ਈਸ਼ਵਰ ਦਿਆਲ ਗੌੜ
ਆਪਣੇ ਕਿੱਸੇ ਵਿਚ ਹੀਰ-ਰਾਂਝੇ ਦੇ ਇਸ਼ਕ ਦਾ ਨਵਾਂ ਰੂਪ ਬਣਾਉਂਦਿਆਂ/ਸਿਰਜਦਿਆਂ (‘ਯਾਰਾਂ ਅਸਾਂ ਨੂੰ ਆਣ ਸੁਆਲ ਕੀਤਾ, ਇਸ਼ਕ ਹੀਰ ਦਾ ਨਵਾਂ ਬਣਾਈਏ ਜੀ’) ਵਾਰਿਸ ਸ਼ਾਹ ਨੇ ਪੰਜਾਬੀ ਭਾਸ਼ਾ ਨੂੰ ਵੀ ਨਵੀਂ ਨੁਹਾਰ ਦਿੱਤੀ। ਉਸ ਨੇ ਪੰਜਾਬੀ ਨੂੰ ਲੋਕ-ਮਨ ਨਾਲ ਸਾਂਝ ਪਾਉਣ ਵਾਲੀ ਸਾਹਿਤਕ ਭਾਸ਼ਾ ਬਣਾਇਆ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ, ‘‘ਹੀਰ ਰਾਂਝੇ ਦਾ ਕਿੱਸਾ ਪੰਜਾਬੀ ਵਿਚ ਅਨੇਕ ਕਵੀਆਂ ਨੇ ਲਿਖਿਆ ਹੈ, ਪਰ ਵਾਰਿਸਸ਼ਾਹ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ।’’
ਵਾਰਿਸ ਸ਼ਾਹ ਇੱਕ ਮਾਹਿਰ ਕਿੱਸਾਕਾਰ ਹੈ। ਉਸ ਨੇ ਪੰਜਾਬ ਦੇ ਸਭਿਆਚਾਰ ਦੇ ਇਤਿਹਾਸ ਦੀਆਂ ਵੰਨ-ਸੁਵੰਨੀਆਂ ਸੱਚਾਈਆਂ ਨੂੰ ਇਸ ਕਦਰ ਕੱਤਿਆ ਕਿ ਉਸ ਦੀ ਕਿਰਤ ਹੀਰ ਵਾਰਿਸ ਦੇ ਨਾਂ ਨਾਲ ਪੂਰੀ ਦੁਨੀਆ ’ਚ ਮਕਬੂਲ ਹੋਈ। ਵਾਰਿਸ ਸ਼ਾਹ ਪਾਸ ਪੰਜਾਬੀ ਜਗਤ ਨੂੰ ਪੇਸ਼ ਕਰਨ ਦੀ ਜੁਗਤ ਕਾਬਲੇ ਤਾਰੀਫ਼ ਹੈ। ਅਜਿਹੀ ਵਿਉਂਤ ਨਿਗਾਰੀ ਉਸ ਦੀ ਸਭਿਆਚਾਰ-ਸੰਚਾਰ ਕਲਾ ਨਾਲ ਗਹਿਰਾ ਤਅੱਲੁਕ ਰੱਖਦੀ ਹੈ। ਉਹ ਪੰਜਾਬੀ ਲੋਕਾਈ ਦੇ ਵਜੂਦ ਦੇ ਰਹਿਤਲੀ ਪਿੜ ਦੀ ਜ਼ਿਆਰਤ ਕਰਨ ਵਾਲਾ ਇਮਾਨਦਾਰ ਹਾਜੀ ਹੈ। ਉਹ ਗ਼ੈਰ-ਰਵਾਇਤੀ ਕਿਸਮ ਦਾ ਕਿੱਸਾਕਾਰ ਹੈ। ਸਥਾਪਤ ਤੇ ਗ਼ਾਲਬ ਮਿਸਲਖ਼ਾਨਿਆਂ ਵੱਲ ਜਾਣ ਦੀ ਬਜਾਏ, ਰਹਿਤਲ ਵੱਲ ਜਾਂਦਾ ਹੈ। ਪੋਥੀ ਨੂੰ ਸਮਾਜ ਵਿਚ ਫੈਲੇ ਹੋਏ ਗ਼ਾਲਬ ਅਤੇ ਹਕੂਮਤੀ ਸੰਸਾਰ ਵਿਰੋਧੀ ਬਣਾਉਣ ਲਈ ਕਿਵੇਂ ਘੜਨਾ-ਤਰਾਸ਼ਣਾ ਹੈ ਇਸ ਚੱਕਰਵਿਊਹ ਦੀ ਉਸਾਰੀ ਦਾ ਉਹ ਉਸਤਾਦ ਹੈ। ਪੋਥੀ-ਸਿਰਜਣਾ ਦਾ ਤਲਿੱਸਮੀ ਪੈਰਾਡਾਈਮ ਵਾਰਿਸ ਸ਼ਾਹ ਕੋਲ ਹੀ ਹੈ।
ਵੇਖਣ ਤੇ ਵਿਚਾਰਨ ਵਾਲੀ ਗੱਲ ਇਹ ਹੈ ਕਿ ਇਸ ਸਥਾਪਤੀ ਵਿਰੋਧੀ ਪੋਥੀ ਦਾ ਮਰਕਜ਼ ਜਾਂ ਸੰਤੁਲਨ ਬਿੰਦੂ ਇਸ਼ਕ ਹੈ ਜੋ ਸ਼ਸਤਰ ਨਹੀਂ, ਸ਼ਾਸਤਰ ਹੈ। ਵਾਰਿਸ ਸ਼ਾਹ ਆਪਣੀ ਪੋਥੀ ਦਾ ਆਗ਼ਾਜ਼ ਹੀ ਇਸ ਪ੍ਰੇਮ-ਸ਼ਾਸਤਰ ਤੇ ਇਸ ਦੇ ਹੋਣ ਵਾਲੇ ਅਸਰ ਤੋਂ ਕਰਦਾ ਹੈ: “ਖਿਲੇ ਤਿਨ੍ਹਾਂ ਦੇ ਬਾਗ਼ ਕਲੂਬ ਅੰਦਰ, ਜਿਨ੍ਹਾਂ ਕੀਤਾ ਹੈ ਇਸ਼ਕ ਕਬੂਲ ਮੀਆਂ।” ਪੋਥੀ ਦੀ ਪੜ੍ਹਤ ਦੱਸਦੀ ਹੈ ਕਿ ਇਸ਼ਕ ਕੇਵਲ ਔਰਤ-ਮਰਦ ਦਰਮਿਆਨ ਹੀ ਨਹੀਂ ਹੁੰਦਾ। ਇਸ਼ਕ ਦਾ ਮਸਲਾ ਸਮੁੱਚੀ ਮਨੁੱਖਤਾ ਨਾਲ ਜੁੜਿਆ ਹੈ। ਹੀਰ ਦਾ ਆਪਣੇ ਮਾਪਿਆਂ ਤੇ ਕਾਜ਼ੀ ਨਾਲ ਸਦੀਵੀ ਝਗੜਾ ਇਸ਼ਕ ਦੇ ਅਰਥਾਂ ’ਤੇ ਹੀ ਹੈ। ਸੂਫ਼ੀ ‘ਇਸ਼ਕ’ ਤੇ ‘ਮੁਹੱਬਤ’ ਦਰਮਿਆਨ ਵੀ ਸੂਖ਼ਮ ਕਿਸਮ ਦਾ ਫ਼ਰਕ ਕਰਦੇ ਹਨ। ਇਸ਼ਕ ਦਾ ਤਅੱਲੁਕ ਦੀਦਾਰ ਕਰਨ ਨਾਲ ਹੈ ਜਦੋਂਕਿ ਮੁਹੱਬਤ ਸਿਮਰ ਕੇ ਜਾਂ ਸਰਵਣ ਕਰ ਕੇ ਵੀ ਹੋ ਜਾਂਦੀ ਹੈ।
ਇਸ਼ਕ ’ਚ ਮਹਿਜ਼ ਦੇਹ ਤੇ ਵਾਸਨਾ ਹੀ ਨਹੀਂ ਹੁੰਦੇ, ਇਮਾਨ ਵੀ ਰੁਮਕਦਾ ਹੁੰਦਾ ਹੈ। ਅਜਿਹੇ ਇਸ਼ਕ ਵਿਚ/ਲਈ ਮਰਨ ਨੂੰ ਸ਼ਹਾਦਤ ਆਖਦੇ ਹਨ। ਰੰਗਪੁਰ ਖੇੜਿਆਂ ਦਾ ਅਯਾਲ ਰਾਂਝੇ ਨੂੰ ਤਾਹਨਾ ਮਾਰਦਾ ਹੈ: “ਬਣੇਂ ਗ਼ਾਜ਼ੀ ਜੇ ਮਰੇਂ ਸ਼ਹੀਦ ਹੋਵੇਂ, ਏਹ ਖ਼ਲਕ ਤੇਰੇ ਹੱਥ ਆਵਣੀ ਸੀ।” ਆਸ਼ਕ ਮੌਤ ਤ੍ਰਾਸ ਦੇ ਸ਼ਿਕਾਰ ਨਹੀਂ ਹੁੰਦੇ ਸਗੋਂ ਇਮਾਨ-ਇਸ਼ਕ ਲਈ ਸ਼ਹਾਦਤ ਮੂਲਕ ਜ਼ਿੰਦਗੀ ਜਿਉਣ ਦੀ ਤੀਬਰ ਅੰਤਰਪ੍ਰੇਰਣਾ, ਅੰਤਰਕਾਮਨਾ ਜਾਂ ਮੋਹ ਹਰ ਪਲ ਚੜ੍ਹਦੀ ਕਲਾ ’ਚ ‘ਮੌਤ’ ’ਤੇ ਹਾਵੀ ਰਹਿੰਦਾ ਹੈ, ਜਾਂ ਉਸ ਦੇ ਵਸਲ ਲਈ ਲੁੱਛ ਰਿਹਾ ਹੁੰਦਾ ਹੈ। ਵਸਲ ਜਿੰਦ ਦੇ ਵਿਛੋੜੇ ਬਗੈਰ ਸੰਭਵ ਨਹੀਂ: “ਵਾਰਿਸਸ਼ਾਹ ਮੀਆਂ ਇਨ੍ਹਾਂ ਆਸ਼ਕਾਂ ਨੂੰ, ਫ਼ਿਕਰ ਜ਼ਰਾ ਨਾ ਜਿੰਦ ਗਵਾਵਣੇ ਦਾ।” ਸ਼ਾਹ ਹੁਸੈਨ ਸੂਲੀ ’ਤੇ ਚੜ੍ਹ ਕੇ ਸ਼ਹਾਦਤ ਦੇ ਹੁਲਾਰੇ ਲੈਣਾ ਲੋਚਦਾ ਹੈ। ਇਸ਼ਕ ਦੇ ਸੰਸਾਰ ਵਿਚ ਆਸ਼ਕ ਦੀ ਦੇਹ ਅਤੇ ਉਸ ਦਾ ਇਮਾਨ ਨਾਲੋ-ਨਾਲ ਵਿਚਰਦੇ ਹਨ। ਵਸਲ ਦੀ ਸਿੱਕ ਮੁਸਲਸਲ ਤੀਬਰ ਰਹਿੰਦੀ ਹੈ। ਭਗਤੀ ਕਾਵਿ ’ਚ ਭਗਵਾਨ ਕ੍ਰਿਸ਼ਨ ਦਾ ‘ਮਦਨ ਮੋਹਨਾ’ ਅਕਸ ਬੜਾ ਬਲਵਾਨ ਹੈ। ਉਹ ਮਦਨ ਮੋਹਨ ਹੈ, ਮੋਂਹਦਾ ਹੈ। ਪੋਥੀ ਹੀਰ ਵਾਰਿਸ ’ਚ ਸ਼ਹਾਦਤ ਤੇ ਸ਼ਹਾਦਤ ਮੂਲਕ ਜ਼ਿੰਦਗੀ ਜਿਉਣ ਦੀ ਤੀਬਰ ਅੰਤਰਕਾਮਨਾ ਦਾ ਸੁਮੇਲ ਅਮਲ ਤੇ ਪ੍ਰਵਚਨ ਦੇ ਪੱਧਰ ’ਤੇ ਮੌਜੂਦ ਹੈ ਜੋ ਗ਼ਾਲਬ ਸਮਾਜਿਕ ਵਿਵਸਥਾ ’ਚ ਜ਼ਿੰਦਗੀ ਜਿਉਣ ਨੂੰ ਇੱਕ ਖ਼ਾਸ ਸੇਧ ਦਿੰਦਾ ਹੈ। ਇਮਾਨ-ਇਸ਼ਕ ਦੀ ਜ਼ਿੰਦਗੀ ਬਸਰ ਕਰਨ ਵਾਲਿਆਂ ਲਈ ਕੰਤ ਦਾ ਦਰ ਲੋਚਨਯੋਗ ਹੁੰਦਾ ਹੈ: “ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ।। ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ।” ਰਾਂਝਾ ਇਸ ਦਰ ਦੇ ਦੀਦਾਰ ਲਈ ਜੋਗੀ ਹੋ ਜਾਂਦਾ ਹੈ। ਇਮਾਨ-ਇਸ਼ਕ ਦਾ ਸੰਸਾਰ ਤੇ ਇਸ ਦਾ ਸੁਹਜ-ਸ਼ਾਸਤਰ ਕਮਾਲ ਹੈ। ਜੇ ਕੰਤ ਦੇ ਦਰ ’ਤੇ ਨਹੀਂ ਜਾਇਆ ਜਾ ਸਕਦਾ ਤਾਂ ਕੰਤ ਆਪ ਆਣ ਦਸਤਕ ਦੇ ਦਿੰਦਾ ਹੈ।
ਕਾਸਦ ਜਾਇ ਕੇ ਰਾਂਝੇ ਨੂੰ ਖ਼ਤ ਦਿੱਤਾ, ਨੱਢੀ ਮੋਈ ਪਈ, ਨੱਕ ’ਤੇ ਜਾਨ ਮੀਆਂ
ਤੇਰੇ ਵਾਸਤੇ ਰਾਤ ਨੂੰ ਗਿਣੇ ਤਾਰੇ, ਕਿਸ਼ਤੀ ਨੂਹ ਦੀ ਵਿਚ ਤੂਫ਼ਾਨ ਮੀਆਂ
ਇਕ ਘੜੀ ਆਰਾਮ ਨਾ ਆਉਂਦਾ ਏ, ਕੇਹਾ ਠੋਕਿਉ ਪ੍ਰੇਮ ਦਾ ਬਾਨ ਮੀਆਂ
ਰਾਤੀਂ ਘੜੀ ਨਾ ਸੇਜ ’ਤੇ ਮੂਲ ਸੌਂਦੀ, ਰਹੇ ਲੋਕ ਬਥੇਰੜੇ ਰਾਨ ਮੀਆਂ
ਵਾਰਿਸ ਸ਼ਾਹ ਨੂੰ ਇਲਮ ਹੈ ਕਿ ਕਹਾਣੀ ਦੇ ਸੁਚੱਜੇ ਕੱਤ ’ਚੋਂ ਹੀ ਕਥਾਨਕ ਪੈਦਾ ਹੁੰਦਾ ਹੈ; ਪ੍ਰਵਚਨ ਦੀ ਪਦਵੀ ’ਤੇ ਪਹੁੰਚਦਾ ਹੈ; ਅਤੇ ਅਖ਼ੀਰ ਪੋਥੀ ਦਾ ਰੁਤਬਾ ਹਾਸਿਲ ਕਰਦਾ ਹੈ। ਕਥਾ ਤੋਂ ਪੋਥੀ ਤੀਕ ਦਾ ਸਫ਼ਰ ਬੜਾ ਕਠਿਨ ਹੁੰਦਾ ਹੈ। ਪੋਥੀ ਹੀ ਪ੍ਰਵਚਨ ਹੁੰਦੀ ਹੈ। ਵਾਰਿਸ ਸ਼ਾਹ ਅਜਿਹੇ ਸਫ਼ਰ ਦਾ ਜ਼ਿਕਰ ਇੱਕ-ਦੋ ਵਾਰ ਕਰਦਾ ਵੀ ਹੈ: “ਬਹੁਤ ਜੀਉ ਦੇ ਵਿਚ ਤਤਬੀਰ ਕਰਕੇ, ਫਰਹਾਦ ਪਹਾੜ ਨੂੰ ਤੋੜਿਆ ਏ।” ਪੋਥੀ ਦੀ ਸਿਰਜਣਾ ਤੀਕ ਪਹੁੰਚਣ ਦਾ ਮਾਰਗ ਇਸ਼ਕ ਦੇ ਤਸੀਹੇ ਭਰੇ ਮਾਰਗ ਜਿਹਾ ਵੰਗਾਰਮਈ ਹੈ। ਜੇ ਅਜਿਹਾ ਨਾ ਹੁੰਦਾ ਤਾਂ ਹੀਰ ਦੀ ਸਿਰਜਨਾ ਕਰਦਿਆਂ ਵਾਰਿਸ ਸ਼ਾਹ ਨੂੰ ‘ਫ਼ਰਹਾਦ’ ਤੇ ‘ਪਹਾੜ’ ਜਿਹੀਆਂ ਵਿਰਾਟ ਤਸ਼ਬੀਹਾਂ ਦੀ ਲੋੜ ਨਾ ਪੈਂਦੀ। ਰਾਂਝੇ ਦਾ ਜਦੋਂ ਆਖ਼ਰੀ ਸਾਹ ਨਿਕਲਦਾ ਹੈ ਉਦੋਂ ਵੀ ਫ਼ਰਹਾਦ ਹਾਜ਼ਰ ਹੁੰਦਾ ਹੈ: “ਰਾਂਝੇ ਵਾਂਗ ਫ਼ਰਹਾਦ ਦੇ ਆਹ ਕੱਢੀ, ਜਾਨ ਗਈ ਸੂ ਹੋਇ ਹਵਾਇ ਮੀਆਂ।” ਸੋ, ਗੁੱਝੀ ਬਾਤ ਇਹ ਹੈ ਕਿ ਉਹ ਪੋਥੀ ਦੇ ਸਿਰਜਨਾ ਕਰਨ ਦੇ ਅਮਲ ਨੂੰ ਇਸ਼ਕ ਹੋ ਜਾਣ ਦੇ ਬਰਾਬਰ ਸਮਝਦਾ ਹੈ। ਉਹ ਸਾਹਿਤ ਅਤੇ ਸਾਹਿਤਕਾਰ ਦਾ ਮਿਜ਼ਾਜ ਦੱਸ ਰਿਹਾ ਹੈ। ਇਸ਼ਕ ਦੀ ਪੋਥੀ ਨੂੰ ਲਿਖਣ ਲਈ ਲੁੱਛ ਰਿਹਾ ਵਾਰਿਸਸ਼ਾਹ, ਅਤੇ ਹੀਰ ਦੇ ਦੀਦਾਰ ਨੂੰ ਲੁੱਛ ਰਿਹਾ ਰਾਂਝਾ ਇਸ਼ਕ ਦੇ ਪੈਂਡੇ ਦੇ ਅਣਥੱਕ ਮੁਸਾਫ਼ਰ ਹਨ: “ਹੱਥ ਪਕੜ ਕੇ ਜੁੱਤੀਆਂ ਮਾਰ ਬੁੱਕਲ, ਰਾਂਝਾ ਹੋ ਟੁਰਿਆ ਵਾਰਿਸਸ਼ਾਹ ਜੇਹਾ।”
ਪੀਰਾਂ ਦਿੱਤਾ ਤ੍ਰੱਗੜ ਦੀ ਸੰਪਾਦਨ ਕੀਤੀ ਹੀਰ ਵਾਰਿਸ (ਜੋ 1910 ਵਿਚ ਕੁਤਬ-ਖਾਨਾ ਮੁਹੰਮਦੀ, ਲਾਹੌਰ ਨੇ ਛਾਪੀ) ’ਚ ਬਹੁਤ ਰਲੇਵੇਂ ਪਾਏ ਗਏ ਹਨ, ਪਰ ਉਸ ਦੇ ਇੱਕ ਐਡੀਸ਼ਨ ’ਚ ਵਾਰਿਸ ਸ਼ਾਹ ਦੀ ਮਲਕਾ ਹਾਂਸ ਦੀ ਮਸੀਤ ਦੇ ਹੁਜਰੇ ਵਿਚ ਬੈਠੇ ਦੀ ਛਪੀ ਤਸਵੀਰ ਕਮਾਲ ਦੀ ਹੈ। ਇਸ ਤਸਵੀਰ ’ਚ ਕਲਾਕਾਰ ਨੇ ਹੀਰ ਲਿਖਣ ਦੇ ਮੰਜ਼ਰ ਨੂੰ ਪੇਸ਼ ਕੀਤਾ ਹੈ। ਉਹ ਚੰਨ-ਚਾਨਣੀ ਰਾਤ ’ਚ ਬੜੀ ਗੰਭੀਰ ਮੁਦਰਾ ਵਿਚ ਬੈਠਾ ਹੀਰ ਲਿਖ ਰਿਹਾ ਹੈ। ਹੁਜਰੇ ਦਾ ਦਰਵਾਜ਼ਾ ਖੁੱਲ੍ਹਾ, ਸਾਹਮਣੇ ਮਸੀਤ ਅਤੇ ਚੰਨ ਗਵਾਹੀ ਦੇ ਰਿਹਾ ਹੈ। ਉਸ ਦੇ ਚਾਨਣ ਨੇ ਵਾਰਿਸ ਸ਼ਾਹ ਨੂੰ ਆਪਣੀ ਬੁੱਕਲ ਵਿਚ ਲਪੇਟਿਆ ਹੋਇਆ ਹੈ। ਹੀਰ ਦੇ ਲਿਖੇ ਕੁਝ ਪੰਨੇ ਉਸ ਦੇ ਅੱਗੇ ਪਏ ਹਨ। ਉਸ ਦੀ ਪਿੱਠ ਪਿੱਛੇ ਸੁਰਾਹੀ ਲੁਕੀ ਬੈਠੀ ਹੈ ਜੋ ਇਸ ਬਾਤ ਨੂੰ ਦਰਸਾਉਂਦੀ ਹੈ ਕਿ ਸਰੂਰ ਦਾ ਵਾਸ ਜਿਸਮ ’ਚ ਹੁੰਦਾ ਹੈ। ਜਿੰਨੀ ਦੇਰ ਸਰੂਰ ਜਿਸਮ ’ਚ ਰਹਿੰਦਾ ਹੈ ਬੰਦਾ ਸੂਫ਼ੀਆਨਾ ਮਸਤੀ ’ਚ ਝੂਮਦਾ ਰਹਿੰਦਾ ਹੈ। ਉਸ ਸਮੇਂ ਉਹ ਰਚਨਾਕਾਰ ਹੁੰਦਾ ਹੈ। ਸਰੂਰ ਤੇ ਨਸ਼ੇ ’ਚ ਇਹੋ ਗ਼ੌਰਤਲਬ ਫ਼ਰਕ ਹੈ। ਸਰੂਰ ਰੂਪੋਸ਼ ਰਹਿੰਦਾ ਹੈ। ਉਸ ਨੂੰ ਮਸੀਤ ਜਾਂ ਕਾਨੂੰਨਦਾਨਾਂ ਦੇ ਸਾਹਵੇਂ ਹੋਣ ਦੀ ਇਜਾਜ਼ਤ ਨਹੀਂ। ਹੀਰ ਰਾਂਝੇ ਦੇ ਇਸ਼ਕ ਦੀ ਕਲਮਬੰਦੀ, ਰਾਤ, ਚੰਨ, ਮਸੀਤ, ਹੁਜਰਾ, ਸੁਰਾਹੀ ਤੇ ਵਾਰਿਸਸ਼ਾਹ ਦਾ ਸੰਜੀਦਾ ਅੰਦਾਜ਼ ਸਭੇ ਮਿਲ ਕੇ ਪੋਥੀ ਹੀਰ ਵਾਰਿਸ ਦੀ ਸਿਰਜਨ ਪ੍ਰਕਿਰਿਆ ਨੂੰ ਦਰਸਾ ਰਹੇ ਹਨ। ਤਸਵੀਰ ਆਪਣੇ ਆਪ ’ਚ ਮੁਕੰਮਲ ਹੈ, ਦੱਸਦੀ ਹੈ ਕਿ ਵਾਰਿਸ ਸ਼ਾਹ ਪੋਥੀ ਦੀ ਸਿਰਜਨਾ ਤੇ ਇਸ਼ਕ ਦੇ ਮਸਲੇ ਨੂੰ ਕਿਵੇਂ ਸਮਝ ਰਿਹਾ ਹੈ ਅਤੇ ਕਿਵੇਂ ਉਸ ਨੂੰ ਸੰਵੇਦਨਸ਼ੀਲ ਬਣਾ ਰਿਹਾ ਹੈ। ਉਸ ਨੂੰ ਸਿਰਜਨਾ ਤੇ ਇਸ਼ਕ ਦੇ ਪੈਂਡਿਆਂ ਦੀਆਂ ਔਖਿਆਈਆਂ-ਖੁਆਰੀਆਂ ਦਾ ਬਾਖ਼ੂਬੀ ਇਲਮ ਹੈ: “ਕੀਤੀਆਂ ਮਿਹਨਤਾਂ, ਵਾਰਿਸਾ ਦੁੱਖ ਝਾਗੇ, ਰਾਤਾਂ ਜਾਂਦੀਆਂ ਨਹੀਂ ਨਚੱਲੀਆਂ ਨੇ।”
ਜੇ ਹਵਾਲਾ ਅਧੀਨ ਤਸਵੀਰ ’ਚ ਵਿਖਾਏ ਗਏ ਹੁਜਰੇ (ਜਿਸ ਵਿਚ ਦਾਨਿਸ਼ਮੰਦ ਵਾਰਿਸ ਸ਼ਾਹ ਬਿਰਾਜਿਆ ਹੋਇਆ ਕਹਾਣੀ ਦੀ ਕਥਾਨਕਸਾਜ਼ੀ ਕਰ ਰਿਹਾ ਹੈ) ਦੀ ਤੁਲਨਾ ਹੀਰ ਵਿਚ ਬਿਆਨੇ ਕਾਜ਼ੀ ਦੇ ਹੁਜਰੇ ਨਾਲ ਕੀਤੀ ਜਾਵੇ, ਤਦ ਹੁਜਰੇ ਦੇ ਸੁਚੱਜੇ ਅਤੇ ਕੁਚੱਜੇ ਇਸਤੇਮਾਲ ਦਾ ਫ਼ਰਕ ਮਾਲੂਮ ਹੁੰਦਾ ਹੈ: “ਵਾਰਿਸਸ਼ਾਹ ਵਿਚ ਹੁਜਰਿਆਂ ਫ਼ਿਹਲ ਕਰਦੇ, ਮੁੱਲਾਂ ਲਾਂਵਦੇ ਜੋਤਰੇ ਵਾਹੀਆਂ ਨੂੰ।”
ਵਾਰਿਸ ਸ਼ਾਹ ਆਪਣੀ ਕਿਰਤ ਨੂੰ ਮੁਕੰਮਲ ਕਰਨ ਤੋਂ ਬਾਅਦ ਉਸ ਨੂੰ ਪਰਖਣ ਦਾ ਵੀ ਪ੍ਰਸਤਾਵ ਰੱਖਦਾ ਹੈ: “ਖਰਲ ਹਾਂਸ ਦਾ ਸ਼ਹਿਰ ਮਲਕਾ, ਜਿੱਥੇ ਸ਼ਿਅਰ ਕੀਤਾ ਯਾਰਾਂ ਵਾਸਤੇ ਮੈਂ/ ਪਰਖ ਸ਼ਿਅਰ ਦੀ ਆਪ ਕਰ ਲੈਣ ਸ਼ਾਇਰ, ਘੋੜਾ ਫੇਰਿਆ ਵਿਚ ਨਖ਼ਾਸ ਦੇ ਮੈਂ।” ਐਪਰ ਵਾਰਿਸਸ਼ਾਹ ’ਚ ਗ਼ਰੂਰ ਨਹੀਂ: “ਵਾਰਿਸਸ਼ਾਹ ਨਾ ਅਮਲ ਦੀ ਰਾਸ ਮੈਥੇ, ਕਰਾਂ ਮਾਣ ਨਿਮਾਨੜਾ ਕਾਸ ਦੇ ਮੈਂ।”
ਅਜੋਕੇ ਸਾਹਿਤਕ ਤੇ ਇਸ਼ਕ ਦੇ ਪਿੜ ’ਚੋਂ ‘ਸਰੂਰ’ ’ਚ ਝੂਮਦੇ ਵਾਰਿਸਸ਼ਾਹ ਤੇ ਰਾਂਝੇ ਹੁਰੀਂ ਕਿਉਂ, ਕਿਵੇਂ, ਕਿਧਰੇ ਟੁਰ ਕੇ ਗ਼ਾਇਬ ਹੋ ਗਏ ਵਿਚਾਰਨ ਵਾਲਾ ਗੰਭੀਰ ਮੁੱਦਾ ਹੈ। ਪੋਥੀ ਹੀਰ ਵਾਰਿਸ ਵਿਚਲੇ ਸੁਨੇਹੇ ਦੀ ਸਮਝ ਇਸ ਸਵਾਲ ਦੇ ਜਵਾਬ ਨੂੰ ਲੱਭ ਕੇ ਹੀ ਹੋ ਸਕਦੀ ਹੈ। ਅਜੋਕੇ ਸਮਿਆਂ ’ਚ ਜਦੋਂ ਤੀਕ ਅਸੀਂ ਆਪਣੇ ਸਭਿਆਚਾਰਕ/ ਸਾਹਿਤਕ ਸਰਮਾਏ ਦੇ ਸਿਰਜਕਾਂ ਤੇ ਉਨ੍ਹਾਂ ਦੁਆਰਾ ਸਿਰਜੇ ਪਾਤਰਾਂ ਦੇ ਗੁੰਮ-ਗ਼ਾਇਬ ਹੋਣ ਦੇ ਕਾਰਨਾਂ ਵੱਲ ਅਵੇਸਲੇ ਰਹਾਂਗੇ, ਸਾਡਾ ਸਭਿਆਚਾਰਕ/ਸਾਹਿਤਕ ਸਰਮਾਇਆ ਬੇਜ਼ੁਬਾਨ ਹੋਇਆ ਮੰਡੀ ਦੀ ਵਿਕਾਊ ਵਸਤ ਬਣਿਆ ਰਹੇਗਾ। ਇਸ ਦਾ ਸਿਆਸੀਕਰਨ, ਕੋਝਾ ਫ਼ਿਲਮੀਕਰਨ ਤੇ ਮਜ਼ਹਬੀਕਰਨ ਨਿਰਵਿਘਨ ਜਾਰੀ ਰਹੇਗਾ। ਆਪਣੀ ਰਾਇ ਦਾ ਬਿਗਲ ਵਜਾਉਣਾ ਸਿਰਫ਼ ਵਿਦਵਾਨ-ਆਲੋਚਕਾਂ ਦਾ ਹੀ ਹੱਕ ਨਹੀਂ, ਪੋਥੀ ਨੂੰ ਵੀ ਆਪਣਾ ਨਾਦ ਵਜਾਉਣ ਦਾ ਹੱਕ ਹੈ। ਪੋਥੀ ਜਿਉਂਦੀ-ਜਾਗਦੀ ਹਸਤੀ ਹੁੰਦੀ ਹੈ। ਪੋਥੀ ਵਿਚ ਉਸ ਦਾ ਰਚਨਾਕਾਰ ਵੀ ਬੈਠਾ ਹੁੰਦਾ ਹੈ। ਸਭਿਆਚਾਰਕ/ਸਾਹਿਤਕ ਸਰਮਾਏ ਵਿਚਾਰਨ ਤੇ ਵਿਚਰਨ ਲਈ ਹੁੰਦੇ ਹਨ।
ਪੋਥੀ ਹੀਰ ਵਾਰਿਸ ਪੰਜਾਬੀ ਰਹਿਤਲ ਦਾ ਸਰਮਾਇਆ ਹੈ: “ਸੱਭਾ ਵੀਣ ਕੇ ਜ਼ੇਬ ਬਣਾਇ ਦਿੱਤਾ, ਜੇਹਾ ਇਤਰ ਗ਼ੁਲਾਬ ਨਚੋੜਿਆ ਏ।” ਨਚੋੜ ’ਚ ‘ਸਤ’ ਤੇ ‘ਸਤਿ’ ਵਿਦਮਾਨ ਹੁੰਦਾ ਹੈ। ਵਾਰਿਸਸ਼ਾਹ ਸਤ ਤੇ ਸਤਿ ਦੇ ਅਰਥ ਸਮਝਦਾ ਹੈ, ਸਮਝਾਉਂਦਾ ਹੈ। ਉਸ ਨੂੰ ਪਤਾ ਹੈ ਕਿ ਸਭਿਆਚਾਰ ਦੇ ਸਤ ਤੇ ਸਤਿ ਨੂੰ ਪੇਸ਼ ਕਰਨ ਲਈ ਇਤਿਹਾਸਸਾਜ਼ੀ ਦੀ ਵਾਰਤਕ (ਪਰੋਜ਼) ਦੀਆਂ ਸੀਮਾਵਾਂ ਹਨ। ਇਹ ਸਾਧਾਰਨ ਹੁਨਰ ਦੀ ਮਾਲਕ ਹੈ। ਇਸ ਨੂੰ ਰੰਗ-ਬਰੰਗੀਆਂ ਫੁਲਕਾਰੀਆਂ ਨਹੀਂ ਕੱਢਣੀਆਂ ਆਉਂਦੀਆਂ। ਇਹ ਹਰ ਸ਼ੈਅ ਨੂੰ ਉੱਪਰੋਂ-ਉੱਪਰੋਂ ਹੀ ਵੇਖਦੀ ਹੈ। ਫੁਲਕਾਰੀਆਂ ਤਾਂ ਪੁੱਠੇ ਪਾਸਿਉਂ ਕੱਢੀਆਂ ਜਾਂਦੀਆਂ ਹਨ। ਕਾਵਿ ਦੀ ਕਸੀਦਾਕਾਰੀ ਬੜੀ ਪੇਚੀਦਾ ਕਲਾ ਹੈ। ਵਾਰਤਕ ਇਕਹਿਰੇ ਸੁਭਾਅ ਵਾਲੀ ਹੁੰਦੀ ਹੈ, ਇੱਕੋ ਦਿਸ਼ਾ ਵੱਲ ਚੱਲਣਾ ਤੇ ਚਲਾਉਣਾ ਇਸ ਦਾ ਜਮਾਂਦਰੂ ਸੁਭਾਅ ਹੁੰਦਾ ਹੈ। ਇਸ ਲਈ ਇਹ ਨੀਰਸ ਸੁਭਾਅ ਵਾਲੀ ਮੇਜ਼ਬਾਨ ਹੁੰਦੀ ਹੈ। ਇਸ ਨੂੰ ਸਟੇਟ ਤੇ ਸੱਤਾ ਨਾਲ ਗੰਢ-ਤੁੱਪ ਕਰਨ ਵਿਚ ਕੋਈ ਇਤਰਾਜ਼ ਨਹੀਂ ਹੁੰਦਾ ਕਿਉਂਕਿ ਸਟੇਟ ਤੇ ਸੱਤਾ ਵੀ ਇਸ ਵਾਂਗ ਇਕ-ਪਾਸਾਰੀ ਹੁੰਦੀਆਂ ਹਨ। ਐਨਤੋਨਿਓ ਗ੍ਰਾਮਸ਼ੀ ਤੋਂ ਪ੍ਰੇਰਿਤ ਸਬਾਲਟਰਨ ਸਟੱਡੀਜ਼ ਦੇ ਬਾਨੀ, ਇਤਿਹਾਸਕਾਰ ਰਣਾਜੀਤ ਗੁਹਾ ਨੇ ਇਕਹਿਰੇ ਸੁਭਾਅ ਵਾਲੀ ਵਾਰਤਕ ਨੂੰ ਗ਼ਾਲਬ ਰਾਜਸੀ ਅਤੇ ਆਰਥਿਕ ਵਿਵਸਥਾ ਦੇ ਪੱਖੋਂ ਵਿਚਾਰਿਆ ਅਤੇ ਹਰ ਇੱਕ ਸਮਾਜ ਦੀ ਕਾਵਿਕ ਰੂਹ ਨੂੰ ਕਿਵੇਂ ਲੱਭਣਾ ਹੈ, ਕਿਵੇਂ ਕਾਇਮ ਰੱਖਣਾ ਅਤੇ ਜਰਖ਼ੇਜ਼ ਬਣਾਉਣਾ ਹੈ ਇਸ ਦਾ ਰਾਹ ਵੀ ਦੱਸਿਆ। ਵਾਰਿਸਸ਼ਾਹ ਦੀ ਹੀਰ ਵੀ ਇਸ ਪੱਖੋਂ ਪੰਜਾਬ ਦੇ ਇਤਿਹਾਸਕਾਰਾਂ, ਸਾਹਿਤਕ ਆਲੋਚਕਾਂ ਲਈ ਪੱਥ-ਪ੍ਰਦਰਸ਼ਕ ਹੋ ਸਕਦੀ ਹੈ।
ਸੰਪਰਕ: 98783-69932
ਵਾਰਿਸ ਸ਼ਾਹ ਜੰਡਿਆਲੇ ਵਾਲੇ ਵਾਹ-ਵਾਹ ਹੀਰ ਬਣਾਈ।
ਮੈਂ ਵੀ ਰੀਸ ਉਸੇ ਦੀ ਕਰਕੇ ਲਿਖੀ ਤੋੜ ਨਿਭਾਈ।
ਜੋ ਅਟਕਲ ਮਜ਼ਮੂਨ ਬੰਨ੍ਹਣ ਦੀ ਮੈਨੂੰ ਨਾਹੀ ਕਾਈ।
ਵੱਡਾ ਤੁਅਜੁਬ ਆਵੇ ਯਾਰੋ ਦੇਖ ਉਸ ਦੀ ਦਾਨਾਈ।
– ਅਹਿਮਦ ਯਾਰ ਗੁਜਰਾਤੀ
ਮਸੀਤ ਵਿਚ ਵੰਝਲੀ
ਵਾਹਿ ਲਾਇ ਰਹੇ ਭਾਈ ਭਾਬੀਆਂ ਭੀ,
ਰਾਂਝਾ ਉਠ ਹਜ਼ਾਰਿਓਂ ਧਾਇਆ ਹੈ
ਭੁੱਖ ਨੰਗ ਨੂੰ ਝਾਗ ਕੇ ਪੰਧ ਕਰ ਕੇ,
ਰਾਤੀਂ ਵਿਚ ਮਸੀਤ ਦੇ ਆਇਆ ਹੈ
ਹੱਥ ਵੰਝਲੀ ਪਕੜ ਕੇ ਰਾਤ ਅੱਧੀ,
ਓਥੇ ਰਾਂਝੇ ਨੂੰ ਮਜ਼ਾ ਵੀ ਆਇਆ ਹੈ
ਰੰਨ ਮਰਦ ਨਾ ਪਿੰਡ ਵਿਚ ਰਿਹਾ ਕੋਈ,
ਸੱਭਾ ਗਿਰਦ ਮਸੀਤ ਦੇ ਆਇਆ ਹੈ
ਵਾਰਿਸ ਸ਼ਾਹ ਮੀਆਂ ਪੰਡ ਝਗੜਿਆਂ ਦੀ,
ਪਿੱਛੋਂ ਮੁੱਲਾਂ ਮਸੀਤ ਦਾ ਆਇਆ ਹੈ
ਹੀਰ ਦਾ ਹੁਸਨ:
ਸੁਰਮਾ ਨੈਣਾਂ ਦੀ ਧਾਰ ਵਿਚ ਖੁਭ ਰਹਿਆ,
ਚੜ੍ਹਿਆ ਹਿੰਦ ਤੇ ਕਟਕ ਪੰਜਾਬ ਦਾ ਜੀ
ਕੇਹੀ ਹੀਰ ਦੀ ਕਰੇ ਤਾਰੀਫ਼ ਸ਼ਾਇਰ,
ਮੱਥੇ ਚਮਕਦਾ ਹੁਸਨ ਮਹਿਤਾਬ ਦਾ ਜੀ
ਖ਼ੂਨੀ ਚੂੰਡੀਆਂ ਰਾਤ ਜਿਉਂ ਚੰਦ ਗਿਰਦੇ,
ਸੁਰਖ਼ ਰੰਗ ਜਿਉਂ ਰੰਗ ਸ਼ਰਾਬ ਦਾ ਜੀ
ਨੈਣ ਨਰਗਸੀ ਮਿਰਗ ਮਮੋਲੜੇ ਦੇ,
ਗੱਲਾਂ ਟਹਿਕੀਆਂ ਫੁੱਲ ਗੁਲਾਬ ਦਾ ਜੀ
ਭਵਾਂ ਵਾਂਙ ਕਮਾਨ ਲਾਹੌਰ ਦੇ ਸਨ,
ਕੋਈ ਹੁਸਨ ਨਾ ਅੰਤ ਹਿਸਾਬ ਦਾ ਜੀ
ਸੁਰਮਾ ਨੈਣਾਂ ਦੀ ਧਾਰ ਵਿਚ ਖੁੱਭ ਰਹਿਆ,
ਚੜ੍ਹਿਆ ਹਿੰਦ ਤੇ ਕਟਕ ਪੰਜਾਬ ਦਾ ਜੀ
ਖੁਲ੍ਹੀ ਵਿਚ ਤ੍ਰਿੰਝਣਾਂ ਲਟਕਦੀ ਹੈ,
ਹਾਥੀ ਮਸਤ ਜਿਉਂ ਫਿਰੇ ਨਵਾਬ ਦਾ ਜੀ
ਚਿਹਰਾ ਸੋਹਣਾ ਤੇ ਖ਼ਤ ਖ਼ਾਲ ਬਣਦੇ,
ਖੁਸ਼ ਖ਼ਤ ਜਿਉਂ ਹਰਫ਼ ਕਿਤਾਬ ਦਾ ਜੀ
ਜਿਹੜੇ ਵੇਖਣੇ ਦੇ ਰੀਝਵਾਨ ਆਹੇ,
ਵੱਡਾ ਫ਼ਾਇਦਾ ਤਿਨ੍ਹਾਂ ਦੇ ਬਾਬ ਦਾ ਜੀ
ਚਲੋ ਲੈਲਾਤੁਲਕਦਰ ਦੀ ਕਰੋ ਜ਼ਿਆਰਤ,
ਵਾਰਿਸਸ਼ਾਹ ਇਹ ਕੰਮ ਸਵਾਬ ਦਾ ਜੀ
———————————————-
———————————————-
ਸ਼ਾਹ-ਪਰੀ ਦੀ ਲਟਕ ਪੰਜ ਫੂਲ ਰਾਣੀ,
ਗੁੱਝੀ ਰਹੇ ਨਾ ਹੀਰ ਹਜ਼ਾਰ ਵਿੱਚੋਂ
ਸਈਆਂ ਨਾਲ ਲਟਕਦੀ ਮਾਣ-ਮੱਤੀ,
ਜਿਵੇਂ ਹਰਨੀਆਂ ਤਰੁੱਠੀਆਂ ਬਾਰ ਵਿੱਚੋਂ
ਹੀਰ ਦਾ ਸੰਵਾਦ ਭਰਾਵਾਂ ਨਾਲ
ਅੱਖੀਂ ਲੱਗੀਆਂ ਮੁੜਨ ਨਾ ਵੀਰ ਮੇਰੇ,
ਹੀਰ ਵਾਰ ਘੱਤੀ ਬਲਿਹਾਰੀਆਂ ਵੇ
ਵਹਿਣ ਪਏ ਦਰਿਆ ਨਾ ਕਦੇ ਮੁੜਦੇ,
ਲਾਇ ਰਹੇ ਜ਼ੋਰਾਂ ਜ਼ੋਰਦਾਰੀਆਂ ਵੇ
ਲਹੂ ਕੀਕਰੂੰ ਨਿਕਲੇ ਨਾਹਿ ਭਾਈ,
ਜਿੱਥੇ ਲੱਗੀਆਂ ਤੇਜ਼ ਕਟਾਰੀਆਂ ਵੇ
ਲੱਗੇ ਦਸਤ ਇਕ ਵਾਰ ਨਾ ਬੰਦ ਕੀਚਣ,
ਵੈਦ ਲਿਖਦੇ ਵੈਦਗੀਆਂ ਸਾਰੀਆਂ ਵੇ
ਸਿਰ ਦਿੱਤਿਆਂ ਬਾਝ ਨਾ ਇਸ਼ਕ ਪੱਕੇ,
ਏਹ ਨਹੀਂ ਸੁਖਾਲੀਆਂ ਯਾਰੀਆਂ ਵੇ
ਵਾਰਿਸਸ਼ਾਹ ਮੀਆਂ ਭਾਈ ਵਰਜਦੇ ਨੀ,
ਵੇਖ ਇਸ਼ਕ ਬਣਾਈਆਂ ਖ਼ਵਾਰੀਆਂ ਵੇ
ਇਹ ਹੈ ਪੰਜਾਬ: ਪੰਜਾਬ ਦਾ ਸਭਿਆਚਾਰਕ ਦ੍ਰਿਸ਼
ਸ਼ੌਕ ਨਾਲ ਵਜਾਇਕੇ ਵੰਝਲੀ ਨੂੰ,
ਪੰਜਾਂ ਪੀਰਾਂ ਅੱਗੇ ਖੜਾ ਗਾਂਵਦਾ ਈ
ਕਦੀ ਊਧੋ ਤੇ ਕਾਹਨ ਦੇ ਬਿਸ਼ਨਪਦੇ,
ਕਦੀ ਮਾਝ ਪਹਾੜ ਦੀ ਲਾਂਵਦਾ ਈ
ਕਦੀ ਢੋਲ ਤੇ ਮਾਰਵਣ ਛੋਹ ਦੇਂਦਾ,
ਬੂਬਨਾ ਚਾਇ ਸੁਣਾਂਵਦਾ ਈ
ਮਲਕੀ ਨਾਲ ਜਲਾਲੀਆਂ ਖ਼ੂਬ ਗਾਵੇ,
ਵਿਚ ਝੀਵਰੀ ਦੀ ਕਲੀ ਲਾਂਵਦਾ ਈ
ਕਦੀ ਸੋਹਣੀ ਤੇ ਮਹੀਂਵਾਲ ਵਾਲੀ,
ਨਾਲ ਸ਼ੌਕ ਦੇ ਸੱਦ ਸਦਾਂਵਦਾ ਈ
ਕਦੀ ਧੁਰਪਤਾਂ ਨਾਲ ਕਬਿੱਤ ਛੋਹੇ,
ਕਦੀ ਸੋਹਲੇ ਨਾਲ ਰਲਾਂਵਦਾ ਈ
ਸਾਰੰਗ ਨਾਲ ਤਿਲੰਗ ਸ਼ਹਾਨੀਆਂ ਦੇ,
ਰਾਗ ਸੂਹੀ ਦਾ ਭੋਗ ਚਾ ਪਾਂਵਦਾ ਈ
ਸੋਰਠ ਗੂਜਰੀਆਂ ਪੂਰਬੀ ਲਲਿਤ ਭੈਰੋ,
ਦੀਪਕ ਰਾਗ ਦੀ ਜ਼ੀਲ ਵਜਾਂਵਦਾ ਈ
ਟੋਡੀ ਮੇਘ ਮਲ੍ਹਾਰ ਤੇ ਰਾਗ ਗਾਵੇ,
ਜੈਤਸਰੀ ਵੀ ਨਾਲ ਰਲਾਂਵਦਾ ਈ
ਮਾਲਸਰੀ ਤੇ ਪਰਜਬਨ ਰਾਗ ਬੋਲੇ,
ਨਾਲੇ ਮਾਲਵਾ ਵਿਚ ਵਜਾਂਵਦਾ ਈ
ਕੇਦਾਰਾ ਬਿਹਾਗੜੋ ਰਾਗ ਮਾਰੂ,
ਨਾਲੇ ਕਾਹਨੜੇ ਦੀਆਂ ਸੁਰਾਂ ਲਾਂਵਦਾ ਈ
ਕਲਿਆਨ ਨਾਲੇ ਮਾਲਕੌਂਸ ਬੋਲੇ,
ਅਤੇ ਮੰਗਲਾਚਾਰ ਸੁਣਾਂਵਦਾ ਈ
ਭੈਰੋ ਨਾਲ ਪਲਾਸੀਆਂ ਭੀਮ ਬੋਲੇ,
ਨਟ ਰਾਗ ਦੀ ਜ਼ੀਲ ਬਣਾਂਵਦਾ ਈ
ਪੁਰਵਾ ਨਾਲ ਬਿਹਾਰ ਝੰਝੋਟੀਆਂ ਦੇ,
ਹੋਰੀ ਨਾਲ ਆਸਾ ਖਲਾ ਗਾਂਵਦਾ ਈ
ਬੋਲੇ ਰਾਗ ਬਸੰਤ ਹੰਡੋਲ ਗੋਪੀ,
ਮੁੰਦਾਵਣੀ ਦੀਆਂ ਸੁਰਾਂ ਲਾਂਵਦਾ ਈ
ਪਲਾਸੀ ਨਾਲ ਤਲਾਸੀਆਂ ਰਾਮ ਕਲੀ,
ਵਾਰਿਸਸ਼ਾਹ ਨੂੰ ਖੜਾ ਸੁਣਾਂਵਦਾ ਈ
ਹੀਰ ਦਾ ਸੰਵਾਦ ਅੰਮਾ ਨਾਲ
ਅੰਮਾ ਬੱਸ ਕਰ ਗਾਲ੍ਹੀਆਂ ਦੇਹ ਨਾਹੀਂ,
ਗਾਲ੍ਹ ਦਿੱਤਿਆਂ ਵੱਡੜਾ ਪਾਪ ਆਵੇ
ਨੀਂਹ ਰੱਬ ਦੀ ਪੱਟਣੀ ਬਹੁਤੀ ਔਖੀ,
ਧੀਆਂ ਮਾਰਿਆਂ ਵੱਡਾ ਸਰਾਪ ਆਵੇ
ਲੈ ਜਾਵੇ ਮੈਨੂੰ ਭੱਯਾਂ ਪਿੱਟੜੀ ਨੂੰ,
ਕੋਈ ਗ਼ੈਬ ਦਾ ਸੂਲ ਕਿ ਤਾਪ ਆਵੇ
ਵਾਰਿਸਸ਼ਾਹ ਨਾ ਮੁੜਾਂ ਰੰਝੇਟੜੇ ਤੋਂ,
ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ
ਕਾਜ਼ੀ ਦੀ ਕੱਟੜਤਾ ਵਿਰੁੱਧ ਖੜ੍ਹੀ ਹੁੰਦੀ ਹੀਰ
ਕਾਜ਼ੀ ਸੱਦਿਆ ਪੜ੍ਹਨ ਨਕਾਹ ਨੂੰ ਜੀ,
ਨੱਢੀ ਵਿਹਰ ਬੈਠੀ ਨਹੀਂ ਬੋਲਦੀ ਹੈ
ਮੈਂ ਤਾਂ ਮੰਗ ਰੰਝੇਟੇ ਦੀ ਹੋਇ ਚੁੱਕੀ,
ਮਾਉਂ ਕੁਫ਼ਰ ਦੇ ਗ਼ੈਰ ਕਿਉਂ ਤੋਲਦੀ ਹੈ
ਅਸਾਂ ਮੰਗ ਦਰਗਾਹ ਥੀਂ ਲਿਆ ਰਾਂਝਾ,
ਸਿਦਕ ਸੱਚ ਜ਼ਬਾਨ ਸਭ ਬੋਲਦੀ ਹੈ
———————————————————-
———————————————————
ਰਲੇ ਦਿਲਾਂ ਨੂੰ ਪਕੜ ਵਿਛੋੜ ਦੇਣਾ,
ਬੁਰੀ ਬਾਣ ਹੈ ਤਿਨ੍ਹਾਂ ਹਤਿਆਰਿਆਂ ਨੂੰ
ਨਿੱਤ ਸ਼ਹਿਰ ਦੀ ਫ਼ਿਕਰ ਗ਼ਲਤਾਨ ਰਹਿਣਾ,
ਏਹਾ ਸ਼ਾਮਤਾਂ ਰੱਬ ਦਿਆਂ ਮਾਰਿਆਂ ਨੂੰ
ਖਾਣ ਵੱਢੀਆਂ ਨਿੱਤ ਈਮਾਨ ਵੇਚਣ,
ਏਹੋ ਮਾਰ ਹੈ ਕਾਜ਼ੀਆਂ ਸਾਰਿਆਂ ਨੂੰ
ਰੱਬ ਦੋਜ਼ਖ਼ਾਂ ਨੂੰ ਭਰੇ ਪਾਇ ਬਾਲਣ,
ਕੇਹਾ ਦੇਸ ਹੈ ਅਸਾਂ ਵਿਚਾਰਿਆਂ ਨੂੰ
ਵਾਰਿਸਸ਼ਾਹ ਮੀਆਂ ਬਣੀ ਬਹੁਤ ਔਖੀ,
ਨਹੀਂ ਜਾਣਦੇ ਸਾਂ ਏਨ੍ਹਾਂ ਕਾਰਿਆਂ ਨੂੰ
———————————————————-
——————————————————-
ਪੈਂਚਾਂ ਪਿੰਡ ਦਿਆਂ ਸੱਚ ਥੀਂ ਤਰਕ ਕੀਤਾ,
ਕਾਜ਼ੀ ਰਿਸ਼ਵਤਾਂ ਮਾਰ ਕੇ ਕੋਰ ਕੀਤੇ
ਪਹਿਲਾਂ ਹੋਰਨਾਂ ਨਾਲ ਕਰਾਰ ਕਰ ਕੇ,
ਤਮ੍ਹਾਂ ਵੇਖ ਦਾਮਾਦ ਫਿਰ ਹੋਰ ਕੀਤੇ
ਗੱਲ ਕਰਨ ਈਮਾਨ ਦੀ ਕੱਢ ਛੱਡਣ,
ਪੈਂਚ ਪਿੰਡ ਦੇ ਠੱਗ ਤੇ ਚੋਰ ਕੀਤੇ
ਰਾਂਝਾ ਤੇ ਨਾਥ
ਸੁੰਞਾ ਲੋਕ ਬਖ਼ੀਲ ਤੇ ਬਾਬ ਮੰਦੀ,
ਮੇਰਾ ਰੱਬ ਬਖ਼ੀਲ ਨਾ ਲੋੜੀਏ ਜੀ
ਕੀਚੈ ਗ਼ੌਰ ਤੇ ਕੰਮ ਬਣਾਇ ਦਿੱਚੈ,
ਮਿਲੇ ਸਿਰਾਂ ਨੂੰ ਨਾਂਹ ਵਿਛੋੜੀਏ ਜੀ
————————————————————-
———————————————————-
ਨਾਥ ਮੀਟ ਅੱਖੀਂ ਦਰਗਾਹ ਅੰਦਰ,
ਨਾਲੇ ਅਰਜ਼ ਕਰਦਾ ਨਾਲੇ ਸੰਗਦਾ ਜੀ
ਰਾਂਝਾ ਜੱਟ ਫ਼ਕੀਰ ਹੋਇ ਆਇ ਬੈਠਾ
ਲਾਹ ਆਸਰਾ ਨਾਮ ਤੇ ਨੰਗ ਦਾ ਜੀ
ਐਸਾ ਇਸ਼ਕ ਨੇ ਮਾਰ ਹੈਰਾਨ ਕੀਤਾ,
ਸੜ ਗਿਆ ਜਿਉਂ ਅੰਗ ਪਤੰਗ ਦਾ ਜੀ
ਰਾਂਝਾ ਕੌਣ ਹੈ: ਨਾ ਮੁੰਡੀਆ,
ਨਾ ਉਦਾਸੀ ਨਾ ਜੰਗਮ
ਮਾਏ ਇੱਕ ਜੋਗੀ ਸਾਡੇ ਨਗਰ ਆਇਆ,
ਕੰਨੀਂ ਓਸ ਨੇ ਮੁੰਦਰਾਂ ਪਾਈਆਂ ਨੀ
ਨਾ ਉਹ ਮੁੰਡੀਆਂ ਗੋਦੜੀ ਨਾਥ ਜੰਘਮ,
ਨਾ ਉਦਾਸੀਆਂ ਵਿਚ ਠਹਿਰਾਈਆਂ ਨੀ
ਪ੍ਰੇਮ-ਮੱਤੀਆਂ ਅੱਖੀਆਂ ਰੰਗ ਭਰੀਆਂ,
ਸਦਾ ਗੂੜ੍ਹੀਆਂ ਲਾਲ ਸਵਾਈਆਂ ਨੀ
ਖ਼ੂਨੀ ਬਾਂਕੀਆਂ ਨਸ਼ੇ ਦੇ ਨਾਲ ਭਰੀਆਂ,
ਨੈਣਾਂ ਖੀਵੀਆਂ ਸਾਣ ਚੜ੍ਹਾਈਆਂ ਨੀ
ਵਾਰਿਸਸ਼ਾਹ ਚੇਲਾ ਬਾਲ ਨਾਥ ਦਾ ਏ,
ਝੋਕਾਂ ਪ੍ਰੇਮ ਕਿਸੇ ਨੇ ਲਾਈਆਂ ਨੀ
ਜੋਗੀ ਤੇ ਹੀਰ
ਮੁਠੀ ਮੁਠੀ ਏਹ ਗੱਲ ਨਾ ਕਰੋ ਭੈਣਾਂ,
ਮੈਂ ਤਾਂ ਸੁਣਦਿਆਂ ਹੀ ਮਰ ਗਈ ਜੇ ਨੀ
ਤੁਸਾਂ ਏਹ ਜਦੋਕਣੀ ਗੱਲ ਟੋਰੀ,
ਖਲੀ ਤਲੀ ਹੀ ਮੈਂ ਲਹਿ ਗਈ ਜੇ ਨੀ
ਕੀਕੂੰ ਕੰਨ ਪੜਾਇ ਕੇ ਜੀਂਵਦਾ ਹੈ,
ਗੱਲਾਂ ਸੁਣਦਿਆਂ ਹੀ ਜਿੰਦ ਗਈ ਜੇ ਨੀ
ਕਿਵੇਂ ਵੇਖੀਏ ਓਸ ਮਸਤਾਨੜੇ ਨੂੰ,
ਜਿਸ ਦੀ ਤ੍ਰਿੰਝਣਾਂ ਵਿਚ ਧੁੰਮ ਪਈ ਜੇ ਨੀ
————————————————-
————————————————-
ਹੀਰ ਆਖਦੀ ਜੋਗੀਆ ਝੂਠ ਆਖੇਂ,
ਕੌਣ ਰੁੱਠੜੇ ਯਾਰ ਮਿਲਾਂਵਦਾ ਈ
ਏਹਾ ਕੋਈ ਨਾ ਮਿਲਿਆ ਮੈਂ ਭਾਲ ਥੱਕੀ,
ਜਿਹੜਾ ਗਿਆਂ ਨੂੰ ਮੋੜ ਲਿਆਂਵਦਾ ਈ
ਸਾਡੇ ਚੰਮ ਦੀਆਂ ਜੁੱਤੀਆਂ ਕਰੇ ਜੋਗੀ,
ਜਿਹੜਾ ਜੀਊ ਦਾ ਰੋਗ ਗਵਾਂਵਦਾ ਈ
ਭਲਾ ਦੱਸ ਖਾਂ ਚਿਰੀ ਵਿਛੁੰਨਿਆਂ ਨੂੰ,
ਕਦੋਂ ਰੱਬ ਸੱਚਾ ਘਰੀਂ ਲਿਆਂਵਦਾ ਈ
ਭਲਾ ਮੋਏ ਤੇ ਵਿਛੜੇ ਕੌਣ ਮੇਲੇ,
ਐਵੇਂ ਜੀਊੜਾ ਲੋਕ ਵਲਾਂਵਦਾ ਈ
ਇਕ ਬਾਜ਼ ਥੋਂ ਕਾਂਉਂ ਨੇ ਕੂੰਜ ਖੋਹੀ,
ਵੇਖਾਂ ਚੁੱਪ ਹੈ ਕਿ ਕੁਰਲਾਂਵਦਾ ਈ
ਇਕ ਜੱਟ ਦੇ ਖੇਤ ਨੂੰ ਅੱਗ ਲੱਗੀ,
ਵੇਖਾਂ ਆਇਕੇ ਕਦੋਂ ਬੁਝਾਂਵਦਾ ਈ
ਦਿਆਂ ਘਿਉ ਦੀਆਂ ਚੂਰੀਆਂ ਬਾਲ ਦੀਵੇ,
ਵਾਰਿਸਸ਼ਾਹ ਜੇ ਸੁਣਾਂ ਮੈਂ ਆਂਵਦਾ ਈ