ਡਾ. ਜੋਗਿੰਦਰ ਸਿੰਘ*
ਸੰਨ 1849 ਵਿਚ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ’ਤੇ ਕਬਜ਼ਾ ਕਰ ਲਿਆ, ਪਰ ਖਾਲਸਾ ਰਾਜ ਦੇ ਸਿਰੜੀ ਯੋਧਿਆਂ ਨੇ ਭਾਈ ਮਹਾਰਾਜ ਸਿੰਘ ਦੀ ਅਗਵਾਈ ਅਧੀਨ ਅੰਗਰੇਜ਼ ਵਿਰੋਧੀ ਸੰਘਰਸ਼ ਨੂੰ ਚਲਦਾ ਰੱਖਿਆ। ਜਦੋਂ ਉਹ ਹਾਰ-ਹੰਭ ਗਏ ਤਾਂ ਨਾਮਧਾਰੀ ਗੁਰੂ ਰਾਮ ਸਿੰਘ ਨੇ ਇਸ ਸੰਘਰਸ਼ ਨੂੰ ਨਵੇਂ ਸਿਰਿਉਂ ਲਾਮਬੰਦ ਕੀਤਾ। ਉਨ੍ਹਾਂ ਨੇ 14 ਅਪਰੈਲ 1857 ਨੂੰ ਸੰਤ ਖਾਲਸੇ ਦਾ ਗਠਨ ਕੀਤਾ ਅਤੇ ਖਾਲਸਾ ਮਰਿਆਦਾ ਨੂੰ ਲਾਗੂ ਕੀਤਾ। ਬਾਬਾ ਰਾਮ ਸਿੰਘ ਦੇ ਪ੍ਰੇਰਨਾ ਸ੍ਰੋਤ ਗੁਰੂ ਗ੍ਰੰਥ ਸਾਹਿਬ ਅਤੇ ਪ੍ਰੇਮ ਸੁਮਾਰਗ ਸਨ। ਬਾਬਾ ਰਾਮ ਸਿੰਘ ਦੀ ਦ੍ਰਿਸ਼ਟੀ ਵਿਚ ਖਾਲਸਾ ਰਾਜ ਨੂੰ ਢਹਿ ਢੇਰੀ ਕਰਨ ਵਿਚ ਮਲੇਛ ਖਾਲਸੇ ਨੇ ਭੂਮਿਕਾ ਨਿਭਾਈ।
1860ਵਿਆਂ ਤੱਕ ਬਾਬਾ ਰਾਮ ਸਿੰਘ ਪ੍ਰਭਾਵਸ਼ਾਲੀ ਆਗੂ ਬਣ ਗਏ ਸਨ। ਉਨ੍ਹਾਂ ਦੇ ਸ਼ਰਧਾਲੂਆਂ ਦੀ ਗਿਣਤੀ 60,000 ਸੀ। ਸ਼ਰਧਾਲੂਆਂ ਦੀ ਬਹੁਗਿਣਤੀ ਛੋਟੇ ਤੇ ਦਰਮਿਆਨੇ ਜੱਟ ਸਿੱਖ ਕਾਸ਼ਤਕਾਰਾਂ ਦੀ ਸੀ। ਦੂਜੇ ਨੰਬਰ ’ਤੇ ਪੱਛੜੀਆਂ ਜਾਤਾਂ ਨਾਲ ਸਬੰਧਿਤ ਲੋਕ ਅਤੇ ਦਲਿਤ ਸਿੱਖ ਸਨ।
ਬਾਬਾ ਜੀ ਨੇ ਲਾਮਬੰਦੀ ਲਈ ਪਿੰਡਾਂ, ਕਸਬਿਆਂ ਅਤੇ ਨਗਰਾਂ ਵਿਚ ਆਪਣੇ ਵਿਸ਼ਵਾਸਪਾਤਰ ਸ਼ਰਧਾਲੂਆਂ ਵਿਚੋਂ ਸੂਬੇਦਾਰ, ਨਾਇਬ ਸੂਬੇਦਾਰ ਅਤੇ ਜਥੇਦਾਰ ਨਿਯੁਕਤ ਕੀਤੇ। ਇਨ੍ਹਾਂ ਸੂਬਿਆਂ ਦਾ ਸਮਾਜਿਕ ਪਿਛੋਕੜ ਦਿਲਚਸਪ ਸੀ। ਪੰਜ ਸੂਬੇ ਤਾਂ ਅੰਗਰੇਜ਼ ਫ਼ੌਜ ਵਿਚੋਂ ਜਾਂ ਤਾਂ ਅਸਤੀਫ਼ਾ ਦੇ ਕੇ ਆਏ ਜਾਂ ਬਰਖਾਸਤ ਕੀਤੇ ਗਏ। ਇਨ੍ਹਾਂ ਸੂਬਿਆਂ ਦੀ ਗਿਣਤੀ ਦੋ ਦਰਜਨ ਦੇ ਕਰੀਬ ਸੀ। ਸਰਕਾਰ ਇਨ੍ਹਾਂ ਨੂੰ ਅੰਤਾਂ ਦੇ ਕੱਟੜਪੰਥੀ ਅਤੇ ਉਪਦ੍ਰਵੀ ਸਮਝਦੀ ਸੀ, ਖ਼ਾਸ ਕਰਕੇ ਉਦੋਂ ਜਦੋਂ ਇਨ੍ਹਾਂ ਨੇ ਮੜ੍ਹੀਆਂ-ਮਸਾਣਾਂ ਨੂੰ ਢਾਹੁਣਾ ਸ਼ੁਰੂ ਕੀਤਾ।
ਰਿਆਸਤੀ ਫ਼ੌਜਾਂ ਵਿਚ ਭਰਤੀ ਹੋਏ ਕੂਕੇ ਸਿੱਖ ਵੀ ਅੰਗਰੇਜ਼ੀ ਸਰਕਾਰ ਦੇ ਸਾਬਕਾ ਸਿਵਲ ਦੇ ਕਰਮਚਾਰੀ ਅਤੇ ਫ਼ੌਜੀ ਸਨ। ਇਨ੍ਹਾਂ ਦੀ ਗਿਣਤੀ 33 ਦੇ ਕਰੀਬ ਸੀ। ਕੂਕੇ ਸਿੱਖਾਂ ਦਾ ਇਹ ਪਿਛੋਕੜ ਨਾਮਧਾਰੀ ਗੁਰੂ ਦੀ ਰਾਜਨੀਤਕ ਮਨਸ਼ਾ ਨੂੰ ਸਪੱਸ਼ਟ ਕਰਦਾ ਹੈ। ਸਰਕਾਰ ਦੇ ਨਜ਼ਰੀਏ ਤੋਂ ਨਾਮਧਾਰੀ ਗੁਰੂ ਜੁਝਾਰੂ ਪਿਛੋਕੜ ਦੇ ਸਿੱਖਾਂ ਨੂੰ ਪਨਾਹ ਦੇ ਰਿਹਾ ਸੀ।
ਨਾਮਧਾਰੀ ਗੁਰੂ ਨੇ ਸਿੱਖਾਂ ਵਿਚ ਸਮਾਜਿਕ ਅਤੇ ਧਾਰਮਿਕ ਚੇਤਨਾ ਪੈਦਾ ਕਰਨ ਅਤੇ ਸਿੱਖਾਂ ਨੂੰ ਗੁਰੂ ਦੇ ਲੜ ਲਾਉਣ ਲਈ ਗੁਰੂ ਗ੍ਰੰਥ ਸਾਹਿਬ ਦੇ ਅਨੇਕਾਂ ਸੰਕਲਨ ਤਿਆਰ ਕਰਵਾਏ ਅਤੇ ਉਨ੍ਹਾਂ ਦਾ ਧਰਮਸ਼ਾਲਾਵਾਂ ਵਿਚ ਪ੍ਰਕਾਸ਼ ਕਰਵਾਇਆ। ਰਾਗੀ-ਢਾਡੀਆਂ ਦੇ ਜਥੇ ਤਿਆਰ ਕੀਤੇ ਅਤੇ ਦੀਵਾਨ ਲਗਾਏ। ਨਾਮਧਾਰੀ ਗੁਰੂ ਨੇ ਸਿੱਖਾਂ ਦੇ ਇਤਿਹਾਸਕ ਗੁਰਦੁਆਰਿਆਂ (ਅੰਮ੍ਰਿਤਸਰ, ਆਨੰਦਪੁਰ ਤੇ ਮੁਕਤਸਰ) ਦੇ ਦੌਰੇ ਕੀਤੇ। ਉਨ੍ਹਾਂ ਦੇ ਇਨ੍ਹਾਂ ਯਤਨਾਂ ਨਾਲ ਸਿੱਖਾਂ ਵਿਚ ਸਭਿਆਚਾਰਕ ਸ਼ਿਸ਼ਟਾਚਾਰ ਪੈਦਾ ਹੋਇਆ। ਗੁਰੂ ਦੇ ਮਸਲੇ ਉੱਤੇ ਉਨ੍ਹਾਂ ਦਾ ਟਕਰਾਅ ਗੁਰਦੁਆਰਿਆਂ ਦੇ ਮਹੰਤਾਂ/ਪੁਜਾਰੀਆਂ ਨਾਲ ਵੀ ਹੋਇਆ।
ਜੱਟ ਸਿੱਖ ਕਾਸ਼ਤਕਾਰ, ਦਸਤਕਾਰ ਅਤੇ ਹੋਰ ਕੰਮੀ-ਕਮੀਣ ਨਾਮਧਾਰੀ ਗੁਰੂ ਦੇ ਉਪਦੇਸ਼ ਵੱਲ ਇਸ ਕਰਕੇ ਖਿੱਚੇ ਗਏ ਕਿ ਉਸ ਵੇਲੇ ਧਾਰਮਿਕ ਸਥਾਨਾਂ ’ਤੇ ਕਾਬਜ਼ ਮਹੰਤ ਅਤੇ ਪੁਜਾਰੀ ਉਨ੍ਹਾਂ ਦਾ ਸਮਾਜਿਕ ਅਤੇ ਆਰਥਿਕ ਸ਼ੋਸ਼ਣ ਕਰ ਰਹੇ ਸਨ। ਇਸ ਸ਼੍ਰੇਣੀ ਨੇ ਗੁਰਦੁਆਰਿਆਂ ਦੇ ਚੜ੍ਹਾਵੇ ਅਤੇ ਜ਼ਮੀਨ ਜਾਇਦਾਦਾਂ ਤੋਂ ਹੁੰਦੀ ਆਮਦਨ ਨੂੰ ਆਪਣੇ ਨਿੱਜੀ ਸਵਾਰਥਾਂ ਲਈ ਵਰਤਣਾ ਸ਼ੁਰੂ ਕਰ ਦਿੱਤਾ ਸੀ। ਬਾਬਾ ਰਾਮ ਸਿੰਘ ਨੇ ਇਨ੍ਹਾਂ ਵਿਰੁੱਧ ਜਨ ਅੰਦੋਲਨ ਚਲਾਇਆ। ਉਨ੍ਹਾਂ ਨੇ ਸਿੱਖਾਂ ਨੂੰ ਅੰਧ-ਵਿਸ਼ਵਾਸ ਦੇ ਪ੍ਰਤੀਕਾਂ ਦੀ ਪੂਜਾ ਤੋਂ ਵਰਜਿਆ, ਕੇਵਲ ਨਾਮ ਸਿਮਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸ਼ਰਧਾਲੂਆਂ ਨੂੰ ਸਮਾਜਿਕ ਕੁਰੀਤੀਆਂ- ਬਾਲ ਵਿਆਹ, ਕੁੜੀਮਾਰ ਅਤੇ ਵੱਟਾ-ਸੱਟਾ ਪ੍ਰਥਾਵਾਂ – ਦੀ ਪਾਲਣਾ ਕਰਨ ਤੋਂ ਰੋਕਿਆ। ਇਨ੍ਹਾਂ ਦੀ ਬਜਾਇ ਲੜਕੀਆਂ ਨੂੰ ਗੁਰਮੁਖੀ ਸਿਖਾਉਣ ’ਤੇ ਜ਼ੋਰ ਦਿੱਤਾ। ਲੜਕੇ ਤੇ ਲੜਕੀ ਦੇ ਵਿਆਹ ਦੀ ਉਮਰ ਕ੍ਰਮਵਾਰ 21 ਅਤੇ 18 ਸਾਲ ਨਿਸ਼ਚਿਤ ਕੀਤੀ। ਬਿਨਾਂ ਦਾਜ ਦਹੇਜ ਦੇ ਸਮੂਹਿਕ ਵਿਆਹ ਦੀਆਂ ਰੀਤਾਂ ਸ਼ੁਰੂ ਕੀਤੀਆਂ।
ਨਾਮਧਾਰੀ ਗੁਰੂ ਨੇ ਰਵਾਇਤੀ ਪੰਚਾਇਤੀ ਸੰਸਥਾਵਾਂ ਨੂੰ ਪੁਨਰ ਸੁਰਜੀਤ ਕੀਤਾ। ਆਪਣੇ ਸ਼ਰਧਾਲੂਆਂ ਨੂੰ ਆਪਣੇ ਦੀਵਾਨੀ ਅਤੇ ਫ਼ੌਜਦਾਰੀ ਮਸਲੇ ਇਨ੍ਹਾਂ ਸੰਸਥਾਵਾਂ ਵਿਚ ਨਜਿੱਠਣ ਲਈ ਹਦਾਇਤਾਂ ਦਿੱਤੀਆਂ। ਉਦੋਂ ਕਿਰਸਾਨੀ ਜਮਾਤ ਦਾ ਸਭ ਤੋਂ ਵੱਡਾ ਸੰਕਟ ਭੂਮੀ ਲਗਾਨ ਨੂੰ ਨਕਦ ਰੂਪ ਵਿਚ ਜਮ੍ਹਾ ਕਰਵਾਉਣਾ ਸੀ ਜਿਸ ਲਈ ਉਨ੍ਹਾਂ ਨੂੰ ਸ਼ਾਹੂਕਾਰਾਂ ਕੋਲੋਂ ਕਰਜ਼ਾ ਲੈਣ ਲਈ ਜ਼ਮੀਨ ਗਹਿਣੇ ਰੱਖਣੀ ਪੈਂਦੀ ਸੀ। ਕਰਜ਼ਾ ਨਾ ਮੋੜਨ ਦੀ ਸੂਰਤ ਵਿਚ ਗਹਿਣੇ ਰੱਖੀ ਗਈ ਜ਼ਮੀਨ ’ਤੇ ਸ਼ਾਹੂਕਾਰਾਂ ਦੀ ਮਾਲਕੀ ਬਣ ਜਾਂਦੀ ਸੀ। ਕਿਰਸਾਨਾਂ ਕੋਲੋਂ ਜ਼ਮੀਨ ਦਾ ਖੁੱਸਣਾ (land alienation) 19ਵੀਂ ਸਦੀ ਦਾ ਗੰਭੀਰ ਸੰਕਟ ਸੀ। ਇਸ ਪ੍ਰਸੰਗ ਵਿਚ ਨਾਮਧਾਰੀ ਗੁਰੂ ਨੇ ਅਜਿਹੇ ਸਮਾਜ ਨੂੰ ਸਿਰਜਣ ਦਾ ਯਕੀਨ ਦਿਵਾਇਆ ਜਿਹੜਾ ਨਾ-ਬਰਾਬਰੀ ਅਤੇ ਸ਼ੋਸ਼ਣ ਤੋਂ ਮੁਕਤ ਹੋਵੇ। ਉਨ੍ਹਾਂ ਨੇ ਸ਼ਰਧਾਲੂਆਂ ਨੂੰ ਕਰਜ਼ਾ ਲੈਣ ਤੋਂ ਵਰਜਿਆ।
ਇਨ੍ਹਾਂ ਯਤਨਾਂ ਦੇ ਫਲਸਰੂਪ ਸੰਤ ਖਾਲਸਾ ਅੰਗਰੇਜ਼ਾਂ ਉਪਰ ਆਪਣੀ ਫ਼ਤਹਿ ਦੇ ਸੁਪਨੇ ਲੈਣ ਲੱਗ ਪਿਆ। ਪਿੰਡ ਬਰਾਜਵਾਲਾ (ਜ਼ਿਲ੍ਹਾ ਸਿਰਸਾ) ਵਿਖੇ ਕੁਝ ਕੂਕਿਆਂ ਦੀ ਪੁਲੀਸ ਨਾਲ ਫਰਵਰੀ 1869 ਵਿਚ ਝੜਪ ਹੋਈ। ਸਰਕਾਰ ਨੂੰ ਜਾਣਕਾਰੀ ਮਿਲੀ ਕਿ ਕੂਕੇ ਵਿਦਰੋਹੀ ਬੋਲੀ ਬੋਲਦੇ ਹਨ। 44 ਕੂਕੇ ਸਿੱਖ ਆਪਣੀਆਂ ਜ਼ਮੀਨਾਂ ਜਾਇਦਾਦਾਂ ਵੇਚ-ਵੱਟ ਕੇ ਭੈਣੀ ਸਾਹਿਬ ਆ ਟਿਕੇ। ਫਿਰ ਉਹ ਅਤੇ ਹੋਰ ਸੰਗੀ ਸਾਥੀ ਖ਼ਾਲਸਾ ਰਾਜ ਦੀ ਬਹਾਲੀ ’ਤੇ ਵਿਚਾਰ ਕਰਨ ਲੱਗੇ। ਨਾਮਧਾਰੀ ਗੁਰੂ ਨੇ ਗੁਆਂਢੀ ਰਿਆਸਤਾਂ ਨਾਲ ਰਾਜਨੀਤਕ ਸੰਪਰਕ ਬਣਾਏ। ਕੂਕਾ ਰੈਜੀਮੈਂਟਾਂ ਸਥਾਪਿਤ ਕੀਤੀਆਂ। ਫ਼ੌਜੀ ਸਿਖਲਾਈ ਦੇ ਪ੍ਰਬੰਧ ਕੀਤੇ। ਆਪਣੀ ਡਾਕ ਪ੍ਰਣਾਲੀ ਚਲਾਈ।
1871-72 ਵਿਚ ਸਰਕਾਰ ਦੀਆਂ ਖ਼ੁਫ਼ੀਆ ਏਜੰਸੀਆਂ ਨੇ ਪੁਖਤਾ ਜਾਣਕਾਰੀ ਦਿੱਤੀ ਕਿ ਪੰਜਾਬ ਵਿਚ ਬਗ਼ਾਵਤ ਫੈਲ ਸਕਦੀ ਹੈ। ਸਰਕਾਰੀ ਤੰਤਰ ਨੂੰ 1857 ਦੇ ਗ਼ਦਰ ਦਾ ਪਰਛਾਵਾਂ ਦਿਖਾਈ ਦੇਣ ਲੱਗਾ। ਸਰਕਾਰ ਨਾਮਧਾਰੀ ਗੁਰੂ ਨੂੰ ਜਲਾਵਤਨ ਕਰਨ ਦੇ ਮੌਕੇ ਦੀ ਉਡੀਕ ਵਿਚ ਸੀ।
ਨਾਮਧਾਰੀ ਸਿੱਖਾਂ ਦੀ ਗਊ-ਹੱਤਿਆ ਦੇ ਮਸਲੇ ’ਤੇ ਸਰਕਾਰ ਨਾਲ ਟੱਕਰ ਹੋ ਗਈ। ਇਹ ਟੱਕਰ ਪਹਿਲੋਂ ਅੰਮ੍ਰਿਤਸਰ ਤੇ ਫਿਰ ਰਾਏਕੋਟ (ਜ਼ਿਲ੍ਹਾ ਲੁਧਿਆਣਾ) ਵਿਖੇ ਹੋਈ। ਬੁੱਚੜਾਂ ਦੇ ਕਤਲ ਲਈ ਸਰਕਾਰ ਨੇ ਦਸ ਨਾਮਧਾਰੀਆਂ ਨੂੰ ਸੂਲੀ ’ਤੇ ਚਾੜ੍ਹ ਦਿੱਤਾ। ਸੱਤ ਨਾਮਧਾਰੀਆਂ ਨੂੰ ਕਾਲੇਪਾਣੀ ਭੇਜ ਦਿੱਤਾ। ਨਾਮਧਾਰੀਆਂ ਨੇ ਮੁਸਲਿਮ ਰਿਆਸਤ ਮਾਲੇਰਕੋਟਲੇ ’ਤੇ 1872 ਵਿਚ ਹਮਲਾ ਹਥਿਆਰ ਅਤੇ ਘੋੜੇ ਖੋਹਣ ਦੇ ਇਰਾਦੇ ਨਾਲ ਕੀਤਾ। ਦੋਵੇਂ ਧਿਰਾਂ ਦਾ ਜਾਨੀ ਨੁਕਸਾਨ ਹੋਇਆ। ਲੁਧਿਆਣਾ ਜ਼ਿਲ੍ਹੇ ਦੇ ਕਾਰਜਕਾਰੀ ਡਿਪਟੀ ਕਮਿਸ਼ਨਰ ਨੇ ਬਦਲੇ ਵਿਚ 65 ਕੂਕਿਆਂ ਨੂੰ ਤੋਪਾਂ ਨਾਲ ਉਡਾ ਦਿੱਤਾ। ਇਕ ਬਾਲਕ ਨੂੰ ਵੀ ਕਤਲ ਕਰ ਦਿੱਤਾ। ਇਹ ਹੌਲਨਾਕ ਅਤੇ ਵਹਿਸ਼ੀਆਨਾ ਪ੍ਰਕਿਰਿਆ ਸੀ। ਸਰਕਾਰ ਨੇ ਨਾਮਧਾਰੀ ਗੁਰੂ ਨੂੰ ਰੰਗੂਨ (ਮਿਆਂਮਾਰ) ਜਲਾਵਤਨ ਕਰ ਦਿੱਤਾ।
ਸਰਕਾਰਪ੍ਰਸਤ ਲੋਕਾਂ ਨੂੰ ਖ਼ੁਸ਼ੀ ਹੋਈ ਕਿ ਸਰਕਾਰ ਨੇ ਦੁਸ਼ਟ ਤੇ ਗੁੰਮਰਾਹ ਸੰਪਰਦਾਇ ’ਤੇ ਕਾਬੂ ਪਾਉਣ ਲਈ ਅਤਿਅੰਤ ਸਹੀ ਅਤੇ ਸ਼ਾਨਦਾਰ ਢੰਗ ਅਪਣਾਏ। ਜਦੋਂਕਿ ਹਿੰਦੋਸਤਾਨ ਦੇ ਅਖ਼ਬਾਰਾਂ ਨੇ ਦੱਬਵੀਂ ਸੁਰ ਵਿਚ ਅੰਗਰੇਜ਼ ਅਫ਼ਸਰਾਂ ਦੀ ਬੇਰਹਿਮੀ ਦੀ ਮਜ਼ੱਮਤ ਕੀਤੀ।
ਪੁਲੀਸ ਨੇ ਭੈਣੀ ਸਾਹਿਬ ਕੰਪਲੈਕਸ ਦੀ ਤਲਾਸ਼ੀ ਲਈ ਅਤੇ ਤਾਲਾ ਮਾਰ ਦਿੱਤਾ ਤੇ ਅਣਮਿੱਥੇ ਸਮੇਂ ਲਈ ਪੁਲੀਸ ਚੌਕੀ ਬਿਠਾ ਦਿੱਤੀ। ਪੁਲੀਸ ਅਤੇ ਸਰਕਾਰਪ੍ਰਸਤਾਂ ਨੇ ਨਾਮਧਾਰੀ ਸਿੱਖਾਂ ਨੂੰ ਜ਼ਲੀਲ ਕਰਨ ਦੀ ਕੋਈ ਕਸਰ ਨਾ ਛੱਡੀ। ਨਾਮਧਾਰੀ ਗੁਰੂ ਰਾਮ ਸਿੰਘ ਦੇ ਛੋਟੇ ਭਰਾ ਬਾਬਾ ਹਰੀ ਸਿੰਘ, ਭੈਣੀ ਸਾਹਿਬ ਦੇ ‘ਸਿਰਕਰਤਾ’ ਬਣੇ। ਨਾਮਧਾਰੀ ਸਿੱਖਾਂ ਦੇ ਪ੍ਰੇਰਨਾ ਸ੍ਰੋਤ ਉਨ੍ਹਾਂ ਦੇ ਗੁਰੂ ਸਨ। ਉਹ ਸਿਦਕ ਨਹੀਂ ਹਾਰੇ। 1885 ਵਿਚ ਮਹਾਰਾਜਾ ਦਲੀਪ ਸਿੰਘ ਦੇ ਪੰਜਾਬ ਆਉਣ ਦੀ ਖ਼ਬਰ ਨੇ ਖਾਲਸਾ ਰਾਜ ਦੇ ਹਮਾਇਤੀਆਂ ਵਿਚ ਆਜ਼ਾਦੀ ਦੀ ਚਿਣਗ ਮਘਾਈ। ਨਾਮਧਾਰੀਆਂ ਨੂੰ ਆਸ ਬੱਝੀ ਕਿ ਪੰਜਾਬ ਅੰਗਰੇਜ਼ਾਂ ਵਿਰੁੱਧ ਉੱਠੇਗਾ, ਪਰ ਸਰਕਾਰੀ ਤੰਤਰ ਅਤੇ ਰਾਜ ਦੇ ਭਾਈਵਾਲਾਂ ਨੇ ਆਜ਼ਾਦੀ ਦੀ ਚਿਣਗ ਨੂੰ ਬੁਝਾ ਦਿੱਤਾ।
* ਇੰਚਾਰਜ, ਸਿੱਖ ਖੋਜ ਕੇਂਦਰ ਖਾਲਸਾ ਕਾਲਜ, ਅੰਮ੍ਰਿਤਸਰ।
ਸੰਪਰਕ: 98158-46460
ਨਾਮਧਾਰੀ ਲਹਿਰ ਦੇ ਬਾਨੀ ਬਾਬਾ ਰਾਮ ਸਿੰਘ ਆਪਣੇ ਸ਼ਰਧਾਲੂਆਂ ਨੂੰ ‘ਨਾਮ’ ਦਿੰਦੇ ਸਨ, ਇਸ ਲਈ ਇਨ੍ਹਾਂ ਨੂੰ ਨਾਮਧਾਰੀ ਕਿਹਾ ਜਾਂਦਾ ਹੈ। ਨਾਮ ਜਪਦੇ ਜਪਦੇ ਉਹ ਮਸਤੀ ਵਿਚ ਕੂਕਾਂ ਮਾਰਨ ਲੱਗ ਪੈਂਦੇ ਜਿਸ ਕਾਰਨ ਲੋਕ ਉਨ੍ਹਾਂ ਨੂੰ ਕੂਕੇ ਕਹਿਣ ਲੱਗ ਪਏ।
ਬਾਬਾ ਰਾਮ ਸਿੰਘ ਨਾ-ਮਿਲਵਰਤਣ ਅਤੇ ਸਵਦੇਸ਼ੀ (ਦੇਸੀ ਵਸਤਾਂ ਨੂੰ ਵਰਤਣਾ) ਨੂੰ ਸਿਆਸੀ ਹਥਿਆਰ ਬਣਾਉਣ ਵਾਲੇ ਪਹਿਲੇ ਵਿਅਕਤੀ ਸਨ। ਬਾਬਾ ਰਾਮ ਸਿੰਘ ਨੇ 1860 ਵਿਚ ਅੰਗਰੇਜ਼ੀ ਵਸਤਾਂ, ਸਰਕਾਰੀ ਸਕੂਲਾਂ, ਕਾਨੂੰਨੀ ਅਦਾਲਤਾਂ ਅਤੇ ਡਾਕ ਸੇਵਾਵਾਂ ਦੇ ਬਾਈਕਾਟ ਅਤੇ ਹੱਥ ਨਾਲ ਬੁਣੇ ਕੱਪੜੇ (ਖੱਦਰ) ਪਾਉਣ ਦੀ ਪ੍ਰੇਰਨਾ ਦਿੱਤੀ ਜਿਸਨੂੰ ਮਹਾਤਮਾ ਗਾਂਧੀ ਨੇ 60 ਸਾਲਾਂ ਬਾਅਦ ਅਪਣਾਇਆ।
– ਇਤਿਹਾਸਕਾਰ ਖੁਸ਼ਵੰਤ ਸਿੰਘ
ਅੰਗਰੇਜ਼ਾਂ ਦੀ ਈਨ ਨਾ ਮੰਨਦੇ…
ਡਾ. ਲਖਵੀਰ ਸਿੰਘ ਨਾਮਧਾਰੀ
ਬਸਤੀਵਾਦੀ ਅੰਗਰੇਜ਼ ਬਾਬਾ ਰਾਮ ਸਿੰਘ ਦੀ ਵਧਦੀ ਹਰਮਨ ਪਿਆਰਤਾ ਵੇਖ ਕੇ ਫ਼ਿਕਰਮੰਦ ਸਨ। ਉਨ੍ਹਾਂ ਦਿਨਾਂ ਵਿਚ ਪੰਡਿਤਾਂ ਵੱਲੋਂ ਅਨੰਦ ਕਾਰਜ ਦੀ ਰੀਤ ਦਾ ਵਿਰੋਧ ਕਰਨ ਕਰਕੇ ਗੱਲ ਸਰਕਾਰੇ ਦਰਬਾਰੇ ਪਹੁੰਚ ਗਈ। ਅੰਗਰੇਜ਼ ਸਰਕਾਰ ਨੇ ਬਾਬਾ ਰਾਮ ਸਿੰਘ ਦੇ ਭੈਣੀ ਸਾਹਿਬ ਤੋਂ ਬਾਹਰ ਜਾਣ ਅਤੇ ਪ੍ਰਚਾਰ ਕਰਨ ’ਤੇ ਪਾਬੰਦੀ ਲਗਾ ਦਿੱਤੀ। ਬਾਬਾ ਜੀ ਨੇ ਅਜਿਹੇ ਹਾਲਾਤ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਮਹਾਂ ਪੰਜਾਬ ਨੂੰ 22 ਹਿੱਸਿਆਂ ਵਿਚ ਵੰਡ ਕੇ 22 ਸੂਬੇ ਵੱਖ-ਵੱਖ ਇਲਾਕਿਆਂ ਵਿਚ ਨਿਯੁਕਤ ਕਰ ਦਿੱਤੇ ਜੋ ਗੁਰਮਤਿ ਅਤੇ ਕੂਕਾ ਅੰਦੋਲਨ ਦਾ ਪ੍ਰਚਾਰ ਕਰਦੇ। ਅੰਗਰੇਜ਼ ਬਸਤੀਵਾਦੀਆਂ ਦਾ ਪਤਨ ਕਰ ਕੇ ਸਵੈਰਾਜ ਮੁੜ ਸਥਾਪਤ ਕਰਨ ਲਈ ਬਾਬਾ ਰਾਮ ਸਿੰਘ ਦੀ ਇਹ ਲਹਿਰ ਜਵਾਹਰਭਾਟੇ ਦਾ ਰੂਪ ਧਾਰਨ ਕਰ ਗਈ। ਲੱਖਾਂ ਲੋਕ ਨਾਮਧਾਰੀ ਸਜ ਗਏ। ਲੋਕਾਂ ਦੇ ਮੂੰਹਾਂ ’ਤੇ ਇਹ ਬੋਲੀਆਂ ਚੜ੍ਹ ਗਈਆਂ ਜੋ ਅੱਜ ਵੀ ਸਾਡੇ ਸੱਭਿਆਚਾਰ ਦਾ ਹਿੱਸਾ ਹਨ:
ਕੂਕਿਆਂ ਦਾ ਪੰਥ ਨਿਰਾਲਾ,
ਹੱਥਾਂ ਵਿਚ ਗੜ੍ਹਵੇ ਰੱਖਦੇ,
ਗਲ ਵਿਚ ਉੱਨ ਦੀ ਮਾਲਾ,
ਅੰਗਰੇਜ਼ਾਂ ਦੀ ਈਨ ਨਾ ਮੰਨਦੇ,
ਮੰਗਿਆ ਦੇਣ ਨਾ ਹਾਲਾ,
ਰਾਜ ਅੰਗਰੇਜ਼ਾਂ ਦਾ
ਚੰਦ ਰੋਜ਼ ਦਾ ਚਾਲਾ…।
ਬਾਬਾ ਰਾਮ ਸਿੰਘ ਨੇ ਅੰਗਰੇਜ਼ ਸਾਮਰਾਜ ਵਿਰੁੱਧ ਹਥਿਆਰਬੰਦ ਲੜਾਈ ਦੀ ਥਾਂ ਨਾ-ਮਿਲਵਰਤਣ ਅਤੇ ਸਵਦੇਸ਼ੀ ਦਾ ਹਥਿਆਰ ਵਰਤਿਆ। ਉਨ੍ਹਾਂ ਨੇ ਦੇਸ਼ ਦੇ ਕੋਨੇ-ਕੋਨੇ ਤੱਕ ਇਹ ਆਵਾਜ਼ ਪਹੁੰਚਾ ਦਿੱਤੀ ਕਿ ਹਿੰਦੋਸਤਾਨੀਓਂ ਅੰਗਰੇਜ਼ ਦਾ ਪੂਰਨ ਬਾਈਕਾਟ ਕਰ ਦਿਉ। ਲੋਕਾਂ ਨੇ ਅੰਗਰੇਜ਼ੀ ਸਕੂਲਾਂ, ਅਦਾਲਤਾਂ, ਅੰਗਰੇਜ਼ ਦੀਆਂ ਮਿੱਲਾਂ ’ਚੋਂ ਬਣੇ ਮਾਲ ਦਾ ਬਾਈਕਾਟ ਕਰ ਦਿੱਤਾ ਅਤੇ ਰੇਲ ਗੱਡੀਆਂ ਦਾ ਸਫ਼ਰ ਬੰਦ ਕਰ ਦਿੱਤਾ। ਗੁਰੂ ਰਾਮ ਸਿੰਘ ਨੇ ਕਸ਼ਮੀਰ ਵਿਚ ਹੀਰਾ ਸਿੰਘ ਸਢੌਰਾ ਦੀ ਕਮਾਨ ਹੇਠ ‘ਕੂਕਾ ਪਲਟਨ’ ਦੀ ਫ਼ੌਜੀ ਟੁਕੜੀ ਦੀ ਸਥਾਪਨਾ ਕੀਤੀ। ਭਾਈ ਕਾਹਨ ਸਿੰਘ ਨਿਹੰਗ ਅਤੇ ਸੂਬਾ ਬਿਸ਼ਨ ਸਿੰਘ ਨੂੰ ਦੇਸ਼ੀ ਰਿਆਸਤਾਂ ਦੇ ਰਾਜਿਆਂ ਅਤੇ ਸਰਹੱਦੀ ਰਾਜਾਂ ਨਾਲ ਰਾਬਤਾ ਕਾਇਮ ਕਰਨ ਲਈ ਰਾਜਦੂਤ ਨਿਯੁਕਤ ਕਰ ਦਿੱਤਾ। ਉਨ੍ਹਾਂ ਨੇ ਰੂਸ, ਕਸ਼ਮੀਰ, ਹੈਦਰਾਬਾਦ, ਲਖਨਊ, ਨੇਪਾਲ ਦੇ ਰਾਜਿਆਂ ਨਾਲ ਆਜ਼ਾਦੀ ਸਬੰਧੀ ਵਿਚਾਰ ਚਰਚਾ ਸ਼ੁਰੂ ਕਰ ਦਿੱਤੀ। ਸਿੰਘਾਂ ਨੇ ਦੀਵਾਨਾਂ ਵਿਚ ਤਕਰੀਰਾਂ ਕਰਦਿਆਂ ਇਹ ਸ਼ਬਦ ਪੜ੍ਹਨੇ ਸ਼ੁਰੂ ਕਰ ਦਿੱਤੇ:
“ਇੱਥੋਂ ਚੁੱਕ ਲੈ ਫਰੰਗੀਆਂ ਡੇਰਾ, ਖਾਲਸੇ ਨੇ ਰਾਜ ਕਰਨਾ।”
ਅੰਗਰੇਜ਼ ਇਸ ਧਾਰਮਿਕ ਲਹਿਰ ਦੇ ਰਾਜਨੀਤਿਕ ਮਨਸੂਬੇ ਦੇਖ ਕੇ ਡਰ ਗਿਆ। ਅੰਗਰੇਜ਼ ਅਫ਼ਸਰ ਐਡਵਰਡ ਬੇਲੀ ਆਪਣੀ ਰਿਪੋਰਟ ਵਿਚ ਲਿਖਦਾ ਹੈ: “ਰਾਮ ਸਿੰਘ ਬਹੁਤ ਖ਼ਤਰਨਾਕ ਵਿਅਕਤੀ ਹੈ, ਸ਼ਾਇਦ ਹੁਣ ਹਿੰਦੋਸਤਾਨ ਵਿਚ ਸਭ ਤੋਂ ਵੱਧ ਖ਼ਤਰਨਾਕ।”
ਬਾਬਾ ਰਾਮ ਸਿੰਘ ਦੀਆਂ ਹਸਤ ਲਿਖਤਾਂ ਰਾਹੀਂ ਵੀ ਕੂਕਾ ਅੰਦੋਲਨ ਪੰਜਾਬ ਅਤੇ ਹਿੰਦੋਸਤਾਨ ਤੋਂ ਬਾਹਰ ਅੰਤਰਰਾਸ਼ਟਰੀ ਪੱਧਰ ਤੱਕ ਫੈਲਿਆ। ਉਨ੍ਹਾਂ ਦੀਆਂ ਇਨ੍ਹਾਂ ਲਿਖਤਾਂ ਦੀ ਬਹੁਤ ਵੱਡੀ ਇਤਿਹਾਸਕ ਮਹੱਹਤਾ ਹੈ। ਇਨ੍ਹਾਂ ਲਿਖਤਾਂ ਦੀ ਗਿਣਤੀ 64 ਹੈ। ਇਸ ਬਾਰੇ ਬੰਗਲ ਦੇ ਇਤਿਹਾਸਕਾਰ ਡਾ. ਪੀ.ਸੀ. ਰਾਏ ਇੰਝ ਲਿਖਦੇ ਹਨ:
“ਆਜ਼ਾਦੀ ਦੇ ਇਤਿਹਾਸ ਵਿਚ ਗੁਰੂ ਰਾਮ ਸਿੰਘ, ਮੌਲਮੀਨ ਜੇਹਲ ਦੇ ਕਾਂਸਟੇਬਲ ਹਰਨਾਮ ਸਿੰਘ, ਭੈਣੀ ਸਾਹਿਬ ਦੇ ਗੁਰੂ ਬੁੱਧ ਸਿੰਘ, ਸਿਰਹਾਲੀ ਦੇ ਮੀਹਾਂ ਸਿੰਘ, ਸੰਤ ਸਿੰਘ, ਮਛੂਆ ਬਾਜ਼ਾਰ ਸਟਰੀਟ ਦੇ ਬਨਬਿਹਾਰੀ ਸਿੰਘ, ਰੂਸੀ ਹਾਕਮ ਕਾਰਡਕ ਮਿਆਨ, ਕਰੋਲ ਕੋਵ ਤੇ ਈਵਾਨੋਵ ਸਭਨਾਂ ਨੇ ਰਲ ਕੇ ਇੱਕ ਹੈਰਾਨ ਕਰਨ ਵਾਲੇ ਅਧਿਆਏ ਦੀ ਰਚਨਾ ਕੀਤੀ ਹੈ।”
ਸੰਪਰਕ: 98768-50680
ਕੂਕਾ ਲਹਿਰ
ਚੰਦਾ ਸਿੰਘ
ਲਿਖੇ ਹੁਕਮਨਾਮੇ ਜਦ ਗਏ,
ਸਿੰਘਾਂ ਧਰ ਸੀਸ ਤੇ ਲਏ,
ਮਨ ਵਿਚ ਚਾਉ ਬਹੁਤ ਚੜ੍ਹ ਗਏ,
ਘਰ ਵਿਚ ਕਰਨ ਸਲਾਹੀਂ ਬਹੇ,
ਕੇਹੜਾ ਚਲੀਏ ਕੇਹੜਾ ਰਹੇ
ਏਹ ਮਤੇ ਪਕਾਂਵਦੇ।
ਸਿੰਘ ਹੋਏ ਸਭ ਤਿਆਰ,
ਮਾਲਵਾ ਮਾਝਾ ਦੜਪ ਤੇ ਬਾਰ,
ਆਏ ਜਮਨਾ ਦੇ ਸਰਦਾਰ,
ਅਗੇ ਜੋ ਭਾਵੇ ਕਰਤਾਰ,
ਮਾਈਆਂ ਬੀਬੀਆਂ ਹੋਰ ਹਜ਼ਾਰ,
ਜਿਨਾਂ ਲਾਹ ਕੇ ਸੁਟੇ ਹਾਰ ਸ਼ਿੰਗਾਰ
ਗੁਰਾਂ ਦੇ ਸਾਹਮਣੇ।
ਚੰਦਾ ਸਿੰਘਾ ਸਿੰਘ ਸਭ ਆਏ,
ਸਤਿਗੁਰਾਂ ਲੰਗਰ ਲਾਂਗਰੀ ਲਾਏ,
ਬੀੜੀਆਂ ਲੋਹਾਂ ਧਰੇ ਕੜਾਹੇ,
ਕਰ ਪਰਸਾਦ ਤੇ ਭੋਗ ਪਵਾਏ,
ਸਿੰਘਾਂ ਬਸਤਰ ਹੋਮ ਕਰਾਏ,
ਚੜ੍ਹ ਮਲੇਰ ਕੋਟਲੇ ਧਾਏ
ਮਰਾਂਗੇ ਮਾਰਕੇ।10
ਮਾਘ
ਸੀਸ ਧਰਮ ਤੇ ਦੇਣ ਨੂੰ ਸਿੰਘ ਚਲੇ ਹੋਣ ਸ਼ਹੀਦ।
ਸਤਿਗੁਰ ਪ੍ਰਦੇਸ ਸਿਧਾਣਗੇ ਮਾਨੋ ਬਿਸਵੇ ਬੀਸ।
ਚੜ੍ਹਦੇ ਮਾਘ ਖੁਲੀ ਬਸੰਤ
ਸਤਿਗੁਰ ਸੱਦੇ ਸਭ ਮਹੰਤ
ਜਿਹੜੇ ਨਗਰਾਂ ਵਿਚ ਬਣਾਏ
ਉਹ ਭੀ ਸਭ ਦਰਸ਼ਨ ਨੂੰ ਆਏ
ਲੈ ਪਰਕਰਮਾ ਸੀਸ ਨਿਵਾਏ
ਸਤਿਗੁਰ ਆਦਰ ਦੇ ਬਿਠਾਏ
ਜਾਂ ਸਿੰਘ ਬੈਠੇ ਵਿਚ ਦੀਵਾਨ
ਹਿਰਦੇ ਗੁਰ ਕਾ ਜਾਪ ਕਮਾਣ
ਦਰਸ਼ਨ ਕਰਦੇ ਲਾਇ ਧਿਆਨ
ਸਤਿਗੁਰ ਬਚਨ ਬਿਲਾਸ ਸੁਨਾਣ
ਸਿੰਘ ਹੋ ਮਸਤਾਨੇ ਜਾਣ
ਉਠ ਉਠ ਚਰਨੀ ਸੀਸ ਨਿਵਾਣ
ਗੋਬਿੰਦ ਸਿੰਘ ਜਾਣਕੇ।
ਚੰਦਾ ਸਿੰਘ ਗੁਰ ਰਚਿਆ ਭਾਣਾ
ਸਿੰਘ ਕਰਦੇ ਜੋਰ ਧਿੰਙਾਣਾ
ਕਹਿੰਦੇ ਮਲੇਰ ਕੋਟਲੇ ਧਾਣਾ
ਜੰਞੇ ਗਿਆਨ ਸਿੰਘ ਦੀ ਜਾਣਾ
ਬਦਲਾ ਲੈਣਾ ਪਾਸ ਪਠਾਣਾਂ
ਇਹ ਮਨ ਵਿਚਾਰਦੇ।। 11
ਫੱਗਣ
ਸਿੰਘ ਸ਼ਹੀਦੀ ਪਾ ਗਏ ਸਤਿਗੁਰ ਚਲੇ ਪਰਦੇਸ।
ਸੰਗਤ ਮੁੜ ਘਰ ਤੋਰੀਆਂ ਆਪੋ ਆਪਣੇ ਦੇਸ।
ਮਹੀਨੇ ਫੱਗਣ ਕੀਆ ਪਰਵਾਸ
ਸਤਿਗੁਰ ਕੀਤਾ ਚਿਤ ਉਦਾਸ
ਜਿਵੇਂ ਰਾਮ ਚਲੇ ਬਨਵਾਸ
ਸੀਤਾ ਲਛਮਣ ਲੈ ਗਏ ਸਾਥ
ਏਥੋਂ ਨਾਨੂੰ ਸਿੰਘ ਲੈ ਗਏ
ਪਿਛੇ ਵਾਂਗ ਭਰਥ ਭਾਈ ਰਹੇ
ਦੁਖ ਸੁਖ ਜਿਸਤੇ ਸੰਗਤ ਰਹੇ,
ਮੈ ਬਲਿਹਾਰੀਆਂ।
ਬੈਠੇ ਖੌਫ਼ ਖਾਂਵਦੇ ਗੋਰੇ
ਪੈ ਗਏ ਨੰਦਨ ਦੇ ਵਿਚ ਝੋਰੇ
ਸੂਬੇ ਫੜ ਦੇਸਾਂ ਮੇ ਤੋਰੇ
ਜਿਥੇ ਗੁਰ ਦੇ ਸੂਬੇ ਗਏ
ਓਥੇ ਭਜਨ ਸਭੋ ਕੋਈ ਲਏ
ਗੁਰ ਦਾ ਕਹਿਣਾ ਕਿਓਂ ਕਰ ਲਏ
ਸਭ ਦੇਸ ਉਧਾਰਨੇ।
ਸਤਿਗੁਰ ਬਾਝੋਂ ਚੈਨ ਨ ਕੋਈ
ਸੰਗਤ ਸਭ ਉਦਾਸੀ ਹੋਈ
ਰਾਤੀ ਨੈਣੀ ਨੀਂਦ ਨ ਆਵੇ
ਤਾਰੇ ਗਿਣਦਿਆਂ ਰੈਣ ਵਿਹਾਵੇ
ਸਾਨੂੰ ਪਾਣੀ ਅੰਨ ਨਾ ਭਾਵੇ
ਦਿਨ ਦਿਨ ਗਮ ਗੁਰਾਂ ਦਾ ਖਾਵੇ
ਐਸਾ ਕੌਣ ਜੋ ਆਣ ਮਿਲਾਵੇ
ਮੈਂ ਕਰਾਂ ਸਿਰਵਾਰਨੇ।
ਚੰਦਾ ਸਿੰਘ ਗੁਰ ਗਏ ਪ੍ਰਦੇਸ
ਮਾਨੋ ਬ੍ਰਹਮ ਰਾਜ ਦੇ ਦੇਸ
ਅਗੋਂ ਸਾਗਰ ਸਰਨੀ ਆਇਆ
ਉਸ ਜੋੜੇ ਹਥ ਤੇ ਸੀਸ ਨਿਵਾਇਆ
ਧੰਨ ਭਾਗ ਮੈਂ ਦਰਸ਼ਨ ਪਾਇਆ
ਜਿਹੜੇ ਦੇਸ ਸਤਿਗੁਰ ਗਏ
ਜਾਗ ਭਾਗ ਦੇਸ ਦੇ ਪਏ
ਸਾਧੂ ਜਸ ਗੁਰਾਂ ਦਾ ਕਹੇ
ਸੰਗਤ ਬਖਸ਼ ਭੁਲ ਚੁਕ ਲਏ
ਉਧਰੋ ਲੋਕ ਬੈਕੁੰਠੇ ਗਏ
ਜਿਸ ਦਰਸ਼ਨ ਪਾਇਆ।
ਸਤਿਗੁਰ ਜਾ ਬੈਠੇ ਪਰਦੇਸ
ਸੰਗਤ ਰਹਿੰਦੀ ਮੈਲੇ ਵੇਸ
ਮਨ ਵਿਚ ਚਿੰਤਾ ਕਰਨ ਹਮੇਸ਼
ਸਤਿਗੁਰ ਆਵੋ ਆਪਣੇ ਦੇਸ
ਕਿਸੇ ਵਾਰ ਕਰੋ ਪਰਵੇਸ਼
ਅੰਦਰ ਭਾਂਵਦੇ।
ਜਿਹੜੇ ਸਿੰਘ ਗੁਰਾਂ ਦੇ ਪਿਆਰੇ
ਲੰਘ ਕੇ ਗਏ ਸਮੁੰਦਰ ਖਾਰੇ
ਸਤਿਗੁਰ ਬੈਠੇ ਵਿਚ ਚਉਬਾਰੇ
ਫੇਰਨ ਮਾਲਾ ਤਪ ਨੂੰ ਧਾਰੇ
ਜਪਦੇ ਨਾਮ ਨੂੰ।
ਸਤਿਗੁਰ ਬਹੁਤੇ ਬਰਸ ਗੁਜਾਰੇ
ਸਾਨੂੰ ਦੇ ਕੇ ਘਲਦੇ ਲਾਰੇ
* * *
ਨਾਮਧਾਰੀ ਚਿੰਤਨ ਦੇ ਕੁਝ ਹੋਰ ਪੱਖ
ਜਦ ਰੂਸ ਪੰਜਾਬੇ ਆਵੈ,
ਪਵੇ ਕਾਲ ਮੁਲਖ ਰੁਲ ਜਾਵੈ,
ਦੁਨੀਆਂ ਮਰੇ ਅੰਨ ਕੇ ਹਾਵੈ,
ਠਗ ਚੋਰ ਬਹੁ ਲੁਟ ਲੁਟ ਖਾਵੈ,
ਬਚੇ ਸੋ ਜੋ ਗੁਰ ਸਰਨੀ ਆਵੈ,
ਇਕ ਮਨ ਹੋਇ ਕੋ ਨਾਮ ਧਿਆਵੈ,
ਓਸ ਅਕਾਲ ਦਾ।
ਸਤਿਗੁਰ ਫੇਰ ਪੰਜਾਬੇ ਆਵਣ,
ਅਗਲੀਆਂ ਸਫ਼ਾਂ ਸਭਿ ਉਠਾਵਣ,
ਨਵੇਂ ਹੋਰ ਨਿਸ਼ਾਨ ਝੁਲਾਵਣ,
ਜਗ ਵਿਚ ਸ੍ਰੀ ਅਕਾਲ ਜਪਾਵਣ,
ਅਸੁਰ ਸੰਘਾਰ ਕੇ।