ਦਪਿੰਦਰ ਕੌਰ, ਅਤਿੰਦਰ ਪਾਂਡੇ
ਔਰਤ ਦੀ ਹੋਂਦ, ਉਸ ਦੀ ਸਮਝ (ਸਵੈ) ਪਛਾਣ ਅਤੇ ਸਮਾਜ ਵਿਚ ਉਸ ਦੀ ਹਾਲਤ ਕਾਫ਼ੀ ਸਮੇਂ ਤੋਂ ਗੱਲਬਾਤ ਦਾ ਵਿਸ਼ਾ ਰਹੀ ਹੈ। ਕੁਝ ਸਮੇਂ ਪਹਿਲਾਂ ਕੈਨੇਡੀਅਨ ਨਾਵਲਕਾਰ ਮਾਰਗਰੇਟ ਐਟਵੁੱਡ ਦਾ ਨਾਵਲ ‘ਸਰਫੇਸਿੰਗ’ (Surfacing) ਪੜ੍ਹਦਿਆਂ ਤੇ ਮੁੜ ਵਿਚਾਰਦਿਆਂ ਅੰਦਰ ਹੀ ਅੰਦਰ ਸੋਚ ਰਹੀ ਸੀ ਕਿ ਔਰਤ ਦੀ ਜੀਵਨ ਜਾਚ ਵਿਚ ਧਰਤੀ, ਕੁਦਰਤ ਅਤੇ ਦਾਰਸ਼ਨਿਕ ਰੂਪ ਵਿਚ ‘ਭੂਮੀ’ ਦਾ ਕਾਫ਼ੀ ਵੱਡਾ ਰੋਲ ਹੈ। ਇਸ ਨਾਵਲ ਵਿਚ ਐਂਟਵੁੱਡ ਅਜਿਹੀ ਔਰਤ ਪਾਤਰ ਦੀ ਸਿਰਜਣਾ ਕਰਦੀ ਹੈ ਜੋ ਸਮਾਜ ਦੀ ਪਿਤਰ ਸੱਤਾ ਦੀਆਂ ਪੈਦਾ ਕੀਤੇ ਵਖਰੇਵੇਂ ਭਰੇ ਹਾਲਾਤ ਦੀ ਸਿ਼ਕਾਰ ਹੈ। ਉਹ ਦਰਸਾਉਂਦੀ ਹੈ ਕਿ ਕਿਵੇਂ ਸਮਾਜ ਤੇ ਪੁਰਸ਼ ਉਸ ਦੇ ਸਰੀਰਕ ਤੇ ਮਾਨਸਿਕ ਸ਼ੋਸ਼ਣ ਦੇ ਜਿ਼ੰਮੇਵਾਰ ਹਨ। ਸਭ ਤੋਂ ਵੱਡਾ ਦੁਖਾਂਤ ਇਸ ਨਾਵਲ ਵਿਚ ਉਦੋਂ ਹੁੰਦਾ ਹੈ, ਜਦੋਂ ਉਸ ਦੇ ਪਤੀ ਦੁਆਰਾ ਉਸ ਦੇ ਅਣਜੰਮੇ ਬੱਚੇ ਦਾ ਗਰਭਪਾਤ ਕਰਵਾਇਆ ਜਾਂਦਾ ਹੈ। ਇਹ ਘਟਨਾ ਉਸ ਤੇ ਸਦੀਵੀ ਅਸਰ ਛੱਡਦੀ ਹੈ; ਬਲਕਿ ਸਾਰੀਆਂ ਵਧੀਕੀਆਂ ਦੀ ਜਿ਼ੰਮੇਵਾਰੀ ਮਰਦ ਪ੍ਰਧਾਨ ਸਮਾਜ ਨੂੰ ਠਹਿਰਾਉਂਦੀ ਹੈ, ਕੁਦਰਤ ਉਸ ਨੂੰ ਲਿੰਗ ਰਹਿਤ (genderless) ਲੱਗਦੀ ਹੈ। ਉਸ ਨੂੰ ਨਹੀਂ ਲੱਗਦਾ ਕਿ ਕੁਦਰਤ ਵਿਚ ਕੋਈ ਜਮਾਤ ਦਾ ਦਰਜੇਬੰਦੀ ਤੇ ਤਾਕਤ ਦੇ ਆਧਾਰ ਵੰਡ ਹੈ; ਅਰਥਾਤ ਕੁਦਰਤ ਹੀ ਉਸ ਦੀ ਪ੍ਰੇਰਨਾ ਬਣਦੀ ਹੈ ਤੇ ਉਹ ਆਪਣੀ ਪਛਾਣ ਜੋ ਧਰਤੀ ਜਾਂ ਭੂਮੀ ਜਾਂ ਅੱਜ ਦੇ ਸਮੇਂ ਵਿਚ ਜ਼ਮੀਨ ਵਿਚੋਂ ਲੱਭਦੀ ਹੈ। ਇਸ ਕਰ ਕੇ ਜ਼ਮੀਨ ਉਸ ਨੂੰ ਮਾਂ ਦੇ ਬਰਾਬਰ ਜਾਪਦੀ ਹੈ ਤੇ ਉਹ ਉਸ ਦੀ ਧੀ ਹੈ।
“ਅਸੀਂ ਕਿਸਾਨੀ ਸੰਘਰਸ਼ ਵਿਚ ਭਾਗ ਲੈਂਦਿਆਂ ਇਹ ਮਹਿਸੂਸ ਕੀਤਾ ਹੈ ਕਿ ਜਿਵੇਂ ਅਸੀਂ ਆਪਣੀ ਜੀਵਨ ਜਾਚ ਵਿਚ ਵਾਪਸ ਪਰਤ ਆਈਆਂ ਹੋਈਏ, ਜਿੱਥੇ ਸੰਘਰਸ਼ੀ ਮੈਦਾਨਾਂ ਵਿਚ ਸਾਂਝੀਵਾਲਤਾ ਦਾ ਅਹਿਸਾਸ ਹੁੰਦਾ ਹੈ, ਆਪਸੀ ਭਾਈਚਾਰੇ ਦੀਆਂ ਤੰਦਾਂ ਮੁੜ ਜੁੜ ਰਹੀਆਂ ਹਨ ਅਤੇ ਇੱਕ ਦੂਜੇ ਦੇ ਦੁੱਖ-ਸੁੱਖ ਜੋ ਅਕਸਰ ਅਸੀਂ ਇਕੱਲੀਆਂ-ਇਕਹਿਰੀਆਂ ਬੈਠੀਆਂ ਸੋਚਦੀਆਂ ਸੀ ਤੇ ਪ੍ਰੇਸ਼ਾਨ ਹੁੰਦੀਆਂ ਸੀ, ਹੁਣ ਸੰਘਰਸ਼ ਵਿਚ ਬੈਠਿਆਂ ਸਾਨੂੰ ਲੱਗਿਆ ਕਿ ਸਾਡੇ ਸਾਰਿਆਂ ਦੇ ਦੁੱਖ-ਤਕਲੀਫ਼ਾਂ ਸਾਂਝੇ ਹਨ ਤੇ ਮਸਲੇ ਇੱਕੋ ਜਿਹੇ ਹਨ। ਮੁਕਤੀ ਦਾ ਰਾਹ ਵੀ ਇੱਕੋ ਜਿਹਾ ਹੈ ਜਿਹੜਾ ਸਿਰਫ਼ ਤੇ ਸਿਰਫ਼ ਇੱਕਜੁੱਟ ਹੋ ਕੇ ਇਕੱਠੇ ਸੰਘਰਸ਼ ਰਾਹੀਂ ਹੀ ਹਾਸਿਲ ਕੀਤਾ ਜਾ ਸਕਦਾ ਹੈ। ਸਾਨੂੰ ਕਦੀ ਵੀ ਹੁਣ ਕਿਸੇ ਕਿਸਮ ਦੇ ਵਿਤਕਰੇ, ਦਾਬੇ ਅਤੇ ਸਰਕਾਰੀ ਤੰਤਰ ਤੋਂ ਡਰ ਨਹੀਂ ਲੱਗਦਾ ਜੋ ਇਸ ਸੰਘਰਸ਼ ਵਿਚ ਆਉਣ ਤੋਂ ਪਹਿਲਾਂ ਅਕਸਰ ਲੱਗਦਾ ਹੁੰਦਾ ਸੀ।” ਇਹ ਸਤਰਾਂ ਤਿੰਨ ਖੇਤੀ ਕਾਨੂੰਨਾਂ ਖਿ਼ਲਾਫ਼ ਸੰਘਰਸ਼ਸ਼ੀਲ ਔਰਤ ਜਸਵੀਰ ਕੌਰ ਅਤੇ ਉਸ ਦੀਆਂ ਸਾਥਣਾਂ ਦੇ ਹਨ ਜੋ ਪਹਿਲੇ ਦਿਨ ਤੋਂ ਹੀ ਵੱਖ ਵੱਖ ਥਾਵਾਂ ਤੇ ਧਰਨਿਆਂ ਵਿਚ ਜਾਂਦੀਆਂ ਹਨ, ਇੱਥੋਂ ਤੱਕ ਕਿ ਦਿੱਲੀ ਦੇ ਧਰਨੇ ਵਿਚ ਵੀ ਤਿੰਨ ਹਫ਼ਤਿਆਂ ਤੋਂ ਵੱਧ ਹਾਜ਼ਰੀ ਲਗਵਾ ਚੁੱਕੀਆਂ ਹਨ। ਜਿਨ੍ਹਾਂ ਔਰਤਾਂ ਦੇ ਪਤੀ ਬੇਤਹਾਸ਼ਾ ਕਰਜ਼ੇ ਦੇ ਬੋਝ ਹੇਠ ਦਬ ਕੇ ਆਤਮ-ਹੱਤਿਆ ਕਰ ਗਏ ਸੀ, ਉਨ੍ਹਾਂ ਨੇ ਸੁਆਣੀਆਂ ਨੂੰ ਇਕੱਤਰ ਕਰ ਕੇ ਦਿੱਲੀ ਦੀਆਂ ਬਰੂਹਾਂ ਤੇ ਲਿਜਾਉਣ ਵਿਚ ਕੋਈ ਕਸਰ ਨਹੀਂ ਛੱਡੀ।
ਜਸਵੀਰ ਵਰਗੀਆਂ ਦਰਜਨਾਂ ਹੀ ਨਹੀਂ ਬਲਕਿ ਸੈਂਕੜੇ ਔਰਤਾਂ ਕਿਸਾਨ ਅੰਦੋਲਨ ਵਿਚ ਸ਼ਾਮਿਲ ਹੋ ਕੇ ਪੁਰਾਤਨ ਪਰਿਵਾਰਕ ਪਰੰਪਰਾਵਾਂ ਤੋਂ ਪਾਰ ਔਰਤ ਮੁਕਤੀ ਨਾਲ ਵਾਬਸਤਾ ਹੋ ਗਈਆਂ ਹਨ। ਇਨ੍ਹਾਂ ਸੰਘਰਸ਼ੀ ਔਰਤਾਂ ਦੇ ਅੰਗ-ਸੰਗ ਵਿਚਰਦੇ ਕ੍ਰਾਂਤੀ ਦੀ ਹੀਰੋ ਕਲਾਰਾ ਜੈਟਕਿਨ ਦੀ ਯਾਦ ਤਾਜ਼ਾ ਹੋ ਜਾਂਦੀ ਹੈ ਜਿਸ ਨੇ ਔਰਤਾਂ ਦੀ ਮੁਕਤੀ ਲਈ ਇਤਿਹਾਸ ਵਿਚ ਆਪਣਾ ਨਾਮ ਦਰਜ ਕਰਵਾਇਆ ਸੀ। ਉਸ ਦੇ ਨਾਮ ਨਾਲ ਵੀ 8 ਮਾਰਚ ਦਾ ਦਿਨ ਔਰਤ ਮੁਕਤੀ ਦੇ ਦਿਨ ਦੇ ਤੌਰ ਤੇ ਜੁੜਿਆ ਹੋਇਆ ਹੈ। ਕਲਾਰਾ ਜੈਟਕਿਨ ਨੇ ਆਪਣੀ ਲਿਖਤਾਂ ਵਿਚ ਲਿਖਿਆ, “ਲੜਨ ਵਾਲਿਆਂ ਨੂੰ ਮਹਿਸੂਸ ਕਰ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਨਾਲ ਕਾਰਖਾਨਿਆਂ, ਖੇਤਾਂ ਅਤੇ ਘਰਾਂ ਵਿਚ ਕੰਮ ਕਰਨ ਵਾਲੀਆਂ ਔਰਤਾਂ ਵੀ ਬਰਾਬਰ ਦਾ ਯੋਗਦਾਨ ਪਾਉਂਦੀਆਂ ਹਨ। ਉਨ੍ਹਾਂ ਨੂੰ ਸੰਘਰਸ਼ਾਂ ਦਾ ਹਿੱਸਾ ਬਣਾਉਣ ਨਾਲ ਲੋਕ ਮੁਕਤੀ ਦੀ ਜੰਗ ਛੇਤੀ ਜਿੱਤੀ ਜਾ ਸਕਦੀ ਹੈ। ਇਹ ਇਤਿਹਾਸ ਨੇ ਵੀ ਸਿੱਧ ਕੀਤਾ ਕਿ ਉਹ ਸ਼ਾਨਦਾਰ ਜੰਗ ਦੀਆਂ ਲੜਾਕੂ ਹੁੰਦੀਆਂ ਹਨ।” ਕਲਾਰਾ ਜੈਟਕਿਨ ਦੀਆਂ ਇਹ ਲਾਈਨਾਂ ਸੰਘਰਸ਼ਾਂ ਵਿਚ ਨਾਮਵਾਰ ਨਾਮ ਬਣ ਚੁੱਕੀ ਮਾਤਾ ਮਹਿੰਦਰ ਕੌਰ ਉੱਪਰ ਢੁਕਦੀਆਂ ਹਨ ਜਿਸ ਨੇ ਬੇਬਾਕ ਹੋ ਕੇ ਇਹ ਚੁਣੌਤੀ ਦਿੱਤੀ ਸੀ ਕਿ ਅਸੀਂ ਪੈਸੇ-ਟਕੇ ਲਈ ਸੰਘਰਸ਼ ਵਿਚ ਨਹੀਂ ਉੱਤਰੀਆਂ, ਆਪਣੀ ਅਣਖ ਤੇ ਗ਼ੈਰਤ ਬਚਾਉਣ, ਬਰਕਰਾਰ ਰੱਖਣ ਅਤੇ ਆਪਣੀ ਜੀਵਕਾ ਜੋ ਖੇਤੀਬਾੜੀ ਉੱਪਰ ਨਿਰਭਰ ਹੈ, ਉਸ ਦੀ ਰਾਖੀ ਲਈ ਸੰਘਰਸ਼ ਵਿਚ ਆਈਆਂ ਹਾਂ। ਇਸ ਤੋਂ ਵੀ ਅਗਾਂਹ ਵਧਦਿਆਂ ਵਾਤਾਵਰਨ ਦੇ ਖੇਤਰ ਵਿਚ ਕੰਮ ਕਰਦੀ 22 ਸਾਲਾ ਦਿਸ਼ਾ ਰਾਵੀ (ਬੰਗਲੂਰੂ) ਨੇ ਵੀ ਹਕੂਮਤੀ ਬੰਦਿਸ਼ਾਂ ਅਤੇ ਚੁਣੌਤੀਆਂ ਨੂੰ ਪਰੇ ਵਗਾਹ ਮਾਰਦਿਆਂ ਇਹ ਸ਼ਬਦ ਕਹੇ ਸੀ, “ਜੇ ਕਿਸਾਨੀ ਸੰਘਰਸ਼ ਦੀ ਹਮਾਇਤ ਵਿਚ ਬੋਲਣ ਕਰ ਕੇ ਹੀ ਮੈਨੂੰ ਹਕੂਮਤੀ ਜਬਰ ਦਾ ਸਾਹਮਣਾ ਕਰਨਾ ਪੈਣਾ ਹੈ ਤਾਂ ਮੈਂ ਅਜੋਕੀ ਦੂਸ਼ਿਤ ਜਮਹੂਰੀਅਤ ਦੇ ਨਾਂ ਤੇ ਫੈਲੀ ਤਾਨਾਸ਼ਾਹੀ ਕਿਸਮ ਦੀ ਹਾਲਤ ਵਿਚ ਵਿਚਰਨ ਨਾਲੋਂ ਜੇਲ੍ਹ ਵਿਚ ਰਹਿਣਾ ਪਸੰਦ ਕਰਾਂਗੀ।”
ਕਈ ਵਾਰੀ ਇਤਿਹਾਸ ਦੇ ਅਜਿਹੇ ਪਲ ਵੀ ਆਉਂਦੇ ਨੇ ਜਦੋਂ ਬੇਬਾਕ ਹੋ ਕੇ ਕਿਸੇ ਕਾਨੂੰਨ ਦੇ ਪੈਮਾਨਿਆਂ ਤੋਂ ਪਾਰ ਜਾ ਕੇ ਦਿਸ਼ਾ ਰਾਵੀ ਦੇ ਸਬੰਧ ਵਿਚ ਅਦਾਲਤ ਨੂੰ ਇਹ ਫ਼ੈਸਲਾ ਦੇਣਾ ਪੈਂਦਾ ਹੈ ਕਿ ਵਿਰੋਧ, ਆਜ਼ਾਦ ਵਿਚਾਰ ਅਤੇ ਕਿਸੇ ਪੀੜਤ ਧਿਰ ਦੇ ਪੱਖ ਵਿਚ ਖੜ੍ਹੇ ਹੋਣਾ ਕੋਈ ਗੁਨਾਹ ਨਹੀਂ ਹੈ। ਇਹ ਮੁੱਲਵਾਨ ਵਿਚਾਰ ਤਦ ਹੀ ਆ ਸਕੇ ਜਦੋਂ ਦਿਸ਼ਾ ਰਾਵੀ ਨੇ ਹਰ ਕਿਸਮ ਦੀ ਚੁਣੌਤੀ ਨੂੰ ਕਬੂਲਿਆ ਅਤੇ ਆਪਣੇ ਆਜ਼ਾਦ ਖਿ਼ਆਲਾਂ ਨੂੰ ਬੇਬਾਕੀ ਨਾਲ ਰੱਖਿਆ ਕਿਉਂਕਿ ਉਹ ਕੌਮਾਂਤਰੀ ਪੱਧਰ ਤੇ 18 ਸਾਲਾਂ ਦੀ ਵਾਤਾਵਰਨ ਲਈ ਸੰਘਰਸ਼ਸ਼ੀਲ ਬੇਬਾਕ ਸ਼ਖ਼ਸੀਅਤ ਗ੍ਰੇਟਾ ਬਰਨਬਰਗ ਤੋਂ ਵੀ ਪ੍ਰੇਰਿਤ ਸੀ ਜਿਸ ਨੇ ਕੌਮਾਂਤਰੀ ਪੱਧਰ ਤੇ ਕਿਸਾਨੀ ਸੰਘਰਸ਼ ਲਈ ਆਪਣੀ ਆਵਾਜ਼ ਉਠਾਈ। ਇਸੇ ਕੜੀ ਵਿਚ ਸਦੀਆਂ ਤੋਂ ਸਮਾਜ ਵਿਚ ਪੀੜਤ ਵਰਗ ਨਾਲ ਸਬੰਧਤ ਨੌਦੀਪ ਕੌਰ ਜੋ ਫ਼ੈਕਟਰੀਆਂ ਵਿਚ ਕੰਮ-ਕਾਜ ਕਰਦੀ ਕਰਦੀ ਕਿਸਾਨ ਅੰਦੋਲਨ ਪ੍ਰਤੀ ਵੀ ਮਜ਼ਦੂਰਾਂ ਨੂੰ ਜਾਗ੍ਰਿਤ ਕਰਦੀ ਕਰਦੀ ਹਕੂਮਤੀ ਜਬਰ ਦੀ ਸਿ਼ਕਾਰ ਹੋਈ। ਕੌਮੀ ਤੇ ਕੌਮਾਂਤਰੀ ਪੱਧਰ ਤੇ ਜਿਸ ਤਰ੍ਹਾਂ ਨੌਦੀਪ ਕੌਰ ਦੇ ਹੱਕ ਵਿਚ ਕਾਲਜਾਂ ਤੋਂ ਲੈ ਕੇ ਯੂਨੀਵਰਸਿਟੀਆਂ ਤੱਕ ਅਤੇ ਅਦਾਲਤਾਂ ਤੋਂ ਲੈ ਕੇ ਪਾਰਲੀਮੈਂਟ ਵਿਚ ਆਵਾਜ਼ ਉੱਠੀ ਕਿ ਅਸੀਂ ਕਿਸ ਕਿਸਮ ਦੀ ਜਮਹੂਰੀਅਤ ਵਿਚ ਸਾਹ ਲੈ ਰਹੇ ਹਾਂ। ਨੌਦੀਪ ਜਦੋਂ ਜੇਲ੍ਹ ਵਿਚੋਂ ਬਾਹਰ ਆਉਂਦੀ ਹੈ ਤਾਂ ਮੁੜ ਸਿੰਘੂ ਬਾਰਡਰ ਦੇ ਸੰਘਰਸ਼ੀ ਮੈਦਾਨ ਵਿਚ ਆਵਾਜ਼ ਬੁਲੰਦ ਕਰਦੀ ਹੈ, “ਮੈਂ ਹੁਣ ਸਰਕਾਰੀ ਜਬਰ ਨੂੰ ਅਤੇ ਹਰ ਕਿਸਮ ਦੀ ਪੀੜ ਨੂੰ ਆਪਣੇ ਕੋਮਲ ਮਨ ਅਤੇ ਪਿੰਡੇ ਉੱਪਰ ਹੰਢਾ ਲਿਆ ਹੈ, ਮੈਂ ਹੁਣ ਇੱਕ ਫ਼ੌਲਾਦੀ ਸੰਘਰਸ਼ਸ਼ੀਲ ਜੀਵਨ ਜਾਚ ਵਾਲੀ ਬਣ ਗਈ ਹਾਂ। ਮੈਂ ਪਹਿਲਾਂ ਨਾਲੋਂ ਵੀ ਤਾਕਤ ਨਾਲ ਉਸ ਸਮੇਂ ਤੱਕ ਲੜਾਂਗੀ ਜਦ ਤੱਕ ਆਰਥਿਕ, ਸਮਾਜਿਕ, ਲਿੰਗਕ ਅਤੇ ਜਾਤੀ ਵਿਤਕਰਿਆਂ ਨੂੰ ਖ਼ਤਮ ਨਹੀਂ ਕੀਤਾ ਜਾਂਦਾ।”
ਇਤਿਹਾਸ ਵਿਚ ਆਪਣਾ ਨਾਂ ਦਰਜ ਕਰਵਾ ਰਹੀਆਂ ਸੰਘਰਸ਼ਸ਼ੀਲ ਔਰਤਾਂ ਦੇ ਨਾਲ ਨਾਲ ਉਨ੍ਹਾਂ ਦੀ ਲਾਈਨ ਬੜੀ ਲੰਮੀ ਹੈ ਜਿਨ੍ਹਾਂ ਵਿਚ ਉਹ ਤਮਾਮ ਔਰਤਾਂ ਸ਼ਾਮਿਲ ਹਨ ਜਿਨ੍ਹਾਂ ਨੂੰ ਜਾਪਦਾ ਹੈ ਕਿ ਇਹ ਸੰਘਰਸ਼ ਉਨ੍ਹਾਂ ਦੀ ਜੀਵਨ ਸ਼ੈਲੀ ਨੂੰ ਬਚਾਉਣ ਦੇ ਨਾਲ ਨਾਲ ਦੁੱਖਾਂ, ਤਕਲੀਫ਼ਾਂ ਅਤੇ ਵਿਤਕਰਿਆਂ ਤੋਂ ਨਿਜਾਤ ਦਬਾਉਣ ਦਾ ਸੰਘਰਸ਼ ਵੀ ਹੈ। ਕੌਮਾਂਤਰੀ ਔਰਤ ਦਿਵਸ ਭਲਾ ਹੀ 8 ਮਾਰਚ, 1857 ਨੂੰ ਨਿਊ ਯਾਰਕ (ਅਮਰੀਕਾ) ਤੋਂ ਉਨ੍ਹਾਂ ਔਰਤਾਂ ਨੇ ਸ਼ੁਰੂ ਕੀਤਾ ਸੀ ਜਿਹੜੀਆਂ 12-12 ਘੰਟੇ ਬਹੁਤ ਘੱਟ ਤਨਖ਼ਾਹ ਉੱਤੇ ਧਾਗਾ ਫ਼ੈਕਟਰੀਆਂ ਵਿਚ ਮਿਹਨਤ ਕਰ ਕੇ ਜੀਵਨ ਬਸਰ ਕਰ ਰਹੀਆਂ ਸਨ, ਉਨ੍ਹਾਂ ਨੇ ਆਰਥਿਕ ਤੇ ਸਮਾਜਿਕ ਲੁੱਟ ਖਿ਼ਲਾਫ਼ ਵੱਡਾ ਮੁਜ਼ਾਹਰਾ ਕੱਢਿਆ ਜਿਸ ਨੂੰ ਹਕੂਮਤ ਨੇ ਕੁਚਲ ਦਿੱਤਾ ਸੀ ਅਤੇ ਵੱਡੀ ਗਿਣਤੀ ਵਿਚ ਔਰਤਾਂ ਨੂੰ ਜੇਲ੍ਹਾਂ ਦਾ ਮੂੰਹ ਦੇਖਣਾ ਪਿਆ। ਇਤਿਹਾਸ ਦੀ ਇਹ ਘਟਨਾ ਨੂੰ 50 ਸਾਲ ਬਾਅਦ ਅਗਾਂਹ ਵਧਾਉਂਦਿਆਂ ਕਲਾਰਾ ਜੈਟਕਿਨ ਨੇ ਇਸ ਦਿਨ ਨੂੰ ਕੌਮਾਂਤਰੀ ਪੱਧਰ ਉੱਤੇ ਔਰਤ ਦਿਵਸ ਦੇ ਤੌਰ ਤੇ ਮਨਾਉਣ ਦੀ ਪਹਿਲ ਕੀਤੀ ਸੀ। ਇਹ ਪਹਿਲਕਦਮੀ ਦੁਨੀਆ ਦੇ ਹਰ ਕੋਨੇ ਵਿਚ ਸੰਘਰਸ਼ਸ਼ੀਲ ਔਰਤਾਂ ਦਾ ਅਟੁੱਟ ਅੰਗ ਬਣ ਗਈ ਹੈ।
ਹੁਣ ਜਦੋਂ ਦੁਨੀਆ ਭਰ ਵਿਚ ਦਿਸ ਰਿਹਾ ਹੈ ਕਿ ਔਰਤਾਂ ਕਿਸਾਨੀ ਅੰਦੋਲਨ ਦਾ ਹਿੱਸਾ ਬਣ ਰਹੀਆਂ ਹਨ ਤਾਂ ਅਜਿਹੇ ਸੰਘਰਸ਼ਾਂ ਦੀ ਰੂਪ-ਰੇਖਾ ਅਤੇ ਚਿਹਨ ਚੱਕਰ ਤਬਦੀਲ ਹੋ ਜਾਂਦਾ ਹੈ। ਪੰਜਾਬ ਦੇ ਸੰਘਰਸ਼ੀ ਸਥਾਨਾਂ ਤੋਂ ਲੈ ਕੇ ਦਿੱਲੀ ਦੇ ਬਾਰਡਰਾਂ ਤੇ ਚੱਲ ਰਹੇ ਅੰਦੋਲਨ ਵਿਚ ਵਿਚਰਦਿਆਂ ਮਹਿਸੂਸ ਹੋਇਆ ਹੈ ਕਿ ਜਿਸ ਕਿਸਮ ਦੀਆਂ ਕਦਰਾਂ-ਕੀਮਤਾਂ, ਕਾਰ-ਵਿਹਾਰ, ਗੀਤ-ਸੰਗੀਤ, ਸਲੀਕੇ ਵਿਚ ਰਹਿਣ ਦੀ ਜਾਚ ਅਤੇ ਆਪਸੀ ਮਾਨਵੀ ਰਿਸ਼ਤਿਆਂ ਦੀ ਪਾਕੀਜ਼ਗੀ ਮਿਲਦੀ ਹੈ। ਉਸ ਤੋਂ ਇੰਜ ਜਾਪਿਆ ਕਿ ਜਦ ਤੱਕ ਕਿਸੇ ਵੀ ਸੰਘਰਸ਼ ਦਾ ਅਟੁੱਟ ਹਿੱਸਾ ਕੰਮ-ਕਾਜੀ ਔਰਤਾਂ ਤੋਂ ਲੈ ਕੇ ਕਾਲਜਾਂ ਯੂਨੀਵਰਸਿਟੀਆਂ ਤੱਕ ਪੜ੍ਹਨ ਵਾਲੀਆਂ ਵਿਦਿਆਰਥਣਾਂ ਨੂੰ ਨਹੀਂ ਬਣਾਇਆ ਜਾਂਦਾ, ਉਸ ਸਮੇਂ ਤੱਕ ਸੰਘਰਸ਼ਾਂ ਵਿਚੋਂ ਤਬਦੀਲੀ ਦੀ ਰੂਹ ਖ਼ਾਰਜ ਰਹੇਗੀ ਅਤੇ ਸੰਘਰਸ਼ ਵੀ ਅਧਵਾਟੇ ਹੀ ਹੋਣਗੇ; ਇਸ ਕਰ ਕੇ ਅਜੋਕਾ ਕਿਸਾਨ ਅੰਦੋਲਨ ਔਰਤ ਮੁਕਤੀ ਨਾਲ ਸਿੱਧੇ ਜਾਂ ਅਸਿੱਧੇ ਰੂਪ ਵਿਚ ਪੂਰੀ ਤਰ੍ਹਾਂ ਜੁੜ ਚੁੱਕਾ ਹੈ। ਮਹੀਨਿਆਂ ਤੋਂ ਸੰਘਰਸ਼ਾਂ ਵਿਚ ਕੁੱਦੀਆਂ ਔਰਤਾਂ ਨੇ ਆਪਣੇ ਆਪ ਨੂੰ ਤਾਂ ਵਿਚਾਰਨ, ਸੋਚਣ ਅਤੇ ਸੂਝ ਦੇ ਤੌਰ ਤੇ ਉੱਚਾ ਕੀਤਾ ਹੈ ਬਲਕਿ ਸਮਾਜ ਦੀ ਤੋਰ ਬਦਲਣ ਵਿਚ ਵੀ ਯੋਗਦਾਨ ਪਾਇਆ ਹੈ।
*ਖੋਜਾਰਥੀ, ਅੰਗਰੇਜ਼ੀ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਪਰਕ: *81467-76580, **97791-34186