ਜੱਗਾ ਸਿੰਘ ਆਦਮਕੇ
ਪਾਣੀ ਮਨੁੱਖ, ਜੀਵਾਂ, ਬਨਸਪਤੀ ਆਦਿ ਦੀ ਬੇਹੱਦ ਮਹੱਤਵਪੂਰਨ ਜ਼ਰੂਰਤ ਹੈ। ਕਿਸੇ ਖਿੱਤੇ ਦੀ ਖੁਸ਼ਹਾਲੀ ਜਾਂ ਬਦਹਾਲੀ ਉੱਥੇ ਮੌਜੂਦ ਜਲ ਸਰੋਤਾਂ ’ਤੇ ਨਿਰਭਰ ਕਰਦੀ ਹੈ। ਇਸ ਲਈ ਸਭ ਤੋਂ ਪ੍ਰਮੁੱਖ ਸਾਧਨ ਮੀਂਹ ਹੈ। ਅਜਿਹਾ ਹੋਣ ਕਾਰਨ ਮੀਂਹ ਦੀ ਭੂਮਿਕਾ ਬੜੀ ਮਹੱਤਵਪੂਰਨ ਹੈ। ਜਿੱਥੇ ਵਧੇਰੇ ਮੀਂਹ ਪੈਂਦੇ ਹਨ, ਉਸ ਦਾ ਅਸਰ ਉੱਥੋਂ ਦੀ ਜ਼ਮੀਨ, ਪੌਦਿਆਂ, ਹਰੀਆਂ ਭਰੀਆਂ ਫ਼ਸਲਾਂ ਅਤੇ ਉਸ ਤੋਂ ਵੀ ਅੱਗੇ ਉੱਥੋਂ ਦੀ ਆਰਥਿਕਤਾ ਦੇ ਪੱਖ ਤੋਂ ਪ੍ਰਭਾਵ ਸਪੱਸ਼ਟ ਵਿਖਾਈ ਦਿੰਦਾ ਹੈ। ਭਾਵੇਂ ਅਜੋਕੇ ਸਮੇਂ ਧਰਤੀ ਹੇਠਲਾ ਪਾਣੀ ਕੱਢਣ ਲਈ ਆਧੁਨਿਕ ਸਾਧਨਾਂ ਦੀ ਭਰਮਾਰ ਹੈ, ਪਰ ਫਿਰ ਵੀ ਮੀਂਹ ਦਾ ਆਪਣਾ ਹੀ ਮਹੱਤਵ ਹੈ। ਪੰਜਾਬ ਦੀ ਧਰਤੀ ਦੇ ਉਪਜਾਊ ਹੋਣ ਅਤੇ ਉਸ ਦੇ ਫ਼ਸਲਾਂ ਦੇ ਭਰਪੂਰ ਉਤਪਾਦਨ ਲਈ ਪਾਣੀ ਮੁਹੱਈਆ ਕਰਵਾਉਣ ਵਾਲੇ ਦਰਿਆ ਹਨ। ਪੰਜਾਬ ਦੀ ਖੁਸ਼ਹਾਲੀ ਵਿੱਚ ਇੱਥੇ ਹੁੰਦੀ ਬਰਸਾਤ, ਮੀਂਹ ਅਤੇ ਮਾਨਸੂਨ ਲਈ ਅਨੁਕੂਲ ਹਾਲਾਤ ਹਨ। ਪੰਜਾਬ ਵਿੱਚ ਬਰਸਾਤਾਂ ਦੀ ਰੁੱਤ ਆਉਂਦੀ ਹੈ, ਜਿਸ ਦੀ ਆਪਣੀ ਹੀ ਹੋਂਦ ਤੇ ਮਹੱਤਵ ਹੈ।
ਇਸ ਰੁੱਤ ਤੋਂ ਪਹਿਲਾਂ ਪੰਜਾਬ ਸਮੇਤ ਉੱਤਰੀ ਭਾਰਤ ਨੂੰ ਜੇਠ ਹਾੜ੍ਹ ਦੇ ਬੇਹੱਦ ਗਰਮ ਤੇ ਲੋਆਂ ਵਾਲੇ ਮੌਸਮ ਦਾ ਸਾਹਮਣਾ ਕਰਨਾ ਪੈਂਦਾ ਹੈ। ਖੁਸ਼ਕੀ ਭਰੇ ਇਸ ਮੌਸਮ ਵਿੱਚ ਬਨਸਪਤੀ ਕੁਮਲਾਈ ਜਾਂਦੀ ਹੈ ਅਤੇ ਜੀਵ ਜੰਤੂਆਂ ਲਈ ਕਾਫ਼ੀ ਔਖਾ ਹੁੰਦਾ ਹੈ। ਪਾਣੀ ਦੇ ਛੱਪੜਾਂ, ਟੋਭਿਆਂ ਅਤੇ ਦਰਿਆਵਾਂ ਵਿੱਚ ਪਾਣੀ ਘੱਟ ਜਾਂਦਾ ਹੈ। ਅਜਿਹੇ ਸਮੇਂ ਪਾਣੀ ਪ੍ਰਾਪਤੀ ਦਾ ਮੁੱਖ ਸਰੋਤ ਹੋਣ ਕਾਰਨ ਅਤੇ ਅੰਤਾਂ ਦੀ ਗਰਮੀ ਕਾਰਨ ਮੀਂਹ ਲਈ ਅਰਦਾਸਾਂ ਕੀਤੀਆਂ ਜਾਂਦੀਆਂ ਹਨ। ਥਾਂ ਥਾਂ ਜੱਗ ਕੀਤੇ ਜਾਂਦੇ ਹਨ ਅਤੇ ਗੁੱਡੀਆਂ ਫੂਕੀਆਂ ਜਾਂਦੀਆਂ ਹਨ। ਇਸ ਸਮੇਂ ਬੱਚਿਆਂ ਵੱਲੋਂ ਗਾਇਆ ਜਾਂਦਾ :
ਰੱਬਾ ਰੱਬਾ ਮੀਂਹ ਵਰਸਾ
ਸਾਡੀ ਕੋਠੀ ਦਾਣੇ ਪਾ।
ਜੇਕਰ ਇਸ ਸਮੇਂ ਕੋਈ ਤਿੱਤਰ ਖੰਭੀ ਬੱਦਲੀ ਅਸਮਾਨੀ ਆ ਜਾਂਦੀ ਤਾਂ ਬੱਚਿਆਂ ਵੱਲੋਂ ਗਾਇਆ ਜਾਂਦਾ:
ਕਾਲੀਆਂ ਇੱਟਾਂ, ਕਾਲੇ ਰੋੜ
ਮੀਂਹ ਵਰਸਾ ਦੇ ਜ਼ੋਰੋ ਜ਼ੋਰ।
ਕਿਸੇ ਕਿਸੇ ਸਾਲ ਹਾੜ੍ਹ ਮਹੀਨੇ ਪ੍ਰੀ ਮਾਨਸੂਨ ਦਾ ਮੀਂਹ ਪੈਂਦਾ, ਪਰ ਸਾਉਣ ਮਹੀਨਾ ਆਉਣ ਨਾਲ ਮਾਨਸੂਨ ਪੌਣਾਂ ਪੰਜਾਬ ਸਮੇਂ ਉੱਤਰੀ ਭਾਰਤ ਵਿੱਚ ਆ ਦਸਤਕ ਦਿੰਦੀਆਂ। ਸਾਉਣ ਮਹੀਨੇ ਅਜਿਹਾ ਹੋਣ ਕਾਰਨ ਬਰਸਾਤਾਂ ਦੀ ਰੁੱਤ ਆ ਜਾਂਦੀ ਅਤੇ ਮੌਸਮ ਹੁਸੀਨ ਹੋ ਜਾਂਦਾ। ਆਪਣੇ ਅਜਿਹੇ ਪੱਖ ਕਾਰਨ ਪੰਜਾਬੀ ਸੱਭਿਆਚਾਰ ਵਿੱਚ ਇਹ ਮਹੀਨਾ ਕੁਝ ਖਾਸ ਮਹੱਤਵ ਰੱਖਦਾ ਹੈ। ਇਸ ਮਹੀਨੇ ਘਟਾਵਾਂ ਚੜ੍ਹ ਚੜ੍ਹ ਆਉਂਦੀਆਂ ਅਤੇ ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸਾਉਂਦੀਆਂ ਹਨ। ਸਮੁੱਚੀ ਬਨਸਪਤੀ ’ਤੇ ਖੇੜਾ ਆਉਣ ਨਾਲ ਜੀਵ ਜੰਤੂ ਵੀ ਮਸਤ ਹੋ ਜਾਂਦੇ ਹਨ।
ਸਾਉਣ ਮਹੀਨੇ ਖਾਣ ਲਈ ਘਰ ਘਰ ਖੀਰ ਪੂੜੇ ਬਣਦੇ। ਸ਼ਾਇਦ ਅਜਿਹਾ ਹੋਣ ਦਾ ਕਾਰਨ ਇਸ ਸਮੇਂ ਮੱਝਾਂ ਦਾ ਪਿਆ ਸੂਆ, ਪਸ਼ੂਆਂ ਲਈ ਹਰਾ ਚਾਰਾ ਹੋਣਾ ਅਤੇ ਮੌਸਮ ਠੀਕ ਹੋਣ ਕਾਰਨ ਮੱਝਾਂ ਦੁਆਰਾ ਕੁਝ ਵਧੇਰੇ ਦੁੱਧ ਦੇਣਾ ਸ਼ੁਰੂ ਕਰਨ ਵਰਗੇ ਕਾਰਨਾਂ ਕਰਕੇ ਦੁੱਧ ਦੀ ਬਹੁਤਾਤ ਹੋਣ ਅਤੇ ਪੂੜੇ ਬਣਾਉਣ ਲਈ ਠੰਢਾ ਮੌਸਮ ਹੋਣਾ ਵੀ ਹੋ ਸਕਦਾ ਹੈ। ਪਰ ਫਿਰ ਵੀ ਜੇਕਰ ਕਿਸੇ ਕਾਰਨ ਕੋਈ ਇਸ ਸਮੇਂ ਖੀਰ ਖਾਣ ਤੋਂ ਬਾਂਝਾ ਰਹਿ ਜਾਂਦਾ ਤਾਂ ਕੁਝ ਇਸ ਤਰ੍ਹਾਂ ਕਿਹਾ ਮਿਲਦਾ :
ਸਾਉਣ ਖੀਰਾਂ ਨਾ ਖਾਧੀਆਂ
ਤਾਂ ਕਿਉਂ ਜੰਮਿਓਂ ਅਪਰਾਧੀਆ।
ਸਾਉਣ ਮਹੀਨੇ ਦੀ ਇੱਕ ਖਾਸੀਅਤ ਇਹ ਹੈ ਕਿ ਇਸ ਮਹੀਨੇ ਨਿੱਕੀ ਨਿੱਕੀ ਕਣੀ ਦਾ ਮੀਂਹ ਪੈਂਦਾ ਹੈ। ਇਸ ਦੇ ਨਾਲ ਕਾਇਨਾਤ ਵੱਖਰੇ ਹੀ ਸੁਹੱਪਣ ਨਾਲ ਭਰਪੂਰ ਹੋ ਜਾਂਦੀ ਹੈ। ਅਜਿਹਾ ਹੋਣ ਕਾਰਨ ਅਜਿਹੇ ਨਜ਼ਾਰੇ ਨੂੰ ਵਿਆਹ ਸਮੇਂ ਗਾਈਆਂ ਜਾਂਦੀਆਂ ਘੋੜੀਆਂ ਵਿੱਚ ਕੁਝ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ:
ਨਿੱਕੀ ਨਿੱਕੀ ਕਣੀ ਦਾ ਮੀਂਹ ਵੇ ਵਰ੍ਹੇ।
ਮਾਂ ਵੇ ਸੁਹਾਗਣ ਤੇਰੇ ਸ਼ਗਨ ਕਰੇ।
ਸਾਉਣ ਮਹੀਨੇ ਦੀਆਂ ਨਿੱਕੀਆਂ ਨਿੱਕੀਆਂ ਕਣੀਆਂ ਦਾ ਮੀਂਹ ਧਰਤੀ ਅਤੇ ਛੱਤਾਂ ਵਿੱਚ ਰਚਦਾ ਜਾਂਦਾ। ਅਜਿਹਾ ਹੋਣ ਕਾਰਨ ਅਤੇ ਸਾਉਣ ਦੀਆਂ ਝੜੀਆਂ ਦੇ ਕੁਝ ਲੰਬਾ ਜਾਣ ਕਾਰਨ ਕੱਚੀਆਂ ਕੰਧਾਂ ਦੇ ਢਹਿਣ, ਲਟੈਣਾਂ ਟੁੱਟਣ ਅਤੇ ਮਾੜੀਆਂ ਛੱਤਾਂ ਦੇ ਢਹਿਣ ਵਰਗੀਆਂ ਘਟਨਾਵਾਂ ਵੀ ਵਾਪਰਦੀਆਂ। ਅਜਿਹਾ ਹੋਣ ਕਾਰਨ ਇਸ ਸਬੰਧੀ ਲੋਕ ਗੀਤਾਂ ਵਿੱਚ ਕੁਝ ਇਸ ਤਰ੍ਹਾਂ ਕਿਹਾ ਮਿਲਦਾ ਹੈ :
ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ
ਛੜਿਆਂ ਦਾ ਢਹਿ ਗਿਆ ਕੋਠਾ।
ਛੜਿਆ ਪੁੰਨ ਕਰ ਵੇ
ਤੇਰਾ ਭਰਿਆ ਜਹਾਜ਼ ਖਲੋਤਾ।
ਸਾਉਣ ਮਹੀਨੇ ਵਿੱਚ ਜ਼ੋਰ ਨਾਲ ਮੋਹਲੇਧਾਰ ਮੀਂਹ ਦੀਆਂ ਸੰਭਾਵਨਾਵਾਂ ਬਹੁਤ ਘੱਟ ਹੁੰਦੀਆਂ ਹਨ। ਚੜ੍ਹ ਚੜ੍ਹ ਆਉਂਦੀਆਂ ਨੀਵੇਂ ਬੱਦਲਾਂ ਦੀਆਂ ਕਾਲੀਆਂ ਘਟਾਵਾਂ ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸਾਉਂਦੀਆਂ ਹਨ। ਲੋਕ ਬੋਲੀਆਂ ਵਿੱਚ ਇਸ ਦਾ ਵਰਣਨ ਕੁਝ ਇਸ ਤਰ੍ਹਾਂ ਮਿਲਦਾ ਹੈ:
ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ
ਸਾਵਣ ਕਿਣ ਮਿਣ ਪਾਣੀ
ਮੂੰਗੀਆ ਭਿੱਜ ਗਿਆ ਵੇ
ਤੈਂ ਚਾਦਰ ਨਾ ਤਾਣੀ
ਮੂੰਗੀਆ ਭਿੱਜ ਗਿਆ ਵੇ…
ਬਨਸਪਤੀ ਤੇ ਜੀਵ ਜੰਤੂਆਂ ਲਈ ਸਾਉਣ ਦੀਆਂ ਨਿੱਕੀਆਂ ਨਿੱਕੀਆਂ ਕਣੀਆਂ ਦਾ ਆਪਣਾ ਹੀ ਮਹੱਤਵ ਹੈ। ਇਨ੍ਹਾਂ ਨਾਲ ਸਾਰਾ ਕੁਝ ਜੋਬਨ ’ਤੇ ਆ ਜਾਂਦਾ ਹੈ। ਇਸ ਰੁੱਤੇ ਸਾਰਾ ਕੁਝ ਨਿੱਖਰਿਆ ਨਿੱਖਰਿਆ ਲੱਗਦਾ ਹੈ।
ਆਮ ਕਰਕੇ ਸਾਉਣ ਮਹੀਨੇ ਨਿੱਕੀ ਨਿੱਕੀ ਕਣੀ ਦਾ ਮੀਂਹ ਪੁਰੇ ਦੀ ਹਵਾ ਨਾਲ ਆਉਂਦਾ ਹੈ, ਪਰ ਕਈ ਵਾਰ ਇਸ ਦਾ ਕਾਰਨ ਹਵਾ ਦਾ ਰੁਖ਼ ਬਦਲਣਾ ਵੀ ਸਾਬਤ ਹੁੰਦਾ ਹੈ। ਫਿਰ ਅਜਿਹੇ ਸਮੇਂ ਪੱਛੋਂ ਦੀਆਂ ਕਣੀਆਂ ਵੀ ਕੁਝ ਅਜਿਹਾ ਹੋਣ ਦਾ ਕਾਰਨ ਬਣਦੀਆਂ ਹਨ:
ਪੱਛੋਂ ਦੀਆਂ ਪੈਣ ਕਣੀਆਂ
ਮੇਰਾ ਭਿੱੱਜ ਗਿਆ ਵਰੀ ਦਾ ਲਹਿੰਗਾ।
ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਸਾਉਣ ਦਾ ਮਹੀਨਾ ਬਰਸਾਤਾਂ ਦਾ ਮਹੀਨਾ ਹੈ। ਹਾੜ੍ਹ ਦੀ ਅੰਤਾਂ ਦੀ ਗਰਮੀ ਸ਼ਾਂਤ ਕਰਨ ਦੇ ਨਾਲ ਨਾਲ ਪਾਣੀ ਦੀ ਘਾਟ ਨੂੰ ਸਾਉਣ ਦੀਆਂ ਕਾਲੇ ਬੱਦਲਾਂ ਵਾਲੀਆਂ ਘਟਾਵਾਂ ਪੂਰਾ ਕਰਦੀਆਂ ਹਨ। ਇਸ ਨਾਲ ਬਨਸਪਤੀ ਦੇ ਜੋਬਨ ’ਤੇ ਆਉਣ ਨਾਲ ਜੀਵ ਜੰਤੂ ਵੀ ਝੂੁਮ ਉੱਠਦੇ ਹਨ:
ਨਿੱਕੀ ਨਿੱਕੀ ਕਣੀ ਦੀਆਂ ਪੈਣ ਫੁਹਾਰਾਂ
ਆਈਆਂ ਧਰਤੀ ਉੱਤੇ ਬਹਾਰਾਂ
ਮੋਰ ਝੂਮਣ ਵਿੱਚ ਮਸਤੀ ਦੇ
ਵੇਖ ਕਾਲੇ ਨੀਲੇ ਬੱਦਲਾਂ ਦੀਆਂ ਡਾਰਾਂ।
ਪਰ ਕਦੇ ਕਦੇ ਬਰਸਾਤਾਂ ਦਾ ਮਹੀਨਾ ਮੰਨਿਆ ਜਾਂਦਾ ਸਾਉਣ ਵੀ ਸੁੱਕਾ ਲੰਘ ਜਾਂਦਾ ਤਾਂ ਜੀਵਾਂ, ਕਿਸਾਨਾਂ ਅਤੇ ਬਨਸਪਤੀ ’ਤੇ ਇਸ ਦਾ ਸਪੱਸ਼ਟ ਅਸਰ ਵਿਖਾਈ ਦਿੰਦਾ। ਅਜਿਹਾ ਹੋਣ ਕਾਰਨ ਚਾਰੇ ਪਾਸੇ ਕੁਝ ਇਸ ਤਰ੍ਹਾਂ ਤ੍ਰਾਹ ਤ੍ਰਾਹ ਹੁੰਦੀ :
ਧਾਈਆਂ ਧਾਈਆਂ ਧਾਈਆਂ
ਪਤਾ ਨਹੀਂ ਕਿਹੜੇ ਪਾਪ ਹੋ ਗਏ
ਵਿੱਚ ਸਾਉਣ ਦੇ ਨਾ ਚਾਰ ਕਣੀਆਂ ਪਾਈਆਂ
ਜੀਵ ਜੰਤੂਆਂ ਦਾ ਹਾਲ ਬੁਰਾ
ਵਿੱਚ ਖੇਤਾਂ ਦੇ ਫ਼ਸਲਾਂ ਕਮਲਾਈਆਂ
ਰੱਬਾ ਮੀਂਹ ਪਾ ਦੇ ਵੇ
ਬੜੀਆਂ ਸੱਧਰਾਂ ਸਾਉਣ ’ਤੇ ਲਾਈਆਂ।
ਸਾਉਣ ਦਾ ਮਹੀਨਾ ਆਪਣੇ ਸੁੰਦਰ ਮੌਸਮ ਕਾਰਨ ਹਰ ਤਰੀਕੇ ਨਾਲ ਆਪਣਾ ਅਸਰ ਵਿਖਾਉਂਦਾ ਹੈ। ਧਰਤੀ ਸ਼ਿੰਗਾਰੀ ਜਾਂਦੀ ਹੈ ਅਤੇ ਹਰੀ ਭਰੀ ਬਨਸਪਤੀ ਵੱਖਰਾ ਹੀ ਸਰੂਰ ਬਖ਼ਸ਼ਦੀ ਹੈ। ਅਜਿਹੇ ਸਮੇਂ ਤੀਆਂ ਦਾ ਤਿਉਹਾਰ ਆਉਂਦਾ ਹੈ। ਬੋਹੜਾਂ ਪਿੱਪਲਾਂ ਹੇਠ ਤੀਆਂ ਵਿੱਚ ਮੁਟਿਆਰਾਂ ਦੁਆਰਾ ਧਮਾਲਾਂ ਪੈਂਦੀਆਂ ਹਨ :
ਸਾਉਣ ਮਹੀਨੇ ਬੱਦਲ ਪੈਂਦਾ
ਨਿੰਮੀਆਂ ਪੈਣ ਫੁਹਾਰਾਂ।
’ਕੱਠੀਆਂ ਹੋ ਕੇ ਆਈਆਂ ਗਿੱਧੇ ਵਿੱਚ
ਇੱਕੋ ਜਿਹੀਆਂ ਮੁਟਿਆਰਾਂ।
ਦੂਹਰੀਆਂ ਹੋ ਕੇ ਨੱਚਣ ਲੱਗੀਆਂ
ਜਿਉਂ ਕੂੰਜਾਂ ਦੀਆਂ ਡਾਰਾਂ।
ਜ਼ੋੋਰ ਜਵਾਨੀ ਦਾ
ਲੁੱਟ ਲਓ ਮੌਜ ਬਹਾਰਾਂ।
ਜ਼ੋੋਰ ਜਵਾਨੀ ਦਾ…
ਇਸ ਤਰ੍ਹਾਂ ਸਾਉਣ ਮਹੀਨਾ ਪੰਜਾਬੀ ਜਨ ਜੀਵਨ, ਸੱਭਿਆਚਾਰ ਤੇ ਪੰਜਾਬ ਦੀ ਆਰਥਿਕਤਾ ਵਿੱਚ ਵਿਸ਼ੇਸ਼ ਮਹੱਤਵ ਦਾ ਧਾਰਨੀ ਹੈ। ਇਸ ਦਾ ਅਨੁਮਾਨ ਸਾਉਣ ਮਹੀਨੇ ਦਾ ਵੱਖ ਵੱਖ ਪੱਖਾਂ ਤੋਂ ਜ਼ਿਕਰ ਪੰਜਾਬੀ ਲੋਕ ਗੀਤਾਂ ਤੇ ਲੋਕ ਬੋਲੀਆਂ ਵਿੱਚ ਆਮ ਮਿਲਣ ਤੋਂ ਲਗਾਇਆ ਸਕਦਾ ਹੈ।
ਸੰਪਰਕ: 81469-24800