ਮਜੀਦ ਸ਼ੇਖ
ਪੰਜਾਬ ਵਿਚ ਮੁਸਲਮਾਨ ਸ਼ਾਸਕਾਂ ਤੋਂ ਪਹਿਲਾਂ ਦੇ ਇਤਿਹਾਸ ਬਾਰੇ ਜਾਣਕਾਰੀ ਬਹੁਤ ਘੱਟ ਹੈ। ਸਭ ਤੋਂ ਪਹਿਲਾਂ ਚੱਚ ਵੰਸ਼ ਦਾ ਜ਼ਿਕਰ ਆਉਂਦਾ ਹੈ। ਆਖ਼ਰੀ ਚੱਚ ਹਾਕਮ ਨੂੰ ਹਿੰਦੂਸ਼ਾਹੀ ਘਰਾਣੇ ਵੱਲੋਂ ਬੰਦੀ ਬਣਾ ਲਿਆ ਗਿਆ ਸੀ। ਲਿਹਾਜ਼ਾ, ਚੱਚ ਘਰਾਣੇ ਤੋਂ ਹਿੰਦੂਸ਼ਾਹੀ ਵੰਸ਼ ਤੱਕ ਲਾਹੌਰ ਦੇ ਤਖ਼ਤ ’ਤੇ 312 ਸਾਲਾਂ ਦੇ ਰਾਜਕਾਲ ਦੌਰਾਨ ਲਾਹੌਰ ਨੇ ਬਹੁਤ ਵੱਡੀ ਉਥਲ-ਪੁਥਲ ਵੇਖੀ ਸੀ। ਇਸ ਕਰਕੇ ਚੱਚ ਘਰਾਣੇ ਤੋਂ ਗੱਲ ਸ਼ੁਰੂ ਕਰਦੇ ਹਾਂ। ਆਖ਼ਰ ਇਹ ਚੱਚ ਕੌਣ ਸਨ?
ਚੱਚ ਵੰਸ਼: ਅਗਨੀ ਪੂਜ ਭੰਡਾਰਾ ਦਾ ਵੰਸ਼
ਚੱਚ ਸ਼ਬਦ ਅਪਰ ਸਿੰਧ ਖੇਤਰ ਦੇ ਪੁਰਾਣੇ ਸ਼ਾਸਕਾਂ ਤੋਂ ਲਿਆ ਗਿਆ ਸੀ ਜਿਨ੍ਹਾਂ ਨੂੰ ਅਰੋੜ ਕਿਹਾ ਜਾਂਦਾ ਸੀ। ਇਨ੍ਹਾਂ ਬਾਰੇ 13ਵੀਂ ਸਦੀ ਵਿਚ ਫ਼ਾਰਸੀ ਵਿਚ ਰਚੀ ਬੰਸਾਵਲੀ ‘ਚੱਚਨਾਮਾ’ ਵਿਚ ਵੇਰਵੇ ਮਿਲਦੇ ਹਨ। ਇਸ ਵਿਚ ਸਿੰਧ ਉਪਰ ਅਰਬ ਖਿੱਤੇ ਦੇ ਮੁਸਲਿਮ ਹਮਲਾਵਰਾਂ ਦੀ ਚੜ੍ਹਾਈ ਦਾ ਜ਼ਿਕਰ ਵੀ ਆਉਂਦਾ ਹੈ। ਇਹ ਕਿਤਾਬ ਲਿਖੇ ਜਾਣ ਤੋਂ ਬਾਅਦ ਸਾਡੇ ਕੋਲ ਦੋ ਕਿਸਮ ਦੇ ਵਿਸ਼ਲੇਸ਼ਣ ਮਿਲਦੇ ਹਨ (ਜਿਨ੍ਹਾਂ ਨੂੰ ਉਲਾਰ ਵੀ ਕਿਹਾ ਜਾ ਸਕਦਾ ਹੈ) ਜਿਨ੍ਹਾਂ ਮੁਤਾਬਿਕ ਮੁਸਲਿਮ ਸ਼ਾਸਕਾਂ ਨੂੰ ਇਖ਼ਲਾਕੀ ਕਰਾਰ ਦਿੱਤਾ ਜਾਂਦਾ ਸੀ ਅਤੇ ਦੂਜੇ ਪਾਸੇ ਸਾਡੇ ਇਤਿਹਾਸ ਦਾ ਹਿੰਦੂ ਬਿਰਤਾਂਤ ਵੀ ਮੌਜੂਦ ਹੈ। ਧਰਮ ਦੀ ਬਜਾਏ ਹੇਠ ਲਿਖੇ ਤੱਥ ਸਾਨੂੰ ਬਿਹਤਰ ਰਾਹ ਅਖ਼ਤਿਆਰ ਕਰਨ ਦਾ ਸੱਦਾ ਦਿੰਦੇ ਹਨ।
ਰਾਜਾ ਦਾਹਿਰ ਸਿੰਧ ਦਾ ਆਖ਼ਰੀ ਬ੍ਰਾਹਮਣ ਰਾਜਾ ਸੀ ਜਿਸ ਨੇ ਮੁਹੰਮਦ-ਬਿਨ-ਕਾਸਿਮ ਦੀ ਅਰਬ ਫ਼ੌਜ ਦਾ ਮੁਕਾਬਲਾ ਕੀਤਾ ਸੀ। ਸੰਨ 711 ਵਿਚ ਨਵਾਬਸ਼ਾਹ ਦੇ ਲਾਗੇ ਰੋੜ ਵਿਖੇ ਹੋਈ ਅੰਤਿਮ ਲੜਾਈ ਵਿਚ ਰਾਜਾ ਦਾਹਿਰ ਮਾਰਿਆ ਗਿਆ ਸੀ। ਉਸ ਦਾ ਸਿਰ ਕਲਮ ਕਰ ਕੇ ਹਜਾਜ-ਬਿਨ-ਯੂਸਫ਼ ਨੂੰ ਭੇਜ ਦਿੱਤਾ ਗਿਆ। ਬਾਕੀ ਦਾ ਚੱਚ ਵੰਸ਼ ਬੋਧੀ ਬਣ ਗਿਆ ਅਤੇ ਉਹ ਸਿੰਧ ਦਰਿਆ ਦੇ ਖੇਤਰ ਵੱਲ ਚਲੇ ਗਏ। ਇਸੇ ਦੌਰਾਨ ਉਹ ਰਸਤੇ ਵਿਚ ਛੋਟੀਆਂ ਛੋਟੀਆਂ ਸੈਨਾਵਾਂ ਨੂੰ ਮਾਤ ਦਿੰਦੇ ਹੋਏ ਆਖ਼ਰ ਲਾਹੌਰ ਪਹੁੰਚ ਗਏ। ਲਾਹੌਰ ਵਿਚ ਪਹਿਲੇ ਚੱਚ ਸ਼ਾਸਕ ਦਾ ਨਾਂ ਭੰਡਾਰਾ ਸੀ ਜਿਸ ਨੇ 75 ਸਾਲ ਰਾਜ ਕਰਨ ਤੋਂ ਬਾਅਦ 93 ਸਾਲ ਦੀ ਉਮਰ ਵਿਚ ਪ੍ਰਾਣ ਤਿਆਗੇ ਸਨ। ਉਹ ਸ਼ਾਇਦ ਇਸ ਸ਼ਹਿਰ ਅਤੇ ਆਸ-ਪਾਸ ਦੇ ਇਲਾਕੇ ’ਤੇ ਸਭ ਤੋਂ ਲੰਮਾ ਸਮਾਂ ਰਾਜ ਕਰਨ ਵਾਲਾ ਹਾਕਮ ਸੀ।
ਭੰਡਾਰਾ ਅਗਨੀ ਦੀ ਪੂਜਾ ਕਰਨ ਵਾਲਾ ਸ਼ਾਸਕ ਸੀ। ਇਸੇ ਕਰਕੇ ਬਹੁਤ ਸਾਰੇ ਇਤਿਹਾਸਕਾਰ ਦਾਅਵਾ ਕਰਦੇ ਹਨ ਕਿ ਉਹ ਯਹੂਦੀ ਸੀ ਜਦੋਂਕਿ ਭਾਰਤੀ ਵਿਦਵਾਨਾ ਦਾ ਵਿਸ਼ਵਾਸ ਹੈ ਕਿ ਉਹ ਸੂਰਿਆ ਵੰਸ਼ ਨਾਲ ਸਬੰਧਿਤ ਸੀ ਅਤੇ ਸੂਰਜ ਦੀ ਪੂਜਾ ਕਰਦਾ ਸੀ। ਇਹ ਦੋਵੇਂ ਕਿਸਮ ਦੀਆਂ ਧਾਰਨਾਵਾਂ ਦੇਣ ਵਾਲਿਆਂ ਨੇ ਆਪੋ ਆਪਣੀਆਂ ਇਤਿਹਾਸਕ ਪੁਸਤਕਾਂ ਵਿਚ ਆਪਣੇ ਦਾਅਵਿਆਂ ਦੀ ਪੁਸ਼ਟੀ ਲਈ ਕਾਫ਼ੀ ਵੇਰਵੇ ਦਿੱਤੇ ਹਨ। ਪਰ ਇਕ ਗੱਲ ਤੈਅ ਹੈ ਕਿ ਭੰਡਾਰਾ ਨੇ ਲਾਹੌਰ ਸ਼ਹਿਰ ਦੇ ਸਭ ਤੋਂ ਉੱਚੇ ਸਥਾਨ ਉਪਰ ਇਕ ਸੂਰਜ ਮੰਦਰ ਬਣਾਉਣ ਦਾ ਹੁਕਮ ਦਿੱਤਾ ਸੀ। ਹੁਣ ਇਹ ਮੰਦਰ ਕਿੱਥੇ ਹੈ?
ਭੰਡਾਰਾ ਦੀ ਇਕੋ ਇਕ ਸ਼ਰਤ ਸੀ ਕਿ ਇਹ ਮੰਦਰ ਸਮੁੱਚੇ ਸ਼ਹਿਰ ਅਤੇ ਖ਼ਾਸਕਰ ਲਾਹੌਰ ਦੇ ਕਿਲੇ ਤੋਂ ਹਰੇਕ ਨੂੰ ਨਜ਼ਰ ਆਉਣਾ ਚਾਹੀਦਾ ਹੈ। ਮੇਰਾ ਅਨੁਮਾਨ ਹੈ ਕਿ ਇਹ ਮੰਦਰ ਉੱਥੇ ਹੀ ਮੌਜੂਦ ਹੋਵੇਗਾ ਜਿੱਥੇ ਇਸ ਸਮੇਂ ਓਲਡ ਵਾਟਰਵਰਕਸ ਹੈ ਜਿਸ ਨੂੰ ‘ਪਾਣੀਵਾਲਾ ਤਲਾਬ’ ਵੀ ਕਿਹਾ ਜਾਂਦਾ ਹੈ। ਅਸੀਂ ਜਾਣਦੇ ਹਾਂ ਕਿ ਤੁਰਕ-ਅਫ਼ਗਾਨ ਹਮਲਾਵਰ ਮਹਿਮੂਦ ਗਜ਼ਨਵੀ ਨੇ ਇਸ ਮੰਦਰ ਦਾ ਨਾਮੋ ਨਿਸ਼ਾਨ ਮਿਟਾ ਦੇਣ, ਸਮੁੱਚੇ ਸ਼ਹਿਰ ਨੂੰ ਕਤਲ ਕਰ ਦੇਣ ਜਾਂ ਗੁਲਾਮ ਬਣਾ ਕੇ ਵੇਚ ਦੇਣ ਦਾ ਹੁਕਮ ਦਿੱਤਾ ਸੀ। ਮੇਰਾ ਮੱਤ ਹੈ ਕਿ ਇਸ ਜਗ੍ਹਾ ਦੀ ਪੁਰਾਤੱਤਵੀ ਖੁਦਾਈ ਦੀ ਆਗਿਆ ਦਿੱਤੀ ਜਾਵੇ ਤਾਂ ਕਿ ਉਸ ਮੰਦਰ ਦੇ ਅਵਸ਼ੇਸ਼ ਲੱਭੇ ਜਾ ਸਕਣ।
ਚੱਚ ਵੰਸ਼ ਦਾ ਇਤਿਹਾਸ ਵੀ ਅਜੀਬੋ ਗਰੀਬ ਰਿਹਾ ਹੈ ਜਿਸ ਵਿਚ ਅਕਸਰ ਕੋਈ ਪੁੱਤਰ ਹੀ ਆਪਣੇ ਪਿਤਾ ਦੀ ਹੱਤਿਆ ਕਰ ਕੇ ਜਾਂ ਬੰਦੀ ਬਣਾ ਕੇ ਰਾਜਗੱਦੀ ਖੋਹ ਲੈਂਦਾ ਸੀ ਤੇ ਉਨ੍ਹਾਂ ਅੰਦਰ ਇਹ ਰਿਵਾਜ ਪੱਕ ਚੁੱਕਾ ਸੀ। ਜਦੋਂ ਭੰਡਾਰਾ ਕਾਫ਼ੀ ਉਮਰਦਰਾਜ਼ ਹੋ ਗਿਆ ਤਾਂ ਉਸ ਦੇ ਪੁੱਤਰ ਭਰਤ ਨੇ ਗੱਦੀ ਖੋਹ ਕੇ ਉਸ ਨੂੰ ਬੰਦੀ ਬਣਾ ਲਿਆ। ਭਰਤ ਬਹੁਤ ਹੀ ਜ਼ਾਲਮ ਰਾਜਾ ਸਾਬਿਤ ਹੋਇਆ। ਆਖ਼ਰਕਾਰ ਉਸ ਦੇ ਬੇਟੇ ਬਨਰਾਤ ਨੇ ਤਖ਼ਤਾ ਪਲਟ ਕੇ ਉਸ ਨੂੰ ਕੈਦਖ਼ਾਨੇ ਵਿਚ ਸੁੱਟ ਦਿੱਤਾ। ਅੱਗੋਂ ਬਨਰਾਤ ਨਾਲ ਵੀ ਇਉਂ ਹੀ ਹੋਈ ਤੇ ਉਸ ਦੇ ਪੁੱਤਰ ਥਨਰਾਤ ਨੇ ਰਾਜਗੱਦੀ ਖੋਹ ਲਈ ਅਤੇ ਉਸ ਨੂੰ ਬੰਦੀ ਬਣਾ ਲਿਆ। ਇਸ ਲੜੀ ਦੇ ਅਖੀਰ ਵਿਚ ਚੰਦਰਾਤ ਭੰਡਾਰਾ ਨੂੰ ਬੰਦੀ ਬਣਾਇਆ ਗਿਆ ਸੀ। ਇਉਂ ਲੱਗਦਾ ਹੈ ਜਿਵੇਂ ਲਾਹੌਰ ਦੇ ਸ਼ਾਸਕ ਆਪਣੇ ਪੂਰਬਵਰਤੀਆਂ ਨੂੰ ਬੰਦੀ ਬਣਾਉਣ ਦੀ ਜ਼ਾਲਮਾਨਾ ਆਦਤ ਤੋਂ ਮਜਬੂਰ ਸਨ।
ਹਿੰਦੂਸ਼ਾਹੀ ਵੰਸ਼: ਰਾਜਾ ਜੈਪਾਲ ਦਾ ਘਰਾਣਾ
ਉਸ ਸਮੇਂ ਸ਼ਕਤੀਸ਼ਾਲੀ ਹਿੰਦੂਸ਼ਾਹੀ ਵੰਸ਼ ਦੇ ਰਾਜਾ ਜੈਪਾਲ ਨੇ ਲਾਹੌਰ ਦੇ ਸ਼ਾਹੀ ਖ਼ਾਨਦਾਨ ਦੀ ਇਸ ਵਹਬਿਤ ਬਾਰੇ ਸੁਣਿਆ। ਜੈਪਾਲ ਦਾ ਰਾਜ ਕਾਬੁਲ ਤੋਂ ਲੈ ਕੇ ਸਾਲਟ ਰੇਂਜ ਤੱਕ ਫੈਲਿਆ ਹੋਇਆ ਸੀ।
ਉਹ ਬਹੁਤ ਕ੍ਰੋਧਿਤ ਹੋਇਆ ਅਤੇ ਆਪਣੇ ਪੁੱਤਰ ਅਨੰਦਪਾਲ ਨੂੰ ਹੁਕਮ ਦਿੱਤਾ ਕਿ ਸੈਨਾ ਲੈ ਕੇ ਲਾਹੌਰ ’ਤੇ ਚੜ੍ਹਾਈ ਕਰੇ ਅਤੇ ਚੰਦਰਾਤ ਨੂੰ ਬੰਦੀ ਬਣਾਵੇ। ਜਦੋਂ ਲਾਹੌਰ ਦੇ ਚੱਚ ਰਾਜੇ ਚੰਦਰਾਤ ਨੂੰ ਪਤਾ ਲੱਗਿਆ ਕਿ ਅਨੰਦਪਾਲ ਸੈਨਾ ਲੈ ਕੇ ਲਾਹੌਰ ਵੱਲ ਵਧ ਰਿਹਾ ਹੈ ਤਾਂ ਉਸ ਦਾ ਮੁਕਾਬਲਾ ਕਰਨ ਦੀ ਬਜਾਇ ਉਹ ਸ਼ਹਿਰ ਛੱਡ ਕੇ ਦੌੜ ਗਿਆ ਤੇ ਉਸ ਦੀ ਸੈਨਾ ਹੱਕੀ ਬੱਕੀ ਰਹਿ ਗਈ। ਚੰਦਰਾਤ ਦੀ ਸੈਨਾ ਨੇ ਹਥਿਆਰ ਸੁੱਟ ਦਿੱਤੇ। ਇਸ ਤਰ੍ਹਾਂ 990 ਵਿਚ ਲਾਹੌਰ ਦੇ ਤਖ਼ਤ ’ਤੇ ਹਿੰਦੂਸ਼ਾਹੀ ਵੰਸ਼ ਦਾ ਕਬਜ਼ਾ ਹੋ ਗਿਆ।
ਦਿਲਚਸਪ ਗੱਲ ਇਹ ਹੈ ਕਿ ਜਦੋਂ ਹਿੰਦੂਸ਼ਾਹੀ ਘਰਾਣੇ ਦੀ ਫ਼ੌਜ ਲਾਹੌਰ ਦੇ ਨੇੜੇ ਪਹੁੰਚ ਗਈ ਤਾਂ ਰਾਜਾ ਚੰਦਰਾਤ ਨੇ ਅਨੰਦਪਾਲ ਨੂੰ ਸੰਦੇਸ਼ ਭੇਜ ਕੇ ਆਖਿਆ, ‘‘ਤੂੰ ਸਾਡੇ ਰਾਜ ਅੰਦਰ ਆਉਣ ਦੀ ਹਿੰਮਤ ਕਿਵੇਂ ਕੀਤੀ?’’ ਅਨੰਦਪਾਲ ਨੇ ਇਸ ਦਾ ਜਵਾਬ ਦਿੱਤਾ, ‘‘ਮੈਂ ਆਪਣੇ ਪਿਤਾ ਦਾ ਹੁਕਮ ਮੰਨ ਕੇ ਇੱਥੇ ਆਇਆ ਹਾਂ, ਤੇਰੇ ਵਾਂਗ ਨਹੀਂ। ਤੂੰ ਰਾਜ ਕਰਨ ਦੇ ਲਾਇਕ ਨਹੀਂ।’’ ਕਿਹਾ ਜਾਂਦਾ ਹੈ ਕਿ ਅਨੰਦਪਾਲ ਦਾ ਜਵਾਬ ਸੁਣ ਕੇ ਚੰਦਰਾਤ ਹੱਸ ਪਿਆ ਤੇ ਉਸ ਦੇ ਹਮਲੇ ਦਾ ਜਵਾਬ ਦੇਣ ਦੀ ਬਜਾਏ ਉਹ ਸ਼ਿਕਾਰ ਖੇਡਣ ਚਲਿਆ ਗਿਆ।
ਜਦੋਂ ਉਹ ਜੰਗਲ ਵਿਚ ਸ਼ਿਕਾਰ ਖੇਡਣ ਜਾ ਰਿਹਾ ਸੀ ਤਾਂ ਹਿੰਦੂਸ਼ਾਹੀ ਫ਼ੌਜ ਨੇ ਉਸ ਨੂੰ ਫੜ ਲਿਆ। ਰਾਜਾ ਚੰਦਰਾਤ ਦੇ ਪੁੱਤਰ ਬਚ ਕੇ ਜਲੰਧਰ ਪਹੁੰਚ ਗਏ। ਇਸ ਤਰ੍ਹਾਂ 990 ਈਸਵੀ ਵਿਚ ਲਾਹੌਰ ਉਪਰ ਚੱਚ ਜਾਂ ਭੰਡਾਰਾ ਘਰਾਣੇ ਦੇ 312 ਸਾਲ ਪੁਰਾਣੇ ਰਾਜ ਦਾ ਯਕਦਮ ਅੰਤ ਹੋ ਗਿਆ ਤੇ ਹਿੰਦੂਸ਼ਾਹੀ ਘਰਾਣੇ ਦਾ ਭੱਟੀ ਰਾਜਪੂਤ ਰਾਜਾ ਜੈਪਾਲ ਲਾਹੌਰ ਦੇ ਤਖ਼ਤ ’ਤੇ ਬਿਰਾਜਮਾਨ ਹੋ ਗਿਆ ਤੇ ਉਦੋਂ ਤੋਂ ਇਹ ਮੁੱਖ ਤੌਰ ’ਤੇ ਰਾਜਪੂਤ ਇਲਾਕਾ ਬਣ ਗਿਆ।
ਪੁਰਾਣੇ ਸਮਿਆਂ ਬਾਰੇ ਕੁਝ ਤੱਥ
ਇਕ ਵਾਰ ਫਿਰ ਰਾਜਾ ਭੰਡਾਰਾ ਦੀ ਗੱਲ ਕਰਦੇ ਹਾਂ। ਹਾਲਾਂਕਿ ਸਾਡੇ ਕੋਲ ਖਿੰਡੇ-ਪੁੰਡੇ ਵੇਰਵੇ ਹੀ ਹਨ ਪਰ ਬੰਗਾਲ ਪੁਰਾਲੇਖਾਂ ਜੋ ਇਸ ਸਮੇਂ ਬ੍ਰਿਟਿਸ਼ ਲਾਇਬ੍ਰੇਰੀ ਸੰਗ੍ਰਹਿ ਵਿਚ ਪਏ ਹਨ, ਦੀ ਇਕ ਹੱਥਲਿਖਤ ਵਿਚ ਇਹ ਜ਼ਿਕਰ ਆਉਂਦਾ ਹੈ ਕਿ ‘‘ਭੰਡਾਰਾ ਦੇ ਰਾਜ ਅੰਦਰ ਸਮੁੱਚੀ ਲੋਕਾਈ ਲਈ ਚੋਖੀ ਮਾਤਰਾ ਵਿਚ ਕਣਕ ਤੇ ਹੋਰ ਅੰਨ ਪੈਦਾ ਹੁੰਦਾ ਸੀ ਅਤੇ ਉਹ ਬਹੁਤ ਹੀ ਨਿਆਂਕਾਰੀ ਰਾਜਾ ਸੀ ਤੇ ਪਰਜਾ ਬਹੁਤ ਖ਼ੁਸ਼ ਸੀ।’’ ਹਾਲਾਂਕਿ ਇਹ ਵੇਰਵੇ ਕਾਫ਼ੀ ਅਸਪੱਸ਼ਟ ਹਨ, ਪਰ ਇਸ ਤੋਂ ਉਨ੍ਹਾਂ ਸਮਿਆਂ ਵਿਚ ਲਾਹੌਰ ਅਤੇ ਚੱਚ ਵੰਸ਼ ਦੇ ਹਾਲਾਤ ਬਾਰੇ ਸੰਕੇਤ ਮਿਲਦੇ ਹਨ।
ਬਾਅਦ ਵਿਚ ਅਫ਼ਗਾਨ ਹਮਲਾਵਰਾਂ ਨੇ ਪਿਸ਼ਾਵਰ ’ਤੇ ਕਬਜ਼ਾ ਕਰ ਲਿਆ ਸੀ ਅਤੇ ਜੈਪਾਲ ਦੀ ਫ਼ੌਜ ਨੂੰ ਹਰਾ ਦਿੱਤਾ ਸੀ। ਛੋਟੀਆਂ ਛੋਟੀਆਂ ਕਈ ਝੜਪਾਂ ਵਿਚ ਹਿੰਦੂਸ਼ਾਹੀ ਰਾਜਾ ਹਾਥੀ ’ਤੇ ਸਵਾਰ ਹੋ ਕੇ ਲੜਦਾ ਰਿਹਾ, ਪਰ ਉਹ ਤੇਜ਼ ਤਰਾਰ ਘੋੜਸਵਾਰ ਸੈਨਾ ਦਾ ਮੁਕਾਬਲਾ ਕਰਨ ਦੇ ਅਸਮੱਰਥ ਸੀ। ਹਮਲਾਵਰਾਂ ਦੇ ਅੱਤਿਆਚਾਰ ਦੇਖ ਕੇ ਜੈਪਾਲ ਦਾ ਮਨ ਟੁੱਟ ਗਿਆ ਅਤੇ ਉਹ 1001 ਈਸਵੀ ਵਿਚ ਸੱਤਾ ਦੀ ਵਾਗਡੋਰ ਆਪਣੇ ਪੁੱਤਰ ਅਨੰਦਪਾਲ ਦੇ ਹੱਥਾਂ ਵਿਚ ਸੌਂਪ ਕੇ ਮੋਰੀ ਗੇਟ ਰਾਹੀਂ ਲਾਹੌਰ ਤੋਂ ਚਲਿਆ ਗਿਆ ਸੀ ਜਿਸ ਨੇ ਆਪਣੇ ਸਰੀਰ ਤੇ ਕੱਪੜਿਆਂ ’ਤੇ ਘਿਓ ਲਾ ਕੇ ਰਾਜਪੂਤ ਪ੍ਰਥਾ ‘ਜੌਹਰ’ ਮੁਤਾਬਿਕ ਆਤਮਦਾਹ ਕਰ ਲਿਆ ਸੀ। ਜੇ ਤੁਸੀਂ ਮੋਰੀ ਗੇਟ ਦੇ ਬਾਹਰ ਖੜ੍ਹ ਕੇ ਦੇਖੋ ਤਾਂ ਉੱਥੇ ਰਾਵੀ ਦਰਿਆ ਦੇ ਨਿਸ਼ਾਨ ਦੇਖੇ ਜਾ ਸਕਦੇ ਹਨ। ਇਕ ਵੱਡੇ ਪੁਰਾਣੇ ਦਰੱਖ਼ਤ ਦੇ ਨੇੜੇ ਉਸ ਨੇ ‘ਜੌਹਰ’ ਕੀਤਾ ਸੀ। ਯਕੀਨਨ ਇਸ ਜਗ੍ਹਾ ਉਸ ਦੀ ਯਾਦ ਵਿਚ ਕੋਈ ਤਖ਼ਤੀ ਜਾਂ ਨਿਸ਼ਾਨੀ ਹੋਣੀ ਚਾਹੀਦੀ ਹੈ।
ਇਉਂ ਅਫ਼ਗਾਨ ਹਮਲਾਵਰਾਂ ਵੱਲੋਂ ਲਾਹੌਰ ਨੂੰ ਮਲੀਆਮੇਟ ਕਰਨ ਤੋਂ ਪਹਿਲਾਂ ਲਾਹੌਰ ’ਤੇ ਚੱਚ ਤੇ ਹਿੰਦੂਸ਼ਾਹੀ ਦੋ ਘਰਾਣਿਆਂ ਦਾ ਕੁੱਲ ਮਿਲਾ ਕੇ 335 ਸਾਲ ਰਾਜ ਚੱਲਿਆ। ਇਸ ਤੋਂ ਬਾਅਦ ਲਗਾਤਾਰ ਅਫ਼ਗਾਨ ਹਮਲੇ ਹੁੰਦੇ ਰਹੇ ਅਤੇ ਜਿਨ੍ਹਾਂ ਵਿਚ 73 ਕੁ ਸਾਲਾਂ ਲਈ ਉਦੋਂ ਵਕਫ਼ਾ ਆਇਆ ਜਦੋਂ 1776 ਤੋਂ ਲੈ ਕੇ 1849 ਤੱਕ ਖਾਲਸਾ ਰਾਜ ਦੇ ਰੂਪ ਵਿਚ ਪੰਜਾਬੀਆਂ ਦਾ ਰਾਜ ਕਾਇਮ ਹੋ ਗਿਆ। ਫਿਰ ਈਸਟ ਇੰਡੀਆ ਕੰਪਨੀ ਦੇ ਰੂਪ ਵਿਚ ਅੰਗਰੇਜ਼ ਆ ਗਏ ਜਿਨ੍ਹਾਂ ਖਾਲਸਾ ਰਾਜ ਦੇ ਕੁਝ ਜਰਨੈਲਾਂ ਨਾਲ ਗੰਢਤੁੱਪ ਕਰ ਕੇ ਆਪਣਾ ਕਬਜ਼ਾ ਜਮਾ ਲਿਆ ਜੋ 1947 ਤੱਕ ਚਲਦਾ ਰਿਹਾ।
686 ਈਸਵੀ ਤੋਂ ਲੈ ਕੇ 2022 ਤੱਕ 1336 ਸਾਲਾਂ ਦਾ ਅਰਸਾ ਬਣਦਾ ਹੈ ਜਿਸ ਦੌਰਾਨ ਸਿਰਫ਼ 148 ਸਾਲ ਹੀ ਮੁਕਾਮੀ ਲੋਕਾਂ ਨੇ ਰਾਜ ਕੀਤਾ ਹੈ। ਬਾਕੀ ਦੇ 1188 ਸਾਲ ਬਾਹਰਲੇ ਕਾਬਜ਼ ਰਹੇ ਜਿਨ੍ਹਾਂ ਨੂੰ ਜਾਸੂਸਾਂ, ਵਪਾਰੀਆਂ ਤੇ ਗੱਦਾਰਾਂ ਵੱਲੋਂ ਮਦਦ ਮਿਲੀ ਸੀ। ਸਾਡਾ ਸਮਾਜਿਕ ਵਿਹਾਰ ਵੀ ਇਨ੍ਹਾਂ ਵਿਦੇਸ਼ੀ ਹਮਲਾਵਰਾਂ ਦੀਆਂ ਆਦਤਾਂ ਤੇ ਲੱਛਣਾਂ ਮੁਤਾਬਿਕ ਹੀ ਚਲਦਾ ਹੈ।