ਸਿਮਰਨ
ਪਿਛਲੇ ਦਿਨਾਂ ਵਿਚ ਇੰਟਰਨੈੱਟ ਤੇ ਬਹੁਤ ਸਾਰੀਆਂ ਅਜਿਹੀਆਂ ਵੀਡੀਓਜ਼ ਜਾਂ ਪੋਸਟਾਂ ਵਾਇਰਲ ਹੋ ਰਹੀਆਂ ਹਨ ਜਿਸ ਵਿਚ ਲੋਕ ਅਕਸਰ ਆਪਣੀ ਨੌਕਰੀ ਤੋਂ ਅਸਤੀਫਾ ਦੇਣ ਦੀ ਕਹਾਣੀ ਸੁਣਾ ਰਹੇ ਹੁੰਦੇ ਹਨ ਅਤੇ ਖੁਸ਼ੀ ਦਾ ਇਜ਼ਹਾਰ ਕਰਦੇ ਹਨ। ਇਹ ਰੁਝਾਨ ਬਹੁਤ ਸਾਰੇ ਵਿਕਸਿਤ ਮੁਲਕਾਂ ਵਿਚ ਦੇਖਣ ਨੂੰ ਮਿਲ਼ ਰਿਹਾ ਹੈ ਜਿੱਥੇ ਵੱਡੀ ਗਿਣਤੀ ਲੋਕ ਆਪਣੀ ਮਰਜ਼ੀ ਨਾਲ਼ ਨੌਕਰੀਆਂ ਤੋਂ ਅਸਤੀਫਾ ਦੇ ਰਹੇ ਹਨ। ਵਿਕਸਿਤ ਮੁਲਕਾਂ ਵਿਚੋਂ ਵੀ ਇਹ ਵਰਤਾਰਾ ਮੁੱਖ ਰੂਪ ਵਿਚ ਅਮਰੀਕਾ ਵਿਚ ਦੇਖਣ ਨੂੰ ਮਿਲ਼ਿਆ ਹੈ।
ਇਸ ਵਰਤਾਰੇ ਨੂੰ ‘ਮਹਾਨ ਅਸਤੀਫੇ’ ਦਾ ਨਾਂ ਦਿੱਤਾ ਗਿਆ ਹੈ ਕਿਉਂਕਿ ਵੱਡੀ ਗਿਣਤੀ ਵਿਚ ਲੋਕ ਆਪਣੀ ਨੌਕਰੀਆਂ ਤੋਂ ਅਸਤੀਫਾ ਦੇ ਰਹੇ ਹਨ। ਜਿੱਥੇ ਇੱਕ ਪਾਸੇ ਇਹ ਅਨੁਮਾਨ ਲਾਏ ਜਾ ਰਹੇ ਸਨ ਕਿ ਕਰੋਨਾ ਪਾਬੰਦੀਆਂ ਦੇ ਹਟਣ ਤੋਂ ਬਾਅਦ ਬੇਰੁਜ਼ਗਾਰੀ ਦਰ ਬਹੁਤ ਉੱਚੇ ਪੱਧਰ ਉੱਤੇ ਹੋਵੇਗੀ, ਉੱਥੇ ਹੀ ਇਹ ਵਰਤਾਰਾ ਹੈਰਾਨ ਕਰਨ ਵਾਲ਼ਾ ਹੈ। ਅਮਰੀਕਾ ਦੀ ਇੱਕ ਸੰਸਥਾ ਜਿਹੜੀ ਕਿਰਤ ਸਬੰਧੀ ਅੰਕੜੇ ਇਕੱਠੇ ਕਰਦੀ ਹੈ, ਅਨੁਸਾਰ ਇਕੱਲੇ ਸਤੰਬਰ ਮਹੀਨੇ ਹੀ 40 ਲੱਖ ਤੋਂ ਵੱਧ ਅਮਰੀਕੀਆਂ ਨੇ ਅਸਤੀਫਾ ਦੇ ਦਿੱਤਾ। ਇਸ ਸਾਲ ਦੇ ਅਪਰੈਲ ਤੋਂ ਹੀ ਲਗਾਤਾਰ ਵੱਡੀ ਗਿਣਤੀ ਵਿਚ ਲੋਕ ਆਪਣੇ ਕੰਮਾਂ ਤੋਂ ਅਸਤੀਫਾ ਦੇ ਰਹੇ ਹਨ ਅਤੇ ਮਈ ਤੋਂ ਸਤੰਬਰ ਵਿਚਕਾਰ ਲਗਭਗ 2 ਕਰੋੜ ਲੋਕਾਂ ਨੇ ਆਪਣੀਆਂ ਨੌਕਰੀਆਂ ਤੋਂ ਅਸਤੀਫਾ ਦਿੱਤਾ ਹੈ।
ਬਹੁਤ ਸਾਰੇ ਅਖ਼ਬਾਰਾਂ ਤੇ ਟੀਵੀ ਚੈਨਲਾਂ ਵੱਲੋਂ ਲਗਾਤਾਰ ਇਸ ਵਰਤਾਰੇ ਨੂੰ ਕਾਮਿਆਂ ਦੀਆਂ ਬਦਲਦੀਆਂ ਤਰਜੀਹਾਂ ਅਤੇ ਪਰਿਵਾਰਿਕ ਭਾਵਨਾਵਾਂ ਜਿੱਥੇ ਉਹ ਆਪਣੇ ਤੇ ਆਪਣੇ ਪਰਿਵਾਰ ਲਈ ਵੱਧ ਸਮਾਂ ਚਾਹੁੰਦੇ ਹਨ, ਦੇ ਪ੍ਰਗਟਾਵੇ ਵਜੋਂ ਦਿਖਾਇਆ ਗਿਆ ਹੈ। ਕਈ ਰਿਪੋਰਟਾਂ ਵਿਚ ਤਾਂ ਇਹ ‘ਤਰਕ’ ਤੱਕ ਦਿੱਤੇ ਗਏ ਹਨ ਕਿ ਕਰੋਨਾ ਸਮੇਂ ਲੋਕਾਂ ਨੂੰ ਵਿਹਲੇ ਬੈਠਣ ਦੀ ਆਦਤ ਹੋ ਗਈ ਹੈ ਅਤੇ ਬਹੁਤ ਸਾਰੇ ਲੋਕ ਆਲਸੀ ਹੋਣ ਦੇ ਕਾਰਨ ਕੰਮ ਛੱਡ ਰਹੇ ਹਨ! ਉੱਥੇ ਹੀ ਬਹੁਤ ਸਾਰੇ ਚੈਨਲ ਜਿਹੜੇ ਆਪਣੇ ਆਪ ਨੂੰ ਲੋਕ ਪੱਖੀ ਦੱਸਦੇ ਹਨ, ਉਹਨਾਂ ਨੇ ਇਸ ਵਰਤਾਰੇ ਨੂੰ ਕਾਮਿਆਂ ਦੀ ਵਧਦੀ ਸਿਆਸੀ ਚੇਤਨਾ ਅਤੇ ਜਥੇਬੰਦ ਸ਼ਕਤੀ ਨਾਲ਼ ਜੋੜਿਆ ਹੈ। ਜਿੱਥੇ ਇਨ੍ਹਾਂ ਵਿਚੋਂ ਕਈ ਤਰਕ ਪਹਿਲੀ ਨਜ਼ਰੇ ਵੇਖਣ ਨੂੰ ਸਹੀ ਲੱਗ ਸਕਦੇ ਹਨ ਪਰ ਇਨ੍ਹਾਂ ਦੀ ਡੂੰਘਾਈ ਵਿਚ ਜਾਂਚ-ਪੜਤਾਲ ਕਰਨ ਤੇ ਪਤਾ ਲੱਗ ਜਾਂਦਾ ਹੈ ਕਿ ਇਹ ਉੱਕੇ ਹੀ ਬੇਬੁਨਿਆਦ ਅਤੇ ਬੇਹੱਦ ਸਤਹੀ ਹਨ।
‘ਮਹਾਨ ਅਸਤੀਫੇ’ ਦਾ ਵਰਤਾਰਾ ਤੱਤ ਰੂਪ ਵਿਚ ਔਰਤਾਂ ਦਾ ਆਪਣੇ ਕੰਮ ਤੋਂ ਅਸਤੀਫਾ ਦੇਣਾ ਤੇ ਵੱਡੀ ਗਿਣਤੀ ਵਿਚ ਕਾਮਾ ਸ਼ਕਤੀ (ਅਰਥਚਾਰੇ ਵਿਚ ਕੁੱਲ ਕੰਮ ਕਰ ਰਹੇ ਤੇ ਕੰਮ ਭਾਲ਼ ਰਹੇ ਲੋਕ) ਤੋਂ ਬਾਹਰ ਹੋ ਜਾਣਾ ਹੈ। ਕਰੋਨਾ ਦੇ ਨਾਮ ਉੱਤੇ ਥੋਪੀਆਂ ਪੂਰਨ ਤੇ ਅੰਸ਼ਕ ਪਾਬੰਦੀਆਂ ਖੁੱਲ੍ਹਣ ਤੋਂ ਬਾਅਦ ਬਹੁਤ ਸਾਰੀਆਂ ਔਰਤਾਂ ਨੇ ਆਪਣੀਆਂ ਨੌਕਰੀਆਂ ਤੋਂ ਅਸਤੀਫਾ ਦਿੱਤਾ ਹੈ। ਇੱਕ ਰਿਪੋਰਟ ਅਨੁਸਾਰ ਮਾਰਚ 2020 ਤੋਂ ਲਗਭਗ ਇੱਕ ਤਿਹਾਈ ਮਾਵਾਂ ਨੇ ਜਾਂ ਤਾਂ ਆਪਣੀ ਨੌਕਰੀ ਛੱਡ ਦਿੱਤੀ ਹੈ ਜਾਂ ਆਪਣੇ ਕੰਮ ਦੇ ਘੰਟਿਆਂ ਵਿਚ ਕਟੌਤੀ ਕੀਤੀ ਹੈ। ਸਿਰਫ ਇਹ ਹੀ ਨਹੀਂ, ਕਰੋਨਾ ਸਮੇਂ ਔਰਤਾਂ ਦੀ ਕਾਮਾ ਸ਼ਕਤੀ ਤੋਂ ਬਾਹਰ ਆਉਣ ਦੀ ਗਤੀ ਮਰਦਾਂ ਨਾਲ਼ੋਂ ਦੁੱਗਣੀ ਰਹੀ ਹੈ। ਇੱਥੋਂ ਤੱਕ ਕਿ ਔਰਤਾਂ ਦੀ ਕੁੱਲ ਕਾਮਾ ਸ਼ਕਤੀ ਵਿਚ ਹਿੱਸੇਦਾਰੀ ਪਿਛਲੇ 30 ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ਤੇ ਪਹੁੰਚ ਚੁੱਕੀ ਹੈ। ਇਸ ਦਾ ਸਿੱਧਾ ਸਿੱਟਾ ਉਹਨਾਂ ਖੇਤਰਾਂ ਵਿਚ ਕਾਮਿਆਂ ਦੀ ਘਾਟ ਵਿਚ ਨਿਕਲਦਾ ਹੈ ਜਿੱਥੇ ਔਰਤਾਂ ਕਾਮਿਆਂ ਦਾ ਮੁੱਖ ਹਿੱਸਾ ਬਣਦੀਆਂ ਹਨ।
ਪਰ ਸਾਡੇ ਸਾਹਮਣੇ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਔਰਤਾਂ ਐਨੀ ਵੱਡੀ ਗਿਣਤੀ ਵਿਚ ਕੰਮ ਤੋਂ ਅਸਤੀਫਾ ਕਿਉਂ ਦੇ ਰਹੀਆਂ ਹਨ?
ਅਸਲ ਵਿਚ ਕਰੋਨਾ ਕਾਲ ਸਮੇਂ ਲੋਕਾਂ ਦੀ ਆਰਥਿਕ ਹਾਲਤ ਵਿਚ ਬਹੁਤ ਨਿਘਾਰ ਆਇਆ ਅਤੇ ਬਹੁਗਿਣਤੀ ਲੋਕੀ ਆਪਣੇ ਪਹਿਲਾਂ ਵਾਲ਼ੇ ਜੀਵਨ ਪੱਧਰ ਨੂੰ ਬਰਕਰਾਰ ਰੱਖਣ ਵਿਚ ਅਸਮਰੱਥ ਹਨ। ਤਨਖਾਹਾਂ ਵਿਚ ਕਟੌਤੀ, ਬੋਨਸ ਅਤੇ ਹੋਰ ਆਰਥਿਕ ਭੱਤਿਆਂ ਤੇ ਰੋਕ ਅਤੇ ਮਾਲਕਾਂ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਦੀ ਘਾਟ ਕਾਰਨ ਲੋਕਾਂ ਦੀ ਆਰਥਿਕ ਹਾਲਤ ਬਦ ਤੋਂ ਬਦਤਰ ਹੋ ਗਈ ਹੈ, ਦੂਜੇ ਪਾਸੇ ਮਹਿੰਗਾਈ ਬਹੁਤ ਤੇਜ਼ੀ ਨਾਲ਼ ਵਧੀ ਹੈ। ਤਾਲਾਬੰਦੀ ਸਮੇਂ ਕਈ ਬਾਲ ਸੰਭਾਲ ਕੇਂਦਰ, ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਬਣੇ ਕੇਂਦਰ ਆਦਿ ਬੰਦ ਹੋ ਗਏ ਹਨ ਤੇ ਹੁਣ ਤਾਲਾਬੰਦੀ ਖਤਮ ਹੋਣ ਮਗਰੋਂ ਬਚੇ ਹੋਏ ਕੇਂਦਰਾਂ ਦੀ ਮੰਗ ਕਿਤੇ ਵੱਧ ਹੋ ਗਈ ਹੈ ਜਿਸ ਨਾਲ਼ ਇਹਨਾਂ ਕੇਂਦਰਾਂ ਦੀਆਂ ਸੇਵਾਵਾਂ ਦੀਆਂ ਕੀਮਤਾਂ ਵਿਚ ਬੇਹਿਸਾਬ ਵਾਧਾ ਹੋਇਆ ਹੈ। ਸਿੱਟੇ ਵਜੋਂ ਤਾਲਾਬੰਦੀ ਮਗਰੋਂ ਬੱਚਿਆਂ ਦੀ ਸਾਂਭ-ਸੰਭਾਲ ਲਈ ਇਹਨਾਂ ਕੇਂਦਰਾਂ ਦੀ ਵਰਤੋਂ ਬਹੁਤ ਸਾਰੇ ਪਰਿਵਾਰਾਂ ਦੀ ਪਹੁੰਚ ਤੋਂ ਬਾਹਰ ਹੋ ਗਈ ਹੈ। ਜ਼ਾਹਿਰ ਜਿਹੀ ਗੱਲ ਹੈ ਕਿ ਜਿੱਥੇ ਪਹਿਲਾਂ ਦੋਵੇਂ ਮਾਂ-ਪਿਓ ਬਾਹਰ ਕੰਮ ਉੱਤੇ ਜਾਂਦੇ ਸਨ, ਹੁਣ ਉਹਨਾਂ ਵਿਚੋਂ ਇੱਕ ਨੂੰ ਬੱਚਿਆਂ, ਬਜ਼ੁਰਗਾਂ ਦੀ ਸਾਂਭ-ਸੰਭਾਲ ਲਈ ਆਪਣੇ ਕੰਮ ਤੋਂ ਅਸਤੀਫਾ ਦੇ ਕੇ ਘਰੇ ਰਹਿਣਾ ਪਵੇਗਾ ਤੇ ਇਹ ਔਰਤਾਂ ਦੇ ਹਿੱਸੇ ਹੀ ਆਇਆ।
ਇਹ ਤੱਥ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ ਕਿ ਵਰਤਮਾਨ ਸਮਾਜ ਵਿਚ ਮਰਦਾਂ ਅਤੇ ਔਰਤਾਂ ਵਿਚਕਾਰ ਘਰੇਲੂ ਕੰਮ ਦੀ ਨਾ-ਬਰਾਬਰ ਵੰਡ ਹੈ। ਘਰੇਲੂ ਕੰਮ ਦਾ ਵੱਧ ਬੋਝ ਔਰਤਾਂ ਦੇ ਮੋਢਿਆਂ ਤੇ ਹੀ ਹੈ, ਭਾਵੇਂ ਉਹ ਬੱਚਿਆਂ ਦੀ ਪਾਲਣ ਪੋਸ਼ਣ ਦਾ ਮਸਲਾ ਹੋਵੇ ਜਾਂ, ਘਰ ਨੂੰ ਸੰਭਾਲ਼ਣ ਦਾ ਕੰਮ ਹੋਵੇ ਜਾਂ ਬਜ਼ੁਰਗਾਂ ਦੀ ਦੇਖਭਾਲ ਹੋਵੇ। ਕੋਈ ਵੀ ਸੰਕਟ ਹੋਵੇ, ਉਸ ਦਾ ਸਭ ਤੋਂ ਵੱਧ ਬੋਝ ਆਮ ਕਿਰਤੀ ਆਬਾਦੀ ਅਤੇ ਉਨ੍ਹਾਂ ਵਿਚ ਵੀ ਔਰਤਾਂ ਨੂੰ ਸਭ ਤੋਂ ਵੱਧ ਝੱਲਣਾ ਪੈਂਦਾ ਹੈ। ਕਰੋਨਾ ਪਾਬੰਦੀਆਂ ਕਾਰਨ ਪੈਦਾ ਹੋਏ ਮੁਸੀਬਤਾਂ ਦੇ ਪਹਾੜ ਦਾ ਬੋਝ ਵੀ ਸਭ ਤੋਂ ਵੱਧ ਔਰਤਾਂ ਤੇ ਹੀ ਡਿੱਗਿਆ ਜਿਸ ਕਰਕੇ ਔਰਤਾਂ ਨੂੰ ਹੀ ਵੱਡੇ ਪੱਧਰ ਤੇ ਆਪਣੀਆਂ ਨੌਕਰੀਆਂ ਛੱਡਣ ਲਈ ਮਜਬੂਰ ਹੋਣਾ ਪਿਆ ਹੈ।
ਔਰਤਾਂ ਦੇ ਵੱਡੇ ਪੱਧਰ ਤੇ ਕੰਮ ਤੋਂ ਪਿੱਛੇ ਹਟਣ ਪਿੱਛੇ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਪਿਛਲੇ ਸਾਲਾਂ ਵਿਚ ਅਮਰੀਕੀ ਸਰਕਾਰ ਨੇ ਆਮ ਤੌਰ ਤੇ ਭਲਾਈ ਸਕੀਮਾਂ, ਖਾਸ ਤੌਰ ਤੇ ਜਣੇਪਾ ਅਤੇ ਬੱਚਿਆਂ ਦੇ ਲਾਲਣ ਪਾਲਣ ਨਾਲ਼ ਸੰਬੰਧਿਤ ਸਕੀਮਾਂ ਤੇ ਖਰਚਾ ਘਟਾਇਆ ਹੈ ਜਿਸ ਕਾਰਨ ਵੱਡੀ ਗਿਣਤੀ ਚ ਔਰਤਾਂ ਨੂੰ ਬਾਹਰ ਦਾ ਕੰਮ ਘਟਾ ਕੇ ਘਰ ਦੀ ਦੇਖ-ਭਾਲ ਕਰਨ ਲਈ ਵੱਧ ਸਮਾਂ ਦੇਣਾ ਪੈ ਰਿਹਾ ਹੈ।
ਇਹ ਸਾਰੇ ਤੱਥ ਦਰਸਾਉਂਦੇ ਹਨ ਕਿ ਔਰਤਾਂ ਦਾ ਵੱਡੀ ਗਿਣਤੀ ਵਿਚ ਬਾਹਰ ਜਾਣਾ ਕੋਈ ਵਿਅਕਤੀਗਤ ਚੋਣ ਨਹੀਂ ਸਗੋਂ ਨਿੱਘਰਦੀਆਂ ਆਰਥਿਕ ਹਾਲਤਾਂ ਤੇ ਵਰਤਮਾਨ ਸਮਾਜਿਕ ਢਾਂਚੇ ਵਿਚ ਮਰਦ-ਔਰਤ ਕੰਮ ਵੰਡ ਵਿਚੋਂ ਪੈਦਾ ਹੋਈ ਮਜਬੂਰੀ ਹੈ। ਇਹ ਵੀਡਿਓਜ਼ ਜਿਹੜੀਆਂ ਪਹਿਲੀ ਝਲਕ ਵਿਚ ਬਹੁਤ ਪ੍ਰਭਾਵਸ਼ਾਲੀ ਲੱਗਦੀਆਂ ਹਨ, ਕੋਈ ਕਾਮਿਆਂ ਦੀ ਤਾਕਤ ਦਾ ਪ੍ਰਤੀਕ ਨਹੀਂ ਹਨ ਸਗੋਂ ਕਰੋਨਾ ਕਾਲ ਤੇ ਉਸ ਤੋਂ ਬਾਅਦ ਵਾਲ਼ੇ ਸਮੇਂ ਵਿਚ ਕਿਰਤੀਆਂ ਦੀ ਅਤੇ ਖਾਸ ਤੌਰ ਤੇ ਔਰਤ ਕਾਮਿਆਂ ਦੀ ਮਾੜੀ ਹਾਲਤ ਤੇ ਪਰਦਾ ਪਾਉਂਦੀਆਂ ਵੀਡੀਓਜ਼ ਹਨ। ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਕਾਮੇ ਵਧੇਰੇ ਸੁਚੇਤ ਹੋ ਗਏ ਹਨ ਤੇ ਬਿਹਤਰ ਕੰਮ ਹਾਲਤਾਂ ਤੇ ਉਜਰਤਾਂ ਲਈ ਆਪਣੇ ਕੰਮ ਤੋਂ ਅਸਤੀਫੇ ਦੇ ਰਹੇ ਹਨ। ਅਸਲ ਵਿਚ ਅਸਤੀਫਿਆਂ ਦੀ ਗਿਣਤੀ ਵਿਚ ਇਸ ਗੌਣ ਵਰਤਾਰੇ ਪਿੱਛੇ ਵੀ ਔਰਤਾਂ ਵੱਲੋਂ ਵੱਡੀ ਗਿਣਤੀ ਵਿਚ ਅਸਤੀਫੇ ਦੇਣਾ ਹੀ ਹੈ।
ਔਰਤਾਂ ਵੱਲੋਂ ਦਿੱਤੇ ਅਸਤੀਫਿਆਂ ਕਾਰਨ ਉਹਨਾਂ ਖੇਤਰਾਂ ਵਿਚ ਜਿੱਥੇ ਮੁੱਖ ਤੌਰ ਉੱਤੇ ਔਰਤਾਂ ਕੰਮ ਕਰਦੀਆਂ ਹਨ, ਕਾਮਿਆਂ ਦੀ ਗਿਣਤੀ ਘਟੀ ਹੈ। ਇਸ ਕਾਰਨ ਕੰਪਨੀਆਂ ਹੋਰ ਮਜ਼ਦੂਰਾਂ ਦੀ ਭਾਲ ਵਿਚ ਹਨ ਜਿਸ ਸਦਕਾ ਉਜਰਤਾਂ ਵਿਚ ਵਾਧਾ ਹੋਇਆ ਹੈ ਤੇ ਦੂਜੇ ਖੇਤਰਾਂ ਵਿਚੋਂ, ਜਿੱਥੇ ਉਜਰਤਾਂ ਹੇਠਾਂ ਹਨ, ਕਾਮੇ ਅਸਤੀਫਾ ਦੇ ਕੇ ਉਹਨਾਂ ਖੇਤਰਾਂ ਵਿਚ ਜਿੱਥੇ ਉਜਰਤਾਂ ਮੁਕਾਬਲਤਨ ਵਧੇਰੇ ਹਨ, ਨੌਕਰੀਆਂ ਭਾਲ ਰਹੇ ਹਨ। ਮੁੱਖਧਾਰਾ ਮੀਡੀਆ ਅਤੇ ‘ਮਾਹਿਰਾਂ’ ਦੇ ਵੱਡੇ ਹਿੱਸੇ ਦੀ ਪੇਸ਼ਕਾਰੀ ਤੋਂ ਕੋਹਾਂ ਦੂਰ, ਇਹ ‘ਮਹਾਨ ਅਸਤੀਫਾ’ ਅਸਲ ਵਿਚ ਸਿੱਧੇ ਢੰਗ ਨਾਲ਼ ਇਸ ਢਾਂਚੇ ਤੇ ਇਹਦਾ ਸੰਚਾਲਨ ਕਰਨ ਵਾਲ਼ੀਆਂ ਸਰਕਾਰਾਂ ਵੱਲੋਂ ਔਰਤਾਂ ਨੂੰ ਸਮਾਜਿਕ ਪੈਦਾਵਾਰ ਚੋਂ ਬਾਹਰ ਦਾ ਰਾਹ ਦਿਖਾਉਣਾ ਹੈ। ਇਹ ਸੁਨੇਹਾ ਹੈ ਕਿ ਇਸ ਸਮਾਜ ਵਿਚ ਬਰਾਬਰੀ ਹਾਸਲ ਕਰਨ ਦਾ ਸੁਪਨਾ ਮ੍ਰਿਗ ਤ੍ਰਿਸ਼ਨਾ ਹੈ ਤੇ ਇਸ ਸਮਾਜ ਦੀ ਬੁਨਿਆਦ ਨਾ-ਬਰਾਬਰੀ, ਲੁੱਟ ਅਤੇ ਔਰਤਾਂ ਦੀ ਗੁਲਾਮੀ ਉੱਤੇ ਟਿੱਕੀ ਹੋਈ ਹੈ।
ਸੰਪਰਕ: 84276-82160