ਰਾਜਵਿੰਦਰ ਸਿੰਘ ਰਾਹੀ
ਅਦੁੱਤੀ ਘਟਨਾ
ਬਾਰ੍ਹਾਂਅਕਤੂਬਰ 1920 ਨੂੰ ਸ੍ਰੀ ਦਰਬਾਰ ਸਾਹਿਬ ਵਿੱਚ ਇੱਕ ਅਦੁੱਤੀ ਘਟਨਾ ਵਾਪਰੀ ਜਿਸ ਨੇ ਸ੍ਰੀ ਦਰਬਾਰ ਸਾਹਿਬ ਦੇ ਚੌਗਿਰਦੇ, ਮਾਹੌਲ ਅਤੇ ਪ੍ਰਬੰਧ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ। ਇਹੋ ਨਹੀਂ, ਇਸ ਘਟਨਾ ਨਾਲ ਸਿੱਖ ਰਾਜਨੀਤੀ ਵਿੱਚ ਬੁਨਿਆਦੀ ਤਬਦੀਲੀ ਵਾਪਰੀ ਜਿਸ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਜਨਮ ਲਿਆ ਤੇ ਗੁਰਦੁਆਰਾ ਸੁਧਾਰ ਲਹਿਰ ਚੱਲੀ ਜਿਸ ਦੇ ਸਿੱਟੇ ਵਜੋਂ ਗੁਰਦੁਆਰਿਆਂ ਦਾ ਪ੍ਰਬੰਧ ਪੰਥ ਦੇ ਹੱਥਾਂ ਵਿੱਚ ਆ ਗਿਆ ਸੀ। ਇਹ ਸਭ ਕੁਝ ਗਿਣ ਮਿੱਥ ਕੇ ਨਹੀਂ ਹੋਇਆ ਸਗੋਂ ਅਚਨਚੇਤ ਹੀ ਵਾਪਰਿਆ ਸੀ। ਇਸ ਘਟਨਾ ਨੇ ਦਲਿਤ ਵਰਗ ਦਾ ਸ੍ਰੀ ਦਰਬਾਰ ਸਾਹਿਬ ਵਿੱਚ ਮੁੜ ਦਾਖਲਾ ਖੋਲ੍ਹਿਆ। ਇਸ ਤੋਂ ਪਹਿਲਾਂ ਦਲਿਤ ਵਰਗ ਸ੍ਰੀ ਦਰਬਾਰ ਸਾਹਿਬ ਦੇ ਖੁੱਲ੍ਹੇਆਮ ਦਰਸ਼ਨ ਇਸ਼ਨਾਨ ਤੋਂ ਵਾਂਝਾ ਸੀ ਤੇ ਉਸ ਦਾ ਪ੍ਰਸਾਦਿ ਵੀ ਪ੍ਰਵਾਨ ਨਹੀਂ ਕੀਤਾ ਜਾਂਦਾ ਸੀ। ਇਹ ਹੀ ਨਹੀਂ, ਪਿਛਲੀ ਇੱਕ ਸਦੀ ਤੋਂ ਸਿੱਖ ਸਮਾਜ ਨੇ ਦਲਿਤ ਵਰਗ ਨੂੰ ਪਾਸੇ ਧੱਕ ਰੱਖਿਆ ਸੀ ਤੇ ਉਸ ਨਾਲ ਛੂਤ-ਛਾਤ ਦੇ ਆਧਾਰ ’ਤੇ ਵਿਤਕਰਾ ਜ਼ੋਰਾਂ ’ਤੇ ਸੀ। ਜਿਸ ਚੰਗਿਆੜੀ ਨੇ ਇਤਿਹਾਸ ਬਦਲਿਆ ਉਹ ਚੰਗਿਆੜੀ ਮਘਾਉਣ ਦਾ ਸਿਹਰਾ ਦਲਿਤ ਵਰਗ ਦੇ ਸਿਰ ਬੱਝਦਾ ਹੈ। ਬੁਨਿਆਦੀ ਤੌਰ ’ਤੇ ਇਹ ਘਟਨਾ ਜਾਤ-ਪਾਤੀ ਵਿਤਕਰਾ ਦੂਰ ਕਰਨ ਨਾਲ ਸਬੰਧਿਤ ਸੀ, ਪਰ ਇਸ ਨੇ ਹੋਰ ਬਹੁਤ ਸਾਰੀਆਂ ਘਟਨਾਵਾਂ ਨੂੰ ਜਨਮ ਦਿੱਤਾ।
ਗੁਰੂ ਸਾਹਿਬਾਨ ਨੇ ਜਾਤ-ਪਾਤ, ਛੂਤ-ਛਾਤ ਵਿਰੁੱਧ ਲੰਬੀ ਲੜਾਈ ਲੜੀ। ਉਨ੍ਹਾਂ ਨੇ ਸਪੱਸ਼ਟ ਸੇਧ ਦਿੱਤੀ ਹੈ:
ਓਹ ਸਭ ਤੇ ਊਚਾ ਸਭ ਤੇ ਸੂਚਾ ਜਾ ਕੇ ਹਿਰਦੈ ਵਸਿਆ ਭਗਵਾਨੁ।। ਜਨ ਨਾਨਕੁ ਤਿਸ ਕੇ ਚਰਨ ਪਖਾਲੈ ਜੋ ਹਰਿ ਜਨੁ ਨੀਚੁ ਜਾਤਿ ਸੇਵਕਾਣੁ।।
ਗੁਰੂ ਸਾਹਿਬ ਕਹਿੰਦੇ ਹਨ ਕਿ ਜੋ ਬੰਦਾ (ਅਖੌਤੀ) ਨੀਚ ਜਾਤ ਦੀ ਸੇਵਾ ਕਰਦਾ ਹੈ, ਉਸ ਦੇ ਚਰਨ ਧੋਣੇ ਚਾਹੀਦੇ ਹਨ। ਗੁਰੂ ਨਾਨਕ ਸਾਹਿਬ ਦਾ ਤਾਂ ਐਲਾਨਨਾਮਾ ਹੀ ਇਹ ਹੈ: ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ।। ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ।। ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ।।
ਦਸ ਗੁਰੂ ਸਾਹਿਬਾਨ ਨੇ ਕੁਝ ਸਿਧਾਂਤਾਂ ਨੂੰ ਧਰਮ ਦੀ ਰੰਗਤ ਦੇ ਕੇ ਵੱਖ-ਵੱਖ ਜਾਤਾਂ, ਵਰਗਾਂ ਤੇ ਧਰਮਾਂ ਦੇ ਲੋਕਾਂ ਨੂੰ ਇੱਕ ਸਮਾਜ ਵਿੱਚ ਜੋੜਨ ਦੀ ਕੋਸ਼ਿਸ਼ ਕੀਤੀ। ਗੁਰੂ ਨਾਨਕ ਸਾਹਿਬ ਨੇ ਲੰਗਰ ਦੀ ਪ੍ਰਥਾ ਚਲਾਈ ਤੇ ਗੁਰੂ ਅਮਰਦਾਸ ਨੇ ਲੰਗਰ ਦੇ ਨਾਲ ਪੰਗਤ ਜ਼ਰੂਰੀ ਕਰ ਦਿੱਤੀ। ਗੁਰੂ ਗੋਬਿੰਦ ਸਿੰਘ ਨੇ ਇੱਕ ਬਾਟੇ ’ਚ ਅੰਮ੍ਰਿਤ ਛਕਾ ਕੇ ਜਾਤ-ਪਾਤ, ਛੂਤ-ਛਾਤ, ਊਚ-ਨੀਚ ਤੇ ਭੇਦ-ਭਾਵ ਦਾ ਫਸਤਾ ਵੱਢਣ ਦਾ ਯਤਨ ਕੀਤਾ। ਉਨ੍ਹਾਂ ਦਾ ਮਕਸਦ ਇੱਕ ਦੇਹ ਇੱਕ ਜਾਨ ਸਮਾਜ ਸਿਰਜਣਾ ਸੀ ਜਿਸ ਨੂੰ ਪੰਥ ਦਾ ਨਾਂ ਦਿੱਤਾ ਗਿਆ।
ਬਾਬਾ ਬੰਦਾ ਬਹਾਦਰ ਤੱਕ ਪੰਥ ਗੁਰੂ ਸਿਧਾਂਤਾਂ ਅਨੁਸਾਰੀ ਰਿਹਾ। ਗੁਰੂ ਸਾਹਿਬ ਦੇ ਬਚਨ ਨੂੰ ਅਮਲ ’ਚ ਉਤਾਰਨ ਦਾ ਸਿਰੇ ਤੱਕ ਯਤਨ ਕੀਤਾ ਗਿਆ।
ਇਨ ਗਰੀਬ ਸਿਖਨ ਕੋ ਦਿਊਂ ਪਾਤਸ਼ਾਹੀ
ਯੇਹ ਯਾਦ ਰਖੈਂ ਹਮਰੀ ਗੁਰਿਆਈ
‘ਸਿੱਖ ਇਨਕਲਾਬ’ ਦੇ ਕਰਤਾ ਜਗਜੀਤ ਸਿੰਘ, ਵਿਲੀਅਮ ਇਰਵਿਨ ਦੀ ਪੁਸਤਕ ਦੇ ਹਵਾਲੇ ਨਾਲ ਲਿਖਦੇ ਹਨ ਕਿ ਸਰਹੰਦ ਫਤਿਹ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦਾ ਗਵਰਨਰ ਬਾਬਾ ਬੀਰ ਸਿੰਘ ਰੰਘਰੇਟੇ ਨੂੰ ਬਣਾਇਆ ਤੇ ਅਛੂਤ ਲੋਕਾਂ ਨੂੰ ਪਿੰਡਾਂ ਦੇ ਮਾਲਕ ਬਣਾਇਆ। ਸੰਨ 1735 ਵਿਚ ਸ. ਕਪੂਰ ਸਿੰਘ ਨੇ ਖਾਲਸਈ ਫ਼ੌਜਾਂ ਨੂੰ ਪੰਜ ਜਥਿਆਂ ਵਿੱਚ ਵੰਡਿਆ। ਇੱਕ ਜਥੇ ਦਾ ਮੁਖੀ ਬਾਬਾ ਬੀਰ ਸਿੰਘ ਰੰਘਰੇਟਾ ਸੀ ਜਿਸ ਕੋਲ ਤੇਰਾਂ ਸੌ ਘੋੜ ਸਵਾਰ ਅਤੇ ਸ੍ਰੀ ਅਕਾਲ ਤਖਤ ਤੋਂ ਜੁਦਾ ਨਿਸ਼ਾਨ ਮਿਲਿਆ ਹੋਇਆ ਸੀ। ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਮਿਸਲ ਕਾਲ ਤੱਕ ਸਿੱਖ ਲਹਿਰ ਵਿੱਚ ਦਲਿਤ ਵਰਗ ਦੀ ਵੱਡੀ ਸ਼ਮੂਲੀਅਤ ਰਹੀ। ਗੁਰੂ ਤੇਗ ਬਹਾਦਰ ਜੀ ਦਾ ਪਵਿੱਤਰ ਸੀਸ ਦਿੱਲੀ ਤੋਂ ਭਾਈ ਜੈਤਾ ਜੀ ਲਿਆਏ ਸਨ। ਚਮਕੌਰ ਦੀ ਗੜ੍ਹੀ ਵਿਚ ਗੁਰੂ ਗੋਬਿੰਦ ਸਿੰਘ ਨੇ ਆਪਣੀ ਕਲਗੀ ਭਾਈ ਸੰਗਤ ਸਿੰਘ ਨੂੰ ਦਿੱਤੀ ਸੀ। ਗੁਰੂ ਸਾਹਿਬ ਨੇ ਤਲਵੰਡੀ ਸਾਬੋ ਵਿਚ ਰਫ਼ਲ ਦਾ ਨਿਸ਼ਾਨਾ ਭਾਈ ਬੀਰ ਸਿੰਘ ਅਤੇ ਧੀਰ ਸਿੰਘ ਉੱਪਰ ਪਰਖਿਆ ਸੀ। ਛੋਟੇ ਘੱਲੂਘਾਰੇ ਵਿੱਚ ਜਸਪਤ ਰਾਏ ਦਾ ਸਿਰ ਵੱਢਣ ਵਾਲਾ ਭਾਈ ਨਬਿਾਹੂ ਸਿੰਘ ਰੰਘਰੇਟਾ। ਬੋਤਾ ਸਿੰਘ ਨਾਲ ਦੂਸਰਾ ਗਰਜਾ ਸਿੰਘ ਰੰਘਰੇਟਾ ਸੀ। ਕੁਰਬਾਨੀਆਂ ਦੀ ਇਹ ਸੂਚੀ ਬਹੁਤ ਲੰਬੀ ਹੈ।
ਜਗਜੀਤ ਸਿੰਘ ਤੋਂ ਲੈ ਕੇ ਪ੍ਰੋ. ਕਿਸ਼ਨ ਸਿੰਘ, ਡਾ. ਫੌਜਾ ਸਿੰਘ, ਡਾ. ਜੇ.ਐੱਸ. ਗਰੇਵਾਲ, ਪ੍ਰੋ. ਹਰਿੰਦਰ ਸਿੰਘ ਮਹਬਿੂਬ ਤੇ ਅਜਮੇਰ ਸਿੰਘ ਤੱਕ ਸਾਰੇ ਵਿਦਵਾਨ ਇਕਮਤ ਹਨ ਕਿ ਮਿਸਲ ਕਾਲ ਸਮੇਂ ਉੱਚ ਜਾਤੀ ਵਰਗ ਦਾ ਜ਼ਮੀਨਾਂ ’ਤੇ ਕਬਜ਼ਾ ਹੋ ਗਿਆ ਅਤੇ ਬਾਅਦ ਵਿੱਚ ਉਹ ਰਾਜ ਭਾਗ ਦੇ ਮਾਲਕ ਬਣ ਗਏ ਤਾਂ ਉਨ੍ਹਾਂ ਦੇ ਮਨਾਂ ਉੱਪਰ ਖੁਦਗਰਜ਼ੀ, ਸੁਆਰਥ, ਊਚ-ਨੀਚ, ਜਾਤ-ਪਾਤ ਅਤੇ ਛੂਤ-ਛਾਤ ਨੇ ਮੁਕੰਮਲ ਗਲਬਾ ਪਾ ਲਿਆ। ਬਾਹਰੀ ਭੇਖ ਭਾਵੇਂ ਉਨ੍ਹਾਂ ਨੇ ਸਿੱਖੀ ਦਾ ਹੀ ਧਾਰਨ ਕੀਤਾ ਹੋਇਆ ਸੀ, ਪਰ ਸਿੱਖ ਸਿਧਾਂਤਾਂ ਨੂੰ ਉਨ੍ਹਾਂ ਨੇ ਪੂਰੀ ਤਰ੍ਹਾਂ ਤਿਲਾਂਜਲੀ ਦੇ ਦਿੱਤੀ ਸੀ। ਗੈਰ ਸਿੱਖ ਦਲਿਤ ਨੂੰ ਤਾਂ ਉਨ੍ਹਾਂ ਨੇ ਕੀ ਉੱਚਾ ਚੁੱਕਣਾ ਸੀ ਸਗੋਂ ਸਿੱਖੀ ਨਾਲ ਜੁੜੇ ਦਲਿਤ ਵਰਗ ਨੂੰ ਵੀ ਉਸ ਦਰਜੇ ਤੱਕ ਪਿੱਛੇ ਧੱਕ ਦਿੱਤਾ ਸੀ ਜਿੱਥੋਂ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਕੱਢਿਆ ਸੀ। ਮਹਾਰਾਜਾ ਰਣਜੀਤ ਸਿੰਘ ਦੇ ‘ਖਾਲਸਾ ਰਾਜ’ ਵਿੱਚ ਵੀ ਦਲਿਤ ਵਰਗ ਨਾਲ ਉਹੀ ਸਲੂਕ ਕੀਤਾ ਜਾਂਦਾ ਸੀ ਜੋ ਬਾਕੀ ਹਿੰਦੂ ਸਮਾਜ ਵਿੱਚ ਉਸ ਨਾਲ ਕੀਤਾ ਜਾਂਦਾ ਸੀ।
ਪੰਜਾਬ ਵਿੱਚ 1870 ਤੋਂ ਬਾਅਦ ਈਸਾਈ ਪਾਦਰੀਆਂ ਨੇ ਦਲਿਤ ਵਰਗ ਨੂੰ ਈਸਾਈ ਧਰਮ ਵਿੱਚ ਸ਼ਾਮਲ ਕਰਨਾ ਸ਼ੁਰੂ ਕਰ ਦਿੱਤਾ। ਇਸ ਵਰਗ ਕੋਲ ਇਸ ਧਰਮ ਦਾ ਆਸਰਾ ਲੈਣ ਤੋਂ ਬਗੈਰ ਹੋਰ ਕੋਈ ਚਾਰਾ ਵੀ ਨਹੀਂ ਸੀ। ਕਿਉਂਕਿ ਇਹ ਹਾਕਮਾਂ (ਅੰਗਰੇਜ਼ਾਂ) ਦਾ ਧਰਮ ਹੋਣ ਕਰਕੇ, ਉਨ੍ਹਾਂ ਨੂੰ ਸਮਾਜਿਕ ਸੁਰੱਖਿਆ ਮਿਲਦੀ ਸੀ। ਸ੍ਰੀ ਦਰਬਾਰ ਸਾਹਿਬ ਸਮੇਤ ਉਹ ਗੁਰਦੁਆਰਿਆਂ ਵਿੱਚ ਖੁੱਲ੍ਹੇਆਮ ਜਾ ਸਕਦੇ ਹਨ, ਅੰਗਰੇਜ਼ਾਂ ਦੇ ਡੰਡੇ ਤੋਂ ਡਰਦਾ ਕੋਈ ਜੱਟ ਜਾਂ ਸਨਾਤਨੀ ਸਿੱਖ ਕੁਸਕਦਾ ਨਹੀਂ ਸੀ। ਇਸੇ ਦੌਰਾਨ ਆਰੀਆ ਸਮਾਜ ਨੇ ਦਲਿਤ ਵਰਗ ਨੂੰ ਸ਼ੁੱਧ ਕਰਕੇ ਹਿੰਦੂ ਧਰਮ ਵਿੱਚ ਸ਼ਾਮਲ ਕਰਨ ਦੀ ਮੁਹਿੰਮ ਚਲਾਈ। ਦਲਿਤ ਵਰਗ ਦੇ ਇਸ ਤਰ੍ਹਾਂ ਸਿੱਖ ਧਰਮ ਛੱਡਣ ਨਾਲ ਸਿੱਖਾਂ ਦੇ ਉਸ ਪਤਵੰਤੇ ਵਰਗ ਅੰਦਰ ਚਿੰਤਾ ਪੈਦਾ ਹੋ ਗਈ ਜਿਨ੍ਹਾਂ ਨੇ ਪੱਛਮੀ ਵਿੱਦਿਆ ਪੜ੍ਹੀ ਹੋਈ ਸੀ ਤੇ ਜਿਨ੍ਹਾਂ ’ਤੇ ਆਧੁਨਿਕਤਾ ਦਾ ਪ੍ਰਭਾਵ ਸੀ। ਇਸ ਦੀ ਬਦੌਲਤ 1873 ਵਿੱਚ ਸਿੰਘ ਸਭਾ ਲਹਿਰ ਪੈਦਾ ਹੋਈ ਜਿਸ ਦਾ ਮੁੱਖ ਕਾਰਜ ਤਾਂ ਭਾਵੇਂ ‘ਹਮ ਹਿੰਦੂ ਨਹੀਂ’ ਦੀਆਂ ਟਰਮਾਂ ’ਚ ਸਿੱਖਾਂ ਦੀ ਵੱਖਰੀ ਪਛਾਣ ਕਾਇਮ ਕਰਨਾ ਸੀ, ਪਰ ਦੁਜੈਲਾ ਕੰਮ ਸਿੱਖ ਸਮਾਜ ’ਚੋਂ ਦਲਿਤਾਂ ਪ੍ਰਤੀ ਛੂਤ-ਛਾਤ (ਜਾਤ-ਪਾਤ ਨਹੀਂ) ਦੂਰ ਕਰਨਾ ਵੀ ਸੀ। ਭਾਵੇਂ ਸਿੱਖ ਸਿਧਾਂਤਾਂ ਅਨੁਸਾਰ ਕੋਈ ਵੀ ਇਨਸਾਨ ਸ਼ੁੱਧ ਜਾਂ ਅਸ਼ੁੱਧ ਨਹੀਂ ਹੈ, ਫਿਰ ਵੀ ਸਿੰਘ ਸਭਾ ਵਾਲਿਆਂ ਨੇ ਜੱਟਾਂ ਦੀ ਕ੍ਰੋਪੀ ਤੋਂ ਬਚਣ ਲਈ ਆਰੀਆ ਸਮਾਜ ਦੀ ਤਰਜ਼ ’ਤੇ ਦਲਿਤ ਸਿੱਖਾਂ ਨੂੰ ਅੰਮ੍ਰਿਤ ਛਪਾ ਕੇ ‘ਸ਼ੁੱਧ’ ਕਰਨਾ ਸ਼ੁਰੂ ਕਰ ਦਿੱਤਾ। ਅੰਮ੍ਰਿਤ ਛਕਣ ਦੇ ਬਾਵਜੂਦ ਦਲਿਤ ਸਿੱਖ ਸਮਾਜ ’ਚ ਅਭੇਦ ਨਾ ਹੋ ਸਕੇ, ਉਨ੍ਹਾਂ ਦੀ ਪਛਾਣ ਮਜ਼੍ਹਬੀ ਸਿੱਖ, ਰਵਿਦਾਸੀਏ ਸਿੱਖ, ਜੁਲਾਹੇ ਸਿੱਖ, ਰਾਏ ਸਿੱਖ, ਰਹਿਤੀਏ ਸਿੱਖ ਆਦਿ ਵਜੋਂ ਪੱਕੀ ਹੋ ਗਈ।
1892 ਵਿੱਚ ਇੰਡੀਅਨ ਕੌਂਸਲਜ਼ ਐਕਟ ਪਾਸ ਹੋਣ ਤੋਂ ਬਾਅਦ ਹਿੰਦੂ ਅਤੇ ਸਿੱਖ ਸਮਾਜ ਵਿੱਚ ਦਲਿਤਾਂ ਨੂੰ ਆਪੋ-ਆਪਣੇ ਪਾਸੇ ਖਿੱਚਣ ਦੀ ਰਾਜਸੀ ਖੇਡ ਸ਼ੁਰੂ ਹੋ ਗਈ ਕਿਉਂਕਿ ਆਬਾਦੀ ਦੇ ਲਿਹਾਜ਼ ਨਾਲ ਸੀਟਾਂ ਮਿਲਦੀਆਂ ਸਨ। ਇਸ ਕਰਕੇ ਚੀਫ਼ ਖਾਲਸਾ ਵੀ ਦਲਿਤ ਸਿੱਖਾਂ ਨੂੰ ਅੰਮ੍ਰਿਤ ਛਕਾਉਣ ਲਈ ਮੈਦਾਨ ਵਿੱਚ ਆ ਗਿਆ।
ਇਸ ਪਾਸੇ ਪੰਚ ਖਾਲਸਾ ਦੀਵਾਨ ਭਸੌੜ ਦੇ ਬਾਬੂ ਤੇਜਾ ਸਿੰਘ ਨੇ ਵੀ ਯਤਨ ਸ਼ੁਰੂ ਕਰ ਦਿੱਤੇ ਸਨ। ਪੰਚ ਖਾਲਸਾ ਦੀਵਾਨ ਨੇ 14 ਜੂਨ 1903 ਇੱਕ ਹਾੜ੍ਹ ਸੰਮਤ 1960 ਬਿ: ਨੂੰ ਫਿਲੌਰ ਨੇੜੇ ਬੱਕਾਪੁਰ ਪਿੰਡ ਵਿੱਚ ਅੰਮ੍ਰਿਤ ਸੰਚਾਰ ਸਮਾਗਮ ਰੱਖਿਆ ਜਿਸ ਵਿੱਚ ਸਿੱਖੀ ਦੇ ਸ਼ਰਧਾਲੂ ਬਣੇ ਮੌਲਵੀ ਕਰੀਮ ਬਖ਼ਸ਼ ਅਤੇ ਉਸ ਦੇ ਪਰਿਵਾਰ ਨੂੰ ਅੰਮ੍ਰਿਤ ਛਕਾ ਕੇ ਸਿੱਖ ਸਜਾਉਣਾ ਸੀ। ਮੌਲਵੀ ਕਰੀਮ ਬਖ਼ਸ਼ ਦਾ ਨਾਂ ਲਖਮੀਰ ਸਿੰਘ ਰੱਖਿਆ ਗਿਆ ਤੇ ਉਸ ਦੇ ਪੁੱਤਰ ਮੁਨਸ਼ੀ ਰੁਕਨਦੀਨ ਦਾ ਨਾਂ ਭਾਈ ਮਹਿਤਾਬ ਸਿੰਘ ਰੱਖਿਆ ਗਿਆ।
ਖਾਲਸਾ ਬਿਰਾਦਰੀ
ਪਿੰਡ ਬੱਕਾਪੁਰ ਵਿੱਚ ਜੋ ਮੁਸਲਮਾਨ ਪਰਿਵਾਰ ਸਿੰਘ ਸਜਿਆ ਸੀ, ਉਸ ਨੂੰ ਪਿੰਡ ਦੇ ਜੱਟ ਭਾਈਚਾਰੇ ਨੇ ਪ੍ਰਵਾਨ ਨਾ ਕੀਤਾ, ਉਹ ਮੁਸਲੇ ਦੇ ਮੁਸਲੇ ਹੀ ਰਹੇ। ਇਹ ਪਰਿਵਾਰ ਸ੍ਰੀ ਅੰਮ੍ਰਿਤਸਰ ਰਹਿਣ ਲੱਗ ਪਿਆ, ਪਰ ਉੱਥੇ ਵੀ ਉੱਚ ਜਾਤੀ ਸਿੱਖਾਂ ਨੇ ਇਨ੍ਹਾਂ ਨੂੰ ਅਭੇਦ ਨਾ ਕੀਤਾ। ਮੌਲਵੀ ਕਰੀਮ ਬਖ਼ਸ਼ ਤੋਂ ਲਖਮੀਰ ਸਿੰਘ ਬਣੇ ਸੱਜਣ ਦੇ ਪੁੱਤਰ ਮਹਿਤਾਬ ਸਿੰਘ ਨੇ ਆਪਣੇ ਨਾਂ ਨਾਲ ‘ਬੀਰ’ ਤਖੱਲਸ ਜੋੜ ਲਿਆ ਅਤੇ ਉਸ ਨੇ ‘ਬੀਰ’ ਨਾਂ ਦਾ ਹਫ਼ਤਾਵਾਰੀ ਅਖ਼ਬਾਰ ਕੱਢਣਾ ਸ਼ੁਰੂ ਕਰ ਦਿੱਤਾ।
30 ਜਨਵਰੀ 1907 ਨੂੰ ਮਹਿਤਾਬ ਸਿੰਘ ਬੀਰ ਅਤੇ ਹੋਰ ਰਹਿਤੀਏ ਸਿੱਖਾਂ ਨੇ ‘ਖਾਲਸਾ ਬਿਰਾਦਰੀ ਕਾਰਜ
ਸਾਧਕ ਦਲ’ ਦੀ ਸਥਾਪਨਾ ਕੀਤੀ। ਖਾਲਸਾ
ਬਿਰਾਦਰੀ ਵਿੱਚ ਜ਼ਿਆਦਾਤਰ ਰਵਿਦਾਸੀਏ ਸਿੱਖ ਹੀ ਸਨ ਜਿਨ੍ਹਾਂ ਵਿੱਚ ਲੱਖਾ ਸਿੰਘ ਬਜਾਜ ਜੰਡੂ ਸਿੰਘਾਂ (ਜਲੰਧਰ), ਪਾਲਾ ਸਿੰਘ ਬਰਨਾਲਾ ਅਤੇ ਬਹਾਦਰ ਸਿੰਘ ਆਜਜ ਸਿਆਲਕੋਟੀ ਆਦਿ ਸ਼ਾਮਲ ਸਨ। ਸ੍ਰੀ ਦਰਬਾਰ ਸਾਹਿਬ ਨੇੜੇ ਭਾਈ ਦਸੌਂਧਾ ਸਿੰਘ ਦੀ ਧਰਮਸਾਲਾ ਖਾਲਸਾ ਬਿਰਦਾਰੀ ਦੀਆਂ ਮੀਟਿੰਗਾਂ ਦਾ ਕੇਂਦਰ ਬਣ ਗਈ। ਖਾਲਸਾ ਬਿਰਾਦਰੀ ਦਲਿਤ ਵਰਗ ਨੂੰ ਸਨਮਾਨਯੋਗ ਥਾਂ ਦਿਵਾਉਣ ਲਈ ਪੂਰੀ ਤਨਦੇਹੀ ਨਾਲ ਸਰਗਰਮ ਹੋ ਗਈ। ਇਸ ਨਾਲ ਸਾਂਝੇ ਪੰਜਾਬ ਦੇ ਦਲਿਤ ਵਰਗ ਅੰਦਰ ਉਤਸ਼ਾਹ ਦੀ ਇੱਕ ਤਰੰਗ ਪੈਦਾ ਹੋ ਗਈ। ਸਿੱਟੇ ਵਜੋਂ ਖਾਲਸਾ ਬਿਰਾਦਰੀ ਨੇ 10-11-12 ਅਕਤੂਬਰ, 1920 ਨੂੰ ਸ੍ਰੀ ਅੰਮ੍ਰਿਤਸਰ ਦੇ ਜੱਲਿਆਂਵਾਲਾ ਬਾਗ਼ ਵਿੱਚ ਤਿੰਨ ਰੋਜ਼ਾ ਦੀਵਾਨ ਰੱਖਿਆ। ਦੀਵਾਨ ਵਿੱਚ ਮਹਿਤਾਬ ਸਿੰਘ ਬੀਰ, ਲੱਖਾ ਸਿੰਘ ਬਜਾਜ, ਗਿਆਨੀ ਬਹਾਦਰ ਸਿੰਘ ਆਜਜ (ਸਿਆਲਕੋਟੀ), ਪਾਲਾ ਸਿੰਘ ਬਰਨਾਲਾ ਤੇ ਜਥੇਦਾਰ ਢੇਰਾ ਸਿੰਘ (ਮਜ਼੍ਹਬੀ ਸਿੱਖ ਦਲ) ਤੋਂ ਇਲਾਵਾ ਸੈਂਕੜੇ ਦਲਿਤ ਸ਼ਾਮਲ ਸਨ। ਇਸ ਦੀਵਾਨ ਦਾ ਸ੍ਰੀ ਦਰਬਾਰ ਸਾਹਿਬ ਦੇ ਪੁਜਾਰੀਆਂ ਅਤੇ ਸ਼ਹਿਰ ਦੇ ਸਨਾਤਨੀ ਸਿੱਖਾਂ ਨੇ
ਡਟਵਾਂ ਵਿਰੋਧ ਕੀਤਾ। ਪਰ ਖਾਲਸਾ ਕਾਲਜ ਦੇ
ਕੁਝ ਪ੍ਰੋਫ਼ੈਸਰਾਂ ਤੇਜਾ ਸਿੰਘ, ਬਾਵਾ ਹਰਕਿਸ਼ਨ ਸਿੰਘ ਅਤੇ ਵਿਦਿਆਰਥੀਆਂ ਨੇ ਇਸ ਦੀਵਾਨ ਦੀ
ਡਟਵੀਂ ਹਿਮਾਇਤ ਕੀਤੀ।
12 ਅਕਤੂਬਰ ਨੂੰ ਸਵੇਰੇ ਸੰਗਤ ਕੜਾਹਿ ਪ੍ਰਸਾਦਿ ਦੀ ਦੇਗ ਲੈ ਕੇ ਸ੍ਰੀ ਦਰਬਾਰ ਸਾਹਿਬ ਪਹੁੰਚੀ। ਕੜਾਹ ਪ੍ਰਸਾਦਿ ਵਾਲੀ ਪਰਾਂਤ ਗੁਰਬਖ਼ਸ਼ ਸਿੰਘ ਰਾਹੀ ਦੇ ਪਿਤਾ ਪਾਲਾ ਸਿੰਘ ਬਰਨਾਲਾ ਦੇ ਸਿਰ ਉੱਪਰ ਰੱਖੀ ਹੋਈ ਸੀ। ਪੁਜਾਰੀਆਂ ਨੇ ਅਰਦਾਸ ਕਰਨ ਤੋਂ ਇਨਕਾਰ ਕਰ ਦਿੱਤਾ। ਸੰਗਤ ਵੱਲੋਂ ਪ੍ਰੋਫ਼ੈਸਰ ਬਾਵਾ ਹਰਕਿਸ਼ਨ ਸਿੰਘ ਨੂੰ ਅਰਦਾਸ ਕਰਨ ਦੀ ਬੇਨਤੀ ਕੀਤੀ ਗਈ। ਉਨ੍ਹਾਂ ਨੇ ਅਰਦਾਸ ਕੀਤੀ। ਹੈੱਡ ਗ੍ਰੰਥੀ ਭਾਈ ਗੁਰਬਚਨ ਸਿੰਘ ਨੇ ਗੁਰਵਾਕ ਲਿਆ, ਜੋ ਇਸ ਤਰ੍ਹਾਂ ਸੀ:
ਸੋਰਠਿ ਮ: ੩ ਦੁਤੁਕੀ
ਨਿਗੁਣਿਆ ਨੋ ਆਪੇ ਬਖਸਿ ਲਏ ਭਾਈ ਸਤਿਗੁਰ ਕੀ ਸੇਵਾ ਲਾਇ।। ਸਤਿਗੁਰ ਕੀ ਸੇਵਾ ਊਤਮ ਹੈ ਭਾਈ ਰਾਮ ਨਾਮਿ ਚਿਤੁ ਲਾਇ।।੧।। ਹਰ ਜੀਉ ਆਪੇ ਬਖਸਿ ਮਿਲਾਇ।।
ਇਸ ਤੋਂ ਬਾਅਦ ਸੰਗਤ ਸ੍ਰੀ ਅਕਾਲ ਤਖਤ ’ਤੇ ਪਹੁੰਚ ਗਈ। ਸਬੱਬ ਨਾਲ ਜਥੇਦਾਰ ਕਰਤਾਰ ਸਿੰਘ ਝੱਬਰ, ਜਥੇਦਾਰ ਤੇਜਾ ਸਿੰਘ ਭੁੱਚਰ, ਜਥੇਦਾਰ ਤੇਜਾ ਸਿੰਘ ਚੂਹੜਕਾਣਾ ਅਤੇ ਪੰਥ ਸੇਵਕ ਦੇ ਐਡੀਟਰ ਮਾਸਟਰ ਚੰਦਾ ਸਿੰਘ ਆਦਿ ਵੀ ਪਹੁੰਚ ਗਏ ਸਨ। ਉਨ੍ਹਾਂ ਨੇ ਪੁਜਾਰੀਆਂ ਨੂੰ ਕੜਾਹ ਪ੍ਰਸਾਦਿ ਦੀ ਅਰਦਾਸ ਕਰਨ ਲਈ ਕਿਹਾ, ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਗਰਮਾ-ਗਰਮੀ ਤੋਂ ਬਾਅਦ ਪੁਜਾਰੀ ਸ੍ਰੀ ਅਕਾਲ ਛੱਡ ਕੇ ਭੱਜ ਗਏ। ਮਾਸਟਰ ਚੰਦਾ ਸਿੰਘ ਹੋਰੀਂ, ਮਹੰਤ ਸੁੰਦਰ ਸਿੰਘ ਨੂੰ ਲੈਣ ਵੀ ਗਏ, ਪਰ ਉਹ ਨਾ ਆਏ। ਇਸ ’ਤੇ ਝੱਬਰ ਨੇ ਕਿਹਾ ਸ੍ਰੀ ਦਰਬਾਰ ਸਾਹਿਬ ਦੇ ਸਮੁੱਚੇ ਪ੍ਰਬੰਧ ਲਈ 25 ਮੈਂਬਰੀ ਕਮੇਟੀ ਬਣਾਈ ਜਾਵੇ, ਪਰ ਕਮੇਟੀ ਵਿੱਚ ਉਹ ਆਵੇ, ਜੋ:
1. ਫਾਂਸੀ ਮਿਲੇ ਤਾਂ ਹੱਸ ਕੇ ਚੜ੍ਹ ਜਾਣਾ
2. ਕਾਲ਼ੇ ਪਾਣੀ ਜਾਣਾ ਪਵੇ ਜਾਂ ਜਾਇਦਾਦ ਜ਼ਬਤ ਹੋਵੇ ਤਾਂ ਖਿੜੇ ਮੱਥੇ ਪ੍ਰਵਾਨ ਕਰਨਾ
3. ਉਮਰ ਕੈਦ ਮਿਲੇ ਤਾਂ ਪ੍ਰਵਾਨ ਕਰਨਾ।
ਪਰ ਕਮੇਟੀ ਵਿੱਚ 25 ਮੈਂਬਰੀ ਪੂਰੇ ਹੋਣ ਦੀ ਥਾਂ ਤੁਰੰਤ 17 ਮੈਂਬਰ ਹੀ ਭਰਤੀ ਹੋਏ ਜਿਨ੍ਹਾਂ ਵਿੱਚ ਦਸ ਮਜ਼੍ਹਬੀ ਅਤੇ ਰਵਿਦਾਸੀਏ ਸਨ।
ਇਸ ਅਦੁੱਤੀ ਘਟਨਾ ਵਿੱਚੋਂ ਬਾਅਦ ’ਚ ਨਵੰਬਰ 1920 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਜਨਮ ਲਿਆ ਤੇ ਸਿੱਖ ਰਾਜਨੀਤੀ ਨਵੇਂ ਪੜਾਅ ਵਿੱਚ ਦਾਖਲ ਹੋਈ। ਗੁਰਦੁਆਰਾ ਸੁਧਾਰ ਲਹਿਰ ਦਾ ਮੁੱਢ ਬੱਝਿਆ। 1925 ਵਿੱਚ ਆਲ ਇੰਡੀਆ ਗੁਰਦੁਆਰਾ ਐਕਟ ਪਾਸ ਹੋਇਆ। ਇਹ ਵੱਖਰਾ ਵਿਸ਼ਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਫਿਰ ਉੱਚ ਜਾਤੀ ਵਰਗ ਦਾ ਹੀ ਕਬਜ਼ਾ ਹੋ ਗਿਆ ਤੇ ਦਲਿਤ ਵਰਗ ਨੂੰ ਧੱਕ ਕੇ ਪਿਛਾਂਹ ਕਰ ਦਿੱਤਾ ਗਿਆ। ਉਨ੍ਹਾਂ ਨੂੰ ਨੁਮਾਇੰਦਗੀ ਲੈਣ ਲਈ ਲੰਬਾ ਸੰਘਰਸ਼ ਕਰਨਾ ਪਿਆ। ਅਖੀਰ ਜਦ ਗ਼ਦਰੀ ਬਾਬਾ ਸੰਤ ਵਸਾਖਾ ਸਿੰਘ 1935 ਵਿੱਚ ਸ੍ਰੀ ਅਕਾਲ ਤਖਤ ਸਾਹਿਬ
ਦੇ ਜਥੇਦਾਰ ਨਿਯੁਕਤ ਹੋਏ ਤਾਂ ਉਨ੍ਹਾਂ ਦੀ ਦਖਲਅੰਦਾਜ਼ੀ ਨਾਲ ਦਲਿਤ ਵਰਗ ’ਚੋਂ ਸਿਰਫ਼ ਦੋ ਮੈਂਬਰ ਲਏ ਗਏ, ਪਰ ਜਾਤ-ਪਾਤ ਦਾ ਵਿਤਕਰਾ ਫਿਰ ਵੀ ਜਾਰੀ ਰਿਹਾ। ਅੱਜ ਫਿਰ ਸਮੂਹ ਦਲਿਤ ਵਰਗ ਅਤੇ ਗੁਰੂ ਨਾਲ ਜੁੜੇ ਹੋਏ ਸਿੱਖ ਇਸ ਘਟਨਾ ਦੀ ਸੌ ਸਾਲਾ ਬਰਸੀ ’ਤੇ ਇੱਕਤਰ ਹੋ ਕੇ ਸ੍ਰੀ ਦਰਬਾਰ ਸਾਹਿਬ ਗੁਰੂ ਸਾਹਿਬ ਦਾ ਸ਼ੁਕਰਾਨਾ ਕਰ ਰਹੇ ਹਨ ਅਤੇ ਪੁਰਾਣੇ ਬਜ਼ੁਰਗਾਂ ਨੂੰ ਯਾਦ ਕਰ ਰਹੇ ਹਨ ਜਿਨ੍ਹਾਂ ਦੀ ਘਾਲਣਾ ਸਦਕਾ ਦਲਿਤ ਵਰਗ ਲਈ ਸ੍ਰੀ ਦਰਬਾਰ ਸਾਹਿਬ ਦੇ ਦਰਵਾਜ਼ੇ ਖੁੱਲ੍ਹੇ ਸਨ।
ਸੰਪਰਕ: 98157-51332