ਕੰਵਲਬੀਰ ਸਿੰਘ ਪੰਨੂ
ਹਿੰਦੋਸਤਾਨ ਨੂੰ ਬਰਤਾਨਵੀ ਰਾਜ ਦੀ ਗ਼ੁਲਾਮੀ ਤੋਂ ਆਜ਼ਾਦ ਕਰਵਾਉਣ ਖਾਤਰ ਅਣਗਿਣਤ ਦੇਸ਼ ਭਗਤਾਂ ਨੇ ਅਸਹਿ ਤੇ ਅਕਹਿ ਤਸੀਹੇ ਝੱਲੇ ਅਤੇ ਆਪਣਾ ਸਭ ਕੁਝ ਦੇਸ਼ ਲਈ ਕੁਰਬਾਨ ਕਰ ਦਿੱਤਾ। ਇਸ ਸੰਘਰਸ਼ ਵਿੱਚ ਦੇਸ਼ ਦੇ ਅਲੱਗ ਅਲੱਗ ਹਿੱਸਿਆਂ ਵਿੱਚ ਵਸਦੇ ਵੱਖ ਵੱਖ ਧਰਮਾਂ, ਜਾਤਾਂ, ਜਮਾਤਾਂ ਦੇ ਸੂਰਬੀਰ ਦੇਸ਼ ਭਗਤਾਂ ਨੇ ਇਕੱਠੇ ਹੋ ਕੇ ਯੋਗਦਾਨ ਪਾਇਆ। ਆਜ਼ਾਦੀ ਲਈ ਸੰਘਰਸ਼ ਵਿਚ ਗ਼ਦਰ ਪਾਰਟੀ ਦਾ ਯੋਗਦਾਨ ਅਹਿਮ ਹੈ ਜਿਸ ਦੀ ਸਥਾਪਨਾ ਵੀਹਵੀਂ ਸਦੀ ਦੇ ਮੁੱਢਲੇ ਦਹਾਕਿਆਂ ਦੌਰਾਨ ਹਿੰਦੋਸਤਾਨ ਤੋਂ ਦੂਰ ਕੈਨੇਡਾ ਤੇ ਅਮਰੀਕਾ ਦੀ ਧਰਤੀ ’ਤੇ ਰੋਜ਼ੀ ਰੋਟੀ ਅਤੇ ਚੰਗੇ ਭਵਿੱਖ ਲਈ ਗਏ ਹਿੰਦੋਸਤਾਨੀਆਂ ਨੇ ਕੀਤੀ। ਇਨ੍ਹਾਂ ਗ਼ਦਰੀਆਂ ਵਿੱਚ ਬਹੁਗਿਣਤੀ ਪੰਜਾਬੀ ਸਿੱਖਾਂ ਦੀ ਸੀ। ਪਾਰਟੀ ਦਾ ਮੁੱਖ ਉਦੇਸ਼ ਮੁਲਕ ਦੀ ਮੁਕੰਮਲ ਆਜ਼ਾਦੀ ਅਤੇ ਗ਼ੈਰ-ਫ਼ਿਰਕੂ ਰਾਜ ਦੀ ਸਥਾਪਨਾ ਕਰਨਾ ਸੀ। ਇਹ ਉਹ ਸਮਾਂ ਸੀ ਜਦੋਂ ਕਾਂਗਰਸ ਪਾਰਟੀ ਨੇ ਪੂਰਨ ਆਜ਼ਾਦੀ ਦੀ ਮੰਗ ਅਜੇ ਨਹੀਂ ਸੀ ਕੀਤੀ ਅਤੇ ਇਸ ਨੇ ਡੇਢ ਦਹਾਕੇ ਬਾਅਦ ਪੂਰਨ ਸਵਰਾਜ ਦਾ ਮਤਾ ਪਾਸ ਕੀਤਾ ਸੀ। ਗ਼ਦਰੀ ਦੇਸ਼ ਭਗਤਾਂ ਨੂੰ 1915 ਵਿੱਚ ਭਾਵੇਂ ਪੂਰੀ ਕਾਮਯਾਬੀ ਨਾ ਮਿਲੀ, ਪਰ ਉਨ੍ਹਾਂ ਦੁਆਰਾ ਸ਼ੁਰੂ ਕੀਤੀ ਗਈ ਲਹਿਰ ਸਮੇਂ ਨਾਲ ਰੰਗ ਲਿਆਈ। ਗ਼ਦਰੀ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਅਤੇ ਝੱਲੇ ਕਸ਼ਟਾਂ ਨੇ ਦੇਸ਼ ਦੇ ਲੋਕਾਂ ਅੰਦਰ ਪੂਰਨ ਆਜ਼ਾਦੀ ਹਾਸਲ ਕਰਨ ਦੀ ਮੱਧਮ ਹੋ ਚੁੱਕੀ ਭਾਵਨਾ ਨੂੰ ਚੰਗਿਆੜੀ ਲਾ ਕੇ ਤੇਜ਼ ਕਰ ਦਿੱਤਾ। ਨਤੀਜੇ ਵਜੋਂ ਇਨਕਲਾਬੀ ਨੌਜਵਾਨਾਂ ਨੇ ਮੁਲਕ ਦੇ ਵੱਖ ਵੱਖ ਭਾਗਾਂ ਵਿੱਚ ਸੰਗਠਨ ਕਾਇਮ ਕਰ ਕੇ ਬਰਤਾਨਵੀ ਸਰਕਾਰ ਵਿਰੁੱਧ ਹਥਿਆਰਬੰਦ ਕਾਰਵਾਈਆਂ ਰਾਹੀਂ ਸੰਘਰਸ਼ ਕੀਤਾ ਤੇ ਹੱਸਦੇ ਹੋਏ ਫਾਂਸੀਆਂ ਦੇ ਰੱਸੇ ਗਲਾਂ ਵਿੱਚ ਪਾਏ। ਇਹੋ ਜਿਹਾ ਹੀ ਇੱਕ ਸੰਗਠਨ ਹਿੰਦੋਸਤਾਨ ਰੀਪਬਲਿਕਨ ਐਸੋਸ਼ੀਏਸ਼ਨ ਸੀ। 1928 ’ਚ ਇਸ ਦਾ ਨਾਂ ਬਦਲ ਕੇ ਹਿੰਦੋਸਤਾਨ ਸ਼ੋਸਲਿਸਟ ਰੀਪਬਲਿਕਨ ਐਸੋਸ਼ੀਏਸ਼ਨ ਹੋ ਗਿਆ ਸੀ। ਇਸ ਸੰਗਠਨ ਨੇ 1936 ਤੱਕ ਅੰਗਰੇਜ਼ਾਂ ਵਿਰੁੱਧ ਮਹੱਤਵਪੂਰਨ ਕਾਰਵਾਈਆਂ ਕੀਤੀਆਂ। ਇਸ ਸੰਗਠਨ ਦੀ ਇੱਕ ਮਹੱਤਵਪੂਰਨ ਕਾਰਵਾਈ ਨੌਂ-ਦਸ ਅਗਸਤ 1925 ਦੀ ਰਾਤ ਨੂੰ ਕਾਕੋਰੀ ਦੇ ਲਾਗੇ ਰੇਲਗੱਡੀ ਨੂੰ ਰੋਕ ਕੇ ਸਰਕਾਰੀ ਖ਼ਜ਼ਾਨਾ ਲੁੱਟਣ ਦੀ ਸੀ ਜਿਸ ਨੂੰ ਇਤਿਹਾਸ ਵਿੱਚ ਕਾਕੋਰੀ ਡਕੈਤੀ ਕਾਂਡ ਕਿਹਾ ਜਾਂਦਾ ਹੈ। ਇਸ ਕਾਂਡ ਦਾ ਜ਼ਿਕਰ ਕਰਨਾ ਬਣਦਾ ਹੈ।
ਫਰਵਰੀ 1922 ਦੇ ਸ਼ੁਰੂ ਵਿੱਚ ਨਾ-ਮਿਲਵਰਤਨ ਅੰਦੋਲਨ ਦੌਰਾਨ ਚੌਰਾ-ਚੌਰੀ ਦੀ ਘਟਨਾ ਵਿੱਚ ਮੁਜ਼ਾਹਰਾਕਾਰੀ ਕਿਸਾਨ ਮਾਰੇ ਗਏ ਤਾਂ ਮਹਾਤਮਾ ਗਾਂਧੀ ਨੇ ਉਸੇ ਵੇਲੇ ਅੰਦੋਲਨ ਬੰਦ ਕਰਨ ਦਾ ਐਲਾਨ ਕਰ ਦਿੱਤਾ। ਇਸ ਸਬੰਧੀ ਕਾਂਗਰਸ ਵਰਕਿੰਗ ਕਮੇਟੀ ਨਾਲ ਕੋਈ ਸਲਾਹ ਨਾ ਕੀਤੀ। 1922 ਦੇ ਕਾਂਗਰਸ ਪਾਰਟੀ ਦੇ ਗਯਾ ਸੰਮੇਲਨ ਦੌਰਾਨ ਰਾਮ ਪ੍ਰਸਾਦ ਬਿਸਮਿਲ ਤੇ ਸਾਥੀਆਂ ਨੇ ਗਾਂਧੀ ਜੀ ਦੇ ਇਸ ਫ਼ੈਸਲੇ ਦਾ ਜ਼ੋਰਦਾਰ ਵਿਰੋਧ ਕੀਤਾ। ਗਾਂਧੀ ਜੀ ਨੇ ਆਪਣਾ ਫ਼ੈਸਲਾ ਵਾਪਸ ਨਾ ਲਿਆ। ਨਤੀਜੇ ਵਜੋਂ ਕਾਂਗਰਸ ਦੋ ਧੜਿਆਂ ਵਿੱਚ ਵੰਡੀ ਗਈ। ਨੌਜਵਾਨਾਂ ਨੇ ਰਾਮ ਪ੍ਰਸਾਦ ਬਿਸਮਿਲ ਤੇ ਸਚਿੰਦਰਨਾਥ ਸਨਿਆਲ ਦੀ ਲੀਡਰਸ਼ਿਪ ਹੇਠ ਇਨਕਲਾਬੀ ਦਲ ਕਾਇਮ ਕਰ ਲਿਆ। 1923 ਵਿੱਚ ਇਨ੍ਹਾਂ ਨੇ ਲਾਲਾ ਹਰਦਿਆਲ ਤੇ ਹੋਰ ਬੰਗਾਲੀ ਇਨਕਲਾਬੀਆਂ ਨਾਲ ਮਿਲ ਕੇ ਪਾਰਟੀ ਦਾ ਸੰਵਿਧਾਨ ਬਣਾ ਲਿਆ। ਤਿੰਨ ਅਕਤੂਬਰ 1924 ਨੂੰ ਕਾਨਪੁਰ ਵਿੱਚ ਇਸ ਦਲ ਦੀ ਇੱਕ ਵਿਸ਼ੇਸ਼ ਇਕੱਤਰਤਾ ਸਚਿੰਦਰਨਾਥ ਸਨਿਆਲ ਦੀ ਚੇਅਰਮੈਨਸ਼ਿਪ ਹੇਠ ਹੋਈ। ਸਚਿੰਦਰਨਾਥ ਸਨਿਆਲ ਉਹ ਇਨਕਲਾਬੀ ਨੌਜਵਾਨ ਸੀ ਜੋ ਬਨਾਰਸ ਸਾਜ਼ਿਸ਼ ਕੇਸ ਵਿੱਚ 1914 ਤੋਂ 1920 ਤੱਕ ਕਾਲੇਪਾਣੀ ਦੀ ਜੇਲ੍ਹ (ਅੰਡੇਮਾਨ ਦੀ ਸੈਲਿਊਲਰ ਜੇਲ੍ਹ) ਵਿੱਚ ਕੈਦ ਕੱਟ ਕੇ ਆਇਆ ਸੀ। ਉੱਥੇ ਸਨਿਆਲ ਦਾ ਮੇਲ ਗ਼ਦਰੀ ਦੇਸ਼ ਭਗਤਾਂ ਬਾਬਾ ਸੋਹਣ ਸਿੰਘ ਭਕਨਾ, ਬਾਬਾ ਵਿਸਾਖਾ ਸਿੰਘ ਆਦਿ ਨਾਲ ਹੋ ਚੁੱਕਾ ਸੀ। ਉਸ ਨੇ ਕਾਲੇਪਾਣੀ ਦੀ ਜੇਲ੍ਹ ਵਿੱਚ ਗ਼ਦਰੀ ਦੇਸ਼ ਭਗਤਾਂ ਨੂੰ ਅੰਗਰੇਜ਼ ਅਧਿਕਾਰੀਆਂ ਵੱਲੋਂ ਦਿੱਤੇ ਜਾ ਰਹੇ ਤਸੀਹਿਆਂ ਨੂੰ ਅੱਖੀਂ ਦੇਖਿਆ ਅਤੇ ਹੰਢਾਇਆ ਸੀ। ਕਾਨਪੁਰ ਦੀ ਮੀਟਿੰਗ ਦੌਰਾਨ ਇਸ ਕ੍ਰਾਂਤੀਕਾਰੀ ਦਲ ਦਾ ਨਾਂ ਹਿੰਦੋਸਤਾਨ ਰਿਪਬਲਿਕਨ ਐਸੋਸ਼ੀਏਸ਼ਨ ਰੱਖਿਆ ਗਿਆ। ਸਚਿੰਦਰਨਾਥ ਸਨਿਆਲ ਅਤੇ ਯੋਗੇਸ਼ ਚੈਟਰਜੀ ਨੂੰ ਪਾਰਟੀ ਦੇ ਵਿਸਥਾਰ ਦੀ ਜ਼ਿੰਮੇਵਾਰੀ ਦਿੱਤੀ ਗਈ। ਛੇਤੀ ਹੀ ਆਗਰਾ, ਕਾਨਪੁਰ, ਲਖਨਊ, ਅਲਾਹਬਾਦ, ਬਨਾਰਸ, ਸਹਾਰਨਪੁਰ ਅਤੇ ਸ਼ਾਹਜਹਾਂਪੁਰ ਆਦਿ ਸ਼ਹਿਰਾਂ ਵਿੱਚ ਪਾਰਟੀ ਦੀਆਂ ਸ਼ਾਖਾਵਾਂ ਕਾਇਮ ਹੋ ਗਈਆਂ। ਪਾਰਟੀ ਦੇ ਪ੍ਰਮੁੱਖ ਮੈਂਬਰ ਰਾਮ ਪ੍ਰਸਾਦ ਬਿਸਮਿਲ, ਸ. ਭਗਤ ਸਿੰਘ, ਸੁਖਦੇਵ, ਰੋਸ਼ਨ ਸਿੰਘ, ਰਾਜਿੰਦਰ ਲਹਿਰੀ ,ਅਸ਼ਫਾਕ ਉੱਲਾ ਖਾਂ ਆਦਿ ਸਨ। ਜਨਵਰੀ 1925 ਵਿੱਚ ਪਾਰਟੀ ਨੇ ਘੋਸ਼ਣਾ ਪੱਤਰ ਜਾਰੀ ਕੀਤਾ ਜਿਸ ਵਿੱਚ ਹਿੰਦੋਸਤਾਨ ਦੀ ਮੁਕੰਮਲ ਆਜ਼ਾਦੀ ਲਈ ਹਥਿਆਰਬੰਦ ਇਨਕਲਾਬ ਦਾ ਐਲਾਨ ਕੀਤਾ ਗਿਆ। ਨੌਜਵਾਨਾਂ ਦੇ ਹਰਮਨ ਪਿਆਰੇ ਗੀਤ ਦੀਆਂ ਕੁਝ ਸਤਰਾਂ ਜੋ ਉਹ ਗੁਣਗਣਾਉਂਦੇ ਰਹਿੰਦੇ ਸਨ:
ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ,
ਦੇਖਨਾ ਹੈ ਜ਼ੋਰ ਕਿਤਨਾ ਬਾਜੂਏ ਕਾਤਿਲ ਮੇਂ ਹੈ।
ਰਹਬਿਰੇ ਰਾਹੇ ਮੁਹੱਬਤ ਰਹਿ ਨਾ ਜਾਨਾ ਰਾਹ ਮੇਂ,
ਲੱਜ਼ਤੇ ਸਿਹਰਾਨਵਰਦੀ ਦੂਰੀਏ ਮੰਜ਼ਿਲ ਮੇਂ ਹੈ।
ਵਕਤ ਆਨੇ ਦੇ ਬਤਾ ਦੇਂਗੇ ਤੁੁਝੇ ਐ ਆਸਮਾਂ,
ਹਮ ਅਭੀ ਸੇ ਕਿਆ ਬਤਾਏਂ ਕਿਆ ਹਮਾਰੇ ਦਿਲ ਮੇਂ ਹੈ।
ਇਨਕਲਾਬੀਆਂ ਨੂੰ ਸੰਘਰਸ਼ ਲਈ ਹਥਿਆਰ ਖਰੀਦਣ ਵਾਸਤੇ ਪੈਸੇ ਦੀ ਲੋੜ ਸੀ। ਇਸ ਕੰਮ ਲਈ ਜਥੇਬੰਦੀ ਵੱਲੋਂ ਸ਼ਾਹੂਕਾਰਾਂ ਜਾਂ ਅਤਿਆਚਾਰੀ ਜ਼ਿਮੀਦਾਰਾਂ ਨੂੰ ਲੁੱਟਣ ਦੀ ਬਜਾਏ ਸਰਕਾਰੀ ਖ਼ਜ਼ਾਨੇ ਲੁੱਟਣ ਨੂੰ ਪਹਿਲ ਦਿੱਤੀ ਜਾਣ ਲੱਗੀ। ਇਸੇ ਯੋਜਨਾ ਤਹਿਤ ਦਸ ਇਨਕਲਾਬੀ ਨੌਜਵਾਨਾਂ ਨੇ 9 ਅਗਸਤ 1925 ਦੀ ਹਨੇਰੀ ਰਾਤ ਨੂੰ ਸਹਾਰਨਪੁਰ ਤੋਂ ਲਖਨਊ ਜਾ ਰਹੀ ਰੇਲਗੱਡੀ ਨੂੰ ਕਾਕੋਰੀ ਦੇ ਸਥਾਨ ’ਤੇ ਰੋਕ ਕੇ ਇਸ ਰਾਹੀਂ ਲਿਜਾਇਆ ਜਾ ਰਿਹਾ ਸਰਕਾਰੀ ਖ਼ਜ਼ਾਨਾ ਲੁੱਟ ਲਿਆ। ਇਹ ਨੌਜਵਾਨ ਸਨ: ਰਾਜਿੰਦਰ ਲਹਿਰੀ, ਸਚਿੰਦਰਨਾਥ ਬਖਸ਼ੀ, ਚੰਦਰ ਸ਼ੇਖਰ ਆਜ਼ਾਦ, ਕੇਸ਼ਵ ਚਕਰਵਰਤੀ, ਬਨਵਾਰੀ ਲਾਲ, ਅਸ਼ਫਾਕ ਉੁੱਲਾ, ਮੁਰਾਰੀ ਲਾਲ ਅਤੇ ਉਨ੍ਹਾਂ ਦਾ ਲੀਡਰ ਰਾਮ ਪ੍ਰਸਾਦ ਬਿਸਮਿਲ। ਨੌਂ ਅਗਸਤ ਰਾਤ ਨੂੰ ਜਦੋਂ ਰੇਲਗੱਡੀ ਕਾਕੋਰੀ ਸ਼ਟੇਸ਼ਨ ’ਤੇ ਰੁਕੀ ਤਾਂ ਤਿੰਨ ਇਨਕਲਾਬੀ ਸਚਿੰਦਰ ਨਾਥ ਬਖਸ਼ੀ, ਅਸ਼ਫਾਕ ਉੱਲਾ ਖਾਂ ਤੇ ਰਾਜਿੰਦਰ ਲਹਿਰੀ ਟਿਕਟਾਂ ਲੈ ਕੇ ਸੈਕਿੰਡ ਕਲਾਸ ਅਤੇ ਬਾਕੀ ਤੀਸਰੇ ਦਰਜੇ ਦੇ ਡੱਬੇ ਵਿੱਚ ਸਵਾਰ ਹੋ ਗਏ। ਕਾਕੋਰੀ ਤੋਂ ਕੁਝ ਦੂਰ ਜਾਣ ’ਤੇ ਹੀ ਦੂਜੇ ਦਰਜੇ ਵਿੱਚ ਬੈਠੇ ਇਨਕਲਾਬੀਆਂ ਨੇ ਗੱਡੀ ਦੀ ਜ਼ੰਜੀਰ ਖਿੱਚ ਦਿੱਤੀ। ਗੱਡੀ ਰੁਕਣ ’ਤੇ ਸਾਰੇ ਇਨਕਲਾਬੀ ਗਾਰਡ ਦੇ ਡੱਬੇ ਕੋਲ ਗਏ ਤੇ ਡੱਬੇ ਵਿੱਚੋਂ ਖ਼ਜ਼ਾਨੇ ਵਾਲਾ ਸੰਦੂਕ ਹੇਠਾਂ ਸੁੱਟ ਲਿਆ। ਛੈਣੀਆਂ ਹਥੌੜਿਆਂ ਨਾਲ ਤੋੜਨ ਲੱਗੇ, ਪਰ ਸਫ਼ਲਤਾ ਨਾ ਮਿਲੀ। ਅੰਤ ਕੁਹਾੜੇ ਦੇ ਜ਼ੋਰਦਾਰ ਵਾਰ ਨਾਲ ਅਸ਼ਫਾਕ ਉੱਲਾ ਖਾਂ ਨੇ ਸੰਦੂਕ ਤੋੜ ਦਿੱਤਾ। ਇਨਕਲਾਬੀਆਂ ਦਾ ਉਦੇਸ਼ ਮੁਸਾਫ਼ਿਰਾਂ ਨੂੰ ਮਾਰਨਾ ਜਾਂ ਲੁੱਟਣਾ ਨਹੀਂ ਸੀ। ਦੋ ਇਨਕਲਾਬੀ ਰੇਲਵੇ ਲਾਈਨ ਤੋਂ ਦੂਰ ਘਾਹ ਵਿੱਚ ਖਲੋ ਕੇ ਪੰਜ ਪੰਜ ਮਿੰਟ ਬਾਅਦ ਗੋਲੀ ਚਲਾਉਂਦੇ ਰਹੇ। ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਜਦੋਂ ਤੱਕ ਸਾਹਮਣਿਉਂ ਕੋਈ ਗੋਲੀ ਨਾ ਚਲਾਵੇ ਓਨਾ ਚਿਰ ਸਿੱਧੀ ਫਾਇਰਿੰਗ ਨਹੀਂ ਕਰਨੀ। ਸੰਦੂਕ ਤੋੜ ਕੇ ਖ਼ਜ਼ਾਨੇ ਦੀ 14000 ਰੁਪਏ ਦੀ ਰਕਮ ਨੂੰ ਤਿੰਨ ਪੰਡਾਂ ਵਿੱਚ ਬੰਨ੍ਹ ਕੇ ਨੌਜਵਾਨ ਬਿਨਾਂ ਰੋਕ ਟੋਕ ਲਖਨਊ ਵੱਲ ਚਲੇ ਗਏ। ਉਸ ਗੱਡੀ ਵਿੱਚ 14 ਮੁਸਾਫ਼ਿਰਾਂ ਕੋਲ ਰਾਈਫਲਾਂ ਸਨ ਤੇ ਦੋ ਅੰਗਰੇਜ਼ ਫ਼ੌਜੀ ਅਸਲੇ ਸਮੇਤ ਸਨ। ਸਾਰੇ ਸ਼ਾਂਤ ਰਹੇ ਕਿਉਂਕਿ ਦਲ ਦੇ ਆਗੂ ਨੇ ਰੇਲ ਦੇ ਰੁਕਣ ’ਤੇ ਪਹਿਲਾਂ ਹੀ ਉੱਚੀ ਆਵਾਜ਼ ਵਿੱਚ ਕਹਿ ਦਿੱਤਾ ਸੀ ਕਿ ‘‘ਅਸੀਂ ਮੁਸਾਫ਼ਿਰਾਂ ਨੂੰ ਕੁਝ ਨਹੀਂ ਕਹਾਂਗੇ, ਸਿਰਫ਼ ਸਰਕਾਰੀ ਖ਼ਜ਼ਾਨਾ ਹੀ ਲੈ ਕੇ ਜਾਵਾਂਗੇ, ਇਸ ਲਈ ਉਹ ਗੱਡੀ ਤੋਂ ਹੇਠਾਂ ਨਾ ਉਤਰਨ।’’ ਇਸ ਤਰ੍ਹਾਂ ਦਸ ਨੌਜਵਾਨਾਂ ਜਿਨ੍ਹਾਂ ਵਿੱਚੋਂ ਬਹੁਤਿਆਂ ਦੀ ਉਮਰ 20-22 ਸਾਲ ਸੀ, ਨੇ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ। ਸਾਧਾਰਨ ਲੋਕ ਸੋਚਦੇ ਸਨ ਕਿ ਇਸ ਕਾਰਵਾਈ ਵਿੱਚ ਘੱਟੋਘੱਟ 40 ਆਦਮੀ ਸ਼ਾਮਲ ਹੋਣਗੇ।
ਕਈ ਦਿਨ ਤੱਕ ਪੁਲੀਸ ਨੂੰ ਇਸ ਘਟਨਾ ਦੀ ਕੋਈ ਕੋਈ ਉੱੱਘ ਸੁੱਘ ਨਾ ਲੱਗੀ। ਆਖ਼ਰ ਇੱਕ ਮਹੀਨੇ ਪਿੱਛੋਂ ਨੌਜਵਾਨਾਂ ਦੀਆਂ ਗ੍ਰਿਫ਼ਤਾਰੀਆਂ ਸ਼ੁਰੂ ਹੋਈਆਂ। 44 ਨੌਜਵਾਨਾਂ ਨੂੰ ਫੜਿਆ ਗਿਆ। ਮਾਮਲਾ ਬਾਕਾਇਦਾ ਰੂਪ ਵਿੱਚ 4 ਜਨਵਰੀ 1926 ਨੂੰ ਸ਼ੁਰੂ ਹੋਇਆ। 15 ਨੌਜਵਾਨਾਂ ਨੂੰ ਪਹਿਲੀ ਪੁੱਛਗਿੱਛ ਦੌਰਾਨ ਹੀ ਛੱਡ ਦਿੱਤਾ ਗਿਆ ਅਤੇ ਦੋ ਵਾਅਦਾ ਮੁਆਫ਼ ਗਵਾਹ ਬਣ ਗਏ। ਬਾਕੀ ਇਨਕਲਾਬੀਆਂ ਵਿੱਚੋਂ ਦੋ ਨੂੰ ਸਪੈਸ਼ਲ ਮੈਜਿਸਟਰੇਟ ਦੁਆਰਾ ਛੱਡ ਦਿੱਤਾ ਗਿਆ। 24 ਨੌਜਵਾਨਾਂ ’ਤੇ ਕੇਸ ਚਲਾਇਆ ਗਿਆ ਜਿਨ੍ਹਾਂ ਵਿੱਚੋਂ ਚੰਦਰ ਸ਼ੇਖਰ ਆਜ਼ਾਦ ,ਅਸ਼ਫਾਕ ਉੱਲਾ ਖਾਂ ਅਤੇ ਸਚਿੰਦਰ ਨਾਥ ਬਖਸ਼ੀ ਫਰਾਰ ਕਰਾਰ ਦਿੱਤੇ ਗਏ। ਇੱਕੀ ਮਈ 1926 ਨੂੰ ਮੁਕੱਦਮੇ ਦੀ ਸੁਣਵਾਈ ਲਖਨਊ ਸੈਸ਼ਨ ਕੋਰਟ ਦੇ ਸਪੈਸ਼ਲ ਜੱਜ ਕੋਲ ਸ਼ੁਰੂ ਹੋਈ। ਇੱਕ ਸਾਲ ਕੇਸ ਚੱਲਿਆ। ਛੇ ਅਪਰੈਲ 1927 ਨੂੰ ਸੈਸ਼ਨ ਜੱਜ ਨੇ ਰਾਮ ਪ੍ਰਸਾਦ ਬਿਸਮਿਲ ਤੇ ਰਾਜਿੰਦਰ ਲਹਿਰੀ ਨੂੰ ਫਾਂਸੀ ਦੀ ਸਜ਼ਾ ਅਤੇ ਬਾਕੀਆਂ ਨੂੰ ਲੰਮੀ ਕੈਦ ਦੀ ਸਜ਼ਾ ਸੁਣਾਈ। ਹਰਿਗੋਵਿੰਦ ਤੇ ਸਚਿੰਦਰ ਨਾਥ ਬਖਸ਼ੀ ਛੱਡ ਦਿੱਤੇ। ਸੈਸ਼ਨ ਜੱਜ ਨੇ ਨਾਲ ਹੀ ਕਿਹਾ ਕਿ ਫਾਂਸੀ ਦੀ ਸਜ਼ਾ ਚੀਫ ਕੋਰਟ ਦੀ ਆਗਿਆ ਨਾਲ ਹੋਵੇਗੀ। ਇਸੇ ਸਮੇਂ ਦੌਰਾਨ ਅਸ਼ਫਾਕ ਉੱਲਾ ਖਾਂ ਤੇ ਸਚਿੰਦਰ ਨਾਥ ਬਖਸ਼ੀ ਵੀ ਫੜੇ ਗਏ। ਬਾਈ ਅਗਸਤ 1927 ਨੰ ਚੀਫ ਕੋਰਟ ਨੇ ਫ਼ੈਸਲਾ ਸੁਣਾ ਦਿੱਤਾ। ਚਾਰ ਨੌਜਵਾਨਾਂ ਰਾਮ ਪ੍ਰਸਾਦ ਬਿਸਮਿਲ, ਰਾਜਿੰਦਰ ਨਾਥ ਲਹਿਰੀ, ਅਸ਼ਫਾਕ ਉੱਲਾ ਖਾਂ ਅਤੇ ਰੋਸ਼ਨ ਸਿੰਘ ਨੂੰ ਫਾਂਸੀ; ਯੋਗੇਸ਼ ਚੈਟਰਜੀ, ਗੋਵਿੰਦਚਰਨ ਕਾਰ, ਮੁਕੰਦੀਲਾਲ, ਸਚਿੰਦਰ ਨਾਥ ਸਨਿਆਲ ਨੂੰ ਉਮਰ ਕੈਦ ਕਾਲੇਪਾਣੀ ਅਤੇ ਬਾਕੀ ਨੌਂ ਜਣਿਆਂ ਨੂੰ ਪੰਜ ਤੋਂ ਦਸ ਸਾਲ ਕੈਦ ਦੀ ਸਜ਼ਾ ਦਿੱਤੀ ਗਈ। ਲੋਕਾਂ ਵਿੱਚ ਬੇਚੈਨੀ ਫੈਲ ਗਈ। ਪ੍ਰਾਂਤਕ ਕੌਂਸਲਾਂ ਦੇ ਹਿੰਦੋਸਤਾਨੀ ਮੈਂਬਰਾਂ ਨੇ ਗਵਰਨਰ ਨੂੰ ਸਜ਼ਾ ਘੱਟ ਕਰਨ ਦੀਆਂ ਬੇਨਤੀਆਂ ਕੀਤੀਆਂ, ਪ੍ਰਿਵੀ ਕੌਂਸਲ ਕੋਲ ਪਹੁੰਹ ਕੀਤੀ, ਪਰ ਕਿਤੋਂ ਕੋਈ ਰਾਹਤ ਨਾ ਮਿਲੀ।
ਅੰਤ 17 ਦਸੰਬਰ 1927 ਨੂੰ ਰਾਜਿੰਦਰ ਨਾਥ ਲਹਿਰੀ ਗੌਂਡਾ ਅਤੇ ਦੋ ਦਿਨ ਬਾਅਦ 19 ਦਸੰਬਰ ਨੂੰ ਰੌਸ਼ਨ ਸਿੰਘ ਨੈਨੀ (ਅਲਾਹਬਾਦ), ਅਸ਼ਫਾਕ ਉੱਲਾ ਖਾਂ ਫੈਜ਼ਾਬਾਦ ਅਤੇ ਰਾਮ ਪ੍ਰਸਾਦ ਬਿਸਮਿਲ ਗੋਰਖਪੁਰ ਜੇਲ੍ਹ ਵਿੱਚ ਹੱਸਦੇ ਹੋਏ ਫਾਂਸੀ ਦੇ ਰੱਸਿਆਂ ’ਤੇ ਝੂਲ ਕੇ ਦੇਸ਼ ਦੀ ਆਜ਼ਾਦੀ ਦੀ ਖ਼ਾਤਰ ਆਪਣਾ ਆਪ ਕੁਰਬਾਨ ਕਰ ਗਏ।
ਸੰਪਰਕ: 98766-98068