ਡਾ. ਗੁਰਤੇਜ ਸਿੰਘ
ਜ਼ਿੰਦਗੀ ਦੀ ਭੱਜ ਦੌੜ ਦੀ ਆਖਰੀ ਮੰਜ਼ਿਲ ਸਫ਼ਲਤਾ ਨੂੰ ਸਰ ਕਰਨਾ ਹੁੰਦੀ ਹੈ। ਜ਼ਿੰਦਗੀ ਦੀ ਕਸ਼ਮਕਸ਼ ਦਾ ਧੁਰਾ ਸਿਰਫ ਸਫਲਤਾ ਦੇ ਦੁਆਲੇ ਘੁੰਮਦਾ ਹੈ। ਅਜੋਕੇ ਸਮੇਂ ਵਿਚ ਹਰ ਇਨਸਾਨ ਦੀ ਇੱਛਾ ਸਫ਼ਲ ਮਨੁੱਖ ਬਣਨ ਦੀ ਹੈ। ਮਨੁੱਖੀ ਸੁਭਾਅ ਆਰਥਿਕ, ਸਮਾਜਿਕ ਤੇ ਧਾਰਮਿਕ, ਹਰ ਤਰ੍ਹਾਂ ਦੀ ਆਜ਼ਾਦੀ ਦਾ ਆਸ਼ਕ ਹੈ। ਆਜ਼ਾਦੀ ਦੀ ਤਾਂਘ ਉਸ ਨੂੰ ਚੈਨ ਨਾਲ ਬੈਠਣ ਨਹੀ ਦਿੰਦੀ ਅਤੇ ਸਮਾਜ ਅੰਦਰ ਆਜ਼ਾਦੀ ਮਾਨਣ ਲਈ ਉਸ ਨੂੰ ਦੁਨੀਆ ਤੋਂ ਵੱਖਰਾ ਕਰ ਗੁਜ਼ਰਨ ਲਈ ਪ੍ਰੇਰਦੀ ਹੈ। ਆਪਣੀ ਮੰਜ਼ਿਲ ਤੇ ਪਹੁੰਚਣ ਲਈ ਰਾਹੀ ਨੂੰ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੰਜਿ਼ਲਾਂ ਤੇ ਉਹੀ ਪਹੁੰਚਦੇ ਹਨ ਜੋ ਆਈਆਂ ਮੁਸੀਬਤਾਂ ਨੂੰ ਖਿੜੇ ਮੱਥੇ ਸਵੀਕਾਰ ਕਰਦੇ ਹਨ। ਸਫਲਤਾ ਅਸਫਲਤਾ ਤੋਂ ਉੱਪਰ ਉੱਠ ਕੇ ਕੀਤੀ ਮਿਹਨਤ ਦਾ ਰੰਗ ਤੇ ਸਵਾਦ ਵੱਖਰਾ ਹੀ ਹੁੰਦਾ ਹੈ; ਫਿਰ ਅਸਫਲਤਾ ਨਿਰਾਸ਼ ਨਹੀਂ ਕਰਦੀ ਸਗੋਂ ਹੋਰ ਡਟ ਕੇ ਮਿਹਨਤ ਕਰਨ ਲਈ ਪ੍ਰੇਰਦੀ ਹੈ।
ਉਦਾਸੀ ਨਿਰਾਸ਼ਾ ਨੂੰ ਜਨਮ ਦਿੰਦੀ ਹੈ ਅਤੇ ਨਿਰਾਸ਼ਾ ਆਦਮੀ ਨੂੰ ਆਤਮ-ਹੱਤਿਆ ਲਈ ਉਕਸਾਉਂਦੀ ਹੈ। ਨਿਰਾਸ਼ ਬੰਦੇ ਨੂੰ ਜਦੋ ਇਹ ਲੱਗਦਾ ਹੈ ਕਿ ਹੁਣ ਸਾਰੇ ਰਾਹ ਬੰਦ ਹੋ ਗਏ ਹਨ ਤਾਂ ਉਹ ਮੌਤ ਨੂੰ ਹਮਸਫ਼ਰ ਬਣਾ ਲੈਂਦਾ ਹੈ। ਅਜੋਕੇ ਅਗਾਂਹਵਧੂ ਅਤੇ ਤਕਨਾਲੋਜੀ ਦੇ ਸਮੇਂ ਵਿਚ ਖੁਦਕੁਸ਼ੀਆਂ ਦਾ ਰੁਝਾਨ ਆਲਮੀ ਪੱਧਰ ਤੇ ਵਧ ਰਿਹਾ ਹੈ। ਮੁਕਾਬਲੇ ਦੇ ਇਸ ਯੁਗ ਵਿਚ ਇੱਕ ਦੂਜੇ ਨੂੰ ਪਛਾੜ ਕੇ ਅੱਗੇ ਨਿਕਲਣ ਦੀ ਹੋੜ ਨੇ ਇਨਸਾਨ ਨੂੰ ਮਸ਼ੀਨ ਬਣਾ ਦਿੱਤਾ ਹੈ। ਇਹ ਵਰਤਾਰਾ ਮਨੁੱਖ ਦੇ ਜਨਮ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਮਾਪੇ ਬੱਚੇ ਤੋਂ ਬਿਨਾ ਪੁੱਛੇ ਪਹਿਲਾਂ ਹੀ ਤੈਅ ਕਰ ਲੈਂਦੇ ਹਨ ਕਿ ਬੱਚੇ ਲਈ ਕਮਾਈ ਦਾ ਚੰਗਾ ਖੇਤਰ ਕਿਹੜਾ ਰਹੇਗਾ। ਬੱਚੇ ਨੂੰ ਸਿਰਫ ਪੈਸੇ ਦੀ ਮਸ਼ੀਨ ਬਣਾਉਣਾ ਹੀ ਜਿ਼ਆਦਾਤਰ ਮਾਪਿਆਂ ਦਾ ਖਿਆਲ ਹੈ। ਜਦੋਂ ਕੋਈ ਸ਼ਖ਼ਸ ਦੁਨੀਆ ਦੀ ਦੌੜ ਵਿਚ ਪਛੜਦਾ ਹੈ ਤਾਂ ਉਹ ਨਮੋਸ਼ੀ ਮੰਨ ਕੇ ਅਤੇ ਨਿਰਾਸ਼ ਹੋ ਕੇ ਆਤਮ-ਹੱਤਿਆ ਵੱਲ ਵਧਦਾ ਹੈ।
ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਜੁਲਾਈ 2021 ਦੇ ਅੰਕੜਿਆਂ ਅਨੁਸਾਰ ਸਾਡੇ ਦੇਸ਼ ਅੰਦਰ ਸੰਨ 2017-19 ਤਕ 14-18 ਸਾਲ ਉਮਰ ਦੇ 24588 ਬੱਚਿਆਂ ਨੇ ਆਤਮ-ਹੱਤਿਆ ਕੀਤੀ ਹੈ ਜਿਨ੍ਹਾਂ ਵਿਚੋਂ 13325 ਲੜਕੀਆਂ ਹਨ। ਇਨ੍ਹਾਂ ਵਰ੍ਹਿਆਂ ਦੋਰਾਨ ਖੁਦਕੁਸ਼ੀ ਦਾ ਗਰਾਫ਼ ਲਗਾਤਾਰ ਵਧਿਆ ਹੈ। 2017 ਵਿਚ 8029, 2018 ਚ 8162 ਤੇ 2019 ਵਿਚ ਇਹ ਅੰਕੜਾ ਵਧ ਕੇ 8377 ਹੋ ਗਿਆ। ਮੱਧ ਪਦੇਸ਼, ਪੱਛਮੀ ਬੰਗਾਲ, ਮਹਾਰਾਸ਼ਟਰ, ਤਾਮਿਲਨਾਡੂ ਵਿਚ ਕ੍ਰਮਵਾਰ ਇਨ੍ਹਾਂ ਬੱਚਿਆਂ ਦੀ ਖੁਦਕੁਸ਼ੀਆਂ ਦੀ ਦਰ ਉੱਚੀ ਹੈ। ਬੱਚਿਆਂ ਅੰਦਰ ਖੁਦਕੁਸ਼ੀ ਦਾ ਮੁੱਖ ਕਾਰਨ ਇਮਤਿਹਾਨ ਵਿਚ ਫ਼ੇਲ੍ਹ ਹੋਣਾ ਲੱਭਿਆ ਹੈ, ਇਸ ਕਰਕੇ 4046 ਬੱਚਿਆਂ ਨੇ ਆਤਮ-ਹੱਤਿਆ ਕੀਤੀ ਹੈ। ਵਿਆਹ ਆਦਿ ਨਾਲ ਸਬੰਧਿਤ ਮਾਮਲਿਆਂ ਕਾਰਨ 3954 ਬੱਚਿਆਂ ਨੇ ਖੁਦਕੁੁਸ਼ੀ ਕੀਤੀ ਜਦਕਿ ਕਿਸੇ ਬਿਮਾਰੀ, ਨਸ਼ਿਆਂ ਤੋਂ ਗ੍ਰਸਤ, ਜਿਨਸੀ ਛੇੜਛਾੜ ਤੋਂ ਤੰਗ ਆ ਕੇ 2648 ਬੱਚਿਆਂ ਨੇ ਖੁਦਕੁਸ਼ੀ ਕੀਤੀ।
ਭਾਰਤ ਵਿਚ ਇਹ ਸਮੱਸਿਆ ਗੁੰਝਲਦਾਰ ਤੇ ਵਿਕਰਾਲ ਰੂਪ ਧਾਰ ਚੁੱਕੀ ਹੈ। 1.32 ਲੱਖ ਖੁਦਕੁਸ਼ੀਆਂ ਕਰਨ ਵਾਲੇ ਲੋਕ 14-30 ਸਾਲ ਉਮਰ ਦੇ ਹਨ। ਇਸ ਵਿਚ ਵਿਦਿਆਰਥੀ ਵਰਗ ਵੀ ਸ਼ਾਮਿਲ ਹੈ। ਦੇਸ਼ ਅੰਦਰ ਹੋਈਆਂ ਕੁੱਲ ਖੁਦਕੁਸ਼ੀਆਂ ਵਿਚੋਂ 6.1 ਵਿਦਿਆਰਥੀਆਂ ਦੀ ਹਨ। ਮਨੁੱਖੀ ਸਾਧਨ ਵਿਕਾਸ ਮੰਤਰਾਲੇ ਦੇ 2013 ਦੇ ਅੰਕੜਿਆਂ ਅਨੁਸਾਰ ਅੱਠ ਹਜ਼ਾਰ ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ ਸੀ। ਰਾਜਸਥਾਨ ਦੇ ਕੋਟਾ ਸ਼ਹਿਰ ਵਿਚ ਅੰਡਰ-ਗ੍ਰੈਜੂਏਸ਼ਨ ਪ੍ਰਵੇਸ਼ ਪ੍ਰੀਖਿਆ ਦੀ ਤਿਆਰੀ ਕਰ ਰਹੇ ਬੱਚਿਆਂ ਵਿਚੋਂ ਪਿਛਲੇ ਛੇ ਮਹੀਨਿਆਂ ਦੌਰਾਨ 9 ਬੱਚਿਆਂ ਨੇ ਖੁਦਕੁਸ਼ੀ ਕੀਤੀ ਸੀ। ਇਸ ਵਰਤਾਰੇ ਨੇ ਅਜੋਕੇ ਸਿੱਖਿਆ ਪ੍ਰਬੰਧਾਂ ਨੂੰ ਕਟਿਹਰੇ ਵਿਚ ਖੜ੍ਹਾ ਕੀਤਾ ਹੈ। ਮਹਿੰਗੀ ਸਿੱਖਿਆ ਨੇ ਗਰੀਬ ਬੱਚਿਆਂ ਨੂੰ ਸਿੱਖਿਆ ਤੋਂ ਕੋਹਾਂ ਦੂਰ ਕੀਤਾ ਹੈ ਜਿਸ ਕਾਰਨ ਉਹ ਮੌਤ ਨੂੰ ਗਲੇ ਲਗਾ ਬੈਠਦੇ ਹਨ। ਕਮਜ਼ੋਰ ਆਰਥਿਕ ਆਧਾਰ ਅਤੇ ਹੋਰ ਕਾਰਨਾਂ ਕਰਕੇ ਆਪਣੇ ਸੁਫ਼ਨੇ ਚੂਰ ਚੂਰ ਹੁੰਦੇ ਦੇਖ ਉਹ ਇਸ ਪਾਸੇ ਮੁੜ ਪੈਂਦੇ ਹਨ। ਦਾਖ਼ਲਾ ਪ੍ਰੀਖਿਆ ਟੈਸਟ ਦੀ ਤਿਆਰੀ ਕਰਾਉਣ ਵਾਲੇ ਕੋਚਿੰਗ ਕੇਦਰਾਂ ਵਿਚ ਵਿਦਿਆਰਥੀਆਂ ਦੀ ਭੀੜ ਲਗਾਤਾਰ ਵਧ ਰਹੀ ਹੈ ਪਰ ਕੋਰਸਾਂ ਦੀਆਂ ਸੀਟਾਂ ਸੀਮਿਤ ਹਨ ਜਿਸ ਕਾਰਨ ਸਾਰੇ ਬੱਚੇ ਆਪਣੇ ਮਨਭਾਉਂਦੇ ਕੋਰਸਾਂ ਅਤੇ ਕਾਲਜਾਂ ਵਿਚ ਦਾਖ਼ਲੇ ਨਹੀਂ ਲੈ ਸਕਦੇ ਜਿਸ ਕਾਰਨ ਨਿਰਾਸ਼ ਹੋ ਕੇ ਖੁਦਕੁਸ਼ੀ ਕਰਦੇ ਹਨ।
ਕੌਮਾਂਤਰੀ ਲੇਬਰ ਖੋਜ ਸੰਸਥਾ ਦੀ ਖੋਜ ਅਨੁਸਾਰ ਆਲਮੀ ਪੱਧਰ ਤੇ ਦਸ ਵਿਦਿਆਰਥੀਆਂ ਵਿਚੋਂ ਇੱਕ ਗੰਭੀਰ ਰੂਪ ਵਿਚ ਤਣਾਅ ਦਾ ਸ਼ਿਕਾਰ ਹੈ। ਇਸੇ ਕਾਰਨ ਵਿਦਿਆਰਥੀਆਂ ਵਿਚ ਆਤਮ-ਹੱਤਿਆ ਦਾ ਰੁਝਾਨ ਵਧ ਰਿਹਾ ਹੈ। ਇਮਤਿਹਾਨ ਸਮੇਂ ਅਕਸਰ ਬੱਚੇ ਖੁਦਕੁਸ਼ੀਆਂ ਕਰਦੇ ਹਨ। ਲਾਂਸੇਟ ਮੈਡੀਕਲ ਰਸਾਲੇ ਵਿਚ ਛਪੀ ਰਿਪੋਰਟ ਅਨੁਸਾਰ ਸੰਸਾਰ ਅੰਦਰ 15-29 ਸਾਲ ਉਮਰ ਵਰਗ ਦੇ ਲੋਕਾਂ ਵਿਚ ਆਤਮ-ਹੱਤਿਆ ਦਰ ਹੋਰਨਾਂ ਨਾਲੋਂ ਸਭ ਤੋਂ ਉੱਚੀ ਹੈ।
ਕੌਮੀ ਅਪਰਾਧ ਰਿਕਾਰਡ ਬਿਊਰੋ ਨੇ 2018 ਦੇ ਅੰਕੜੇ ਜਾਰੀ ਕੀਤੇ ਹਨ ਜਿਸ ਅਨੁਸਾਰ, ਖੁਦਕੁਸ਼ੀਆਂ ਦੇ ਮਾਮਲਿਆਂ ਵਿਚ 36 ਫ਼ੀਸਦੀ ਵਾਧਾ ਹੋਇਆ ਹੈ। ਪੰਜਾਬ ਵਿਚ ਕੁੱਲ 1714 ਲੋਕਾਂ ਨੇ ਆਤਮ-ਹੱਤਿਆ ਕੀਤੀ, ਇਨ੍ਹਾਂ ਵਿਚੋਂ 722 ਲੋਕਾਂ ਨੇ ਆਪਣੀ ਕਿਸੇ ਗੰਭੀਰ ਬਿਮਾਰੀ ਤੋਂ ਤੰਗ ਆ ਕੇ ਖੁਦਕੁਸ਼ੀ ਕੀਤੀ ਹੈ। ਇਸ ਸੰਖਿਆ ਨਾਲ ਸਾਡਾ ਸੂਬਾ ਬਿਮਾਰੀ ਕਾਰਨ ਆਤਮ-ਹੱਤਿਆ ਕਰਨ ਦੇ ਮਾਮਲੇ ਵਿਚ ਮੋਹਰੀ ਹੈ, ਭਾਵ ਇਕੱਲੇ ਪੰਜਾਬ ਦਾ ਇਹ ਅੰਕੜਾ 42.1 ਫ਼ੀਸਦ ਹੈ ਜਦਕਿ ਬਾਕੀ ਸਾਰੇ ਸੂਬਿਆਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਮਿਲਾ ਕੇ ਇਹ ਅੰਕੜਾ 57.9 ਫ਼ੀਸਦੀ ਬਣਦਾ ਹੈ। ਸਾਡੇ ਸੂਬੇ ਵਿਚ ਨਸ਼ਿਆਂ ਕਾਰਨ 55 ਲੋਕਾਂ ਨੇ ਖੁਦਕੁਸ਼ੀ ਕੀਤੀ ਹੈ। 2017 ਵਿਚ ਪੰਜਾਬ ਵਿਚ 1481 ਲੋਕਾਂ ਨੇ ਖੁਦਕੁਸ਼ੀ ਕੀਤੀ ਸੀ, ਇਨ੍ਹਾਂ ਵਿਚ ਬਿਮਾਰੀ ਤੋਂ ਤੰਗ ਆ ਕੇ ਆਤਮ-ਹੱਤਿਆ ਕਰਨ ਵਾਲਿਆਂ ਦੀ ਗਿਣਤੀ 469 ਸੀ।
ਸੂਬੇ ਅੰਦਰ ਆਤਮ-ਹੱਤਿਆ ਦੇ ਕਾਰਨ ਕਰਜ਼ਾ, ਬਿਮਾਰੀ, ਨਸ਼ੇ ਅਤੇ ਬੇਰੁਜ਼ਗਾਰੀ ਹਨ। ਬੇਰੁਜ਼ਗਾਰੀ ਕਾਰਨ ਖੁਦਕੁਸ਼ੀ ਕਰਨ ਵਾਲਿਆਂ ਸਬੰਧੀ ਬਿਊਰੋ ਵੱਲੋਂ ਕੀਤੇ ਖੁਲਾਸੇ ਦਿਲ ਕੰਬਾਊ ਹਨ। ਇਸ ਮਾਮਲੇ ਵਿਚ ਤਾਂ ਬੇਰੁਜ਼ਗਾਰ ਨੌਜਵਾਨਾਂ ਨੇ ਕਿਸਾਨਾਂ ਨੂੰ ਵੀ ਪਛਾੜ ਦਿੱਤਾ ਹੈ। 2018 ਦੌਰਾਨ ਮੁਲਕ ਵਿਚ 12936 ਲੋਕਾਂ ਨੇ ਬੇਰੁਜ਼ਗਾਰੀ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਦਾ ਰਾਹ ਚੁਣਿਆ ਹੈ, ਇਸ ਵਿਚ 10687 ਮਰਦ ਅਤੇ 2248 ਔਰਤਾਂ ਸ਼ਾਮਿਲ ਹਨ। ਇਸੇ ਵਰ੍ਹੇ ਖੇਤੀ ਖੇਤਰ ਨਾਲ ਸਬੰਧਿਤ 10349 ਲੋਕਾਂ ਨੇ ਖੁਦਕੁਸ਼ੀ ਕੀਤੀ ਹੈ। ਸਾਡੇ ਸੂਬੇ ਅੰਦਰ ਵੀ 2018 ਦੌਰਾਨ 207 ਬੇਰੁਜ਼ਗਾਰ ਲੋਕਾਂ ਨੇ ਖੁਦਕੁਸ਼ੀ ਕੀਤੀ ਹੈ ਜਿਸ ਵਿਚ 184 ਮਰਦ ਅਤੇ 23 ਔਰਤਾਂ ਸ਼ਾਮਿਲ ਹਨ, ਜਦਕਿ ਕਿਸਾਨਾਂ ਦਾ ਇਹ ਅੰਕੜਾ 202 ਹੈ। ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਹੀ 2013 ਦੇ ਅੰਕੜਿਆਂ ਅਨੁਸਾਰ ਔਸਤਨ ਹਰ ਘੰਟੇ ਵਿਚ 15 ਲੋਕਾਂ ਨੇ ਖੁਦਕੁਸ਼ੀ ਕੀਤੀ ਹੈ ਅਤੇ 69.7 ਫੀਸਦੀ ਲੋਕਾਂ ਨੇ ਆਰਥਿਕ ਤੰਗੀ ਕਾਰਨ ਆਤਮ-ਹੱਤਿਆ ਕੀਤੀ ਹੈ। 2013 ਵਿਚ ਮੁਲਕ ਅੰਦਰ 1,35,445 ਲੋਕਾਂ ਨੇ ਖੁਦਕੁਸ਼ੀਆਂ ਕੀਤੀਆਂ ਸਨ। ਉਸ ਸਾਲ ਦੌਰਾਨ ਇੱਕ ਦਿਨ ਵਿਚ 371 ਖੁਦਕੁਸ਼ੀਆਂ ਹੋਈਆਂ ਜਿਨ੍ਹਾਂ ਵਿਚ 242 ਮਰਦ ਅਤੇ 129 ਔਰਤਾਂ ਸਨ। ਖੁਦਕੁਸ਼ੀ ਮਾਮਲਿਆਂ ਵਿਚ ਤਾਮਿਲਨਾਡੂ ਮੋਹਰੀ ਸੀ ਜਿੱਥੇ ਉਸ ਸਾਲ ਦੌਰਾਨ 16927, ਮਹਾਰਾਸ਼ਟਰ ਵਿਚ 16112 ਅਤੇ ਆਂਧਰਾ ਪ੍ਰਦੇਸ਼ ਵਿਚ 14328 ਲੋਕਾਂ ਨੇ ਆਤਮ-ਹੱਤਿਆ ਕੀਤੀ। ਖੁਦਕੁਸ਼ੀ ਕਰਨ ਵਾਲਿਆਂ ਵਿਚ ਮਰਦਾਂ ਦੀ ਗਿਣਤੀ ਜਿ਼ਆਦਾ ਸੀ ਅਤੇ ਛੇ ਖੁਦਕੁਸ਼ੀਆਂ ਵਿਚੋਂ ਇੱਕ ਘਰੇਲੂ ਔਰਤ ਦੁਆਰਾ ਕੀਤੀ ਗਈ ਸੀ।
ਭਾਰਤ ਵਿਚ ਖੇਤੀਬਾੜੀ ਨੂੰ ਮੁਲਕ ਦੇ ਅਰਥਚਾਰੇ ਦੀ ਰੀੜ੍ਹ ਹੱਡੀ ਮੰਨਿਆ ਜਾਂਦਾ ਹੈ। 58 ਫ਼ੀਸਦੀ ਆਬਾਦੀ ਖੇਤੀਬਾੜੀ ਤੇ ਨਿਰਭਰ ਹੈ। ਸਰਕਾਰਾਂ ਦੀ ਨਲਾਇਕੀ ਅਤੇ ਅਣਗਹਿਲੀ ਨੇ ਕਿਸਾਨੀ ਨੂੰ ਹਾਸ਼ੀਏ ਤੇ ਧੱਕ ਦਿੱਤਾ ਹੈ। ਖੇਤੀਬਾੜੀ ਨਾਲ ਸਬੰਧਿਤ ਲੋਕਾਂ ਦੀ ਹਾਲਤ ਭਾਵੇਂ ਕਿਸੇ ਤੋਂ ਲੁਕੀ ਨਹੀਂ ਪਰ ਸਾਰੇ ਲੋਕ ਸਿਰਫ ਕਿਸਾਨ ਖੁਦਕੁਸ਼ੀਆਂ ਨੂੰ ਹੀ ਰੋ ਰਹੇ ਹਨ, ਖੇਤ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਦੀ ਗੱਲ ਕੋਈ ਨਹੀਂ ਕਰਦਾ। ਹੁਣ ਤੱਕ ਇਨ੍ਹਾਂ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਨੂੰ ਰਿਕਾਰਡ ਕਰਨ ਦੀ ਵੀ ਜਿ਼ਆਦਾ ਜ਼ਰੂਰਤ ਨਹੀ ਸਮਝੀ ਗਈ। ਕੌਮੀ ਅਪਰਾਧ ਰਿਕਾਰਡ ਬਿਊਰੋ ਨੇ ਵੀ ਪਹਿਲੀ ਵਾਰ 2014 ਵਿਚ ਮੁਲਕ ਅੰਦਰ 6750 ਖੇਤ ਮਜ਼ਦੂਰਾਂ ਦੀ ਖੁਦਕੁਸ਼ੀ ਦਾ ਅੰਕੜਾ ਪੇਸ਼ ਕੀਤਾ ਸੀ। ਮੁਆਵਜ਼ੇ ਸਮੇ ਵੀ ਇਨ੍ਹਾਂ ਦੀ ਕੋਈ ਪੁੱਛ ਪੜਤਾਲ ਨਹੀਂ ਹੁੰਦੀ। ਕਿਸਾਨ ਖੁਦਕੁਸ਼ੀ ਦੇ ਮਾਮਲੇ ਵਿਚ ਸਰਕਾਰ ਉਸ ਦੀ ਜ਼ਮੀਨ ਦੀ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦਿੰਦੀ ਹੈ ਪਰ ਮਜ਼ਦੂਰਾਂ ਦੇ ਮਾਮਲੇ ਵਿਚ ਅਜਿਹਾ ਕੁਝ ਨਹੀਂ ਵਾਪਰਦਾ।
ਸੰਸਾਰ ਸਿਹਤ ਸੰਸਥਾ ਦੇ ਸਹਾਇਕ ਨਿਰਦੇਸ਼ਕ ਅਨੁਸਾਰ ਸੰਸਾਰ ਅੰਦਰ ਜੰਗਾਂ ਅਤੇ ਮਹਾਮਾਰੀਆਂ ਦੇ ਮੁਕਾਬਲੇ ਆਤਮ-ਹੱਤਿਆ ਨਾਲ ਜਿ਼ਆਦਾ ਲੋਕ ਮਰਦੇ ਹਨ। ਸੰਸਾਰ ਸਿਹਤ ਸੰਸਥਾ ਅਨੁਸਾਰ ਤਣਾਅ ਦੁਨੀਆ ਵਿਚ ਪਾਈ ਜਾਣ ਵਾਲੀ ਨੰਬਰ ਇੱਕ ਬਿਮਾਰੀ ਹੈ। ਸੰਸਾਰ ਦੀ 69 ਫ਼ੀਸਦੀ ਆਬਾਦੀ ਤਣਾਅ ਦੀ ਸ਼ਿਕਾਰ ਹੈ। ਸੰਸਾਰ ਭਰ ਵਿਚ ਡਾਕਟਰ ਕੋਲ ਜਾਣ ਵਾਲੇ ਪੰਜ ਲੋਕਾਂ ਵਿਚੋਂ ਤਿੰਨ ਤਣਾਅ ਦੇ ਸ਼ਿਕਾਰ ਹੁੰਦੇ ਹਨ। ਅੰਦਾਜ਼ੇ ਮੁਤਾਬਿਕ ਦੁਨੀਆ ਅੰਦਰ ਸਾਲਾਨਾ ਅੱਠ ਲੱਖ ਤੋਂ ਜਿ਼ਆਦਾ ਲੋਕ ਖੁਦਕੁਸ਼ੀ ਕਰਦੇ ਹਨ। ਹਰ ਚਾਲੀ ਸਕਿੰਟ ਵਿਚ ਇੱਕ ਜ਼ਿੰਦਗੀ ਆਤਮ-ਹੱਤਿਆ ਦੀ ਭੇਟ ਚੜ੍ਹ ਰਹੀ ਹੈ। ਖੁਦਕੁਸ਼ੀ ਦੀਆਂ ਮੰਦਭਾਗੀ ਘਟਨਾਵਾਂ ਬੇਰੋਕ ਲਗਾਤਾਰ ਵਧਦੀਆਂ ਜਾ ਰਹੀਆਂ ਹਨ।
ਆਲਮੀ ਪੱਧਰ ਤੇ ਖੁਦਕੁਸ਼ੀਆਂ ਦੇ ਇਸ ਵਰਤਾਰੇ ਨੇ ਬੁੱਧੀਜੀਵੀਆਂ ਅਤੇ ਚਿੰਤਕਾਂ ਨੂੰ ਸੋਚਾਂ ਵਿਚ ਪਾ ਦਿੱਤਾ ਹੈ। ਹਰ ਵਰਗ ਦੇ ਲੋਕ ਇਸ ਮਾੜੇ ਰੁਝਾਨ ਵਿਚ ਰੁੜ੍ਹ ਰਹੇ ਹਨ। ਇਸ ਦੇ ਕਾਰਨ ਤਾਂ ਬਹੁਤ ਸਾਰੇ ਹਨ ਪਰ ਜਦੋਂ ਤੱਕ ਮਨੁੱਖ ਆਪਣੀ ਬਰਦਾਸ਼ਤ ਕਰਨ ਦੀ ਸੀਮਾ ਨਹੀਂ ਵਧਾਉਂਦਾ, ਉਦੋਂ ਤੱਕ ਖੁਦਕੁਸ਼ੀਆਂ ਦੇ ਰਾਹ ਪੈਂਦਾ ਰਹੇਗਾ। ਜ਼ਿੰਦਗੀ ਦੇ ਉਤਾਰ-ਚੜ੍ਹਾਅ ਨੂੰ ਸਹਿਜਤਾ ਨਾਲ ਲੈਣਾ ਚਾਹੀਦਾ ਹੈ। ਹਰ ਤਰ੍ਹਾਂ ਦੇ ਹਾਲਾਤ ਨਾਲ ਨਜਿੱਠਣਾ ਹੀ ਸਭ ਤੋਂ ਵੱਡੀ ਬਹਾਦਰੀ ਹੈ। ਜੋ ਸੁੱਖ ਸਾਧਨ ਮੌਜੂਦ ਹਨ, ਉਨ੍ਹਾਂ ਦਾ ਆਨੰਦ ਲਿਆ ਜਾਵੇ; ਜੇ ਕੁਝ ਨਹੀਂ ਹੈ ਤਾਂ ਉਸ ਦੀ ਪ੍ਰਾਪਤੀ ਲਈ ਸਖਤ ਮਿਹਨਤ ਕੀਤੀ ਜਾਵੇ। ਅਜੋਕੇ ਮਨੁੱਖ ਦੀ ਇਹ ਵਿਡੰਬਨਾ ਹੈ ਕਿ ਉਹ ਭਵਿੱਖ ਦੀ ਤਿਆਰੀ ਵਿਚ ਆਪਣਾ ਵਰਤਮਾਨ ਨਸ਼ਟ ਕਰ ਲੈਂਦਾ ਹੈ ਅਤੇ ਵਰਤਮਾਨ ਦਾ ਅਸਰ ਭਵਿੱਖ ਤੇ ਲਾਜ਼ਮੀ ਪੈਂਦਾ ਹੈ। ਮਨੁੱਖ ਦੂਜੇ ਸਫਲ ਲੋਕਾਂ ਤੋਂ ਪ੍ਰਭਾਵਿਤ ਹੋ ਕੇ ਜਲਦੀ ਉਨ੍ਹਾਂ ਵਾਂਗ ਸਫਲ ਹੋਣਾ ਤਾਂ ਲੋਚਦਾ ਹੈ ਪਰ ਉਨ੍ਹਾਂ ਸਫਲ ਲੋਕਾਂ ਦਾ ਸੰਘਰਸ਼, ਅਸਫਲਤਾ ਦੇ ਬਹੁਤ ਸਾਰੇ ਝਟਕਿਆਂ ਨੂੰ ਨਜ਼ਰਅੰਦਾਜ ਕਰ ਦਿੰਦਾ ਹੈ। ਜਦੋ ਉਸ ਨੂੰ ਮਨਚਾਹੀ ਸਫਲਤਾ ਨਹੀਂ ਮਿਲਦੀ ਤਾਂ ਆਤਮ-ਹੱਤਿਆ ਕਰਕੇ ਜ਼ਿੰਦਗੀ ਰੂਪੀ ਜੰਗ ਤੋਂ ਕਿਨਾਰਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਦਾਸੀ, ਨਿਰਾਸ਼ਤਾ ਤੋਂ ਬਚਣ ਲਈ ਆਸਵੰਦ ਹੋਣਾ ਚਾਹੀਦਾ ਹੈ। ਆਸਵੰਦ ਹੋਣ ਲਈ ਚੰਗਾ ਸਾਹਿਤ ਪੜ੍ਹਨਾ ਜ਼ਰੂਰੀ ਹੈ ਅਤੇ ਰਚਨਾਤਮਕ ਕਾਰਜਾਂ ਵਿਚ ਆਪਣੇ ਆਪ ਨੂੰ ਰੁੱਝੇ ਰੱਖਣਾ ਚਾਹੀਦਾ ਹੈ। ਮਨੁੱਖ ਨੂੰ ਇਹ ਗੱਲ ਸਦਾ ਚੇਤੇ ਰੱਖਣੀ ਚਾਹੀਦੀ ਹੈ ਕਿ ਜ਼ਿੰਦਗੀ ਸਿਰਫ ਜਿਊਣ ਦਾ ਨਾਂ ਨਹੀਂ ਸਗੋਂ ਹੰਢਾਉਣ ਦਾ ਨਾਮ ਹੈ।
ਸੰਪਰਕ: 94641-72783