ਬੀ.ਐੱਨ. ਗੋਸਵਾਮੀ
ਮੈਂ ਇਕ ਜ਼ਹੀਨ ਕਲਾ ਅਤੇ ਸਟੈਨੋਗ੍ਰਾਫੀ ਦਾ ਰਹੱਸ ਹਾਸਲ ਕੀਤਾ ਹੈ ਜੋ ਮੈਨੂੰ ਸੋਲ੍ਹਾਂ ਪੈਂਸ ਵਿਚ ਪਿਆ ਹੈ; ਤੇ ਕੁਝ ਹਫ਼ਤੇ ਮੈਂ ਇਸ ਨਾਲ ਖੌਝਲਦਾ ਰਿਹਾ ਹਾਂ। – ਚਾਰਲਸ ਡਿਕਨਜ਼
ਕਾਲਜ ਦੇ ਦਿਨਾਂ ਵਿਚ ਜੇ ਕਿਸੇ ਅੰਗਰੇਜ਼ੀ ਲੇਖਕ ਬਾਰੇ ਅਸੀਂ ਅਕਸਰ ਪੜ੍ਹਦੇ ਜਾਂ ਸੁਣਦੇ ਰਹਿੰਦੇ ਸਾਂ ਤਾਂ ਉਹ ਸੀ ਚਾਰਲਸ ਡਿਕਨਜ਼। ਉਸ ਦੀ ਮੌਜੂਦਗੀ ਹਰ ਥਾਂ ਹੁੰਦੀ ਸੀ; ਸਾਡੀਆਂ ਪਾਠ ਪੁਸਤਕਾਂ ਵਿਚ, ਅਧਿਆਪਕਾਂ ਦੇ ਬਹਿਸ ਮੁਬਾਹਿਸੇ ਤੇ ਸਾਡੀ ਆਪਣੀ ਚੁੰਝ ਚਰਚਾ ਵਿਚ। ‘ਓਲਿਵਰ ਟਵਿਸਟ’, ‘ਡੇਵਿਡ ਕੌਪਰਫੀਲਡ’, ‘ਏ ਟੇਲ ਆਫ ਟੂ ਸਿਟੀਜ਼’ ਜਿਹੀਆਂ ਉਸ ਦੀਆਂ ਕਿਤਾਬਾਂ ਦੇ ਨਾਂ ਸਾਡੀ ਜ਼ੁਬਾਨ ’ਤੇ ਚੜ੍ਹੇ ਰਹਿੰਦੇ ਸਨ; ਸਾਡੇ ਅਧਿਆਪਕ ਡਿਕਨਜ਼ ਦੀਆਂ ਲਿਖਤਾਂ ਦੇ ਪਾਤਰਾਂ – ਓਲਿਵਰ, ਡੇਵਿਡ, ਫੈਗਿਨ, ਦਿ ਬੀਡਲ ਦੇ ਨਕਸ਼ੇ ਖਿੱਚਦੇ ਰਹਿੰਦੇ ਸਨ। ਮਿਸਟਰ ਬਰਕੀਸ ਤੇ ਮਿਸ ਪੈਗੋਟੀ (ਜਿਸ ਨੂੰ ਪੰਜਾਬ ਦੇ ਇਕ ਕਸਬੇ ਵਿਚਲੇ ਕਾਲਜ ਦਾ ਸਾਡਾ ਅਧਿਆਪਕ ਪੇਗੋਟੀ ਆਖਦਾ ਸਨ ਤੇ ਕੋਲੋਂ ਇਹ ਵੀ ਜੋੜ ਦਿੰਦਾ ਸੀ ਕਿ ਉਹ ਬਹੁਤ ਮੋਟੀ ਸੀ) ਅਤੇ ਅਕਸਰ ਅਸੀਂ ਉਸ ਦੀਆਂ ਕਿਤਾਬਾਂ ’ਚੋਂ ਲਏ ਕੁਝ ਫ਼ਿਕਰੇ ਤੇ ਬੋਲ ਆਪਣੀ ਅਸਲ ਜ਼ਿੰਦਗੀ ਵਿਚ ਵਰਤਦੇ ਰਹਿੰਦੇ ਸਾਂ। ਤੇ ਜਦੋਂ ਅਸੀਂ ‘ਟੇਲ ਆਫ ਟੂ ਸਿਟੀਜ਼’ ਦੇ ਉਸ ਬੇਮਿਸਾਲ ਕਾਂਡ ’ਤੇ ਪਹੁੰਚਦੇ ਤਾਂ ਬਿਲਕੁਲ ਅਵਾਕ ਰਹਿ ਜਾਂਦੇ ਸਾਂ ਜੋ ਇੰਝ ਸੀ: ‘‘ਇਹ ਬਹੁਤ ਹੀ ਵਧੀਆ ਸਮਾਂ ਸੀ ਤੇ ਇਹ ਬਹੁਤ ਹੀ ਮਾੜਾ ਸਮਾਂ ਵੀ ਸੀ ਪਰ ਇਹ ਬੁੱਧੀਮਤਾ ਦਾ ਸਮਾਂ ਸੀ, ਇਹ ਮੂਰਖਪੁਣੇ ਦਾ ਸਮਾਂ ਸੀ, ਇਹ ਵਿਸ਼ਵਾਸ ਦਾ ਯੁੱਗ ਸੀ, ਇਹ ਅਵਿਸ਼ਵਾਸ ਦਾ ਸਮਾਂ ਸੀ।’’
ਉਦੋਂ ਤੋਂ ਲੈ ਕੇ ਹੁਣ ਤੱਕ ਡਿਕਨਜ਼ ਦੀ ਕੋਈ ਕਿਤਾਬ ਪੜ੍ਹਿਆਂ ਇੰਨਾ ਲੰਮਾ ਅਰਸਾ ਗੁਜ਼ਰ ਗਿਆ ਹੈ। ਅਚਨਚੇਤ ਉਹ ਮੇਰੀ ਚੇਤਨਾ ਵਿਚ ਵਾਪਸ ਆ ਗਿਆ ਤੇ ਉਸ ਦੇ ਨਾਲ ਹੀ ਹੋਰ ਬਹੁਤ ਸਾਰੇ ਵੀ ਆ ਜਾਂਦੇ ਹਨ। ਇਹ ਇਸ ਕਰਕੇ ਨਹੀਂ ਕਿ ਉਸ ਦੀ ਕੋਈ ਜਾਣੀ ਪਛਾਣੀ ਕਿਰਤ ਅਚਨਚੇਤ ਹੀ ਨਮੂਦਾਰ ਹੋ ਗਈ ਸਗੋਂ ਉਸ ਦੇ ਲਿਖੇ ਗਏ ਕੁਝ ਅਣਜਾਣੇ ਸ਼ਬਦ, ਅਰਥ ਜਾਂ ਅਨੁਵਾਦ ਕਰ ਕੇ ਜੋ ਲਗਭਗ ਡੇਢ ਸਦੀ ਤੋਂ ਇਕ ਬੁਝਾਰਤ ਬਣੇ ਰਹੇ ਹਨ ਉਨ੍ਹਾਂ ਵਿਚੋਂ ਕੋਈ ਹੌਲੀ-ਹੌਲੀ ਉਤਰਦਾ ਜਾਂਦਾ ਹੈ। ਇਹ ਸ਼ਬਦ ਡਿਕਨਜ਼ ਦੇ ਲਿਖੇ ਇਕ ਸਫ਼ੇ ਦੇ ਖ਼ਤ ਵਿਚ ਸ਼ਾਮਲ ਹਨ ਜੋ ਉਸ ਨੇ 1859 ਵਿਚ ਲਿਖਿਆ ਸੀ ਅਤੇ ਜੋ ਘੱਟੋਘੱਟ 1913 ਤੋਂ ਨਿਊਯੌਰਕ ਦੀ ਮੌਰਗਨ ਲਾਇਬਰੇਰੀ ਵਿਚ ਪਿਆ ਹੈ। ਚਾਰਲਸ ਡਿਕਨਜ਼ ਦੀ ਵਿਦਵਤਾ ਦਾ ਬਹੁਤ ਵੱਡਾ ਕਾਰਜ ਕਈ ਦੇਸ਼ਾਂ ਵਿਚ ਪਿਆ ਹੈ ਅਤੇ ਉਹ ਪਿਛਲੀ ਕਰੀਬ ਇਕ ਸਦੀ ਤੋਂ ਇਸ ਖ਼ਤ ਨੂੰ ਸਮਝਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਇਹ ਖ਼ਤ ਬ੍ਰੈਕੀਗਾਫੀ ਵਿਚ ਲਿਖਿਆ ਹੋਇਆ ਹੈ ਜਿਸ ਨੂੰ ਡਿਕਨਜ਼ ਸ਼ਾਰਟਹੈਂਡ ਦੀ ਇਕ ਅਜਿਹੀ ਵੰਨਗੀ ਗਿਣਦਾ ਸੀ ਜੋ ਉਸ ਨਾਲ ਬਹੁਤ ਹੀ ਖ਼ਾਸ ਤੌਰ ’ਤੇ ਜੁੜੀ ਹੋਈ ਸੀ, ਪਰ ਇਸ ਵਿਚ ਉਹ ਸਫ਼ਲ ਨਹੀਂ ਹੁੰਦਾ। ਇਸ ਦਾ ਲੈਟਰਹੈੱਡ ’ਤੇ ਲੰਡਨ ਦੇ ਬਲੂਮਜ਼ਬਰੀ ਵਿਚਲੇ ਟਾਵਿਸਟੌਕ ਹਾਊਸ ਦਾ ਛਾਪਾ ਮੌਜੂਦ ਹੈ ਜਿੱਥੇ ਉਹ 1851 ਤੋਂ 1860 ਤੱਕ ਰਿਹਾ ਸੀ। ਉਂਝ, ਬਾਕੀ ਸਭ ਕੁਝ ਡਿਕਨਜ਼ ਦੀ ਲਿਖਤ ਹੈ; ਬਿੰਦੂਆਂ, ਦਸ਼ਮਲਵਾਂ ਅਤੇ ਬਿੰਬਾਂ ਦੀ ਇਕ ਲੜੀ ਜੋ ਸਮਝ ਤੋਂ ਪਰ੍ਹੇ ਹੈ।
ਹੁਣ ਜਾਪਦਾ ਹੈ ਕਿ ਚੀਜ਼ਾਂ ਬਦਲ ਗਈਆਂ ਹਨ। ਸਾਂ ਓਜ਼ੇ, ਕੈਲੀਫੋਰਨੀਆ ਦੇ ਇਕ ਕੰਪਿਊਟਰ ਤਕਨੀਕੀ ਇਮਦਾਦੀ ਮਾਹਿਰ ਸ਼ੇਨ ਬੌਗਜ਼ ਅਤੇ ਵਰਜੀਨੀਆ ਯੂਨੀਵਰਸਿਟੀ ਵਿਚ ਬੌਧਾਤਮਕ (ਕੌਗਿਨਟਿਵ) ਵਿਗਿਆਨ ਦੇ ਇਕ ਵਿਦਿਆਰਥੀ ਕੇਨ ਕੌਕਸ ਜਿਸ ਦਾ ਪਿਛੋਕੜ ਜ਼ਾਹਰਾ ਤੌਰ ’ਤੇ ਕੰਪਿਊਟਰ ਨਾਲ ਜੁੜਿਆ ਹੋਇਆ ਹੈ, ਨੇ ਖ਼ਤ ਦੇ ਰਹੱਸ ਨੂੰ ਖੋਲ੍ਹਣ ਵਿਚ ਅਹਿਮ ਪੇਸ਼ਕਦਮੀ ਕੀਤੀ ਹੈ। ਸੁਣਨ ਵਿਚ ਆਇਆ ਹੈ ਕਿ ਇਸ ਕਾਰਜ ਪਿੱਛੇ ਲੈਸਟਰ ਯੂਨੀਵਰਸਿਟੀ ਵੱਲੋਂ ਰੱਖੀ ਗਈ ਇਕ ਚੁਣੌਤੀ ਕਾਰਜਸ਼ੀਲ ਹੈ ਜਿਸ ਨੇ ਟੈਵਿਸਟੌਕ ਦੇ ਖ਼ਤ ਦੀ ਇਕ ਕਾਪੀ ਆਨਲਾਈਨ ਨਸ਼ਰ ਕੀਤੀ ਸੀ ਕਿ ਜੋ ਵੀ ਸ਼ਖ਼ਸ ਡਿਕਨਜ਼ ਦੇ ਇਸ ਰਹੱਸ ਨੂੰ ਬੁੱਝੇਗਾ ਉਸ ਨੂੰ ਤਿੰਨ ਸੌ ਪਾਊਂਡ ਦਾ ਇਨਾਮ ਦਿੱਤਾ ਜਾਵੇਗਾ। ਲਗਭਗ ਇਕ ਹਜ਼ਾਰ ਲੋਕਾਂ ਨੇ ਇਸ ਮੁਕਾਬਲੇ ਵਿਚ ਹਿੱਸਾ ਲਿਆ। ਹਾਲਾਂਕਿ ਸ਼ੇਨ ਤੇ ਕੇਨ ’ਚੋਂ ਕਿਸੇ ਦੀ ਵੀ ਡਿਕਨਜ਼ ਵਿਚ ਕੋਈ ਖ਼ਾਸ ਰੁਚੀ ਨਹੀਂ ਸੀ, ਪਰ ਉਨ੍ਹਾਂ ਨੇ ਇਸ ਖ਼ਤ ਦਾ ਜ਼ਿਆਦਾਤਰ ਭਾਵ ਤਕਰੀਬਨ 70 ਫ਼ੀਸਦੀ ਹਿੱਸਾ ਬੁੱਝ ਲਿਆ ਹੈ।
ਪਤਾ ਲੱਗਿਆ ਹੈ ਕਿ ਖ਼ਤ ਵਿਚ ਕੋਈ ਦਿਲਕੰਬਾਊ ਅਤੇ ਗੁੱਝਾ ਰਾਜ਼ ਨਹੀਂ ਹੈ, ਕੋਈ ਘੁਟਾਲਾ, ਕਾਂਡ ਜਾਂ ਇਕਬਾਲੀਆ ਬਿਆਨ ਵੀ ਨਹੀਂ ਹੈ। ਸਾਫ਼ ਤੇ ਸੌਖੇ ਲਫ਼ਜ਼ਾਂ ਵਿਚ ਕਿਹਾ ਜਾਵੇ ਤਾਂ ਇਹ ਡਿਕਨਜ਼ ਵੱਲੋਂ ‘ਟਾਈਮਜ਼ ਆਫ ਲੰਡਨ’ ਦੇ ਸੰਪਾਦਕ ਜੇਟੀ ਡੀਲੇਨ ਨੂੰ ਲਿਖਿਆ ਇਕ ਰੁੱਕਾ ਸੀ ਜੋ ਇਕ ਨਵੇਂ ਰਸਾਲੇ ‘ਹਾਊਸਹੋਲਡ ਵਰਡਜ਼’ ਲਈ ਰੱਦ ਕੀਤੇ ਗਏ ਇਕ ਇਸ਼ਤਿਹਾਰ ਨਾਲ ਸੰਬੰਧਤ ਸੀ। ਲੇਖਕ ਨੇ ਕੁਝ ਪੈਸੇ ਕਮਾਉਣ ਦੇ ਮਨੋਰਥ ਨਾਲ ਇਹ ਰਸਾਲਾ ਸ਼ੁਰੂ ਕੀਤਾ ਸੀ। ਖੋਜਕਾਰਾਂ ਨੇ ਦੱਸਿਆ ਹੈ ਕਿ ਇਸ ਖ਼ਤ ਦਾ ਪਿਛੋਕੜ ਇਹ ਸੀ ਕਿ ਡਿਕਨਜ਼ ਨੂੰ ਉਸ ਵੇਲੇ ਸ਼ਾਇਦ ਕੁਝ ਵਿੱਤੀ ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਉਸ ਦਾ ਸ਼ਾਇਦ ਫਿਰ ਤਲਾਕ ਹੋਣ ਜਾ ਰਿਹਾ ਸੀ। ਡਿਕਨਜ਼ ਦਾ ਇਹ ਖ਼ਤ ਪੜ੍ਹੇ ਜਾਣ ਨਾਲ ਇਸ ਕਿਸਮ ਦੀ ਸ਼ਾਰਟਹੈਂਡ ਵਿਚ ਲਿਖੇ ਗਏ ਕਈ ਹੋਰ ਦਸਤਾਵੇਜ਼ਾਂ ਦਾ ਰਹੱਸ ਸਮਝਣ ਦਾ ਰਾਹ ਖੁੱਲ੍ਹਣ ਦੀ ਉਮੀਦ ਵੀ ਜਾਗ ਪਈ ਹੈ। ਉਂਝ, ਡਿਕਨਜ਼ ਦਾ ਭੇਤ ਪੂਰੀ ਤਰ੍ਹਾਂ ਨਹੀਂ ਖੁੱਲ੍ਹ ਸਕਿਆ ਅਤੇ ਉਸ ਦੀ ਦਾਨਿਸ਼ਵਰੀ ਦੀ ਇਕ ਹੋਰ ਬੇਸ਼ਕੀਮਤੀ ਕਹਾਣੀ ਇਨ੍ਹਾਂ ਪੱਤਰਿਆਂ ਵਿਚ ਹੀ ਕਿਤੇ ਲੁਕੀ ਹੋਈ ਹੈ। ਇਕ ਖੋਜਕਾਰ ਕਿਊਰੇਟਰ ਨੇ ਆਖਿਆ, ‘‘ਇਸ ਪ੍ਰਾਜੈਕਟ ਦਾ ਦਿਲਚਸਪ ਹਿੱਸਾ ਇਹ ਹੈ ਕਿ ਕੌਮਾਂਤਰੀ ਪ੍ਰਸਿੱਧੀ ਦੇ ਮਾਲਕ ਇਸ ਲੇਖਕ ਦੀ ਮੌਤ ਤੋਂ ਕਰੀਬ ਡੇਢ ਸੌ ਸਾਲਾਂ ਬਾਅਦ ਵੀ ਅਜੇ ਕਈ ਨਵੀਆਂ ਗੱਲਾਂ ਉਜਾਗਰ ਹੋਣ ਵਾਲੀਆਂ ਹਨ। ਟੈਵਿਸਟੌਕ ਖ਼ਤ ਡਿਕਨਜ਼ ਦੇ ਰੋਕੜੀ ਲੈਣ ਦੇਣ ਬਾਰੇ ਝਾਤ ਪੁਆਉਂਦਾ ਹੈ ਜਦੋਂਕਿ ਉਸ ਦੀਆਂ ਹੋਰਨਾਂ ਹੱਥਲਿਖਤਾਂ ਵਿਚ ਡਿਕਨਜ਼ ਦੀ ਸ਼ੈਲਫ਼ ’ਤੇ ਪਈਆਂ ਕਿਤਾਬਾਂ ਵਿਚੋਂ ਲਏ ਕੁਝ ਹਿੱਸੇ, ਤਕਰੀਰਾਂ ਜਾਂ ਕੋਈ ਅਣਜਾਣੀ ਲਘੂ ਕਹਾਣੀ ਸ਼ਾਮਲ ਹੋ ਸਕਦੀਆਂ ਹਨ।
ਡਿਕਨਜ਼ ਕੋਡ ਪ੍ਰਾਜੈਕਟ ਫਰਵਰੀ 2023 ਤੱਕ ਚਲੇਗਾ। ਇਸ ਤੋਂ ਪਹਿਲਾਂ ਕਿ ਕੋਈ ਇਸ ਵਿਚ ਹਿੱਸਾ ਲੈਣ ਦੀ ਅਰਜ਼ੀ ਦੇਵੇ; ਮੈਂ ਕੁਝ ਮੰਨੇ-ਪ੍ਰਮੰਨੇ ਲੋਕਾਂ ਬਾਰੇ ਕੁਝ ਘੱਟ ਜਾਣੀਆਂ ਜਾਂਦੀਆਂ ਚੀਜ਼ਾਂ ਬਾਰੇ ਇਕ ਦੋ ਗੱਲਾਂ ਜੋੜਨੀਆਂ ਚਾਹੁੰਦਾ ਹਾਂ: ਗੋਗੋਲ, ਕਾਫ਼ਕਾ, ਥੌਮਸ ਕਾਰਲਾਇਲ, ਲੌਰਡ ਬਾਯਰਨ ਜਿਹੇ ਕਈ ਹੋਰਨਾਂ ਲੇਖਕਾਂ ਦੀ ਤਰ੍ਹਾਂ ਡਿਕਨਜ਼ ਨੇ ਆਪਣੇ ਜਿਊਂਦੇ ਜੀਅ ਨੋਟਾਂ, ਡਾਇਰੀਆਂ, ਯਾਦਾਂ ਤੇ ਹੱਥ ਖਰੜਿਆਂ ਦਾ ਬਹੁਤ ਵੱਡਾ ਭੰਡਾਰ ਜਲਾ ਦਿੱਤਾ ਸੀ। ਜਦੋਂ 1851 ਵਿਚ ਉਹ ਟੈਵਿਸਟੌਕ ਹਾਊਸ ਵਿਚ ਆਇਆ ਸੀ ਤਾਂ ਉਸ ਨੇ ਆਪਣੇ ਅਧਿਐਨ ਕਮਰੇ ਦੀਆਂ ਦੋ ਥਾਵਾਂ ’ਤੇ ਦੋ ਸੈਲਫ਼ਾਂ ਰੱਖਣ ਦਾ ਫ਼ੈਸਲਾ ਕੀਤਾ ਸੀ ਜਿਨ੍ਹਾਂ ਵਿਚ ਉਸ ਵੱਲੋਂ ਈਜਾਦ ਕੀਤੇ ਕਰਾਰੇ ਸਿਰਲੇਖਾਂ ਵਾਲੀਆਂ ਕਈ ਫ਼ਰਜ਼ੀ ਕਿਤਾਬਾਂ ਸ਼ਾਮਲ ਸਨ। ਉਸ ਨੇ ਇਕ ਜਿਲਦਸਾਜ਼ ਥੌਮਸ ਰਾਬਰਟ ਈਲਜ਼ ਨੂੰ ਆਪਣੇ ਖ਼ਤਾਂ ਦਾ ਇਕ ਕੈਟਾਲੌਗ ਭੇਜ ਕੇ ਨੁਮਾਇਸ਼ੀ ਕਿਤਾਬਾਂ ਤਿਆਰ ਕਰਨ ਲਈ ਹੇਠ ਲਿਖੀਆਂ ਕਿਤਾਬਾਂ ਦੀ ਸੂਚੀ ਭੇਜੀ ਜਿਨ੍ਹਾਂ ਵਿਚ ਇਹ ਸਭ ਸ਼ਾਮਲ ਸਨ: ‘ਕੈਪਟਨ ਕੁੱਕਜ਼ ਲਾਈਫ ਆਫ ਸੈਵੇਜ’, ‘ਹਿਸਟਰੀ ਆਫ ਏ ਸ਼ਾਰਟ ਚਾਂਸਰੀ ਸੂਇਟ’, ‘ਕੈਟਾਲੌਗ ਆਫ ਸਟੈਚੂਜ਼ ਆਫ ਦਿ ਡਿਊਕ ਆਫ ਵੈਲਿੰਗਟਨ’, ‘ਫਾਈਵ ਮਿਨਟਸ ਇਨ ਚਾਈਨਾ’, ‘ਫੋਰਟੀ ਵਿੰਕਸ ਐਟ ਦਿ ਪਿਰਾਮਿਡਜ਼’।