ਗੁਰਬਚਨ ਸਿੰਘ ਭੁੱਲਰ
ਸਦੀਆਂ ਤੋਂ ਤੁਰੀ ਆਉਂਦੀ ਕਹਾਵਤ ਹੈ, ਨਰੋਆ ਮਨ ਨਰੋਏ ਤਨ ਵਿਚ ਹੀ ਹੁੰਦਾ ਹੈ। ਜੇ ਕਿਸੇ ਸਮਾਜ ਦੇ ਸਭਨਾਂ ਜੀਆਂ ਵਿਚ, ਸਭਨਾਂ ਦੀ ਗੱਲ ਤਾਂ ਦੂਰ ਰਹੀ, ਬਹੁਤੇ ਜੀਆਂ ਵਿਚ ਵੀ ਨਰੋਏ ਤਨ ਅਤੇ ਨਰੋਏ ਮਨ ਦਾ ਸੁਮੇਲ ਹੋ ਸਕੇ, ਇਹ ਉਸ ਸਮਾਜ ਦੀ ਵੱਡੀ ਪ੍ਰਾਪਤੀ ਮੰਨੀ ਜਾਵੇਗੀ। ਪਰ ਅਜਿਹਾ ਸਮਾਜ ਮਨੁੱਖ ਦੀ ਕਲਪਨਾ ਵਿਚ ਵਸਦਾ ਹੈ, ਜਿਸ ਕਲਪਨਾ ਦਾ ਸੱਚ ਹੋਣਾ ਅਜੇ ਤਾਂ ਪੂਰੀ ਦੁਨੀਆ ਵਿਚ ਕਿਧਰੇ ਵੀ ਸੰਭਵ ਨਹੀਂ ਦਿਸਦਾ। ਸਾਡੇ ਦੇਸ ਵਿਚ, ਜਿਥੇ ਕਰੋੜਾਂ ਲੋਕਾਂ ਨੂੰ ਤੇ ਹੋਰ ਵੀ ਮਾੜੀ ਗੱਲ ਕਰੋੜਾਂ ਬੱਚਿਆਂ ਨੂੰ ਆਏ ਦਿਨ ਭੁੱਖੇ-ਅਧਭੁੱਖੇ ਸੌਣਾ ਪੈਂਦਾ ਹੈ ਤੇ ਜਦੋਂ ਖਾਣ ਨੂੰ ਕੁਝ ਮਿਲਦਾ ਹੈ, ਉਹ ਵੀ ਨਿਤਾਣਾ-ਨਿਰਬਲ ਹੁੰਦਾ ਹੈ, ਨਰੋਏ ਤਨ ਦੀ ਤੇ ਫੇਰ ਉਸ ਵਿਚ ਨਰੋਆ ਮਨ ਪ੍ਰਫੁੱਲਤ ਹੋਣ ਦੀ ਗੱਲ ਕਰਨਾ ਉਹਨਾਂ ਕਰੋੜਾਂ ਬਦਕਿਸਮਤਾਂ ਦਾ ਮਖ਼ੌਲ ਉਡਾਉਣ ਦੇ ਤੁੱਲ ਹੈ!
ਤਨ ਦੀ, ਤਨ ਦੇ ਵਿਕਾਸ ਦੀ, ਉਸ ਵਿਕਾਸ ਲਈ ਮੁੱਢਲੀਆਂ ਲੋੜਾਂ ਦੀ ਤੇ ਉਹਨਾਂ ਲੋੜਾਂ ਦੀ ਪੂਰਤੀ ਦੀ ਚਰਚਾ ਆਪਣੇ ਆਪ ਵਿਚ ਬਹੁਤ ਫੈਲਵਾਂ ਵਿਸ਼ਾ ਹੈ ਜੋ ਵੱਖਰੀ, ਡੂੰਘੀ ਤੇ ਗੰਭੀਰ ਚਰਚਾ ਲੋੜਦਾ ਹੈ। ਕੁਝ ਤੱਥ ਅਤੇ ਅੰਕੜੇ ਸਾਡੇ ਰਾਜ ਤੇ ਸਮਾਜ ਦੀ ਬੱਚੇ ਦੇ ਤਨ ਦੇ ਵਿਕਾਸ ਦੇ ਪੱਖੋਂ ਅਣਗਹਿਲੀ ਨੂੰ ਉਜਾਗਰ ਕਰਨ ਲਈ ਕਾਫ਼ੀ ਹੋਣਗੇ। ਇਹ ਵੀ ਇਕ ਸਬੱਬ ਹੀ ਸੀ ਜਿਸ ਨੇ ਇਹ ਤੱਥ ਅਤੇ ਅੰਕੜੇ ਮੇਰੇ ਸਾਹਮਣੇ ਲਿਆ ਪਰੋਸੇ।
ਜਦੋਂ ਮੈਂ ਇਹ ਸਤਰਾਂ ਲਿਖ ਰਿਹਾ ਸੀ, ਉਸ ਦਿਨ ਦੇ ਅਖ਼ਬਾਰ ਨੇ ਦੱਸਿਆ ਕਿ ਸਰਕਾਰ ਨੇ ‘ਨੈਸ਼ਨਲ ਫ਼ੈਮਿਲੀ ਹੈਲਥ ਸਰਵੇ (2019-2021)’ ਦੇ ਵੇਰਵੇ ਜਨਤਕ ਕਰ ਦਿੱਤੇ ਹਨ। ਉਹਨਾਂ ਅਨੁਸਾਰ ਮਾਂ ਦੀ ਮਾੜੀ ਸਿਹਤ
ਅਤੇ ਪਰਿਵਾਰ ਦੀ ਆਰਥਿਕ ਮੰਦਹਾਲੀ ਕਾਰਨ ਹਰ ਹਜ਼ਾਰ ਬੱਚਿਆਂ ਵਿਚੋਂ 24.9 ਜਨਮ ਸਮੇਂ, 35.2 ਇਕ ਸਾਲ ਦੇ ਹੋਣ ਤੋਂ ਪਹਿਲਾਂ ਅਤੇ 41.9 ਪੰਜ ਸਾਲਾਂ ਦੇ ਵਿਚ-ਵਿਚ ਮੌਤ ਦੇ ਮੂੰਹ ਪੈ ਜਾਂਦੇ ਹਨ। ਜੋ ਪੰਜ ਸਾਲ ਪਾਰ ਕਰ ਜਾਂਦੇ ਹਨ, ਉਹਨਾਂ ਵਿਚੋਂ ਵੱਡੀ ਗਿਣਤੀ ਲਈ ਅਪੌਸ਼ਟਿਕਤਾ ਲਗਾਤਾਰ ਸਮੱਸਿਆ ਬਣੀ ਰਹਿੰਦੀ ਹੈ। ਅਪੌਸ਼ਟਿਕਤਾ ਕਾਰਨ 35.5 ਫ਼ੀਸਦੀ ਬੱਚਿਆਂ ਦਾ ਕੱਦ ਉਸ ਨਾਲੋਂ ਮਧਰਾ ਰਹਿ ਜਾਂਦਾ ਹੈ ਜਿੰਨਾ ਸਾਧਾਰਨ ਖ਼ੁਰਾਕ ਮਿਲਣ ਦੀ ਸੂਰਤ ਵਿਚ ਉਹਨਾਂ ਦਾ ਕੁਦਰਤੀ ਹੋਣਾ ਸੀ। 19.3 ਫ਼ੀਸਦੀ ਬੱਚੇ ਸਾਹ ਲੈ ਰਹੇ ਪਿੰਜਰ ਬਣ ਜਾਂਦੇ ਹਨ ਅਤੇ 32.1 ਫ਼ੀਸਦੀ ਲਹੂ ਦੇ ਪਤਲੇਪਣ ਦੇ ਸ਼ਿਕਾਰ ਹੋ ਜਾਂਦੇ ਹਨ। ਅਜਿਹੀ ਹਾਲਤ ਵਿਚ ਪੜ੍ਹਾਈ ਦੀ ਉਮਰ ਦੇ ਅਨੇਕ ਬੱਚਿਆਂ ਦੇ ਨਰੋਏ ਮਨ ਦੇ ਵਿਕਾਸ ਲਈ ਨਰੋਏ ਤਨ ਲੋੜਨਾ ਅਸਲੀਅਤ ਤੋਂ ਬਹੁਤ ਦੁਰੇਡੀ ਗੱਲ ਹੈ।
ਮਨ, ਖ਼ਾਸ ਕਰ ਕੇ ਬੱਚਿਆਂ ਦੇ ਮਨ, ਜਿਹੋ ਜਿਹਾ ਵੀ ਉਹ ਸਮਕਾਲੀ ਸਮਾਜਿਕ, ਆਰਥਿਕ, ਰਾਜਨੀਤਕ ਤੇ ਸਭਿਆਚਾਰਕ ਹਾਲਤਾਂ ਵਿਚ, ਜੋ ਸਾਡੇ ਵੱਸ ਵਿਚ ਨਹੀਂ, ਸਾਨੂੰ ਮਿਲਦਾ ਹੈ, ਦੇ ਸੰਭਵ ਵਿਕਾਸ ਦੀ ਗੱਲ ਕਰਨੀ ਬਹੁਤ ਮਹੱਤਵਪੂਰਨ ਹੈ। ਇਹਨਾਂ ਗੱਲਾਂ ਨੂੰ ਵੀ ਪੇਚਦਾਰ ਸਿਧਾਂਤਾਂ ਦੇ ਪੱਧਰ ਉੱਤੇ ਵਿਚਾਰਨ ਦੀ ਥਾਂ ਅਤੇ ਅਜੋਕੀ ਵਿਦਿਅਕ ਹਾਲਤ ਨੂੰ ਇਹਨਾਂ ਸਿਧਾਂਤਾਂ ਦੀ ਕਸਵੱਟੀ ਉੱਤੇ ਨਿਰਖਣ-ਪਰਖਣ ਦੀ ਥਾਂ ਪ੍ਰਾਪਤ ਅਸਲੀਅਤ ਦੇ ਪੱਧਰ ਉੱਤੇ ਹੀ ਸੋਚਿਆ-ਵਿਚਾਰਿਆ ਜਾਣਾ ਚਾਹੀਦਾ ਹੈ। ਮੰਤਵ ਇਹ ਹੈ ਕਿ ਅਸੀਂ ਬੱਚੇ ਦੇ ਮਾਨਸਿਕ-ਬੌਧਿਕ ਵਿਕਾਸ ਦੇ ਮੁੱਖ ਵਸੀਲੇ, ਸਕੂਲੀ ਵਿਦਿਆ, ਉੱਤੇ ਅਤੇ ਇਸ ਨਾਲ ਜੁੜੇ ਹੋਏ ਤੇ ਇਸ ਉੱਤੇ ਪ੍ਰਭਾਵ ਪਾਉਣ ਵਾਲੇ ਕੁਝ ਪੱਖਾਂ ਉੱਤੇ ਝਾਤ ਪਾਈਏ, ਉਹਨਾਂ ਦੀਆਂ ਘਾਟਾਂ ਦੀ ਨਿਸ਼ਾਨਦੇਹੀ ਕਰੀਏ ਅਤੇ ਅਜਿਹੇ ਉਪਾਅ ਸੁਝਾਈਏ ਜੋ ਸਰਕਾਰ ਜਾਂ ਨੀਤੀ ਦਾ ਦਖ਼ਲ ਨਾ ਲੋੜਦੇ ਹੋਣ ਸਗੋਂ ਸਿਆਣੇ ਅਧਿਆਪਕਾਂ, ਮਾਪਿਆਂ ਤੇ ਹੋਰ ਸਚੇਤ ਨਾਗਰਿਕਾਂ ਵੱਲੋਂ ਕੀਤੇ ਜਾ ਸਕਦੇ ਹੋਣ।
ਸਮਾਜ ਇਕ ਪਾਸੇ ਸਕੂਲ ਦਾ ਮਿਆਰ ਮਿਥਣ ਵਾਲਾ ਹੋਣ ਕਰਕੇ ਉਸ ਨੂੰ ਪ੍ਰਭਾਵਿਤ ਕਰਦਾ ਹੈ ਤੇ ਦੂਜੇ ਪਾਸੇ ਉੱਥੋਂ ਪੜ੍ਹ ਕੇ ਬਣੇ ਮੋਹਰੀ ਨਾਗਰਿਕਾਂ ਦੇ ਰੂਪ ਵਿਚ ਸਕੂਲ ਤੋਂ ਪ੍ਰਭਾਵਿਤ ਹੁੰਦਾ ਹੈ। ਮਾਪੇ ਸਮਾਜ ਦੀ ਨੁਮਾਇੰਦਗੀ ਕਰਦੇ ਹਨ। ਸਕੂਲ ਦਾ ਬੱਚੇ ਦੇ ਮਾਨਸਿਕ-ਬੌਧਿਕ ਵਿਕਾਸ ਦੇ ਹੀਲੇ-ਵਸੀਲਿਆਂ ਵਿਚ ਕੇਂਦਰੀ ਸਥਾਨ ਹੈ। ਜਿੱਥੇ ਬਾਲ ਦੇ ਇਸ ਵਿਕਾਸ ਵਿਚ ਸਮਾਜ ਦੀ ਦੇਣ ਬਹੁਤ ਅਹਿਮ ਹੋਣ ਦੇ ਬਾਵਜੂਦ ਅਸਿੱਧੀ ਹੈ, ਉੱਥੇ ਸਕੂਲ ਬਾਲ ਦੀ ਸ਼ਖ਼ਸੀਅਤ ਨੂੰ ਢਾਲਣ-ਡੌਲਣ ਵਾਲੀ ਪ੍ਰਯੋਗਸ਼ਾਲਾ ਹੈ। ਮੈਂ ‘ਸਕੂਲ’ ਨੂੰ ਫੈਲਵੇਂ ਅਰਥਾਂ ਵਿਚ ਸਮਝਦਾ ਹਾਂ, ਜਿਸ ਵਿਚ ਅਧਿਆਪਕਾਂ ਤੇ ਵਿਦਿਆਰਥੀਆਂ ਤੋਂ ਇਲਾਵਾ ਪਾਠ-ਪੁਸਤਕਾਂ, ਉਹਨਾਂ ਤੋਂ ਵਧੀਕ ਪੁਸਤਕਾਂ, ਲਾਇਬਰੇਰੀ, ਵਿਦਿਆਰਥੀਆਂ ਦਾ ਹੀ ਨਹੀਂ ਸਗੋਂ ਅਧਿਆਪਕਾਂ ਦਾ ਵੀ ਵਧੀਕ ਪੜ੍ਹਾਈ ਨਾਲ ਤੇ ਇਉਂ ਸਾਹਿਤ ਨਾਲ ਨਾਤਾ, ਆਦਿ ਬਹੁਤ ਕੁਝ ਆ ਜਾਂਦਾ ਹੈ।
ਸਭਿਆਚਾਰ ਉਹ ਨਿਸ਼ਾਨਾ ਹੈ ਜਿਸ ਉੱਤੇ ਸਮਾਜ ਅਤੇ ਸਕੂਲ ਦੇ ਯਤਨ ਕੇਂਦਰਿਤ ਹਨ। ਬਾਲ ਵਿਸ਼ਾਲ ਅਰਥਾਂ ਵਿਚ ਮਾਨਵਜਾਤ ਦੇ ਬਹੁਰੰਗੇ ਤੇ ਬਹੁਭਾਂਤੇ ਸਭਿਆਚਾਰ ਤੋਂ ਜਾਣੂ ਹੋਵੇ, ਮਾਨਵ-ਵਿਕਾਸ ਦੀ ਸਹਿਸਰਕਾਲਾਂ ਲੰਮੀ ਤੇ ਦੰਗ ਕਰ ਦੇਣ ਵਾਲੀ ਮਨਮੋਹਕ ਕਹਾਣੀ, ਜੋ ਇਤਿਹਾਸ ਨੇ ਹੀ ਨਹੀਂ, ਸਾਹਿਤ ਨੇ ਵੀ ਸਾਂਭੀ ਹੋਈ ਹੈ, ਨੂੰ ਜਾਣ ਕੇ ਉਸ ਤੋਂ ਪ੍ਰੇਰਨਾ ਲਵੇ ਅਤੇ ਸਮਾਜ ਤੇ ਸਕੂਲ ਦੇ ਪੈਦਾ ਕੀਤੇ ਮਾਨਵੀ ਮਾਹੌਲ ਵਿਚ ਇਸ ਜਾਣਕਾਰੀ ਦੇ ਆਧਾਰ ਉੱਤੇ ਸਭਿਅਕ ਮਨੁੱਖ ਬਣੇ ਤੇ ਮਾਨਵਜਾਤ ਨੂੰ ਹੋਰ ਮਾਨਵੀ, ਹੋਰ ਸਭਿਅਕ ਬਣਾਉਣ ਦਾ ਵਸੀਲਾ ਬਣੇ।
ਸਾਡੀ ਪੜ੍ਹਾਈ ਦਾ ਇਕ ਦੁਖਾਂਤ ਇਸ ਦਾ ਇਮਤਿਹਾਨੀ ਨੰਬਰਾਂ ਜਾਂ ਦਰਜਿਆਂ ਉੱਤੇ ਕੇਂਦ੍ਰਿਤ ਹੋਣਾ ਹੈ। ਨਤੀਜੇ ਵਜੋਂ ਪਾਠ-ਪੁਸਤਕਾਂ ਪੜ੍ਹਾਈ ਦਾ ਧੁਰਾ ਬਣ ਜਾਂਦੀਆਂ ਹਨ। ਬਹੁਗਿਣਤੀ ਵਿਦਿਆਰਥੀਆਂ ਨੂੰ ਪਾਠ-ਪੁਸਤਕਾਂ ਤੋਂ ਵਧੀਕ ਪੜ੍ਹਾਈ ਦੀ ਕੋਈ ਸਮਝ ਤੇ ਰੁਚੀ ਨਹੀਂ ਹੁੰਦੀ ਜਿਸ ਕਰਕੇ ਉਹ ਇਸ ਨੂੰ ਬੇਲੋੜੀ ਸਮਝਦੇ ਹਨ। ਇਸ ਤੋਂ ਵੀ ਮਾੜੀ ਗੱਲ, ਬਹੁਤੇ ਅਧਿਆਪਕ ਤੇ ਮਾਪੇ ਵੀ ਬੱਚੇ ਦਾ ਪਾਠ-ਪੁਸਤਕ ਤੋਂ ਬਿਨਾਂ ਕੋਈ ਹੋਰ ਪੁਸਤਕ ਪੜ੍ਹਨਾ ਸਮਾਂ ਗੁਆਉਣਾ ਹੀ ਸਮਝਦੇ ਹਨ। ਅਜਿਹੇ ਅਧਿਆਪਕਾਂ ਦੀ ਘਾਟ ਨਹੀਂ ਜੋ ਵਿਦਿਆਰਥੀ ਦੀ ਪੜ੍ਹਨ-ਤੇਹ ਦੇ ਜਵਾਬ ਵਿਚ ਆਖਦੇ ਹਨ, ‘‘ਪਾਠ-ਪੁਸਤਕਾਂ ਪੜ੍ਹੀਆਂ ਨਹੀਂ ਜਾਂਦੀਆਂ, ਆਇਆ ਹੈ ਹੋਰ ਪੁਸਤਕਾਂ ਪੜ੍ਹਨ ਵਾਲਾ ਪੜ੍ਹਾਕੂ!’’ ਮਾਪੇ ਪਾਠ-ਪੁਸਤਕ ਤੋਂ ਵਧੀਕ ਪੜ੍ਹਾਈ ਨੂੰ ਛੁਡਵਾਉਣ ਲਈ ਆਖਦੇ ਹਨ, ‘‘ਬੇਟਾ, ਹੋਰ ਕਿਤਾਬਾਂ ਪੜ੍ਹਨ ਵਾਸਤੇ ਸਾਰੀ ਉਮਰ ਪਈ ਹੈ, ਹੁਣ ਪਾਠ-ਪੁਸਤਕਾਂ ਵੱਲ ਧਿਆਨ ਦੇ!’’ ਪਾਠ-ਪੁਸਤਕਾਂ ਤੋਂ ਵਧੀਕ ਪੁਸਤਕਾਂ ਨੂੰ ਵੱਡੇ ਹੋ ਕੇ ਪੜ੍ਹਨ ਦੀ ਸਲਾਹ ਦੇਣ ਵਾਲੇ ਮਾਪੇ ਜਾਂ ਅਧਿਆਪਕ ਇਹ ਨਹੀਂ ਜਾਣਦੇ ਹੁੰਦੇ ਕਿ ਜੇ ਕੋਈ ਬਾਲਪਨ ਵਿਚ ਸਾਹਿਤ ਨਾਲ ਨਹੀਂ ਜੁੜਿਆ, ਉਹਦੇ ਵੱਡਾ ਹੋ ਕੇ ਰਸੀਆ ਪਾਠਕ ਬਣਨ ਦੀ ਸੰਭਾਵਨਾ ਘੱਟ ਹੀ ਹੁੰਦੀ ਹੈ। ਦੂਹਰਾ ਦੁਖਾਂਤ ਇਹ ਹੈ ਕਿ ਇਹ ਹਾਲਤ ਵਿਦਿਆਰਥੀ ਨੂੰ ਪਾਠ-ਪੁਸਤਕ ਦਾ ਭਾਸ਼ਾਈ-ਸਾਹਿਤਕ ਆਨੰਦ ਮਾਣਨ ਦੇ ਸਮਰੱਥ ਵੀ ਨਹੀਂ ਬਣਾਉਂਦੀ। ਉਹ ਪਾਠ-ਪੁਸਤਕਾਂ ਨੂੰ ਸਮਝੇ ਤੇ ਮਾਣੇ ਤੋਂ ਬਿਨਾਂ ਘੋਟਣ-ਰਟਣ ਲਗਦਾ ਹੈ।
ਭਾਸ਼ਾ ਦੀ ਵਰਤੋਂ ਦੇ ਮਿਆਰ ਨੂੰ ਡੇਗਣ ਵਾਲਾ ਇਕ ਹੋਰ ਮੱਤ, ਜੋ ਅਨੇਕ ਪੜ੍ਹੇ-ਲਿਖਿਆਂ ਦਾ ਵੀ ਹੈ, ਇਹ ਹੈ ਕਿ ਮਾਤ-ਭਾਸ਼ਾ ਦਾ ਕੀ ਹੈ, ਇਹ ਤਾਂ ਆਪਣੇ ਆਪ ਆ ਜਾਂਦੀ ਹੈ। ਇਹ ਮੱਤ ਭਾਵੇਂ ਕਿੰਨਾ ਵੀ ਪ੍ਰਚੱਲਿਤ ਕਿਉਂ ਨਾ ਹੋਵੇ, ਇਹ ਭਾਸ਼ਾ-ਵਿਗਿਆਨ ਦੇ ਨੇਮਾਂ ਉੱਤੇ ਪੂਰਾ ਨਹੀਂ ਉੱਤਰਦਾ ਅਤੇ ਭਾਸ਼ਾ ਦੀ ਜਾਣਕਾਰੀ ਦੇ ਸੱਚ ਨਾਲ ਮੇਲ ਨਹੀਂ ਖਾਂਦਾ। ਇਸ ਗ਼ਲਤ ਵਿਚਾਰ ਦਾ ਆਧਾਰ ਇਹ ਹੈ ਕਿ ਬੰਦੇ ਨੂੰ ਰੋਜ਼ਾਨਾ ਜ਼ਿੰਦਗੀ ਦੇ ਸਾਧਾਰਨ ਕੰਮ-ਕਾਰ ਚਲਾਉਣ ਜੋਗੀ ਮਾਤਭਾਸ਼ਾ, ਮੁੱਢਲੇ ਵਿਆਕਰਨ ਸਮੇਤ, ਜ਼ਰੂਰ ਆਪਣੇ ਆਪ ਆ ਜਾਂਦੀ ਹੈ। ਇਹ ਭਾਸ਼ਾਈ ਜਾਣਕਾਰੀ ਸੁਰਤ ਸੰਭਾਲਣ ਦੇ ਸਮੇਂ ਤੋਂ ਹੀ ਘਰ-ਪਰਿਵਾਰ ਵਿਚ ਤੇ ਸਮਾਜ ਵਿਚ ਆਲੇ-ਦੁਆਲੇ ਦੇ ਲੋਕਾਂ ਨੂੰ ਬੋਲਦਿਆਂ ਸੁਣ ਕੇ ਹਾਸਲ ਹੋ ਜਾਂਦੀ ਹੈ। ਪਰ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਹਰ ਕਿਸੇ ਦਾ ਮਾਤਭਾਸ਼ਾ ਨੂੰ ਬੋਲ ਤੇ ਸਮਝ ਸਕਣਾ ਅਤੇ ਹਰ ਪੜ੍ਹੇ-ਲਿਖੇ ਦਾ ਪੜ੍ਹ ਤੇ ਲਿਖ ਸਕਣਾ ਕਿਸੇ ਤਰ੍ਹਾਂ ਵੀ ਇਹ ਨਹੀਂ ਦਰਸਾਉਂਦਾ ਕਿ ਸੰਬੰਧਿਤ ਬੰਦਾ ਸਭਨਾਂ ਪੱਖਾਂ ਤੋਂ ਮਾਤਭਾਸ਼ਾ ਦਾ ਪੂਰਾ ਜਾਣਕਾਰ ਬਣ ਗਿਆ ਹੈ। ਭਾਸ਼ਾ ਦੀ ਇਹ ਜਾਣਕਾਰੀ ਕੰਮ-ਚਲਾਊ ਹੀ ਹੁੰਦੀ ਹੈ। ਭਾਸ਼ਾ ਦੀ ਵਰਤੋਂ ਤਾਂ ਬਹੁਤ ਸੂਖ਼ਮ, ਬਹੁਤ ਕੋਮਲ ਕਲਾ ਹੈ। ਜਿਵੇਂ ਸਿਤਾਰ ਦੀ ਗ਼ਲਤ ਤਾਰ ਉੱਤੇ ਰੱਖੀ ਉਂਗਲ ਸੰਗੀਤ ਨੂੰ ਬੇਸੁਰਾ ਬਣਾ ਦਿੰਦੀ ਹੈ ਅਤੇ ਚਿੱਤਰ ਬਣਾਉਂਦਿਆਂ ਗ਼ਲਤ ਰੰਗ ਦੀ ਇਕ ਛੋਹ ਸਾਰੀ ਛੱਬ ਵਿਗਾੜ ਦਿੰਦੀ ਹੈ, ਇਸੇ ਤਰ੍ਹਾਂ ਇਕ ਗ਼ਲਤੀ ਜਾਂ ਕੁਚੱਜਤਾ ਸਾਰੇ ਭਾਸ਼ਾਈ ਸੁਹੱਪਣ ਉੱਤੇ ਮਿੱਟੀ ਧੂੜ ਸਕਦੀ ਹੈ।
ਅੱਜ ਵਿਦਿਆਰਥੀ ਅਜਿਹੇ ਮਾਹੌਲ ਵਿਚ ਵੱਡੇ ਹੋ ਰਹੇ ਹਨ ਜੋ ਸਕੂਲ ਤੇ ਸਮਾਜ ਤੋਂ, ਅਧਿਆਪਕਾਂ ਤੇ ਮਾਪਿਆਂ ਤੋਂ ਉਹਨਾਂ ਵੱਲ ਵਧੀਕ ਧਿਆਨ ਦੇਣ ਦੀ ਮੰਗ ਕਰਦਾ ਹੈ। ਇਹ ਤਿੱਖੀਆਂ ਵਿਰੋਧਤਾਈਆਂ ਦਾ ਦੌਰ ਹੈ। ਇਕ ਪਾਸੇ ਮਨੁੱਖ ਨੇ ਵਿਗਿਆਨ ਤੇ ਤਕਨਾਲੋਜੀ ਵਿਚ ਅਥਾਹ ਤਰੱਕੀ ਕਰ ਲਈ ਹੈ। ਧਰਤੀ ਦੀਆਂ ਹੱਦਾਂ ਲੰਘ ਕੇ ਉਹ ਚੰਦ-ਤਾਰਿਆਂ ਦੇ ਸੰਸਾਰ ਵਿਚ ਪ੍ਰਵੇਸ਼ ਕਰ ਗਿਆ ਹੈ। ਕੰਪਿਊਟਰ ਤੇ ਸਮਾਰਟ ਫੋਨ ਨੇ ਮਨੁੱਖ ਦੀ ਬੌਧਿਕ ਸਮਰੱਥਾ ਦੀਆਂ ਸੰਭਾਵਾਨਾਵਾਂ ਵਿਚ ਵਿਸ਼ਵਾਸੋਂ-ਬਾਹਰਾ ਵਾਧਾ ਕਰ ਦਿੱਤਾ ਹੈ। ਦੂਜੇ ਪਾਸੇ ਨੈਤਿਕ ਨਿਘਾਰ, ਭ੍ਰਿਸ਼ਟਾਚਾਰ, ਪਾਟੋ-ਧਾੜ, ਖ਼ੂਨ-ਖ਼ਰਾਬਾ, ਤਕੜੇ ਦਾ ਸੱਤੀਂ ਵੀਹੀਂ ਸੌ, ਖੋਹਾ-ਖਿੰਜੀ ਅਜਿਹੀਆਂ ਗੱਲਾਂ ਹਨ ਜੋ ਸਾਰੇ ਸੰਸਾਰ ਉੱਤੇ ਕਾਲੇ ਬੱਦਲ ਵਾਂਗ ਛਾ ਗਈਆਂ ਹਨ। ਇਸ ਮਾਹੌਲ ਵਿਚ ਵਿਦਿਆਰਥੀ ਨੂੰ ਸਹਿਜ ਸੋਚ ਵਾਲੇ ਮਨੁੱਖ ਵਜੋਂ ਵਿਕਸਿਤ ਕਰਨਾ ਵੱਡੀ ਸਮੱਸਿਆ ਹੈ।
ਸੰਪਰਕ: 80763-63058
(ਗੁਰਬਚਨ ਸਿੰਘ ਭੁੱਲਰ ਨੇ ਹੁਣੇ ਹੁਣੇ ਇਸ ਵਿਸ਼ੇ ’ਤੇ ਇਕ ਕਿਤਾਬ ‘ਸਮਾਜ, ਸਕੂਲ ਤੇ ਸਭਿਆਚਾਰ’ ਲਿਖੀ ਹੈ; ਪ੍ਰਕਾਸ਼ਕ: ਪੀਪਲਜ਼ ਫ਼ੋਰਮ, ਬਰਗਾੜੀ)
ਇਕ ਅਧਿਆਪਕ ਨੇ ਹਿੰਸਾ ਬਾਰੇ ਵਿਦਿਆਰਥੀਆਂ ਨੂੰ ਕਿਵੇਂ ਪੜ੍ਹਾਇਆ
ਇਨ੍ਹੀਂ ਦਿਨੀਂ ਪੰਜਾਬ ਵਿਚ ਹਿੰਸਾ ਦੇ ਵੱਖ-ਵੱਖ ਰੂਪਾਂ ਬਾਰੇ ਬਹਿਸ ਹੋ ਰਹੀ ਹੈ। ਅਮਰੀਕਾ ਵਿਚ ਸਕੂਲ ਦੀ ਪੜ੍ਹਾਈ ਪੂਰੀ ਨਾ ਕਰ ਸਕਣ ਵਾਲੇ ਵਿਦਿਆਰਥੀਆਂ ਨੂੰ ਪੜ੍ਹਾਉਣ ਵਾਲੀ ਇਕ ਅਧਿਆਪਕ ਐਨ ਮਿਜ਼ੈਂਜ਼ਅਲ ਇਸ ਅਨੁਭਵ ਬਾਰੇ ਇਉਂ ਲਿਖਦੀ ਹੈ: ‘‘ਮੈਂ ਹਰ ਹਫ਼ਤੇ ਬੋਰਡ ’ਤੇ ਇਕ ਕਥਨ ਜਾਂ ਵਿਚਾਰ ਲਿਖ ਕੇ ਆਪਣੇ ਵਿਦਿਆਰਥੀਆਂ ਨੂੰ ਆਪੋ-ਆਪਣੀਆਂ ਕਾਪੀਆਂ ਵਿਚ ਇਸ ਬਾਰੇ ਕੁਝ ਲਿਖਣ ਲਈ ਆਖਦੀ ਹਾਂ। ਵਿਲੀਅਮ ਬਟਲਰ ਯੇਟਸ ਦਾ ਇਹ ਵਿਚਾਰ ਸਾਡੇ ਪਸੰਦੀਦਾ ਵਿਚਾਰਾਂ ਵਿਚੋਂ ਇਕ ਹੈ: ‘‘ਸਿੱਖਿਆ ਦਾ ਮਤਲਬ ਦਿਲੋ-ਦਿਮਾਗ਼ ਨੂੰ ਜਾਣਕਾਰੀਆਂ ਨਾਲ ਨੱਕੋ-ਨੱਕ ਭਰਨਾ ਨਹੀਂ ਸਗੋਂ ਗਿਆਨ ਪ੍ਰਾਪਤੀ ਦੀ ਲਲ੍ਹਕ ਜਗਾਉਣਾ ਹੈ।’’ ਮੇਰੇ ਅਧਿਆਪਕ ਬਣਨ ਦੇ ਕਾਰਨ ਨੂੰ ਇਹ ਕਥਨ ਇੰਨ-ਬਿੰਨ ਬਿਆਨ ਕਰਦਾ ਹੈ। ਇਕ ਕਮਰੇ ਵਿਚ ਇਕੱਠਿਆਂ ਸਮੱਸਿਆਵਾਂ ’ਤੇ ਵਿਚਾਰ ਕਰਦੇ ਦਿਮਾਗ਼ ਮਿਲ ਕੇ – ਅਸਚਰਜ ਗਿਆਨ ਦੀ ਜਵਾਲਾ ਦਹਿਕਾ ਸਕਦੇ ਹਨ।
ਮੇਰੇ ਵਿਦਿਆਰਥੀਆਂ ਦੀ ਉਮਰ 16 ਤੋਂ 65 ਵਰ੍ਹਿਆਂ ਤੀਕ ਹੈ। ਉਨ੍ਹਾਂ ਵਿਚੋਂ ਬਹੁਤੇ ਹਾਈ ਸਕੂਲ ਦੀ ਪੜ੍ਹਾਈ ਛੱਡ ਗਏ ਸਨ ਅਤੇ ਉਨ੍ਹਾਂ ਨੇ ਵਧੇਰੇ ਮੁਹਾਰਤ ਹਾਸਲ ਕਰਨ ਖ਼ਾਤਰ ਮੁੜ ਸਕੂਲੇ ਪੜ੍ਹਨ ਦਾ ਔਖਾ ਫ਼ੈਸਲਾ ਕੀਤਾ। ਉਨ੍ਹਾਂ ਵਿਚੋਂ ਕਈ ਆਪਣੀ ਅਕਾਦਮਿਕ ਯੋਗਤਾ ਪ੍ਰਤੀ ਨਿਰਾਸ਼ ਹੁੰਦੇ ਅਤੇ ਆਪਣੀ ਲਿਖਤ ਇਕ-ਦੂਜੇ ਨੂੰ ਦਿਖਾਉਣ ਤੋਂ ਵੀ ਝਿਜਕਦੇ ਹਨ। ਉਹ ਸ਼ਹਿਰ ਦੇ ਗ਼ਰੀਬਾਂ ਵਾਲੇ ਜਾਂ ਪੇਂਡੂ ਭਾਈਚਾਰਿਆਂ ਦੇ ਉੱਚੇ-ਨੀਵੇਂ ਹਿੱਸਿਆਂ ਵਿਚ ਰਹਿੰਦੇ ਹਨ।
ਵਪਾਰਕ ਕੇਂਦਰ ਟਾਲਾਹਾਸੀ ਵਿਚ ਗੋਲੀਬਾਰੀ ਦੀ ਘਟਨਾ ਦੌਰਾਨ 26 ਸਾਲਾ ਨੌਜਵਾਨ ਦੇ ਮਾਰੇ ਜਾਣ ’ਤੇ ਮੇਰੇ ਵਿਦਿਆਰਥੀ ਪ੍ਰੇਸ਼ਾਨ ਹੋ ਗਏ ਸਨ। ਸਥਾਨਕ ਅਖ਼ਬਾਰਾਂ ਨੇ ਕਤਲ ਬਾਰੇ ਲੇਖ ਛਾਪੇ ਸਨ ਜਿਨ੍ਹਾਂ ਵਿਚ ਜ਼ਿਕਰ ਕੀਤਾ ਗਿਆ ਸੀ ਕਿ ਪੀੜਤ ਨੌਜਵਾਨ ਤਾਂ ਅਨਭੋਲ ਹੀ ਉੱਥੇ ਖੜ੍ਹਾ ਸੀ ਅਤੇ ਦੋਸ਼ੀ ਸਥਾਨਕ ਗੈਂਗਾਂ ਦੇ ਮੈਂਬਰ ਸਨ। ਅਖ਼ਬਾਰ ਨੇ ‘ਹਿੰਸਾ ਦੀ ਕੜੀ ਤੋੜੋ’ ਸਿਰਲੇਖ ਹੇਠ ਲਿਖੇ ਸੰਪਾਦਕੀ ਲੇਖ ਰਾਹੀਂ ਭਾਈਚਾਰੇ ਦੇ ਸੁਝਾਅ ਮੰਗੇ ਸਨ ਕਿ ‘ਵਧੇਰੇ ਸੁਰੱਖਿਅਤ ਅਤੇ ਬਿਹਤਰ ਭਾਈਚਾਰਾ’ ਕਿਵੇਂ ਸਿਰਜਿਆ ਜਾਵੇ।
ਮੈਂ ਇਹ ਸੰਪਾਦਕੀ ਲੇਖ ਆਪਣੇ ਵਿਦਿਆਰਥੀਆਂ ਨਾਲ ਸਾਂਝਾ ਕਰਦਿਆਂ ਉਨ੍ਹਾਂ ਨੂੰ ਹਿੰਸਾ ਦੇ ਕਾਰਨਾਂ ਅਤੇ ਇਨ੍ਹਾਂ ਦੇ ਹੱਲ ਬਾਰੇ ਵਿਚਾਰ ਕਰਨ ਲਈ ਕਿਹਾ। ਉਨ੍ਹਾਂ ਦੇ ਦੱਸੇ ਕਾਰਨਾਂ ਦੀ ਸੂਚੀ ਗੰਭੀਰ ਅਤੇ ਲੰਮੀ ਸੀ: ਰੁਜ਼ਗਾਰ ਅਤੇ ਗਿਆਨ ਦੀ ਘਾਝ, ਟੀਵੀ ’ਤੇ ਪਰੋਸੀ ਜਾਂਦੀ ਹਿੰਸਾ, ਹਥਿਆਰ ਹਾਸਲ ਕਰਨਾ ਬੇਹੱਦ ਸੁਖਾਲਾ ਹੋਣਾ, ਮਾਪਿਆਂ ਵੱਲੋਂ ਕਦਰਾਂ-ਕੀਮਤਾਂ ਦੀ ਸਿੱਖਿਆ ਨਾ ਦੇਣਾ, ਵੀਡੀਓ ਗੇਮਜ਼, ਰਾਹ-ਦਸੇਰਿਆਂ ਦੀ ਘਾਟ ਅਤੇ ਪਿਆਰ ਤੇ ਤਵੱਜੋ ਦੀ ਕਮੀ। ਉਨ੍ਹਾਂ ਦੇ ਦਰਸਾਏ ਇਹ ਹੱਲ ਵੀ ਸਮੱਸਿਆ ਦੀ ਪੇਚੀਦਗੀ ਬਾਰੇ ਡੂੰਘੀ ਸਮਝ ਦਾ ਮੁਜ਼ਾਹਰਾ ਕਰਦੇ ਸਨ: ਸਕੂਲ ਤੋਂ ਬਾਅਦ ਦੇ ਪ੍ਰੇਰਨਾਦਾਇਕ ਪ੍ਰੋਗਰਾਮਾਂ ਦੀ ਗਿਣਤੀ ਵਧਾਉਣਾ, ਪੁਲੀਸ ਵੱਲੋਂ ਗੈਂਗਾਂ ਅਤੇ ਨਸ਼ਿਆਂ ਬਾਰੇ ਕਾਨੂੰਨਾਂ ਨੂੰ ਲਾਗੂ ਕਰਵਾਉਣਾ; ਨੇੜੇ-ਤੇੜੇ ਦੇ ਖੇਤਰਾਂ ਵਿਚ ਗਸ਼ਤ, ਭਾਈਚਾਰਕ ਸਹਿਯੋਗ, ਕਰਫਿਊ ਆਦਿ।
ਮੈਂ ਆਪਣੇ ਵਿਦਿਆਰਥੀਆਂ ਨੂੰ ਅਖ਼ਬਾਰ ਨੂੰ ‘ਹਿੰਸਾ ਦੀ ਕੜੀ ਨੂੰ ਕਿਵੇਂ ਤੋੜਿਆ ਜਾਵੇ’ ਬਾਰੇ ਖ਼ਤ ਲਿਖਣ ਦਾ ਕੰਮ ਦਿੱਤਾ। ਇੱਥੋਂ ਤੱਕ ਕਿ ਲਿਖਣ ਵਿਚ ਸਭ ਤੋਂ ਵਧੇਰੇ ਝਿਜਕਣ ਵਾਲੇ ਵਿਦਿਆਰਥੀ ਵੀ ਇਹ ਕੰਮ ਕਰਨ ਲਈ ਉਤਸ਼ਾਹਿਤ ਸਨ। ਉਨ੍ਹਾਂ ਨੇ ਸੱਚੇ ਦਿਲੋਂ ਬੜੀ ਖ਼ੂਬਸੂਰਤ ਸ਼ੈਲੀ ਵਿਚ ਚਿੱਠੀਆਂ ਲਿਖੀਆਂ। ਉਨ੍ਹਾਂ ਨੇ ਇਹ ਜਮਾਤ ਨਾਲ ਸਾਂਝੇ ਕੀਤੇ।’’
ਉਸ ਤੋਂ ਬਾਅਦ ਐਨ ਮਿਜ਼ੈਂਜ਼ਅਲ ਨੇ ਵਿਦਿਆਰਥੀਆਂ ਨੂੰ ਉਹ ਖ਼ਤ ਅਖ਼ਬਾਰ ਟਾਲਹਾਸੀ ਡੈਮੋਕਰੇਟ ਨੂੰ ਭੇਜਣ ਲਈ ਕਿਹਾ ਤਾਂ ਉਨ੍ਹਾਂ ਵਿਚੋਂ ਬਹੁਤੇ ਝਿਜਕ ਰਹੇ ਸਨ। ਉਹ ਲਿਖਦੀ ਹੈ ਕਿ ਇਕ ਨੌਜਵਾਨ ਨੇ ਅਜਿਹਾ ਕਰਨ ’ਤੇ ਪੁਲੀਸ ਵੱਲੋਂ ਬਦਲਾ ਲਊ ਕਾਰਵਾਈ ਦਾ ਖ਼ਦਸ਼ਾ ਜ਼ਾਹਿਰ ਕੀਤਾ। ਇਕ ਹੋਰ ਨੌਜਵਾਨ ਆਪਣਾ ਖ਼ਤ ਆਪਣੇ ਨਾਂ ਨਾਲ ਭੇਜਣ ਤੋਂ ਡਰ ਰਿਹਾ ਸੀ ਕਿਉਂਕਿ ਉਸ ਨੂੰ ਚਿੰਤਾ ਸੀ ਕਿ ਉਸ ਦੇ ਭਾਈਚਾਰੇ ਦੇ ਹੋਰ ਨੌਜਵਾਨ ਲੋਕ ਉਸ ਨੂੰ ‘ਚੁਗਲਖ਼ੋਰ’ ਸਮਝਣਗੇ। ਅਸਲ ਵਿਚ ਹੋਰ ਵਿਦਿਆਰਥੀ ਆਪਣੇ ਵਿਚਾਰ ਲੋਕਾਂ ਤੱਕ ਪਹੁੰਚਾਉਣ ਤੋਂ ਡਰਦੇ ਸਨ।
ਉਹ ਦੱਸਦੀ ਹੈ ਕਿ ਆਖ਼ਰ ਮੇਜ਼ੀ ਨਾਂ ਦੀ ਵਿਦਿਆਰਥਣ ਨੇ ਮੌਕਾ ਸਾਂਭਦਿਆਂ ਆਪਣਾ ਖ਼ਤ ਅਖ਼ਬਾਰ ਨੂੰ ਭੇਜ ਦਿੱਤਾ ਜੋ ਅਖ਼ਬਾਰ ਵਿਚ ਛਪ ਗਿਆ। ਉਸ ਨੇ ਲਿਖਿਆ ਸੀ: ‘‘ਸਾਰੀਆਂ ਮਾਵਾਂ ਨੂੰ ਆਪਣੇ ਬੱਚਿਆਂ ਨਾਲ ਸਮਾਂ ਬਿਤਾਉਣਾ ਅਤੇ ਉਨ੍ਹਾਂ ਨਾਲ ਗੱਲਬਾਤ ਕਰਦੇ ਰਹਿਣਾ ਚਾਹੀਦਾ ਹੈ। ਉਹ ਬੱਚਿਆਂ ਨੂੰ ਦੱਸਣ ਕਿ ਉਹ ਜ਼ਿੰਦਗੀ ਵਿਚ ਜੋ ਚਾਹੁਣ ਉਹ ਕਰ/ਬਣ ਸਕਦੇ ਹਨ। ਉਨ੍ਹਾਂ ਪ੍ਰਤੀ ਪਿਆਰ ਜਤਾਉਣਾ ਚਾਹੀਦਾ ਹੈ। ਉਨ੍ਹਾਂ ਨੂੰ ਇਹ ਵੀ ਦੱਸੋ ਕਿ ਬੁਰੀ ਸੰਗਤ ਉਨ੍ਹਾਂ ਨੂੰ ਜੇਲ੍ਹ ਜਾਂ ਇੱਥੋਂ ਤੱਕ ਕਿ ਕਬਰਸਤਾਨ ਵੀ ਪਹੁੰਚਾ ਸਕਦੀ ਹੈ…।’’
ਐਨ ਅਨੁਸਾਰ, ‘‘ਉਸ ਤੋਂ ਪ੍ਰੇਰਿਤ ਹੋ ਕੇ ਹੋਰ ਵਿਦਿਆਰਥੀਆਂ ਨੇ ਵੀ ਖ਼ਤ ਭੇਜ ਦਿੱਤੇ ਜੋ ਇਕ ਇਕ ਕਰਕੇ ਛਪ ਗਏ।
ਉਨ੍ਹਾਂ ਵਿਚੋਂ ਡੇਰੀਅਨ ਦਾ ਖ਼ਤ ਖ਼ਾਸ ਤੌਰ ’ਤੇ ਕਰੁਣਾਮਈ ਅਤੇ ਪ੍ਰਭਾਵਸ਼ਾਲੀ ਸੀ ਹਾਲਾਂਕਿ ਪੜ੍ਹਨ ਲਿਖਣ ਨੂੰ ਡੇਰੀਅਨ ਦਰਮਿਆਨੇ ਪੱਧਰ ਦਾ ਹੀ ਸੀ। ਉਸ ਨੇ ਲਿਖਿਆ: ‘‘ਅਸੀਂ ਆਪਣੇ ਹੀ ਲੋਕਾਂ ਖ਼ਿਲਾਫ਼ ਜੰਗ ਨਹੀਂ ਛੇੜ ਸਕਦੇ। ਸਾਨੂੰ ਕਿਸੇ ਨੂੰ ਗੋਲੀ ਮਾਰ ਕੇ ਮਾਰਨ ਨੂੰ ਘੈਂਟ ਸਮਝਣ ਵਾਲੀ ਸੋਚ ਤਜਣੀ ਪਵੇਗੀ। ਸਾਨੂੰ ਆਪਣੇ ਨੌਜਵਾਨ ਬੱਚਿਆਂ ਨੂੰ ਇਹ ਸਮਝਾਉਣਾ ਪਵੇਗਾ ਕਿ ਬੰਦੂਕ ਹਾਸਲ ਕਰ ਕੇ ਤੁਸੀਂ ਸੂਰਮੇ ਨਹੀਂ ਬਣ ਸਕਦੇ। ਹਥਿਆਰ ਮੁਸੀਬਤਾਂ ਹੱਲ ਨਹੀਂ ਕਰਦੇ। ਸਾਨੂੰ ਸਿਰ ਜੋੜ ਕੇ ਬੈਠਣਾ ਹੋਵੇਗਾ ਅਤੇ ਆਪਣੇ ਲੋਕਾਂ ਨਾਲ ਗੱਲਬਾਤ ਕਰ ਕੇ ਸਮੱਸਿਆਵਾਂ ਦੇ ਹੱਲ ਲੱਭਣੇ ਪੈਣਗੇ।’’
ਅਗਲੇ ਦਿਨ ਅਖ਼ਬਾਰ ਵਿਚ ਇਸ ਦਾ ਜਵਾਬੀ ਖ਼ਤ ਛਪਿਆ ਜਿਸ ਵਿਚ ਡੇਰੀਅਨ ਦੇ ‘ਪ੍ਰਭਾਵਸ਼ਾਲੀ ਅਤੇ ਸੂਝ-ਬੂਝ ਭਰੇ ਖ਼ਤ’ ਦੀ ਪ੍ਰਸ਼ੰਸਾ ਕੀਤੀ ਗਈ ਸੀ। ਖ਼ਤ ਲਿਖਣ ਵਾਲੇ ਮੁਤਾਬਿਕ ਡੇਰੀਅਨ ਨੇ ‘ਅਜਿਹੇ ਕਈ ਮਸਲਿਆਂ ’ਤੇ ਰੌਸ਼ਨੀ ਪਾਈ ਸੀ ਕਿ ਸਾਡੇ ਨੌਜਵਾਨ ਹਥਿਆਰ ਰੱਖਣ ਨੂੰ ਟੌਹਰ ਵਾਲੀ ਗੱਲ ਜਾਂ ਲਾਜ਼ਮੀ ਕਿਉਂ ਮੰਨਦੇ ਹਨ।’
ਡੇਰੀਅਨ ਦੇ ਮਾਪੇ ਵੀ ਇਸ ਖ਼ਤ ਸਦਕਾ ਉਸ ’ਤੇ ਮਾਣ ਜਤਾਇਆ। ਇਉਂ ਇਸ ਪ੍ਰਕਿਰਿਆ ਵਿਚ ਮੇਜ਼ੀ, ਡੇਰੀਅਨ ਅਤੇ ਹੋਰਾਂ ਦੀ ਸ਼ਮੂਲੀਅਤ ਨੇ ਉਨ੍ਹਾਂ ਨੂੰ ਹਿੰਸਾ ਦੀ ਅਤਿ ਨੂੰ ਠੱਲ੍ਹ ਪਾਉਣ ਬਾਰੇ ਭਾਈਚਾਰਕ ਸੰਵਾਦ ਦਾ ਅਹਿਮ ਹਿੱਸਾ ਹੋਣ ਦਾ ਅਹਿਸਾਸ ਦਿਵਾਇਆ।’’
ਪੰਜਾਬ ਦੇ ਨੌਜਵਾਨਾਂ ਨੂੰ ਵੀ ਇਸ ਤਰ੍ਹਾਂ ਦੇ ਸਾਰਥਕ ਸੰਵਾਦ ਨਾਲ ਜੋੜ ਕੇ ਹਿੰਸਾ ਅਤੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਦੇ ਹੱਲ ਲੱਭਣ ਦੀ ਪਹਿਲਕਦਮੀ ਕਰਨ ਦੀ ਲੋੜ ਹੈ।