ਸੁਰਿੰਦਰ ਸ਼ਰਮਾ ਨਾਗਰਾ
ਲੱਖਪਤ ਨੂੰ ਉੱਠਣ ਵਿੱਚ ਅੱਜ ਦੇਰੀ ਹੋ ਗਈ। ਰਾਤੀਂ ਪਿਛਲੇ ਦਿਨ ਦਾ ਨਾਮਾ ਕਰਦੇ ਨੂੰ ਬਹੁਤ ਰਾਤ ਹੋ ਗਈ ਸੀ। ਅੱਸੂ ਦੇ ਨਰਾਤੇ ਚੱਲ ਰਹੇ ਸਨ, ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਸੀ। ਅੱਗੇ ਫਿਰ ਤਾਰਾ ਲੱਗਣ ਤੋਂ ਪਹਿਲਾਂ ਬਹੁਤ ਵਿਆਹ ਸਨ। ਮਿੱਠਾ ਮਿੱਠਾ ਮੌਸਮ ਹੋਣ ਕਰਕੇ ਲੋਕ ਖ਼ੁਸ਼ੀ ਦੇ ਹੋਰ ਮੌਕਿਆਂ ਉੱਤੇ ਪ੍ਰੋਗਰਾਮ ਕਰ ਲੈਂਦੇ ਸਨ। ਸਾਰੇ ਤਿਉਹਾਰ ਵੀ ਅੱਗੇ ਅੱਗੇ ਸਨ। ਕਰੋਨਾ ਦਾ ਕਹਿਰ ਖ਼ਤਮ ਹੋਣ ਕਿਨਾਰੇ ਹੋਣ ਕਰਕੇ ਵਧੀਆ ਸੀਜ਼ਨ ਲੱਗਣ ਦੀ ਸੰਭਾਵਨਾ ਸੀ।
ਕੱਲ੍ਹ ਵੀ ਦੋ ਤਿੰਨ ਵਿਆਹਾਂ ਤੇ ਅਖੰਡ ਪਾਠਾਂ ਦਾ ਸਾਮਾਨ ਭੁਗਤਾ ਕੇ ਹਟੇ ਸੀ। ਹੋਰ ਵੀ ਕਈ ਸੌਦੇ ਦੇ ਪਰਚੇ ਆਏ ਪਏ ਸਨ ਉਨ੍ਹਾਂ ਦੀ ਤਿਆਰੀ ਵੀ ਕਰਨੀ ਸੀ। ਜਿਹੜਾ ਕੁਝ ਸਾਮਾਨ ਘਟਦਾ ਵਧਦਾ ਦਿਸਦਾ ਸੀ ਉਸ ਲਈ ਥੋਕ ਦੇ ਵਪਾਰੀਆਂ ਨੂੰ ਰਾਤੀਂ ਫੋਨ ਵੀ ਕਰ ਦਿੱਤੇ ਸਨ। ਸੀਜ਼ਨ ਸ਼ੁਰੂ ਹੋਣ ਕਰਕੇ ਲੋੜ ਮੁਤਾਬਿਕ ਸਾਮਾਨ ਪੂਰਾ ਰੱਖਣਾ ਸੀ। ਇੱਕ ਗੱਲੋਂ ਮਨ ਖ਼ੁਸ਼ ਸੀ ਕਿ ਐਤਕੀਂ ਸਾਲ ਡੇਢ ਸਾਲ ਬਾਅਦ ਵਧੀਆ ਕੰਮ ਚਲਣ ਦੀ ਆਸ ਸੀ ਪਰ ਪ੍ਰੇਸ਼ਾਨੀ ਵੀ ਮਹਿਸੂਸ ਹੋ ਰਹੀ ਸੀ।
ਫਟਾਫਟ ਇਸ਼ਨਾਨ ਕੀਤਾ, ਚਾਹ ਦਾ ਕੱਪ ਪੀਤਾ, ਦੇਰੀ ਹੋਣ ਕਰਕੇ ਨਾਸ਼ਤੇ ਦਾ ਸਮਾਂ ਵੀ ਨਹੀਂ ਮਿਲਿਆ। ਨਾਸ਼ਤਾ ਘਰਦਿਆਂ ਨੂੰ ਦੁਕਾਨ ਉੱਤੇ ਭੇਜਣ ਲਈ ਕਹਿ ਕੇ ਸਕੂਟਰੀ ਚੁੱਕੀ ਤੇ ਦੁਕਾਨ ਵੱਲ ਨੂੰ ਤੁਰ ਪਿਆ। ਅਜੇ ਤੱਕ ਦੋ ਕਰਿੰਦੇ ਹੀ ਆਏ ਸੀ। ਸਫ਼ਾਈ ਕਰ ਕੇ ਲਗਪਗ ਦੁਕਾਨ ਸਜਾ ਲਈ। ਪਰਚਿਆਂ ਦਾ ਸੌਦਾ ਪਾਉਣਾ ਸ਼ੁਰੂ ਕੀਤਾ। ਗਾਹਕ ਵੀ ਆਉਣੇ ਸ਼ੁਰੂ ਹੋ ਗਏ। ਕੰਮ ਤਕਰੀਬਨ ਰੁੜ੍ਹ ਪਿਆ। ਵਿੱਚੋਂ ਵਿੱਚ ਥੋਕ ਵਪਾਰੀਆਂ ਦੇ ਪੈਮੈਂਟਾਂ ਲਈ ਫੋਨ ਵੀ ਆਉਣ ਲੱਗ ਪਏ। ਨਾਸ਼ਤਾ ਉਸ ਦਾ ਘਰੋਂ ਆ ਗਿਆ ਪਰ ਖਾਣ ਦੀ ਵਿਹਲ ਨਹੀਂ ਮਿਲ ਰਹੀ ਸੀ। ਇੱਕ ਡੇਢ ਵਜੇ ਤੱਕ ਕੰਮ ਪੂਰਾ ਭਖ ਗਿਆ। ਚਿੰਤਾ ਦੀ ਗੱਲ ਇਹ ਸੀ ਕਿ ਅੱਜ ਦੋ ਕਰਿੰਦੇ ਘਰੇ ਅਚਾਨਕ ਕੰਮ ਹੋਣ ਕਰਕੇ ਆਏ ਨਹੀਂ। ਲੱਖਪਤ ਦੀ ਪ੍ਰੇਸ਼ਾਨੀ ਵਧ ਰਹੀ ਸੀ। ਕਦੇ ਕਦੇ ਉੱਠ ਕੇ ਸੌਦਾ ਉਸ ਨੂੰ ਖ਼ੁਦ ਪਾਉਣਾ ਪੈਂਦਾ ਸੀ। ਇੱਕ ਮੁਅਜੱਜ਼ ਗਾਹਕ ਕਈ ਦਿਨਾਂ ਤੋਂ ਵਾਪਸ ਮੁੜ ਰਿਹਾ ਸੀ। ਉਸ ਨੂੰ ਕਿਸੇ ਕੰਪਨੀ ਦਾ ਗਊ ਦਾ ਘੀ ਚਾਹੀਦਾ ਸੀ। ਅੱਜ ਉਹ ਫਿਰ ਆ ਧਮਕਿਆ। ਲੱਖਪਤ ਦੀਆਂ ਪੁੜਪੁੜੀਆਂ ’ਚ ਹੋਰ ਪੀੜ ਸ਼ੁਰੂ ਹੋ ਗਈ। ਉਹ ਗਾਹਕ ਨੂੰ ਕੀ ਦੱਸੇ ਕਿ ਪਿੱਛੋਂ ਥੋਕ ਵਪਾਰੀ ਨੇ ਇਸ ਵਾਰ ਉਹ ਘੀ ਫਿਰ ਨਹੀਂ ਪਾਇਆ। ਲੱਖਪਤ ਨੇ ਬਹੁਤ ਕਿਹਾ ਕਿ ਹੋਰ ਉਹਤੋਂ ਵੀ ਵਧੀਆ ਕੰਪਨੀਆਂ ਦਾ ਘੀ ਪਿਆ, ਲੈ ਜਾ ਪਰ ਗਾਹਕ ਨੂੰ ਤਸੱਲੀ ਨਾ ਹੋਈ। ਉਹ ਬੁੜਬੁੜ ਕਰਦਾ ਚਲਾ ਗਿਆ। ਇੱਕ ਗਾਹਕਾਂ ਦੀ ਭੀੜ ਦੂਜਾ ਉਸ ਗਾਹਕ ਦੀ ਨਾਰਾਜ਼ਗੀ, ਲੱਖਪਤ ਤਿਲਮਿਲਾ ਉੱਠਿਆ। ਫਿਰ ਰੇਹੜੀ ਵਾਲਾ ਭਾਈ ਆ ਗਿਆ। ਕਹਿਣ ਲੱਗਾ, ‘‘ਲੱਖੂ ਬਾਬੂ ਜੀ! ਗੁਦਾਮ ਸੇ ਚਾਰ ਕੱਟੇ ਚੀਨੀ ਲਾਇਆ ਹੂੰ, ਉਸ ਕਾ ਕਿਰਾਇਆ ਪੰਤਾਲੀ ਰੁਪਏ ਦੇਦੋ।’’ ਲੱਖਪਤ ਨੇ ਅੱਕੇ ਹੋਏ ਨੇ ਉਸ ਦੇ ਹੱਥ ਉੱਤੇ ਚਾਲ਼ੀ ਰੁਪਏ ਧਰ ਦਿੱਤੇ। ‘‘ਬਾਬੂ ਜੀ! ਪੂਰੇ ਪੈਸੇ ਦੋ। ਪਹਿਲੇ ਹੀ ਆਪ ਨੇ ਪਾਂਚ ਪਾਂਚ ਰੁਪਏ ਕਰਕੇ ਕਿਤਨੇ ਵਾਰ ਕਾਟ ਲੀਏ।’’ ਬਾਬੂ ਦਾ ਪਾਰਾ ਚੜ੍ਹੀ ਜਾਵੇ। ਉਸ ਨੇ ਭਾਈ ਦੇ ਹੱਥ ਉੱਤੇ ਦਸ ਰੁਪਏ ਰੱਖ ਕੇ ਉੱਚੀ ਆਵਾਜ਼ ਵਿੱਚ ਕਿਹਾ, ‘‘ਜਾਹ ਦਫ਼ਾ ਹੋ ਜਾ ਇੱਥੋਂ।’’ ਕਹਿਣਾ ਤਾਂ ਉਹ ਹੋਰ ਵੀ ਕੁਝ ਚਾਹੁੰਦਾ ਸੀ ਪਰ ਗਾਹਕਾਂ ਨੂੰ ਵੇਖ ਕੇ ਗੁੱਸਾ ਅੰਦਰ ਹੀ ਅੰਦਰ ਪੀ ਗਿਆ। ਹੋ ਸਕਦਾ ਦੇਖਣ ਵਾਲਿਆਂ ਨੂੰ ਲੱਖਪਤ ਨੂੰ ਦੇਖ ਕੇ ਤਰਸ ਆਉਂਦਾ ਹੋਵੇ ਪਰ ਆਮ ਲੋਕਾਂ ਨੂੰ ਉਸ ਦੀ ਪ੍ਰੇਸ਼ਾਨੀ ਦਾ ਪਤਾ ਸੁਤਾ ਨਹੀਂ ਲੱਗ ਸਕਦਾ ਸੀ। ਕਦੇ ਉਹ ਦੇਣ ਵਾਲੇ ਸੌਦੇ ਦੀ ਲਿਸਟ ਬਣਾਉਣ ਲੱਗਦਾ, ਕਦੇ ਪੈਸੇ ਕੱਟਣ ਲਗਦਾ ਜਾਂ ਫਿਰ ਪੈਨਸਿਲ ਮੂੰਹ ਵਿੱਚ ਪਾ ਕੇ ਚੱਬਣਾ ਸ਼ੁਰੂ ਕਰ ਦਿੰਦਾ। ਉਸ ਨੂੰ ਗੈਰਹਾਜ਼ਰ ਕਰਿੰਦਿਆਂ ’ਤੇ ਰਹਿ ਰਹਿ ਕੇ ਗੁੱਸਾ ਆ ਰਿਹਾ ਸੀ। ਇੱਕ ਨੂੰ ਉਸ ਨੇ ਬੈਂਕ ਵਿੱਚ ਕੱਲ੍ਹ ਦੀ ਵੱਟਤ ਜਮ੍ਹਾਂ ਕਰਵਾਉਣ ਭੇਜਣਾ ਸੀ ਤਾਂ ਕਿ ਵਪਾਰੀਆਂ ਨੂੰ ਚੈੱਕ ਕੱਟ ਸਕੇ ਪਰ ਅੱਜ ਸਾਰਾ ਕੁਝ ਧਰਿਆ ਧਰਾਇਆ ਹੀ ਰਹਿ ਗਿਆ। ਲੱਖਪਤ ਦੇ ਮਨ ਦੀ ਸ਼ਾਂਤੀ ਦੁਕਾਨ ਵਿੱਚ ਪੂਰਾ ਸੌਦਾ, ਕਰਿੰਦਿਆਂ ਦਾ ਸਹੀ ਢੰਗ ਨਾਲ ਕੰਮ ਕਰਨਾ, ਗਾਹਕਾਂ ਨਾਲ ਚੰਗਾ ਵਰਤਾਓ, ਸਮੇਂ ਸਿਰ ਉਨ੍ਹਾਂ ਨੂੰ ਸੌਦੇ ਦਾ ਭੁਗਤਾਨ, ਇਨ੍ਹਾਂ ਸਾਰੀਆਂ ਗੱਲਾਂ ਉੱਤੇ ਨਿਰਭਰ ਸੀ। ਕਰਿੰਦਿਆਂ ਨੂੰ ਵਾਰ ਵਾਰ ਸਮਝਾਉਣ, ਗ਼ਲਤੀਆਂ ਕਰਨ ਤੋਂ ਰੋਕਣ ਆਦਿ ਵਿੱਚ ਬਹੁਤ ਮਗ਼ਜ਼ ਖਪਾਈ ਕਰਨੀ ਪੈਂਦੀ ਸੀ। ਅੱਜ ਦੋ ਜਣੇ ਨਾ ਆਉਣ ਕਾਰਨ ਹੋਰ ਵੀ ਜ਼ਿਆਦਾ ਦਿਮਾਗ਼ ਚੱਟਿਆ ਜਾ ਰਿਹਾ ਸੀ। ਦੋ ਕੁ ਵਜੇ ਥੋੜ੍ਹੀ ਵਿਹਲ ਹੋਈ ਤਾਂ ਇੱਕ ਇੱਕ ਕਰਕੇ ਮੁੰਡਿਆਂ ਨੂੰ ਲੱਖਪਤ ਨੇ ਰੋਟੀ ਦਾ ਕੰਮ ਨਬਿੇੜਨ ਲਈ ਕਿਹਾ ਤੇ ਆਪ ਵੀ ਫਟਾਫਟ ਘਰੋਂ ਆਏ ਦੋ ਫੁਲਕੇ ਗਰਲ਼ ਗਰਲ਼ ਅੰਦਰ ਸੁੱਟ ਲਏ। ਅੱਜ ਤਾਂ ਕੰਮ ਕਰਕੇ ਭੂਤਨੀ ਭੁੱਲੀ ਪਈ ਸੀ। ਦੇਖਣ ਵਾਲੇ ਸ਼ਾਇਦ ਸੋਚਦੇ ਹੋਣ ਕਿ ਲੱਖਪਤੀ ਨੂੰ ਬੜੀ ਕਮਾਈ ਹੈ, ਵਧੀਆ ਦੋ ਕਰੋੜ ਦੀ ਕੋਠੀ ਪਾ ਰੱਖੀ ਹੈ, ਜੁਆਕ ਵੀ ਸ਼ਿਮਲੇ ਕਸੌਲੀ ਪੜ੍ਹਦੇ ਨੇ ਤੇ ਹੋਰ ਵੀ ਪ੍ਰਾਪਰਟੀ ਖਰੀਦਣ ਵੇਚਣ ਦਾ ਕਾਰੋਬਾਰ ਹੈ ਪਰ ਲੋਕ ਉਸ ਦੇ ਅੰਦਰ ਦੇ ਭੰਬਲਭੂਸੇ ਨੂੰ ਨਹੀਂ ਸਮਝ ਰਹੇ ਹੁੰਦੇ। ਲੱਖਪਤ ਸੋਚਦਾ ਕਿ ਅੱਮਣ ਮੱਤੀ ਮਾਇਆ ਦਾ ਵੀ ਕੀ ਕਰਨਾ। ਜਾਨ ਤਾਂ ਸਾਰਾ ਦਿਨ ਨੜ੍ਹਿਨਵੇਂ ਦੇ ਗੇੜ ਵਿੱਚ ਪਈ ਰਹਿੰਦੀ ਹੈ, ਸਿਰ ਖੁਰਕਣ ਦੀ ਵਿਹਲ ਨਹੀਂ ਤੇ ਨਾ ਹੀ ਮਰਨ ਦੀ ਵਿਹਲ ਹੈ। ਆਹ ਸਰਕਾਰੀ ਨੌਕਰੀਆਂ ਵਾਲੇ ਨਜ਼ਾਰੇ ਲੈਂਦੇ ਨੇ। ਸਾਲ ਵਿੱਚ ਛੁੱਟੀਆਂ ਹੀ ਛੁੱਟੀਆਂ। ਉੱਪਰੋਂ ਰਿਸ਼ਵਤ ਦੀ ਕਮਾਈ ਅੱਡ ਤੇ ਪਹਾੜਾਂ ’ਤੇ ਸੈਰ ਸਪਾਟਾ ਮੁਫ਼ਤ ਦਾ। ਪਰ ਉਸ ਨੂੰ ਸ਼ਾਇਦ ਇਸ ਗੱਲ ਦਾ ਅਹਿਸਾਸ ਨਾ ਹੋਵੇ ਕਿ ਸਰਕਾਰੀ ਮੁਲਾਜ਼ਮਾਂ ਦੀਆਂ ਕੋਠੀਆਂ, ਕਾਰਾਂ ਅਤੇ ਘਰ ਦਾ ਹੋਰ ਸਾਜ਼ੋ-ਸਾਮਾਨ ਸਭ ਬੈਂਕਾਂ ਦੀਆਂ ਕਿਸ਼ਤਾਂ ਉੱਪਰ ਹੈ। ਲੱਖਪਤ ਨੂੰ ਇੱਥੋਂ ਦੁਕਾਨ ਤੋਂ ਕਦੇ ਕਦੇ ਮਿੰਟ ਲਈ ਵੀ ਉੱਠਣ ਦੀ ਵਿਹਲ ਨਹੀਂ ਮਿਲਦੀ। ਕਈ ਵਾਰ ਰਿਸ਼ਤੇਦਾਰਾਂ ਦੇ ਖ਼ੁਸ਼ੀ ਜਾਂ ਗ਼ਮੀ ਵਿੱਚ ਜਾਣ ਲਈ ਸਮਾਂ ਨਹੀਂ ਮਿਲਦਾ। ਅੱਧੋਂ ਵੱਧ ਤਾਂ ਨਾਰਾਜ਼ ਹੀ ਰਹਿੰਦੇ ਹਨ। ਆਪਣੇ ਮਨ ਨੂੰ ਲਾਹਨਤਾਂ ਪਾਉਂਦਾ ਕਿ ਇਹ ਵੀ ਕੋਈ ਜ਼ਿੰਦਗੀ ਹੈ? ਨਾ ਦਿਨ ਨੂੰ ਸ਼ਾਂਤੀ ਨਾ ਰਾਤ ਨੂੰ ਚੈਨ, ਨਾ ਕੋਈ ਆਨੰਦ ਦੇ ਦੋ ਪਲ਼, ਜੀਵਨ ਵਿੱਚ ਮੌਜ ਮੇਲਾ ਲੈਣ ਦਾ ਕਦੇ ਸਮਾਂ ਮਿਲੇਗਾ? ਮਿਲੇਗਾ ਵੀ ਜਾਂ ਨਹੀਂ। ਇਹ ਸੋਚਦਾ ਲੱਖਪਤ ਫਿਰ ਆਪਣੇ ਅਣਖਿਝ ਕੰਮ ਵਿੱਚ ਲੱਗ ਗਿਆ। ਉਸ ਨੇ ਪੱਕਾ ਮਨ ਬਣਾਇਆ ਕਿ ਉਹ ਅੱਜ ਸਾਰੇ ਪਰਚਿਆਂ ਦਾ ਸੌਦਾ ਪੁਆ ਕੇ ਕੰਮ ਨਬਿੇੜਨ ਦੀ ਕੋਸ਼ਿਸ਼ ਕਰੇਗਾ ਤਾਂ ਜੋ ਕੱਲ੍ਹ ਨੂੰ ਕੋਈ ਟੈਨਸ਼ਨ ਨਾ ਰਹੇ। ਉਸ ਨੇ ਦੋਵੇਂ ਕਰਿੰਦਿਆਂ ਨਾਲ ਲੱਗ ਲਗਾ ਕੇ ਸ਼ਾਮ ਤੱਕ ਸਾਰਾ ਸੌਦਾ ਭੁਗਤਾ ਦਿੱਤਾ। ਨਾਲੋਂ ਨਾਲ ਰੁਟੀਨ ਗਾਹਕਾਂ ਨੂੰ ਵੀ ਭੁਗਤਾਉਂਦਾ ਰਿਹਾ। ਉਸ ਨੂੰ ਲੱਗ ਰਿਹਾ ਸੀ ਕਿ ਕੰਮ ਹੁਣ ਕੰਟਰੋਲ ਵਿੱਚ ਹੋ ਗਿਆ ਸੀ।
ਸ਼ਾਮ ਨੂੰ ਅੱਠ ਕੁ ਵਜੇ ਮੁੰਡਿਆਂ ਨੂੰ ਸੌਦੇ ਦੀ ਸੈਟਿੰਗ ਕਰ ਕੇ ਤੇ ਬਾਹਰ ਲੱਗਿਆ ਸਾਮਾਨ ਢੰਗ ਨਾਲ ਅੰਦਰ ਚਿਣ ਕੇ ਰੱਖਣ ਲਈ ਕਹਿ ਕੇ ਤਾਂ ਕਿ ਤੜਕੇ ਦੁਬਾਰਾ ਸਾਮਾਨ ਬਾਹਰ ਕੱਢਣ ਵਿੱਚ ਦਿੱਕਤ ਪੇਸ਼ ਨਾ ਆਵੇ, ਆਪ ਆਪਣੀ ਨਕਦੀ ਇੱਕਠੀ ਕਰਨ ਲੱਗ ਪਿਆ। ਨਾਲ ਹੀ ਉਧਾਰ ਵਾਲੀਆਂ ਪਰਚੀਆਂ ਇਕੱਠੀਆਂ ਕਰ ਕੇ ਲਿਸਟ ਬਣਾਉਣ ਲੱਗ ਪਿਆ। ਕਰਦੇ ਕਰਾਉਂਦੇ ਨੌਂ ਵੱਜਣ ਵਾਲੇ ਹੋ ਗਏ।
ਇੰਨੇ ਵਿੱਚ ਸ਼ਹਿਰ ਦੀ ਕੀਰਤਨ ਮੰਡਲੀ ਦੇ ਅਹੁਦੇਦਾਰ ਆ ਧਮਕੇ। ਉਨ੍ਹਾਂ ਨੇ ਜਗਰਾਤਾ ਕਰਨ ਤੇ ਉੱਥੇ ਲੰਗਰ ਲਾਉਣ ਲਈ ਰਾਸ਼ਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਚਾਹੀਦਾ ਵੀ ਹੁਣੇ ਹੈ। ਉਨ੍ਹਾਂ ਨੂੰ ਦੇਖ ਕੇ ਲੱਖਪਤ ਨੂੰ ਇੱਕ ਚੜ੍ਹੇ ਇੱਕ ਉੱਤਰੇ ਪਰ ਸ਼ਹਿਰ ਦੀ ਮਸ਼ਹੂਰ ਮੰਡਲੀ ਤੇ ਪੱਕੇ ਗਾਹਕਾਂ ਨੂੰ ਲੱਖਪਤ ਜੁਆਬ ਵੀ ਨਾ ਦੇ ਸਕਿਆ।
ਕਰਿੰਦੇ ਅਜੇ ਗਏ ਨਹੀਂ ਸਨ। ਲੱਖਪਤ ਨੇ ਉਨ੍ਹਾਂ ਨੂੰ ਮਿੰਨਤ ਕਰ ਕੇ ਰੋਕਿਆ ਤੇ ਉਨ੍ਹਾਂ ਦਾ ਸਾਮਾਨ ਪਾਉਣਾ ਸ਼ੁਰੂ ਕਰ ਦਿੱਤਾ। ਨਾਲ ਆਪ ਵੀ ਲੱਗਿਆ। ਸਾਰਾ ਕੰਮ ਨਿਪਟਾਉਂਦਿਆਂ ਨੂੰ ਦਸ ਵਜ ਗਏ। ਦੁਕਾਨ ਵਧਾਈ। ਨਕਦੀ ਤੇ ਉਧਾਰ ਵਾਲੀਆਂ ਪਰਚੀਆਂ ਦੀ ਡਾਇਰੀ ਝੋਲ਼ੇ ਵਿੱਚ ਪਾਈ ਤੇ ਘਰ ਵੱਲ ਨੂੰ ਜਾਂਦਿਆਂ ਸੋਚਦਾ ਜਾ ਰਿਹਾ ਸੀ ਕਿ ਜਾ ਕੇ ਫਿਰ ਨਾਮਾ ਕਰਾਂਗਾ ਨਕਦੀ ਦੀ ਵਿਧ ਮਿਲਾਵਾਂਗਾ, ਜੇ ਪਹਿਲੀ ਵਾਰ ਵਿਧ ਨਾ ਮਿਲੀ ਤਾਂ ਪਤਾ ਨਹੀਂ ਸੋਚਣ ’ਤੇ ਯਾਦ ਕਰ ਕੇ ਮਿਲਾਉਣ ’ਤੇ ਖ਼ਬਰੇ ਕਿੰਨਾ ਟਾਇਮ ਲੱਗ ਜਾਵੇ। ਇਸੇ ਉਲਝਣ ਵਿੱਚ ਉਲਝਿਆ ਉਹ ਘਰ ਵੜਿਆ। ਕਿਸੇ ਨੂੰ ਉਸ ਦੀ ਫ਼ਿਕਰ ਨਹੀਂ। ਸਭ ਆਪੋ ਆਪਣੇ ਕਮਰਿਆਂ ਵਿੱਚ ਬੈਠੇ ਟੀਵੀ ਵੇਖ ਰਹੇ ਸਨ। ਇਹ ਵੇਖ ਕੇ ਉਸ ਨੂੰ ਹੋਰ ਚੀਹ ਚੜ੍ਹ ਗਈ। ਉਹ ਆਪਣੇ ਕਮਰੇ ਵਿੱਚ ਧੜੰਮ ਦੇਣੇ ਆਪਣੇ ਬੈੱਡ ਉੱਤੇ ਖ਼ਲ਼ ਦੀ ਬੋਰੀ ਵਾਂਗ ਡਿੱਗ ਪਿਆ। ਇਸੇ ਘੁੰਮਣਘੇਰੀ ਵਿੱਚ ਉਸ ਨੂੰ ਪਤਾ ਨਹੀਂ ਕਦ ਨੀਂਦ ਆ ਗਈ।
ਸੰਪਰਕ: 98786-46595