ਰਵਿੰਦਰ
ਸੰਸਾਰ ਪੱਧਰ ’ਤੇ ਵਿਆਹ ਦੀ ਉਮਰ ਘਟੀ ਹੈ ਅਤੇ ਤਲਾਕ ਵਧ ਰਹੇ ਹਨ। ਬਾਕੀ ਦੁਨੀਆ ਦੇ ਮੁਕਾਬਲੇ ਭਾਰਤ ਵਿੱਚ ਵਿਆਹ ਟੁੱਟਣ ਦੀ ਦਰ ਕਾਫ਼ੀ ਘੱਟ ਹੈ। ਲਗਭਗ 100 ਫ਼ੀਸਦੀ ਵਿੱਚੋਂ ਸਿਰਫ਼ 1.1 ਫ਼ੀਸਦੀ ਤਲਾਕ ਭਾਰਤ ਵਿੱਚ ਹੁੰਦੇ ਹਨ ਪਰ ਪਿਛਲੇ 20 ਸਾਲਾਂ ਵਿੱਚ ਭਾਰਤ ਦੇ ਸ਼ਹਿਰੀ ਖੇਤਰਾਂ ਵਿੱਚ ਤਲਾਕਾਂ ਦੀ ਗਿਣਤੀ ਦੁੱਗਣੀ ਹੋਈ ਹੈ। ਭਾਰਤ ਵਿੱਚ ਸਿਰਫ਼ 1 ਫ਼ੀਸਦੀ ਔਰਤਾਂ ਨੇ ਹੀ 45-49 ਸਾਲ ਦੀ ਉਮਰ ਤੱਕ ਵੀ ਵਿਆਹ ਨਹੀਂ ਕਰਵਾਇਆ ਜਦੋਂਕਿ ਵਿਕਸਿਤ ਦੇਸ਼ਾਂ ਵਿੱਚ ਇਹ ਗਿਣਤੀ ਜ਼ਿਆਦਾ ਹੈ। ਇਹ ਨਵਾਂ ਰੁਝਾਨ ਹੈ ਕਿ ਤਲਾਕ ਦਾ ਕੇਸ ਸ਼ੁਰੂ ਕਰਨ ਵਿੱਚ ਔਰਤਾਂ ਅੱਗੇ ਆ ਰਹੀਆਂ ਹਨ, ਵਿਆਹ ਕਰਵਾਉਣ ਦੀ ਉਮਰ ਵਿੱਚ ਵਾਧਾ ਹੋਇਆ ਹੈ ਅਤੇ ਜਨਮ ਦਰ ਘਟੀ ਹੈ। ਦੋ ਦਹਾਕੇ ਪਹਿਲਾਂ ਵੱਡੇ ਪੱਧਰ ’ਤੇ ਸ਼ਹਿਰੀ ਮੱਧਵਰਗ ਦੇ ਵਿਆਹੁਤਾ ਜੋੜਿਆਂ ਵਿੱਚ ਤਲਾਕ ਲੈਣ ਦਾ ਰੁਝਾਨ ਸ਼ੁਰੂ ਹੋਇਆ ਸੀ। ਇਸ ਵਿੱਚ ਹੁਣ ਭਾਰਤ ਦੇ ਛੋਟੇ ਕਸਬੇ ਵੀ ਸ਼ਾਮਿਲ ਹਨ ਜਿਵੇਂ ਕਿ ਮਥੁਰਾ, ਹਾਪੁਰ, ਭੋਪਾਲ, ਅਲਵਰ, ਝੱਜਰ ਆਦਿ। ਤਲਾਕਾਂ ਵਿੱਚ ਪੰਜ ਸਾਲ ਵਿੱਚ 25-30 ਫ਼ੀਸਦੀ ਵਾਧਾ ਹੋਇਆ ਹੈ। ਇਨ੍ਹਾਂ ਕਸਬਿਆਂ ਵਿੱਚ ਸ਼ਹਿਰੀਕਰਨ ਨਾਲ ਔਰਤਾਂ ਨੂੰ ਪੜ੍ਹਨ ਲਿਖਣ, ਰੁਜ਼ਗਾਰ ਲਈ ਘਰੋਂ ਬਾਹਰ ਨਿਕਲਣ ਦਾ ਮੌਕਾ ਮਿਲਿਆ ਤੇ ਆਪਣੇ ਆਜ਼ਾਦ ਹੋਂਦ ਦਾ ਅਹਿਸਾਸ ਡੂੰਘਾ ਹੋਇਆ। ਜਿੱਥੇ ਤਲਾਕ ਤੋਂ ਬਾਅਦ ਔਰਤਾਂ ਖ਼ੁਸ਼ੀ ਦੀ ਸੰਭਾਵਨਾ ਦੀ ਕਲਪਨਾ ਕਰ ਸਕਦੀਆਂ ਹਨ, ਉੱਥੇ ਔਰਤਾਂ ਨੇ ਬੁਰੇ ਵਿਆਹ ਸਬੰਧ ਤੋਂ ਛੁਟਕਾਰਾ ਪਾਉਣ ਲਈ ਤਲਾਕ ਲੈਣ ਦੀ ਪਹਿਲਕਦਮੀ ਕੀਤੀ ਹੈ। 2018 ਦੀ ਇੱਕ ਰਿਪੋਰਟ ਅਨੁਸਾਰ ਉੱਤਰ ਪ੍ਰਦੇਸ਼ ਵਿੱਚ ਤਲਾਕ ਦੇ 61,000 ਤੋਂ ਵੱਧ ਮਾਮਲੇ ਸਾਹਮਣੇ ਆਏ ਸਨ। ਸਾਡੇ ਸਮਾਜ ਵਿੱਚ ਅਕਸਰ ਵਿਆਹੇ ਜੋੜੇ ਕੌੜੇ ਸਬੰਧਾਂ ਵਿੱਚੋਂ ਲੰਘਦੇ ਹਨ, ਪਰ ਸਾਰੀ ਉਮਰ ਇਸ ਦਾ ਬੋਝ ਢੋਂਹਦੇ ਹਨ। ਕੌਮੀ ਅਪਰਾਧ ਰਿਕਾਰਡ ਬਿਊਰੋ ਦੀ 2021 ਦੀ ਭਾਰਤ ਰਿਪੋਰਟ ਅਨੁਸਾਰ ਵਿਆਹੁਤਾ ਸਮੱਸਿਆਵਾਂ ਕਾਰਨ ਲਗਭਗ 2016 ਤੋਂ 2020 ਤੱਕ 37,591 ਲੋਕਾਂ ਨੇ ਖ਼ੁਦਕੁਸ਼ੀ ਕੀਤੀ ਹੈ ਜਿਨ੍ਹਾਂ ਵਿੱਚੋਂ 7 ਫ਼ੀਸਦੀ ਮਾਮਲੇ ਤਲਾਕ ਨਾਲ ਸਬੰਧਿਤ ਸਨ। ਭਾਰਤ ਵਿੱਚ ਘੱਟ ਤਲਾਕ ਦਰ ਖੁਸ਼ਹਾਲ ਵਿਆਹਾਂ ਦਾ ਸੰਕੇਤ ਬਿਲਕੁਲ ਨਹੀਂ ਸਗੋਂ ਇਸ ਦਾ ਕਾਰਨ ਔਰਤਾਂ ਲਈ ਤਲਾਕ ਤੋਂ ਬਾਅਦ ਕੋਈ ਰਾਹ ਨਾ ਹੋਣਾ ਹੈ। ਆਰਥਿਕ ਤੌਰ ’ਤੇ ਮਰਦਾਂ ’ਤੇ ਨਿਰਭਰਤਾ ਕਾਰਨ ਔਰਤਾਂ ਤਲਾਕ ਸਮੇਂ ਵਕੀਲਾਂ ਦੇ ਖਰਚਿਆਂ ਦਾ ਬੋਝ ਚੁੱਕਣ ਤੋਂ ਅਸਮਰੱਥ ਹੁੰਦੀਆਂ ਹਨ। ਦੂਜਾ, ਬਹੁਤ ਸਾਰੀਆਂ ਔਰਤਾਂ ਤਲਾਕ ਤੋਂ ਬਾਅਦ ਆਪਣੇ ਅਤੇ ਆਪਣੇ ਬੱਚਿਆਂ ਦੀ ਦੇਖਭਾਲ ਕਰਨ ਦੇ ਸਮਰੱਥ ਨਹੀਂ ਹੁੰਦੀਆਂ। ਤੀਜਾ, ਪੱਛੜੀਆਂ ਕਦਰਾਂ-ਕੀਮਤਾਂ ਕਾਰਨ ਔਰਤਾਂ ਨੂੰ ਝੱਲਣਾ ਪੈਂਦਾ ਸਮਾਜਿਕ ਦਬਾਅ ਮਾਨਸਿਕ ਤੌਰ ’ਤੇ ਉਨ੍ਹਾਂ ਲਈ ਦੁਖਦਾਇਕ ਹੁੰਦਾ ਹੈ। ਭਾਰਤ ਇੱਕ ਸਰਮਾਏਦਾਰੀ ਤੇ ਜਾਗੀਰੂ ਦੇਸ਼ ਹੋਣ ਦੇ ਨਾਲ ਨਾਲ ਜਾਗੀਰੂ ਕਦਰਾਂ-ਕੀਮਤਾਂ ਵਿੱਚ ਜਕੜਿਆ ਹੋਇਆ ਹੈ। ਮਰਦ ਪ੍ਰਧਾਨ ਸਮਾਜ ਵਿੱਚ ਵਿਆਹ ਨੂੰ ਬਚਾਉਣ ਲਈ ਅਕਸਰ ਕੁਰਬਾਨੀਆਂ ਕਰਨ ਦੀ ਜ਼ਿੰਮੇਵਾਰੀ ਔਰਤਾਂ ਦੇ ਮੋਢਿਆਂ ’ਤੇ ਆਉਂਦੀ ਹੈ। ਜਾਗੀਰੂ ਪਰਿਵਾਰਕ ਕਦਰਾਂ-ਕੀਮਤਾਂ ਦਾ ਬੋਝ ਅਕਸਰ ਔਰਤਾਂ ਹੀ ਢੋਂਹਦੀਆਂ ਹਨ।
ਔਰਤਾਂ ਤੋਂ ਮੰਗ ਕੀਤੀ ਜਾਂਦੀ ਹੈ ਕਿ ਉਹ ਆਪਣੀ ਹੋਂਦ ਨੂੰ ਘਰ ਦੇ ਮੈਂਬਰਾਂ ਤੱਕ ਸੀਮਿਤ ਕਰ ਲਵੇ। ਔਰਤ ਦੀ ਖ਼ੁਦ ਦੀ ਪਛਾਣ ਪਹਿਲਾਂ ਪਿਤਾ, ਫਿਰ ਪਤੀ ਤੱਕ ਸਿਮਟ ਜਾਂਦੀ ਹੈ। ਇੱਥੋਂ ਤੱਕ ਕਿ ਆਪਣੇ ਵਿਆਹ ਨੂੰ ਬਚਾਉਣ ਲਈ, ਪਰਿਵਾਰ ਅਤੇ ਬੱਚਿਆਂ ਦੀ ਖ਼ਾਤਰ ਔਰਤ ਨੂੰ ਘਰੇਲੂ ਹਿੰਸਾ ਸਹਿਣ ਲਈ ਵੀ ਦਿਮਾਗ਼ੀ ਤੌਰ ’ਤੇ ਢਾਲਿਆ ਜਾਂਦਾ ਹੈ।
ਸਾਡੇ ਸਮਾਜ ਵਿੱਚ ਅਕਸਰ ਵਿਆਹ ਅਤੇ ਪਰਿਵਾਰ ਦੀ ਧਾਰਨਾ ਨੂੰ ਬਹੁਤ ਸਤਿਕਾਰ ਨਾਲ ਦੇਖਿਆ ਜਾਂਦਾ ਹੈ। ਇੱਕ ਧਾਰਨਾ ਬਣੀ ਹੋਈ ਹੈ ਕਿ ਪਰਿਵਾਰ ਹੀ ਇੱਕੋ-ਇੱਕ ਸੁਰੱਖਿਅਤ ਥਾਂ ਹੈ ਜਿੱਥੇ ਰਿਸ਼ਤਿਆਂ ਦਾ ਨਿੱਘ, ਭਾਵਨਾਤਮਕ ਲੋੜਾਂ ਪੂਰੀਆਂ ਹੁੰਦੀਆਂ ਹਨ, ਪਰ ਸਾਡੇ ਅੱਜ ਦੇ ਸਮਾਜ ਵਿੱਚ ਸੱਚਾਈ ਇਨ੍ਹਾਂ ਧਾਰਨਾਵਾਂ ਦੇ ਐਨ ਉਲਟ ਹੈ। ਸਰਮਾਏ ’ਤੇ ਆਧਾਰਿਤ ਪਰਿਵਾਰਾਂ ਵਿੱਚ ਭਾਵਨਾਤਮਕ ਰਿਸ਼ਤਿਆਂ ਉੱਤੇ ਆਰਥਿਕ ਸਬੰਧ ਭਾਰੂ ਹੁੰਦੇ ਹਨ। ਜਿੱਥੇ ਪਰਿਵਾਰ ਦੇ ਮੁਖੀ ਦੇ ਤੌਰ ’ਤੇ ਮਰਦ ਦਾ ਗਲਬਾ ਹੁੰਦਾ ਹੈ, ਉੱਥੇ ਮਰਦ ਦੀ ਪਤਨੀ ਤੇ ਬੱਚੇ ਉਸ ਦੇ ਅਧੀਨ ਹੁੰਦੇ ਹਨ, ਔਰਤ ਦੀ ਹਾਲਤ ਗ਼ੁਲਾਮਾਂ ਵਾਲੀ ਹੁੰਦੀ ਹੈ, ਬਰਾਬਰੀ ਵਾਲੀ ਤਾਂ ਕਦੇ ਨਹੀਂ ਹੁੰਦੀ। ਉਸ ਮਾਮਲੇ ਵਿੱਚ ਵੀ ਨਹੀਂ ਜਿੱਥੇ ਉਹ ਮਰਦ ਦੇ ਬਰਾਬਰ ਆਰਥਿਕ ਤੌਰ ’ਤੇ ਮਜ਼ਬੂਤ ਹੋਵੇ। ਔਰਤਾਂ ਮਾਨਸਿਕ ਅਤੇ ਸਰੀਰਕ ਹਿੰਸਾ ਦਾ ਸ਼ਿਕਾਰ ਬਾਹਰੀ ਸਮਾਜ ਨਾਲੋਂ ਵੀ ਜ਼ਿਆਦਾ ਘਰ ਵਿੱਚ ਹੁੰਦੀਆਂ ਹਨ। ਸੰਸਾਰ ਪੱਧਰ ’ਤੇ ਤਿੰਨ ਅਰਬ ਔਰਤਾਂ ਅਜਿਹੀਆਂ ਥਾਵਾਂ ’ਤੇ ਰਹਿੰਦੀਆਂ ਹਨ ਜਿੱਥੇ ਵਿਆਹੁਤਾ ਬਲਾਤਕਾਰ ਨੂੰ ਅਪਰਾਧ ਨਹੀਂ ਮੰਨਿਆ ਜਾਂਦਾ। ਸੰਯੁਕਤ ਰਾਸ਼ਟਰ ਮੁਤਾਬਿਕ 19 ਦੇਸ਼ਾਂ ਦੀਆਂ ਔਰਤਾਂ ਨੂੰ ਕਾਨੂੰਨੀ ਤੌਰ ’ਤੇ ਆਪਣੇ ਪਤੀ ਦਾ ਕਹਿਣਾ ਮੰਨਣਾ ਜ਼ਰੂਰੀ ਹੈ। ਜ਼ਹਿਰੀਲੇ ਵਿਆਹ ਸਬੰਧਾਂ ਨਾਲੋਂ ਤਲਾਕ ਲੈ ਕੇ ਰਹਿਣਾ ਅਗਾਂਹਵਧੂ ਕਦਮ ਹੈ ਪਰ ਭਾਰਤ ਵਰਗੇ ਦੇਸ਼ ਵਿੱਚ ਤਲਾਕ ਲੈਣਾ ਅਕਾਊ ਤੇ ਬੋਝਲ ਪ੍ਰਕਿਰਿਆ ਹੈ। ਅੱਜ ਵੀ ਨੌਜਵਾਨ ਕੁੜੀਆਂ-ਮੁੰਡੇ ਆਪਣਾ ਮਨਪਸੰਦ ਜੀਵਨ ਸਾਥੀ ਚੁਣਨ ਦੇ ਹੱਕ ਤੋਂ ਵੀ ਵਾਂਝੇ ਹਨ। ਭਾਵੇਂ ਪਿਛਲੇ ਕੁਝ ਸਮੇਂ ਤੋਂ ਖ਼ਾਸ ਕਰਕੇ ਸ਼ਹਿਰਾਂ ਵਿੱਚ ਪਿਆਰ ਵਿਆਹਾਂ ਦਾ ਰੁਝਾਨ ਵਧਿਆ ਹੈ, ਪਰ ਅਜੇ ਵੀ ਅਜਿਹੇ ਵਿਆਹਾਂ ਦੀ ਗਿਣਤੀ ਆਟੇ ’ਚ ਲੂਣ ਬਰਾਬਰ ਹੀ ਹੈ। ਵਿਆਹ ਜ਼ਿਆਦਾਤਰ ਵਡੇਰਿਆਂ ਵੱਲੋਂ ਤੈਅ ਕੀਤੇ ਜਾਂਦੇ ਹਨ। ਇੱਕ ਦੂਸਰੇ ਤੋਂ ਬਿਲਕੁਲ ਅਣਜਾਣ ਦੋ ਵਿਅਕਤੀਆਂ ਨੂੰ ਜ਼ਿੰਦਗੀ ਭਰ ਲਈ ਆਪਸ ਵਿੱਚ ਨਰੜ ਦਿੱਤਾ ਜਾਂਦਾ ਹੈ। ਜੇਕਰ ਤਲਾਕ ਕਾਨੂੰਨਾਂ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਲੜਕੀਆਂ ਦੇ ਪੜ੍ਹ ਲਿਖ ਜਾਣ ਅਤੇ ਆਰਥਿਕ ਤੌਰ ’ਤੇ ਆਤਮ-ਨਿਰਭਰ ਹੋ ਜਾਣ ਦੇ ਸਿੱਟੇ ਵਜੋਂ ਇਹ ਕੁਜੋੜ ਟੁੱਟ ਰਹੇ ਹਨ ਤਾਂ ਇਹ ਮਾੜੀ ਗੱਲ ਨਹੀਂ।
ਹੁਣ ਵਿਕਸਿਤ ਸਰਮਾਏਦਾਰੀ ਪ੍ਰਬੰਧ ਵਾਲੇ ਦੇਸ਼ਾਂ ਦੀ ਤਰਜ਼ ’ਤੇ ਹੀ ਪੱਛੜੇ ਦੇਸ਼ਾਂ ਦੇ ਮਹਾਂਨਗਰਾਂ ’ਚ ਵੀ ਨੌਜਵਾਨ ਜੋੜੇ ਬਿਨਾਂ ਵਿਆਹ ਤੋਂ ਹੀ ਇਕੱਠੇ ਰਹਿਣ ਨੂੰ ਤਰਜੀਹ ਦੇਣ ਲੱਗੇ ਹਨ। ਇਨ੍ਹਾਂ ਮਹਾਂਨਗਰਾਂ ਵਿੱਚ ਅਜਿਹੇ ਨੌਜਵਾਨਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਹ ਬੱਚੇ ਪੈਦਾ ਕਰਨ ਅਤੇ ਉਨ੍ਹਾਂ ਦੀ ਪਰਵਰਿਸ਼ ਨੂੰ ਫਾਲਤੂ ਦਾ ਝੰਜਟ ਸਮਝਦੇ ਹਨ। ਇਨ੍ਹਾਂ ਦੇ ਵਿਆਹ ਤੋਂ ਬੇਮੁਖ ਹੋਣ ਦਾ ਇੱਕ ਕਾਰਨ ਇਹ ਵੀ ਹੈ ਕਿ ਜੇਕਰ ਵਿਆਹ ਤੋਂ ਬਾਅਦ ਨਾ ਨਿਭੀ ਤਾਂ ਤਲਾਕ ਲੈਣ ਲਈ ਅਦਾਲਤਾਂ ’ਚ ਧੱਕੇ ਖਾਣੇ ਪੈਂਦੇ ਹਨ। ਇਸ ਸਾਰੇ ਜੰਜਾਲ਼ ਤੋਂ ਬਚਣ ਦਾ ਇਨ੍ਹਾਂ ਨੇ ਇੱਕ ਤਰੀਕਾ ਕੱਢਿਆ ਹੈ ਕਿ ਬਿਨਾਂ ਵਿਆਹ ਦੇ ਹੀ ਇਕੱਠੇ ਰਿਹਾ ਜਾਵੇ। ਵਿਆਹ ਦੀ ਸੰਸਥਾ ਦੀ ਪਵਿੱਤਰਤਾ ਅਤੇ ਜ਼ਰੂਰਤ ਉੱਪਰ ਹੀ ਸਵਾਲ ਉਠਾਉਣ ਵਾਲਿਆਂ ਦੀ ਗਿਣਤੀ ਵੀ ਵਧ ਰਹੀ ਹੈ।
ਜਿਸ ਪਰਿਵਾਰ ਦੇ ਰੂਪ ਨੂੰ ਅਸੀਂ ਹੁਣ ਦੇਖ ਰਹੇ ਹਾਂ ‘ਇੱਕ ਪਤੀ-ਇੱਕ ਪਤਨੀ’ ਵਾਲਾ ਇਹ ਸ਼ੁਰੂ ਤੋਂ ਹੀ ਇੰਝ ਨਹੀਂ ਸੀ। ਪਰਿਵਾਰ ਦੇ ਵੀ ਸਮਾਜ ਦੇ ਵਿਕਾਸ ਵਾਂਗੂੰ ਅਲੱਗ-ਅਲੱਗ ਪੜਾਅ ਰਹੇ ਹਨ ਜਿਸ ਦਾ ਸਮਾਜ ਵਿਗਿਆਨੀਆਂ ਵੱਲੋਂ ਅਧਿਐਨ ਕੀਤਾ ਗਿਆ ਹੈ। ਪਰਿਵਾਰ ਦੀ ਮੁੱਢਲੀ ਬਣਤਰ ਬਾਰੇ ਵਿਸਥਾਰ ਵਿੱਚ ਗੱਲ ਕਰਨਾ ਤਾਂ ਸੰਭਵ ਨਹੀਂ ਹੈ ਪਰ ਸਮਾਜ ਦੇ ਆਰਥਿਕ-ਸਮਾਜਿਕ ਤਾਣੇ-ਬਾਣੇ ਦੇ ਅਨੁਸਾਰ ਹੀ ਪਰਿਵਾਰ ਦਾ ਰੂਪ ਵੀ ਹੋਂਦ ਵਿੱਚ ਆਇਆ। ਜਾਗੀਰੂ ਯੁੱਗ ਦੀ ਗੱਲ ਕਰੀਏ ਤਾਂ ਉਹ ਧਰਮ ਕੇਂਦਰਿਤ ਯੁੱਗ ਸੀ ਜਿੱਥੇ ਮਨੁੱਖ ਦੀਆਂ ਸਭ ਸਰਗਰਮੀਆਂ ’ਤੇ ਰਾਜੇ ਰਜਵਾੜਿਆਂ, ਧਰਮ, ਧਰਮ ਗੁਰੂਆਂ (ਜੋ ਕਈ ਮਾਮਲਿਆਂ ਵਿੱਚ ਜਾਗੀਰਦਾਰ ਵੀ ਹੁੰਦੇ ਸਨ) ਦਾ ਮੁਕੰਮਲ ਗਲਬਾ ਸੀ। ਔਰਤ ਨੂੰ ਤਲਵਾਰ ਦੇ ਜ਼ੋਰ ’ਤੇ ਹਾਸਲ ਕੀਤਾ ਜਾਂਦਾ ਸੀ। ਸੰਪੱਤੀਵਾਨ ਲਈ ਵਿਆਹ ਕਰਾਉਣਾ ਸਿਰਫ਼ ਇਸ ਲਈ ਜ਼ਰੂਰੀ ਸੀ ਤਾਂ ਕਿ ਉਨ੍ਹਾਂ ਦੀ ਜਾਇਦਾਦ ਉਨ੍ਹਾਂ ਦੀ ਆਪਣੀ ਸੰਤਾਨ ਨੂੰ ਮਿਲੇ। ਇਨ੍ਹਾਂ ਘਰਾਂ ’ਚ ਜਾਇਦਾਦ ਦੇ ਜਾਇਜ਼ ਵਾਰਿਸ ਪੈਦਾ ਕਰਨ ਤੋਂ ਵੱਧ ਇਸਤਰੀ ਦੀ ਕੋਈ ਹੈਸੀਅਤ ਨਹੀਂ ਸੀ। ਜਾਗੀਰਦਾਰ ਤਾਕਤ ਦੇ ਦਮ ’ਤੇ ਕਿਸੇ ਵੀ ਇਸਤਰੀ ਨੂੰ ਹਾਸਲ ਕਰ ਸਕਦੇ ਸਨ। ਸਰਮਾਏਦਾਰੀ ਅਤੇ ਪੂੰਜੀਵਾਦੀ ਜਮਹੂਰੀਅਤ ਆਉਣ ਨਾਲ ਪ੍ਰੇਮ ਦਾ ਜਨਮ ਹੋਇਆ, ਇਸਤਰੀਆਂ ਆਪਣੇ ਮਨਪਸੰਦ ਜੀਵਨ ਸਾਥੀ ਦੀ ਚੋਣ ਲਈ ਆਜ਼ਾਦ ਹੋਈਆਂ। ਸਮਾਂ ਪਾ ਕੇ ਸਰਮਾਏਦਾਰੀ ਸਮਾਜਾਂ ਵਿੱਚ ਔਰਤ-ਮਰਦ ਸਬੰਧਾਂ ਵਿੱਚ ਕਿਸੇ ਤੀਸਰੇ ਵਿਅਕਤੀ ਦਾ ਦਖ਼ਲ ਘੱਟ ਤੋਂ ਘੱਟ ਹੁੰਦਾ ਗਿਆ। ਵਿਆਹ ਸਬੰਧ ਹੁਣ ਸਿਰਫ਼ ਔਰਤ-ਮਰਦ ਦੇ ਆਪਸੀ ਪ੍ਰੇਮ ਅਤੇ ਪਸੰਦ-ਨਾਪਸੰਦ ’ਤੇ ਆਧਾਰਿਤ ਹੋ ਗਏ। ਵਿਕਸਿਤ ਦੇਸ਼ਾਂ ਵਿੱਚ ਜ਼ੋਰ ਜ਼ਬਰਦਸਤੀ ਜਾਂ ਵਡੇਰਿਆਂ ਦੁਆਰਾ ਤੈਅਸ਼ੁਦਾ ਵਿਆਹ ਦੀ ਕਲਪਨਾ ਕਰ ਸਕਣਾ ਮੁਸ਼ਕਿਲ ਹੈ ਪਰ ਭਾਰਤ ਜਿਹੇ ਵਿਕਾਸਸ਼ੀਲ ਸਰਮਾਏਦਾਰੀ ਦੇਸ਼ਾਂ ਵਿੱਚ ਅਜੇ ਵੀ ਜਾਗੀਰੂ ਕਦਰਾਂ ਕੀਮਤਾਂ ਦਾ ਬੋਲਬਾਲਾ ਹੈ।
ਅੱਜ ਭਾਵੇਂ ਪ੍ਰੇਮ ਵਿਆਹ ਹੋਣ ਜਾਂ ਤੈਅਸ਼ੁਦਾ ਵਿਆਹ, ਉਹ ਟਿਕ ਨਹੀਂ ਰਹੇ। ਅੱਜ ਦੇ ਸਰਮਾਏਦਾਰੀ ਸਮਾਜਾਂ ਵਿੱਚ ਵਿਆਹ ਸਰਮਾਇਆ ਵਧਾਉਣ ਦਾ ਜ਼ਰੀਆ ਹਨ। ਇਹ ਸ਼ੁੱਧ ਰੂਪ ਵਿੱਚ ਸੌਦੇਬਾਜ਼ੀ ਹੈ। ਇਹ ਅਸਲ ਵਿੱਚ ਦੋ ਸਰਮਾਇਆਂ ਦੀ ਜੁੜਤ ਹੈ।
ਅੱਜ ਦੇ ਸਰਮਾਏਦਾਰੀ ਸੰਸਾਰ ਵਿੱਚ ਔਰਤ-ਮਰਦ ਇਸ ਲਈ ਵਿਆਹ ਸਬੰਧਾਂ ਵਿੱਚ ਨਹੀਂ ਬੱਝਦੇ ਕਿ ਉਹ ਇੱਕ ਦੂਸਰੇ ਨੂੰ ਪਿਆਰ ਕਰਦੇ ਹਨ, ਇੱਕ ਦੂਸਰੇ ਪ੍ਰਤੀ ਡੂੰਘੀਆਂ ਭਾਵਨਾਵਾਂ ਰੱਖਦੇ ਹਨ ਸਗੋਂ ਨਿਰੋਲ ਇੰਦਰੀਆਵੀ ਭੋਗ ਅਤੇ ਸਰਮਾਏ ’ਚ ਵਾਧਾ ਵਿਆਹ ਦੇ ਆਧਾਰ ਬਣ ਚੁੱਕੇ ਹਨ। ਫਰਾਂਸੀਸੀ ਨਾਵਲਕਾਰ ਫਲਾਬੇਅਰ ਦਾ ਕਹਿਣਾ ਹੈ ਕਿ ਆਮ ਤੌਰ ’ਤੇ 95 ਫ਼ੀਸਦੀ ਵਿਆਹੇ ਜੋੜੇ ਬੇਵਫ਼ਾ ਹੁੰਦੇ ਹਨ। ਜਿੱਥੇ ਵਿਆਹੇ ਜੋੜੇ ਬੇਵਫ਼ਾਈ ਨਹੀਂ ਵੀ ਕਰਦੇ, ਉੱਥੇ ਵੀ ਜ਼ਿਆਦਾਤਰ ਮਾਮਲਿਆਂ ਵਿੱਚ ਇਸ ਦੀ ਵਜ੍ਹਾ ਇੱਕ-ਦੂਸਰੇ ਪ੍ਰਤੀ ਪਿਆਰ ਦੀਆਂ ਭਾਵਨਾਵਾਂ ਨਹੀਂ ਸਗੋਂ ਹੋਰ ਕਾਰਨ ਹੁੰਦੇ ਹਨ ਜਿਵੇਂ ਸਮਾਜਿਕ ਨਮੋਸ਼ੀ ਦਾ ਡਰ, ਆਰਥਿਕ ਅਸੁਰੱਖਿਆ, ਧਰਮ ਗ੍ਰੰਥਾਂ ਵੱਲੋਂ ਸਿਰਜਿਆ ਕਲਪਿਤ ਭੈਅ ਆਦਿ। ਅਜਿਹੀ ਚਰਚਾ ਅਕਸਰ ਸੁਣਨ ਨੂੰ ਮਿਲਦੀ ਹੈ ਕਿ ਪੜ੍ਹ-ਲਿਖ ਕੇ ਵੱਡੀ ਡਿਗਰੀ ਹਾਸਲ ਕਰਨ ਨਾਲ ਲੜਕੇ ਜਾਂ ਲੜਕੀ ਦੀ ਵਿਆਹ ਮੰਡੀ ਵਿੱਚ ਕੀਮਤ ਵਧ ਜਾਂਦੀ ਹੈ। ‘ਮੰਡੀ ਮੁੱਲ’ ਜਿਹੇ ਸ਼ਬਦ ਸ਼ਰਮ ਦੀ ਥਾਂ ਮਾਣ ਦਾ ਸਬੱਬ ਬਣ ਗਏ ਹਨ। ਇਸ ਲਈ ਇਸ ਤਰ੍ਹਾਂ ਦੇ ਵਿਆਹ ਅੱਜ ਤੇਜ਼ੀ ਨਾਲ ਟੁੱਟ ਰਹੇ ਹਨ ਤਾਂ ਕੋਈ ਹੈਰਾਨੀ ਦੀ ਗੱਲ ਨਹੀਂ ਹੋਣੀ ਚਾਹੀਦੀ। ਜਿੱਥੇ ਇਹ ਨਹੀਂ ਟੁੱਟਦੇ ਉੱਥੇ ਸਾਰੀ ਉਮਰ ਧੂਹ ਘੜੀਸ ਚੱਲਦੀ ਰਹਿੰਦੀ ਹੈ ਜਾਂ ਅਜਿਹੇ ਰਿਸ਼ਤੇ ਅੰਦਰੋਂ ਟੁੱਟ ਹੀ ਚੁੱਕੇ ਹਨ ਬਸ ਦਿਖਾਵੇ ਵਜੋਂ ਹੀ ਬਚੇ ਹੁੰਦੇ ਹਨ।
ਔਰਤ-ਮਰਦ ਸਬੰਧਾਂ ਸਮੇਤ ਅੱਜ ਸਾਰੇ ਮਨੁੱਖੀ ਸਬੰਧਾਂ ਦੇ ਆਪਸੀ ਪ੍ਰੇਮ, ਸਤਿਕਾਰ, ਭਰੋਸੇ ’ਤੇ ਆਧਾਰਿਤ ਹੋਣ ਦੇ ਰਾਹ ਵਿੱਚ ਸਭ ਤੋਂ ਵੱਡੀ ਰੁਕਾਵਟ ਨਿੱਜੀ ਸੰਪਤੀ ਆਧਾਰਿਤ, ਮੁਨਾਫ਼ੇ ਦੀ ਹਵਸ ਦੇ ਇਰਦ ਗਿਰਦ ਘੁੰਮਦਾ ਸਰਮਾਏਦਾਰੀ ਢਾਂਚਾ ਹੈ। ਇਸ ਢਾਂਚੇ ਨੇ ਇਨਸਾਨ ਤੋਂ ਇਨਸਾਨੀਅਤ ਖੋਹ ਲਈ ਹੈ। ਮਨੁੱਖੀ ਸਬੰਧਾਂ ਨੂੰ ਸਵੈਮਾਣ ਬਣਾਉਣ ਲਈ ਸਰਮਾਏਦਾਰੀ ਢਾਂਚੇ ਦਾ ਫਸਤਾ ਵੱਢਣਾ ਜ਼ਰੂਰੀ ਹੈ।
ਸੰਪਰਕ: 70873-49543