ਇੰਜ. ਈਸ਼ਰ ਸਿੰਘ
ਵਿਸ਼ਵਵਿਆਪੀ ਵਾਤਾਵਰਨ ਵਿਚ ਹੋ ਰਹੇ ਹਾਨੀਕਾਰਕ ਪਰਿਵਰਤਨ ਨੂੰ ਠੱਲ੍ਹ ਪਾਉਣ ਵਾਸਤੇ, 195 ਮੈਂਬਰ-ਦੇਸ਼ਾਂ ਵਲੋਂ ਸਰਬਸੰਮਤੀ ਨਾਲ਼ ਪਰਵਾਨਤ ‘ਪੈਰਿਸ ਵਾਤਾਵਰਨ ਸਮਝੌਤਾ’ ਸੰਯੁਕਤ ਰਾਸ਼ਟਰ ਦਾ ਇਤਿਹਾਸਕ ਸਮਝੌਤਾ ਹੈ ਜਿਹੜਾ 2016 ਤੋਂ ਲਾਗੂ ਹੋਇਆ ਹੈ। ਇਸ ਦੇ ਨਾਂ ਤੋਂ ਲਗਦਾ ਹੈ ਕਿ ਸ਼ਾਇਦ ਇਸ ਨਾਲ਼ ਸਾਡਾ ਕੋਈ ਸਬੰਧ ਨਹੀਂ ਪਰ ਇਹ ਭੁਲੇਖਾ ਹੈ। ਇਸ ਦਾ ਸਬੰਧ ਸਾਡੇ ਸਭ ਦੇ ਵਰਤਮਾਨ ਅਤੇ ਭਵਿੱਖ ਨਾਲ਼ ਹੈ; ਨਾ ਸਿਰਫ ਸਾਡੇ ਨਾਲ਼ ਬਲਕਿ ਸਾਡੀਆਂ ਆਉਣ ਵਾਲ਼ੀਆਂ ਪੀੜ੍ਹੀਆਂ ਨਾਲ਼ ਵੀ। ਇਹ ਸਮਝੌਤਾ ਉਸ ਖਿਲਵਾੜ ਦੇ ਗਲਤ ਨਤੀਜਿਆਂ ਨੂੰ ਦਰੁਸਤ ਕਰਨ ਦਾ ਸਰਬ-ਪੱਖੀ ਉਪਰਾਲਾ ਹੈ ਜਿਹੜਾ ਆਪਾਂ ਸਮੂਹਕ ਤੌਰ ਤੇ ਧਰਤੀ ਦੇ ਵਾਤਾਵਰਨ, ਬਨਸਪਤੀ, ਪੌਣ-ਪਾਣੀ, ਵਾਯੂ-ਮੰਡਲ ਅਤੇ ਇਸ ਦੇ ਕੁਦਰਤੀ ਵਸੀਲਿਆਂ ਨਾਲ਼ ਕਰ ਰਹੇ ਹਾਂ।
ਆਪਾਂ ਇਸ ਦੀ ਮਹੱਤਤਾ ਅੱਜ ਦੇ ਪੰਜਾਬ ਦੇ ਇਨ੍ਹਾਂ ਵਸੀਲਿਆਂ ਦੀ ਤੁਲਨਾ, ਅੱਜ ਤੋਂ ਛੇ-ਸੱਤ ਦਹਾਕਿਆਂ ਤੋਂ ਪਹਿਲਾਂ ਦੇ ਪੰਜਾਬ ਦੇ ਵਸੀਲਿਆਂ ਨਾਲ਼ ਕਰ ਕੇ, ਸਮਝ ਸਕਦੇ ਹਾਂ। ਜੋ ਕੁਝ ਪੰਜਾਬ ਵਿਚ ਹੋਇਆ ਅਤੇ ਹੋ ਰਿਹਾ ਹੈ, ਉਹੀ ਪੂਰੇ ਸੰਸਾਰ ਵਿਚ ਹੋਇਆ ਅਤੇ ਹੋ ਰਿਹਾ ਹੈ। ਵੱਡੇ ਪੱਧਰ ਉੱਤੇ ਇਸ ਦੀ ਮਹੱਤਤਾ ਇਸ ਤੱਥ ਤੋਂ ਸਮਝੀ ਜਾ ਸਕਦੀ ਹੈ ਕਿ ਇਸ ਸਾਲ 20 ਜਨਵਰੀ ਨੂੰ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਜੋਅ ਬਾਇਡਨ ਨੇ ਆਪਣੇ ਪੂਰਵ-ਵਰਤੀ ਰਾਸ਼ਟਰਪਤੀ ਦੇ ਅਮਰੀਕਾ ਨੂੰ ਯੂਐੱਨ ਦੇ ਇਸ ਸਮਝੌਤੇ ਵਿਚੋਂ ਬਾਹਰ ਕਰਨ ਦੇ ਹੁਕਮ ਨੂੰ ਰੱਦ ਕਰ ਕੇ, ਆਪਣੇ ਦੇਸ਼ ਨੂੰ ਮੁੜ ਇਸ ਵਿਚ ਦਾਖਲ ਕਰਨ ਦੇ ਕਾਰਜਕਾਰੀ ਹੁਕਮ ਕੀਤੇ ਸਨ। ਇਹ ਸਾਰੇ ਸੰਸਾਰ ਵਾਸਤੇ ਬਹੁਤ ਸੁਖਦਾਇਕ ਸਮਾਚਾਰ ਸੀ ਕਿਉਂਕਿ ਅਮਰੀਕਾ ਇਸ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਸੀ ਅਤੇ ਦੁਬਾਰਾ ਫਿਰ ਇਸ ਨੇ ਅਗਵਾਈ ਕਰਨ ਦਾ ਭਰੋਸਾ ਦਿਵਾਇਆ ਹੈ। ਬਾਇਡਨ ਨੇ ਆਪਣੇ ਹੁਕਮ ਉੱਤੇ ਅਗਲੀ ਕਾਰਵਾਈ ਕਰਦਿਆਂ 22-23 ਅਪਰੈਲ ਨੂੰ 40 ਦੇਸ਼ਾਂ ਦੇ ਮੁਖੀਆਂ ਦੀ ਉੱਚ-ਪਧਰੀ ਮੀਟਿੰਗ ਕੀਤੀ ਜਿਸ ਵਿਚ ਰੂਸ, ਚੀਨ, ਭਾਰਤ, ਬ੍ਰਾਜ਼ੀਲ, ਯੂਕੇ ਅਤੇ ਕੈਨੇਡਾ ਵਰਗੇ ਸਭ ਵੱਡੇ ਦੇਸ਼ਾਂ ਨੇ ਭਾਗ ਲਿਆ। ਇਹ ਸੰਸਾਰ ਦੇ ਲੀਡਰਾਂ ਦੀ ਸਭ ਤੋਂ ਵੱਡੀ ਵਰਚੂਅਲ ਮੀਟਿੰਗ ਸੀ ਅਤੇ ਇਸ ਵਿਚ ਇਸ ਸਮਝੌਤੇ ਉੱਤੇ ਹੁਣ ਤੱਕ ਕੀਤੀਆਂ ਕਾਰਵਾਈਆਂ ਦੀ ਸਮੀਖਿਆ ਕੀਤੀ ਗਈ, 2050 ਤੱਕ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਵਾਸਤੇ ਅਹਿਮ ਫੈਸਲੇ ਕੀਤੇ ਗਏ। ਵਾਤਾਵਰਨ ਵਿਚ ਪੈ ਰਹੇ ਵਿਗਾੜ ਨੂੰ ਠੀਕ ਕਰਨ ਦੇ ਕੰਮ ਦੀ ਗੰਭੀਰਤਾ ਦਾ ਸਭ ਤੋਂ ਵੱਡਾ ਸਬੂਤ ਸੰਯੁਕਤ ਰਾਸ਼ਟਰ ਵਲੋਂ ਇਸ ਨੂੰ ਵਿਚਾਰ-ਅਧੀਨ ਸਮਝੌਤੇ ਰਾਹੀਂ ਆਪਣੀ ਨਿਗਰਾਨੀ ਹੇਠ ਲੈਣਾ ਹੈ।
ਇਹ ਉਹੀ ਸਮਝੌਤਾ ਹੈ ਜਿਸ ਦੀ ਪਾਲਣਾ ਵਿਚ ਕੁਤਾਹੀ ਕਰਨ ਵਾਸਤੇ ਯੂਐੱਨ ਦੀ 2019 ਦੀ ਨਿਊ ਯਾਰਕ ਵਿਚ ਹੋਈ ਮੀਟਿੰਗ ਵਿਚ ਸਵੀਡਨ ਦੀ 16 ਸਾਲਾ ਬੱਚੀ ਗਰੈਟਾ ਥਨਬਰਗ ਨੇ ਵੱਡੇ ਲੀਡਰਾਂ ਨੂੰ ਉਨ੍ਹਾਂ ਦੇ ਮੂੰਹ ਤੇ ਇਹ ਸਖ਼ਤ ਸ਼ਬਦ ਕਹੇ ਸਨ: “ਤੁਸੀਂ ਆਪਣੇ ਝੂਠੇ ਵਾਅਦਿਆਂ ਨਾਲ਼ ਮੇਰੇ ਸੁਫਨਿਆਂ ਅਤੇ ਮੇਰੇ ਬਚਪਨ ਨਾਲ਼ ਖਿਲਵਾੜ ਕੀਤਾ ਹੈ। ਲੋਕ ਤੜਫ ਰਹੇ ਹਨ, ਮਰ ਰਹੇ ਹਨ। ਅਸੀਂ ਇੱਕ ਪਰਲੋਂ ਦੇ ਮੁਹਾਣੇ ਤੇ ਖੜ੍ਹੇ ਹਾਂ ਪਰ ਤੁਸੀਂ ਸਿਰਫ ਧਨ-ਦੌਲਤ ਅਤੇ ਫੋਕੀ ਆਰਥਿਕ ਤਰੱਕੀ ਦੀਆਂ ਗੱਲਾਂ ਕਰਦੇ ਹੋ। ਤੁਹਾਡੀ ਇਹ ਸਭ ਕਰਨ ਦੀ ਹਿੰਮਤ ਕਿਵੇਂ ਪਈ।”
ਆਪਣੀ ਇਸ ਦਲੇਰੀ ਸਦਕਾ ਸੰਸਾਰ ਪ੍ਰਸਿੱਧ ਇਹ ਬੱਚੀ ਤਿੰਨ ਸਾਲਾਂ ਵਿਚ ਤਿੰਨ ਵਾਰ ਨੋਬੇਲ ਇਨਾਮ ਵਾਸਤੇ ਨਾਮਜ਼ਦ ਹੋ ਚੁੱਕੀ ਹੈ।
ਇਹ ਸਮਝੌਤਾ ਹੈ ਕੀ? ਇਹ ਵਾਤਾਵਰਨ ਪਰਿਵਰਤਨ ਬਾਰੇ ਕਾਨੂੰਨੀ ਤੌਰ ਤੇ ਲਾਜ਼ਮੀ ਮੰਨਣਯੋਗ ਵਿਸ਼ਵ-ਵਿਆਪੀ ਸੰਧੀ ਹੈ। ਇਸ ਦਾ ਟੀਚਾ ਇਸ ਸਦੀ ਦੇ ਅਖੀਰ ਤੱਕ ਧਰਤੀ ਦੇ ਤਾਪਮਾਨ ਵਿਚ ਹੋ ਰਹੇ ਵਾਧੇ ਨੂੰ ਪੂਰਬ-ਉਦਯੋਗਿਕ ਪੱਧਰ ਦੇ ਤਾਪਮਾਨ ਤੋਂ 1.5 ਡਿਗਰੀ ਸੈਂਟੀਗ੍ਰੇਡ ਤੱਕ ਸੀਮਤ ਰੱਖਣਾ ਹੈ ਅਤੇ ਕਿਸੇ ਵੀ ਹਾਲਤ ਵਿਚ 2 ਡਿਗਰੀ ਤੋਂ ਨਾ ਵਧਣ ਦੇਣਾ ਹੈ। ਇਸ ਪਰਿਭਾਸ਼ਾ ਦੇ ਭਾਵ ਇੰਨੇ ਵਿਸਤ੍ਰਿਤ ਹਨ ਕਿ ਇਸ ਟੀਚੇ ਦੀ ਪ੍ਰਾਪਤੀ ਵਾਸਤੇ ਹਰ ਇਨਸਾਨ ਨੂੰ ਆਪਣੇ ਜੀਵਨ ਨੂੰ ਸੰਜਮ ਵਿਚ ਲਿਆਉਣਾ ਪਵੇਗਾ। ਸੰਸਾਰ ਦੇ ਹਰ ਸੰਗਠਨ ਅਤੇ ਹਰ ਦੇਸ਼ ਨੂੰ ਪੂਰੀ ਸੁਹਿਰਦਤਾ ਅਤੇ ਇੱਕਸੁਰਤਾ ਨਾਲ਼ ਸੰਯੁਕਤ ਰਾਸ਼ਟਰ ਵਲੋਂ ਬਣਾਈਆਂ ਸਕੀਮਾਂ ਦੀ ਪਾਲਣਾ ਕਰਨੀ ਪਵੇਗੀ। ਇਥੋਂ ਤੱਕ ਕਿ ਸੰਸਾਰ ਪੱਧਰ ਉੱਤੇ ਮਨੁੱਖੀ ਬਰਾਬਰੀ ਅਤੇ ਸਮੁੱਚੇ ਵਾਤਾਵਰਨ ਦੀ ਸਵੈ-ਨਿਰਭਰਤਾ ਨੂੰ ਵੀ ਇਸ ਪ੍ਰੋਗਰਾਮ ਨਾਲ਼ ਜੋੜਨਾ ਪਵੇਗਾ। ਆਸ਼ਾਜਨਕ ਗੱਲ ਇਹ ਹੈ ਕਿ ਸੰਯੁਕਤ ਰਾਸ਼ਟਰ ਨੇ ਪਹਿਲਾਂ ਹੀ ‘ਸਵੈ-ਨਿਰਭਰ ਵਿਕਾਸ ਟੀਚੇ’ ਨਾਂ ਦਾ 17-ਨੁਕਾਤੀ ਅਤੇ ਇੰਨਾ ਹੀ ਮਹੱਤਵਪੂਰਨ ਇੱਕ ਹੋਰ ਪ੍ਰਾਜੈਕਟ 2015 ਤੋਂ ਸ਼ੁਰੂ ਕੀਤਾ ਹੋਇਆ ਹੈ। ਇਸ ਦੇ ਟੀਚਿਆਂ ਦੀ ਪ੍ਰਾਪਤੀ ਵੀ ਧਰਤੀ ਦੇ ਤਾਪਮਾਨ ਨੂੰ ਵਧਣ ਤਂਵ ਰੋਕਣ ਵਿਚ ਬਹੁਤ ਮਦਦ ਗਾਰ ਹੋਵੇਗੀ।
ਇਹ ਸਭ ਗੁੰਝਲਦਾਰ ਮਸਲੇ ਹਨ ਪਰ ਆਪਣੇ ਵਾਸਤੇ ਇੰਨਾ ਸਮਝ ਲੈਣਾ ਹੀ ਕਾਫੀ ਹੈ ਕਿ ਅਜੋਕੀਆਂ ਮਨੁੱਖੀ ਕਾਰਵਾਈਆਂ ਕਰ ਕੇ ਸਾਡੀ ਧਰਤੀ ਦਾ ਤਾਪਮਾਨ ਤੇਜ਼ੀ ਨਾਲ਼ ਵਧ ਰਿਹਾ ਹੈ। ਇਸ ਪ੍ਰਕਿਰਿਆ ਦੀ ਸਰਲ ਵਿਆਖਿਆ ਇਹ ਹੈ ਕਿ ਸਾਡੀ ਧਰਤੀ ਦੇ ਆਲ਼ੇ-ਦੁਆਲ਼ੇ ਦੇ ਵਾਯੂਮੰਡਲ ਵਿਚ ਨਾਈਟਰੋਜਨ ਅਤੇ ਆਕਸੀਜਨ, ਦੋ ਗੈਸਾਂ ਸਭ ਤੋਂ ਵੱਧ ਹਨ ਪਰ ਇਨ੍ਹਾਂ ਤੋਂ ਇਲਾਵਾ ਬਹੁਤ ਥੋੜ੍ਹੀ ਮਾਤਰਾ ਵਿਚ ਹੋਰ ਵੀ ਹਨ ਜਿਨ੍ਹਾਂ ਵਿਚੋਂ ਇੱਕ ਕਾਰਬਨ ਡਾਈਆਕਸਾਈਡ ਹੈ। ਇਹ ਸੂਰਜ ਦੀ ਗਰਮੀ ਨਾਲ਼ ਮਿਲ ਕੇ ਸਾਰੀ ਬਨਸਪਤੀ ਦੀ ਉਤਪਤੀ ਅਤੇ ਇਸ ਨੂੰ ਜੀਵਤ ਰੱਖਣ ਵਿਚ ਓਨੀ ਹੀ ਮਹੱਤਵਪੂਰਨ ਹੈ ਜਿੰਨੀ ਇਨਸਾਨਾਂ ਅਤੇ ਹੋਰ ਪ੍ਰਾਣੀਆਂ ਵਾਸਤੇ ਆਕਸੀਜਨ ਹੈ। ਕੁਦਰਤ ਨੇ ਆਪਣੀ ਬਣਤ ਅਨੁਸਾਰ ਇਸ ਦੀ ਮਾਤਰਾ ਦੀ ਹੱਦ ਨਿਯਤ ਕੀਤੀ ਹੋਈ ਹੈ; ਜੇ ਇਸ ਦੀ ਮਾਤਰਾ ਵਧਦੀ ਹੈ ਤਾਂ ਸਾਡੀ ਧਰਤੀ ਦਾ ਤਾਪਮਾਨ ਵੀ ਵਧ ਜਾਂਦਾ ਹੈ। ਭਾਵੇਂ ਜਿ਼ਆਦਾ ਨੁਕਸਾਨ ਇਹ ਗੈਸ ਹੀ ਕਰਦੀ ਹੈ ਪਰ ਹੋਰ ਕਈ ਗੈਸਾਂ ਵੀ ਇਸ ਨੁਕਸਾਨ ਵਿਚ ਵਾਧਾ ਕਰਦੀਆਂ ਹਨ ਜਿਵੇਂ ਮੀਥੇਨ, ਨਾਈਟਰਸ ਆਕਸਾਈਡ ਅਤੇ ਪਾਣੀ ਦੇ ਬੁਖਾਰਾਤ ਆਦਿ। ਇਨ੍ਹਾਂ ਸਾਰੀਆਂ ਗੈਸਾਂ ਨੂੰ ‘ਗ੍ਰੀਨਹਾਊਸ ਗੈਸਾਂ’ ਕਿਹਾ ਜਾਂਦਾ ਹੈ ਕਿਉ ਕਿ ਇਹ ਧਰਤੀ ਦੀ ਫਾਲਤੂ ਗਰਮੀ ਨੂੰ ਪੁਲਾੜ ਵਿਚ ਜਾਣ ਤੋਂ ਉਸੇ ਤਰ੍ਹਾਂ ਰੋਕਦੀਆਂ ਹਨ ਜਿਵੇਂ ਖੇਤ ਵਿਚ ਬਣਿਆ ਹੋਇਆ ਗ੍ਰੀਨਹਾਊਸ ਆਪਣੇ ਅੰਦਰ ਦਾਖਲ ਹੋਈ ਗਰਮੀ ਨੂੰ ਬਾਹਰ ਜਾਣ ਤੋਂ ਰੋਕਦਾ ਹੈ।
ਉਦਯੋਗਿਕ ਕ੍ਰਾਂਤੀ ਤੋਂ ਪਹਿਲਾਂ ਵਾਯੂਮੰਡਲ ਵਿਚ ਸੰਤੁਲਨ ਬਣਿਆ ਹੋਇਆ ਸੀ, ਅਰਥਾਤ ਜਿੰਨੀਆਂ ਕੁ ਗ੍ਰੀਨਹਾਊਸ ਗੈਸਾਂ ਬਣਦੀਆਂ ਸਨ, ਓਨੀਆਂ ਨੂੰ ਜਜ਼ਬ ਕਰਨ ਦੀ ਧਰਤੀ ਦੀ ਸਮਰੱਥਾ ਸੀ, ਕਿਉਂਕਿ ਜੰਗਲ ਬਹੁਤ ਸਨ, ਆਬਾਦੀ ਘੱਟ ਸੀ ਅਤੇ ਅਜੋਕੀ ਕਿਸਮ ਦੀਆਂ ਮਨੁੱਖੀ ਵਿਕਾਸ (ਤਥਾ ਕਥਿਤ) ਦੀਆਂ ਕਾਰਵਾਈਆਂ ਅਜੇ ਸ਼ੁਰੂ ਨਹੀ ਸਨ ਹੋਈਆਂ ਪਰ ਉੱਨ੍ਹੀਵੀਂ ਸਦੀ ਦੇ ਸ਼ੁਰੂ ਵਿਚ ਪੱਥਰ ਦੇ ਕੋਲੇ ਦੀ ਵਰਤੋਂ ਵਿਚ ਬੇ-ਥਾਹ ਵਾਧਾ ਹੋਇਆ ਅਤੇ ਫਿਰ ਵੀਹਵੀਂ ਸਦੀ ਦੇ ਸ਼ੁਰੂ ਵਿਚ ਪੈਟਰੋਲ, ਡੀਜ਼ਲ ਅਤੇ ਕੁਦਰਤੀ ਗੈਸ ਦੀ ਖਪਤ ਵਿਚ ਇਸ ਤੋਂ ਵੀ ਜ਼ਿਆਦਾ ਅਤੇ ਵੱਧ ਤੇਜ਼ੀ ਨਾਲ਼ ਵਾਧਾ ਹੋਇਆ। ਕੋਲੇ ਸਣੇ ਇਨ੍ਹਾਂ ਸਭ ਨੂੰ ਫੌਸਿਲ ਫਿਊਲਜ਼ ਕਿਹਾ ਜਾਂਦਾ ਹੈ ਅਤੇ ਇਨ੍ਹਾਂ ਵਿਚ ਕਾਰਬਨ ਦੀ ਮਾਤਰਾ ਬਹੁਤ ਹੁੰਦੀ ਹੈ। ਇਸੇ ਕਰ ਕੇ ਜਦ ਇਨ੍ਹਾਂ ਨੂੰ ਵਰਤਿਆ ਜਾਂਦਾ ਹੈ ਤਾਂ ਇਹ ਬਹੁਤ ਜਿ਼ਆਦਾ ਕਾਰਬਨ ਡਾਈਆਕਸਾਈਡ ਪੈਦਾ ਕਰਦੀਆਂ ਹਨ। ਇਸ ਦੇ ਨਾਲ਼ ਨਾਲ਼ ਆਬਾਦੀ ਵਿਚ ਵੀ ਤੇਜ਼ੀ ਨਾਲ਼ ਵਾਧਾ ਹੋਇਆ, ਹਰਿਆਵਲ ਘਟੀ ਅਤੇ ਫੌਸਿਲ ਫਿਊਲਜ਼ ਵਰਤਣ ਵਾਲੀਆਂ ਹੋਰ ਕਾਰਵਾਈਆਂ ਵੀ ਵਿਕਸਿਤ ਹੋਈਆਂ। ਅੱਜ ਸੰਸਾਰ ਦੀਆਂ ਊਰਜਾ ਦੀਆਂ 80% ਜ਼ਰੂਰਤਾਂ ਇਨ੍ਹਾਂ ਫਿਊਲਜ਼ ਰਾਹੀਂ ਹੀ ਪੂਰੀਆਂ ਹੋ ਰਹੀਆਂ ਹਨ। ਇਨ੍ਹਾਂ ਕਾਰਵਾਈਆਂ ਕਰ ਕੇ ਉਦਯੋਗਿਕ ਕ੍ਰਾਂਤੀ ਤੋਂ ਬਾਅਦ ਕਾਰਬਨ ਡਾਈਆਕਸਾਈਡ ਸਣੇ ਸਾਰੀਆਂ ਗ੍ਰੀਨਹਾਊਸ ਗੈਸਾਂ ਦੀ ਉਪਜ ਵਿਚ ਇਕੱਲਾ ਵਾਧਾ ਹੀ ਨਹੀਂ ਹੋਇਆ ਬਲਕਿ ਇਸ ਵਾਧੇ ਵਿਚ ਤੇਜ਼ੀ ਵੀ ਆਈ ਹੈ।
ਬਿਲ ਗੇਟਸ ਨੇ ਆਪਣੀ ਤਾਜ਼ਾ ਛਪੀ ਕਿਤਾਬ ‘ਹਾਓ ਟੂ ਅਵੌਇਡ ਏ ਕਲਾਈਮੇਟ ਡਿਜਾਸਟਰ’ ਵਿਚ ਸਾਡੀਆਂ ਵਿਕਾਸ ਕਾਰਵਾਈਆਂ ਨੂੰ ਪੰਜ ਹਿੱਸਿਆਂ ਵਿਚ ਵੰਡਿਆ ਅਤੇ ਹਰ ਕਾਰਵਾਈ ਕਰ ਕੇ ਪੈਦਾ ਹੋਈਆਂ ਗ੍ਰੀਨਗੈਸਾਂ ਦਾ ਹਿੱਸਾ ਇਸ ਤਰ੍ਹਾਂ ਦੱਸਿਆ ਹੈ:
-ਬਿਜਲੀ ਦੀ ਪੈਦਾਵਾਰ 27%
-ਨਵੀਆਂ ਚੀਜ਼ਾਂ ਜਿਵੇਂ ਸੀਮਿੰਟ, ਸਟੀਲ ਆਦਿ ਦੀ ਪੈਦਾਵਾਰ 31%
-ਖੇਤੀਬਾੜੀ ਦੀਆਂ ਵਸਤਾਂ ਦੀ ਪੈਦਾਵਾਰ 19%
-ਆਵਾਜਾਈ ਅਤੇ ਢੋਅ-ਢੁਆਈ ਦੇ ਸਾਧਨ 16%
-ਠੰਢਾ ਅਤੇ ਗਰਮ ਕਰਨ ਦੇ ਸਾਧਨ 7%
ਇਹ ਸਭ ਸਾਡੀ ਅੱਜ ਦੀ ਮਾਡਰਨ ਜੀਵਨ-ਸ਼ੈਲੀ ਦੀਆਂ ਜ਼ਰੂਰੀ ਕਾਰਵਾਈਆਂ ਹਨ ਅਤੇ ਵਿਕਾਸਸ਼ੀਲ ਦੇਸ਼ਾਂ ਵਲੋਂ ਹੋਰ ਵਿਕਾਸ ਕਰਨ ਕਰ ਕੇ ਆਉਣ ਵਾਲ਼ੇ ਸਮੇਂ ਵਿਚ ਇਨ੍ਹਾਂ ਵਿਚ ਹੋਰ ਵੀ ਵਾਧਾ ਹੋਵੇਗਾ ਜਿਸ ਕਰ ਕੇ ਗ੍ਰੀਨਹਾਊਸ ਗੈਸਾਂ ਵਿਚ ਵੀ ਵਾਧਾ ਹੋਵੇਗਾ। ਜੇ ਇਨ੍ਹਾਂ ਗੈਸਾਂ ਨੂੰ ਘਟਾਉਣ ਦੀਆਂ ਕੋਸ਼ਿਸ਼ਾਂ ਨਾ ਕੀਤੀਆਂ ਤਾਂ ਧਰਤੀ ਦੇ ਤਾਪਮਾਨ ਦਾ ਵਾਧਾ 4 ਡਿਗਰੀ ਤੱਕ ਹੋ ਜਾਵੇਗਾ ਜਿਸ ਦੇ ਬਹੁਤ ਭਿਆਨਕ ਨਤੀਜੇ ਹੋਣਗੇ। ਅਜੇ ਤੱਕ ਇਹ ਵਾਧਾ ਸਿਰਫ ਇੱਕ ਡਿਗਰੀ ਹੋਇਆ ਹੈ ਪਰ ਇਸ ਨਾਲ਼ ਹੀ ਬਹੁਤ ਨੁਕਸਾਨ ਹੋ ਰਿਹਾ ਹੈ ਜਿਸ ਦੇ ਨਮੂਨੇ ਅੱਜ ਸਾਨੂੰ ਦੇਖਣ ਨੂੰ ਮਿਲ ਰਹੇ ਹਨ। ਜਿਵੇਂ ਜੰਗਲਾਂ ਦੀਆਂ ਹੋਰ ਭਿਆਨਕ ਅੱਗਾਂ, ਬਹੁਤੇ ਅਤੇ ਜਿ਼ਆਦਾ ਮਾਰੂ ਹੜ੍ਹ ਤੇ ਸੋਕੇ, ਸਮੁੰਦਰਾਂ ਦੇ ਪੱਧਰਾਂ ਵਿਚ ਵਾਧਾ, ਗਰਮੀ ਵਿਚ ਵਾਧਾ ਅਤੇ ਮਹਾਮਾਰੀਆਂ। ਮਾਹਿਰ ਇਨ੍ਹਾਂ ਆਫਤਾਂ ਦੇ ਸਮਾਜਿਕ, ਆਰਥਿਕ ਅਤੇ ਰਾਜਨੀਤਕ ਪ੍ਰਭਾਵਾਂ ਦਾ ਜਿ਼ਕਰ ਕਰਦੇ ਹੋਏ ਹੋਰ ਬਿਮਾਰੀਆਂ, ਮਨੁੱਖੀ ਪਲਾਇਨ, ਰਾਜ ਪਲਟੇ, ਅਤਿਵਾਦ ਵਿਚ ਵਾਧੇ ਬਾਰੇ ਖ਼ਬਰਦਾਰ ਕਰਦੇ ਹਨ। ਕਹਿਣ ਨੂੰ ਇਹ ਕੁਦਰਤੀ ਆਫਤਾਂ ਲਗਦੀਆਂ ਹਨ ਪਰ ਇਨ੍ਹਾਂ ਦਾ ਵੱਡਾ ਕਾਰਨ ਸਾਡੇ ਵਲੋਂ ਕੁਦਰਤੀ ਸਾਧਨਾਂ ਨੂੰ ਸਿਰਫ ਜ਼ਰੂਰਤਾਂ ਵਾਸਤੇ ਵਰਤਣ ਦੀ ਬਜਾਇ ਮੌਜ-ਮਸਤੀਆਂ ਅਤੇ ਮਨ-ਪਰਚਾਵਿਆਂ ਵਾਸਤੇ ਵਰਤ ਕੇ ਇਨ੍ਹਾਂ ਦਾ ਦੁਰ-ਉਪਯੋਗ ਕਰਨਾ ਹੈ। ਨਿਰਸੰਦੇਹ ਸੰਸਾਰ ਦੇ ਅਮੀਰ ਵਿਅਕਤੀ ਅਤੇ ਅਮੀਰ ਦੇਸ਼ ਤਾਪਮਾਨ ਦੇ ਵਾਧੇ ਵਾਸਤੇ ਵੱਧ ਜਿ਼ੰਮੇਵਾਰ ਹਨ।
ਬਿਲ ਗੇਟਸ ਦੱਸਦੇ ਹਨ ਕਿ ਸਾਡਾ ਅੱਜ ਦਾ ਕੋਈ ਵੀ ਸਿਸਟਮ- ਰਾਜਨੀਤਕ, ਰਾਜ ਪ੍ਰਬੰਧ, ਮੈਨੇਜਮੈਂਟ, ਆਰਥਿਕ ਜਾਂ ਸਮਾਜਿਕ- ਇਸ ਸਮੱਸਿਆ ਨੂੰ ਨਜਿੱਠਣ ਦੇ ਸਮਰੱਥ ਨਹੀਂ। ਇਨ੍ਹਾਂ ਸਭ ਨੂੰ ਸਮੇਂ ਦੇ ਹਾਣੀ ਬਣਾਉਣ ਅਤੇ ਇਨ੍ਹਾਂ ਸਭ ਵਿਚ ਸੁਧਾਰਾਂ ਦੀ ਅਤਿਅੰਤ ਲੋੜ ਹੈ ਤਾਂ ਕਿ ਇਹ ਭੂਤ ਅਤੇ ਵਰਤਮਾਨ ਨੂੰ ਸਮਝਦੇ ਹੋਏ ਭਵਿੱਖ-ਦਰਸ਼ੀ ਬਣ ਸਕਣ। ਉਹ ਇਥੋਂ ਤੱਕ ਕਹਿੰਦੇ ਹਨ ਕਿ ਸਾਡੀ ਅੱਜ ਦੀ ਸਾਇੰਸ ਅਤੇ ਟੈਕਨੋਲੋਜੀ ਵੀ ਇਸ ਵਿਆਪਕ ਸਮੱਸਿਆ ਦੇ ਹੱਲ ਕਰਨ ਦੇ ਸਮਰੱਥ ਨਹੀਂ। ਇਸ ਦੇ ਅੱਡ ਅੱਡ ਖੇਤਰਾਂ ਵਿਚ ਹੋਰ ਖੋਜਾਂ ਅਤੇ ਵਿਕਾਸ ਦੀ ਫ਼ੌਰੀ ਜ਼ਰੂਰਤ ਹੈ। ਉਹ ਇਹ ਗਿਲਾ ਵੀ ਕਰਦੇ ਹਨ ਕਿ ਸਾਡੇ ਰਾਜਨੀਤਕ ਲੀਡਰ ਆਪਣੇ ਹੋਰ ਰੁਝੇਵਿਆਂ ਕਰ ਕੇ ਇਸ ਸਮੱਸਿਆ ਪ੍ਰਤੀ ਓਨੇ ਗੰਭੀਰ ਨਹੀਂ, ਜਿੰਨੀ ਇਸ ਸਮੱਸਿਆ ਦੀ ਜਾਣਕਾਰੀ ਰੱਖਣ ਵਾਲ਼ੀ ਜਨਤਾ, ਜਨਤਕ ਜਥੇਬੰਦੀਆਂ ਅਤੇ ਹੋਰ ਗ਼ੈਰ-ਸਰਕਾਰੀ ਸੰਸਥਾਵਾਂ ਹਨ। ਉਹ ਇਹ ਖਦਸ਼ਾ ਵੀ ਪ੍ਰਗਟ ਕਰਦੇ ਹਨ ਕਿ ਜ਼ਿੰਮੇਵਾਰ ਹਸਤੀਆਂ ਇਸ ਨੂੰ ਓਸੇ ਤਰ੍ਹਾਂ ਅਣ-ਗੌਲ਼ਿਆ ਕਰ ਰਹੀਆਂ ਹਨ ਜਿਵੇਂ ਮਾਹਿਰਾਂ ਵਲੋਂ ਪਿਛਲੇ ਪੰਜ-ਸੱਤ ਸਾਲ ਤੋਂ ਕਿਸੇ ਮਹਾਮਾਰੀ ਬਾਰੇ ਦਿੱਤੀਆਂ ਚਿਤਾਵਨੀਆਂ ਨੂੰ ਕੀਤਾ ਗਿਆ ਹੈ।
ਇੱਥੇ ਇਹ ਵੀ ਵਰਨਣਯੋਗ ਹੈ ਕਿ ਖੁਦਗਰਜ਼ਾਂ ਵਲੋਂ ਇਸ ਗੰਭੀਰ ਮਸਲੇ ਨੂੰ ਜਾਣਬੁੱਝ ਕੇ ਛੁਟਿਆਇਆ ਜਾਂਦਾ ਹੈ; ਡੋਨਲਡ ਟਰੰਪ ਦੀ ਉਦਾਹਰਨ ਸਭ ਨੂੰ ਪਤਾ ਹੈ ਕਿ ਉਸ ਨੇ ਇਸ ਨੂੰ ਛਲ਼ ਕਿਹਾ ਸੀ। ਲੇਖ ਦੇ ਸ਼ੁਰੂ ਵਿਚ ਉਸ ਵਲੋਂ ਅਮਰੀਕਾ ਨੂੰ ਪੈਰਿਸ ਸਮਝੌਤੇ ਵਿਚੋਂ ਬਾਹਰ ਕਰਨ ਦੀ ਗੱਲ ਕੀਤੀ ਗਈ ਹੈ। ਇਹ ਸਭ ਗੱਲਾਂ ਉਹ ਲੋਕ ਕਰਦੇ ਹਨ ਜਿਹੜੇ ਧਨ-ਦੌਲਤ ਕਰ ਕੇ ਇਸ ਸਮੱਸਿਆ ਵਿਚ ਵਾਧਾ ਕਰ ਰਹੇ ਹਨ। ਮਨੁੱਖ ਦੀ ਜਿਸ ਮਾਨਵ-ਜਾਤੀ ਨਾਲ਼ ਅਸੀਂ ਸਬੰਧ ਰਖਦੇ ਹਾਂ ਉਸ ਨੂੰ ਹੋਮੋ-ਸੇਪੀਅਨਜ਼ ਅਰਥਾਤ ‘ਬੁੱਧੀਮਾਨ ਮਨੁੱਖ’ ਕਿਹਾ ਜਾਂਦਾ ਹੈ ਕਿਉਂਕਿ ਇਹ ਨਾਂ ਅਸੀਂ ਆਪ ਰੱਖਿਆ ਹੈ ਪਰ ਮਹਾਂ ਪੁਰਖਾਂ ਨੇ ਇਸ ਨੂੰ ਮੂਰਖ ਅਤੇ ਅੰਨ੍ਹਾ ਆਮ ਹੀ ਕਿਹਾ ਹੈ। ਇਸ ਸਚਾਈ ਦੇ ਹੋਰ ਵੀ ਬਹੁਤ ਸਬੂਤ ਹਨ ਪਰ ਧਰਤੀ ਨੂੰ ਹਰ ਪੱਖ ਤੋਂ ਪ੍ਰਦੂਸ਼ਿਤ ਕਰਨਾ ਵੱਡੇ ਸਬੂਤਾਂ ਵਿਚੋਂ ਇੱਕ ਹੈ। ਇੱਕ ਤਰੀਕੇ ਨਾਲ਼ ਅਸੀਂ ਆਪਣੀਆਂ ਆਉਣ ਵਾਲ਼ੀਆਂ ਪੀੜ੍ਹੀਆਂ ਦੀਆਂ ਜ਼ਰੂਰਤਾਂ ਨੂੰ ਗਹਿਣੇ ਰੱਖ ਕੇ ਮੌਜ-ਮਸਤੀਆਂ ਅਤੇ ਮਨ-ਪਰਚਾਵੇ ਕਰ ਰਹੇ ਹਾਂ। ਇਥੋਂ ਤੱਕ ਕਿਹਾ ਜਾ ਰਿਹਾ ਹੈ ਕਿ ਸਾਡਾ ਅੱਜ ਦਾ ਸਾਰਾ ਵਿਕਾਸ ਡੁੱਬ ਰਹੇ ਟਾਈਟੈਨਿਕ ਜਹਾਜ਼ ਦੇ ਡੈੱਕ ਉੱਤੇ ਪਈਆਂ ਕੁਰਸੀਆਂ ਅਤੇ ਪਏ ਮੇਜ਼ਾਂ ਦੀ ਸਫਾਈ ਅਤੇ ਸਜਾਵਟ ਕਰਨ ਵਰਗਾ ਸਾਬਿਤ ਹੋਵੇਗਾ।
ਵਾਤਾਵਰਨ ਨੂੰ ਇਸ ਦੇ ਕੁਦਰਤੀ ਰੂਪ ਵਿਚ ਰੱਖ ਕੇ ਧਰਤੀ ਨੂੰ ਰਹਿਣ ਯੋਗ ਬਣਾ ਕੇ ਰੱਖਣ ਦਾ ਕੰਮ ਮਨੁੱਖਤਾ ਦੇ ਇਤਿਹਾਸ ਦਾ ਹਿੱਸਾ ਰਿਹਾ ਹੈ। ਅਧਿਆਤਮਵਾਦੀ ਮਹਾਂ ਪੁਰਖਾਂ ਨੇ ਇਸ ਗੱਲ ਉੱਤੇ ਬਹੁਤ ਜ਼ੋਰ ਦਿੱਤਾ ਹੈ। ਗੁਰਬਾਣੀ ਇਸ ਗੱਲ ਦੀ ਬਹੁਤ ਵਧੀਆ ਵਿਗਿਆਨਕ ਅਤੇ ਮਾਡਰਨ ਉਦਾਹਰਨ ਹੈ: ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥’ ਭਾਰਤ ਦੀ ‘ਚਿਪਕੋ ਲਹਿਰ’ ਸੰਸਾਰ ਦੇ ਵਾਤਾਵਰਨ ਸੰਭਾਲ ਦੇ ਅਜੋਕੇ ਇਤਿਹਾਸ ਵਿਚ ਖਾਸ ਸਥਾਨ ਰਖਦੀ ਹੈ। ਇਹ ਸ਼ਾਂਤੀਪੂਰਨ ਲਹਿਰ ਭਾਰਤ ਦੇ ਹਿਮਾਲਿਆਂ ਖੇਤਰ ਵਿਚ 1970ਵਿਆਂ ਵਿਚ ਚੱਲੀ ਸੀ ਜਿਸ ਵਿਚ ਪ੍ਰਦਰਸ਼ਨਕਾਰੀ ਕਿਸੇ ਰੁੱਖ ਦੀ ਨਜਾਇਜ਼ ਕਟਾਈ ਵਕਤ ਉਸ ਨਾਲ਼ ਜੱਫਾ ਪਾ ਕੇ ਖੜ੍ਹ ਜਾਂਦੇ ਸਨ ਅਤੇ ਜਿਊਂਦੇ ਜੀਅ ਉਸ ਨੂੰ ਵੱਢਣ ਨਹੀਂ ਸਨ ਦਿੰਦੇ। ਪਹਿਲਾਂ ਇਸ ਤਰ੍ਹਾਂ ਦੀਆਂ ਸਭ ਕੋਸ਼ਿਸ਼ਾਂ ਸਥਾਨਕ ਪੱਧਰ ਜਾਂ ਆਪੋ-ਆਪਣੇ ਦੇਸ਼ਾਂ ਤੱਕ ਸੀਮਤ ਸਨ ਪਰ ਸਾਇੰਸ – ਖਾਸ ਕਰ ਕੇ ਕੰਪਿਊਟਰ- ਦੀ ਤਰੱਕੀ ਨਾਲ਼ ਇਸ ਲਹਿਰ ਨੇ ਨਵਾਂ ਸਰੂਪ ਧਾਰਨ ਕੀਤਾ ਹੈ। ਅੱਜ ਇਹ ਵਿਸ਼ਵਵਿਆਪੀ ਵੀ ਹੋ ਗਈ ਹੈ ਅਤੇ ਇਸ ਨੇ ਵਾਤਾਵਰਨ ਅਤੇ ਧਰਤੀ ਦੇ ਹੋਰ ਕੁਦਰਤੀ ਵਸੀਲਿਆਂ ਦੀ ਸੰਭਾਲ ਨਾਲ਼ ਸਬੰਧਿਤ ਹਰ ਖੇਤਰ ਨੂੰ ਆਪਣੇ ਘੇਰੇ ਵਿਚ ਲਿਆ ਹੈ।
ਇਨ੍ਹਾਂ ਸਭ ਗੱਲਾਂ ਤੇ ਵਿਚਾਰ ਕਰ ਕੇ ਲਗਦਾ ਹੈ ਕਿ ਪੈਰਿਸ ਸਮਝੌਤਾ ਸੰਯੁਕਤ ਰਾਸ਼ਟਰ ਅਤੇ ਸੰਸਾਰ ਦੇ ਲੀਡਰਾਂ ਵਲੋਂ ਬਹੁਤ ਪਛੜ ਕੇ ਲਿਆ ਗਿਆ ਸਹੀ ਫੈਸਲਾ ਹੈ ਪਰ ਇਸ ਦੀ ਸਾਰਥਿਕਤਾ ਇਸ ਗੱਲ ਵਿਚ ਹੈ ਕਿ ਓਹ ‘ਮਾਤਾ ਧਰਤੁ’ ਅਤੇ ਵਸੂਦੈਵਾ ਕੁਟੰਬਕਮ ਦੇ ਆਦਰਸ਼ਾਂ ਨੂੰ ਮੰਨਦੇ ਹੋਏ ਸੁਹਿਰਦਤਾ ਅਤੇ ਦ੍ਰਿੜਤਾ ਨਾਲ਼ ਇਸ ਨੂੰ ਮਿੱਥੇ ਟੀਚਿਆਂ ਅਨੁਸਾਰ ਲਾਗੂ ਕਰਨ। ਸਾਡਾ ਸਭ ਦਾ ਫਰਜ਼ ਹੈ ਕਿ ਅਸੀਂ ਸਾਰੇ ਸੰਜਮ ਵਿਚ ਰਹਿਣ ਅਤੇ ਕਿਰਸ ਕਰਨ ਦਾ ਪ੍ਰਣ ਕਰੀਏ ਤਾਂ ਕਿ ਧਰਤੀ ਦੀਆਂ ਨਿਆਮਤਾਂ ਦਾ ਹਮੇਸ਼ਾ ਸਦ-ਉਪਯੋਗ ਹੀ ਕਰੀਏ।
ਸੰਪਰਕ: +1-647-640-2014