ਆਪਣੇ ਬਾਨੀ ਨੂੰ ਯਾਦ ਕਰਦਿਆਂ
‘ਦਿ ਟ੍ਰਿਬਿਊਨ’ ਨੂੰ 2 ਫਰਵਰੀ 1881 ਨੂੰ ਲਾਹੌਰ ਵਿਖੇ ਪ੍ਰਕਾਸ਼ਤ ਹੋਣ ਤੋਂ ਬਾਅਦ ਬ੍ਰਿਟਿਸ਼ ਸ਼ਾਸਨ ਦੌਰਾਨ ਬੇਸ਼ੁਮਾਰ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਅਤੇ ਅਜਿਹਾ ਹੀ ਫਿਰ 1947 ਵਿੱਚ ਉਦੋਂ ਹੋਇਆ ਜਦੋਂ ਇਸ ਨੂੰ ਆਪਣੇ ਘਰ ਤੋਂ ਉਖਾੜਿਆ ਗਿਆ।
ਪਿਛਲੇ ਦਹਾਕਿਆਂ ਵਿੱਚ ‘ਦਿ ਟ੍ਰਿਬਿਊਨ’ ਨੇ ਆਪਣੀ ਪੇਸ਼ੇਵਰ ਅਖੰਡਤਾ ’ਤੇ ਨਿਡਰਤਾ ਨਾਲ ਪਹਿਰਾ ਦਿੱਤਾ ਹੈ ਅਤੇ ਲੋਕਾਂ ਦੀ ਆਵਾਜ਼ ਦੇ ਤੌਰ ’ਤੇ ਸ਼ਲਾਘਾਯੋਗ ਢੰਗ ਨਾਲ ਆਪਣੀ ਭੂਮਿਕਾ ਨੂੰ ਨਿਭਾਇਆ ਹੈ। ‘ਦਿ ਟ੍ਰਿਬਿਊਨ’ ਨੇ ਵਾਰ ਵਾਰ ਹੋਣ ਵਾਲੇ ਉਤਰਾਅ ਚੜ੍ਹਾਅ ਦੇ ਬਾਵਜੂਦ ਸਮੁੱਚੇ ਉੱਤਰੀ ਭਾਰਤ ਵਿੱਚ ਅਖ਼ਬਾਰਾਂ ਦੇ ਪਾਠਕਾਂ ਵਿੱਚ ਅਹਿਮ ਸਥਿਤੀ ’ਤੇ ਹੋਣ ਦਾ ਆਨੰਦ ਮਾਣਨਾ ਜਾਰੀ ਰੱਖਿਆ ਹੋਇਆ ਹੈ।
ਅੱਜ, ਆਪਣੇ ਸਥਾਪਨਾ ਦਿਵਸ ਦੀ 140ਵੀਂ ਵਰ੍ਹੇਗੰਢ ’ਤੇ ਟ੍ਰਿਬਿਊਨ ਟਰੱਸਟ ਦੇ ਟਰੱਸਟੀ, ਟ੍ਰਿਬਿਊਨ ਗਰੁੱਪ ਦੇ ਸਾਰੇ ਅਹੁਦੇਦਾਰ ਅਤੇ ਟ੍ਰਿਬਿਊਨ ਸਕੂਲ ਦੇ ਅਧਿਆਪਕ, ਵਿਦਿਆਰਥੀ ਅਤੇ ਸਟਾਫ ਆਪਣੇ ਦੂਰਦਰਸ਼ੀ ਸੰਸਥਾਪਕ ਸਰਦਾਰ ਦਿਆਲ ਸਿੰਘ ਮਜੀਠੀਆ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹਾਂ ਅਤੇ ਉਨ੍ਹਾਂ ਦੇ ਨੇਕ ਮਿਸ਼ਨ ਨੂੰ ਸਮਰਪਿਤ ਢੰਗ ਨਾਲ ਅੱਗੇ ਵਧਾਉਣ ਲਈ ਆਪਣੇ ਆਪ ਨੂੰ ਸਮਰਪਿਤ ਕਰਦੇ ਹਾਂ।’’
ਪ੍ਰਧਾਨ, ਦਿ ਟ੍ਰਿਬਿਊਨ ਟਰੱਸਟ
ਐੱਨ.ਐੱਨ. ਵੋਹਰਾ।
ਲੋਕ ਭਲਾਈ ਦੇ ਜਜ਼ਬੇ ਪ੍ਰਤੀ ਵਚਨਬੱਧ
ਮੈਂ ਉੱਤਰ ਭਾਰਤ ਦੇ ਮੰਨੇ ਪ੍ਰਮੰਨੇ ਅਤੇ ਸਭ ਤੋਂ ਵਧ ਪੜ੍ਹੇ ਜਾਣ ਵਾਲੇ ਪੁਰਾਣੇ ਅਖ਼ਬਾਰਾਂ ਵਿਚੋਂ ਇਕ ‘ਦਿ ਟ੍ਰਿਬਿਊਨ’ ਨੂੰ ਉਸ ਦੀ 140ਵੀਂ ਵਰ੍ਹੇਗੰਢ ’ਤੇ ਵਧਾਈ ਦਿੰਦਾ ਹਾਂ। ‘ਦਿ ਟ੍ਰਿਬਿਊਨ’ ਹਮੇਸ਼ਾ ਨਿਰਪੱਖ ਅਤੇ ਆਜ਼ਾਦ ਪੱਤਰਕਾਰੀ ਕਰਦਾ ਆ ਰਿਹਾ ਹੈ। ਇਹ ਅਖ਼ਬਾਰ ਇਤਿਹਾਸਕ ਅਤੇ ਕੌਮੀ ਅੰਦੋਲਨਾਂ ਦਾ ਅਹਿਮ ਹਿੱਸਾ ਰਿਹਾ ਹੈ, ਜਿਸ ਤੋਂ ਆਜ਼ਾਦੀ ਘੁਲਾਟੀਆਂ ਦੀਆਂ ਪੀੜ੍ਹੀਆਂ ਪ੍ਰੇਰਣਾ ਲੈਂਦੀਆਂ ਆ ਰਹੀਆਂ ਹਨ। ਸਮਾਜ ਸੇਵੀ ਸਰਦਾਰ ਦਿਆਲ ਸਿੰਘ ਮਜੀਠੀਆ ਨੇ ਲੋਕਾਂ ਦੀ ਭਲਾਈ ਦੇ ਉਦੇਸ਼ ਨਾਲ 2 ਫਰਵਰੀ 1881 ਨੂੰ ਇਸ ਅਖ਼ਬਾਰ ਦੀ ਸਥਾਪਨਾ ਕੀਤੀ ਸੀ। ਇਹ ਅਖ਼ਬਾਰ 140 ਸਾਲਾਂ ਤੋਂ ਲੋਕ ਭਲਾਈ ਦੇ ਆਪਣੇ ਜਜ਼ਬੇ ਪ੍ਰਤੀ ਵਚਨਬੱਧ ਰਿਹਾ ਹੈ। ਆਜ਼ਾਦੀ ਤੋਂ ਪਹਿਲਾਂ ‘ਦਿ ਟ੍ਰਿਬਿਊਨ’ ਨੇ ਬਸਤੀਵਾਦੀ ਹਕਮੂਤ ਦੀਆਂ ਵਧੀਕੀਆਂ ਦੀ ਬੇਬਾਕੀ ਨਾਲ ਆਲੋਚਨਾ ਕੀਤੀ। ਪ੍ਰਸਿੱਧ ਸੰਪਾਦਕ ਕਾਲੀਨਾਥ ਰੇਅ ਨੇ ਮਾਰਚ-ਅਪਰੈਲ 1919 ਦੌਰਾਨ ਲੈਫਟੀਨੈਂਟ ਗਵਰਨਰ ਮਾਈਕਲ ਓਡਵਾਇਰ ਦੀਆਂ ਉਨ੍ਹਾਂ ਨੀਤੀਆਂ ਦੀ ਸਖ਼ਤ ਆਲੋਚਨਾ ਕਰਦਿਆਂ ਸੰਪਾਦਕੀਆਂ ਲਿਖੀਆਂ ਸਨ ਜਿਨ੍ਹਾਂ ਕਾਰਨ ਜੱਲ੍ਹਿਆਂਵਾਲਾ ਬਾਗ ਕਾਂਡ ਵਾਪਰਿਆ ਸੀ। ਇਨ੍ਹਾਂ ਸੰਪਾਦਕੀਆਂ ਕਾਰਨ ਸ੍ਰੀ ਰੇਅ ਨੂੰ ਜੇਲ੍ਹ ਵੀ ਜਾਣਾ ਪਿਆ ਅਤੇ ਕੁਝ ਸਮੇਂ ਲਈ ਅਖ਼ਬਾਰ ਦਾ ਪ੍ਰਕਾਸ਼ਨ ਵੀ ਬੰਦ ਕਰਨਾ ਪਿਆ ਸੀ, ਪਰ ਅਜਿਹੇ ਦਮਨਕਾਰੀ ਕਦਮਾਂ ਤੋਂ ‘ਦਿ ਟ੍ਰਿਬਿਊਨ’ ਪਹਿਲਾਂ ਨਾਲੋਂ ਹੋਰ ਤਾਕਤਵਰ ਬਣ ਕੇ ਉਭਰਿਆ ਅਤੇ ਮਹਾਤਮਾ ਗਾਂਧੀ ਨੇ ਅਖ਼ਬਾਰ ਅਤੇ ਇਸ ਦੇ ਸੰਪਾਦਕ ਲਈ ਇਨਸਾਫ਼ ਦੀ ਮੰਗ ਵੀ ਕੀਤੀ ਸੀ।
ਇਹ ਸ਼ਲਾਘਾਯੋਗ ਹੈ ਕਿ ‘ਦਿ ਟ੍ਰਿਬਿਊਨ’ ਸਰਦਾਰ ਦਿਆਲ ਸਿੰਘ ਮਜੀਠੀਆ ਦੇ ਵਿਚਾਰਾਂ ਤੋਂ ਲਗਾਤਾਰ ਪ੍ਰੇਰਣਾ ਲੈਂਦਾ ਆ ਰਿਹਾ ਹੈ, ਜਿਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਸੀ ਕਿ ਇਸ ਦਾ ਪ੍ਰਬੰਧਨ ਉੱਘੀਆਂ ਹਸਤੀਆਂ ’ਤੇ ਆਧਾਰਤ ਟਰੱਸਟ ਵੱਲੋਂ ਚਲਾਇਆ ਜਾਣਾ ਚਾਹੀਦਾ ਹੈ। ਮੈਨੂੰ ਪੂਰਾ ਯਕੀਨ ਹੈ ਕਿ ‘ਦਿ ਟ੍ਰਿਬਿਊਨ’ ਆਜ਼ਾਦ ਅਤੇ ਨਿਰਪੱਖ ਪੱਤਰਕਾਰੀ ਦੀ ਮਸ਼ਾਲ ਬਲਦੀ ਰੱਖਦਿਆਂ ਆਉਂਦੇ ਸਾਲਾਂ ’ਚ ਹੋਰ ਬੁਲੰਦੀਆਂ ਛੋਹੇਗਾ।
ਰਾਸ਼ਟਰਪਤੀ
ਰਾਮਨਾਥ ਕੋਵਿੰਦ।
ਦੇਸ਼ ਭਗਤੀ ਦੀ ਚਿਣਗ ਲਾਉਣ ਵਾਲਾ
ਮੈਨੂੰ ਇਹ ਜਾਣ ਕੇ ਖ਼ੁਸ਼ੀ ਹੋ ਰਹੀ ਹੈ ਕਿ ‘ਦਿ ਟ੍ਰਿਬਿਊਨ’ ਫਰਵਰੀ 2021 ’ਚ ਆਪਣਾ 140ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ। ਇਹ ਮੌਕਾ ਅਖ਼ਬਾਰ ਦੇ ਯਾਦਗਾਰੀ ਸਫ਼ਰ ਵਿਚ ਇਕ ਮਹੱਤਵਪੂਰਨ ਮੀਲ ਪੱਥਰ ਹੈ। ਬਸਤੀਵਾਦ ਖ਼ਿਲਾਫ਼ ਲੋਕਾਂ ’ਚ ਦੇਸ਼ ਭਗਤੀ ਦੀ ਚਿਣਗ ਜਗਾਉਣ ਤੋਂ ਲੈ ਕੇ ਪੀੜ੍ਹੀਆਂ ਨੂੰ ਜ਼ਿੰਮੇਵਾਰ ਖ਼ਬਰਾਂ ਤੇ ਵਿਚਾਰਾਂ ਅਤੇ ਸਮਾਜਕ-ਸੱਭਿਆਚਾਰਕ ਸੰਵੇਦਨਸ਼ੀਲਤਾ ਰਾਹੀਂ ਪ੍ਰੇਰਿਤ ਕਰਨ ਤੱਕ, ਮੀਡੀਆ ਅਦਾਰੇ ਦਾ ਯੋਗਦਾਨ ਮਿਸਾਲੀ ਰਿਹਾ ਹੈ। ਮੁਲਕ ਦੀ ਉਸਾਰੀ ’ਚ ਅੱਜ ਮੀਡੀਆ ਬਰਾਬਰ ਦਾ ਭਾਈਵਾਲ ਹੈ। ਅਸੀਂ ਦੇਖਿਆ ਹੈ ਕਿ ਕਿਵੇਂ ਪਿਛਲੇ ਕੁਝ ਸਾਲਾਂ ’ਚ, ਇਸ ਨੇ ਕਈ ਸਮਾਜਕ ਤੇ ਵਿਹਾਰਕ ਬਦਲਾਅ ਲਈ ਚੱਲੀਆਂ ਮੁਹਿੰਮਾਂ ਨੂੰ ਮਜ਼ਬੂਤੀ ਬਖ਼ਸ਼ੀ ਹੈ ਅਤੇ ਇਨ੍ਹਾਂ ਨੂੰ ਲੋਕ ਮੁਹਿੰਮਾਂ ਬਣਾਉਣ ’ਚ ਯੋਗਦਾਨ ਪਾਇਆ ਹੈ। ਅਜੋਕੇ ਡਿਜੀਟਲੀ ਸਮਰੱਥ ਸਮਾਜ ਵਿਚ, ਮੀਡੀਆ ਦੀ ਪਹੁੰਚ ’ਚ ਵਿਸ਼ਾਲ ਵਾਧਾ ਦੇਖਣ ਨੂੰ ਮਿਲਿਆ ਹੈ। ਤਕਨੀਕ ਅੱਜ ਵੱਖ-ਵੱਖ ਮੁੱਦਿਆਂ ਬਾਰੇ ਲੋਕ ਰਾਇ ਨੂੰ ਤੇਜ਼ੀ ਨਾਲ ਆਕਾਰ ਦਿੰਦੀ ਹੈ। ਅਜਿਹੇ ਮਹੌਲ ’ਚ, ਸਟੀਕਤਾ ਤੇ ਸਚਾਈ ਕਾਇਮ ਰੱਖਣ ਦੇ ਸੰਦਰਭ ’ਚ ਅਖ਼ਬਾਰਾਂ ਦੀ ਭੂਮਿਕਾ ਹੋਰ ਵੀ ਜ਼ਿਆਦਾ ਸਾਰਥਕ ਹੋ ਜਾਂਦੀ ਹੈ।
ਲੋਕ ਹਿੱਤ ਦੇ ਮੁੱਦੇ ਅੱਗੇ ਲਿਆਉਣ ਅਤੇ ਸਾਰਿਆਂ ਦੀਆਂ ਲੋੜਾਂ ਪੂਰੀਆਂ ਕਰਨ ਦੇ ਯਤਨਾਂ ਨਾਲ ਵੀ ਜਮਹੂਰੀਅਤ ਮਜ਼ਬੂਤ ਹੁੰਦੀ ਹੈ। ਸਾਧਾਰਣ ਵਿਅਕਤੀਆਂ ਵੱਲੋਂ ਕੀਤੇ ਵਿਲੱਖਣ ਯਤਨਾਂ ਤੇ ਪ੍ਰਾਪਤੀਆਂ ਨੂੰ ਉਭਾਰਨਾ ਵੀ ਅਹਿਮ ਹੈ। ਅਸੀਂ ਆਤਮ-ਨਿਰਭਰ ਤੇ ਆਤਮ-ਸਮਰੱਥ ਭਾਰਤ ਦੇ ਨਿਰਮਾਣ, ਦੇਸ਼ ਵਾਸੀਆਂ ਦੇ ਸੁਫ਼ਨਿਆਂ ਤੇ ਰੀਝਾਂ ਦੀ ਪੂਰਤੀ ਬਾਰੇ ਪ੍ਰਗਟਾਈ ਆਪਣੀ ਵਚਨਬੱਧਤਾ ਪ੍ਰਤੀ ਦ੍ਰਿੜ੍ਹ ਹਾਂ। ਤਾਕਤ ਨੂੰ ਗੁਣਾ ਕਰਨ ਵਾਲੇ ਦੇ ਰੂਪ ਚ, ਮੀਡੀਆ ਦੀ ਭੂਮਿਕਾ ਇਸ ਅਹਿਦ ਦੀ ਪੂਰਤੀ ਲਈ ਬੇਹੱਦ ਮਹੱਤਵਪੂਰਨ ਹੈ। ‘ਦਿ ਟ੍ਰਿਬਿਊਨ’ ਦੀ ਸਾਰੀ ਟੀਮ ਤੇ ਇਸ ਦੇ ਪਾਠਕਾਂ ਨੂੰ ਇਸ ਮੌਕੇ ਦਿਲੋਂ ਮੁਬਾਰਕਬਾਦ ਤੇ ਸ਼ੁੱਭ ਇੱਛਾਵਾਂ। ਮੈਂ ਪ੍ਰਕਾਸ਼ਨ ਸਮੂਹ ਨਾਲ ਜੁੜੇ ਹਰ ਵਿਅਕਤੀ ਨੂੰ ਭਵਿੱਖੀ ਉਪਰਾਲਿਆਂ ਲਈ ਸ਼ੁੱਭ ਇੱਛਾਵਾਂ ਦਿੰਦਾ ਹਾਂ।
ਪ੍ਰਧਾਨ ਮੰਤਰੀ
ਨਰਿੰਦਰ ਮੋਦੀ।
ਨਿਡਰ ਤੇ ਅਡੋਲ ਪਹੁੰਚ
‘ਦਿ ਟ੍ਰਿਬਿਊਨ’ ਸੱਚਮੁਚ ਹੀ ਖਿੱਤੇ ਦੇ ਲੋਕਾਂ ਦੀ ਆਵਾਜ਼ ਹੈ ਅਤੇ ਇਹ ਭਾਰਤ ਦੇ ਪ੍ਰਭੂ ਸੰਪੰਨ ਤੇ ਖੁਦਮੁਖ਼ਤਾਰ ਦੇਸ਼ ਵਜੋਂ ਵਿਕਾਸ ਕਰਨ ਦੇ 140 ਸਾਲਾਂ ਦੇ ਇਤਿਹਾਸ ਅਤੇ ਘਟਨਾਵਾਂ ਦਾ ਗਵਾਹ ਹੈ। ਬਰਤਾਨਵੀ ਸ਼ਾਸਕਾਂ ਦੇ ਅੱਤਿਆਚਾਰ, ਆਜ਼ਾਦੀ ਘੁਲਾਟੀਆਂ ਦੀ ਦਲੇਰੀ, ਵੰਡ ਦਾ ਦਰਦ, ਆਜ਼ਾਦੀ ਨਾਲ ਨਵੀਂ ਉਮੀਦ ਪੈਦਾ ਹੋਣ, ਨਵੇਂ ਭਾਰਤ ਦੀ ਉਸਾਰੀ ਅਤੇ ਆਲਮੀ ਸ਼ਕਤੀ ਵਜੋਂ ਇਸ ਦੇ ਵਿਕਾਸ ਸਮੇਤ ਹਰ ਪਲ ਇਸ ਅਖਬਾਰ ਨੇ ਅੱਖੀਂ ਵੇਖਿਆ ਹੈ।
ਮਹਾਤਮਾ ਗਾਂਧੀ ਇਸ ਨੂੰ ‘ਭਾਰਤ ਦਾ ਬਿਹਤਰੀਨ ਵਿਚਾਰਾਂ ਵਾਲਾ ਅਖਬਾਰ’ ਮੰਨਦੇ ਸਨ। ‘ਦਿ ਟ੍ਰਿਬਿਊਨ’ ਆਪਣੀਆਂ ਸਹਿਯੋਗੀ ਪ੍ਰਕਾਸ਼ਨਾਵਾਂ ‘ਪੰਜਾਬੀ ਟ੍ਰਿਬਿਊਨ’ ਅਤੇ ‘ਦੈਨਿਕ ਟ੍ਰਿਬਿਊਨ’ ਸਮੇਤ ਪੱਤਰਕਾਰੀ ਦੇ ਉੱਚੇ ਮਿਆਰਾਂ ਤੇ ਸਿਧਾਤਾਂ ਨੂੰ ਕਾਇਮ ਰੱਖ ਰਿਹਾ ਹੈ।
ਇਸ ਨੇ ਆਪਣੇ ਦੂਰ-ਅੰਦੇਸ਼ ਸੰਸਥਾਪਕ ਸਰਦਾਰ ਦਿਆਲ ਸਿੰਘ ਮਜੀਠੀਆ ਦੀ ਮਜ਼ਬੂਤ ਵਿਰਾਸਤ ਨੂੰ ਸੰਭਾਲਿਆ ਹੋਇਆ ਹੈ। ਇਹ ਪੱਤਰਕਾਰੀ ਦੀਆਂ ਨੈਤਿਕ ਕਦਰਾਂ ਕਾਇਮ ਰੱਖਦਿਆਂ, ਬਿਨਾਂ ਕਿਸੇ ਪੱਖਪਾਤ ਦੇ ਆਪਣੇ ਅਡੋਲ ਰਾਹ ’ਤੇ ਚੱਲਦਿਆਂ ਹਰ ਤਰ੍ਹਾਂ ਦੀਆਂ ਘਟਨਾਵਾਂ ਦੀ ਕਵਰੇਜ ਕਰ ਰਿਹਾ ਹੈ। ਬਿਨਾ ਸ਼ੱਕ ਇਹ ਖਿੱਤੇ ਦੇ ਬੇਹੱਦ ਸਤਿਕਾਰੇ ਜਾਣ ਵਾਲੇ ਅਖਬਾਰਾਂ ਵਿਚ ਸ਼ਾਮਲ ਹੈ।
ਪਿਛਲੇ 10 ਸਾਲਾਂ ਤੋਂ ‘ਦਿ ਟ੍ਰਿਬਿਊਨ’ ਦਾ ਪਾਠਕ ਹੋਣ ਸਦਕਾ ਮੈਂ ਇਸ ਅਖਬਾਰ ਵੱਲੋਂ ਕਾਇਮ ਰੱਖੇ ਜਾਂਦੇ ਪੱਤਰਕਾਰੀ ਦੇ ਉੱਚੇ ਮਿਆਰਾਂ, ਇਸ ਦੀ ਨਿਡਰ ਤੇ ਅਡੋਲ ਪਹੁੰਚ, ਜ਼ਬਤ ਅਤੇ ਸੰਜਮ ਅਪਣਾਏ ਜਾਣ ਦੀ ਪੁਸ਼ਟੀ ਕਰ ਸਕਦਾ ਹਾਂ। ਇਹ ਇੱਕ ਚਮਤਕਾਰ ਹੀ ਹੈ ਕਿ ਪੰਜਾਬ ਦਾ ਸਭ ਤੋਂ ਪੁਰਾਣਾ ਇਹ ਅਖਬਾਰ ਖਿੱਤੇ ਵਿਚ ਪਿਛਲੀਆਂ ਪੰਜ ਪੀੜ੍ਹੀਆਂ ਲਈ ਖ਼ਬਰਾਂ ਦਾ ਸਭ ਤੋਂ ਭਰੋਸੇਯੋਗ ਸਰੋਤ ਹੈ।
ਮੈਂ ‘ਦਿ ਟ੍ਰਿਬਿਊਨ’ ਦੀ ਟੀਮ ਨੂੰ ਇਸ ਦੇ 140ਵੇਂ ਸਥਾਪਨਾ ਦਿਵਸ ਮੌਕੇ ਮੁਬਾਰਕਬਾਦ ਦਿੰਦਾ ਹਾਂ। ਮੈਨੂੰ ਯਕੀਨ ਹੈ ਕਿ ਲੋਕਾਂ ਪ੍ਰਤੀ ਆਪਣੀਆਂ ਇਨ੍ਹਾਂ ਬਿਹਤਰੀਨ ਸੇਵਾਵਾਂ ਸਦਕਾ ਇਹ ਅਗਲੇ ਆਉਣ ਵਾਲੇ ਬਹੁਤ ਸਾਲਾਂ ਵਿਚ ਨਵੇਂ ਮੁਕਾਮ ਹਾਸਲ ਕਰਦਿਆਂ ਨਿਰਪੱਖ, ਨਿਡਰ ਤੇ ਬਿਨਾ ਕਿਸੇ ਦਬਾਅ ਵਾਲੀ ਪੱਤਰਕਾਰੀ ਦਾ ਝੰਡਾਬਰਦਾਰ ਬਣਿਆ ਰਹੇਗਾ।
ਵੀਪੀ ਸਿੰਘ ਬਦਨੌਰ, ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ
ਸ਼ਾਨਾਮੱਤੀ ਵਿਰਾਸਤ
ਮੈਂ ਟ੍ਰਿਬਿਊਨ ਪ੍ਰਕਾਸ਼ਨ ਸਮੂਹ ਦੀ ਪੂਰੀ ਟੀਮ ਨੂੰ ਉਨ੍ਹਾਂ ਦੇ 140ਵੇਂ ਸਥਾਪਨਾ ਦਿਹਾੜੇ ਲਈ ਮੁਬਾਰਕਬਾਦ ਦਿੰਦਾ ਹਾਂ। ਅੱਜ ਦਾ ਦਿਨ ਇਸ ਪ੍ਰਕਾਸ਼ਨ ਸਮੂਹ ਦੀ ਸ਼ਾਨਾਮੱਤੀ ਵਿਰਾਸਤ ਵਿਚ ਇਕ ਹੋਰ ਮੀਲਪੱਥਰ ਹੈ ਜਿਸ ਨੇ ਦੇਸ਼ ਦੀ ਅਜ਼ਾਦੀ ਤੋਂ ਪਹਿਲਾਂ ਤੇ ਮਗਰੋਂ ਸੁਤੰਤਰ, ਨਿਰਪੱਖ ਤੇ ਨਿਡਰ ਪੱਤਰਕਾਰੀ ਦੇ ਖਿਆਲ ਅਤੇ ਸੁਭਾਅ ਨੂੰ ਕਾਇਮ ਰੱਖਣ ਵਿਚ ਅਸਾਧਾਰਨ ਤੇ ਮਿਸਾਲੀ ਭੂਮਿਕਾ ਨਿਭਾਈ ਹੈ। ‘ਦਿ ਟ੍ਰਿਬਿਊਨ’ ਜਿਸ ਦਾ ਮਹਾਤਮਾ ਗਾਂਧੀ ਨੇ ਇਕ ਵਾਰ ਦੇਸ਼ ਦੇ ‘ਸ੍ਰੇਸ਼ਠ’ ਅਖ਼ਬਾਰ ਵਜੋਂ ਵਰਨਣ ਕੀਤਾ ਸੀ, ਆਪਣੀਆਂ ਦੋ ਹੋਰ ਪ੍ਰਕਾਸ਼ਨਾਵਾਂ ‘ਪੰਜਾਬੀ ਟ੍ਰਿਬਿਊਨ’ ਤੇ ‘ਦੈਨਿਕ ਟ੍ਰਿਬਿਊਨ’ ਨਾਲ ਪਿਛਲੇ ਸਾਲਾਂ ਵਿਚ ਦੇਸ਼ ਦੀ ਤਰੱਕੀ ਨੂੰ ਬਲ ਬਖ਼ਸ਼ਣ ਦਾ ਵਸੀਲਾ ਬਣਿਆ ਹੈ। ਹੁਣ ਜਦੋਂ ਪੇਚੀਦਾ ਨਵੇਂ ਭਾਰਤ ਵਿਚ ਮੀਡੀਆ ਦੀ ਭੂਮਿਕਾ ਲਗਾਤਾਰ ਵੱਧ ਚੁਣੌਤੀਪੂਰਨ ਹੁੰਦੀ ਜਾ ਰਹੀ ਹੈ, ਮੈਂ ਦੇਖਦਾ ਹਾਂ ਕਿ ਇਹ ਸਮੂਹ ਆਪਣੀ ਰਵਾਇਤੀ ਦਿਆਨਤਦਾਰੀ ਤੇ ਪੇਸ਼ੇਵਾਰਾਨਾ ਮੁਹਾਰਤ ਸਦਕਾ ਦੇਸ਼ ਦੀ ਤਰੱਕੀ ਤੇ ਅਗਲੇ ਪੜਾਅ ਦੀ ਤਬਦੀਲੀ ਦੀ ਮੂਹਰੇ ਹੋ ਕੇ ਅਗਵਾਈ ਕਰ ਰਿਹਾ ਹੈ। ਮੈਂ ਟ੍ਰਿਬਿਊਨ ਸਮੂਹ ਦੀ ਪੂਰੀ ਟੀਮ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ ਕਿ ਉਹ ਦੂਰਅੰਦੇਸ਼ੀ ਪਹੁੰਚ ਵਾਲੇ ਪ੍ਰਬੰਧਨ ਦੀ ਪ੍ਰਭਾਵਸ਼ਾਲੀ ਅਗਵਾਈ ਹੇਠ ਆਉਂਦੇ ਸਾਲਾਂ ਵਿਚ ਲੋਕਾਂ ਨੂੰ ਚੌਕਸ ਕਰਨ ਦੇ ਨਾਲ ਉਨ੍ਹਾਂ ਦੀ ਆਵਾਜ਼ ਬੁਲੰਦ ਕਰਨੀ ਜਾਰੀ ਰੱਖਣ।
ਕੈਪਟਨ ਅਮਰਿੰਦਰ ਸਿੰਘ, ਪੰਜਾਬ ਦੇ ਮੁੱਖ ਮੰਤਰੀ
ਫ਼ਖ਼ਰ ਦਾ ਵੇਲਾ
ਮੈਨੂੰ ਇਹ ਜਾਣ ਕੇ ਬੜੀ ਖ਼ੁਸ਼ੀ ਹੋਈ ਹੈ ਕਿ ‘ਦਿ ਟ੍ਰਿਬਿਊਨ’ ਆਪਣੀ 140ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਇਹ ਨਾ ਸਿਰਫ਼ ਅਖ਼ਬਾਰ ਲਈ ਸਗੋਂ ਦੇਸ਼ ਭਰ ਦੇ ਮੀਡੀਆ ਜਗਤ ਵਾਸਤੇ ਬੜੇ ਫ਼ਖ਼ਰ ਦਾ ਵੇਲਾ ਹੈ। ਸ਼ੁਰੂਆਤ ਤੋਂ ਹੀ ‘ਦਿ ਟ੍ਰਿਬਿਊਨ’ ਆਪਣੀ ਨਿਰਪੱਖ, ਪਾਰਦਰਸ਼ੀ ਅਤੇ ਨਿੱਡਰ ਪੱਤਰਕਾਰੀ ਰਾਹੀਂ ਭਾਰਤ ਦੇ ਭਵਿੱਖੀ ਨਕਸ਼ ਘੜਨ ਵਿਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਇਕ ਸਦੀ ਤੋਂ ਵੱਧ ਅਰਸੇ ਤੋਂ ‘ਦਿ ਟ੍ਰਿਬਿਊਨ’ ਨੇ ਲੋਕਾਂ ਦੇ ਦਿਲ ਵਿਚ ਸੱਚੀਆਂ ਤੇ ਖਰੀਆਂ ਭਾਵਨਾਵਾਂ ਨੂੰ ਸ਼ਬਦ ਦੇਣ ਵਿਚ ਮੂਹਰੀ ਭੂਮਿਕਾ ਨਿਭਾਈ ਹੈ ਜੋ ਸ਼ਲਾਘਾਯੋਗ ਤੇ ਵਿਲੱਖਣ ਹੈ। ‘ਦਿ ਟ੍ਰਿਬਿਊਨ’ ਵਗਰੇ ਅਖ਼ਬਾਰਾਂ ਦਾ ਸਾਡੀ ਜਮਹੂਰੀਅਤ ਨੂੰ ਮਜ਼ਬੂਤ ਬਣਾਉਣ ਵਿਚ ਵੱਡਾ ਯੋਗਦਾਨ ਹੈ। ਮੈਂ ਟ੍ਰਿਬਿਊਨ ਸਮੂਹ ਨੂੰ ਇਹ ਅਹਿਮ ਮੁਕਾਮ ਹਾਸਲ ਕਰਨ ਅਤੇ ਇਕ ਸੰਸਥਾ ਵਜੋਂ ਮੀਡੀਆ ਦੀ ਮਾਣਮੱਤੀ ਵਿਰਾਸਤ ਸੰਭਾਲੀ ਰੱਖਣ ਲਈ ਮੁਬਾਰਕਬਾਦ ਦਿੰਦਾ ਹਾਂ। ਮੈਂ ਕਾਮਨਾ ਕਰਦਾ ਹਾਂ ਕਿ ਟ੍ਰਿਬਿਊਨ ਗਰੁੱਪ ਭਵਿੱਖ ਵਿਚ ਨਵੀਆਂ ਸਫ਼ਲਤਾਵਾਂ ਹਾਸਲ ਕਰੇ।
ਰਾਜਨਾਥ ਸਿੰਘ, ਭਾਰਤ ਦੇ ਰੱਖਿਆ ਮੰਤਰੀ
