ਸੁਰਿੰਦਰ ਸਿੰਘ ਤੇਜ
ਕਲਾਤ ਦੇ ਹੁਕਮਰਾਨ ਮੀਰ ਨੂਨ ਨਸੀਰ ਖ਼ਾਨ ਬਲੋਚ (1710-1794) ਨੂੰ ਅਜੋਕੀ ਬਲੋਚ ਕੌਮ ਦੇ ਪਿਤਾਮਾ ਦਾ ਦਰਜਾ ਹਾਸਲ ਹੈ। ਮੀਰ ਨਸੀਰ ਵਜੋਂ ਜਾਣੇ ਜਾਂਦੇ ਇਸ ਬਲੋਚ ਸਰਦਾਰ ਨੇ ਬਲੋਚ ਕਬੀਲਿਆਂ, ਖ਼ਾਸ ਕਰਕੇ ਬਲੋਚ ਤੇ ਬ੍ਰਾਹਵੀ ਨਸਲੀ ਗੁੱਟਾਂ ਦਰਮਿਆਨ ਯਕਜਹਿਤੀ ਪੈਦਾ ਕੀਤੀ, ਉਨ੍ਹਾਂ ਅੰਦਰ ਕਬੀਲੇ ਦੀ ਥਾਂ ਬਲੋਚ ਹਿੱਤਾਂ ਨੂੰ ਪਹਿਲ ਦੇਣ ਦਾ ਜਜ਼ਬਾ ਵਿਕਸਿਤ ਕੀਤਾ ਅਤੇ ਇਕ ਅਜਿਹੀ ਸਲਤਨਤ (ਖਾਨੇਟ) ਕਾਇਮ ਕੀਤੀ ਜਿਸ ਦਾ ਰਕਬਾ ਅਜੋਕੇ ਇਰਾਨ ਦੇ ਰਕਬੇ ਜਿੰਨਾ ਸੀ। ਇਹ ਹਕੂਮਤ ਉੱਤਰ ਵਿਚ ਡੇਰਾ ਗ਼ਾਜ਼ੀ ਖ਼ਾਨ, ਦੱਖਣ ਵਿਚ ਗਵਾਦਰ ਤੇ ਅਰਬ ਸਾਗਰੀ ਸਾਹਿਲ, ਪੂਰਬ ਵਿਚ ਬਹਾਵਲਪੁਰ ਰਿਆਸਤ ਦੀ ਹੱਦ ਤਕ ਅਤੇ ਪੱਛਮ ਵਿਚ ਮਕਰਾਨ (ਇਰਾਨ) ਤਕ ਫੈਲੀ ਹੋਈ ਸੀ। ਮੀਰ ਨੇ ਅੱਧੀ ਸਦੀ ਤਕ ਰਾਜ ਕੀਤਾ। ਉਹ ਏਨਾ ਤਾਕਤਵਰ ਸੀ ਕਿ ਅਹਿਮਦ ਸ਼ਾਹ ਅਬਦਾਲੀ ਨੇ ਵੀ ਉਸ ਨਾਲ ਸੰਧੀ ਕਰਨੀ ਵਾਜਬ ਸਮਝੀ। ਉਹ ਅਬਦਾਲੀ ਦੇ ਸੰਗੀ ਵਜੋਂ ਪਾਣੀਪਤ ਦੀ ਤੀਜੀ ਲੜਾਈ (1761) ਲੜਿਆ। 1765 ਵਿਚ ਉਸ ਨੇ ਸੂਬਾ ਪੰਜਾਬ ਵੱਲ ਚੜ੍ਹਾਈ ਕੀਤੀ ਅਤੇ ਸਾਹੀਵਾਲ ਉੱਤੇ ਹਮਲਾ ਕਰ ਦਿੱਤਾ। ਇਹ ਇਲਾਕਾ ਉਦੋਂ ਤਕ ਸਿੱਖਾਂ ਦੀ ਨਕਈ ਮਿਸਲ ਦੇ ਕਬਜ਼ੇ ਹੇਠ ਆ ਚੁੱਕਾ ਸੀ। ਇਸ ਮਿਸਲ ਨਾਲ ਗਹਿਗੱਚ ਲੜਾਈ ਦੌਰਾਨ ਮੀਰ ਨਸੀਰ ਘੋੜੇ ਤੋਂ ਡਿੱਗ ਪਿਆ। ਉਸ ਦੀ ਪਗੜੀ ਉਤਰ ਗਈ ਅਤੇ ਵਾਲ ਖਿੰਡ ਗਏ। ਇਕ ਸਿੱਖ ਘੋੜਸਵਾਰ ਉਸ ਦਾ ਸਿਰ ਕਲਮ ਕਰਨ ਹੀ ਲੱਗਿਆ ਸੀ ਕਿ ਇਕ ਹੋਰ ਸਿੱਖ ਨੇ ਉਸ ਨੂੰ ਇਹ ਕਹਿੰਦਿਆਂ ਵਰਜ ਦਿੱਤਾ: ‘‘ਇਹ ਕੀ ਕਰਨ ਲੱਗਿਐਂ! ਇਹ ਤਾਂ ਖ਼ਾਲਸਾ ਐ!’’ ਇਹ ਭੁਲੇਖਾ ਮੀਰ ਨਸੀਰ ਦੀ ਜਾਨ ਬਚਾ ਗਿਆ। ਇਸ ਤੋਂ ਬਾਅਦ ਉਸ ਨੇ ਸਿੱਖ ਮਿਸਲਦਾਰਾਂ ਦੇ ਇਲਾਕੇ ਵੱਲ ਕਦੇ ਮੂੰਹ ਨਹੀਂ ਕੀਤਾ। ਦੂਜੇ ਪਾਸੇ ਸਿੱਖਾਂ ਦਾ ਵੀ ਅਗਲੀ ਅੱਧੀ ਸਦੀ ਤਕ ਬਲੋਚਾਂ ਨਾਲ ਕਦੇ ਸਿੱਧਾ ਵਾਸਤਾ ਨਹੀਂ ਪਿਆ। 1835 ਵਿਚ ਮਹਾਰਾਜਾ ਰਣਜੀਤ ਸਿੰਘ ਨੇ ਬਲੋਚ ਖਾਨੇਟ ਦੇ ਇਲਾਕੇ ਉੱਤੇ ਧਾਵਾ ਬੋਲਦਿਆਂ ਡੇਰਾ ਗ਼ਾਜ਼ੀ ਖ਼ਾਨ ਜਿੱਤ ਲਿਆ। ਬਲੋਚਾਂ ਨੇ ਇਸ ਨੂੰ ਵਾਪਸ ਲੈਣ ਦਾ ਯਤਨ ਨਹੀਂ ਕੀਤਾ। ਡੇਰਾ ਗ਼ਾਜ਼ੀ ਖ਼ਾਨ ਬਲੋਚ ਨਹੀਂ, ਪਸ਼ਤੂਨ ਵਸੋਂ ਵਾਲਾ ਇਲਾਕਾ ਸੀ। ਬਲੋਚਾਂ ਨੂੰ ਪਸ਼ਤੂਨਾਂ ਨਾਲ ਕੋਈ ਹਮਦਰਦੀ ਨਹੀਂ ਸੀ। ਉਂਜ, ਇਹ ਇਲਾਕਾ ਖੁੱਸਣ ਦੇ ਬਾਵਜੂਦ ਉਨ੍ਹਾਂ ਨੇ ਮਹਾਰਾਜੇ ਨੂੰ ਅਹਿਸਾਸ ਕਰਵਾ ਦਿੱਤਾ ਕਿ ਬਲੋਚ ਭੂਮੀ ਵੱਲ ਅਗਲੀ ਕੋਈ ਫ਼ੌਜੀ ਮੁਹਿੰਮ ਖ਼ਾਲਸਾ ਦਰਬਾਰ ਲਈ ਆਸਾਨ ਨਹੀਂ ਰਹੇਗੀ। ਬਲੋਚ ਆਪਣੀ ਮੁੱਛ ਨੀਵੀਂ ਨਹੀਂ ਹੋਣ ਦੇਣਗੇ।
ਮੁੱਛ ਦੇ ਵਕਾਰ ਨਾਲ ਜੁੜੇ ਦਰਜਨਾਂ ਮਾਮਲੇ ਹੋਰ ਵਾਪਰੇ, ਪਰ 1980 ਵਾਲਾ ਵਾਕਿਆ ਖ਼ਾਸ ਤੌਰ ’ਤੇ ਜ਼ਿਕਰਯੋਗ ਹੈ। ਬਲੋਚ ਬਾਗ਼ੀ ਆਗੂ, ਸਰਦਾਰ ਅਤਾਉੱਲਾ ਮਗਸੀ ਪਾਕਿਸਤਾਨੀ ਫ਼ੌੌਜ ਹੱਥੋਂ ਹਲਾਕ ਹੋ ਗਿਆ। ਲਾਸ਼ ਦੀ ਸ਼ਨਾਖ਼ਤ ਲਈ ਬਲੋਚ ਸਿਆਸਤਦਾਨ (ਬਾਅਦ ਵਿਚ ਬਾਗ਼ੀ ਨੇਤਾ) ਨਵਾਬ ਅਕਬਰ ਬੁਗ਼ਤੀ ਨੂੰ ਬੁਲਾਇਆ ਗਿਆ। ਲਾਸ਼ ਦੇ ਚਿਹਰੇ ਤੋਂ ਜਦੋਂ ਚਾਦਰ ਹਟਾਈ ਗਈ ਤਾਂ ਨਵਾਬ ਬੁਗ਼ਤੀ ਨੇ ਚੰਦ ਕਦਮ ਪੁੱਟੇ ਅਤੇ ਲਾਸ਼ ਦੀ ਮੁੱਛ ਇਹ ਕਹਿੰਦਿਆਂ ਠੀਕ ਕਰ ਦਿੱਤੀ ਕਿ ‘ਮਰਨ ਮਗਰੋਂ ਵੀ ਬਲੋਚ ਦੀ ਮੁੱਛ ਨੀਵੀਂ ਨਹੀਂ ਹੋਣੀ ਚਾਹੀਦੀ।’’
ਅਜਿਹੇ ਦਰਜਨਾਂ ਕਿੱਸਿਆਂ ਨਾਲ ਲੈਸ ਹੈ ਤਿਲਕ ਦੇਵਾਸ਼ਰ ਦੀ ਕਿਤਾਬ ‘ਪਾਕਿਸਤਾਨ: ਦਿ ਬਲੋਚ ਕੋਨਨਡਰੱਮ’ (ਪਾਕਿਸਤਾਨ ਦਾ ਬਲੋਚੀ ਝਮੇਲਾ; ਹਾਰਪਰ ਕੌਲਿਨਜ਼; 359 ਪੰਨੇ; 899 ਰੁਪਏ) ਕਿੱਸਿਆਂ ਤੋਂ ਇਲਾਵਾ ਇਹ ਕਿਤਾਬ ਬਲੋਚ ਖਿੱਤੇ, ਬਲੋਚ ਕੌਮ ਅਤੇ ਪ੍ਰਾਚੀਨ ਤੇ ਵਰਤਮਾਨ ਬਲੋਚੀ ਜੱਦੋਜਹਿਦ ਦਾ ਇਤਿਹਾਸ ਬੜੀ ਸ਼ਿੱਦਤ ਤੇ ਸੁਹਜ ਨਾਲ ਪੇਸ਼ ਕਰਦੀ ਹੈ। ਜਾਂਬਾਜ਼ੀ, ਜਿਗਰੇ ਤੇ ਜੀਰਾਂਦਿ ਨਾਲ ਲਬਰੇਜ਼ ਹੈ ਬਲੋਚ ਇਤਿਹਾਸ। ਬਲੋਚ ਭੂਮੀ ਇਕੱਲੇ ਪਾਕਿਸਤਾਨ ਤਕ ਮਹਿਦੂਦ ਨਹੀਂ; ਪਾਕਿ-ਇਰਾਨ ਸਰਹੱਦ ਦੇ ਦੋਵੇਂ ਪਾਸੇ ਫੈਲੀ ਹੋਈ ਹੈ। ਇਸ ਦਾ ਇਕ ਸਿਰਾ ਅਫ਼ਗਾਨਿਸਤਾਨ ਵਿਚ ਵੀ ਪਹੁੰਚਿਆ ਹੋਇਆ ਹੈ। ਬਲੋਚ ਖਿੱਤਾ ਇਰਾਨ ਦਾ ਇਕ ਚੌਥਾਈ ਹਿੱਸਾ ਬਣਦਾ ਹੈ ਅਤੇ ਪਾਕਿਸਤਾਨ ਦਾ 44 ਫ਼ੀਸਦੀ ਇਲਾਕਾ। ਕੁਦਰਤ ਨੇ ਇਸ ਦੇ ਬਦਨ ਨੂੰ ਜ਼ਰਖ਼ੇਜ਼ੀ ਜਾਂ ਹਰਿਆਵਲ ਵਾਲੀ ਲੌਸ ਨਹੀਂ ਬਖ਼ਸ਼ੀ, ਪਰ ਖਣਿਜੀ ਦਾਤਾਂ ਬਖ਼ਸ਼ਣ ਪੱਖੋਂ ਕੋਈ ਕਿਫ਼ਾਇਤ ਨਹੀਂ ਵਰਤੀ। ਪਾਣੀ ਦੀ ਕਿੱਲਤ ਤੇ ਜ਼ਰਖ਼ੇਜ਼ੀ ਬੇਲੌਸੀ ਨੇ ਸਮੁੱਚੇ ਖਿੱਤੇ ਵਿਚ ਮਨੁੱਖੀ ਵਸੋਂ ਫਲਣ-ਮੌਲਣ ਦੇ ਮੌਕੇ ਨਹੀਂ ਦਿੱਤੇ। 80 ਲੱਖ ਬਲੋਚ ਹਨ ਇਸ ਸਮੇਂ ਦੁਨੀਆਂ ਵਿਚ। ਇਨ੍ਹਾਂ ਵਿਚੋਂ 90 ਫ਼ੀਸਦੀ ਪਾਕਿਸਤਾਨ, ਇਰਾਨ ਤੇ ਅਫ਼ਗਾਨਿਸਤਾਨ ਵਿਚ ਹਨ। ਇਨ੍ਹਾਂ ਤਿੰਨਾਂ ਮੁਲਕਾਂ ਵਿਚ ਉਹ ਰਾਜਸੀ-ਸਮਾਜਿਕ ਉਤਪੀੜਨ ਦਾ ਸ਼ਿਕਾਰ ਹਨ, ਆਧੁਨਿਕ ਸਹੂਲਤਾਂ ਤੋਂ ਮਹਿਰੂਮ ਹਨ ਅਤੇ ਆਪਣਾ ਵਜੂਦ ਬਚਾਉਣ ਲਈ ਲਗਾਤਾਰ ਜੂਝਦੇ ਆ ਰਹੇ ਹਨ। ਬਾਗ਼ੀਆਨਾ ਬਿਰਤੀ ਉਨ੍ਹਾਂ ਦੇ ਡੀਐਨਏ ਦਾ ਹਿੱਸਾ ਹੈ। ਇਸ ਬਿਰਤੀ ਲਈ ਤਾਂ ਉਹ ਸਿਕੰਦਰ ਮਹਾਨ ਦੇ ਵੇਲੇ ਤੋਂ ਮਸ਼ਹੂਰ ਹਨ। ਬਲੋਚ ਇਲਾਕੇ ਵਿਚੋਂ ਉਹ ਮਸਾਂ ਬਚ ਕੇ ਨਿਕਲਿਆ ਸੀ।
ਇਰਾਨ ਵਿਚ ਬਲੋਚ ਭੂਮੀ ਸੀਸਤਾਨ-ਬਲੋਚਿਸਤਾਨ ਵਜੋਂ ਜਾਣੀ ਜਾਂਦੀ ਹੈ, ਪਰ ਬਲੋਚ ਨਸਲ ਉੱਥੇ ਹੁਣ ਘੱਟ ਗਿਣਤੀ ਵਿਚ ਹੈ। ਪਾਕਿਸਤਾਨ ਵਿਚ ਬਲੋਚ ਵਸੋਂ ਕੁੁੱਲ ਕੌਮੀ ਵਸੋਂ ਦਾ ਮਹਿਜ਼ 6.4 ਫ਼ੀਸਦ ਬਣਦੀ ਹੈ। ਇਰਾਨ ਵਾਲਾ ਬਲੋਚ ਖਿੱਤਾ ਕੱਚੇ ਤੇਲ ਦੇ ਭੰਡਾਰਾਂ ਨਾਲ ਭਰਪੂਰ ਹੈ ਜਦੋਂਕਿ ਪਾਕਿਸਤਾਨੀ ਬਲੋਚਿਸਤਾਨ ਕੁਦਰਤੀ ਗੈਸ ਨਾਲ। ਪਾਕਿਸਤਾਨ ਦੀ ਕੁੱਲ ਗੈਸ ਖਪਤ ਦੇ 36 ਫ਼ੀਸਦੀ ਹਿੱਸੇ ਦੀ ਪੂਰਤੀ ਬਲੋਚਿਸਤਾਨ ਤੋਂ ਹੁੰਦੀ ਹੈ। ਕੋਇਲੇ, ਸੋਨੇ, ਤਾਂਬੇ, ਚਾਂਦੀ, ਪਲੈਟੀਨਮ, ਐਲੂਮੀਨੀਅਮ, ਯੂਰੇਨੀਅਮ, ਬਾਕਸਾਈਟ ਦੇ ਜ਼ਖ਼ੀਰੇ ਬਲੋਚ ਪਹਾੜੀਆਂ ਵਿਚ ਮੌਜੂਦ ਹਨ। ਪਾਕਿਸਤਾਨ ਦੀ ਕੁੱਲ ਕੌਮੀ ਆਮਦਨ ਦਾ 38 ਫ਼ੀਸਦ ਹਿੱਸਾ ਬਲੋਚ ਭੂਮੀ ਤੋਂ ਆਉਂਦਾ ਹੈ, ਪਰ ਇਸ ਦਾ ਸਿਰਫ਼ 8 ਫ਼ੀਸਦ ਭਾਗ ਇਸ ਭੂਮੀ ’ਤੇ ਖਰਚਿਆ ਜਾਂਦਾ ਹੈ। ਇਸੇ ਲਈ ਮਨੁੱਖੀ ਵਿਕਾਸ ਸੂਚਨਾ ਅੰਕ ਨਾਲ ਜੁੜੇ ਸਾਰੇ ਪੈਮਾਨਿਆਂ ਪੱਖੋਂ ਬਲੋਚਿਸਤਾਨ, ਪਾਕਿਸਤਾਨ ਦਾ ਸਭ ਤੋਂ ਪਛੜਿਆ ਸੂਬਾ ਹੈ।
ਦੇਵਾਸ਼ਰ ਦੀ ਕਿਤਾਬ ਇਹ ਦਰਦੀਲੀ ਦਾਸਤਾਂ ਪੂਰੀ ਹਮਦਰਦੀ ਤੇ ਸੰਜੀਦਗੀ ਨਾਲ ਬਿਆਨਦੀ ਹੈ। ਇਹ ਪਾਕਿਸਤਾਨ ਨੂੰ ਬੇਲੋੜਾ ਭੰਡਦੀ ਨਹੀਂ, ਪਰ ਉਸ ਦੀਆਂ ਜ਼ਿਆਦਤੀਆਂ ਦੀ ਨਿਸ਼ਾਨਦੇਹੀ ਖੁੱਲ੍ਹ ਕੇ ਕਰਦੀ ਹੈ। ਦੇਵਾਸ਼ਰ, ਕੈਬਨਿਟ ਸਕੱਤਰੇਤ ਵਿਚੋਂ ਵਿਸ਼ੇਸ਼ ਸਕੱਤਰ ਦੇ ਅਹੁਦੇ ਤੋਂ ਸੇਵਾਮੁਕਤ ਹੋਇਆ। ਉਸ ਤੋਂ ਪਹਿਲਾਂ ਉਹ ਕਈ ਵਰ੍ਹੇ ਪਾਕਿਸਤਾਨ ਸਥਿਤ ਭਾਰਤੀ ਹਾਈ ਕਮਿਸ਼ਨ ਵਿਚ ਵੱਖ-ਵੱਖ ਅਹੁਦਿਆਂ ’ਤੇ ਰਿਹਾ। ਅਜਿਹੇ ਅਹੁਦੇ ਜਾਸੂਸਾਨਾ ਗਤੀਵਿਧੀਆਂ ਦੀ ਪਰਦਾਪੋਸ਼ੀ ਦਾ ਸਾਧਨ ਹੁੰਦੇ ਹਨ। ਪਾਕਿਸਤਾਨ ਬਾਰੇ ਉਹ ਪਹਿਲਾਂ ਦੋ ਕਿਤਾਬਾਂ ਲਿਖ ਚੁੱਕਾ ਹੈ। ਇਹ ਤੀਜੀ ਕਿਤਾਬ ਹੈ; ਪਹਿਲੀਆਂ ਦੋਵਾਂ ਨਾਲੋਂ ਵੱਧ ਸੰਤੁਿਲਤ, ਵੱਧ ਅਕਾਦਮਿਕ ਪੁੱਠ ਵਾਲੀ। ਦਰਅਸਲ, ਇਤਾਲਵੀ ਇਤਿਹਾਸਕਾਰ ਤੇ ਬਲੌਗਰ ਫਰਾਂਸਿਸਕਾ ਮੈਰੀਨੋ ਦੀ ਨਵੀਂ ਕਿਤਾਬ ‘ਬਲੋਚਿਸਤਾਨ: ਬਰੂਇਜ਼ਡ, ਬੈਟਰਡ ਐਂਡ ਬਲੱਡੀਡ’ (ਬਲੂਮਜ਼ਬਰੀ; 499 ਰੁਪਏ) ਦੇ ਮੁਕਾਬਲੇ ਦੇਵਾਸ਼ਰ ਦੀ ਕਿਤਾਬ ਕਿਤੇ ਵੱਧ ਨਿੱਗਰ, ਵੱਧ ਪੜ੍ਹਨਯੋਗ ਜਾਪਦੀ ਹੈ। ਇਹੋ ਖ਼ੂਬੀ ਇਸ ਨੂੰ ਬਲੋਚਿਸਤਾਨ ਬਾਰੇ ਹੋਰਨਾਂ ਕਿਤਾਬਾਂ ਤੋਂ ਵੀ ਅੱਡਰਾ ਬਣਾਉਂਦੀ ਹੈ।
* * *
ਜਨ ਅੰਦੋਲਨ ਅਕਸਰ ਸਾਹਿਤ ਦਾ ਮਹਾਂਕੁੰਭ ਹੋ ਨਿੱਬੜਦੇ ਹਨ। ਉਨ੍ਹੀਂ ਦਿਨੀਂ ਵਲਵਲੇ ਬਹੁਤ ਵੇਗਵਾਨ ਹੁੰਦੇ ਹਨ। ਅਜਿਹੇ ਵੇਗਾਂ-ਵਲਵਿਆਂ ਕਾਰਨ ਸਾਹਿਤ ਵੀ ਖ਼ੁਦ-ਬਖ਼ੁਦ ਉਗਮਦਾ ਚਲਿਆ ਜਾਂਦਾ ਹੈ। ਇਸ ਨੂੰ ‘ਘੜਨ’ ਦੀ ਲੋੜ ਨਹੀਂ ਪੈਂਦੀ। ਵਰਤਮਾਨ ਕਿਸਾਨੀ ਲਹਿਰ ਇਸ ਦੀ ਇਕ ਮਿਸਾਲ ਹੈ। ਬੜਾ ਸਾਹਿਤ ਰਚਿਆ ਗਿਆ ਹੈ ਪਿਛਲੇ ਚਾਰ ਮਹੀਨਿਆਂ ਦੌਰਾਨ। ਬਹੁਤਾ ਹੈ ਵੀ ਸੰਜੀਦਾ ਤੇ ਸ਼ਾਲੀਨ ਅਦਬ। ਵਾਹ-ਵਾਹੀ ਖੱਟਣ ਦੀ ਥਾਂ ਅੰਦੋਲਨ ਦੀ ਪ੍ਰਸੰਗਿਕਤਾ ਨੂੰ ਉਭਾਰਨ ਵਾਲਾ, ਕਿਸਾਨੀ ਦੇ ਸੰਸਿਆਂ-ਸੰਤਾਪਾਂ ਨੂੰ ਸਿਰਜਣਸ਼ੀਲਤਾ ਦੇ ਨਕਸ਼ ਪ੍ਰਦਾਨ ਕਰਨ ਵਾਲਾ। ਅਜਿਹੀ ਰਚਨਾਤਮਿਕਤਾ ਨੂੰ ਸੁਚੱਜੀ ਤੇ ਸੁਨੱਖੀ ਤਰਤੀਬ ਦਿੱਤੀ ਗਈ ਹੈ ‘ਮਿੱਟੀ ਦੇ ਵਣਜਾਰੇ’ (ਵਾਹਗਾ ਬੁੱਕਸ; 151 ਪੰਨੇ; 150 ਰੁਪਏ) ਪੁਸਤਕ ਵਿਚ। ਅਰਤਿੰਦਰ ਸੰਧੂ ਤੇ ਡਾ. ਮੋਹਨ ਸਿੰਘ ਤਿਆਗੀ ਦਾ ਸੰਪਾਦਕੀ ਉੱਦਮ ਹੈ ਇਹ ਕਾਵਿ-ਸੰਗ੍ਰਹਿ; ਸੁਰਜੀਤ ਪਾਤਰ, ਗੁਰਭਜਨ ਗਿੱਲ, ਡਾ. ਸਵਰਾਜਬੀਰ, ਲਖਵਿੰਦਰ ਜੌਹਲ, ਜਸਵਿੰਦਰ ਸਮੇਤ ਸੱਤ ਦਰਜਨ ਦੇ ਕਰੀਬ ਕਵੀਆਂ ਦੀਆਂ ਜੁਝਾਰੂ ਰਚਨਾਵਾਂ ਨੂੰ ਇਕੋ ਜਿਲਦ ਦੇ ਅੰਦਰ ਪੇਸ਼ ਕਰਨ ਵਾਲਾ। ਮੁੱਖ ਬੰਦ ਅਰਤਿੰਦਰ ਸੰਧੂ ਦੀ ਕਵਿਤਾ ‘‘ਪਗੜੀ ਸੰਭਾਲਣ ਵਾਸਤੇ’’ ਦੇ ਰੂਪ ਵਿਚ ਹੈ। ਇਸ ਦੇ ਦੋ ਸ਼ਿਅਰ ਪੂਰੀ ਕਿਤਾਬ ਦੀ ਥੀਮ ਨੂੰ ਅਕਸੀ ਰੂਪ ਪ੍ਰਦਾਨ ਕਰਦੇ ਹਨ। ਇਹ ਸ਼ਿਅਰ ਹਨ:
‘ਪਗੜੀ ਸੰਭਾਲਣ ਵਾਸਤੇ, ਇਕ ਵਾਰ ਫਿਰ ਤੁਰੇ ਕਿਸਾਨ/ ਰਾਜਿਆਂ ਦੇ ਸ਼ਹਿਰ ਦੇ ਜਦ, ਤੇਜ਼ ਖ਼ੰਜਰ ਹੋ ਗਏ/ ਤਖ਼ਤ ਦੀ ਪਸਰੀ ਤਮ੍ਹਾਂ, ਤੇ ਧਰਤ ਖਾਣ ਆ ਗਈ/ ਜਾਗ ਪਏ ਪੁੱਤ ਧਰਤ ਦੇ/ ਪਹਿਰੇ ਦੇ ਅੰਦਰ ਹੋ ਗਏ।’’
‘ਜਾਗ ਪਏ ਪੁੱਤ ਧਰਤ ਦੇ’ ਵਾਲੀ ਸੋਚ/ਸੂਝ ਦੀ ਪੈੜ ‘ਭੂਮਿਕਾ’ ਅੰਦਰਲੀ ਇਸ ਟਿੱਪਣੀ ਵਿਚ ਵੀ ਮੌਜੂਦ ਹੈ ਕਿ ‘‘…ਅੰਦੋਲਨ ਨੇ ਇਕ ਤਰੀਕੇ ਨਾਲ ਪੰਜਾਬ ਵਿਚ… ਗੁੰਮ-ਗੁਆਚ ਗਏ, ਗ਼ੈਰਤਮੰਦ ਰਹਿਤਲ ਵਾਲੇ ਸ਼ਾਨਾਂਮੱਤੇ ਸਰਬ ਸਾਂਝੇ ਸਭਿਆਚਾਰ ਦੀ ਪੁਨਰ-ਜਾਗ੍ਰਿਤੀ ਸੰਭਵ ਬਣਾਈ ਹੈ।’’ ਇਹ ਸ਼ੁਭ ਸ਼ਗਨ ਹੈ। ਪੰਜਾਬ ਨੂੰ ਅਜਿਹੀ ਪੁਨਰ-ਜਾਗ੍ਰਿਤੀ ਦੀ ਉਡੀਕ ਕਈ ਦਹਾਕਿਆਂ ਤੋਂ ਸੀ।