂ ਨੂੰ ਸਲੂਟ ਕਰੀਏ ਜਿਨ੍ਹਾਂ ਮੁਲਕ ਖ਼ਾਤਰ ਕੁਰਬਾਨੀਆਂ ਦਿੱਤੀਆਂ ਅਤੇ ਨਕਾਰਾ ਤੇ ਜ਼ਖਮੀ ਵੀ ਹੋਏ।
*ਲੇਖਕ ਰੱਖਿਆ ਵਿਸ਼ਲੇਸ਼ਕ ਹੈ।
ਸੰਪਰਕ: 0172-2740991