ਮੱਖਣ ਸਿੰਘ ਭੁੱਲਰ, ਤਰੁਨਦੀਪ ਕੌਰ ਤੇ ਪਰਵਿੰਦਰ ਕੌਰ*
ਇਸ ਸਾਲ ਪੰਜਾਬ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਾਫ਼ੀ ਵੱਡੇ ਪੱਧਰ ’ਤੇ ਹੋਈ ਹੈ। ਇਸ ਵਿਧੀ ਨਾਲ ਬੀਜੇ ਝੋਨੇ ਦੀ ਸਫ਼ਲਤਾ ਲਈ ਨਦੀਨਾਂ ਦੀ ਸਮੇਂ ਸਿਰ ਰੋਕਥਾਮ ਕਰਨੀ ਬਹੁਤ ਜ਼ਰੂਰੀ ਹੈ। ਇਸ ਸਾਲ ਕਿਸਾਨਾਂ ਵੱਲੋਂ ਜ਼ਿਆਦਾਤਰ ਤਰ-ਵੱਤਰ ਖੇਤ ਵਿੱਚ ਤੇ ਰੌਣੀ ਕਰ ਕੇ ਸਿੱਧੀ ਬਿਜਾਈ ਕੀਤੀ ਗਈ ਹੈ। ਸਮੇਂ ਸਿਰ ਪੈਂਡੀਮੈਥਾਲਿਨ ਦੀ ਵਰਤੋਂ ਕਰਨ ਸਦਕਾ ਜ਼ਿਆਦਾਤਰ ਖੇਤ ਨਦੀਨਾਂ ਤੋਂ ਰਹਿਤ ਹਨ। ਇਸ ਸਮੇਂ ਸਿੱਧੀ ਬਿਜਾਈ ਵਾਲੇ ਖੇਤ ਪਹਿਲੇ ਪਾਣੀ, ਜੋ ਕਿ ਤਕਰੀਬਨ ਬਿਜਾਈ ਤੋਂ 21 ਦਿਨ ਬਾਅਦ ਲਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ, ਲਾਉਣ ਲਈ ਤਿਆਰ ਹਨ ਜਾਂ ਕਈ ਖੇਤਾਂ ਵਿੱਚ ਪਾਣੀ ਲੱਗ ਚੁੱਕਾ ਹੈ। ਪਾਣੀ ਲਾਉਣ ਜਾਂ ਮੀਂਹ ਪੈਣ ਦੇ ਨਾਲ ਸਲਾਬ ਮਿਲਣ ਕਰ ਕੇ, ਨਵੇਂ ਨਦੀਨ ਉੱਗ ਸਕਦੇ ਹਨ, ਜਿਨ੍ਹਾਂ ਦੀ ਸਮੇਂ ਸਿਰ ਰੋਕਥਾਮ ਕਰਨੀ ਬਹੁਤ ਲਾਜ਼ਮੀ ਹੈ। ਆਮ ਤੌਰ ’ਤੇ ਸਿੱਧੀ ਬਿਜਾਈ (ਪਰਮਲ/ਬਾਸਮਤੀ) ਵਾਲੇ ਖੇਤਾਂ ਵਿੱਚ ਮੌਸਮੀ ਘਾਹ, ਚੌੜੇ ਪੱਤੇ ਵਾਲੇੇ ਅਤੇ ਜਾਂ ਝੋਨੇ ਦੇ ਮੋਥੇ ਅਤੇ ਬਹੁ-ਫ਼ਸਲੀ ਨਦੀਨ ਗੰਢੀ ਵਾਲਾ ਮੋਥਾ ਆਦਿ ਨਦੀਨਾਂ ਦੀ ਸਮੱਸਿਆ ਆ ਸਕਦੀ ਹੈ। ਪਰ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਹਰ ਤਰ੍ਹਾਂ ਦੇ ਨਦੀਨਾਂ ਦੀ ਰੋਕਥਾਮ ਕਰਨ ਵਾਸਤੇ ਵੱਖ-ਵੱਖ ਨਦੀਨਨਾਸ਼ਕ ਹਨ, ਪਰ ਸਹੀ ਨਦੀਨਨਾਸ਼ਕ ਦੀ ਚੋਣ ਕਰਨੀ ਬਹੁਤ ਜ਼ਰੂਰੀ ਹੈ। ਇਸ ਦੇ ਲਈ ਕਿਸਾਨਾਂ ਨੂੰ ਆਪਣੇ ਖੇਤ ਵਿੱਚ ਉੱਗੇ ਹੋਏ ਨਦੀਨਾਂ ਦੀ ਪਛਾਣ ਕਰਨੀ ਆਉਣੀ ਚਾਹੀਦੀ ਹੈ।
ਜੇ ਸਿੱਧੀ ਬਿਜਾਈ (ਪਰਮਲ/ਬਾਸਮਤੀ) ਵਾਲੇ ਖੇਤ ਵਿੱਚ ਕੱਦੂ ਵਾਲੇ ਝੋਨੇ ਵਿੱਚ ਹੋਣ ਵਾਲੇ ਨਦੀਨ ਜਿਵੇਂ ਕਿ ਸਵਾਂਕ (ਸੌਕਾ), ਸਵਾਂਕੀ (ਛੋਟੀ ਸਵਾਂਕ), ਮਿਰਚ ਬੂਟੀ, ਛਤਰੀ ਵਾਲਾ ਮੋਥਾ ਆਦਿ ਹੋਣ ਤਾਂ ਨੋਮਨੀ ਗੋਲਡ/ ਤਾਰਕ/ ਮਾਚੋ 10 ਤਾਕਤ (ਬਿਸਪਾਇਰੀਬੈਕ ਸੋਡੀਆਮ) 100 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਸਪਰੇਅ ਕਰ ਦਿਉ। ਜੇ ੳੇੁੱਪਰ ਦੱਸੇ ਨਦੀਨਾਂ ਦੇ ਨਾਲ ‘ਚੀਨੀ ਘਾਹ’ ਵੀ ਹੋਵੇ ਤਾਂ ਵਿਵਾਇਆ 6 ਤਾਕਤ (ਪਿਨੌਕਸੁਲਮ+ਸਾਈਹੈਲੋਫਾਪ ਮਿਥਾਇਲ) 900 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਛਿੜਕਾਅ ਕਰੋ। ਇਹ ਨਦੀਨਨਾਸ਼ਕ ਗੰਢੀ ਵਾਲੇ ਮੋਥੇ ਨੂੰ ਵੀ ਚੰਗਾ ਦਬਾਅ ਦਿੰਦਾ ਹੈ। ਜੇਕਰ ਖੇਤ ਵਿੱਚ ਘਾਹ ਵਾਲੇ ਨਦੀਨ ਜਿਵੇਂ ਕਿ ਗੁੜਤ ਮਧਾਣਾ, ਮੱਕੜਾ, ਚੀਨੀ ਘਾਹ, ਤੱਕੜੀ ਘਾਹ ਆਦਿ ਹੋਵੇ ਤਾਂ ਰਾਈਸਸਟਾਰ 6.7 ਤਾਕਤ (ਫਿਨੋਕਸਾਪਰਾਪ-ਪੀ-ਇਥਾਇਲ) 400 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਸਪਰੇਅ ਕਰੋ। ਜੇਕਰ ਖੇਤ ਵਿੱਚ ਚੌੜੇ ਪੱਤੇ ਵਾਲੇ ਨਦੀਨ (ਚੁਪੱਤੀ, ਚੁਲਾਈ, ਤਾਂਦਲਾ ਤੇ ਮਿਰਚ ਬੂਟੀ) ਅਤੇ ਮੋਥੇ (ਛਤਰੀ ਵਾਲਾ ਮੋਥਾ ਅਤੇ ਗੰਢੀ ਵਾਲਾ ਮੋਥਾ) ਆਦਿ ਹੋਵੇ ਤਾਂ ਐਲਮਿਕਸ 20 ਤਾਕਤ (ਕਲੋਰੀਮਿਊਰਾਨ ਇਥਾਇਲ+ਮੈਟਸਲਫੂਰਾਨ ਮਿਥਾਇਲ) 8 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਛਿੜਕਾਅ ਕਰੋ। ਇਨ੍ਹਾਂ ਨਦੀਨਨਾਸ਼ਕਾਂ ਦਾ ਛਿੜਕਾਅ, ਜਦੋਂ ਨਦੀਨਾਂ ਦੇ ਬੂਟੇ ਛੋਟੇ ਹੋਣ (2 ਤੋਂ 4 ਪੱਤਿਆਂ ਦੀ ਅਵਸਥਾ ਵਿੱਚ), ਜੋ ਕਿ ਆਮ ਤੌਰ ’ਤੇ ਝੋਨੇ ਦੀ ਬਿਜਾਈ ਦੇ ਤਕਰੀਬਨ 20-25 ਦਿਨ ਬਾਅਦ ਕਰੋ। ਜੇ ਮੀਂਹ ਪੈ ਜਾਵੇ, ਜਾਂ ਜੇਕਰ ਝੋਨਾ ਸੁੱਕੇ ਖੇਤ ਵਿੱਚ ਬੀਜਿਆ ਹੋਵੇ ਅਤੇ ਨਦੀਨ ਪਹਿਲਾਂ ਉੱਗ ਪੈਣ, ਤਾਂ ਨੋਮਿਨੀਗੋਲਡ 10 ਤਾਕਤ ਬਿਜਾਈ ਤੋਂ 15 ਦਿਨ ਬਾਅਦ ਅਤੇ ਵਿਵਾਇਆ 6 ਤਾਕਤ ਬਿਜਾਈ ਤੋਂ 10 ਦਿਨ ਬਾਅਦ ਵੀ ਵਰਤੀ ਜਾ ਸਕਦੀ ਹੈ। ਰਾਈਸਸਟਾਰ 6.7 ਤਾਕਤ ਅਤੇ ਐਲਮਿਕਸ 20 ਤਾਕਤ ਦੀ ਵਰਤੋਂ ਨੂੰ ਬਿਜਾਈ ਤੋਂ 20 ਦਿਨ ਬਾਅਦ ਕਰਨ ਨੂੰ ਤਰਜੀਹ ਦਿਉ ਕਿਉਂਕਿ ਝੋਨੇ ਦੀ ਛੋਟੀ ਫ਼ਸਲ ’ਤੇ ਵਰਤਣ ਨਾਲ ਇਹ ਫ਼ਸਲ ਦਾ ਨੁਕਸਾਨ ਕਰ ਸਕਦੇ ਹਨ। ਇਨ੍ਹਾਂ ਨਦੀਨਨਾਸ਼ਕਾਂ ਨੂੰ ਚੰਗੀ ਸਲਾਬ ਵਾਲੇ ਖੇਤ ਵਿੱਚ, ਸਵੇਰ ਵੇਲੇ ਜਾਂ ਦੁਪਿਹਰ ਤੋਂ ਬਾਅਦ, 150 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਕੱਟ ਵਾਲੀ ਨੋਜ਼ਲ ਵਰਤ ਕੇ ਛਿੜਕਾਅ ਕਰੋ। ਜੇ ਕਿਸੇ ਖੇਤ ਵਿੱਚ ਇੱਕ ਤੋਂ ਜ਼ਿਆਦਾ ਨਦੀਨਨਾਸ਼ਕ ਦੇ ਵਰਤਣ ਦੀ ਲੋੜ ਪੈ ਜਾਵੇ ਤਾਂ 4-5 ਦਿਨ ਦਾ ਵਕਫ਼ਾ ਜ਼ਰੂਰ ਪਾ ਲਉ ਅਤੇ ਕਦੇ ਵੀ ਆਪਣੇ ਹਿਸਾਬ ਨਾਲ ਨਦੀਨਨਾਸ਼ਕਾਂ ਨੂੰ ਰਲ਼ਾ ਕੇੇ ਨਾ ਵਰਤੋ।
ਇਸ ਤਰ੍ਹਾਂ ਸਿੱਧੇ ਬੀਜੇ ਝੋਨੇ ਦੀ ਫ਼ਸਲ ਵਿੱਚ ਬਿਜਾਈ ਸਮੇਂ ਅਤੇ ਖੜ੍ਹੀ ਫ਼ਸਲ ਵਿੱਚ ਨਦੀਨਨਾਸ਼ਕਾਂ ਦੀ ਵਰਤੋਂ ਕਰ ਕੇ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ ਅਤੇ ਜੇਕਰ ਨਦੀਨਨਾਸ਼ਕਾਂ ਦੇ ਨਾਲ-ਨਾਲ ਕਾਸ਼ਤ ਦੇ ਚੰਗੇ ਢੰਗ ਅਪਣਾਏ ਜਾਣ ਤਾਂ ਸਿੱਧੇ ਬੀਜੇ ਝੋਨੇ ਵਿੱਚ ਨਦੀਨਾਂ ਦੀ ਰੋਕਥਾਮ ਹੋਰ ਵੀ ਸੁਖਾਲੀ ਹੋ ਜਾਂਦੀ ਹੈ।
*ਫ਼ਸਲ ਵਿਗਿਆਨ ਵਿਭਾਗ, ਪੀਏਯੂ।
ਸੰਪਰਕ: 98728-11350