ਰਾਜਾਂ ਦੀ ਖੁ਼ਦਮੁਖਤਿਆਰੀ ਦਾ ਸਵਾਲ ਅਤੇ ਸਿਹਤ

ਰਾਜਾਂ ਦੀ ਖੁ਼ਦਮੁਖਤਿਆਰੀ ਦਾ ਸਵਾਲ ਅਤੇ ਸਿਹਤ

ਡਾ. ਸ਼ਿਆਮ ਸੁੰਦਰ ਦੀਪਤੀ

 ਇਹ ਨਹੀਂ ਕਿ ਕਿਸਾਨੀ ਅੰਦੋਲਨ ਨਾਲ ਰਾਜਾਂ ਨੂੰ ਵਧ ਤਾਕਤਾਂ ਅਤੇ ਖੁ਼ਦਮੁਖਤਿਆਰੀ ਦਾ ਮਸਲਾ ਭਖਿਆ ਹੋਇਆ ਹੈ ਤਾਂ ਕਰ ਕੇ ਇਸ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸਿਹਤ ਨਾਲ ਜੋੜਨਾ ਹੀ ਜੋੜਨਾ ਹੈ ਕਿਉਂਕਿ ਸਿਹਤ ਮੇਰਾ ਵਿਸ਼ਾ ਹੈ।

ਵੈਸੇ ਤਾਂ ਸਿਹਤ ਅਜਿਹਾ ਮਸਲਾ ਹੈ, ਜਿਸ ਦਾ ਸਬੰਧ ਸਾਡੇ ਪੂਰੇ ਆਲੇ-ਦੁਆਲੇ ਨਾਲ ਹੈ। ਪਰਿਵਾਰ ਦੇ ਰੀਤੀ-ਰਿਵਾਜਾਂ, ਖਾਣ-ਪੀਣ ਦੀਆਂ ਆਦਤਾਂ, ਸਕੂਲੀ ਪੜ੍ਹਾਈ ਵਿਚ ਸਿਹਤਮੰਦ ਆਦਤਾਂ ਦੀ ਗੱਲ ਤੋਂ ਲੈ ਕੇ ਖੁ਼ਰਾਕੀ ਤੱਤਾਂ ਦੇ ਫਾਇਦੇ-ਨੁਕਸਾਨ ਦਾ ਪਾਠ, ਕੰਮ ਵਾਲੀ ਥਾਂ ਦਾ ਵਾਤਾਵਰਨ, ਕੰਮ ਕਰਨ ਲਈ ਸਹੂਲਤਾਂ, ਮਸ਼ੀਨਾਂ, ਔਜ਼ਾਰਾਂ ਦੀ ਵਰਤੋਂ ਤੇ ਉਸ ਤੋਂ ਵੀ ਵੱਡਾ ਕੰਮ ਤੋਂ ਮਿਲਣ ਵਾਲੀ ਦਿਹਾੜੀ ਤੇ ਇਸੇ ਤਰ੍ਹਾਂ ਹੀ ਸਾਡਾ ਸਭਿਆਚਾਰ, ਧਰਮ ਦੀ ਪੈਰੋਕਾਰੀ ਤਹਿਤ ਕਈ ਬੰਦਿਸ਼ਾਂ।

ਇਹ ਹੈ ਸਾਡਾ ਸਮਾਜਿਕ ਮਾਹੌਲ, ਜਦੋਂਕਿ ਮਨੁੱਖ ਕੁਦਰਤ ਦੇ ਵਾਤਾਵਰਨ ਦਾ ਵੀ ਓਨਾ ਹੀ ਹਿੱਸਾ ਹੈ, ਜਿੰਨਾ ਬਾਕੀ ਜੀਵ-ਜੰਤੂ ਅਤੇ ਪੌਦੇ। ਤਕਰੀਬਨ ਢਾਈ ਹਜ਼ਾਰ ਸਾਲ ਪਹਿਲਾਂ ਯੂਨਾਨ ਦੇ ਫਿਲਾਸਫਰ ਹਿਪੋਕਰੇਟਿਸ ਨੇ ਸਿਹਤ ਅਤੇ ਬਿਮਾਰੀ ਨੂੰ ਆਬੋ-ਹਵਾ ਨਾਲ ਜੋੜ ਕੇ ਦੇਖਿਆ ਅਤੇ ਵਿਆਖਿਆ ਕੀਤੀ। ਉਹ ਸਬੰਧ ਅੱਜ ਕੱਲ੍ਹ ਜੱਗ-ਜ਼ਾਹਿਰ ਹੈ ਤੇ ਵਿਗਿਆਨਕ ਲੀਹਾਂ ’ਤੇ ਪਰਖਿਆ ਹੋਇਆ ਹੈ। ਜਦੋਂ ਅਸੀਂ ਹਵਾ-ਪਾਣੀ ਦੇ ਪ੍ਰਦੂਸ਼ਣ ਦੀ ਗੱਲ ਕਰਦੇ ਹਾਂ ਜਾਂ ਵਧ ਰਹੇ ਤਾਪਮਾਨ ਅਤੇ ਮੌਸਮ ਮੁਤਾਬਕ ਬਿਮਾਰੀਆਂ ਦੀ ਗੱਲ ਕਰਦੇ ਹਾਂ।

ਹਵਾ ਅਤੇ ਪਾਣੀ ਜਾਂ ਮੌਸਮਾਂ ਦਾ ਮਨੁੱਖੀ ਸਿਹਤ ਨਾਲ ਸਬੰਧ ਸਾਨੂੰ ਨਿੱਜੀ ਤੌਰ ’ਤੇ ਪ੍ਰੇਸ਼ਾਨ ਕਰਦਾ ਹੈ ਤਾਂ ਅਸੀਂ ਵਿਚਾਰਾਂ ਕਰਦੇ ਹਾਂ ਪਰ ਕੁਦਰਤ ਦੇ ਸਾਰੇ ਜੀਵ ਪੇੜ-ਪੌਦੇ ਵੀ ਇਸ ਤੋਂ ਪ੍ਰਭਾਵਿਤ ਹੁੰਦੇ ਹਨ ਅਤੇ ਆਪਣੇ-ਆਪਣੇ ਖਿੱਤੇ ਦੇ ਮਾਹਿਰ ਇਨ੍ਹਾਂ ਬਾਰੇ ਖੋਜਾਂ ਵੀ ਕਰਦੇ ਹਨ ਤੇ ਵਿਚਾਰਾਂ ਵੀ। ਹੁਣ ਤਾਂ ਪਸ਼ੂ-ਮਨੁੱਖ ਦਾ ਆਪਸੀ ਸਬੰਧ ਅਤੇ ਬਿਮਾਰੀਆਂ ਦਾ ਲੈਣ-ਦੇਣ ਇਕ ਮਹੱਤਵਪੂਰਨ ਵਿਸ਼ਾ ਬਣ ਕੇ ਉਭਰੇ ਹਨ।

ਜਿੱਥੋਂ ਤਕ ਖੇਤੀ ਦੀ ਗੱਲ ਹੈ, ਇਸ ਦਾ ਤਾਂ ਸਿੱਧਾ ਸਬੰਧ ਮੌਸਮ ਨਾਲ ਹੈ। ਅਸੀਂ ਹਾੜ੍ਹੀ-ਸਾਉਣੀ ਫਸਲਾਂ ਦੀ ਗੱਲ ਕਰਦੇ ਹਾਂ ਅਤੇ ਮੌਸਮੀ ਫਲਾਂ ਅਤੇ ਸਬਜ਼ੀਆਂ ਬਾਰੇ ਵੀ ਜਾਣੂ ਹਾਂ, ਕਿਉਂ ਜੋ ਉਹ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਦਾ ਹਿੱਸਾ ਹਨ। ਇਹ ਗੱਲ ਭਾਵੇਂ ਹੁੰਦੀ ਨਹੀਂ, ਪਰ ਸੋਚ ਕੇ ਦੇਖੋ ਕਿ ਹਾੜ੍ਹੀ-ਸਾਉਣੀ ਦੀਆਂ ਫਸਲਾਂ ਉਲਟਾਈਆਂ ਜਾ ਸਕਦੀਆਂ ਹਨ? ਕਦੇ ਇਸ ਤਰ੍ਹਾਂ ਖਿਆਲ ਹੀ ਨਹੀਂ ਆਇਆ। ਇਹ ਨਹੀਂ ਹੋ ਸਕਦਾ। ਚਲੋ! ਇਸ ਤਰ੍ਹਾਂ ਗੱਲ ਕਰੀਏ ਕਿ ਕੀ ਪੰਜਾਬ ਦੀ ਧਰਤੀ ’ਤੇ ਕਾਜੂ-ਬਦਾਮ ਜਾਂ ਅਖਰੋਟ ਉਗ ਸਕਦੇ ਹਨ ਜਾਂ ਨਾਰੀਅਲ ਦੀ ਖੇਤੀ ਸੰਭਵ ਹੈ? ਨਹੀਂ ਹੈ। ਇਹ ਹੈ ਕੁਦਰਤ। ਇਹ ਹੈ ਖਿੱਤੇ ਦੀ ਆਬੋ-ਹਵਾ। ਹੁਣ ਫਸਲਾਂ-ਸਬਜ਼ੀਆਂ ਆਬੋ-ਹਵਾ ਕਰਕੇ ਹਨ ਜਾਂ ਫਲ-ਸਬਜ਼ੀਆਂ ਕਰਕੇ ਹਵਾ-ਪਾਣੀ ਦੀ, ਮਿੱਟੀ ਦੀ ਕੁਦਰਤ ਹੈ ਜਾਂ ਇਸ ਤੋਂ ਵੀ ਅੱਗੇ ਇਹ ਮੌਸਮਾਂ ਦਾ, ਉਥੋਂ ਦੇ ਤਾਪਮਾਨ ਦਾ ਨਤੀਜਾ ਹੈ।

ਗੱਲ ਕਰਨੀ ਹੈ, ਰਾਜਾਂ ਦੀ ਖੁ਼ਦਮੁਖ਼ਤਿਆਰੀ ਦੀ ਅਤੇ ਆਪਣੀ ਸਿਹਤ ਦੀ। ਸਾਡੇ ਦੇਸ਼ ਦੇ ਨਕਸ਼ੇ ’ਤੇ ਨਜ਼ਰ ਮਾਰੋ। ਕਸ਼ਮੀਰ ਤੋਂ ਕੰਨਿਆ ਕੁਮਾਰੀ ਤਕ। ਕੀ ਸਾਡੇ ਦੇਸ਼ ਵਿਚ ਇਕੋ ਜਿਹਾ ਮੌਸਮ ਹੈ? ਨਹੀਂ। ਸਾਡੇ ਦੇਸ਼ ਦਾ ਰਹਿਣ-ਸਹਿਣ, ਖਾਣ ਵੀ ਇਕੋ ਜਿਹਾ ਨਹੀਂ। ਸਾਡੇ ਦੇਸ਼ ਦੀ ਖਾਸੀਅਤ ਹੈ, ਇਕ ਦੇਸ਼, ਅਨੇਕਾਂ ਸਭਿਆਚਾਰ, ਜੀਵਨ ਦੇ ਢੰਗ। ਜਿਵੇਂ ਅਸੀਂ ਪੇੜ-ਪੌਦਿਆਂ ਬਾਰੇ ਕਹਿੰਦੇ ਹਾਂ ਕਿ ਇਕ ਖਾਸ ਥਾਂ ਦਾ ਬੂਟਾ, ਦੂਸਰੀ ਓਪਰੀ ਥਾਂ ’ਤੇ ਲੱਗ ਜਾਵੇ ਤਾਂ ਉਹ ਜੜ੍ਹ ਨਹੀਂ ਫੜਦਾ, ਓਵੇਂ ਹੀ ਮਨੁੱਖਾਂ ਬਾਰੇ ਵੀ ਇਹ ਕਾਫੀ ਵੱਡਾ ਸੱਚ ਹੈ।

ਸਭਿਆਚਾਰ, ਰਹਿਣੀ-ਬਹਿਣੀ, ਸਾਡੀ ਜੀਵਨ-ਜਾਚ ਦਾ ਵੀ, ਉਥੋਂ ਦੀ ਆਬੋ-ਹਵਾ, ਉਥੋਂ ਦੀਆਂ ਫਸਲਾਂ ’ਤੇ ਨਿਰਭਰ ਕਰਦਾ ਹੈ। ਜੈਸਾ ਖਾਓ ਅੰਨ, ਵੈਸਾ ਹੁੰਦਾ ਮਨ, ਭਾਵੇਂ ਸਭਿਆਚਾਰ ਨਾਲ ਜੁੜਿਆ ਅਖਾਣ ਹੈ, ਪਰ ਮਨੁੱਖੀ ਸਰੀਰ ਮੁਤਾਬਕ ਹੀ, ਉਸ ਧਰਤੀ ਦਾ ਅੰਨ ਹੁੰਦਾ ਹੈ। ਕੁਦਰਤ ਮਨੁੱਖ/ ਜੀਵ ਦੀ ਲੋੜ ਮੁਤਾਬਕ ਹੀ ਖਾਣ-ਪੀਣ ਦੀਆਂ ਚੀਜ਼ਾਂ ਤਿਆਰ ਕਰਦੀ ਹੈ।

ਆਬੋ-ਹਵਾ, ਖੁਰਾਕ ਅਤੇ ਸਿਹਤ, ਕੀ ਤੁਹਾਨੂੰ ਅੱਡ-ਅੱਡ ਲਗਦੇ ਹਨ? ਇਹ ਤਾਂ ਬਿਲਕੁਲ ਨਹੀਂ ਹਨ। ਹੁਣ ਦੇਸ਼ ਦੇ ਪਰਿਪੇਖ ਵਿਚ ਹੀ ਦੇਖੀਏ ਤਾਂ ਸਿਹਤ ਸਮੱਸਿਆਵਾਂ ਉੱਤਰ-ਦੱਖਣ, ਪੂਰਬ-ਪੱਛਮ, ਮੱਧ ਭਾਰਤ ਆਦਿ ਸਭ ਦੀਆਂ ਵੱਖਰੀਆਂ ਹਨ। ਅਮੀਰੀ-ਗਰੀਬੀ, ਅਨਪੜ੍ਹਤਾ ਦੀ ਗੱਲ ਨਾ ਕਰੀਏ, ਇਹ ਆਬੋ-ਹਵਾ ਦੀ ਗੱਲ ਹੈ ਕਿ ਖੁਸ਼ਕ ਮੌਸਮ ਹੈ, ਕਿਤੇ ਗਿੱਲਾ ਤੇ ਕਿਤੇ ਬਰਫ਼ ਪਈ ਰਹਿੰਦੀ ਹੈ। ਕਈ ਬਿਮਾਰੀਆਂ, ਜੀਵਾਣੂ-ਵਿਸ਼ਾਣੂਆਂ ਨੂੰ ਵਧੀਆ ਵਾਤਾਵਰਨ ਦਿੰਦੀਆਂ ਹਨ ਤੇ ਕਈ ਸਭਿਆਚਾਰ ਵੀ ਬਿਮਾਰੀ ਅਤੇ ਸਿਹਤ ਨੂੰ ਇਕ ਮਾਹੌਲ ਦਿੰਦੇ ਹਨ, ਜਿਸ ਨਾਲ ਬਿਮਾਰੀ ਫੈਲਣ ਲਈ ਰਫ਼ਤਾਰ ਫੜਦੀ ਹੈ ਜਾਂ ਉਸ ਨੂੰ ਰੋਕਾਂ ਲਗਦੀਆਂ ਹਨ।

ਇਹ ਗੱਲਾਂ, ਰਾਜਾਂ ਦੀ ਖੁਦਮੁਖਤਾਰੀ ਨਾਲ ਜੁੜਦੀਆਂ ਹਨ? ਜੇਕਰ ਹਾਂ ਤਾਂ ਕਿਵੇਂ? ਜਿੱਥੋਂ ਤਕ ਸਿਹਤ ਦਾ ਮਾਮਲਾ ਹੈ, ਜੇ ਕਿਸੇ ਵੀ ਰਾਜ ਦੀ ਸਿਹਤ ਸਥਿਤੀ, ਕਿਸੇ ਹੋਰ ਖਿੱਤੇ ਤੋਂ ਵੱਖਰੀ ਹੈ ਤਾਂ ਉਨ੍ਹਾਂ ਨੂੰ ਕਾਬੂ ਕਰਨ ਜਾਂ ਉਨ੍ਹਾਂ ਲਈ ਸਿਹਤ-ਸਹੂਲਤਾਂ ਮੁਹੱਈਆ ਕਰਨ ਲਈ, ਵਿਉਂਤਬੰਦੀ ਵੀ ਤਾਂ ਉਸੇ ਤਰੀਕੇ ਦੀ ਹੋਵੇਗੀ। ਬਿਮਾਰੀ ਬਚਾਅ ਦੇ ਘੇਰੇ ਵਿਚ ਆਉਂਦੀ ਹੈ ਤਾਂ ਇਲਾਜ ਦੇ ਜਾਂ ਅਜਿਹੇ ਹੋਰ ਪੱਖ। ਤਾਂ ਫਿਰ ਰਾਜ ਸਰਕਾਰ, ਉਸ ਖਿੱਤੇ ਦੀ ਸਰਕਾਰ, ਜਿਸ ਕੋਲ ਇਹ ਜ਼ਿੰਮੇਵਾਰੀ ਹੈ, ਓਹੀ ਪ੍ਰੋਗਰਾਮ ਉਲੀਕੇਗੀ ਤੇ ਓਹੀ ਨੀਤੀ ਬਣਾਵੇਗੀ। ਇਸ ਦੇ ਨਾਲ ਹੀ ਜੇ ਸਿੱਖਿਆ ਦੀ ਗੱਲ ਕਰੀਏ ਤਾਂ ਸਿੱਖਿਆ ਦਾ ਇਕ ਮੰਤਵ ਤਾਂ ਬੱਚਿਆਂ, ਨੌਜਵਾਨਾਂ ਨੂੰ ਚੰਗੇ ਇਨਸਾਨ, ਦੇਸ਼ ਦੇ ਵਧੀਆ ਨਾਗਰਿਕ ਬਣਾਉਣਾ ਤਾਂ ਹੈ ਹੀ, ਨਾਲ ਹੀ ਖਿੱਤੇ ਦੀ ਲੋੜ ਮੁਤਾਬਕ ਵੀ ਸਿਹਤ ਅਮਲਾ ਤਿਆਰ ਕਰਨਾ ਹੈ। ਸਭਿਆਚਾਰ ਦੇ ਪੱਖ ਤੋਂ ਦੇਖੀਏ ਤਾਂ ਇਹ ਕਿਸੇ ਵੀ ਖਿੱਤੇ ਦੀ ਜਿੰਦ-ਜਾਨ ਹੁੰਦਾ ਹੈ। ਲੋਕ ਉਸ ਖਿੱਤੇ ਦੀ ਲੋੜ ਮੁਤਾਬਕ ਵੀ ਸਿਹਤ ਅਮਲਾ ਤਿਆਰ ਕਰਨਾ ਹੈ। ਸਭਿਆਚਾਰ ਦੇ ਪੱਖ ਤੋਂ ਦੇਖੀਏ ਤਾਂ ਇਹ ਕਿਸੇ ਵੀ ਖਿੱਤੇ ਦੀ ਜਿੰਦ-ਜਾਨ ਹੁੰਦਾ ਹੈ। ਲੋਕ ਉਸ ਖਿੱਤੇ ਦੇ ਨਾਇਕਾਂ ਤੋਂ ਉਸ ਮਿੱਟੀ ਦੇ ਇਤਿਹਾਸ ਤੋਂ ਸਬਕ ਲੈਂਦੇ ਹਨ, ਹਿੰਮਤ ਹਾਸਲ ਕਰਦੇ ਹਨ। ਪੰਜਾਬ ਗੁਰੂਆਂ-ਪੀਰਾਂ ਦੀ ਧਰਤੀ ਹੈ। ਲੋਕਾਂ ਨੂੰ ਉਨ੍ਹਾਂ ਪ੍ਰੰਪਰਾਵਾਂ ਨਾਲ ਜੋੜਨਾ ਲਾਜ਼ਮੀ ਹੈ। ਦੇਸ਼ ਦੀ ਆਜ਼ਾਦੀ ਵਿਚ ਕਿੰਨੇ ਹੀ ਸੂਰਵੀਰਾਂ ਦੀਆਂ ਬੇਮਿਸਾਲ ਕੁਰਬਾਨੀਆਂ ਪਈਆਂ ਹਨ। ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਊਧਮ ਸਿੰਘ ਵਰਗੇ ਨਾਇਕਾਂ ਨੂੰ ਯਾਦ ਕਰਨਾ, ਬੱਚਿਆਂ ਨੂੰ ਪੜ੍ਹਾਉਣਾ ਬਣਦਾ ਹੈ। ਸਿੱਖਿਆ ਵੀ ਰਾਜ ਪੱਧਰ ’ਤੇ ਫੈਸਲੇ ਲੈਣ ਵਾਲਾ ਮੁੱਦਾ ਹੈ ਕਿ ਅਸੀਂ ਕੀ ਪੜ੍ਹਾਉਣਾ ਹੈ ਤੇ ਕਿਵੇਂ ਪੜ੍ਹਾਉਣਾ ਹੈ।

ਇਸੇ ਤਰ੍ਹਾਂ ਹੀ ਖੇਤੀ ਦੀ ਗੱਲ ਹੈ। ਖਿੱਤੇ ਦੀ ਮਿੱਟੀ ਅਤੇ ਆਬੋ-ਹਵਾ ਮੁਤਾਬਕ ਨੀਤੀ ਬਣੇਗੀ। ਅਸੀਂ ਜੇ ਦੇਖੀਏ ਤਾਂ ਝੋਨਾ ਸਾਡੇ ਖਿੱਤੇ ਦੀ ਫਸਲ ਨਹੀਂ ਹੈ। ਇਹ ਸਾਡੇ ’ਤੇ ਥੋਪੀ ਗਈ ਹੈ ਤੇ ਇਸ ਦਾ ਹਸ਼ਰ ਅਸੀਂ ਦੇਖ ਰਹੇ ਹਾਂ।

ਇਸ ਲਈ ਸਿਹਤ, ਸਿੱਖਿਆ ਅਤੇ ਖੇਤੀ, ਘੱਟੋ-ਘੱਟ ਇਹ ਤਿੰਨ ਪਹਿਲੂ ਰਾਜਾਂ ਦੀ ਖੁਦਮੁਖਤਿਆਰੀ, ਰਾਜਾਂ ਵੱਲੋਂ ਖੁਦ ਫ਼ੈਸਲਾ ਲਏ ਜਾਣ ਵਾਲੇ ਮੁੱਦੇ ਹਨ। ਵੈਸੇ ਤਾਂ ਸੰਵਿਧਾਨ ਦੇ ਘਾੜਿਆਂ ਨੇ ਇਨ੍ਹਾਂ ਤਿੰਨਾਂ ਪਹਿਲੂਆਂ ਨੂੰ ਰਾਜ ਅਧਿਕਾਰਾਂ ਦੀ ਸੂਚੀ ਵਿਚ ਰੱਖਿਆ ਹੈ ਪਰ ਦੇਸ਼ ਦੀ ਏਕਤਾ ਲਈ ਕੁਝ ਮੁੱਦੇ ਸਾਂਝੇ ਵੀ ਹਨ ਤੇ ਕੇਂਦਰ ਦੀਆਂ ਸਰਕਾਰਾਂ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ, ਆਪਣੇ ਵੱਲ ਵੱਧ ਅਧਿਕਾਰਾਂ ਨੂੰ ਖਿੱਚਣ-ਖੋਹਣ ਦੀ ਅਤੇ ਧੱਕਾ ਕਰਨ ਦੀ।

ਰਾਜਾਂ ਦੀ ਵੰਡ, ਜ਼ਮੀਨ ਤੇ ਲਕੀਰਾਂ ਤਕ ਹੀ ਸੀਮਤ ਨਹੀਂ ਹੁੰਦੀ। ਇਹ ਇਕ ਵੱਡਾ ਪਰਿਪੇਖ ਹੈ ਤੇ ਖਾਸ ਕਰ ਕੇ ਭਾਰਤ ਵਰਗੇ ਵੰਨ-ਸੁਵੰਨਤਾ ਵਾਲੇ ਦੇਸ਼ ਵਿਚ। ਇਸ ਭਾਵਨਾ ਨੂੰ ਸਮਝਣਾ ਚਾਹੀਦਾ ਹੈ।

ਸੰਪਰਕ: 98158-08506

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All