ਜਗਤਾਰਜੀਤ ਸਿੰਘ
ਕਲਾ ਜਗਤ
ਚਿਰ ਤੋਂ ਸਾਂਭੀ ਹੋਈ ਤਸਵੀਰ ‘ਗੁਰੂ ਨਾਨਕ’ (ਚਿੱਤਰਕਾਰ ਜਸਵੰਤ ਸਿੰਘ) ਆਪਣੇ ਸਮਾਂ ਸੁਜੋੜ ਕਾਰਨ ਮਹੱਤਵਪੂਰਨ ਜਾਪ ਰਹੀ ਹੈ। ਨਿੱਤ ਬਦਲਦੇ ਸੰਸਾਰ ਦੀਆਂ ਘਟਨਾਵਾਂ ਚੰਗੀ ਰਚਨਾ ਦੀ ‘ਅਹਿਮੀਅਤ’ ਬਣਾਈ ਰੱਖਦੀਆਂ ਹਨ। ਤਾਹੀਓਂ ਉਹ ਰਚਨਾਵਾਂ ਵਡੇਰੀਆਂ ਬਣੀਆਂ ਰਹਿੰਦੀਆਂ ਹਨ।
ਸਾਡਾ ਦੇਸ਼ ਹੀ ਨਹੀਂ ਸਗੋਂ ਪੂਰਾ ਸੰਸਾਰ ਸੰਕਟ ਦੇ ਦੌਰ ਥਾਣੀਂ ਲੰਘ ਰਿਹਾ ਹੈ। ਸੰਕਟ ਕਾਲ ਦਾ ਅੰਤ ਕਦੋਂ ਹੋਵੇਗਾ, ਕੋਈ ਨਹੀਂ ਜਾਣਦਾ। ਖੋਜਕਾਰਾਂ ਨੇ ਇਹ ਪਤਾ ਲਾ ਲਿਆ ਹੈ ਕਿ ਸੰਕਟ ਕਿੱਥੇ ਅਤੇ ਕਦੋਂ ਸ਼ੁਰੂ ਹੋਇਆ। ਮਾਨਵ ਇਤਿਹਾਸ ਦੀ ਅਦਭੁੱਤ ਰਵਾਨੀ ਨੂੰ ਕਿਸੇ ਨੇ ਪਹਿਲੀ ਵਾਰ ਰੋਕਿਆ ਹੀ ਨਹੀਂ ਸਗੋਂ ਪੂਰੀ ਤਰ੍ਹਾਂ ਸਥਿਰ ਕਰ ਦਿੱਤਾ ਹੈ।
ਜੇ ਬਿਮਾਰੀ ਨੇ ਵਿਕਾਸ, ਭਾਂਤ-ਭਾਂਤ ਦੀਆਂ ਮਸ਼ੀਨਾਂ ਦੇ ਮਿਜ਼ਾਜ ਨੂੰ ਠੰਢਾ ਕਰ ਦਿੱਤਾ ਹੈ ਤਾਂ ਇਸ ਸਮਤਲ ਹੋਈ ਜਾ ਰਹੀ ਜ਼ਮੀਨ ਅੰਦਰੋਂ ਅਨੇਕ ਸੰਸਥਾਵਾਂ ਨੇ ਉਭਾਰ ਲੈ ਗਤੀ ਫੜੀ ਹੈ। ਹਰ ਇਕ ਦਾ ਆਪਣਾ ਖੇਤਰ, ਭੂਗੋਲਿਕ ਪਾਸਾਰ, ਸਮਰੱਥਾ, ਪ੍ਰਯੋਜਨ, ਨਿਸ਼ਾਨੇ ਹਨ। ਸਹਿਜੇ ਪ੍ਰਸ਼ਨ ਜਨਮਦਾ ਹੈ ਕਿ ਕੀ ਅਜਿਹੀ ਕੋਈ ਸਮੂਹਿਕ ਗਤੀਵਿਧੀ ਹੈ ਜਿਹੜੀ ਹਰ ਤਰ੍ਹਾਂ ਦੀ ਹੱਦਬੰਦੀ ਨੂੰ ਤਹਿਸ-ਨਹਿਸ ਕਰ ਕੇ ਬਿਨਾਂ ਲਾਲਚ ਦੇ ਵਿਚਰ ਹੀ ਨਹੀਂ ਸਗੋਂ ਸੰਕਟ ਨਾਲ ਜੂਝ ਰਿਹਾਂ ਦੀ ਸੇਵਾ-ਸੰਭਾਲ ਕਰ ਰਹੀ ਹੈ।
ਜਗਿਆਸਾ ਜਨਮਦੀ ਹੈ ‘ਸਮੂਹਿਕ ਗਤੀਵਿਧੀ’ ਕਿਸ ਆਸਰੇ ਚੱਲ ਰਹੀ ਹੈ? ਇਸ ਦਾ ਆਸਰਾ, ਸਹਾਰਾ ਕੌਣ ਹੈ? ਪੂਰੇ ਭੂਗੋਲ ਉਪਰ ਪਸਰੀ ਮਾਨਵੀ ਲਹਿਰਾਂ ਨੂੰ ਥਾਪੜਾ ਕੌਣ ਦੇ ਰਿਹਾ ਹੈ? ਬਿਨਾਂ ਭਾਵੁਕ ਹੋਇਆਂ ਕਹਿ ਸਕਦੇ ਹਾਂ ਕਿ ਕਈ ‘ਲੋਕ ਹਿਤ ਕਾਰਜਾਂ’ ਦੇ ਪਿੱਛੇ ਸਿੱਖ ਹਨ ਜਿਨ੍ਹਾਂ ਦੀ ਟੇਕ ਸਿੱਖ ਪੰਥ ਦੇ ਪਹਿਲੇ ਗੁਰੂ ‘ਗੁਰੂ ਨਾਨਕ’ ਹਨ। ਗੁਰੂ ਨਾਨਕ ਦੇਵ ਨੇ ਆਪਣੇ ਬਾਲ ਕਾਲ ਸਮੇਂ ਭੁੱਖੇ ਸਾਧੂ-ਸੰਤਾਂ ਨੂੰ ਭੋਜਨ ਛਕਾ ਕੇ ਜੋ ਰੀਤ ਤੋਰੀ ਉਨ੍ਹਾਂ ਦੇ ਪੈਰੋਕਾਰਾਂ ਨੇ ਉਸ ਨੂੰ ਵਿਸਾਰਿਆ ਨਹੀਂ ਸਗੋਂ ਪੂਰੇ ਸੰਸਾਰ ਨੂੰ ਆਪਣੇ ਕਲਾਵੇ ਵਿਚ ਲੈ ਲਿਆ।
ਬਾਲ ਕਾਲ ਸਮੇਂ ਰੱਖੀ ਗਈ ਨੀਂਹ ਨੂੰ ਕਰਤਾਰਪੁਰ ਸ਼ਹਿਰ ਉਸਾਰੀ ਵੱਲ ਤੋਰ ਕੇ ਨਾਨਕ ਪੰਥ/ਸਿੱਖ ਪੰਥ ਦਾ ਅੰਗ ਬਣਾ ਦਿੰਦੀ ਹੈ। ਗੁਰੂ ਕਾਲ ਇਸ ਨੂੰ ਦ੍ਰਿੜ੍ਹ ਕਰਦਾ ਹੈ। ਖਾਲਸਾ ਪੰਥ ਨੇ ਅਤਿ ਔੜ ਵੇਲੇ ਵੀ ਵੰਡ ਛਕਣ ਦੀ ਪਰੰਪਰਾ ਨੂੰ ਤਿਆਗਿਆ ਨਹੀਂ।
ਜਸਵੰਤ ਸਿੰਘ ਗੁਰੂ ਨਾਨਕ ਦੇਵ ਨੂੰ ਉਸ ਤਰ੍ਹਾਂ ਨਹੀਂ ਸਾਕਾਰਦਾ ਜਿਸ ਤਰ੍ਹਾਂ ਦੀ ਦਿੱਖ ਸਿੱਖ ਸੰਗਤ ਦੇਖਣ ਦੀ ਆਦੀ ਹੋ ਚੁੱਕੀ ਹੈ। ਚਿੱਤਰਕਾਰ ਗੁਰੂ ਜੀ ਦੇ ਸਰੀਰਕ ਅੰਗ ਜਿਵੇਂ ਲੱਤਾਂ, ਹੱਥਾਂ ਨੂੰ ਕੈਨਵਸ ਉਪਰ ਉਤਾਰ ਕੇ ਆਪਣੀ ਗੱਲ ਕਰ ਲੈਂਦਾ ਹੈ। ਗੁਰੂ ਜੀ ਨੇ ਆਪਣੇ ਜੀਵਨ ਕਾਲ ਦੀਆਂ ਲੰਮੀਆਂ ਯਾਤਰਾਵਾਂ ਕਰ ਆਪਣੇ ਵਿਚਾਰਾਂ ਨੂੰ ਜਨਮਧਾਰਨ ਤੱਕ ਪਹੁੰਚਾਇਆ। ਹੱਥਾਂ ਨਾਲ ਕਿਰਤ ਕੀਤੀ, ਚੰਗੇ-ਮਾੜੇ ਦਾ ਨਿਖੇੜਾ ਕੀਤਾ।
‘ਗੁਰੂ ਨਾਨਕ’ ਪੇਂਟਿੰਗ ਕਿਸ ਵਰ੍ਹੇ ਰਚੀ ਗਈ, ਕੋਈ ਜਾਣਕਾਰੀ ਨਹੀਂ ਮਿਲਦੀ। ਕੈਨਵਸ ਕਿਸ ਆਕਾਰ ਦਾ ਹੈ, ਇਹ ਵੀ ਪਤਾ ਨਹੀਂ ਚਲਦਾ। ਅਨੁਮਾਨ ਅਨੁਸਾਰ ਕਹਿ ਸਕਦੇ ਹਾਂ ਕਿ ਇਸ ਪੇਂਟਿੰਗ ਨੂੰ ਉਸ ਵੇਲੇ ਪੇਂਟ ਕੀਤਾ ਗਿਆ ਜਦ ਨਾਨਕ ਨਾਮ ਲੇਵਾ ਸੰਗਤ ਉਨ੍ਹਾਂ ਦਾ ਪੰਜ ਸੌ ਸਾਲਾ ਪ੍ਰਕਾਸ਼ ਦਿਵਸ ਮਨਾ ਰਹੀ ਸੀ।
ਨਿਸ਼ਚਿਤ ਹੈ ਕਿ ਪੇਂਟਿੰਗ ਰੰਗਦਾਰ ਸੀ, ਪਰ ਮੇਰੇ ਕੋਲ ਜੋ ਉਤਾਰਾ ਹੈ, ਉਹ ‘ਬਲੈਕ ਐਂਡ ਵ੍ਹਾਈਟ’ ਹੀ ਹੈ। ਕਿਸੇ ਪ੍ਰਤਿਭਾਸ਼ਾਲੀ ਚਿਤੇਰੇ ਦਾ ਸਮੁੱਚਾ ਕੰਮ ਦੇਖਣ ਨੂੰ ਨਾ ਮਿਲਣਾ ਜਾਂ ਉਸ ਨਾਲ ਜੁੜੀਆਂ ਸੰਦਰਭਗਤ ਜਾਣਕਾਰੀਆਂ ਦੀ ਉਪਲੱਬਧਤਾ ਨਾ ਹੋਣਾ ਵੱਖਰੀ ਤਰ੍ਹਾਂ ਦੀ ਸਮੱਸਿਆ ਹੈ।
‘ਗੁਰੂ ਨਾਨਕ’ ਨਾਮ ਵਾਲੇ ਚਿੱਤਰ ਵਿਚ ਗੁਰੂ ਨਾਨਕ ਦੇ ਸਰੂਪ ਦਾ ਨਾ ਹੋਣਾ ਦਰਸ਼ਕ ਨੂੰ ਹੈਰਾਨ ਕਰ ਦਿੰਦਾ ਹੈ ਕਿਉਂਕਿ ਦਰਸ਼ਕ ਬਚਪਨ ਤੋਂ ਹੀ ਜੋ ਦੇਖਦਾ ਆ ਰਿਹਾ ਹੈ, ਇੱਥੇ ਨਹੀਂ ਹੈ। ਦੇਖਿਆ ਜਾ ਰਿਹਾ ਰੂਪ ਚੰਗਾ ਹੈ ਜਾਂ ਮਾੜਾ, ਇਹ ਵੱਖਰਾ ਵਿਸ਼ਾ ਹੈ।
ਜਸਵੰਤ ਸਿੰਘ ਨੇ ਕੈਨਵਸ ਉਪਰ ਚਾਰ ਹੱਥ ਬਣਾ ਦਿੱਤੇ ਹਨ। ਚਿੱਤਰਕਾਰ ਇੱਥੇ ਖੁੱਲ੍ਹ ਲੈ ਰਿਹਾ ਲੱਗਦਾ ਹੈ। ਵਿਅਕਤੀ ਦੇ ਦੋ ਹੱਥ ਹੁੰਦੇ ਹਨ, ਪਰ ਉਹ ਚਾਰ ਹੱਥ ਬਣਾ ਰਿਹਾ ਹੈ। ਅਜਿਹਾ ਕਰ ਕੇ ਕੀ ਉਹ ਕੋਈ ਮਿੱਥ ਰਚਣ ਦੇ ਰਾਹ ਪਿਆ ਹੋਇਆ ਹੈ। ਵਿਚਾਰਸ਼ੀਲ ਚਿਤੇਰੇ ਦਾ ਮਕਸਦ ਸਿਰਫ਼ ਚਿੱਤਰ ਉਲੀਕ ਦੇਣਾ ਨਹੀਂ ਹੁੰਦਾ ਸਗੋਂ ਉਸ ਨੂੰ ਅਰਥਵਾਨ ਬਣਾਉਣਾ ਵੀ ਹੁੰਦਾ ਹੈ।
ਇਹ ਚਿੱਤਰ ਦੇਖ ਕੇ ਦਰਸ਼ਕ ਮਨ ਜਾਣਨਾ ਚਾਹੁੰਦਾ ਹੈ ਕਿ ਇਹ ਕੀ ਅਤੇ ਕਿਉਂ ਹੈ? ਪਹਿਲਾਂ ਤਾਂ ਉਹ ਚਿਹਰਾ ਦੇਖ ਸ਼ਾਂਤ ਹੋ ਜਾਂਦਾ ਸੀ। ਇਸ ਚਿੰਤਰ ਵਿਚ ਦੇਖਣ ਨੂੰ ਚਾਰੋਂ ਹੱਥ ਸਥਿਰ ਲੱਗਦੇ ਹਨ, ਅਸਲ ਵਿਚ ਹਰ ਹੱਥ ਆਪਣੇ ਰਾਹੀਂ ਕੋਈ ਨਾ ਕੋਈ ਕੰਮ ਕਰ ਰਿਹਾ ਹੈ। ਹਰ ਹੱਥ ਦਾ ਕਾਰਜ ਸੁਤੰਤਰ ਪ੍ਰਤੀਤ ਹੋਣ ਦੇ ਬਾਵਜੂਦ ਇਕ-ਦੂਜੇ ਉਪਰ ਨਿਰਭਰ ਵੀ ਹੈ। ਨਿਰਭਰਤਾ ਵੀ ਕਿਸੇ ਦੂਸਰੇ ਵਿਅਕਤੀ ਉਪਰ ਨਹੀਂ ਸਗੋਂ ਸਵੈ ਉਪਰ ਹੈ। ਇਹੋ ਇਸ ਚਿੱਤਰ ਦੀ ਉੱਤਮਤਾ ਹੈ।
ਇੱਥੇ ਸਰੀਰ ਦੇ ਦੋਵੇਂ ਹੱਥ ਨਹੀਂ ਸਗੋਂ ਇਕੋ ਹੱਥ, ਉਹ ਵੀ ਸੱਜੇ ਹੱਥ ਦੀਆਂ ਚਾਰ ਛਵੀਆਂ ਹਨ। ਇਕ ਹੱਥ, ਇਕ ਸਮੇਂ, ਇਕੋ ਕੰਮ ਕਰ ਸਕਦਾ ਹੈ। ਇੱਥੇ ਤਾਂ ਇਕ ਹੱਥ ਕਈ ਕੰਮ ਕਰ ਰਿਹਾ ਹੈ। ਭੇਤ ਤੱਕ ਪਹੁੰਚਣ ਲਈ ਸਾਨੂੰ ਗੁਰੂ ਜੀ ਦੇ ਜੀਵਨ ਅਤੇ ਬਾਣੀ ਵੱਲ ਜਾਣਾ ਪੈਂਦਾ ਹੈ।
ਭਾਈ ਗੁਰਦਾਸ ਰਚਿਤ ਵਾਰਾਂ ਦੀ ਪਹਿਲੀ ਵਾਰ ਗੁਰੂ ਜੀ ਦੇ ਇਸ ਲੋਕ ਵਿਚ ਆਉਣ ਅਤੇ ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਕੁਝ ਘਟਨਾਵਾਂ ਬਾਬਤ ਚਾਨਣਾ ਪਾਉਂਦੀ ਹੈ। ਚਿੱਤਰਕਾਰ ਜਸਵੰਤ ਸਿੰਘ ਗੁਰੂ ਜੀ ਦੇ ਜੀਵਨ ਦੀਆਂ ਚਾਰ ਇਕਾਈਆਂ ਚੁਣ ਕੇ ਇਮੇਜਿਜ਼ ਰਾਹੀਂ ਵਿਆਖਿਆਉਂਦਾ ਹੈ। ਸਭ ਤੋਂ ਉਪਰ ਬਣੇ ਹੱਥ ਦੀ ਤਰਜਨੀ ਉਂਗਲ ਬਿਲਕੁਲ ਸਿੱਧੀ ਉਪਰ ਵੱਲ ਨੂੰ ਖੜ੍ਹੀ ਹੈ। ਇਹ ਤਰਜਨੀ ਉਪਰ ਬਣੇ ‘ੴ’ ਨੂੰ ਸੰਕੇਤਦੀ ਹੋਈ ਲਗਪਗ ਉਸ ਨੂੰ ਛੂਹ ਰਹੀ ਹੈ। ‘ੴ’ ਵਾਲੀ ਥਾਂ ਕੈਨਵਸ ਦੀ ਸਭ ਤੋਂ ਵੱਧ ਪ੍ਰਕਾਸ਼ਮਾਨ ਥਾਂ ਹੈ। ਇਹ ਸਭ ਤੋਂ ਉਚੇਰੀ ਵੀ ਹੈ।
ਗੁਰੂ ਨਾਨਕ ਤੋਂ ਪਹਿਲਾਂ ਅਤੇ ਉਨ੍ਹਾਂ ਦੇ ਸਮੇਂ ਬਹੁਦੇਵ ਪ੍ਰਥਾ ਦਾ ਪ੍ਰਚਲਣ ਸੀ। ਤਰਜਨੀ ਦੱਸਦੀ ਹੈ ਕਿ ਉਨ੍ਹਾਂ ਦਾ ਵਿਸ਼ਵਾਸ ਇਕ ਪਰਮਾਤਮਾ ਵਿਚ ਹੈ, ਓਹੀ ਅੰਤਿਮ ਹੈ। ਸਭ ਤੋਂ ਉਚੇਰਾ, ਪ੍ਰਕਾਸ਼ਮਈ ਓਹੀ ਹੈ। ਦੂਸਰੇ ਹੱਥਾਂ ਨੂੰ ਦੇਖਦਿਆਂ-ਦੇਖਦਿਆਂ ਜਦ ਏਥੇ ਆ ਰੁਕੇ ਹਾਂ ਤਾਂ ਪਤਾ ਚਲਦਾ ਹੈ। ਇਹ ਹੱਥ ਖਾਲੀ ਹੈ। ਨਾ ਦੇਣ ਨੂੰ ਕੁਝ ਹੈ, ਨਾ ਮੰਗਣ ਨੂੰ।
ਆਉਣ ਵਾਲੇ ਸਮੇਂ ਵਿਚ ‘ੴ’ ਹੀ ਸਿੱਖ ਧਰਮ ਦਾ ਮੂਲ ਅਕੀਦਾ ਹੋ ਨਿੱਬੜਦਾ ਹੈ। ਇਕੋ ਪਰਮਾਤਮਾ ਪ੍ਰਕਾਸ਼ (ਜੀਵਨ) ਦਾ ਸਰੋਤ ਹੈ ਜੋ ਊਰਜਾਵੰਤ (ਜੀਵਿਤ) ਰੱਖਦਾ ਹੈ।
ਇਸ ਹੱਥ ਦੇ ਐਨ ਥੱਲੇ ਵੱਲ ਇਕ ਹੋਰ ਹੱਥ ਹੈ ਜਿਸ ਸਿਮਰਨਾ ਫੜੀ ਹੋਈ ਹੈ। ਪਹਿਲਾਂ ਵਿਅਕਤ ਹੋ ਚੁੱਕੇ ‘ਇਕ ਇਸ਼ਟ’ ਨੂੰ ਯਾਦ ਰੱਖਣਾ, ਉਸ ਦੇ ਨਾਮ ਦਾ ਜਪ ਕਰੀ ਜਾਣਾ।
ਇਹਦੇ ਵਿਚ ਪ੍ਰਾਪਤ ਜੀਵਨ/ਵਸਤੂ ਹਿਤ ਉਸ ਦਾ ਸ਼ੁਕਰਾਨਾ ਕਰਨਾ ਵੀ ਸ਼ਾਮਲ ਹੈ। ਮਾਲਾ ਫੇਰਨਾ ਬਾਹਰੀ ਵਿਹਾਰ ਹੈ, ਅਸਲ ਵਿਹਾਰ ਹੈ ਕਿ ਇਕੋ ਇਕ ਪਰਮਾਤਮਾ ਨੂੰ ਯਾਦ ਰੱਖਣਾ। ਇਹ ਮਨ ਇਕਾਗਰ ਕਰਨ ਦਾ ਕਰਮ ਹੈ ਅਤੇ ਇਕਾਗਰਤਾ ਹੀ ਊਰਜਾ ਨੂੰ ਜਨਮਦੀ ਹੈ। ਚਿੱਤਰ ਵਿਚ ਮਾਲਾ ਪੂਰੀ ਨਹੀਂ ਦਿਸ ਰਹੀ ਤਾਂ ਵੀ ਕਹੀ ਗਈ ਗੱਲ ਦੇਖਣ ਵਾਲੇ ਤਕ ਪੁੱਜਦੀ ਹੋ ਜਾਂਦੀ ਹੈ।
ਇਨ੍ਹਾਂ ਦੋਵਾਂ ਹੱਥਾਂ ਦਾ ਸਬੰਧ ਨਿੱਜ ਨਾਲ ਹੈ। ਇਹ ਇਕ ਭਗਤ ਦਾ ਆਪਣੇ ਇਸ਼ਟ/ਪਰਮਾਤਮਾ ਨਾਲ ਜੁੜਾਓ ਨੂੰ ਦੱਸਦਾ ਹੈ। ਇਨ੍ਹਾਂ ਹੱਥਾਂ ਦੇ ਮੁਕਾਬਲੇ ਸੱਜੇ ਵੱਲ ਦੇ ਹੱਥ ਅਤੇ ਖੱਬੇ ਵੱਲ ਦੇ ਹੱਥ ਦੀ ਗਤੀਵਿਧੀ ਵੱਖਰੀ ਹੈ।
ਪਹਿਲੀਆਂ ਦੋਵੇਂ ਥਾਵਾਂ ਉਪਰ ਬਲ ਦੇ ਇਸਤੇਮਾਲ ਦੀ ਝਲਕ ਨਹੀਂ ਮਿਲਦੀ, ਪਰ ਇਹ ਦੋਵੇਂ ਹੱਥ ਬਲ ਦੀ ਵਰਤੋਂ ਕਰ ਰਹੇ ਦਿਸਦੇ ਹਨ। ਪਹਿਲਾ ਜੁੱਟ ਅਲੌਕਿਕਤਾ ਨੂੰ ਪ੍ਰਣਾਇਆ ਹੈ ਜਦੋਂਕਿ ਦੂਸਰਾ ਜੁੱਟ ਲੌਕਿਕਤਾ ਨਾਲ ਆਪਣੇ ਜੁੜਾਓ ਨੂੰ ਦੱਸਦਾ ਹੈ। ਵੱਖਰਾ ਹੋਣ ਦੇ ਬਾਵਜੂਦ ਚਾਰੋਂ ਅਨਿੱਖੜ ਹਨ।
ਸੱਜੇ ਵੱਲ ਦੇ ਹੱਥ ਵਿਚ ਦਾਤੀ ਫੜੀ ਹੋਈ ਦਿਖਾਈ ਦੇ ਰਹੀ ਹੈ। ਗੁਰੂ ਨਾਨਕ ਦੇਵ ਜੀ ਉਦਾਸੀਆਂ ਉਪਰੰਤ ਆਪਣੇ ਵਸਾਏ ਸ਼ਹਿਰ ਕਰਤਾਰਪੁਰ ਟਿਕ ਜਾਂਦੇ ਹਨ। ਇੱਥੋਂ ਉਨ੍ਹਾਂ ਦੇ ਜੀਵਨ ਦਾ ਨਵਾਂ ਪੜਾਅ ਸ਼ੁਰੂ ਹੁੰਦਾ ਹੈ। ਗੁਰੂ ਨਾਨਕ ਦੇਵ ਅਤੇ ਉਨ੍ਹਾਂ ਵੱਲੋਂ ਚਲਾਏ ਪੰਥ ਦੀ ਵਿਸ਼ੇਸ਼ਤਾ ਰਹੀ ਕਿ ਮੰਗ ਕੇ ਗੁਜ਼ਰ-ਬਸਰ ਨਹੀਂ ਕਰਨੀ ਜਿਵੇਂ ਪਹਿਲਾਂ ਦੇ ਪ੍ਰਚੱਲਿਤ ਧਰਮਾਂ ਦੇ ਮੁਖੀ ਅਤੇ ਉਨ੍ਹਾਂ ਦੇ ਪੈਰੋਕਾਰ ਘਰ-ਘਰ ਮੰਗਣ ਜਾਂਦੇ ਸਨ। ਸੰਸਾਰ-ਤਿਆਗੀ ਵੀ ਆਪਣੀ ਭੁੱਖ ਮਾਰਨ ਲਈ ਸੰਸਾਰੀਆਂ ਦੇ ਬੂਹਿਆਂ ਅੱਗੇ ਜਾ ਖੜ੍ਹੇ ਹੁੰਦੇ। ਤਤਕਾਲੀ ਧਰਮ, ਫ਼ਿਰਕੇ ਕਹਿਣ ਨੂੰ ਤਾਂ ਤਿਆਗੀ ਸਨ, ਪਰ ਉਨ੍ਹਾਂ ਦਾ ਤਿਆਗ ਨਿਘਾਰ ਵੱਲ ਦਾ ਸੀ।
ਗੁਰੂ ਨਾਨਕ ਦੇਵ ਜੀ ਅਜਿਹੀ ਜੀਵਨ ਜਾਚ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਵੱਖਰੀ ਜੀਵਨ ਜਾਚ ਦੀ ਨੀਂਹ ਰੱਖਦੇ ਹਨ। ਮੰਗ ਕੇ ਖਾਣ ਦੀ ਬਜਾਏ ਹੱਥੀਂ ਕਿਰਤ ਕਰ ਕੇ ਖਾਣ ਨੂੰ ਉਹ ਤਰਜੀਹ ਦਿੰਦੇ ਹਨ। ਹੱਥੀਂ ਫੜੀ ਦਾਤੀ ਕੀਤੀ ਜਾ ਰਹੀ ਮਿਹਨਤ ਦਾ ਸੰਕੇਤ ਹੈ।
ਫ਼ਸਲ ਤਾਹੀਓਂ ਕੱਟੀ ਜਾਵੇਗੀ ਜੇ ਬੀਜੀ ਜਾਵੇਗੀ। ਜੇ ਗੁਰੂ ਨਾਨਕ ਦੇਵ ਨੇ ਮਿਹਨਤ ਨਾਲ ਹੱਥੀਂ ਕੰਮ ਕੀਤਾ ਤਾਂ ਉਹ ਕਰਮ ਓਥੇ ਤੱਕ ਸੀਮਿਤ ਨਾ ਰਿਹਾ ਸਗੋਂ ਨਿਰੰਤਰ ਸਿੰਮਦਿਆਂ ਸਿੰਮਦਿਆਂ ਗੁਰੂ ਦੇ ਸਿੱਖ ਤੱਕ, ਹੁਣ ਤੱਕ ਪੁੱਜਦਾ ਆ ਰਿਹਾ ਹੈ।
ਸੱਜੇ ਵੱਲ ਦਾ ਹੱਥ ਮਿਹਨਤ ਕਰ ਸਮੱਗਰੀ ਅਰਜਿਤ ਕਰਦਾ ਹੈ। ਦਾਤੀ ਉਪਰ ਮਜ਼ਬੂਤ ਪਕੜ ਸਥਿਤੀ ਨੂੰ ਕਾਬੂ ਕਰਨ ਜਿਹਾ ਹੈ ਜਦੋਂਕਿ ਖੱਬੇ ਵੱਲ ਦੇ ਹੱਥ ਦਾ ਸੁਭਾਅ ਵੱਖਰਾ ਹੈ। ਖੁੱਲ੍ਹੇ ਹੋਏ ਹੱਥ ਉਪਰ ਅੰਨ ਦੇ ਦਾਣੇ ਪਏ ਹਨ। ਹੱਥ ਦੀ ਮੁਦਰਾ ਵਸਤੂ ਲੈਣ ਦੀ ਨਹੀਂ ਸਗੋਂ ਦੇਣ ਦੀ ਹੈ। ਇਸ ਕਿਰਿਆ ਦਾ ਸਬੰਧ ਗੁਰੂ ਨਾਨਕ ਦੇਵ ਦੇ ਜੀਵਨ ਅੰਦਰ ਵਾਪਰੀ ‘ਸੱਚੇ ਸੌਦੇ’ ਵਾਲੀ ਘਟਨਾ ਨਾਲ ਜਾ ਮਿਲਦਾ ਹੈ। ਉਹ ਵਰਤਾਰਾ ਸਿੱਖ ਪੰਥ ਦੀਆਂ ਰਗਾਂ ਅੰਦਰ ਦੌੜਨ ਵਾਲੀ ਰੱਤ ਬਰਾਬਰ ਕਿਹਾ-ਮੰਨਿਆ ਜਾਂਦਾ ਹੈ। ਉਹ ਸੌਦਾ ਕਰਤਾਰੀ ਹੋਣੀ ਸੀ ਜਿਸ ਨੇ ਆਉਣ ਵਾਲੇ ਸਮੇਂ ਵਿਚ ‘ਲੰਗਰ ਪ੍ਰਥਾ’ ਵਿਚ ਤਬਦੀਲ ਹੋ ਸਿੱਖ ਧਰਮ ਦੀ ਪਛਾਣ ਬਣ ਜਾਣਾ ਸੀ। ਧਿਆਨਯੋਗ ਗੱਲ ਇਹ ਹੈ ਕਿ ਜੋ ਹੈ ਉਸ ਵਿੱਚੋਂ ਬਣਦਾ-ਸਰਦਾ ਦੇਣ ਪਿੱਛੇ ਉਪਰਾਲਾ ਸਮਾਜ (ਉਹ ਕਿਸੇ ਧਰਮ, ਜਾਤ, ਵਰਗ, ਥਾਂ ਦਾ ਹੋਵੇ) ਨੂੰ ਆਪਸ ਵਿਚ ਜੋੜੀ ਰੱਖਣ ਦਾ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣੇ ਕਰਤਾਰਪੁਰ ਵਾਲੇ ਪੜਾਅ ਸਮੇਂ ਲੰਗਰ ਸੇਵਾ ਨੂੰ ਦ੍ਰਿੜ੍ਹਾਇਆ ਅਤੇ ਆਉਣ ਵਾਲੇ ਗੁਰੂਆਂ ਨੇ ਇਸ ਪਿਰਤ ਨੂੰ ਸੁਦ੍ਰਿੜ੍ਹ ਕੀਤਾ। ਜੇ ਸੱਜੇ ਵੱਲ ਦਾ ਹੱਥ ਕਿਰਤ ਕਰਦਾ ਹੈ ਤਾਂ ਖੱਬੇ ਵੱਲ ਦਾ ਹੱਥ ਵੰਡ ਛਕਣ ਦਾ ਸੰਕੇਤ ਦੇ ਰਿਹਾ ਹੈ।
ਚਿੱਤਰ ਵਿਚਾਰ ਪ੍ਰਧਾਨ ਹੈ ਜਿਹੜਾ ਸੁਚੱਜੀ ਜੀਵਨ ਜਾਚ ਵੱਲ ਝਾਤ ਪੁਆਉਂਦਾ ਹੈ। ਇੱਥੇ ਵਿਅਕਤੀ ਪ੍ਰਮੁੱਖ ਹੈ, ਸਮੂਹ ਨਹੀਂ। ਵਿਅਕਤੀ ਮਿਲ ਕੇ ਛੇਕੜ ਸਮੂਹ ਦਾ ਰੂਪ ਧਾਰ ਸਕਦਾ ਹੈ। ਚਿੱਤਰ ਵਿਚਾਰ ਕੇਂਦਰਿਤ ਹੁੰਦਿਆਂ ਵੀ ਕਰਮਹੀਣ ਹੋਣ ਦੀ ਸਿੱਖਿਆ ਨਹੀਂ ਦੇ ਰਿਹਾ। ਨਿੱਜ ਦਾ ਕਰਮ ਸਮੂਹ ਦਾ ਭਲਾ ਲੋੜਦਾ ਹੈ। ਇਸੇ ਦਾ ਪਾਸਾਰ ਸਾਨੂੰ ਸਮੁੱਚੇ ਸੰਸਾਰ ਵਿਚ ਦਿਸਦਾ ਹੈ ਜਿੱਥੇ ਜਿੱਥੇ ਗੁਰੂ ਨਾਨਕ ਦੇ ਸਿੱਖ ਰਸ-ਵਸ ਰਹੇ ਹਨ।
ਵੱਖ-ਵੱਖ ਭੂਗਲੋਿਕ ਖੰਡਾਂ ਵਿਚ ਜੋ ਵੀ, ਜਿਵੇਂ ਦੀ ਵੀ ਨਿਰਭਉ, ਨਿਰਵੈਰ ਸੇਵਾ ਹੋ ਰਹੀ ਹੈ, ਊਸ ਦੇ ਬੀਜ ਪ੍ਰਥਮ ਗੁਰੂ ਜੀ ਦੇ ਹੀ ਬੀਜੇ ਹੋਏ ਹਨ।
ਇਨ੍ਹਾਂ ਵੇਰਵਿਆਂ ਨੂੰ ਚਿੱਤ ਵਿਚ ਰੱਖ ਚਿੱਤਰ ਵੱਲ ਝਾਤੀ ਮਾਰਦੇ ਹਾਂ ਤਾਂ ਇਹ ਹੋਰ ਚੰਗਾ-ਚੰਗਾ ਲੱਗਣ ਲੱਗਦਾ ਹੈ।
ਸੰਪਰਕ: 98990-91186