ਦੇਵੀ ਨਾਗਰਾਣੀ
ਕੈਦੀ ਲਈ ਆਜ਼ਾਦੀ ਦਾ ਹੁਕਮ ਜਾਰੀ ਕੀਤਾ ਗਿਆ।
ਕੈਦਖ਼ਾਨੇ ਦੇ ਪਰਲੇ ਪਾਸੇ ਸਲਾਖਾਂ ਦੇ ਅੰਦਰ ਉਹ ਆਪਣੀ ਹੀ ਸੋਚ ਦੇ ਜੰਗਲ ਵਿੱਚ ਘੁੰਮ ਰਿਹਾ ਸੀ। ਪਿਛਲੇ ਨੌ ਸਾਲਾਂ ਤੋਂ ਇੱਥੇ ਰਹਿੰਦੇ ਰਹਿੰਦੇ ਉਹ ਉਸ ਕੋਠੜੀ ਨੂੰ ਹੀ ਆਪਣਾ ਘਰ ਸਮਝਣ ਲੱਗਿਆ, ਉਹ ਟਿਕਾਣਾ ਜਿੰਨਾ ਪੱਕਾ ਸੀ, ਉਨ੍ਹਾਂ ਹੀ ਡਾਵਾਂਡੋਲ।
‘‘ਕੈਦੀ ਤੇਰੇ ਲਈ ਹੁਕਮ ਆ ਗਿਆ ਹੈ।’’
‘‘ਕਿਹੋ ਜਿਹਾ ਹੁਕਮ?’’ ਕੈਦਖ਼ਾਨੇ ਦੀਆਂ ਸਲਾਖ਼ਾਂ ਤੋਂ ਇਧਰਲੇ ਪਾਸੇ ਖੜ੍ਹੇ ਥਾਣੇਦਾਰ ਦੇ ਵੱਲ ਬਿਨਾਂ ਦੇਖੇ ਹੀ ਉਹਨੇ ਜਾਨਣਾ ਚਾਹਿਆ।
‘‘ਤੈਨੂੰ ਰਿਹਾਅ ਕਰਨ ਦਾ।’’
‘‘ਕਿਉਂ? ਕੀ ਮੇਰੀ ਸਜ਼ਾ ਪੂਰੀ ਹੋ ਗਈ ਹੈ?’’ ਕੈਦੀ ਦੀਆਂ ਹੈਰਾਨੀ ਨਾਲ ਖੁੱਲ੍ਹੀਆਂ ਅੱਖਾਂ ਹੁਣ ਥਾਣੇਦਾਰ ਦੇ ਚਿਹਰੇ ਦਾ ਮੁਆਇਨਾ ਕਰਦੀਆਂ ਹੋਈਆਂ ਉਹਦੇ ਚਿਹਰੇ ’ਤੇ ਰੁਕ ਗਈਆਂ।
‘‘ਨਹੀਂ, ਹੁਣ ਦੇਸ਼ ਆਜ਼ਾਦ ਹੋ ਗਿਆ ਹੈ।’’
ਅਤੇ ਉਹ ਲਗਭਗ ਚੀਕਦਾ ਹੋਇਆ ਆਪਣੀ ਆਵਾਜ਼ ਵਿਚ ਦੁਹਰਾਉਣ ਲੱਗਿਆ- ‘‘ਦੇਸ਼ ਆਜ਼ਾਦ ਹੋ ਗਿਆ ਆਖ਼ਰ ਦੇਸ਼ ਆਜ਼ਾਦ ਹੋ ਹੀ ਗਿਆ।’’ ਅਤੇ ਸਲਾਖਾਂ ਦੇ ਅੰਦਰ ਹੀ ਖੜ੍ਹਿਆ ਖੜ੍ਹਿਆ ਜੋਸ਼ ਵਿੱਚ ਚੱਕਰ ਲਾਉਂਦਾ ਹੋਇਆ ਉਹ ਖ਼ੁਸ਼ੀ ਵਿਚ ਤਾੜੀ ਮਾਰ ਕੇ ਨਾਅਰੇ ਲਗਾਉਂਦਾ ਰਿਹਾ।
ਆਜ਼ਾਦੀ ਤਾਂ ਉਹਨੂੰ ਮਿਲਣੀ ਹੀ ਸੀ, ਦੇਸ਼ ਦੀ ਆਜ਼ਾਦੀ ਦੇ ਨਾਲ। ਇਸ ਆਜ਼ਾਦੀ ਲਈ ਹੀ ਤਾਂ ਉਹ ਲੜੇ ਸਨ, ਇੱਕ ਨਹੀਂ, ਦੋ ਨਹੀਂ, ਸੈਂਕੜੇ, ਹਜ਼ਾਰਾਂ, ਲੱਖਾਂ ਦੇਸ਼ ਪ੍ਰੇਮੀ। ਇਹ ਉਨ੍ਹਾਂ ਦੀਆਂ ਹੀ ਕੁਰਬਾਨੀਆਂ ਦਾ ਨਤੀਜਾ ਸੀ, ਉਨ੍ਹਾਂ ਜਾਂਬਾਜ਼ ਯੋਧਿਆਂ ਦੀਆਂ ਅਣਥੱਕ ਕੋਸ਼ਿਸ਼ਾਂ ਦਾ ਨਤੀਜਾ ਸੀ ਜਿਹੜੀ ਅੱਜ ਇਹ ਖੁਸ਼ਖਬਰੀ ਉਸ ਨੂੰ ਮਿਲੀ ਹੈ ਅਤੇ ਤੋਹਫ਼ੇ ਦੇ ਰੂਪ ਵਿਚ ਮਿਲੀ ਹੈ ਉਹਨੂੰ ਆਪਣੀ ਆਜ਼ਾਦੀ।
‘‘ਤੂੰ ਆਪਣੀਆਂ ਚੀਜ਼ਾਂ ਦੀ ਸ਼ਨਾਖਤ ਲਈ ਦੋ ਘੰਟਿਆਂ ਮਗਰੋਂ ਦਫ਼ਤਰ ਵਿੱਚ ਹਾਜ਼ਰ ਹੋਣਾ ਹੈ ਅਤੇ ਫੇਰ ਤੂੰ ਏਥੋਂ ਜਿੱਥੇ ਮਰਜ਼ੀ ਜਾ ਸਕਦਾ ਹੈਂ।’’
ਉਹ ਆਪਣੇ ਅਤੀਤ ਦੀਆਂ ਸੌੜੀਆਂ ਗਲੀਆਂ ਵਿੱਚੋਂ ਹੁੰਦਾ ਹੋਇਆ, ਮੇਨ ਰੋਡ ਦੇ ਸੱਜੇ ਪਾਸੇ ਵਾਲੀ ਲਾਈਨ ਵਿਚ ਬਣੇ ਘਰਾਂ ਵਿਚੋਂ ਮਕਾਨ ਨੰਬਰ 11 ਵੱਲ ਟਿਕਟਿਕੀ ਲਾ ਕੇ ਖੜ੍ਹਾ ਹੋ ਗਿਆ। ਘਰ ਵੱਡਾ ਨਹੀਂ, ਛੋਟਾ ਜਿਹਾ ਹੀ ਸੀ। ਇਕ ਕਮਰਾ, ਛੋਟਾ ਜਿਹਾ ਚੌਂਤਰਾ ਖਾਣਾ ਬਣਾਉਣ ਲਈ, ਗੁਸਲਖਾਨਾ ਅਤੇ ਛੋਟਾ ਜਿਹਾ ਖੁੱਲ੍ਹਾ ਵਿਹੜਾ ਜਿਹਦੇ ਵਿਚ ਇਕ ਮੋਰੀ ਸੀ। ਉੱਥੇ ਹੀ ਭਾਂਡੇ ਅਤੇ ਕੱਪੜੇ ਧੋਂਦੇ ਸਨ। ਘਰ ਦੇ ਵਾਂਗ ਪਰਿਵਾਰ ਵੀ ਛੋਟਾ ਜਿਹਾ ਹੀ ਸੀ- ਪਤਨੀ ਸਰਸਵਤੀ, ਤਿੰਨ ਸਾਲ ਦਾ ਪੁੱਤਰ ਰਾਹੁਲ। ਕ੍ਰਾਂਤੀਕਾਰੀ ਮਾਹੌਲ ਵਿਚ ਆਰਾਮ ਦੇ ਨਾਲ-ਨਾਲ ਸਰਸਵਤੀ ਪਤਨੀ-ਧਰਮ ਦੇ ਨਾਲ ਨਾਲ ਹਮਸਫ਼ਰ ਬਣ ਕੇ ਆਪਣਾ ਫ਼ਰਜ਼ ਬਾਖ਼ੂਬੀ ਨਿਭਾਉਂਦੀ ਰਹੀ। ਦੇਸ਼ ਧ੍ਰੋਹੀਆਂ ਨੂੰ ਦੇਸ਼ ਨਿਕਾਲਾ ਅਤੇ ਦੇਸ਼ ਵਾਸੀਆਂ ਨੂੰ ਆਜ਼ਾਦੀ ਮਿਲੇ ਇਹੀ ਤਾਂ ਟੀਚਾ ਸੀ ਕਮਲਕਾਂਤ ਸਹਾਏ ਦੇ ਗੁੱਟ ਦਾ, ਜਿਸ ਵਿਚ ਉਹ ਇੱਕਜੁਟ ਹੋ ਕੇ ਆਪਣੀਆਂ ਸੇਵਾਵਾਂ ਕੰਮਾਂ ਵਿਚ ਲਗਾਉਂਦੇ ਸਨ। ਉਹਦੀ ਸਾਥਣ ਹੋਣ ਦੇ ਨਾਤੇ ਸਰਸਵਤੀ ਕਦੇ ਚਾਰ-ਪੰਜ ਮੈਬਰਾਂ ਦਾ ਖਾਣਾ ਬਣਾਉਂਦੀ, ਉਨ੍ਹਾਂ ਦੇ ਕੱਪੜੇ ਧੋ ਕੇ, ਸੁਕਾ ਕੇ ਉਨ੍ਹਾਂ ਕੋਲ ਪਹੁੰਚਾਉਂਦੀ, ਜਦੋਂ ਵੀ ਉਨ੍ਹਾਂ ਦਾ ਪੜਾਅ ਉਸ ਇਲਾਕੇ ਵਿਚ ਹੁੰਦਾ। ਜ਼ਿੰਦਗੀ ਦਾ ਮਕਸਦ ਸਾਰਿਆਂ ਦਾ ਇਕ ਸੀ- ਦੇਸ਼ ਨੂੰ ਆਜ਼ਾਦ ਕਰਾਉਣਾ।
* * *
ਅੱਜ ਉਹਨੂੰ ਰਿਹਾਅ ਕੀਤਾ ਜਾਵੇਗਾ। ਆਜ਼ਾਦ ਦੇਸ਼ ਦਾ ਆਜ਼ਾਦ ਨਾਗਰਿਕ ਜਿੱਥੇ ਮਰਜ਼ੀ ਜਾ ਸਕਦਾ ਹੈ। ਪਰ ਉਹ ਕਿੱਥੇ ਜਾ ਸਕਦਾ ਹੈ? ਨੌਂ ਸਾਲ ਦਾ ਅਰਸਾ ਲੰਬਾ ਹੁੰਦਾ ਹੈ, ਜ਼ਿੰਦਗੀ ਦਾ ਇੱਕ ਹਿੱਸਾ। ਜਦੋਂ ਹੋਰ ਕ੍ਰਾਂਤਕਾਰੀਆਂ ਦੇ ਨਾਲ ਉਹਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤਾਂ ਉਦੋਂ ਉਹ ਘਰੇ ਹੀ ਸੀ। ਦਸਤਕ ਦੇ ਕੇ, ਦੋਵਾਂ ਹੱਥਾਂ ਵਿਚ ਹੱਥਕੜੀਆਂ ਲਾ ਕੇ ਜਦੋਂ ਸਿਪਾਹੀ ਉਹਨੂੰ ਲਿਜਾਣ ਲੱਗੇ ਤਾਂ ਤਿੰਨ ਸਾਲ ਦਾ ਰਾਹੁਲ ਦੋਵੇਂ ਹੱਥ ਅੱਗੇ ਕਰਕੇ ਉਹਦੇ ਵੱਲ ਆਪਣੇ ਨਿੱਕੇ ਪੈਰ ਵਧਾਉਣ ਲੱਗਿਆ, ਪਰ ਜੰਜ਼ੀਰਾਂ ਕਿੱਥੇ ਢਿੱਲੀਆਂ ਹੁੰਦੀਆਂ ਹਨ, ਕਿੱਥੇ ਫਾਸਲਿਆਂ ਨੂੰ ਤੈਅ ਕਰ ਸਕਦੀਆਂ ਹਨ? ਉਹ ਵੀ ਇਕ ਕੈਦੀ ਦੀਆਂ। ਉਹ ਨਾ ਆਪਣੇ ਬੱਚੇ ਨੂੰ ਪੁਚਕਾਰ ਸਕਿਆ, ਨਾ ਚੁੰਮ ਸਕਿਆ, ਨਾ ਉਹਨੂੰ ਆਪਣੇ ਕਲਾਵੇ ਵਿਚ ਲੈ ਸਕਿਆ। ਸਰਸਵਤੀ ਦੀਆਂ ਹੰਝੂਆਂ ਨਾਲ ਭਿੱਜੀਆਂ ਅੱਖਾਂ ਵਿਚ ਉਹ ਸਿਰਫ਼ ਉਮੀਦ ਨਾਉਮੀਦ ਦੇ ਵਿਚਾਲੇ ਲਮਕਦੀ ਹੋਈ ਇੱਕ ਤਸਵੀਰ ਬਣ ਗਿਆ, ਆਪਣੇ ਹੀ ਕਹੇ-ਅਣਕਹੇ ਸ਼ਬਦਾਂ ਦਾ ਕੈਦੀ।
ਇੱਕ ਦਿਨ ਪਹਿਲਾਂ ਹੀ ਤਾਂ ਪਤਨੀ ਨੇ ਪੁੱਛਿਆ ਸੀ, ‘‘ਜਦੋਂ ਅਸੀਂ ਆਜ਼ਾਦ ਹੋਵਾਂਗੇ, ਕੀ ਉਦੋਂ ਸਾਨੂੰ ਕੋਈ ਤਕਲੀਫ਼ ਪ੍ਰੇਸ਼ਾਨੀ ਨਹੀਂ ਹੋਵੇਗੀ? ਕੀ ਸਾਡੇ ਨਵੇਂ ਨੇਤਾ ਸਾਡੇ ਮਾਂ ਬਾਪ ਬਣ ਕੇ ਸਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਨਗੇ? ਸਾਨੂੰ ਕੱਪੜਾ, ਅਨਾਜ ਅਤੇ ਬੱਚਿਆਂ ਨੂੰ ਸਿੱਖਿਆਂ ਦੀ ਸਹੂਲਤ ਦੇ ਸਕਣਗੇ?’’
‘‘ਹਾਂ, ਹਾਂ… ਉਦੋਂ ਉਹ ਸਭ ਕੁਝ ਮਿਲੂਗਾ ਜਿਹਦੀ ਤੂੰ ਕਲਪਨਾ ਵੀ ਨਹੀਂ ਕਰ ਸਕਦੀ। ਸਾਰੇ ਬੇਰੁਜ਼ਗਾਰਾਂ ਨੂੰ ਕੰਮ, ਗ਼ਰੀਬਾਂ ਨੂੰ ਉਨ੍ਹਾਂ ਦੀ ਹਾਲਤ ਮੁਤਾਬਿਕ ਸਹੂਲਤਾਂ ਅਤੇ ਲੋੜਵੰਦਾਂ ਨੂੰ ਲੋੜ ਅਨੁਸਾਰ ਮੁਫ਼ਤ ਦਵਾਈ ਬੂਟੀ, ਮੁਫ਼ਤ ਸਿੱਖਿਆ ਅਤੇ ਮੁਫ਼ਤ ਵਿਚ ਉਨ੍ਹਾਂ ਦੇ ਝਗੜੇ-ਝੇੜਿਆਂ ਨੂੰ ਵੀ ਨਬਿੇੜਿਆ ਜਾਵੇਗਾ। ਆਜ਼ਾਦ ਦੇਸ਼ ਦਾ ਹਰ ਆਜ਼ਾਦ ਵਿਅਕਤੀ ਖੁਸ਼ਹਾਲ ਹੋਵੇਗਾ।’’
‘‘ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਅਜਿਹਾ ਕੁਝ ਹੋਵੇਗਾ। ਇਕ ਸੁਪਨਾ ਜਿਹਾ ਲੱਗ ਰਿਹਾ ਹੈ।’’ ਪਤਨੀ ਦੇ ਕਹੇ ਸ਼ਬਦ ਉਹਨੂੰ ਯਾਦ ਆਏ…।
‘‘ਸੁਪਨਿਆਂ ਨੂੰ ਹਕੀਕਤ ਵਿਚ ਬਦਲਣ ਦੇ ਯਤਨ ਵਿਚ ਹੀ ਤਾਂ ਅਸੀਂ ਅੱਗੇ ਵਧ ਰਹੇ ਹਾਂ। ਹੁਣ ਪੈਰ ਪਿੱਛੇ ਨਹੀਂ ਹਟਦੇ ਜਦੋਂ ਤਕ ਮੰਜ਼ਿਲ ਨਹੀਂ ਮਿਲਦੀ।’’ ਕਮਲਕਾਂਤ ਨੇ ਜੋਸ਼ ਭਰੇ ਸ਼ਬਦਾਂ ਵਿਚ ਕਿਹਾ ਸੀ।
… ਅਤੇ ਉਸੇ ਸਮੇਂ ਦਸਤਕ ਹੋਈ, ਹਥੇਲੀਆਂ ਹੱਥਕੜੀਆਂ ਵਿਚ ਜਕੜੀਆਂ ਗਈਆਂ ਅਤੇ ਜਿਵੇਂ ਕੋਈ ਬੇਰਹਿਮ ਸ਼ਿਕਾਰੀ ਆਪਣੇ ਸ਼ਿਕਾਰ ਨੂੰ ਲੈ ਜਾਂਦਾ ਹੈ। ਕੁਝ ਅਜਿਹੀ ਹੀ ਹਾਲਤ ਵਿਚ ਕਮਲਕਾਂਤ ਨੂੰ ਵੀ ਲਿਜਾਇਆ ਗਿਆ।
ਸਰਸਵਤੀ ਸੁਪਨੇ ਅਤੇ ਹਕੀਕਤ ਦੇ ਫ਼ਾਸਲੇ ਦਾ ਗਣਿਤ ਜੋੜ ਰਹੀ ਸੀ। ਉਮੀਦਾਂ ਦੀਆਂ ਨਾਜ਼ੁਕ ਟਹਿਣੀਆਂ ਤੂਫ਼ਾਨੀ ਹਵਾਵਾਂ ਵਿਚ ਨੁਕਸਾਨੀਆਂ ਗਈਆਂ ਦਿਖਾਈ ਦਿੱਤੀਆਂ। ਕੁਝ ਕਹਿਣ, ਕਰਨ ਦਾ ਦੂਜਾ ਰਸਤਾ ਨਾ ਸੁੱਝਿਆ ਤਾਂ ਉਹ ਥਾਣੇਦਾਰ ਮੂਹਰੇ ਹੱਥ ਜੋੜ ਕੇ ਗਿੜਗਿੜਾਉਂਦੀ ਹੋਈ ਕਹਿਣ ਲੱਗੀ, ‘‘ਮੈਨੂੰ ਵੀ ਇਨ੍ਹਾਂ ਦੇ ਨਾਲ ਹੀ ਕੈਦੀ ਬਣਾ ਕੇ ਲੈ ਚੱਲੋ, ਮੈਂ ਵੀ ਉੱਥੇ ਹੀ ਆਪਣੀ ਜ਼ਿੰਦਗੀ ਕੱਟ ਲਵਾਂਗੀ। ਇੱਥੇ ਇਕੱਲੀ ਰਹੀ ਤਾਂ ਜੀਅ ਨਹੀਂ ਸਕਾਂਗੀ।’’
‘‘ਤੂੰ ਇਹਦੇ ਬਾਰੇ ਕਿਉਂ ਸੋਚਦੀ ਐਂ? ਤੈਨੂੰ ਇਕੱਲੀ ਨੂੰ ਕਿਵੇਂ ਕੋਈ ਰਹਿਣ ਦੇਵੇਗਾ? ਇੱਥੇ ਨੇੜੇ ਹੀ ਸਾਡਾ ਥਾਣਾ ਹੈ। ਏਨੇ ਸਾਰੇ ਸਿਪਾਹੀ-ਥਾਣੇਦਾਰ ਹਨ, ਕੋਈ ਨਾ ਕੋਈ ਤਾਂ ਤੇਰੀ ਮਦਦ ਲਈ ਆਵੇਗਾ ਹੀ, ਇਸ ਗੱਲ ਦਾ ਵਾਅਦਾ ਰਿਹਾ। ਇਹ ਦੇਸ਼ ਧ੍ਰੋਹੀ ਹੈ, ਏਹਨੂੰ ਤਾਂ ਸੀਖਾਂ ਪਿੱਛੇ ਹੀ ਰਹਿਣਾ ਪਵੇਗਾ… ਪਰ ਤੂੰ … ਤੂੰ…।’’
‘‘ਥੂ… ਥੂ… ਥੁੱਕਦੀ ਹਾਂ ਤੇਰੇ ਮੂੰਹ ’ਤੇ। ਲਾਹਣਤ ਹੈ ਤੇਰੀ ਸੋਚ ’ਤੇ ਜਿਹੜਾ ਦੇਸ਼ ਦਾ ਰਖਵਾਲਾ ਹੋ ਕੇ ਲੁਟੇਰਿਆਂ ਵਰਗੀਆਂ ਗੱਲਾਂ ਕਰਦਾ ਏਂ। ਮੇਰਾ ਪਤੀਵਰਤਾ ਧਰਮ ਹੀ ਮੇਰੀ ਤਾਕਤ ਹੈ, ਮੇਰਾ ਪਤੀ ਹੀ ਮੇਰਾ ਸਭ ਕੁਝ ਹੈ ਅਤੇ ਤੂੰ ਸਰਕਾਰ ਦਾ ਪਾਲਤੂ ਕੁੱਤਾ…।’’
ਸਰਸਵਤੀ ਦੀਆਂ ਅੱਖਾਂ ਵਿਚੋਂ ਲਗਾਤਾਰ ਹੰਝੂ ਵਹਿ ਰਹੇ ਸਨ। ਉਹ ਜਾਂਦੇ ਹੋਏ ਕਮਲਕਾਂਤ ਨੂੰ ਉਦੋਂ ਤੱਕ ਤੱਕਦੀ ਰਹੀ ਜਦੋਂ ਤਕ ਉਹ ਉਹਦੀਆਂ ਅੱਖਾਂ ਤੋਂ ਓਹਲੇ ਨਾ ਹੋਇਆ। ਉਹਦੀਆਂ ਅੱਖਾਂ ਵਿਚ ਜਿਵੇਂ ਖ਼ੂਨ ਉਤਰ ਆਇਆ ਸੀ। ਜਿਹੜਾ ਸੁਪਨਾ ਅੱਖਾਂ ਨੇ ਬੁਣਿਆ ਸੀ ਉਹ ਟੁੱਟ ਗਿਆ। ਸਾਰੀਆਂ ਕਲਪਨਾਵਾਂ ਹਕੀਕਤਾਂ ਨਾਲ ਟਕਰਾ ਕੇ ਟੁੱਟ ਗਈਆਂ…। ਇਹ ਕਿਹੋ ਜਿਹਾ ਦੇਸ਼ ਹੈ ਜਿੱਥੇ ਭਾਰਤ ਦੇ ਮੱਕਾਰ ਲੋਕ ਅੰਗਰੇਜ਼ਾਂ ਦੇ ਜੁੱਤੇ ਚੱਟਦੇ ਫਿਰਦੇ ਹਨ, ਆਪਣੀ ਮਿੱਟੀ ਨੂੰ ਨਫ਼ਰਤ ਕਰਦੇ ਹਨ, ਆਪਣੀ ਧਰਤੀ ਨੂੰ ਨਫ਼ਰਤ ਕਰਦੇ ਹਨ, ਧਰਤੀ ਦੀ ਮਰਿਆਦਾ ਦੇ ਵੈਰੀ ਬਣ ਕੇ ਉਹਦੇ ਦਾਮਨ ਨੂੰ ਦਾਗਦਾਰ ਕਰਨ ਨੂੰ ਤਿਆਰ ਰਹਿੰਦੇ ਹਨ?
ਅਜਿਹੇ ਕਈ ਸਵਾਲ ਉਸ ਦੇ ਮਨ ਵਿਚ ਘੁੰਮਦੇ ਰਹੇ। ਉਹ ਚੁੱਪ ਨੂੰ ਤੋੜਨ ਦੀ ਕੋਸ਼ਿਸ਼ ਵਿਚ ਬੁੜਬੁੜਾਉਂਦੀ ਰਹੀ ਜਿਵੇਂ ਕਿਸੇ ਸਦਮੇ ਦੇ ਤਹਿਤ ਇਜ਼ਹਾਰ ਹੋ ਰਿਹਾ ਹੋਵੇ…। ਆਜ਼ਾਦ ਹਿੰਦੋਸਤਾਨ … ਨਾ ਕੋਈ ਅਮੀਰ, ਨਾ ਗ਼ਰੀਬ। ਹਰ ਇਕ ਦੀ ਜ਼ਰੂਰਤ ਪੂਰੀ ਹੋਵੇਗੀ, ਮੁਫ਼ਤ ਦਵਾਈ-ਬੂਟੀ, ਮੁਫ਼ਤ ਸਿੱਖਿਆ ਅਤੇ ਮੁਫ਼ਤ ਵਿਚ ਇਨਸਾਫ਼….।
ਬਸ ਸਮੇਂ ਨੇ ਪਾਸਾ ਬਦਲਿਆ, ਜਿਹੜਾ ਕੁਝ ਉਸ ਦੇ ਕੋਲ ਸੀ, ਸਭ ਕੁਝ ਲੁੱਟ ਗਿਆ। ਉਹਨੂੰ ਲੱਗਿਆ ਜਿਵੇਂ ਉਹ ਇਕ ਨਹੀਂ, ਅਨੇਕਾਂ ਜ਼ੰਜੀਰਾਂ ਵਿਚ ਜਕੜੀ ਗਈ ਹੋਵੇ, ਗ਼ਰੀਬੀ ਦੀ ਜ਼ੰਜੀਰ, ਭੁੱਖ ਦੀ ਜ਼ੰਜੀਰ, ਹਵਸ ਦੀ ਜ਼ੰਜੀਰ, ਸਾਹਾਂ ਦੀ ਜ਼ੰਜੀਰ…! ਅਦਿੱਖ ਜ਼ੰਜੀਰਾਂ ਦੇ ਦਮਘੋਟੂ ਮਾਹੌਲ ਵਿਚ ਉਹ ਜਿਊੁਣ ਲਈ ਮਜਬੂਰ ਹੋ ਗਈ ਸੀ।
ਆਪਣੇ ਦੋਵੇਂ ਖਾਲੀ ਹੱਥਾਂ ਦੀਆਂ ਮੁੱਠੀਆਂ ਨੂੰ ਭੀਚ ਕੇ ਉਹਨੇ ਦੇਖਿਆ, ਦੋਵੇਂ ਹੱਥਾਂ ਵਿਚ ਸੁਹਾਗ ਦੀਆਂ ਚੂੜੀਆਂ ਦੀ ਬਜਾਏ ਲੋਹੇ ਤੋਂ ਵੀ ਮਜ਼ਬੂਤ ਅਣਦੇਖੀਆਂ ਜ਼ੰਜੀਰਾਂ ਸਨ। ਉਹਨੇ ਆਪਣੇ ਬੁੱਲ੍ਹ ਨੂੰ ਦੰਦਾਂ ਦੇ ਵਿਚਾਲੇ ਏਨੀ ਜ਼ੋਰ ਨਾਲ ਦਬਾਇਆ ਕਿ ਬੁੱਲ੍ਹਾਂ ’ਚ ਰੰਗਤ ਆ ਗਈ।
ਅਤੇ ਸਮਾਂ, ਕਾਲ ਚੱਕਰ ਦੇ ਦਾਇਰੇ ਵਿਚ ਘੁੰਮਦਾ ਰਿਹਾ… ਦੋ ਸਾਲ ਵੀ ਨਹੀਂ ਲੰਘੇ ਕਿ ਉਹ ਸਰਸਵਤੀ ਨਾ ਰਹਿ ਕੇ, ਇਕ ਬਦਨਾਮ, ਬਦਚਲਣ, ਪਾਗਲ ਆਵਾਰਾ ਔਰਤ ਦੇ ਨਾਂ ਨਾਲ ਜਾਣੀ ਜਾਣ ਲੱਗੀ। ਬੱਚਾ ਪੁਲੀਸ ਨੇ ਹਿਰਾਸਤ ਵਿਚ ਲੈ ਲਿਆ। ਪਾਗਲ ਔਰਤ ਪਾਲਣ ਪੋਸ਼ਣ ਦੇ ਕਾਬਿਲ ਨਹੀਂ ਹੁੰਦੀ, ਇਹੀ ਸਬੱਬ ਬਣ ਗਿਆ।
* * *
ਕਮਲਕਾਂਤ ਨੂੰ ਆਪਣਾ ਨਾਂ ਤਕ ਯਾਦ ਨਾ ਰਿਹਾ, ਬਸ ਕੈਦੀ ਨੰਬਰ 9 ਉਹਦੀ ਪਛਣ ਬਣ ਗਿਆ ਸੀ। ਜੇਲ ਦੀ ਕੋਠੜੀ ਨੰਬਰ 9 ਉਹਦਾ ਰੈਣ ਬਸੈਰਾ ਬਣ ਗਈ। ਉੱਥੇ ਉਹਨੂੰ ਸਕੂਨ ਮਿਲਦਾ ਅਤੇ ਉਸੇ ਗੁੰਮਨਾਮ ਮਾਹੌਲ ਵਿਚ ਉਹ ਪਿਆ ਸੋਚਦਾ ਰਹਿੰਦਾ ਸੀ ਕਿ ਸਰਸਵਤੀ ’ਤੇ ਕੀ ਬੀਤੀ ਹੋਵੇਗੀ? ਕਿਵੇਂ ਇਕੱਲੀ ਉਨ੍ਹਾਂ ਭੁੱਖੇ ਸ਼ਿਕਾਰੀਆਂ ਅਤੇ ਦਲਾਲਾਂ ਦੀ ਦੁਨੀਆਂ ਤੋਂ ਜਿੱਤੀ ਹੋਵੇਗੀ? ਹੋਵੇਗੀ ਵੀ ਜਾਂ ਨਹੀਂ? ਨਾ ਉਹਨੂੰ ਬਾਹਰ ਦੀ ਦੁਨੀਆਂ ਦੀ ਕੋਈ ਖ਼ਬਰ ਦਿੰਦਾ, ਨਾ ਉਹ ਆਪਣੇ ਵੱਲੋਂ ਕੋਈ ਖ਼ਬਰ ਘਰ ਭੇਜ ਸਕਦਾ। ਹਰ ਹਾਲ ਤੋਂ ਬੇਖ਼ਬਰ ਉਹ ਜੀਅ ਰਿਹਾ ਸੀ।
ਅਤੇ ਅੱਜ ਨੌਂ ਸਾਲ ਮਗਰੋਂ ਉਹਨੂੰ ਆਜ਼ਾਦੀ ਬਖ਼ਸ਼ੀ ਗਈ ਹੈ, ਹੱਥ ਪੈਰ ਖੋਲ੍ਹ ਦਿੱਤੇ ਹਨ, ਕੋਈ ਜ਼ੰਜੀਰ ਜਕੜਨ ਲਈ ਹੁਣ ਨਹੀਂ ਰਹੀ। ਸੋਚ ਦੀਆਂ ਅਣਦਿਸਦੀਆਂ ਜ਼ੰਜੀਰਾਂ ਉਹਨੂੰ ਯਾਦਾਂ ਦੇ ਖੰਡਰਾਂ ਵੱਲ ਧੱਕ ਕੇ ਲਿਜਾ ਰਹੀਆਂ ਸਨ … ਉਹਦੇ ਘਰ ਦੇ ਵੱਲ, ਆਪਣੇ ਪਰਿਵਾਰ ਦੇ ਵੱਲ …।
ਘਰ ਤਾਂ ਘਰਵਾਲਿਆਂ ਨਾਲ ਹੁੰਦਾ ਹੈ, ਹੁਣ ਤਾਂ ਰਾਹੁਲ ਬਾਰਾਂ ਸਾਲਾਂ ਦਾ ਹੋ ਗਿਆ ਹੋਣਾ ਅਤੇ ਸਰਸਵਤੀ…? ਸਰਸਵਤੀ ਦੀ ਯਾਦ ਆਉਂਦੇ ਹੀ ਉਹਦੇ ਸਾਹ ਮਹਿਕਣ ਲੱਗਦੇ। ਉਹ ਅੱਖਾਂ ਬੰਦ ਕਰਕੇ ਜਿਵੇਂ ਉਹਦੀ ਮਹਿਕ ਨੂੰ ਆਪਣੇ ਅੰਦਰ ਭਰ ਲੈਂਦਾ। ਭੱਜਦੇ ਹੋਏ ਬੱਚੇ ਦੇ ਨਿੱਕੇ ਪੈਰਾਂ ਦੀ ਪੈੜ ਚਾਲ ਉਹਦੇ ਜ਼ਿਹਨ ਵਿਚ ਬਚੀਆਂ ਹੋਈਆਂ ਯਾਦਾਂ ਦੇ ਪਰਛਾਵਿਆਂ ਨੂੰ ਹੋਰ ਜ਼ਿਆਦਾ ਗੂੜ੍ਹਾ ਬਣਾਉਣ ਲੱਗੀ। ਅਤੀਤ ਉਹਦੇ ਅੱਜ ਨਾਲ ਜੁੜਨ ਲੱਗਿਆ।
‘‘ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਅਜਿਹਾ ਕੁਝ ਹੋਵੇਗਾ। ਇਕ ਸੁਪਨਾ ਜਿਹਾ ਲੱਗ ਰਿਹਾ ਹੈ।’’ ਪਤਨੀ ਦੇ ਕਹੇ ਸ਼ਬਦ ਉਹਨੂੰ ਫਿਰ ਯਾਦ ਆਏ…।
‘‘ਹਾਂ, ਹਾਂ… ਉਦੋਂ ਉਹ ਸਭ ਕੁਝ ਮਿਲੇਗਾ ਜਿਹਦੀ ਤੂੰ ਕਲਪਨਾ ਵੀ ਨਹੀਂ ਕਰ ਸਕਦੀ। ਸਾਰੇ ਬੇਰੁਜ਼ਗਾਰਾਂ ਨੂੰ ਕੰਮ, ਗ਼ਰੀਬਾਂ ਨੂੰ ਉਨ੍ਹਾਂ ਦੀ ਹਾਲਤ ਮੁਤਾਬਿਕ ਸਹੂਲਤਾਂ ਅਤੇ ਲੋੜਵੰਦਾਂ ਨੂੰ ਲੋੜ ਅਨੁਸਾਰ ਮੁਫ਼ਤ ਦਵਾਈ ਬੂਟੀ, ਮੁਫ਼ਤ ਸਿੱਖਿਆ ਅਤੇ ਮੁਫ਼ਤ ਵਿਚ ਉਨ੍ਹਾਂ ਦੇ ਝਗੜੇ-ਝੇੜਿਆਂ ਨੂੰ ਵੀ ਨਬਿੇੜਿਆ ਜਾਵੇਗਾ। ਆਜ਼ਾਦ ਦੇਸ਼ ਦਾ ਹਰ ਆਜ਼ਾਦ ਵਿਅਕਤੀ ਖੁਸ਼ਹਾਲ ਹੋਵੇਗਾ।’’ ਇਹੀ ਤਾਂ ਉਹਨੇ ਵੀ ਉਹਨੂੰ ਦਿਲਾਸਾ ਦਿੰਦੇ ਹੋਏ ਕਿਹਾ ਸੀ।
ਇਸੇ ਖਿਆਲ ਵਿਚ ਗੜੁੱਚ, ਜੇਲ੍ਹ ਦੀ ਚਾਰਦੀਵਾਰੀ ਤੋਂ ਬਾਹਰ ਆਉਂਦੇ ਹੀ ਜਿਹੜਾ ਰਸਤਾ ਸਾਹਮਣੇ ਦਿਸਿਆ ਉਹ ਉਸੇ ’ਤੇ ਕਦਮ ਵਧਾਉਂਦਾ ਰਿਹਾ। ਸਭ ਕੁਝ ਬਿਗਾਨਾ ਜਿਹਾ, ਅਣਜਾਣਿਆ ਜਿਹਾ ਲੱਗਿਆ। ਨਾ ਦਿਸ਼ਾ ਦਾ ਧਿਆਨ ਰਿਹਾ, ਨਾ ਆਪਣੀ ਦਸ਼ਾ ਦਾ। ਬਸ ਤੇਜ਼ ਧੁੱਪ ਦੇ ਪਰਛਾਵੇਂ ਵਿਚ ਉਹ ਬੇਮਕਸਦ ਹੀ ਘੁੰਮਦਾ ਰਿਹਾ। ਅਚਾਨਕ ਠੋਕਰ ਖਾ ਕੇ ਡਿੱਗਣ ਲੱਗਿਆ ਸੀ ਕਿ ਇਕ ਤੁਰੇ ਜਾਂਦੇ ਰਾਹੀ ਨੇ ਉਹਨੂੰ ਫੜਿਆ ਅਤੇ ਸਹਾਰਾ ਦੇ ਕੇ ਨੇੜੇ ਹੀ ਦਰੱਖਤ ਦੀ ਛਾਂ ਥੱਲੇ ਬਿਠਾਇਆ।
‘‘ਬਈ ਲੱਗਦਾ ਹੈ ਕਿ ਲੰਬਾ ਸਫ਼ਰ ਕਰਕੇ ਆਇਆ ਏਂ, ਥੱਕਿਆ ਹੋਇਆ ਵੀ ਏਂ। ਪਾਣੀ ਪੀ ਕੇ ਥੋੜ੍ਹਾ ਆਰਾਮ ਕਰ ਲੈ, ਫੇਰ ਹੀ ਅੱਗੇ ਜਾਵੀਂ।’’ ਅਤੇ ਉਹ ਆਪਣੇ ਰਾਹ ਤੁਰ ਗਿਆ। ਦਰਖਤ ਦੀ ਛਾਂ ਥੱਲੇ ਕਦੋਂ ਕਮਲਕਾਂਤ ਦੀ ਅੱਖ ਲੱਗ ਗਈ ਪਤਾ ਨਹੀਂ, ਪਰ ਅਚਾਨਕ ਇਕ ਚੀਕਦੀ ਹੋਈ ਆਵਾਜ਼ ਨੇ ਉਹਨੂੰ ਜਗਾ ਦਿੱਤਾ।
‘‘ਲੜਾਈ ਹੋ ਰਹੀ ਹੈ, ਆਜ਼ਾਦੀ ਦੇ ਲਈ ਲੜਾਈ ਲੜੀ ਜਾ ਰਹੀ ਹੈ। ਬਾਰੂਦੀ ਬੰਬ ਵਰ੍ਹ ਰਹੇ ਹਨ, ਘਰ ਸੜ ਕੇ ਸੁਆਹ ਹੋ ਰਹੇ ਨੇ, ਫ਼ਸਲਾਂ ਤਬਾਹ ਹੋ ਰਹੀਆਂ ਹਨ। ਲੋਕਾਂ ਵਿਚ ਹਾਹਾਕਾਰ ਮੱਚੀ ਹੋਈ ਹੈ, ਲਾਸ਼ਾਂ ਵਿਛ ਰਹੀਆਂ ਹਨ, ਭੁੱਖ ਪਿਆਸ ਨਾਲ ਆਦਮੀ ਮਰ ਰਹੇ ਹਨ। ਉੱਠੋ … ਜਾਗੋ…. ਕੋਈ ਤਾਂ ਉਨ੍ਹਾਂ ਨੂੰ ਬਚਾਓ … ਉਨ੍ਹਾਂ ਨੂੰ ਜਿਊਣ ਦਾ ਹੱਕ ਦਿਵਾਓ … ਉੱਠੋ … ਜਾਗੋ…।’’
ਅਤੇ ਉਹ ਅੱਭੜਵਾਹੇ ਉੱਠ ਗਿਆ। ਕਮਲਕਾਂਤ ਦੀਆਂ ਅੱਖਾਂ ’ਚੋਂ ਨੀਂਦ ਗਾਇਬ ਹੋ ਗਈ। ਇਕ ਮੁਸਾਫ਼਼ਿਰ ਦਾ ਹੱਥ ਫੜ ਕੇ ਉਹਨੇ ਸਲੀਕੇ ਨਾਲ ਪੁੱਛਿਆ, ‘‘ਭਾਈ, ਇਹ ਔਰਤ ਕੌਣ ਏ?’’
‘‘ਬਈ ਕੀ ਦੱਸੀਏ, ਇਕ ਪਾਗਲ ਔਰਤ ਹੈ। ਕਹਿੰਦੇ ਹਨ ਇਹਦੇ ਆਦਮੀ ਨੂੰ ਕ੍ਰਾਂਤਕਾਰੀ ਸਮਝ ਕੇ ਪੁਲੀਸ ਵਾਲੇ ਬੇੜੀਆਂ ’ਚ ਜਕੜ ਕੇ ਲੈ ਗਏ। ਬਸ ਉਦੋਂ ਤੋਂ ਪਾਗਲਪਣ ਦੇ ਦੌਰਿਆਂ ਨੇ ਏਹਨੂੰ ਇਸ ਹਾਲ ਤਕ ਪਹੁੰਚਾਇਆ ਏ, ਹੁਣ ਇਹ ਨਾ ਕੁਝ ਸਮਝਦੀ ਏ, ਨਾ ਜਾਣਦੀ ਏ। ਨਾ ਕਿਸੇ ਨੂੰ ਪਛਾਣਦੀ ਏ। ਜੇਕਰ ਕੋਈ ਭੁੱਲ ਭੁਲੇਖੇ ਇਹਦੀ ਮਦਦ ਨੂੰ ਬਹੁੜਦਾ ਵੀ ਹੈ ਤਾਂ ਉਹਨੂੰ ਵੱਢਣ ਨੂੰ ਪੈਂਦੀ ਏ, ਉਹਨੂੰ ਆਪਣੇ ਲੰਬੇ ਨਹੁੰਆਂ ਨਾਲ ਲਹੂ-ਲੁਹਾਣ ਕਰ ਦਿੰਦੀ ਏ।’’
ਉਹ ਔਰਤ ਆਪਣੇ ਨਾਅਰੇ ਖ਼ਤਮ ਕਰਕੇ ਸ਼ਾਇਦ ਥਕਾਵਟ ਦੂਰ ਕਰਨ ਲਈ ਹੀ ਉਸ ਦਰਖਤ ਦੇ ਥੱਲੇ ਰੁਕ ਗਈ। ਫੇਰ ਪਤਾ ਨੀ ਕਮਲਕਾਂਤ ਨੂੰ ਕੀ ਸੁੱਝਿਆ, ਉਹ ਖੜ੍ਹਾ ਹੋ ਕੇ ਉਹਦੇ ਕੋਲ ਗਿਆ ਅਤੇ ਪਿਆਰ ਨਾਲ ਕਿਹਾ, ‘‘ਹੁਣ ਜੰਗ ਖ਼ਤਮ ਹੋ ਗਈ ਹੈ।’’ ਕਹਿੰਦਿਆਂ ਹੀ ਉਹਦੀਆਂ ਅੱਖਾਂ ’ਚੋਂ ਹੰਝੂਆਂ ਦੀ ਧਾਰ ਵਗਣ ਲੱਗੀ ਅਤੇ ਅੱਖਾਂ ਦੇ ਕੋਨੇ ਸੁੰਗੜਨ ਲੱਗੇ।
ਔਰਤ ਨੇ ਸਿਰ ਉੱਪਰ ਚੁੱਕਿਆ ਅਤੇ ਇਕ ਲੰਬਾ ਚਿੰਤਾ ਮੁਕਤ ਸਾਹ ਲਿਆ। ਸ਼ਾਇਦ ਰਾਹਤ ਮਹਿਸੂਸ ਕੀਤੀ – ਜਿਵੇਂ ਸੱਚਮੁੱਚ ਹੀ ਜੰਗ ਖ਼ਤਮ ਹੋ ਗਈ ਹੋਵੇ…।
‘‘ਹੁਣ ਜ਼ੰਜੀਰਾਂ ਤੋਂ ਮੁਕਤੀ ਮਿਲੇਗੀ, ਗ਼ਰੀਬੀ ਦੀ ਜ਼ੰਜੀਰ, ਭੁੱਖ ਦੀ ਜ਼ੰਜੀਰ, ਹਵਸ ਦੀ ਜ਼ੰਜੀਰ, ਸਾਹਾਂ ਦੀ ਜ਼ੰਜੀਰ, ਮਤਲਬ ਹਰੇਕ ਦਮਘੋਟੂ ਜ਼ੰਜੀਰ ਤੋਂ ਰਿਹਾਈ…’’ ਉਹ ਬੁੜਬੁੜਾਈ।
ਉਹਨੇ ਕਮਲਕਾਂਤ ਵੱਲ ਦੇਖਦੇ ਹੋਏ ਕਿਹਾ, ‘‘ਕੀ ਆਜ਼ਾਦ ਦੇਸ਼ ਵਿਚ ਵੀ ਇਹ ਜ਼ੰਜੀਰਾਂ ਬਾਕੀ ਰਹਿਣਗੀਆਂ?’’ ਜਿਵੇਂ ਉਹਨੂੰ ਕੁਝ ਯਾਦ ਆ ਗਿਆ। ਉਹਦੇ ਦੋਵਾਂ ਹੱਥਾਂ ਦੀਆਂ ਚੂੜੀਆਂ ਤੋੜ ਦਿੱਤੀਆਂ ਗਈਆਂ ਸਨ, ਉਹਦਾ ਸਿੰਧੂਰ ਪੂੰਝ ਦਿੱਤਾ ਗਿਆ ਸੀ … ਉਹਨੂੰ ਵਿਧਵਾ ਕਰਾਰ ਦਿੱਤਾ ਗਿਆ… ਅਤੇ ਇਸ ਮਗਰੋਂ ਇਹੀ ਜ਼ੰਜੀਰਾਂ ਉਹਦਾ ਸੰਘ ਘੁੱਟਦੀਆਂ ਰਹੀਆਂ… ਗ਼ਰੀਬੀ, ਭੁੱਖ, ਸਾਹਾਂ ਦੀਆਂ ਜ਼ੰਜੀਰਾਂ…! ਅਤੇ ਉਹ ਬਦਨਾਮ, ਬਦਚਲਣ, ਆਵਾਰਾ ਔਰਤ ਬਣ ਗਈ। ਉਹਨੇ ਆਪਣੇ ਦੋਵੇਂ ਸੁੰਨੇ ਹੱਥਾਂ ਨੂੰ ਮੁੱਠੀਆਂ ਬੰਦ ਕਰਕੇ ਕਮਲਕਾਂਤ ਦੇ ਮੂਹਰੇ ਫੈਲਾਇਆ…।
ਕਮਲਕਾਂਤ ਨੇ ਪਤਾ ਨਹੀਂ ਕੀ ਸੋਚ ਕੇ, ਉਸ ਔਰਤ ਦੇ ਸਿਰ ’ਤੇ ਆਪਣੇ ਦੋਵੇਂ ਹੱਥ ਰੱਖ ਦਿੱਤੇ, ਆਪਣੇ ਹੰਝੂਆਂ ਦੀ ਧਾਰ ਨਾਲ ਉਹਦੀ ਮਾਂਗ ਦੇ ਹਰ ਇਕ ਦਾਗ ਨੂੰ ਧੋ ਦਿੱਤਾ। ਹੌਲੀ ਜਿਹੇ ਸਹਾਰਾ ਦੇ ਕੇ ਉਹਨੂੰ ਉਠਾਇਆ, ਬਾਹਾਂ ਦਾ ਸਹਾਰਾ ਦਿੰਦਿਆਂ ਉਹਨੂੰ ਆਪਣੇ ਨਾਲ ਖੜ੍ਹਾ ਕੀਤਾ- ਫੇਰ ਉਹਦੀਆਂ ਅੱਖਾਂ ਵਿਚ ਐਵੇਂ ਦੇਖਿਆ ਜਿਵੇਂ ਉਹਦੀਆਂ ਅੱਖਾਂ ਜ਼ਰੀਏ ਗਲੇ ਮਿਲ ਰਿਹਾ ਹੋਵੇ। ਦੇਸ਼ ਦੀ ਆਜ਼ਾਦੀ ਦੀ ਖ਼ੁਸ਼ੀ ਵਿਚ ਇਕ ਗਲਵੱਕੜੀ।
ਫੇਰ ਪਤਾ ਨਹੀਂ ਕੀ ਹੋਇਆ, ਜਿਵੇਂ ਮੌਸਮ ਬਦਲਿਆ। ਪਾਗਲ ਔਰਤ ਆਪਣੇ ਹੀ ਆਲੇ-ਦੁਆਲੇ ਘੁੰਮਦੀ ਹੋਈ ਖ਼ੁਸ਼ੀ ਵਿਚ ਤਾੜੀਆਂ ਮਾਰਨ ਲੱਗੀ ਜਿਵੇਂ ਹਵਾਵਾਂ ਝੂਮ ਉੱਠੀਆਂ ਹੋਣ। ਫੁੱਲ ਖਿੜਖਿੜਾਉਣ ਲੱਗੇ ਹੋਣ, ਤਿਤਲੀਆਂ ਉਡਾਣ ਭਰਨ ਲੱਗੀਆਂ ਹੋਣ। ਅਤੇ ਉਹ ਫਿਜ਼ਾਵਾਂ ਦੇ ਨਾਲ ਸੁਰਤਾਲ ਮਿਲਾਉਂਦੇ ਹੋਏ ਬੋਲ ਪਈ- ‘‘ਹੁਣ ਜੰਗ ਖ਼ਤਮ ਹੋ ਗਈ ਹੈ, ਦੇਸ਼ ਆਜ਼ਾਦ ਹੋ ਗਿਆ ਹੈ। ਹੁਣ ਕੋਈ ਜ਼ੰਜੀਰ ਬਾਕੀ ਨਹੀਂ। ਆਜ਼ਾਦ ਦੇਸ਼ ਵਿਚ ਸਾਰੇ ਬੇਰੁਜ਼ਗਾਰਾਂ ਨੂੰ ਕੰਮ, ਗ਼ਰੀਬਾਂ ਨੂੰ ਸਹੂਲਤਾਂ, ਮੁਫ਼ਤ ਦਵਾਈ ਬੂਟੀ, ਮੁਫ਼ਤ ਸਿੱਖਿਆ ਅਤੇ ਮੁਫ਼ਤ ਇਨਸਾਫ਼ ਮਿਲੇਗਾ। ਆਜ਼ਾਦ ਦੇਸ਼ ਦਾ ਹਰ ਆਜ਼ਾਦ ਆਦਮੀ ਖੁਸ਼ਹਾਲ ਹੋਵੇਗਾ।’’
ਮੁਕਤ ਹਵਾਵਾਂ ਵਿਚ ਦੋ ਸਾਥੀ, ਆਜ਼ਾਦੀ ਦੀ ਸਲੀਬ ਨੂੰ ਢੋਅ ਕੇ, ਕਦਮ ਦਰ ਕਦਮ ਅਣਜਾਣੇ ਰਾਹਾਂ ਦੇ ਵੱਲ ਨਿਰੰਤਰ ਵਧਦੇ ਰਹੇ … ਅੱਗੇ … ਹੋਰ ਅੱਗੇ …।
ਅਨੁਵਾਦ: ਜਗਦੀਸ਼ ਰਾਏ ਕੁਲਰੀਆਂ
ਸੰਪਰਕ: 95018-77033