ਪੇਸ਼ਕਸ਼: ਮਲਵਿੰਦਰਜੀਤ ਸਿੰਘ ਵੜੈਚ
ਮੇਰਾ ਜਨਮ ਪਿੰਡ ਮਨੈਲੀ, ਤਹਿਸੀਲ ਰੋਪੜ, ਜ਼ਿਲ੍ਹਾ ਅੰਬਾਲਾ, ਪਰਗਨਾਂ, ਚਮਕੌਰ ਸਾਹਿਬ (ਧਰਤੀ ਸ਼ਹੀਦਾਂ) ਵਿੱਚ ਸੰਨ 1889 ਦੇ ਜੂਨ ਮਹੀਨੇ ਵਿੱਚ ਹੋਇਆ। ਪਿਤਾ ਦਾ ਨਾਂ ਸ. ਸਾਵਨ ਸਿੰਘ ਤੇ ਮਾਤਾ ਦਾ ਨਾਂ ਸ੍ਰੀਮਤੀ ਪੰਜਾਬ ਕੌਰ ਸੀ।
ਮੈਨੂੰ ਦਸ ਸਾਲ ਦੀ ਉਮਰ ਵਿੱਚ ਮੇਰੇ ਬੜੇ ਭਾਈ ਸਾਹਿਬ ਸ. ਵਰਿਆਮ ਸਿੰਘ ਜੀ, ਜੋ ਕਿ ਉਸ ਵੇਲੇ ਪਿੰਡ ਸਾਹੂਵਾਲਾ, ਤਹਿਸੀਲ ਸਰਸਾ, ਜ਼ਿਲ੍ਹਾ ਹਿਸਾਰ ਦੇ ਸਕੂਲ ਦੇ ਹੈਡ ਮਾਸਟਰ ਸਨ, ਕੋਲ ਪੜ੍ਹਨੇ ਪਾ ਦਿੱਤਾ। ਸੱਤ ਸਾਲ ਉਨ੍ਹਾਂ ਕੋਲ ਪੜ੍ਹਾਈ ਕਰਕੇ ਫਿਰ ਗੌਰਮਿੰਟ ਹਾਈ ਸਕੂਲ ਲਾਇਲਪੁਰ ਵਿੱਚ ਦਾਖਲ ਹੋ ਗਿਆ। ਉਸ ਸਕੂਲ ਵਿੱਚ ਹੀ ਅੱਠਵੀਂ, ਨੌਵੀਂ ਅਤੇ ਦਸਵੀਂ ਜਮਾਤ ਪਾਸ ਕੀਤੀ।
ਦਸਵੀਂ ਜਮਾਤ ਪਾਸ ਕਰਨ ਪਿਛੋਂ ਸਾਨੂੰ ਅੰਗਰੇਜ਼ੀ ਹਕੂਮਤ ਦੇ ਭੈੜੇ ਕਾਨੂੰਨ ਖ਼ਿਲਾਫ਼ ਜਾਗਣਾ ਪਿਆ। ਜਿਸ ਕਾਨੂੰਨ ਖ਼ਿਲਾਫ਼ ਅਸੀਂ ਆਵਾਜ਼ ਉਠਾਈ ਉਹ ਕਾਨੂੰਨ ਇਹ ਸੀ: (ੳ) ਗੌਰਮਿੰਟ ਬੋਰਡਿੰਗ ਹਾਊਸ ਵਿੱਚ ਝਟਕਾ ਪਕਾਉਣੇ ਦੀ ਮਨਾਹੀ।
(ਅ) ਜੇ ਕਿਸੇ ਨੇ ਮਾਸ ਪਕਾਉਣਾ ਹੁੰਦਾ ਸੀ ਤਾਂ ਮੁਸਲਮਾਨਾਂ ਦੇ ਹੱਥੀਂ ਹਲਾਲ ਕੀਤਾ ਮਾਸ ਲਿਆ ਕੇ ਪਕਾ ਸਕਦੇ ਸਨ।
ਉਪਰੋਕਤ ਭੈੜੇ ਕਾਨੂੰਨ ਵਿਰੁੱਧ, ਹਿੰਦੂ-ਸਿੱਖ ਵਿਦਿਆਰਥੀਆਂ ਨੂੰ ਗੌਰਮਿੰਟ ਬੋਰਡਿੰਗ ਹਾਊਸ ਛੱਡਣਾ ਪਿਆ ਅਤੇ ਖਾਲਸਾ ਬੋਰਡਿੰਗ ਹਾਉਸ ਦੀ ਨੀਂਹ ਰੱਖੀ ਗਈ।
ਉਸ ਤੋਂ ਦੂਸਰੇ ਸਾਲ ਹੀ ਖਾਲਸਾ ਹਾਈ ਸਕੂਲ ਲਾਇਲਪੁਰ ਦੀ ਨੀਂਹ ਭੀ ਰੱਖੀ ਗਈ ਅਤੇ ਤੀਸਰੇ ਹੀ ਸਾਲ ਖਾਲਸਾ ਕਾਲਜ ਲਾਇਲਪੁਰ ਦੀ ਨੀਂਹ ਰੱਖੀ ਗਈ, ਜਿਸ ਵਾਸਤੇ ਇੱਕ ਸਰਦਾਰ ਸਾਹਿਬ ਨੇ 25 ਕਿੱਲੇ ਜ਼ਮੀਨ ਦਾਨ ਕੀਤੀ। ਮੈਂ (ਮਾ. ਚਤਰ ਸਿੰਘ), ਮਾਸਟਰ ਤਾਰਾ ਸਿੰਘ (ਅਕਾਲੀ ਲੀਡਰ) ਅਤੇ ਮਾਸਟਰ ਸੁੰਦਰ ਸਿੰਘ ਲਾਇਲਪੁਰੀ ਨੇ ਇੱਥੇ ਇੱਕ ਸਾਲ ਮੁਫ਼ਤ ਸੇਵਾ ਕੀਤੀ ਸੀ।
ਇਸੇ ਤਰ੍ਹਾਂ ਮੈਂ ਸੰਨ 1914 ਤੱਕ ਕੌਮੀ ਸਕੂਲਾਂ ਵਿੱਚ ਸੇਵਾ ਕਰਦਾ ਰਿਹਾ ਤਾਂ ਜੋ ਸਾਨੂੰ ਦੇਸ਼ ਆਜ਼ਾਦ ਕਰਾਉਣ ਲਈ ਪੜ੍ਹੇ-ਲਿਖੇ ਨੌਜਵਾਨ ਮਿਲ ਸਕਣ। ਮੇਰਾ ਖ਼ਿਆਲ ਮੁੱਢ ਤੋਂ ਹੀ ਵਿਦੇਸ਼ੀ ਹਕੂਮਤ ਦੇ ਵਿਰੁੱਧ ਸੀ। ਸੰਨ 1914 ਵਿੱਚ ਜਦੋਂ ਜਰਮਨੀ ਹਕੂਮਤ ਨੇ ਅੰਗਰੇਜ਼ਾਂ ਖ਼ਿਲਾਫ਼ ਲੜਾਈ ਆਰੰਭ ਕੀਤੀ ਸੀ ਤਾਂ ਮੈਨੂੰ ਅਤੇ ਹੋਰ ਦੇਸ਼ ਪਰਵਾਨਿਆਂ ਨੂੰ ਚੰਗਾ ਮੌਕਾ ਹੱਥ ਆ ਗਿਆ ਸੀ। ਅਮਰੀਕਾ ਅਤੇ ਹੋਰ ਦੇਸ਼ਾਂ ’ਚੋਂ ਭੀ ਬਹੁਤ ਸਾਰੇ ਸੱਜਣ ਦੇਸ਼ ਦੀ ਆਜ਼ਾਦੀ ਦੀ ਲਹਿਰ ਚੁੱਕਣ ਲਈ ਦੇਸ਼ ਵਿੱਚ ਆ ਗਏ ਸਨ। ਉਨ੍ਹਾਂ ਹੀ ਦਿਨਾਂ ਵਿੱਚ ਦੇਸ਼ ਦੀ ਆਜ਼ਾਦੀ ਵਾਸਤੇ ਦੇਸੀ ਫ਼ੌਜਾਂ ਵਿੱਚ ਭੀ ਪ੍ਰਚਾਰ ਕੀਤਾ ਗਿਆ, ਜਿਸ ਦਾ ਅਸਰ ਇਹ ਹੋਇਆ ਕਿ ਕੁੱਝ ਦੇਸੀ ਫ਼ੌਜਾਂ ਸਾਡੇ ਨਾਲ ਮਿਲ ਗਈਆਂ ਸਨ। ਪਰ ਮੰਦੇ ਭਾਗਾਂ ਨੂੰ ਦੋ ਮੁਸਲਮਾਨ ਅਤੇ ਇੱਕ ਸਿੱਖ, ਤਿੰਨ ਗ਼ੱਦਾਰਾਂ, ਜਿਹੜੇ ਕਿ ਸਾਡੇ ਨਾਲ ਕੰਮ ਕਰਦੇ ਸਨ ਤੇ ਅੰਦਰੋਂ ਅੰਗਰੇਜ਼ਾਂ ਨਾਲ ਮਿਲੇ ਹੋਏ ਸਨ, ਨੇ ਅੰਗਰੇਜ਼ਾਂ ਨਾਲ ਵਾਇਦਾ ਕਰਕੇ ਸਾਡੀ ਸਾਰੀ ਵਿਉਂਤ ਦਾ ਭੇਦ ਖੋਲ੍ਹ ਦਿੱਤਾ। ਸਾਡਾ ਬੰਬਾਂ ਦਾ ਜ਼ਖ਼ੀਰਾ ਅਤੇ ਕਾਰਖਾਨਾ, ਜੋ ਲਾਹੌਰ ਸ਼ਹਿਰ ਵਿੱਚ ਸੀ, ਪਕੜਵਾ ਦਿੱਤਾ ਅਤੇ ਰਾਇਫਲਾਂ ਤੇ ਪਿਸਤੌਲ ਜੋ ਅਮਰੀਕਾ ਤੋਂ ਲੁਧਿਆਣੇ ਆਏ ਸਨ, ਭੀ ਅੰਗਰੇਜ਼ਾਂ ਨੂੰ ਪਕੜਵਾ ਦਿੱਤੇ ਗਏ। ਆਪਣੇ ਇਨਾਮ ਵਾਸਤੇ ਸਾਡੀਆਂ ਗ੍ਰਿਫ਼ਤਾਰੀਆਂ ਸ਼ੁਰੂ ਕਰਾ ਦਿੱਤੀਆਂ।
ਜਦੋਂ ਮੈਂ ਦੇਖਿਆ ਕਿ ਮੇਰੇ ਕੁੱਝ ਸਾਥੀ ਪਕੜੇ ਗਏ ਹਨ ਅਤੇ ਬਾਕੀ ਭੀ ਪਕੜੇ ਜਾਣਗੇ ਤਾਂ ਮੈਂ ਲੁਹਾਰ ਪਾਸੋਂ ਗੰਡਾਸੀ ਬਣਵਾ ਕੇ ਖ਼ਾਲਸਾ ਕਾਲਜ, ਅੰਮ੍ਰਿਤਸਰ ਦੀ ਆਜ਼ਾਦੀ ਦੀ ਸਲਾਹ ਕਰ ਲਈ, ਕਿਉਂਕਿ ਉਥੇ ਸਿੱਖ ਪ੍ਰੋਫੈਸਰਾਂ ਅਤੇ ਪ੍ਰਿੰਸੀਪਲ ਨੂੰ ਕੱਢ ਕੇ ਉਨ੍ਹਾਂ ਦੀ ਥਾਂ ਅੰਗਰੇਜ਼ ਰੱਖੇ ਗਏ ਸਨ। ਮੈਥੋਂ ਇਹ ਅਨਿਆਇ ਨਾ ਸਹਾਰਿਆ ਗਿਆ ਅਤੇ ਇੱਕ ਅੰਗਰੇਜ਼ ਪ੍ਰੋਫੈਸਰ ਨੂੰ ਖਤਮ ਕਰਨੇ ਦੇ ਇਰਾਦੇ ਨਾਲ ਉਸ ਉੱਪਰ ਹਮਲਾ ਕੀਤਾ, ਪਰ ਉਹ ਜ਼ਖ਼ਮੀ ਹੀ ਹੋਇਆ।
ਇਹ ਗੱਲ ਸੁਣ ਕੇ ਦੂਜੇ ਪ੍ਰੋਫੈਸਰਾਂ ਅਤੇ ਪ੍ਰਿੰਸੀਪਲ ਨੂੰ ਡਰ ਪੈ ਗਿਆ। ਸਾਰੇ ਅੰਗਰੇਜ਼ ਪ੍ਰੋਫੈਸਰ ਤੇ ਪ੍ਰਿੰਸੀਪਲ ਕਾਲਜ ਛੱਡ ਕੇ ਆਪਣੀ ਵਲਾਇਤ ਨੂੰ ਚਲੇ ਗਏ, ਪਰ ਮੈਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮੇਰੇ ਖ਼ਿਲਾਫ਼ ਮੁਕੱਦਮਾ ਚਲਾ ਦਿੱਤਾ ਅਤੇ ਮੈਨੂੰ ਸੈਸ਼ਨ ਦੀ ਅਦਾਲਤ ਦੇ ਸਪੁਰਦ ਕਰ ਦਿੱਤਾ। ਅੰਗਰੇਜ਼ ਸੈਸ਼ਨ ਨੇ ਮੇਰੇ ਬਿਆਨ ਲਏ। ਜੋ ਬਿਆਨ ਮੈਂ ਦਿੱਤੇ ਉਹ ਇਹ ਸਨ:
‘‘ਸਾਡਾ ਦੇਸ਼ ਅੰਗਰੇਜ਼ਾਂ ਨੇ ਬੇਈਮਾਨੀ ਨਾਲ ਦਬਾ ਲਿਆ ਹੈ। ਅੰਗਰੇਜ਼ ਸਿਪਾਹੀਆਂ ਨੂੰ 100/- ਰੁਪਏ ਮਹੀਨਾ ਤਨਖ਼ਾਹ ਦਿੱਤੀ ਜਾਂਦੀ ਹੈ, ਪਰ ਸਾਡੇ ਦੇਸੀ ਸਿਪਾਹੀਆਂ ਨੂੰ ਸਿਰਫ਼ 18/- ਰੁਪਏ ਮਹੀਨਾ ਹੀ ਮਿਲਦੇ ਹਨ। ਇਸੇ ਤਰ੍ਹਾਂ ਸਾਰੇ ਮਹਿਕਮਿਆਂ ਵਿੱਚ ਸਾਡੇ ਦੇਸੀ ਲੋਕਾਂ ਨਾਲ ਚੰਗਾ ਸਲੂਕ ਨਹੀਂ ਕੀਤਾ ਜਾਂਦਾ। ਮੈਂ ਅਤੇ ਮੇਰੇ ਦੂਜੇ ਸਾਥੀਆਂ ਨੇ ਪ੍ਰਣ ਕਰ ਲਿਆ ਹੈ ਕਿ ਅਸੀਂ ਦੇਸ਼ ਵਿੱਚੋਂ ਅੰਗਰੇਜ਼ਾਂ ਨੂੰ ਕੱਢ ਕੇ ਆਪਣਾ ਦੇਸੀ ਰਾਜ ਕਾਇਮ ਕਰੀਏ। ਸਾਡਾ ਇਹ ਵੀ ਪ੍ਰਣ ਹੈ ਕਿ ਅਸੀਂ, ਹਰ-ਇੱਕ, ਤਿੰਨ ਜਾਂ ਚਾਰ ਅੰਗਰੇਜ਼ਾਂ ਨੂੰ ਖ਼ਤਮ ਕਰਕੇ ਆਪ ਫਾਂਸੀ ਪ੍ਰਾਪਤ ਕਰੀਏ। ਸਾਨੂੰ ਉਮੀਦ ਹੈ ਕਿ ਸਾਡਾ ਬੀਜਿਆ ਹੋਇਆ ਬੀਜ, ਪੱਜਾਂ-ਸੱਤਾਂ ਸਾਲਾਂ ਤੱਕ ਜ਼ਰੂਰ ਹਰਾ ਹੋਵੇਗਾ ਤੇ ਸਾਡੇ ਲੋਕ ਜ਼ਰੂਰ ਅੰਗਰੇਜ਼ਾਂ ਨੂੰ ਇਥੋਂ ਕੱਢ ਦੇਣਗੇ।’’
ਉਪਰੋਕਤ ਬਿਆਨ ਸੁਣ ਕੇ ਅੰਗਰੇਜ਼ ਸੈਸ਼ਨ ਜੱਜ ਨੇ ਮੈਨੂੰ ਕਾਲਾਪਾਣੀ (ਉਮਰ ਕੈਦ) ਦੀ ਸਜ਼ਾ ਦੇ ਦਿੱਤੀ। ਇਹ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ।
ਮੇਰੇ ਦੂਸਰੇ ਸਾਥੀਆਂ, ਜਿਨ੍ਹਾਂ ਦੀ ਗਿਣਤੀ ਤਕਰੀਬਨ 200 ਸੀ, ਦੇ ਖ਼ਿਲਾਫ਼ ਮੁਕਦਮਾ ਲਾਹੌਰ ਵਿੱਚ ਚੱਲਣ ਲੱਗ ਪਿਆ ਸੀ, ਜੋ ਕਿ ਅਮਰੀਕਨ ਬਾਬੇ ਅਖਵਾਂਦੇ ਸਨ। ਇੱਕ ਸਾਲ ਮੁਕਦਮਾ ਚਲਾ ਕੇ ਕੁੱਝ ਨੂੰ ਫਾਂਸੀ ਅਤੇ ਬਾਕੀਆਂ ਨੂੰ ਕਾਲੇਪਾਣੀ ਦੀ ਸਜ਼ਾ ਸੁਣਾ ਦਿੱਤੀ ਗਈ। ਜੋ ਮੇਰੇ ਨਾਲ ਜੇਲ੍ਹ ਵਿੱਚ ਰਹੇ ਸਨ, ਉਨ੍ਹਾਂ ’ਚੋਂ ਕੁੱਝ ਦੇ ਨਾਂ ਯਾਦ ਹਨ: (1) ਬਾਬਾ ਵਸਾਖਾ ਸਿੰਘ ਜੀ, (2) ਬਾਬਾ ਸੋਹਣ ਸਿੰਘ ਜੀ, (3) ਬਾਬਾ ਸ਼ੇਰ ਸਿੰਘ ਜੀ ਪਰਵਾਨੇ ਲਾਹੌਰ ਵਾਲੇ, (4) ਬਾਬਾ ਕੇਸਰ ਸਿੰਘ ਜੀ ਪਰਵਾਨੇ ਝਾਂਸੀ ਵਾਲੇ।
ਜਦ ਮੈਨੂੰ ਅੰਮ੍ਰਿਤਸਰ ਤੋਂ ਲਾਹੌਰ ਦੀ ਜੇਲ੍ਹ ਵਿੱਚ ਭੇਜਿਆ ਗਿਆ ਤਾਂ ਉਥੇ ਜਾ ਕੇ ਵੀ ਅੰਗਰੇਜ਼ਾਂ ਦੇ ਭੈੜੇ ਕਾਨੂੰਨ ਦਾ ਟਾਕਰਾ ਕਰਨਾ ਪਿਆ। ਉਹ ਇਹ ਸੀ ਕਿ ਸਿੱਖ ਕੈਦੀਆਂ ਨੂੰ ਟੋਪੀਆਂ ਦਿੱਤੀਆਂ ਜਾਂਦੀਆਂ ਸਨ, ਜੋ ਕਿ ਸਿੱਖ ਧਰਮ ਦੇ ਅਸੂਲ ਤੋਂ ਖ਼ਿਲਾਫ਼ ਸੀ। ਇਸ ਸਿਲਸਿਲੇ ਵਿੱਚ ਮੈਨੂੰ ਕੋਠੜੀ ਵਿੱਚ ਇਕੱਲਾ ਬੰਦ ਕਰਕੇ ਸਖ਼ਤ ਪਹਿਰਾ ਲਾ ਦਿੱਤਾ ਗਿਆ। ਕੁੱਝ ਸਮੇਂ ਬਾਅਦ ਸਾਡੀ ਆਵਾਜ਼ ਸਿੱਖ ਸੰਗਤ ਵਿੱਚ ਪਹੁੰਚ ਗਈ। ਸਭ ਨੇ ਸਲਾਹ ਕਰਕੇ ਸਾਰੀਆਂ ਟੋਪੀਆਂ ਅੱਗ ਵਿੱਚ ਸਾੜ ਦਿੱਤੀਆਂ ਅਤੇ ਜੇਲ੍ਹ ਅਫਸਰ ਨੂੰ ਖ਼ਬਰ ਕਰ ਦਿੱਤੀ ਕਿ ਸਿੱਖ ਕੈਦੀ ਟੋਪੀਆਂ ਨਹੀਂ ਪਹਿਨਦੇ ਹਨ।
ਹਾਰ ਕੇ ਸਰਕਾਰ ਨੂੰ ਪੰਜ ਗਜ਼ ਦਾ ਸਾਫਾ ਸਾਰੇ ਸਿੱਖ ਕੈਦੀਆਂ ਨੂੰ ਦੇਣਾ ਪਿਆ। ਪਰ ਮੈਨੂੰ ਉਥੋਂ ਬਦਲ ਕੇ ਅੰਬਾਲਾ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਉਥੇ ਵੀ ਚਾਰ ਮਹੀਨੇ ਝਗੜਾ ਕਰਕੇ ਅੰਬਾਲਾ ਜੇਲ੍ਹ ਵਿੱਚ ਅੱਛੀ ਖੁਰਾਕ ਪ੍ਰਾਪਤ ਕੀਤੀ ਅਤੇ ਮੇਰਾ ਸਰੀਰ ਮੋਟਾ ਹੋ ਗਿਆ। ਸੰਨ 1915 ਦੇ ਅਖੀਰ ਵਿੱਚ ਹੋਰ ਦੇਸ਼ ਭਗਤਾਂ ਦੇ ਨਾਲ ਮੈਨੂੰ ਵੀ ਕਲਕੱਤਾ ਬੰਦਰਗਾਹ ਰਾਹੀਂ ਕਾਲੇਪਾਣੀ ਪਹੁੰਚਾ ਦਿੱਤਾ, ਜਿੱਥੇ ਕਿ ਸਾਡੇ ਵਾਸਤੇ ਪਹਿਲਾਂ ਹੀ 800 ਕੋਠੜੀਆਂ ਤਿਆਰ ਸਨ, ਜਿਨ੍ਹਾਂ ਵਿੱਚ ਸਾਨੂੰ ਬੰਦ ਕੀਤਾ ਗਿਆ। ਉਥੇ ਵੀ ਕਰੜਾ ਕੰਮ ਲੈਣ ਦੇ ਖ਼ਿਲਾਫ਼ ਆਵਾਜ਼ ਉਠਾਈ ਤੇ ਭੁੱਖ ਹੜਤਾਲਾਂ ਵੀ ਕੀਤੀਆਂ। ਆਖਿਰ ਅਫਸਰਾਂ ਨੂੰ ਮੰਨਣਾ ਪਿਆ, ਪਰ ਮੇਰੇ ਵਾਸਤੇ ਲੋਹੇ ਦਾ ਪਿੰਜਰਾ ਬਣਵਾ ਕੇ ਅਤੇ ਮੈਨੂੰ ਬੇੜੀ ਲਾ ਕੇ ਉਸ ਵਿੱਚ ਬੰਦ ਕਰ ਦਿੱਤਾ।
ਕਈ ਸਾਲਾਂ ਪਿਛੋਂ ਇੱਕ ਜੇਲ੍ਹ ਕਮੇਟੀ ਬੰਗਾਲ ਅਤੇ ਪੰਜਾਬ ਵਿਚੋਂ ਆਈ ਉਨ੍ਹਾਂ ਦੇ ਫ਼ੈਸਲੇ ਮੂਜਬ ਮੈਨੂੰ ਲਾਹੌਰ ਜੇਲ੍ਹ ਲੈ ਆਂਦਾ। ਅੰਗਰੇਜ਼ ਅਫਸਰਾਂ ’ਤੇ ਮੇਰਾ ਇੰਨਾ ਡਰ ਛਾ ਗਿਆ ਸੀ ਕਿ ਜਿਸ ਪਿੰਜਰੇ ਵਿੱਚ ਮੈਂ ਸੀ ਉਸ ਦੇ ਅੱਗੇ ਦੀ ਵੀ ਡਰ ਕੇ ਹੀ ਲੰਘਦੇ ਸਨ। ਇੱਕ ਅੰਗਰੇਜ਼ ਅਫਸਰ, ਜੋ ਪੰਦਰਵੇਂ ਦਿਨ ਮੇਰਾ ਭਾਰ ਤੋਲਦਾ ਹੁੰਦਾ ਸੀ, ਦੇ ਮੂੰਹ ’ਤੇ ਹਥਕੜੀ ਜੁੜੇ ਹੱਥਾਂ ਨਾਲ ਐਸਾ ਵਾਰ ਕੀਤਾ ਕਿ ਉਹ ਛੇ-ਸੱਤ ਕਦਮਾਂ ਪਰ ਜਾ ਕੇ ਬੇਹੋਸ਼ ਹੋ ਕੇ ਗਿਰ ਪਿਆ ਸੀ।
1926 ’ਚ ਮੈਨੂੰ ਛੱਡ ਦਿੱਤਾ ਗਿਆ, ਪਰ 1930 ਤੱਕ ਪੁਲੀਸ ਦੀ ਨਿਗਰਾਨੀ ਵਿੱਚ ਚੱਕ ਨੰ. 25, ਤਹਿਸੀਲ ਜੜ੍ਹਾਂਵਾਲਾ, ਜ਼ਿਲ੍ਹਾ ਲਾਇਲਪੁਰ ਵਿੱਚ ਰਿਹਾ ਸਾਂ।
ਸੰਨ 1930 ਦੇ ਬਾਅਦ ਪਿੱਡ ਮਨੈਲੀ ਪਰਗਨਾਂ, ਚਮਕੌਰ ਸਾਹਿਬ (ਧਰਤੀ ਸ਼ਹੀਦਾਂ), ਤਹਿਸੀਲ ਰੋਪੜ, ਜ਼ਿਲ੍ਹਾ ਅੰਬਾਲਾ ਵਿੱਚ ਆ ਗਿਆ ਸਾਂ ਤੇ 1930 ਤੋਂ ਪਿਛੋਂ ਗੁਰਦਵਾਰਾ ਸ੍ਰੀ ਆਨੰਦਪੁਰ-ਕੀਰਤਪੁਰ ਸਾਹਿਬ ਦੀ ਕਮੇਟੀ ਦੇ ਮੀਤ ਪ੍ਰਧਾਨ ਦੇ ਤੌਰ ’ਤੇ ਵੀ ਸੇਵਾ ਕਰਨ ਦਾ ਮੌਕਾ ਮਿਲਿਆ ਸੀ। ਪੰਜਾਬ ਸਰਕਾਰ ਵੱਲੋਂ ਮੈਨੂੰ ਜ਼ਿਲ੍ਹਾ ਹਿਸਾਰ ਵਿੱਚ 12 ਏਕੜ ਜ਼ਮੀਨ ਮਿਲੀ।
ਅੰਤਿਮ ਬੇਨਤੀ: ਕੋਈ ਦੇਸ਼ ਅਤੇ ਕੌਮ ਤਦ ਹੀ ਜਿਊਂਦਾ ਰਹਿ ਸਕਦੀ ਹੈ ਅਤੇ ਆਪਣੀ ਆਜ਼ਾਦੀ ਕਾਇਮ ਰੱਖ ਸਕਦੀ ਹੈ, ਜੇ ਸਾਰਾ ਦੇਸ਼ ਆਪਣੇ ਪੁਰਾਣੇ ਸ਼ਹੀਦਾਂ ਅਤੇ ਦੇਸ਼ ਭਗਤਾਂ ਨੂੰ ਯਾਦ ਰੱਖੇ। ਰਾਣੀ ਝਾਂਸੀ 1857 ਵਿੱਚ ਆਜ਼ਾਦੀ ਵਾਸਤੇ ਆਪਣੇ ਬੱਚੇ ਅਤੇ ਜਾਨ ਦੀ ਪਰਵਾਹ ਨਾ ਕਰਦੀ ਹੋਈ ਸ਼ਹੀਦ ਹੋ ਗਈ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਦੇਸ਼ ਦੀ ਖ਼ਾਤਰ ਆਪਣਾ ਸਰਬੰਸ ਵਾਰ ਦਿੱਤਾ ਸੀ।
(ਮਾਸਟਰ ਜੀ 31.12.1963 ਨੂੰ ਸਵਰਗਵਾਸ ਹੋਏ ਸਨ।)
ਮਾਸਟਰ ਚਤਰ ਸਿੰਘ ਵੱਲੋਂ ਅਦਾਲਤ ਵਿੱਚ ਦਿੱਤਾ ਗਿਆ ਬਿਆਨ
‘‘ਸਾਡਾ ਦੇਸ਼ ਅੰਗਰੇਜ਼ਾਂ ਨੇ ਬੇਈਮਾਨੀ ਨਾਲ ਦਬਾ ਲਿਆ ਹੈ। ਅੰਗਰੇਜ਼ ਸਿਪਾਹੀਆਂ ਨੂੰ 100/- ਰੁਪਏ ਮਹੀਨਾ ਤਨਖ਼ਾਹ ਦਿੱਤੀ ਜਾਂਦੀ ਹੈ, ਪਰ ਸਾਡੇ ਦੇਸੀ ਸਿਪਾਹੀਆਂ ਨੂੰ ਸਿਰਫ਼ 18/- ਰੁਪਏ ਮਹੀਨਾ ਹੀ ਮਿਲਦੇ ਹਨ। ਇਸੇ ਤਰ੍ਹਾਂ ਸਾਰੇ ਮਹਿਕਮਿਆਂ ਵਿੱਚ ਸਾਡੇ ਦੇਸੀ ਲੋਕਾਂ ਨਾਲ ਚੰਗਾ ਸਲੂਕ ਨਹੀਂ ਕੀਤਾ ਜਾਂਦਾ। ਮੈਂ ਅਤੇ ਮੇਰੇ ਦੂਜੇ ਸਾਥੀਆਂ ਨੇ ਪ੍ਰਣ ਕਰ ਲਿਆ ਹੈ ਕਿ ਅਸੀਂ ਦੇਸ਼ ਵਿੱਚੋਂ ਅੰਗਰੇਜ਼ਾਂ ਨੂੰ ਕੱਢ ਕੇ ਆਪਣਾ ਦੇਸੀ ਰਾਜ ਕਾਇਮ ਕਰੀਏ। ਸਾਡਾ ਇਹ ਵੀ ਪ੍ਰਣ ਹੈ ਕਿ ਅਸੀਂ, ਹਰ-ਇੱਕ, ਤਿੰਨ ਜਾਂ ਚਾਰ ਅੰਗਰੇਜ਼ਾਂ ਨੂੰ ਖ਼ਤਮ ਕਰਕੇ ਆਪ ਫਾਂਸੀ ਪ੍ਰਾਪਤ ਕਰੀਏ। ਸਾਨੂੰ ਉਮੀਦ ਹੈ ਕਿ ਸਾਡਾ ਬੀਜਿਆ ਹੋਇਆ ਬੀਜ, ਪੱਜਾਂ-ਸੱਤਾਂ ਸਾਲਾਂ ਤੱਕ ਜ਼ਰੂਰ ਹਰਾ ਹੋਵੇਗਾ ਤੇ ਸਾਡੇ ਲੋਕ ਜ਼ਰੂਰ ਅੰਗਰੇਜ਼ਾਂ ਨੂੰ ਇਥੋਂ ਕੱਢ ਦੇਣਗੇ।’’
ਉਪਰੋਕਤ ਬਿਆਨ ਸੁਣ ਕੇ ਅੰਗਰੇਜ਼ ਸੈਸ਼ਨ ਜੱਜ ਨੇ ਉਨ੍ਹਾਂ ਨੂੰ ਕਾਲੇਪਾਣੀ (ਉਮਰ ਕੈਦ) ਦੀ ਸਜ਼ਾ ਦੇ ਦਿੱਤੀ।