ਬਹਾਦਰ ਸਿੰਘ ਗੋਸਲ
ਭਾਰਤ ਦੀ ਇਹ ਬਦਕਿਸਮਤੀ ਰਹੀ ਹੈ ਕਿ ਆਜ਼ਾਦੀ ਦੇ 73 ਸਾਲਾਂ ਵਿੱਚ ਵੀ ਅਸੀਂ ਆਪਣੀ ਸਿੱਖਿਆ ਨੀਤੀ ਨੂੰ ਸਹੀ ਸੇਧ ਦੇ ਕੇ ਹਰਮਨ ਪਿਆਰੀ ਨਹੀਂ ਬਣਾ ਸਕੇ। ਕੁਠਾਰੀ ਕਮਿਸ਼ਨ, ਚਟੋਪਾਧਿਆਏ ਕਮਿਸ਼ਨ ਅਤੇ ਦੂਜੇ ਵਿਦਿਅਕ ਕਮਿਸ਼ਨਾਂ ਅਤੇ ਵੱਖ-ਵੱਖ ਕਮੇਟੀਆਂ ਦੀਆਂ ਰੀਪੋਰਟਾਂ ਦੇ ਬਾਵਜੂਦ ਅਸੀਂ ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਾਪਤੀਆਂ ਕਰਨ ਵਿੱਚ ਅਸਫ਼ਲ ਰਹੇ ਹਾਂ ਅਤੇ ਅੱਜ ਵੀਂ ਪਰਨਾਲਾ ਉੱਥੇ ਦਾ ਉੱਥੇ ਵਾਲੀ ਗੱਲ ਜਾਪਦੀ ਹੈ। ਸਿੱਖਿਆ ਦਾ ਮਹਿੰਗਾ ਹੋਣਾ, ਗਰੀਬ-ਅਮੀਰ ਦਾ ਪਾੜਾ ਵਿਦਿਆ ਕਾਰਨ ਬੇਰੁਜ਼ਗਾਰੀ ਦਾ ਵਧਣਾ ਇੱਕ ਦੁੱਖ ਦੀ ਗੱਲ ਤਾਂ ਹੈ ਹੀ, ਸਗੋਂ ਇਸ ਨਾਲ ਸਕੂਲੀ ਸਿੱਖਿਆ ਦਾ ਜੋ ਦੁਖਾਂਤ ਸਾਹਮਣੇ ਆ ਰਿਹਾ ਹੈ, ਉਹ ਹੈ ਛੋਟੇ-ਛੋਟੇ ਬੱਚਿਆਂ ਦੇ ਗਲਾਂ ਵਿੱਚ ਭਾਰੀ ਬਸਤੇ। ਇਸ ਦੁਖਾਂਤ ਦੇ ਨਮੂਨੇ ਪੰਜਾਬ, ਹਰਿਆਣਾ ਅਤੇ ਖਾਸ ਕਰਕੇ ਚੰਡੀਗੜ੍ਹ ਵਿੱਚ ਵੇਖਣ ਨੂੰ ਮਿਲਦੇ ਹਨ।
ਜਦੋਂ ਛੋਟੇ-ਛੋਟੇ ਬੱਚੇ ਭਾਰੀ-ਭਾਰੀ ਬਸਤੇ ਲੈ ਕੇ ਸੜਕਾਂ ’ਤੇ ਨਿਕਲਦੇ ਹਨ ਤਾਂ ਹਰ ਇਨਸਾਨ ਦਾ ਦਿਲ ਪਸੀਜ ਜਾਂਦਾ ਹੈ ਤੇ ਹਰ ਕੋਈ ਸਹਿਜ-ਸੁਭਾਅ ਬੱਚਿਆਂ ’ਤੇ ਤਰਸ ਖਾਣ ਲੱਗ ਜਾਂਦਾ ਹੈ। ਹੈਰਾਨੀ ਤਾਂ ਉਦੋਂ ਹੁੰਦੀ ਹੈ ਜਦੋਂ ਬੱਚੇ ਦਾ ਭਾਰ 15 ਕਿਲੋ ਅਤੇ ਉਸ ਦੇ ਬਸਤੇ ਦਾ ਭਾਰ 17 ਕਿਲੋ ਹੁੰਦਾ ਹੈ। ਬੱਚਿਆਂ ਨੂੰ ਬੱਸ ਤੱਕ ਛੱਡਣ ਜਾਂਦੇ ਸਮੇਂ ਬਹੁਤੇ ਮਾਪਿਆਂ ਨੂੰ ਇਨ੍ਹਾਂ ਬਸਤਿਆਂ ਨਾਲ ਲਟੋ-ਪੀਂਘ ਹੁੰਦੇ ਆਮ ਹੀ ਵੇਖਿਆ ਜਾ ਸਕਦਾ ਹੈ।
ਅਫ਼ਸੋਸ ਇਸ ਗੱਲ ਦਾ ਹੈ ਕਿ ਇਸ ਦੁਖਾਂਤ ਵਿਰੁੱਧ ਬਹੁਤ ਘੱਟ ਲੋਕ ਬੋਲਦੇ ਹਨ। ਸਾਹਿਤਕਾਰਾਂ ਨੇ ਵੀ ਇਸ ਦਰਦ ਨੂੰ ਅਣਗੌਲਿਆਂ ਕਰ ਰੱਖਿਆ ਹੈ, ਹਾਂ, ਕੁੱਝ ਸਾਹਿਤਕਾਰਾਂ ਨੇ ਭਾਰੀ ਬਸਤਿਆਂ ਵਿਰੁੱਧ ਜ਼ਰੂਰ ਲਿਖਿਆ ਹੈ ਤੇ ਕਈ ਵਾਰੀ ਬੱਚੇ ਅਜਿਹੀਆਂ ਕਵਿਤਾਵਾਂ ਦਰਦ ਬਿਆਨ ਕਰਨ ਲਈ ਗੁਣਗੁਣਾਉਂਦੇ ਵੀ ਸੁਣੇ ਗਏ ਹਨ, ਜਿਵੇਂ ਕਿ:
ਲੰਮੇ ਲੰਮੇ ਰਸਤੇ, ਭਾਰੇ ਭਾਰੇ ਬਸਤੇ,
ਦੁੱਖਣ ਲੱਗੇ ਗੋਡੇ, ਥੱਕ ਗਏ ਮੋਢੇ,
ਏਨਾ ਭਾਰ ਚੁਕਾਇਆ ਏ,
ਅਸੀਂ ਕੋਈ ਖੋਤੇ ਆਂ?
ਇਸ ਲਈ ਸਾਹਿਤਕਾਰ ਵੀਰਾਂ ਨੂੰ ਵੀ ਅਪੀਲ ਹੈ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਸਮਾਜ ਦੀਆਂ ਬਾਕੀ ਬੁਰਾਈਆਂ ਵਿਰੁੱਧ ਆਪਣੀ ਕਲਮ ਦੇ ਜੌਹਰ ਵਿਖਾਏ ਹਨ, ਉਸੇ ਤਰ੍ਹਾਂ ਇਸ ਬਾਲ-ਦੁਖਾਂਤ ਨੂੰ ਦੂਰ ਕਰਨ ਲਈ ਵੀ ਚੰਗਾ ਹੰਭਲਾ ਮਾਰਨ। ਅਧਿਆਪਕਾਂ ਦੀ ਤਾਂ ਇਹ ਡਿਊਟੀ ਬਣਦੀ ਹੈ ਕਿ ਉਹ ਆਪਣੇ ਕੋਲ ਪੜ੍ਹਦੇ ਬੱਚਿਆਂ ਦਾ ਧਿਆਨ ਰੱਖਣ ਤੇ ਬੱਚਿਆਂ ਨੂੰ ਭਾਰੇ ਬਸਤਿਆਂ ਤੋਂ ਨਿਜਾਤ ਦਿਵਾਉਣ। ਇਸ ਮੰਤਵ ਲਈ ਉਨ੍ਹਾਂ ਵਲੋਂ ਦਿੱਤਾ ਗਿਆ ਥੋੜ੍ਹਾ ਜਿਹਾ ਧਿਆਨ ਵੀ ਮਹੱਤਵਪੂਰਨ ਰੋਲ ਅਦਾ ਕਰ ਸਕਦਾ ਹੈ।
ਹੁਣ ਸਵਾਲ ਉਠਦਾ ਹੈ ਕਿ ਇਸ ਦੁਖਾਂਤ ਦਾ ਜ਼ਿੰਮੇਵਾਰ ਕੌਣ ਹੈ? ਕੀ ਸਿਰਫ ਸਰਕਾਰੀ ਸਿੱਖਿਆ ਨੀਤੀਆਂ ਹੀ ਜ਼ਿੰਮੇਵਾਰ ਹਨ ਜਾਂ ਫਿਰ ਸਿੱਖਿਆ ਵਿਭਾਗਾਂ ਵਿੱਚ ਕੰਮ ਕਰਦੇ ਅਫ਼ਸਰਾਂ, ਪ੍ਰਿੰਸੀਪਲਾਂ, ਅਧਿਆਪਕਾਂ ਅਤੇ ਬੱਚਿਆਂ ਦੇ ਮਾਪਿਆਂ ਦਾ ਅਵੇਸਲਾਪਨ ਵੀ ਜ਼ਿੰਮੇਵਾਰ ਹੈ? ਕਿਤਾਬਾਂ ਵੇਚਣ ਵਾਲਿਆਂ ਨੂੰ ਅਸੀਂ ਬਹੁਤਾ ਦੋਸ਼ ਨਹੀਂ ਦੇ ਸਕਦੇ ਕਿਉਂਕਿ ਉਨ੍ਹਾਂ ਨੇ ਤਾਂ ਕਿਤਾਬਾਂ ਵੇਚਣੀਆਂ ਹੀ ਹਨ। ਸਿੱਖਿਆ ਦਾ ਮਿਆਰ ਉੱਚਾ ਚੁੱਕਣ ਦੀ ਆੜ ਵਿੱਚ ਵੱਖ-ਵੱਖ ਜਮਾਤਾਂ ਲਈ ਸਿਲੇਬਸ ਬਚਾਉਣ ਵਾਲੇ ਬਿਲਕੁਲ ਭੁੱਲ ਜਾਂਦੇ ਹਨ ਕਿ ਇਹ ਸਾਰੀਆਂ ਕਿਤਾਬਾਂ ਬੱਚਿਆਂ ਨੂੰ ਪੜ੍ਹਨੀਆਂ ਵੀ ਹਨ ਤੇ ਆਪਣੀ ਅਣਭੋਲ ਬੁੱਧੀ ਕਾਰਨ ਚੁੱਕ ਕੇ ਸਕੂਲ ਵੀ ਲਿਜਾਣੀਆਂ ਹਨ। ਇੱਥੇ ਇੱਕ ਹੋਰ ਗੱਲ ਵੀ ਨਿੱਤਰ ਕੇ ਸਾਹਮਣੇ ਆਉਂਦੀ ਹੈ ਕਿ ਪਿਛਲੇ ਜ਼ਮਾਨੇ ਵਿੱਚ ਜਦੋਂ ਕਿਤਾਬਾਂ ਘੱਟ ਹੁੰਦੀਆਂ ਸਨ, ਉਦੋਂ ਬੱਚੇ ਵਧੀਆ ਪੜ੍ਹਦੇ ਸਨ। ਅੱਜ ਕਿਤਾਬਾਂ ਭਾਵੇਂ ਵੱਧ ਗਈਆਂ ਹਨ ਪਰ ਪੜ੍ਹਾਈ ਘੱਟ ਗਈ ਹੈ।
ਇੱਥੇ ਇਹ ਸਵਾਲ ਵੀ ਉਠਦਾ ਹੈ ਕਿ ਜੇ ਕਿਤਾਬਾਂ ਦੇ ਭਾਰ ਨਾਲ ਸਿੱਖਿਆ ਦਾ ਮਿਆਰ ਉੱਚਾ ਹੁੰਦਾ ਹੈ ਤਾਂ ਭਾਰ ਦਸਵੀਂ ਜਮਾਤ ਦੇ ਬੱਚਿਆਂ ਤੱਕ ਹੀ ਸੀਮਤ ਕਿਉਂ ਹੈ? 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਦੇ ਬਸਤੇ ਭਾਰੇ ਕਿਉਂ ਨਹੀਂ ਹੁੰਦੇ? ਇਹੀ ਨਹੀਂ, ਕਾਲਜ ਦੇ ਵਿਦਿਆਰਥੀਆਂ ਕੋਲ ਇਹ ਭਾਰ ਘੱਟ ਕੇ, ਇੱਕ ਨੋਟ ਬੁੱਕ ਤੱਕ ਹੀ ਸੀਮਤ ਕਿਉਂ ਹੋ ਜਾਂਦਾ ਹੈ?
ਮੈਂ ਇਹ ਗੱਲ ਬੜੇ ਯਕੀਨ ਨਾਲ ਕਹਿ ਸਕਦਾ ਹਾਂ ਕਿ ਅੱਜ ਦੇ ਸਕੂਲੀ ਬੱਚਿਆਂ ਦੀ ਮੰਦੀ ਸਿਹਤ ਦਾ ਕਾਰਨ ਇਹ ਭਾਰੀ ਬਸਤੇ ਹੀ ਹਨ। ਭਾਰੀ ਬਸਤਿਆਂ ਨੂੰ ਗਲਾਂ ਵਿੱਚ ਲਟਕਾ ਕੇ ਬੱਚੇ ਪੜ੍ਹਨ ਭਾਵੇਂ ਨਾ, ਪਰ ਉਹ ਬੀਮਾਰ ਜ਼ਰੂਰ ਹੋ ਜਾਂਦੇ ਹਨ। ਕਈ ਵਾਰੀ ਡਾਕਟਰੀ ਮਾਹਿਰਾਂ ਵਲੋਂ ਕੀਤੇ ਗਏ ਸਰਵੇ ਵੀ ਅਖਬਾਰਾਂ ਵਿੱਚ ਛਪਦੇ ਹਨ ਕਿ ਸਕੂਲੀ ਬੱਚਿਆਂ ਵਿੱਚ ਪੋਸ਼ਟਿਕ ਤੱਤਾਂ ਦੀ ਘਾਟ ਕਾਰਨ, ਬਹੁਤ ਸਾਰੀਆਂ ਨਾ-ਮੁਰਾਦ ਬੀਮਾਰੀਆਂ ਪਾਈਆਂ ਗਈਆਂ ਹਨ, ਫਿਰ ਵੀ ਕਿਸੇ ਡਾਕਟਰੀ ਮਾਹਿਰ ਨੇ ਬੱਚਿਆਂ ਦੇ ਸਹੀ ਦੁਖਾਂਤ ਨੂੰ ਨਹੀਂ ਜਾਣਿਆ।
ਬਹੁਤ ਸਾਰੀਆਂ ਐਨਜੀਓ ਸਿੱਖਿਆ ਦੇ ਖੇਤਰ ਵਿੱਚ ਕੰਮ ਕਰਦੀਆਂ ਹਨ ਪਰ ਉਨ੍ਹਾਂ ਸੰਸਥਾਵਾਂ ਨੇ ਵੀ ਬੱਚਿਆਂ ਦੇ ਜੀਵਨ ਨਾਲ ਖਿਲਵਾੜ ਕਰਨ ਵਾਲੇ ਨੀਤੀ ਘਾੜਿਆਂ ਵਿਰੁੱਧ ਆਪਣੀ ਆਵਾਜ਼ ਬੁਲੰਦ ਨਹੀਂ ਕੀਤੀ ਅਤੇ ਨਾ ਹੀ ਉਨ੍ਹਾਂ ਨੇ ਬੱਚਿਆਂ ਦੇ ਭਾਰੀ ਬਸਤਿਆਂ ਨੂੰ ਹਲਕਾ ਕਰਨ ਲਈ ਕੋਈ ਨਿੱਗਰ ਯੋਗਦਾਨ ਪਾਇਆ।
ਸਿੱਖਿਆ ਦੇ ਇਸ ਦੁਖਾਂਤ ਦਾ ਤੁਰੰਤ ਅਤੇ ਭਰੋਸੇਮੰਦ ਹੱਲ ਲੱਭਣਾ ਬਹੁਤ ਜ਼ਰੂਰੀ ਹੈ। ਇਸ ਲਈ ਜ਼ਿਲ੍ਹਾ ਪੱਧਰ ਦੇ ਸਿੱਖਿਆ ਅਧਿਕਾਰੀਆਂ ਨੂੰ ਇਸ ਮਸਲੇ ਦੇ ਹੱਲ ਲਈ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਉਹ ਅਧਿਆਪਕਾਂ ਦੀਆਂ ਡਿਊਟੀਆਂ ਲਾ ਕੇ ਮਾਪਿਆਂ ਦਾ ਸਹਿਯੋਗ ਲੈ ਕੇ ਚੰਗਾ ਉਪਰਾਲਾ ਕਰ ਸਕਦੇ ਹਨ। ਪ੍ਰਾਈਵੇਟ ਸਕੂਲਾਂ ਲਈ ਸਕੂਲ ਪੱਧਰ ’ਤੇ ਇਸ ਮੰਤਵ ਲਈ ਕਮੇਟੀਆਂ ਬਣਾ ਕੇ ਬਸਤਿਆਂ ਦਾ ਭਾਰ ਘੱਟ ਕੀਤਾ ਜਾ ਸਕਦਾ ਹੈ। ਕਿਉਂਕਿ ਇਹ ਸਮੱਸਿਆ ਪ੍ਰਾਈਵੇਟ ਸਕੂਲਾਂ ਵਿੱਚ ਕੁੱਝ ਜ਼ਿਆਦਾ ਹੀ ਹੈ, ਇਸ ਲਈ ਮਾਪੇ, ਅਧਿਆਪਕ, ਸੰਸਥਾਵਾਂ ਬਹੁਤ ਫੈਸਲਾਕੁੰਨ ਰੋਲ ਅਦਾ ਕਰ ਸਕਦੀਆਂ ਹਨ। ਰਾਜ ਪੱਧਰ ’ਤੇ ਸੈਮੀਨਾਰ ਅਤੇ ਵਿਸ਼ੇਸ਼ ਮੀਟਿੰਗਾਂ ਬੁਲਾ ਕੇ ਨੰਨ੍ਹੇ-ਨੰਨ੍ਹੇ ਬਾਲਾਂ ਦੀ ਮਦਦ ਕੀਤੀ ਜਾ ਸਕਦੀ ਹੈ। ਇਸ ਲੇਖ ਰਾਹੀਂ ਮੈਂ ਉੱਚ ਸਿੱਖਿਆ ਅਧਿਕਾਰੀਆਂ ਨੂੰ ਵੀ ਅਪੀਲ ਕਰਦਾ ਹਾਂ ਕਿ ਬੱਚਿਆਂ ਲਈ ਲੋੜ ਤੋਂ ਵੱਧ ਸਿਲੇਬਸ ਨਾ ਬਣਾਏ ਜਾਣ ਅਤੇ ਸਕੂਲਾਂ ਵਲੋਂ ਮਨਮਰਜ਼ੀ ਨਾਲ ਲਾਈਆਂ ਫਾਲਤੂ ਕਿਤਾਬਾਂ ’ਤੇ ਕੰਟਰੋਲ ਕੀਤਾ ਜਾਵੇ। ਦੇਖਣਾ ਹੋਵੇਗਾ ਕਿ ਕੇਂਦਰ ਸਰਕਾਰ ਵਲੋਂ ਲਿਆਂਦੀ ਨਵੀਂ ਸਿੱਖਿਆ ਨੀਤੀ, ਇਸ ਸਮੱਸਿਆ ਦੇ ਹੱਲ ਕਰਨ ਵਿੱਚ ਕਿੰਨੀ ਕੁ ਕਾਰਗਰ ਸਾਬਤ ਹੁੰਦੀ ਹੈ।
ਸੰਪਰਕ: 98764-52223