ਰਾਕੇਸ਼ ਕੁਮਾਰ
ਗ਼ਦਰ ਲਹਿਰ ਵਿਚ ਬਹੁਤ ਸਾਰੇ ਅਜਿਹੇ ਨਾਇਕ ਹਨ ਜਿਨ੍ਹਾਂ ਬਾਰੇ ਲਿਖਿਆ ਹੀ ਨਹੀਂ ਗਿਆ ਜਾਂ ਬਹੁਤ ਘੱਟ ਲਿਖਿਆ ਗਿਆ। ਉਨ੍ਹਾਂ ਵਿੱਚੋਂ ਇਕ ਨਾਇਕ ਗ਼ਦਰੀ ਲਾਲ ਸਿੰਘ ਸਾਹਿਬਾਣਾ ਵੀ ਸਨ ਜਿਨ੍ਹਾਂ ਨੂੰ 25 ਮਾਰਚ 1915 ਨੂੰ ਅੰਗਰੇਜ਼ਾਂ ਨੇ ਮਿੰਟਗੁੰਮਰੀ ਜੇਲ੍ਹ ਵਿਚ ਫਾਂਸੀ ਚਾੜ੍ਹ ਦਿੱਤਾ ਸੀ।
ਲਾਲ ਸਿੰਘ ਦਾ ਜਨਮ ਸਾਲ 1886 ਵਿਚ ਪਿੰਡ ਸਾਹਿਬਾਣਾ ਤਹਿਸੀਲ ਲੁਧਿਆਣਾ ਪੂਰਬੀ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਮ ਦਯਾ ਸਿੰਘ ਤੇ ਮਾਤਾ ਜੀ ਦਾ ਨਾਮ ਪ੍ਰਕਾਸ਼ ਕੌਰ ਸੀ। ਉਹ ਤਿੰਨ ਭਰਾ ਸਨ ਜਿਨ੍ਹਾਂ ਵਿਚੋਂ ਲਾਲ ਸਿੰਘ ਸਭ ਤੋਂ ਛੋਟਾ ਸੀ। ਢੰਡਾਰੀ ਸਕੂਲ ਤੋਂ ਪੜ੍ਹਾਈ ਮਗਰੋਂ ਉਹ ਪਹਿਲਾਂ ਸਕਿਉਰਿਟੀ ਤੇ ਫੇਰ 14 ਸਿੱਖ ਫ਼ੌਜ ਵਿਚ ਭਰਤੀ ਹੋ ਗਏ। ਉਸ ਵੇਲੇ ਫ਼ੌਜ ਵਿਚ ਬਹੁਤ ਘੱਟ ਤਨਖ਼ਾਹ ਹੁੰਦੀ ਸੀ ਤੇ ਨੌਜਵਾਨ ਵੱਧ ਪੈਸੇ ਲਈ ਵਿਦੇਸ਼ਾਂ ਨੂੰ ਜਾਣ ਲੱਗ ਪਏ। ਲਾਲ ਸਿੰਘ ਵੀ ਅਮਰੀਕਾ ਜਾਣ ਦਾ ਚਾਹਵਾਨ ਸੀ ਪਰ ਅਮਰੀਕਾ ਨੇ ਸਿੱਧੇ ਜਾਣ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਸਨ। ਅਮਰੀਕਾ ਦੇ ਘਾਟਾਂ ਦੇ ਕਾਨੂੰਨ ਅਨੁਸਾਰ ਫਿਲਿਪਾਈਨ ਦਾ ਵਸਨੀਕ ਹੋ ਜਾਣ ਵਾਲਾ ਵਿਅਕਤੀ ਅਮਰੀਕਾ ਦਾ ਵੀ ਵਸਨੀਕ ਬਣ ਜਾਂਦਾ ਸੀ। ਅਮਰੀਕਾ ਜਾਣ ਵਾਲੇ ਹਿੰਦੋਸਤਾਨੀ ਮਨੀਲਾ ਪੁੱਜ ਜਾਂਦੇ ਸਨ। ਉੱਥੇ ਛੇ ਮਹੀਨੇ ਰਹਿੰਦੇ ਤੇ ਵਸਨੀਕ ਹੋਣ ਦੇ ਕਾਗ਼ਜ਼ ਬਣਾ ਲੈਂਦੇ। ਫਿਰ ਅਮਰੀਕਾ ਚਲੇ ਜਾਂਦੇ। ਲਾਲ ਸਿੰਘ ਵੀ ਮਨੀਲਾ (ਫਿਲੀਪੀਨਜ਼) ਰਹਿ ਰਿਹਾ ਸੀ।
ਉਨ੍ਹਾਂ ਦਿਨਾਂ ਵਿਚ ਅਮਰੀਕਾ ਰਹਿੰਦੇ ਹਿੰਦੋਸਤਾਨੀਆਂ ਨੇ 21 ਅਪਰੈਲ 1913 ਨੂੰ ਅਸਟੋਰੀਆ ਵਿਚ ਇਕੱਠ ਕੀਤਾ ਤੇ ਇਕ ਨਵੀਂ ਜਥੇਬੰਦੀ ਬਣਾਉਣ ਸਬੰਧੀ ਮਤਾ ਪਾਸ ਕੀਤਾ ਜੋ ਪਿੱਛੋਂ ਜਾ ਕੇ ਹਿੰਦੋਸਤਾਨ ਗ਼ਦਰ ਪਾਰਟੀ ਦੇ ਨਾਮ ਨਾਲ ਮਸ਼ਹੂਰ ਹੋਈ ਤੇ ਇਨ੍ਹਾਂ ਦੇਸ਼ਭਗਤਾਂ ਨੇ ਬਾਅਦ ਵਿਚ ਗ਼ਦਰ ਅਖ਼ਬਾਰ ਵੀ ਛਾਪਿਆ।
ਲਾਲ ਸਿੰਘ ਮਨੀਲਾ ਰਹਿੰਦਿਆਂ ਗ਼ਦਰ ਪਾਰਟੀ ਦੇ ਪ੍ਰਭਾਵ ਵਿਚ ਆ ਗਏ। ਗ਼ਦਰ ਪਾਰਟੀ ਨੇ 4 ਅਗਸਤ 1914 ਨੂੰ ਆਪਣੇ ਅਖ਼ਬਾਰ ‘ਗ਼ਦਰ’ ਵਿਚ ‘ਜੰਗ ਦਾ ਬਿਗਲ ਬਜ ਗਿਆ’ ਸਿਰਲੇਖ ਹੇਠ ਲੇਖ ਛਾਪ ਕੇ ਸੱਦਾ ਦਿੱਤਾ ਕਿ ਹਿੰਦੋਸਤਾਨੀਓ ਹਿੰਦੋਸਤਾਨ ਚੱਲੋ, ਉੱਥੇ ਜਾ ਕੇ ਹਥਿਆਰਬੰਦ ਇਨਕਲਾਬ ਕਰਕੇ ਅੰਗਰੇਜ਼ਾਂ ਨੂੰ ਬਾਹਰ ਕੱਢ ਕੇ ਦੇਸ਼ ਨੂੰ ਆਜ਼ਾਦ ਕਰਵਾਈਏ।
ਗ਼ਦਰ ਪਾਰਟੀ ਦੇ ਸੱਦੇ ’ਤੇ ਅਮਰੀਕਾ ਤੋਂ ਗ਼ਦਰੀਆਂ ਦਾ ਪਹਿਲਾ ਅਤੇ ਮੁੱਖ ਜਥਾ ਸਾਂ ਫਰਾਂਸਿਸਕੋ ਤੋਂ 25 ਅਗਸਤ 1914 ਨੂੰ ਐੱਸ.ਐੱਸ. ਕੋਰੀਆ ਜ਼ਹਾਜ ਰਾਹੀਂ ਤੁਰਿਆ। ਇਸ ਵਿਚ ਨਿਧਾਨ ਸਿੰਘ, ਊਧਮ ਸਿੰਘ ਕਸੇਲ, ਰੂੜ ਸਿੰਘ, ਈਸ਼ਰ ਸਿੰਘ, ਜਵਾਲਾ ਸਿੰਘ ਠੱਠੀਆਂ ਸਮੇਤ 60 ਦੇ ਕਰੀਬ ਗ਼ਦਰੀ ਸਨ। ਇਹ ਜਹਾਜ਼ ਜਪਾਨ ਦੀਆਂ ਬੰਦਰਗਾਹਾਂ ਯੋਕੋਹਾਮਾ, ਕੋਬੋ, ਨਾਗਾਸਾਕੀ ਹੁੰਦਾ ਹੋਇਆ ਫਿਲੀਪੀਨਜ਼ ਦੀ ਬੰਦਰਗਾਹ ਮਨੀਲਾ ਪਹੁੰਚਿਆ ਜਿੱਥੇ ਇਹ ਜਹਾਜ਼ ਤਿੰਨ ਦਿਨ ਰੁਕਿਆ।
ਮਨੀਲਾ ਤੋਂ ਲਾਲ ਸਿੰਘ ਸਾਹਿਬਾਣਾ, ਰਹਿਮਤ ਅਲੀ ਵਜੀਦਕੇ, ਬੀਬੀ ਗੁਲਾਬ ਕੌਰ, ਜਗਤ ਸਿੰਘ ਸਮੇਤ 50 ਦੇ ਕਰੀਬ ਗ਼ਦਰੀ ਇਸ ਜਥੇ ਵਿਚ ਸ਼ਾਮਲ ਹੋਏ। ਰਸਤੇ ਵਿਚ ਰੋਜ਼ਾਨਾ ਮੀਟਿੰਗਾਂ ਹੁੰਦੀਆਂ ਜਿਨ੍ਹਾਂ ਵਿਚ ਖੁੱਲ੍ਹੇ ਇਨਕਲਾਬੀ ਲੈਕਚਰ ਹੁੰਦੇ ਅਤੇ ਗ਼ਦਰ ਦੀ ਗੂੰਜ ਵਿਚੋਂ ਕਵਿਤਾਵਾਂ ਪੜ੍ਹੀਆਂ ਜਾਂਦੀਆਂ। ਜਹਾਜ਼ ਹਾਂਗਕਾਂਗ ਰੁਕਿਆ। ਇੱਥੋਂ ਦੇ ਗੁਰਦੁਆਰੇ ਵਿਚ ਭਾਸ਼ਨ ਹੋਏ। ਗੁਲਾਬ ਕੌਰ ਨੇ ਵੀ ਜੋਸ਼ੀਲਾ ਭਾਸ਼ਨ ਦਿੱਤਾ। ਹਾਂਗਕਾਂਗ ਆ ਕੇ ਪਿਛਲੇ ਜਹਾਜ਼ ਛੱਡਣੇ ਤੇ ਨਵੇਂ ਲੈਣੇ ਪੈਂਦੇ ਸਨ। ਇਸ ਲਈ ਸਾਰੇ ਦੇਸ਼ਭਗਤ ਹੁਣ ਤੋਸ਼ਾਮਾਰੂ ਜਹਾਜ਼ ਵਿਚ ਬੈਠ ਗਏ ਜੋ 29 ਅਕਤੂਬਰ 1914 ਨੂੰ ਕਲਕੱਤੇ ਦੇ ਘਾਟ ’ਤੇ ਜਾ ਲੱਗਾ। ਪੁਲੀਸ ਨੇ ਮੁਸਾਫ਼ਰਾਂ ਦੀ ਤਲਾਸ਼ੀ ਲਈ ਅਤੇ ਵਿਸ਼ੇਸ਼ ਗੱਡੀਆਂ ਰਾਹੀਂ ਪੰਜਾਬ ਭੇਜਿਆ। ਪੁਲੀਸ ਵੱਲੋਂ ਪੁੱਛ-ਪੜਤਾਲ ਤੋਂ ਬਾਅਦ 108 ਮੁਸਾਫ਼ਿਰਾਂ ਨੂੰ ਮਿੰਟਗੁਮਰੀ ਜੇਲ੍ਹ ਤੇ ਸੈਂਟਰਲ ਜੇਲ੍ਹ ਮੁਲਤਾਨ ਭੇਜ ਦਿੱਤਾ ਗਿਆ। ਲਾਲ ਸਿੰਘ ਸਮੇਤ ਕੁਝ ਗ਼ਦਰੀ ਕਿਸੇ ਨਾ ਕਿਸੇ ਤਰ੍ਹਾਂ ਬਚ ਕੇ ਬਾਹਰ ਆ ਗਏ।
ਲਾਲ ਸਿੰਘ ਗ਼ਦਰੀਆਂ ਦੇ ਮੋਗੇ ਗਰੁੱਪ ਵਿਚ ਸ਼ਾਮਿਲ ਹੋ ਗਿਆ ਜਿਸ ਵਿਚ ਨਿਧਾਨ ਸਿੰਘ, ਗਾਂਧਾ ਸਿੰਘ ਕੱਚਰਭੰਨ, ਧਿਆਨ ਸਿੰਘ, ਜੀਵਨ ਸਿੰਘ ਆਦਿ ਸ਼ਾਮਿਲ ਸਨ। ਇਨ੍ਹਾਂ ਗ਼ਦਰੀਆਂ ਨੇ ਫ਼ੈਸਲਾ ਕੀਤਾ ਕਿ 23 ਨਵੰਬਰ ਮਗਰੋਂ ਡਾਕੇ ਮਾਰੇ ਜਾਣ।
ਗ਼ਦਰੀਆਂ ਨੇ 25 ਨਵੰਬਰ 1914 ਨੂੰ ਮੀਆਂ ਮੀਰ ਰਸਾਲੇ ’ਤੇ ਹੱਲਾ ਕਰਨ ਦਾ ਫ਼ੈਸਲਾ ਕੀਤਾ ਪਰ ਇਹ ਸਕੀਮ ਕਾਮਯਾਬ ਨਾ ਹੋ ਸਕੀ। ਦਰਅਸਲ, ਜਿਸ ਹੌਲਦਾਰ ਨੇ ਹਥਿਆਰਾਂ ਦੇ ਸਟੋਰ ਦੀ ਚਾਬੀ ਦੇਣੀ ਸੀ ਉਸ ਦਾ ਅਚਾਨਕ ਲਾਹੌਰ ਤਬਾਦਲਾ ਹੋ ਗਿਆ। ਇਸ ਕਾਰਨ ਇਹ ਯੋਜਨਾ ਧਰੀ ਧਰਾਈ ਰਹਿ ਗਈ।
ਛੱਬੀ ਨਵੰਬਰ 1914 ਦੀ ਸ਼ਾਮ ਨੂੰ ਫਿਰੋਜ਼ਪੁਰ ਸ਼ਹਿਰ ਤੋਂ ਬਾਹਰ ਇਕੱਠ ਹੋਇਆ ਜਿਸ ਵਿਚ ਫ਼ੈਸਲਾ ਕੀਤਾ ਗਿਆ ਕਿ 30 ਨਵੰਬਰ 1914 ਤੋਂ ਫਿਰੋਜ਼ਪੁਰ ਦੀ ਇਕ ਪਠਾਣ ਰੈਜੀਮੈਂਟ ਤੋਂ ਹਥਿਆਰ ਲੈਣ ਦਾ ਬੰਦੋਬਸਤ ਕੀਤਾ ਗਿਆ ਹੈ। 30 ਨਵੰਬਰ ਤੱਕ ਵਿਹਲੇ ਨਾ ਰਹਿਣ। ਨਿਧਾਨ ਸਿੰਘ ਦੀ ਟੋਲੀ ਨੇ ਸਲਾਹ ਬਣਾਈ ਕਿ ਇਸ ਤੋਂ ਪਹਿਲਾਂ ਮੋਗੇ ਦਾ ਸਰਕਾਰੀ ਖ਼ਜ਼ਾਨਾ ਲੁੱਟਿਆ ਜਾਵੇ।
27 ਨਵੰਬਰ 1914 ਨੂੰ ਬਹੁਤ ਸਾਰੇ ਗ਼ਦਰੀ ਵਾਪਸ ਮੋਗੇ ਤੇ ਲੁਧਿਆਣੇ ਦੀ ਗੱਡੀ ਚੜ੍ਹ ਗਏ। ਕੋਈ 15 ਗੱਡੀਓਂ ਰਹਿ ਗਏ ਸਨ। ਜਿਨ੍ਹਾਂ ਵਿਚ ਲਾਲ ਸਿੰਘ ਵੀ ਸੀ। ਇਨ੍ਹਾਂ ਨੇ ਤਿੰਨ ਟਾਂਗੇ ਫਿਰੋਜ਼ਪੁਰ ਕੈਂਟ ਟਾਂਗਾ ਸਟੈਂਡ ਤੋਂ ਕੀਤੇ ਤੇ ਮੋਗੇ ਵੱਲ ਤੁਰ ਪਏ। ਫੇਰੂ ਸ਼ਹਿਰ ਲਾਗੇ ਨਹਿਰ ਤੇ ਮਿਸ਼ਰੀ ਵਾਲੇ ਪੁਲ ਉੱਤੇ ਪੁਲੀਸ ਕਪਤਾਨ ਨੇ ਆਉਣਾ ਸੀ। ਉਸ ਦੀ ਉਡੀਕ ਵਿਚ ਇਲਾਕੇ ਦਾ ਸਬ ਇੰਸਪੈਕਟਰ ਬਿਸ਼ਾਰਤ ਅਲੀ, ਜ਼ੈਲਦਾਰ ਜਵਾਲਾ ਸਿੰਘ, ਪਿੰਡ ਦੇ ਨੰਬਰਦਾਰ, ਰਪਟੀਏ ਤੇ ਹੋਰ ਲੋਕ ਇਕੱਠੇ ਹੋਏ ਸਨ। ਜਦੋਂ ਗ਼ਦਰੀਆਂ ਦੇ ਟਾਂਗੇ ਉੱਥੋਂ ਲੰਘ ਰਹੇ ਸਨ ਤਾਂ ਬਿਸ਼ਾਰਤ ਅਲੀ ਨੂੰ ਬੰਦੇ ਸ਼ੱਕੀ ਜਾਪੇ। ਉਸ ਨੇ ਟਾਂਗੇ ਰੋਕਣ ਦਾ ਇਸ਼ਾਰਾ ਕੀਤਾ ਤਾਂ ਗ਼ਦਰੀਆਂ ਨੇ ਟਾਂਗੇ ਭਜਾ ਲਏ। ਬਿਸ਼ਾਰਤ ਅਲੀ ਨੇ ਜ਼ੈਲਦਾਰ ਨੂੰ ਘੋੜੇ ’ਤੇ ਭੇਜਿਆ ਤੇ ਟਾਂਗੇ ਵਾਪਸ ਲਿਆਂਦੇ।
ਗ਼ਦਰੀਆਂ ਨੇ ਕਿਹਾ ਕਿ ਅਸੀਂ ਇੱਜ਼ਤਦਾਰ ਸਰਕਾਰੀ ਮੁਲਾਜ਼ਮ ਹਾਂ, ਪਿੰਡਾਂ ’ਚੋਂ ਫ਼ੌਜੀ ਭਰਤੀ ਕਰ ਰਹੇ ਹਾਂ ਸਾਨੂੰ ਕਿਉਂ ਰੋਕਿਆ। ਸਬ-ਇੰਸਪੈਕਟਰ ਨੇ ਕਿਹਾ, ‘‘ਤੁਸੀਂ ਸ਼ੱਕੀ ਵਿਅਕਤੀ ਹੋ। ਤੁਹਾਨੂੰ ਕਪਤਾਨ ਅੱਗੇ ਪੇਸ਼ ਕੀਤਾ ਜਾਵੇਗਾ।’’ ਥਾਣੇਦਾਰ ਨੇ ਰੋਹਬ ਜਮਾਉਣ ਲਈ ਰਹਿਮਤ ਅਲੀ ਦੇ ਚਪੇੜ ਮਾਰ ਦਿੱਤੀ। ਇਸ ਨਾਲ ਗ਼ਦਰੀਆਂ ਨੂੰ ਬੜਾ ਹਰਖ ਹੋ ਗਿਆ। ਗਾਂਧਾ ਸਿੰਘ ਕੱਚਰਭੰਨ ਤੇ ਹੋਰ ਗ਼ਦਰੀਆਂ ਨੇ ਪਿਸਤੌਲ ਕੱਢ ਕੇ ਥਾਣੇਦਾਰ ਤੇ ਜ਼ੈਲਦਾਰ ਨੂੰ ਗੋਲੀਆਂ ਮਾਰ ਦਿੱਤੀਆਂ। ਉਹ ਮੌਕੇ ’ਤੇ ਹੀ ਮਰ ਗਏ। ਗ਼ਦਰੀ ਭੱਜ ਗਏ। ਰੌਲਾ ਪੈ ਜਾਣ ਕਰਕੇ ਪੁਲੀਸ ਵਾਲੇ ਥਾਣੇ ਤੋਂ ਬੰਦੂਕਾਂ ਲੈ ਕੇ ਆ ਗਏ। ਮਿਸ਼ਰੀ ਵਾਲੇ ਪਿੰਡ ਦੇ ਲੋਕ ਵੀ ਗ਼ਦਰੀਆਂ ਨੂੰ ਡਾਕੂ ਸਮਝਦੇ ਸਨ। ਉਹ ਵੀ ਪੁਲੀਸ ਨਾਲ ਮਿਲ ਗਏ ਅਤੇ ਗ਼ਦਰੀਆਂ ਦਾ ਪਿੱਛਾ ਕਰਨ ਲੱਗੇ। ਛੇ ਗ਼ਦਰੀ ਲੋਕਾਂ ਦੀ ਭੀੜ ’ਚ ਸ਼ਾਮਲ ਹੋ ਕੇ ਹੋਰ ਪਾਸੇ ਭੱਜ ਗਏ। ਲਾਲ ਸਿੰਘ ਸਮੇਤ 9 ਗ਼ਦਰੀਆਂ ਨੂੰ ਪੁਲੀਸ ਨੇ ਘੇਰ ਲਿਆ। ਉਹ ਨਹਿਰ ਲਾਗੇ ਸਰਕੰਡੇ ’ਚ ਵੜ ਗਏ। ਪੁਲੀਸ ਵਾਲਿਆਂ ਨੇ ਸਰਕੰਡੇ ਨੂੰ ਅੱਗ ਲਗਾ ਦਿੱਤੀ। ਗ਼ਦਰੀਆਂ ਦੀ ਪੇਸ਼ ਨਾ ਗਈ ਤੇ ਸੱਤ ਗ਼ਦਰੀ ਬਾਹਰ ਆ ਗਏ। ਚੰਦਾ ਸਿੰਘ ਦੀ ਲਾਸ਼ ਮਿਲੀ ਤੇ ਧਿਆਨ ਸਿੰਘ ਬੰਗਸੀਪੁਰਾ ਸਖ਼ਤ ਜਖ਼ਮੀ ਹੋ ਗਿਆ ਤੇ ਥੋੜ੍ਹੇ ਦੇਰ ਬਾਅਦ ਉਸ ਦੀ ਮੌਤ ਹੋ ਗਈ।
ਲਾਲ ਸਿੰਘ ਸਾਹਿਬਾਣਾ ਸਮੇਤ ਸੱਤ ਗ਼ਦਰੀ ਪੰਡਤ ਕਾਂਸੀ ਰਾਮ ਮੜੌਲੀ, ਜੀਵਨ ਸਿੰਘ ਦੌਲੇ ਸਿੰਘ ਵਾਲਾ, ਰਹਿਮਤ ਅਲੀ, ਬਖਸ਼ੀਸ਼ ਸਿੰਘ ਖਾਨਪੁਰ, ਜਗਤ ਸਿੰਘ ਬਿੰਜਲ ਤੇ ਧਿਆਨ ਸਿੰਘ ਉਮਰਪੁਰੀਆ ਫੜੇ ਗਏ।
ਇਨ੍ਹਾਂ ਸੱਤਾਂ ’ਤੇ ਮੁਕੱਦਮਾ ਚਲਾਇਆ ਗਿਆ ਤੇ ਸੈਸ਼ਨ ਜੱਜ ਫਿਰੋਜ਼ਪੁਰ ਨੇ 2 ਫਰਵਰੀ 1915 ਨੂੰ ਇੰਡੀਅਨ ਪੀਨਲ ਕੋਡ ਦੀ ਧਾਰਾ 149, 302, 114, 307, 402, 399 ਤਹਿਤ ਦੋਸ਼ ਮੜ੍ਹ ਕੇ ਮੌਤ ਦੀ ਸ਼ਜਾ ਸੁਣਾਈ ਤੇ ਇਨ੍ਹਾਂ ਦੀ ਸਾਰੀ ਚੱਲ ਤੇ ਅਚੱਲ ਜਾਇਦਾਦ ਜ਼ਬਤ ਕਰਨ ਦੇ ਹੁਕਮ ਜਾਰੀ ਕੀਤੇ।
ਸੰਪਰਕ: 95305-03412