ਅਸਲਮ ਖਵਾਜਾ
1940ਵਿਆਂ ਭਾਰਤ ਦੇ ਆਜ਼ਾਦੀ ਸੰਘਰਸ਼ ਵਿਚ ‘ਅੰਗਰੇਜ਼ੋ ਭਾਰਤ ਛੱਡੋ’ ਦਾ ਅੰਦੋਲਨ, ਆਜ਼ਾਦ ਹਿੰਦ ਫ਼ੌਜ ਦਾ ਸੰਘਰਸ਼ ਅਤੇ ਸਮੁੰਦਰੀ ਫ਼ੌਜ ਦਾ ਵਿਦਰੋਹ ਮੁੱਖ ਅੰਦੋਲਨ ਤੇ ਘਟਨਾਵਾਂ ਸਨ। ਇਨ੍ਹਾਂ ਤਿੰਨ ਸੰਘਰਸ਼ਾਂ ਨੇ ਅੰਗਰੇਜ਼ਾਂ ਨੂੰ ਭਾਰਤ ਛੱਡਣ ਲਈ ਮਜਬੂਰ ਕੀਤਾ। 1946 ਦਾ ਸਮੁੰਦਰੀ ਫ਼ੌਜ (ਨੇਵੀ) ਦਾ ਵਿਦਰੋਹ ਬੌਂਬੇ (ਹੁਣ ਮੁੰਬਈ), ਕਰਾਚੀ, ਵਿਸ਼ਾਖਾਪਟਨਮ, ਕਲਕੱਤਾ (ਹੁਣ ਕੋਲਕਾਤਾ) ਆਦਿ ਬੰਦਰਗਾਹਾਂ ’ਤੇ ਹੋਇਆ। ਇਹ ਲੇਖ ਕਰਾਚੀ ਵਿਚ ਹੋਏ ਵਿਦਰੋਹ, ਜਿਸ ਦੇ ਆਗੂ ਅਨਿਲ ਰਾਏ, ਹੀਰਾ ਲਾਲ ਅਤੇ ਅਕਬਰ ਅਲੀ ਸਨ, ਦੀਆਂ ਘਟਨਾਵਾਂ ਨੂੰ ਬਿਆਨ ਕਰਦਾ ਹੈ।
ਰੌਇਲ ਇੰਡੀਅਨ ਨੇਵੀ ਦਾ ਵਿਦਰੋਹ ਭਾਰਤੀ ਸਮੁੰਦਰੀ ਫ਼ੌਜੀਆਂ ਵੱਲੋਂ 18 ਫਰਵਰੀ 1946 ਨੂੰ ਸਮੁੰਦਰੀ ਜਹਾਜ਼ਾਂ ਅਤੇ ਮੁੰਬਈ ਬੰਦਰਗਾਹ ਵਿਚ ਸਾਹਿਲ ’ਤੇ ਸਥਿਤ ਫ਼ੌਜੀ ਟਿਕਾਣਿਆਂ ਵਿਚ ਕੀਤੀ ਗਈ ਮੁਕੰਮਲ ਹੜਤਾਲ ਅਤੇ ਇਸ ਤੋਂ ਬਾਅਦ ਹੋਈ ਬਗ਼ਾਵਤ ਸੀ। ਵਿਦਰੋਹ ਦਾ ਸ਼ੁਰੂਆਤੀ ਕੇਂਦਰ ਬੌਂਬੇ (ਮੁੰਬਈ) ਸੀ, ਪਰ ਇਹ ਬਗ਼ਾਵਤ ਕੁਝ ਕੁ ਘੰਟਿਆਂ ਵਿਚ ਹੀ ਕਰਾਚੀ ਤੋਂ ਲੈ ਕੇ ਕਲਕੱਤਾ ਤੱਕ ਪੂਰੇ ਭਾਰਤੀ ਤੱਟਾਂ ਉੱਤੇ ਫੈਲ ਗਈ। ਇਸ ਵਿਚ 78 ਸਮੁੰਦਰੀ ਜੰਗੀ ਬੇੜੇ, ਜਲ ਸੈਨਾ ਦੇ 20 ਸਾਹਿਲੀ ਟਿਕਾਣੇ ਅਤੇ 20 ਹਜ਼ਾਰ ਫ਼ੌਜੀ ਜਵਾਨ ਸ਼ਾਮਿਲ ਸਨ। ਕਾਂਗਰਸ ਅਤੇ ਮੁਸਲਿਮ ਲੀਗ ਵੱਲੋਂ ਕੀਤੇ ਗਏ ਵਿਰੋਧ ਦੇ ਬਾਵਜੂਦ ਹਿੰਦੋਸਤਾਨ ਦੇ ਆਮ ਲੋਕਾਂ ਨੇ ਵਿਦਰੋਹ ਦੀ ਹਮਾਇਤ ਕੀਤੀ। ਸਿਆਸੀ ਪਾਰਟੀਆਂ ਵਿਚੋਂ ਸਿਰਫ਼ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਨੇ ਇਸ ਦੀ ਹਮਾਇਤ ਕੀਤੀ।
ਰੌਇਲ ਇੰਡੀਅਨ ਨੇਵੀ ਦੇ ਵਿਦਰੋਹ ਨੂੰ ਕਈ ਵਾਰ ਬੌਂਬੇ ਵਿਦਰੋਹ ਵੀ ਆਖਿਆ ਜਾਂਦਾ ਹੈ। ਇਸ ਵਿਦਰੋਹ ਨੂੰ ਬ੍ਰਿਟਿਸ਼ ਰੌਇਲ ਨੇਵੀ ਨੇ ਬਲ ਦੀ ਵਰਤੋਂ ਕਰ ਕੇ ਦਰੜ ਦਿੱਤਾ ਸੀ ਜਿਸ ਕਾਰਨ ਸੱਤ ਜਵਾਨਾਂ ਦੀ ਜਾਨ ਚਲੀ ਗਈ ਤੇ 33 ਹੋਰ ਜ਼ਖ਼ਮੀ ਹੋਏ। ਕਾਂਗਰਸ ਅਤੇ ਮੁਸਲਿਮ ਲੀਗ ਤੋਂ ਹਮਾਇਤ ਨਾ ਮਿਲਣ ਕਾਰਨ ਹੜਤਾਲੀ ਜਵਾਨਾਂ ਨੇ ਹਾਰ ਮੰਨ ਲਈ। ਹੜਤਾਲੀਆਂ ਨੂੰ ਕਿਸੇ ਵੀ ਤਰ੍ਹਾਂ ਤੰਗ-ਪ੍ਰੇਸ਼ਾਨ ਨਾ ਕੀਤੇ ਜਾਣ ਦੇ ਕਾਂਗਰਸ ਅਤੇ ਮੁਸਲਿਮ ਲੀਗ ਦੇ ਭਰੋਸਿਆਂ ਦੇ ਬਾਵਜੂਦ ਇਸ ਸਬੰਧੀ ਵੱਡੇ ਪੱਧਰ ’ਤੇ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਜਿਸ ਤੋਂ ਬਾਅਦ ਉਨ੍ਹਾਂ ਦੇ ਕੋਰਟ ਮਾਰਸ਼ਲ ਹੋਏ ਅਤੇ ਬੜੀ ਵੱਡੀ ਗਿਣਤੀ ਜਵਾਨਾਂ ਨੂੰ ਸੇਵਾ ਤੋਂ ਬਰਤਰਫ਼ ਕਰ ਦਿੱਤਾ ਗਿਆ। ਇਨ੍ਹਾਂ ਵਿਚੋਂ ਕਿਸੇ ਵੀ ਜਵਾਨ ਨੂੰ ਆਜ਼ਾਦੀ ਤੋਂ ਬਾਅਦ ਭਾਰਤੀ ਜਾਂ ਪਾਕਿਸਤਾਨੀ ਸਮੁੰਦਰੀ ਫ਼ੌਜ ਵਿਚ ਬਹਾਲ ਨਹੀਂ ਕੀਤਾ ਗਿਆ।
ਕਰਾਚੀ ਰਹਿੰਦਾ ਬੰਗਾਲੀ ਭਾਈਚਾਰਾ ਮਾਮਾ ਪਾਰਸੀ ਗਰਲਜ਼ ਸਕੂਲ ਦੇ ਵਿਹੜੇ ਵਿਚ ਦੁਰਗਾ ਪੂਜਾ ਸਮਾਗਮ ਕਰਦਾ ਸੀ। ਸਾਲ 1945-46 ਵਿਚ ਪੂਜਾ ਸਮਾਗਮਾਂ ਦੌਰਾਨ ਕਰਾਚੀ ਵਿਚ ਤਾਇਨਾਤ ਸਮੁੰਦਰੀ ਫ਼ੌਜ ਦੇ ਹਿੰਦੋਸਤਾਨੀ ਜਵਾਨਾਂ (ਜਿਨ੍ਹਾਂ ਵਿਚੋਂ ਵੱਡੀ ਗਿਣਤੀ ਆਪਣੇ ਵਿਦਿਆਰਥੀ ਜੀਵਨ ਦੌਰਾਨ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਮੈਂਬਰ ਰਹੇ ਸਨ) ਨੇ ਪੂਜਾ ਕਮੇਟੀ ਨਾਲ ਸੰਪਰਕ ਕਰ ਕੇ ਪੂਜਾ ਦੌਰਾਨ ਕੁਝ ਪ੍ਰੋਗਰਾਮ ਪੇਸ਼ ਕਰਨ ਲਈ ਸਮਾਂ ਮੰਗਿਆ। ਕਮੇਟੀ ਨੇ ਉਨ੍ਹਾਂ ਨੂੰ ਖ਼ੁਸ਼ੀ-ਖ਼ੁਸ਼ੀ ਇਸ ਲਈ ਸਮਾਂ ਦੇ ਦਿੱਤਾ। ਇਹ ਪ੍ਰੋਗਰਾਮ ਪੂਜਾ ਦੇ ਦੂਜੇ ਦਿਨ ਸੱਤਵੀਂ ਵਾਲੇ ਦਿਨ ਹੋਇਆ।
ਉਸ ਸਮੇਂ ਕਰਾਚੀ ਦੇ ਨਜ਼ਦੀਕ ਮਨੋਰਾ ਟਾਪੂ ਉੱਤੇ ਸਮੁੰਦਰੀ ਫ਼ੌਜ ਦੇ ਪੰਜ ਸਾਹਿਲੀ ਟਿਕਾਣੇ ਸਨ। ਇਨ੍ਹਾਂ ਵਿਚ ਐੱਚਐੱਮਆਈਐੱਸ ਮੋਂਜ਼ੇ- ਲੋਕਲ ਨੇਵਲ ਡਿਫੈਂਸ ਬੇਸ, ਐੱਚਐੱਮਆਈਐੱਸ ਹਿਮਾਲਿਆ ਗੰਨਰੀ ਸਕੂਲ, ਐੱਚਐੱਮਆਈਐੱਸ ਬਹਾਦੁਰ- ਬੌਇਜ਼ ਟਰੇਨਿੰਗ ਸਕੂਲ, ਐੱਚਐੱਮਆਈਐੱਸ ਦਿਲਾਵਰ- ਬੌਇਜ਼ ਟਰੇਨਿੰਗ ਸਕੂਲ ਅਤੇ ਐੱਚਐੱਮਆਈਐੱਸ ਚਮਕ- ਰਡਾਰ ਟਰੇਨਿੰਗ ਸਕੂਲ ਸ਼ਾਮਿਲ ਸਨ। (ਐੱਚਐੱਮਆਈਐੱਸ ਭਾਵ ਹਿਜ਼/ਹਰ ਮਜੈਸਟੀਜ਼ ਇੰਡੀਅਨ ਸ਼ਿਪ)। ਕਰਾਚੀ ਸ਼ਹਿਰ ਦੇ ਧੁਰ ਦੱਖਣ ਵਿਚ ਅਰਬ ਸਾਗਰ ਕੰਢੇ ਕੀਮਰੀ ਜੈਟੀ ਸੀ ਤੇ ਮਨੋਰਾ ਟਾਪੂ ਇਸ ਥਾਂ ਅਰਬ ਸਾਗਰ ਦੀ ਇਕ ਸੰਕੀਰਨ ਖਾੜੀ ਰਾਹੀਂ ਸ਼ਹਿਰ ਤੋਂ ਵੱਖ ਹੁੰਦਾ ਸੀ। ਸਮੁੰਦਰ ਵਿਚ ਜਹਾਜ਼ ਤੋਂ ਮਾਲ ਲਾਹੁਣ ਜਾਂ ਸੁਮੰਦਰ ਵਿਚ ਅੱਗੇ ਤੱਕ ਜਾਣ ਜਾਂ ਬੰਦਰਗਾਹ ਦੀ ਰੱਖਿਆ ਲਈ ਬਣਾਏ ਗਏ ਢਾਂਚੇ ਨੂੰ ਜੈਟੀ ਆਖਦੇ ਹਨ।
ਹਿੰਦੋਸਤਾਨੀ ਜਵਾਨਾਂ ਵਿਚ ਪਹਿਲਾ ਰੋਹ ਅਗਸਤ 1945 ਵਿਚ ਪੈਦਾ ਹੋਇਆ, ਜਦੋਂ 7 ਅਗਸਤ ਨੂੰ ਰਾਬਿੰਦਰਨਾਥ ਟੈਗੋਰ ਦਾ ਬਰਸੀ ਸਮਾਗਮ ਮਨਾਉਣ ਲਈ ਇਕ ਸੱਭਿਆਚਾਰਕ ਪ੍ਰੋਗਰਾਮ ਕਰਨ ਦੀ ਉਨ੍ਹਾਂ ਦੀ ਅਰਜ਼ੀ ਨੂੰ ਕਮਾਂਡਿੰਗ ਅਫ਼ਸਰ ਨੇ ਰੱਦ ਕਰ ਦਿੱਤਾ। ਉਂਝ ਉਨ੍ਹਾਂ ਨੂੰ ਆਪਣੇ ਕਲਾਸ ਰੂਮ ਵਿਚ ਟੈਗੋਰ ਨੂੰ ਸ਼ਰਧਾਂਜਲੀ ਭੇਂਟ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ।
ਦੁਰਗਾ ਪੂਜਾ ਤੋਂ ਬਾਅਦ ਆਏ ਐਤਵਾਰ ਨੂੰ ਹਿੰਦੋਸਤਾਨੀ ਜਵਾਨ ਸਮੁੰਦਰ ਕੰਢੇ ਇਕੱਤਰ ਹੋਏ ਤੇ ਉਨ੍ਹਾਂ ਸੇਲਰਜ਼ ਐਸੋਸੀਏਸ਼ਨ, ਮਨੋਰਾ ਕਾਇਮ ਕਰ ਲਈ। ਇਸ ਦਾ ਪਹਿਲਾ ਕੰਮ ਆਈਐੱਨਏ ਰਾਹਤ ਕੋਸ਼ ਲਈ ਫੰਡ ਜੁਟਾਉਣਾ ਸੀ ਅਤੇ ਕਿਸੇ ਕਿਸਮ ਦਾ ਵਿਦਰੋਹ ਕਰਨ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਸੀ ਕਿਉਂ ਜੋ ਇਹ ਟਾਪੂ ਮੁੱਖ ਸਰਜ਼ਮੀਨ ਤੋਂ ਵੱਖ ਸੀ ਅਤੇ ਇਸ ਉੱਤੇ ਅਜਿਹਾ ਕੋਈ ਵਿਦਰੋਹ ਜਾਰੀ ਰੱਖਣ ਲਈ ਲੋੜੀਂਦੇ ਹਥਿਆਰ ਆਦਿ ਨਹੀਂ ਸਨ।
ਕਰਾਚੀ ਸ਼ਹਿਰ ਤੇ ਸਮੁੰਦਰੀ ਫ਼ੌਜ ਦੇ ਉੱਥੇ ਸਥਿਤ ਸਾਹਿਲੀ ਦਫ਼ਤਰਾਂ ਵਿਚ ਬੌਂਬੇ ਵਿਦਰੋਹ ਦੀ ਖ਼ਬਰ 19 ਫਰਵਰੀ ਦੀ ਸਵੇਰ ਨੂੰ ਅਖ਼ਬਾਰਾਂ ਰਾਹੀਂ ਪੁੱਜੀ ਅਤੇ ਇਸ ਦਾ ਦੋਵੇਂ ਥਾਈਂ ਲੁਕਵੇਂ ਪਰ ਭਾਰੀ ਉਤਸ਼ਾਹ ਅਤੇ ਖ਼ੁਸ਼ੀ ਨਾਲ ਸੁਆਗਤ ਹੋਇਆ। ਇਸ ਦੇ ਨਾਲ ਹੀ ਹਿੰਦੋਸਤਾਨੀ ਜਵਾਨਾਂ ਵਿਚ ਇਹ ਘੁਸਰ-ਮੁਸਰ ਸ਼ੁਰੂ ਹੋ ਗਈ ਕਿ ਉਨ੍ਹਾਂ ਨੂੰ ਇਸ ਮੁਤੱਲਕ ਕਿਵੇਂ ਕਾਰਵਾਈ ਕਰਨੀ ਚਾਹੀਦੀ ਹੈ। ਅੱਧੀ ਛੁੱਟੀ ਦੌਰਾਨ ਚਮਕ ਦੀ ਸੇਲਰਜ਼ ਐਸੋਸੀਏਸ਼ਨ ਦੇ ਮੈਂਬਰਾਂ ਨੇ ਮੀਟਿੰਗ ਕਰ ਕੇ ਸਮੁੰਦਰ ਕੰਢੇ ਦੇਰ ਸ਼ਾਮ ਵੇਲੇ ਸਮੁੰਦਰੀ ਫ਼ੌਜ ਦੇ ਉੱਥੋਂ ਦੇ ਸਾਰੇ ਟਿਕਾਣਿਆਂ ਦੇ ਜਵਾਨਾਂ ਦੀ ਇਕੱਤਰਤਾ ਕਰਨ ਦਾ ਫ਼ੈਸਲਾ ਕੀਤਾ।
ਮੀਟਿੰਗ ਵਿਚ ਸ਼ੁਰੂ ’ਚ ਭਾਵੇਂ ਕੋਈ ਸਹਿਮਤੀ ਨਾ ਬਣੀ ਪਰ ਲੰਮੇ ਵਿਚਾਰ-ਵਟਾਂਦਰੇ ਮਗਰੋਂ ਵਿਦਰੋਹ ਲਈ ਸਹਿਮਤੀ ਬਣ ਗਈ। ਇਸ ਲਈ 21 ਫਰਵਰੀ ਦੀ ਤਾਰੀਖ਼ ਮਿਥੀ ਗਈ ਜਿਸ ਲਈ ਛੇ-ਨੁਕਾਤੀ ਪ੍ਰੋਗਰਾਮ ਉਲੀਕਿਆ ਗਿਆ। ਇਸ ਪ੍ਰੋਗਰਾਮ ਦੇ ਨੁਕਤੇ ਇੰਝ ਸਨ: ਪਹਿਲਾ, ਸਵੇਰੇ 10 ਵਜੇ ਕੀਮਰੀ ਜੈਟੀ ਵਿਖੇ ਇਕੱਤਰ ਹੋਇਆ ਜਾਵੇਗਾ; ਦੂਜਾ, ਬੌਂਬੇ ਦੇ ਜਵਾਨਾਂ ਦੀ ਹਮਾਇਤ ਵਿਚ ਕਰਾਚੀ ਦੀਆਂ ਸੜਕਾਂ ਉੱਤੇ ਮਾਰਚ ਕੱਢਿਆ ਜਾਵੇਗਾ; ਤੀਜਾ, ਕੀਮਰੀ ਜੈਟੀ ਦੇ ਡੌਕ ਕਾਮਿਆਂ ਨੂੰ ਵੀ ਮਾਰਚ ਵਿਚ ਸ਼ਮੂਲੀਅਤ ਦਾ ਸੱਦਾ ਦਿੱਤਾ ਜਾਵੇਗਾ; ਚੌਥਾ, ਬਰਤਾਨਵੀ ਬਸਤੀਵਾਦੀ ਹਕੂਮਤ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਾਂਗਰਸ ਤੇ ਮੁਸਲਿਮ ਲੀਗ ਨੂੰ ਇਕਮੁੱਠ ਹੋਣ ਦੀ ਅਪੀਲ ਕੀਤੀ ਜਾਵੇਗੀ; ਪੰਜਵਾਂ, ਕੰਮ ਪੂਰੀ ਤਰ੍ਹਾਂ ਠੱਪ ਰੱਖਿਆ ਜਾਵੇਗਾ ਅਤੇ ਛੇਵਾਂ, ਬਹਾਦੁਰ ਵਿਖੇ ਤਾਇਨਾਤ ਜਵਾਨ ਚਮਕ ਤੱਕ ਮਾਰਚ ਕਰਨਗੇ ਤੇ ਫਿਰ ਇਨ੍ਹਾਂ ਦੋਵਾਂ ਟਿਕਾਣਿਆਂ ਦੇ ਜਵਾਨ ਇਕੱਠਿਆਂ ਕੀਮਰੀ ਜੈਟੀ ਪੁੱਜਣਗੇ।
ਆਪੋ ਆਪਣੇ ਟਿਕਾਣੇ ਦੀ ਨੁਮਾਇੰਦਗੀ ਕਰਨ ਲਈ ਦਸ ਜਵਾਨਾਂ ਦੀ ਚੋਣ ਕੀਤੀ ਗਈ। ਇਹ ਫ਼ੈਸਲਾ ਵੀ ਕੀਤਾ ਗਿਆ ਕਿ ਇਹ ਕੰਮ ਵੱਧ ਤੋਂ ਵੱਧ ਸੰਭਵ ਚੁੱਪ-ਗੜੁੱਪ ਹੋ ਕੇ ਕੀਤਾ ਜਾਵੇਗਾ। ਇਸੇ ਥਾਂ ਅਗਲੀ ਇਕੱਤਰਤਾ ਅਗਲੇ ਦਿਨ ਭਾਵ 20 ਫਰਵਰੀ ਰਾਤ 8 ਵਜੇ ਕਰਨ ਦਾ ਫ਼ੈਸਲਾ ਲੈਂਦਿਆਂ ਜਵਾਨ ਖਿੰਡ-ਪੁੰਡ ਗਏ।
20 ਫਰਵਰੀ ਦੀ ਸਵੇਰ ਹੋਈ ਤਾਂ ਜਵਾਨਾਂ ਨੂੰ ਜਗਾਉਣ ਲਈ ਸਾਂਝਾ ਸੱਦਾ ਨਾ ਦਿੱਤਾ ਗਿਆ। ਸਵੇਰੇ ਆਈਆਂ ਅਖ਼ਬਾਰਾਂ ਖ਼ਾਸਕਰ ‘ਸਿੰਧ ਆਬਜ਼ਰਵਰ’ ਨੇ ਬੌਂਬੇ ਵਿਦਰੋਹ ਵਿਚ ਆ ਰਹੇ ਨਾਟਕੀ ਮੋੜਾਂ ਬਾਰੇ ਕਾਫ਼ੀ ਖ਼ਬਰਾਂ ਛਾਪੀਆਂ ਸਨ। ਇਸ ਮੌਕੇ ਕਮਾਂਡਿੰਗ ਅਫ਼ਸਰ ਨੇ ਅਧਿਕਾਰਤ ਤੌਰ ’ਤੇ ਜਵਾਨਾਂ ਨੂੰ ਬੌਂਬੇ ਵਿਦਰੋਹ ਦੀ ਜਾਣਕਾਰੀ ਦਿੱਤੀ ਅਤੇ ਇੱਥੇ ਅਜਿਹੀ ਕੋਈ ਕਾਰਵਾਈ ਕਰਨ ਦੇ ਗੰਭੀਰ ਸਿੱਟਿਆਂ ਬਾਰੇ ਖ਼ਬਰਦਾਰ ਕੀਤਾ। ਇਸ ਦੌਰਾਨ ਸਮੁੰਦਰੀ ਬੇੜੇ ਹਿੰਦੋਸਤਾਨ ਦੇ ਜਵਾਨਾਂ ਨੂੰ 21 ਫਰਵਰੀ ਦੀ ਸਵੇਰ ਕਰਾਚੀ ਤੋਂ ਚਲੇ ਜਾਣ ਦੇ ਹੁਕਮ ਦਿੱਤੇ ਗਏ ਅਤੇ ਦੁਪਹਿਰ ਦੇ ਖਾਣੇ ਦੇ ਸਮੇਂ ਤੱਕ ਉਨ੍ਹਾਂ ਸਾਰੇ ਬਰਤਾਨਵੀ ਤੇ ਹਿੰਦੋਸਤਾਨੀ ਅਫ਼ਸਰਾਂ ਨੂੰ ਸਮੁੰਦਰੀ ਜਹਾਜ਼ ਤੋਂ ਬਾਹਰ ਕੱਢ ਦਿੱਤਾ ਅਤੇ ਜਹਾਜ਼ ਦਾ ਕੰਟਰੋਲ ਪੂਰੀ ਤਰ੍ਹਾਂ ਆਪਣੇ ਹੱਥਾਂ ਵਿਚ ਲੈ ਲਿਆ। ਇਸ ਤਰ੍ਹਾਂ ਹਿੰਦੋਸਤਾਨ ਨੂੰ ਕਰਾਚੀ ਵਿਚ ਵਿਦਰੋਹ ਦੀ ਸ਼ੁਰੂਆਤ ਕਰਨ ਦਾ ਮਾਣ ਹਾਸਲ ਹੋਇਆ। ਸ਼ਾਮ ਦੀ ਮੀਟਿੰਗ ਵਿਚ ਇੰਡੀਅਨ ਐਸੋਸੀਏਸ਼ਨ ਦੇ ਮੈਂਬਰਾਂ ਨੇ ਅਗਲੇ ਦਿਨ ਦੇ ਪ੍ਰੋਗਰਾਮ ਨੂੰ ਅੰਤਿਮ ਰੂਪ ਦਿੱਤਾ ਜਿਸ ਤਹਿਤ ਉਨ੍ਹਾਂ ਨੇ ਸ਼ਹਿਰ ਦੀਆਂ ਦੀਵਾਰਾਂ ਅਤੇ ਆਪਣੇ ਹੱਥਾਂ ਵਿਚ ਫੜਨ ਵਾਲੀਆਂ ਤਖ਼ਤੀਆਂ ਉੱਤੇ ਲਿਖਣ ਲਈ ਅੱਠ ਨਾਅਰਿਆਂ ਦੀ ਚੋਣ ਕੀਤੀ ਜਿਨ੍ਹਾਂ ਵਿਚ ਇਹ ਨਾਅਰੇ ਸ਼ਾਮਲ ਸਨ: ਹਿਮਾਲਿਆ ਦੇ ਜਵਾਨੋ ਇਕਮੁੱਠ ਹੋ ਜਾਵੋ, ਚਮਕ ਦੇ ਜਵਾਨੋ ਇਕਮੁੱਠ ਹੋ ਜਾਵੋ, ਬਹਾਦੁਰ ਦੇ ਜਵਾਨੋ ਇਕਮੁੱਠ ਹੋ ਜਾਵੋ, ਹਿੰਦੋਸਤਾਨ ਜ਼ਿੰਦਾਬਾਦ, ਬਰਤਾਨਵੀ ਬਸਤੀਵਾਦ ਮੁਰਦਾਬਾਦ, ਆਜ਼ਾਦੀ ਲੈਣੀ ਹੈ ਤਾਂ ਖ਼ੂਨ ਦਿਓ, ਅਸੀਂ ਆਜ਼ਾਦੀ ਲੈ ਕੇ ਰਹਾਂਗੇ ਅਤੇ ਜਾਬਰੋ, ਤੁਹਾਡੇ ਦਿਨ ਹੁਣ ਲੱਦ ਗਏ ਆਦਿ।
ਇਹ ਫ਼ੈਸਲਾ ਕੀਤਾ ਗਿਆ ਕਿ ਹਿਮਾਲਿਆ ਦੇ ਜਵਾਨ ਆਪਣੀ ਜੈਟੀ ਤੋਂ ਅੱਗੇ ਵਧਣਗੇ ਜਦੋਂਕਿ ਚਮਕ ਤੇ ਬਹਾਦੁਰ ਦੇ ਜਵਾਨ ਮਨੋਰਾ ਜੈਟੀ ਤੋਂ ਅੱਗੇ ਵਧਣਗੇ। ਹਿਮਾਲਿਆ ਦੇ ਜਵਾਨ ਇਸ ਮੌਕੇ ਹਿੰਦੋਸਤਾਨ ਤੇ ਟਰੈਵਨਕੋਰ ਦੇ ਜਵਾਨਾਂ ਨੂੰ ਵੀ ਨਾਲ ਲੈ ਕੇ ਚੱਲਣਗੇ ਅਤੇ ਇਹ ਸਾਰੇ ਜੈਟੀ ਦੇ ਐਨ ਬਾਹਰਵਾਰ ਸਵੇਰੇ 10.30 ਵਜੇ ਇਕੱਤਰ ਹੋਣਗੇ। ਨਾਲ ਹੀ ਇਹ ਫ਼ੈਸਲਾ ਵੀ ਕੀਤਾ ਗਿਆ ਕਿ ਬੌਂਬੇ ਦੇ ਬਾਗ਼ੀਆਂ ਨਾਲ ਇਕਮੁੱਠਤਾ ਦਾ ਇਜ਼ਹਾਰ ਕਰਦਿਆਂ ਮੁਕੰਮਲ ਭੁੱਖ ਹੜਤਾਲ ਕੀਤੀ ਜਾਵੇਗੀ। ਜਿਉਂ ਹੀ ਰਾਤ ਮੁੱਕੀ ਤੇ ਨਵੀਂ ਸਵੇਰ ਚੜ੍ਹੀ ਤਾਂ ਆਸਮਾਨ ਸੈਂਕੜੇ ਨੌਜਵਾਨਾਂ ਦੇ ਜ਼ੋਰਦਾਰ ਤੇ ਜੋਸ਼ੀਲੇ ਨਾਅਰਿਆਂ ਨਾਲ ਗੂੰਜ ਉੱਠਿਆ। ਮਨੋਰਾ ਦੇ ਆਰਆਈਐੱਨ ਜਵਾਨ ਬਾਗ਼ੀ ਹੋ ਗਏ ਸਨ। ਕਮਾਂਡਿੰਗ ਅਫ਼ਸਰ ਨੇ ਜਵਾਨਾਂ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ ਕਿ ਕੀਮਰੀ ਜੈਟੀ ਵਿਖੇ ਫ਼ੌਜ ਤਾਇਨਾਤ ਕਰ ਦਿੱਤੀ ਗਈ ਹੈ ਜਿਸ ਨੂੰ ਗੋਲੀ ਮਾਰ ਦੇਣ ਦੇ ਹੁਕਮ ਦਿੱਤੇ ਗਏ ਹਨ। ਨਾਅਰੇਬਾਜ਼ੀ ਕਰਦਿਆਂ ਅੱਗੇ ਵਧ ਰਹੇ ਇਨ੍ਹਾਂ ਜਵਾਨਾਂ ਦਾ ਮਨੋਰਾ ਦੇ ਵਸਨੀਕਾਂ ਨੇ ਤਾੜੀਆਂ ਮਾਰ ਕੇ ਸੁਆਗਤ ਕੀਤਾ ਜਿਨ੍ਹਾਂ ਵਿਚੋਂ ਬਹੁਤੇ ਮਛੇਰਿਆਂ ਜਾਂ ਮਲਾਹਾਂ ਦੇ ਪਰਿਵਾਰ ਸਨ। ਬਾਗ਼ੀ ਜਵਾਨਾਂ ਨਾਲ ਇਕਮੁੱਠਤਾ ਦਾ ਇਜ਼ਹਾਰ ਕਰ ਲਈ ਮਲਾਹਾਂ ਨੇ ਜਵਾਨਾਂ ਨੂੰ ਜੈਟੀ ਤੱਕ ਲਿਜਾਣ ਲਈ ਕੋਈ ਭਾੜਾ ਵਸੂਲਣ ਤੋਂ ਵੀ ਨਾਂਹ ਕਰ ਦਿੱਤੀ।
ਜਵਾਨਾਂ ਦੀ ਇਸ ਯਾਤਰਾ ਦੌਰਾਨ ਇਕ ਮੋਟਰਬੋਟ ਉੱਤੇ ਆਏ ਕੁਝ ਬ੍ਰਿਟਿਸ਼ ਦਸਤਿਆਂ ਨੇ ਹਿੰਦੋਸਤਾਨ ਦੇ ਜਵਾਨਾਂ ਉੱਤੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਦੋ ਜਵਾਨ ਮੌਕੇ ’ਤੇ ਹੀ ਮਾਰੇ ਗਏ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਇਸ ’ਤੇ ਹਿੰਦੋਸਤਾਨ ਦੇ ਹੋਰਨਾਂ ਜਵਾਨਾਂ ਨੇ ਵੀ ਜਵਾਬੀ ਗੋਲੀਬਾਰੀ ਸ਼ੁਰੂ ਕਰ ਦਿੱਤੀ ਜਿਸ ਕਾਰਨ ਦੁਸ਼ਮਣ ਦਸਤੇ ਨੂੰ ਭੱਜਣਾ ਪਿਆ। ਉਧਰ ਘਾਟ (Dock) ਉੱਤੇ ਜਿਉਂ ਹੀ ਲੇਬਰ ਯੂਨੀਅਨ ਦੇ ਮੈਂਬਰਾਂ ਨੂੰ ਗੋਲੀਬਾਰੀ ਦੀ ਆਵਾਜ਼ ਸੁਣਾਈ ਦਿੱਤੀ ਤਾਂ ਉਹ ਫੌਰੀ ਭਾਰਤੀ ਕਮਿਊਨਿਸਟ ਪਾਰਟੀ ਅਤੇ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ) ਦੇ ਦਫ਼ਤਰਾਂ ਵਿਚ ਪੁੱਜੇ ਜਿਹੜੇ ਭੁੰਦਰ ਰੋਡ ਉੱਤੇ ਲਾਈਟ ਹਾਊਸ ਦੇ ਖੇਤਰ ਵਿਚ ਸਥਿਤ ਸਨ। ਇਸ ਮੌਕੇ ਇਨ੍ਹਾਂ ਦਫ਼ਤਰਾਂ ਵਿਚ ਕਾਮਰੇਡ ਸੋਭੋ ਗਿਆਨਚੰਦਾਨੀ, ਏ.ਕੇ. ਹੰਗਲ (ਜੋ ਬਾਅਦ ਵਿਚ ਇਪਟਾ ਦੇ ਚੇਅਰਮੈਨ ਅਤੇ ਨਾਮੀ ਅਦਾਕਾਰ ਬਣੇ), ਆਇਨਸ਼ੀ ਵਿਦਿਆਰਥੀ ਅਤੇ ਹੋਰ ਕਾਮਰੇਡ ਆਪਣੇ ਰੋਜ਼ਾਨਾ ਕੰਮ-ਕਾਜ ਵਿਚ ਮਸਰੂਫ਼ ਸਨ।
ਇਸ ਮੌਕੇ ਸੀਪੀਆਈ ਦੇ ਸੂਬਾ ਸਿੰਧ ਦੇ ਸਕੱਤਰ ਜਮਾਲੂਦੀਨ ਬੁਖਾਰੀ ਕਿਉਂਕਿ ਬੰਬੇ ਗਏ ਹੋਏ ਸਨ, ਇਸ ਕਾਰਨ ਸਿੰਧ ਵਿਚ ਕਾਮਰੇਡ ਸੋਭੋ ਹੀ ਪਾਰਟੀ ਦੀ ਅਗਵਾਈ ਕਰ ਰਹੇ ਸਨ ਜੋ ਘਟਨਾ ਬਾਰੇ ਪਤਾ ਲੱਗਣ ’ਤੇ ਫੌਰੀ ਦਫ਼ਤਰ ਤੋਂ ਨਿਕਲ ਕੇ ਨੇਟਿਵ ਜੈਟੀ ਦੇ ਪੁਲ ਵੱਲ ਅਹੁਲੇ। ਰਾਹ ਵਿਚ ਮਿਲਣ ਵਾਲੇ ਲੋਕਾਂ ਨੇ ਬੜੇ ਜਗਿਆਸਾਪੂਰਨ ਢੰਗ ਨਾਲ ਉਨ੍ਹਾਂ ਤੋਂ ਗੋਲੀਬਾਰੀ ਦੀ ਘਟਨਾ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਹ ਇਸ ਮੌਕੇ ਜਵਾਨਾਂ ਦੀ ਜਾਨ ਜਾਣ ਦੇ ਖ਼ਦਸ਼ੇ ਤੋਂ ਵੀ ਫਿਕਰਮੰਦ ਸਨ। ਸੋਭੋ ਨੇ ਸਿੰਧੀ ਪ੍ਰਗਤੀਸ਼ੀਲ ਲੇਖਕ ਗੋਬਿੰਦ ਮੱਲ੍ਹੀ ਅਤੇ ਆਈਕੇ ਗੁਜਰਾਲ (ਜੋ ਬਾਅਦ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਬਣੇ) ਨਾਲ ਸਲਾਹ-ਮਸ਼ਵਰਾ ਕਰਨ ਪਿੱਛੋਂ ਉਸੇ ਸ਼ਾਮ ਈਦਗਾਹ ਮੈਦਾਨ ਵਿਚ ਜਨਤਕ ਜਲਸੇ ਦਾ ਸੱਦਾ ਦਿੱਤਾ ਤਾਂ ਕਿ ਵੱਖੋ-ਵੱਖ ਫੈਕਟਰੀਆਂ ਅਤੇ ਇਲਾਕਿਆਂ ਦੇ ਕਾਮਿਆਂ ਨੂੰ ਲਾਮਬੰਦ ਕੀਤਾ ਜਾ ਸਕੇ। ਬਾਅਦ ਦੁਪਹਿਰ ਆਸਿਫ਼ ਕਾਰਵਾਨੀ ਨੇ ਕਰਾਚੀ ਵਿਚਲੇ ਕਾਮਰੇਡਾਂ ਨੂੰ ਇਤਲਾਹ ਦਿੱਤੀ ਕਿ ਸੀਪੀਆਈ ਦੇ ਆਗੂ ਕਾਮਰੇਡ ਐਸ.ਏ. ਡਾਂਗੇ ਨੇ ਅਗਲੇ ਦਿਨ ਦੇਸ਼ ਵਿਚ ਆਮ ਹੜਤਾਲ ਦਾ ਸੱਦਾ ਦਿੱਤਾ ਸੀ।
ਸ਼ਾਮ ਛੇ ਵਜੇ ਈਦਗਾਹ ਮੈਦਾਨ ਵਿਚ ਜਨਤਕ ਜਲਸਾ ਸ਼ੁਰੂ ਹੋਇਆ ਜਿੱਥੇ ਸਟੇਜ ਉੱਤੇ ਪੰਜ ਕੁਰਸੀਆਂ ਲਾਈਆਂ ਗਈਆਂ ਸਨ ਅਤੇ ਇਸ ਵਿਚ 400 ਦੇ ਕਰੀਬ ਲੋਕ ਸ਼ਾਮਲ ਸਨ ਜਿਨ੍ਹਾਂ ਵਿਚੋਂ ਤਕਰੀਬਨ ਅੱਧੀ ਗਿਣਤੀ ਵਿਦਿਆਰਥੀਆਂ ਦੀ ਸੀ। ਮੀਟਿੰਗ ਕਾਮਰੇਡ ਰੇਲਾਰਾਮ ਲੀਲਾਰਾਮ ਦੀ ਇਕ ਉਰਦੂ ਨਜ਼ਮ ਨਾਲ ਸ਼ੁਰੂ ਹੋਈ ਜਿਸ ਦੇ ਬੋਲ ਸਨ, ‘ਛੂਟੇ ਅਸੀਰ ਤੋ ਬਦਲਾ ਹੁਆ ਜ਼ਮਾਨਾ ਥਾ’ (ਜਦੋਂ ਕੈਦੀ ਰਿਹਾਅ ਹੋਏ ਤਾਂ ਜ਼ਮਾਨਾ ਬਦਲ ਚੁੱਕਾ ਸੀ), ਜਿਸ ਤੋਂ ਬਾਅਦ ਸ਼ੇਖ਼ ਅਯਾਜ਼ ਨੇ ਸਿੰਧੀ ਕਵਿਤਾ ‘ਜੀਏ ਇਨਕਲਾਬ… ਜੀਏ ਇਨਕਲਾਬ’ ਪੇਸ਼ ਕੀਤੀ। ਪ੍ਰੋ. ਕਾਰਵਾਨੀ ਦੀ ਸਦਾਰਤ ਹੇਠ ਹੋ ਰਿਹਾ ਜਲਸਾ ਜਿਉਂ-ਜਿਉਂ ਅੱਗੇ ਵਧਦਾ ਗਿਆ ਤਿਉਂ-ਤਿਉਂ ਵੱਖੋ-ਵੱਖ ਫੈਕਟਰੀਆਂ ਦੇ ਮਜ਼ਦੂਰ ਆਪਣੀ ਇਕਮੁੱਠਤਾ ਦਾ ਇਜ਼ਹਾਰ ਕਰਨ ਲਈ ਇਸ ਵਿਚ ਸ਼ਾਮਲ ਹੁੰਦੇ ਗਏ ਅਤੇ ਇਸ ਨਾਲ ਜਲਸੇ ਵਿਚ ਸ਼ਾਮਲ ਮੁਜ਼ਾਹਰਾਕਾਰੀਆਂ ਦੀ ਗਿਣਤੀ ਵਧ ਕੇ 8000 ਤੱਕ ਪੁੱਜ ਗਈ। ਇਸ ਮੌਕੇ ਕਾਮਰੇਡ ਸੋਭੋ, ਏ.ਕੇ. ਹੰਗਲ ਅਤੇ ਪ੍ਰੋ. ਕਾਰਵਾਨੀ ਨੇ ਆਪਣੀਆਂ ਤਕਰੀਰਾਂ ਦੌਰਾਨ ਸਮੁੰਦਰੀ ਫ਼ੌਜ ਦੇ ਬਾਗ਼ੀਆਂ ਦੀ ਬਹਾਦਰੀ ਦਾ ਗੁਣਗਾਣ ਕੀਤਾ ਅਤੇ ਜਾਨਾਂ ਵਾਰਨ ਵਾਲਿਆਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਦੇ ਨਾਲ ਹੀ ਲੋਕਾਂ ਨੂੰ ਅਗਲੇ ਦਿਨ ਹੋਣ ਵਾਲੀ ਆਮ ਹੜਤਾਲ ਦੀ ਹਮਾਇਤ ਦੀ ਅਪੀਲ ਕੀਤੀ ਗਈ। ਜਲਸੇ ਦੌਰਾਨ ਹੀ ਏਟਕ ਦੇ ਸੂਬਾਈ ਪ੍ਰਧਾਨ ਕਾਜ਼ੀ ਮੁਹੰਮਦ ਮੁਸਤਫ਼ਾ ਵੀ ਪਹੁੰਚ ਗਏ ਜਿਹੜੇ ਕਿ ਸਖ਼ਤ ਬਿਮਾਰ ਸਨ ਅਤੇ ਉਨ੍ਹਾਂ ਜਲਸੇ ਦਾ ਸਮਾਪਤੀ ਭਾਸ਼ਣ ਦਿੱਤਾ।
ਇਸ ਦੌਰਾਨ ਆਪਣੀਆਂ ਸੰਭਾਵਿਤ ਗ੍ਰਿਫ਼ਤਾਰੀਆਂ ਦੇ ਮੱਦੇਨਜ਼ਰ ਭਾਵੇਂ ਸਰਗਰਮ ਕਾਰਕੁਨਾਂ ਨੇ ਵੱਖੋ-ਵੱਖਰੀਆਂ ਤੇ ਲੁਕਵੀਆਂ ਥਾਵਾਂ ਉੱਤੇ ਰਾਤ ਕੱਟਣ ਦਾ ਫ਼ੈਸਲਾ ਕੀਤਾ, ਪਰ ਫਿਰ ਵੀ ਪੁਲੀਸ ਨੇ ਸੀਆਈਡੀ ਦੀ ਮਦਦ ਨਾਲ ਰਾਤ ਨੂੰ ਵੱਖੋ-ਵੱਖ ਥਾਈਂ ਛਾਪੇ ਮਾਰ ਕੇ ਸੋਭੋ, ਹੰਗਲ ਤੇ ਕਾਰਵਾਨੀ ਨੂੰ ਗ੍ਰਿਫ਼ਤਾਰ ਕਰ ਕੇ ਥਾਣਾ ਸਦਰ ਵਿਚ ਬੰਦ ਕਰ ਦਿੱਤਾ। ਅਗਲੇ ਦਿਨ ਕਰਾਚੀ ਨੇ ਆਮ ਹੜਤਾਲ ਨੂੰ ਮੁਕੰਮਲ ਬੰਦ ਰਾਹੀਂ ਜ਼ੋਰਦਾਰ ਹੁੰਗਾਰਾ ਦਿੱਤਾ ਜਿਸ ਦੌਰਾਨ ਕਾਮਰੇਡ ਆਇਨਸ਼ੀ ਅਤੇ ਗੋਬਿੰਦ ਮੱਲ੍ਹੀ ਨੇ ਈਦਗਾਹ ਮੈਦਾਨ ਵਿਚ ਅੰਦੋਲਨ ਦਾ ਹੈੱਡਕੁਆਰਟਰ ਬਣਾ ਦਿੱਤਾ ਅਤੇ ਉੱਥੇ ਸੀਪੀਆਈ, ਆਈਐਨਸੀ ਅਤੇ ਐਮਐਲ ਦੇ ਝੰਡੇ ਲਹਿਰਾ ਦਿੱਤੇ। ਦਸ ਕੁ ਵਜੇ ਤੱਕ ਵੈਸਟ ਵ੍ਹਾਰਫ਼ ਦੇ ਕਾਮੇ ਗੁਲਾਬ ਭਗਵਾਨੀ ਦੀ ਅਗਵਾਈ ਹੇਠ ਈਦਗਾਹ ਮੈਦਾਨ ਪੁੱਜ ਗਏ। ਇਸੇ ਤਰ੍ਹਾਂ ਡੌਕਯਾਰਡ, ਟਰੈਮਾਂ, ਬੱਸਾਂ ਅਤੇ ਵੱਖੋ-ਵੱਖ ਫੈਕਟਰੀਆਂ ਦੇ ਮਜ਼ਦੂਰ ਵੀ ਆਪੋ-ਆਪਣੇ ਯੂਨੀਅਨ ਆਗੂਆਂ ਨਾਲ ਪੁੱਜਣ ਲੱਗੇ। ਇਸ ਦੌਰਾਨ ਸਈਦ ਮੰਜ਼ਿਲ ਤੋਂ ਲੈ ਕੇ ਡੋਅ ਮੈਡੀਕਲ ਕਾਲਜ ਅਤੇ ਡੀਜੇ ਕਾਲਜ ਤੋਂ ਰੈਨਚੋਰ ਲੇਨ ਤੱਕ ਤੋਂ ਵੱਡੀ ਗਿਣਤੀ ਵਿਚ ਪੁੱਜ ਰਹੇ ਕਾਮਿਆਂ ਨੂੰ ਰੋਕਣ ਲਈ ਪੁਲੀਸ ਤੇ ਫ਼ੌਜ ਦੀ ਕੋਈ ਪੇਸ਼ ਨਾ ਗਈ। ਈਦਗਾਹ ਮੈਦਾਨ ਵਿਚ ਡਟੇ ਅੰਦੋਲਨਕਾਰੀਆਂ ਨੇ ਪੁਲੀਸ ਅਤੇ ਫ਼ੌਜ ਦੀਆਂ ਚਿਤਾਵਨੀਆਂ ਤੇ ਧਮਕੀਆਂ ਨੂੰ ਨਜ਼ਰਅੰਦਾਜ਼ ਕਰਦਿਆਂ ਉੱਥੋਂ ਜਾਣ ਤੋਂ ਨਾਂਹ ਕਰ ਦਿੱਤੀ ਤਾਂ ਆਖ਼ਰ ਪ੍ਰਸ਼ਾਸਨ ਨੇ ਸਿੰਧ ਦੇ ਅਸੈਂਬਲੀ ਮੈਂਬਰ ਸਵਾਮੀ ਕ੍ਰਿਸ਼ਨਾ ਤੇ ਕਾਂਗਰਸ ਆਗੂ ਡਾ. ਤਾਰਾ ਚੰਦ ਨੂੰ ਇਕ ਪੁਲੀਸ ਵਾਹਨ ਵਿਚ ਉੱਥੇ ਲਿਆਂਦਾ। ਅੰਦੋਲਨਕਾਰੀਆਂ ਨੇ ਉਨ੍ਹਾਂ ਦੀਆਂ ਅਪੀਲਾਂ ਉੱਤੇ ਵੀ ਉੱਥੋਂ ਖਿੰਡ ਜਾਣ ਤੋਂ ਨਾਂਹ ਹੀ ਨਹੀਂ ਕੀਤੀ ਸਗੋਂ ਉਨ੍ਹਾਂ ਨੂੰ ਵੀ ਅੰਦੋਲਨ ਵਿਚ ਸ਼ਾਮਲ ਹੋਣ ਲਈ ਆਖਿਆ। ਇਸ ਤੋਂ ਬਾਅਦ ਮੁਸਲਿਮ ਲੀਗ ਦੇ ਆਗੂ ਮਹਿਮੂਦ ਹਾਰੂਨ ਨੂੰ ਵੀ ਇਸੇ ਤਰ੍ਹਾਂ ਪੁਲੀਸ ਵਾਹਨ ਵਿਚ ਲਿਆਂਦਾ ਗਿਆ ਪਰ ਲੋਕਾਂ ਨੇ ਉਨ੍ਹਾਂ ਦੀ ਵੀ ਸੁਣਨ ਤੋਂ ਨਾਂਹ ਕਰ ਦਿੱਤੀ।
ਹਾਲਾਤ ਕਾਬੂ ਹੇਠ ਨਾ ਆਉਣ ’ਤੇ ਸਿੰਧ ਦੇ ਮੁੱਖ ਮੰਤਰੀ ਸਰ ਗੁਲਾਮ ਹੁਸੈਨ ਹਿਦਾਇਤੁੱਲਾ ਦੀ ਬੇਨਤੀ ਉੱਤੇ ਜਮਸ਼ੇਦ ਮਹਿਤਾ, ਜਿਨ੍ਹਾਂ ਨੂੰ ਆਧੁਨਿਕ ਕਰਾਚੀ ਦੇ ਪਿਤਾਮਾ (ਬਾਬਾ-ਏ-ਕਰਾਚੀ) ਆਖਿਆ ਜਾਂਦਾ ਹੈ, ਅੰਦੋਲਨਕਾਰੀਆਂ ਨੂੰ ਮਨਾਉਣ ਲਈ ਪੁੱਜੇ ਅਤੇ ਇਤਿਹਾਸ ਵਿਚ ਪਹਿਲੀ ਵਾਰ ਲੋਕਾਂ ਨੇ ਜਮਸ਼ੇਦ ਮਹਿਤਾ ਦੀ ਗੱਲ ਸੁਣਨ ਤੋਂ ਵੀ ਨਾਂਹ ਕਰ ਦਿੱਤੀ ਅਤੇ ਉਲਟਾ ਲੋਕਾਂ ਦੇ ਭੜਕ ਪੈਣ ਕਾਰਨ ਪੁਲੀਸ ਨੂੰ ਉਨ੍ਹਾਂ ਨੂੰ ਬਚਾਅ ਕੇ ਉੱਥੋਂ ਕੱਢਣਾ ਪਿਆ। ਇਸ ਦੌਰਾਨ ਪੁਲੀਸ ਨੇ ਅੰਦੋਲਨ ਸਥਲ ਉੱਤੇ ਹਮਲਾ ਕਰ ਕੇ ਮੱਲ੍ਹੀ, ਆਇਨਸ਼ੀ ਅਤੇ ਗੁਲਾਬ ਭਗਵਾਨੀ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਨਾਲ ਹੀ ਝੰਡੇ ਲਾਹੁਣ ਦੀ ਕੋਸ਼ਿਸ਼ ਵੀ ਕੀਤੀ। ਇਸ ਤੋਂ ਲੋਕ ਵੀ ਰੋਹ ਵਿਚ ਆ ਗਏ ਅਤੇ ਉਨ੍ਹਾਂ ਪੁਲੀਸ ਉੱਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ। ਮੁਜ਼ਾਹਰਾਕਾਰੀਆਂ ਨੂੰ ਕਾਬੂ ਕਰਨ ਲਈ ਪੁਲੀਸ ਨੇ ਪਹਿਲਾਂ ਹੰਝੂ ਗੈਸ ਦੇ ਗੋਲੇ ਦਾਗੇ ਅਤੇ ਬਾਅਦ ਵਿਚ ਗੋਲੀਆਂ ਚਲਾ ਦਿੱਤੀਆਂ। ਦੂਜੇ ਪਾਸੇ ਗੁਆਂਢੀ ਘਰਾਂ ਵਿਚੋਂ ਔਰਤਾਂ ਨੇ ਗਿੱਲੇ ਕੱਪੜੇ ਬਾਹਰ ਸੁੱਟਣੇ ਸ਼ੁਰੂ ਕਰ ਦਿੱਤੇ ਤਾਂ ਕਿ ਹੰਝੂ ਗੈਸ ਦਾ ਅਸਰ ਘਟਾਇਆ ਜਾ ਸਕੇ। ਇੰਨਾ ਹੀ ਨਹੀਂ ਕੁਝ ਘਰਾਂ ਵਿਚੋਂ ਔਰਤਾਂ ਨੇ ਪੁਲੀਸ ਉੱਤੇ ਪੀਸੀਆਂ ਮਿਰਚਾਂ ਤੇ ਗਰਮ ਪਾਣੀ ਵੀ ਸੁੱਟਿਆ।
ਇਸ ਦੌਰਾਨ ਇਕ ਘੰਟੇ ਤੋਂ ਵੱਧ ਸਮਾਂ ਜਾਰੀ ਰਹੀ ਪੁਲੀਸ ਦੀ ਗੋਲੀਬਾਰੀ ਵਿਚ ਦਰਜਨ ਤੋਂ ਵੱਧ ਅੰਦੋਲਨਕਾਰੀ ਸ਼ਹੀਦ ਹੋ ਗਏ ਅਤੇ ਦਰਜਨਾਂ ਹੋਰ ਜ਼ਖ਼ਮੀ ਹੋ ਗਏ। ਅੰਦੋਲਨ ਦੇ ਪਹਿਲੇ ਦਿਨ ਪੁਲੀਸ ਗੋਲੀ ਨਾਲ ਸ਼ਹੀਦ ਹੋਣ ਵਾਲਾ ਪਹਿਲਾ ਆਮ ਨਾਗਰਿਕ ਹਸਨ ਅਲੀ ਸੋਡਾ-ਵਾਟਰਵਾਲਾ ਨਾਮੀ ਵਪਾਰੀ ਦਾ ਨੌਜਵਾਨ ਪੁੱਤਰ ਸੀ। ਫੜ ਕੇ ਥਾਣੇ ਵਿਚ ਬੰਦ ਕੀਤੇ ਗਏ ਕਾਮਰੇਡਾਂ ਨੂੰ ਪੁਲੀਸ ਦੇ ਵਾਇਰਲੈੱਸ ਸਿਸਟਮ ਉੱਤੇ ਆਉਣ ਵਾਲੇ ਸੁਨੇਹਿਆਂ ਤੋਂ ਪੁਲੀਸ ਦੀ ਸਖ਼ਤ ਕਾਰਵਾਈ ਬਾਰੇ ਪਤਾ ਲੱਗਾ ਜਿਸ ਮੁਤਾਬਿਕ ਆਮ ਲੋਕਾਂ ਤੇ ਪੁਲੀਸ ਦੀਆਂ ਝੜਪਾਂ ਸ਼ਾਮ 6 ਵਜੇ ਤੱਕ ਜਾਰੀ ਰਹੀਆਂ।
ਦੂਜੇ ਪਾਸੇ, ਮਾਰੇ ਗਏ ਅੰਦੋਲਨਕਾਰੀਆਂ ਦੀਆਂ ਲਾਸ਼ਾਂ ਅਤੇ ਜ਼ਖ਼ਮੀਆਂ ਨੂੰ ਬ੍ਰਿਟਿਸ਼ ਦਸਤੇ ਚੁੱਕ ਕੇ ਹਿੰਦੋਸਤਾਨ ਲੈ ਗਏ ਜਿਨ੍ਹਾਂ ਪਿੱਛੇ ਹਿਮਾਲਿਆ ਨਾਲ ਸਬੰਧਤ ਤਿੰਨ-ਚਾਰ ਸੌ ਜਵਾਨ ਵੀ ਜਲੂਸ ਦੀ ਸ਼ਕਲ ਵਿਚ ਜਾ ਰਹੇ ਸਨ। ਬਾਕੀ ਜਵਾਨਾਂ ਨੇ ਹਿਮਾਲਿਆ ਪੁੱਜਣ ਤੋਂ ਬਾਅਦ ਅਗਲੀ ਕਾਰਵਾਈ ਦੀ ਯੋਜਨਾ ਲਈ ਵਿਚਾਰਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਦੇ ਨਾਲ ਹੀ ਜਵਾਨਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਨਾਲ ਹੀ ਡੌਕ ਕਾਮੇ ਵੀ ਨਾਅਰੇ ਲਾਉਣ ਲੱਗੇ। ਇਸ ਤਰ੍ਹਾਂ ਜਵਾਨ ਤੇ ਕਾਮੇ ਉਸ ਵਕਤ ਲਗਾਤਾਰ ਦੋ ਘੰਟੇ ਨਾਅਰੇਬਾਜ਼ੀ ਕਰਦੇ ਰਹੇ, ਜਦੋਂ ਅੰਗਰੇਜ਼ ਫ਼ੌਜੀਆਂ ਨੇ ਉਨ੍ਹਾਂ ਉੱਤੇ ਬੰਦੂਕਾਂ ਤਾਣੀਆਂ ਹੋਈਆਂ ਸਨ। ਇਸ ਦੌਰਾਨ ਬਹੁਤ ਸਾਰੇ ਪੱਤਰਕਾਰ ਵੀ ਉੱਥੇ ਪੁੱਜ ਗਏ ਅਤੇ ‘ਸਿੰਧ ਆਬਜ਼ਰਵਰ’ ਦੇ ਪੱਤਰਕਾਰ ਨੇ ਜਵਾਨਾਂ ਨੂੰ ਦੱਸਿਆ ਕਿ ਪੱਤਰਕਾਰਾਂ ਦੀ ਹਿੰਦੋਸਤਾਨ ਵਿਚ ਪਹੁੰਚ ਬੰਦ ਕਰ ਦਿੱਤੀ ਗਈ ਹੈ ਜਿਸ ਕਾਰਨ ਮ੍ਰਿਤਕਾਂ ਅਤੇ ਜ਼ਖ਼ਮੀਆਂ ਦੀ ਸਹੀ ਗਿਣਤੀ ਦਾ ਪਤਾ ਨਹੀਂ ਲੱਗ ਸਕਿਆ।
ਸ਼ਾਮ 6.30 ਵਜੇ ਜਵਾਨਾਂ ਨੇ ਖੁੱਲ੍ਹੀ ਮੀਟਿੰਗ ਕੀਤੀ ਜਿਸ ਵਿਚ ਫ਼ੈਸਲਾ ਕੀਤਾ ਗਿਆ ਕਿ ਜੇ ਹਕੂਮਤ ਵੱਲੋਂ ਅੰਗਰੇਜ਼ ਫ਼ੌਜੀਆਂ ਨੂੰ ਵਾਪਸ ਨਹੀਂ ਸੱਦਿਆ ਜਾਂਦਾ ਤਾਂ ਉਹ ਬੇਮਿਆਦੀ ਭੁੱਖ ਹੜਤਾਲ ਸ਼ੁਰੂ ਕਰ ਦੇਣਗੇ। ਉਨ੍ਹਾਂ ਅਗਲੀ ਸਵੇਰ 9.30 ਤੋਂ 10 ਵਜੇ ਦਰਮਿਆਨ ਮੁੜ ਜੈਟੀ ’ਤੇ ਇਕੱਤਰ ਹੋਣ ਦਾ ਫ਼ੈਸਲਾ ਕੀਤਾ। ਉਨ੍ਹਾਂ ਰਾਤੀਂ 9 ਵਜੇ ਵੀ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਬਾਅਦ ਵਿਚ ਦੇਰ ਰਾਤ ਬ੍ਰਿਟਿਸ਼ ਕਮਾਂਡ ਨੇ ਭਾਰਤੀ ਜਵਾਨਾਂ ਨੂੰ ਅਲਟੀਮੇਟਮ ਜਾਰੀ ਕੀਤਾ ਕਿ ਜੇ ਉਨ੍ਹਾਂ ਅਗਲੀ ਸਵੇਰ 10 ਵਜੇ ਤੱਕ ਆਪਣਾ ਵਿਦਰੋਹ ਖ਼ਤਮ ਨਾ ਕੀਤਾ ਤਾਂ ਜਹਾਜ਼ਾਂ ਨੂੰ ਸਿੱਧੇ ਤੌਰ ’ਤੇ ਬੰਬਾਂ ਨਾਲ ਉਡਾ ਦਿੱਤਾ ਜਾਵੇਗਾ।
ਅਗਲੀ ਸਵੇਰ ਭਾਵ 22 ਫਰਵਰੀ ਨੂੰ ਚਮਕ ਦੇ ਸਾਰੇ ਜਵਾਨ ਸਵੇਰੇ 8.30 ਵਜੇ ਪਰੇਡ ਗਰਾਊਂਡ ਵਿਖੇ ਇਕੱਤਰ ਹੋਏ ਤਾਂ ਕਿ ਉਹ ਮਨੋਰਾ ਜੈਟੀ ਵੱਲ ਮਾਰਚ ਕਰਦਿਆਂ ਜਾ ਸਕਣ, ਜਦੋਂ ਉਨ੍ਹਾਂ ਦੇਖਿਆ ਕਿ ਹਿਮਾਲਿਆ ਦੇ ਜਵਾਨ ਉਨ੍ਹਾਂ ਵੱਲ ਭੱਜੇ ਆ ਰਹੇ ਸਨ। ਬਰਤਾਨਵੀ ਫ਼ੌਜ ਨੇ ਪਹਿਲਾਂ ਹੀ ਮਲਾਹਾਂ ਨੂੰ ਡਰਾ-ਧਮਕਾ ਕੇ ਭਜਾ ਦਿੱਤਾ ਸੀ ਕਿ ਜੋ ਕੋਈ ਵੀ ਹਿੰਦੋਸਤਾਨ ਦੇ ਕਰੀਬ ਇਕ ਮੀਲ ਦੇ ਘੇਰੇ ਵਿਚ ਆਵੇਗਾ, ਉਸ ਨੂੰ ਮਾਰ ਦਿੱਤਾ ਜਾਵੇਗਾ। ਸਵੇਰ ਵੇਲੇ ਚਮਕ ਦੇ ਸਾਰੇ ਅਫ਼ਸਰ ਹੜਤਾਲੀ ਜਵਾਨਾਂ ਕੋਲ ਪੁੱਜੇ ਅਤੇ ਕਮਾਂਡਿੰਗ ਅਫ਼ਸਰ ਨੇ ਆਪਣੇ ਸੰਖੇਪ ਭਾਸ਼ਣ ਵਿਚ ਐਲਾਨ ਕੀਤਾ ਕਿ ਜੇ ਅੰਦੋਲਨਕਾਰੀ ਜ਼ਾਬਤੇ ਦੀ ਪਾਲਣਾ ਕਰਦੇ ਹਨ ਤਾਂ ਬ੍ਰਿਟਿਸ਼ ਫ਼ੌਜ ਨੂੰ ਹਟਾ ਦਿੱਤਾ ਜਾਵੇਗਾ। ਬਾਅਦ ਵਿਚ ਉਸ ਨੇ ਜਵਾਨਾਂ ਦੇ ਨੁਮਾਇੰਦਿਆਂ ਨੂੰ ਸ਼ਹੀਦ ਹੋਏ ਜਵਾਨਾਂ ਦੀਆਂ ਆਖ਼ਰੀ ਰਸਮਾਂ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਦੇ ਦਿੱਤੀ। ਆਖ਼ਰੀ ਰਸਮਾਂ ਲਈ ਸੱਤ ਹਿੰਦੂ, ਚਾਰ ਮੁਸਲਿਮ ਅਤੇ ਤਿੰਨ ਸਿੱਖ ਜਵਾਨਾਂ ਦੀਆਂ ਲਾਸ਼ਾਂ ਸ਼ਹਿਰ ਦੇ ਦੂਜੇ ਪਾਸੇ ਲਿਆਂਦੀਆਂ ਗਈਆਂ, ਪਰ ਜਵਾਨਾਂ ਨੂੰ ਉਨ੍ਹਾਂ ਦੇ ਸ਼ਹੀਦ ਸਾਥੀਆਂ ਦੇ ਚਿਹਰੇ ਨਾ ਦੇਖਣ ਦਿੱਤੇ ਗਏ।
ਇਸ ਦੇ ਨਾਲ ਹੀ ਸੇਲਰ ਐਸੋਸੀਏਸ਼ਨ ਦੇ ਸਰਗਰਮ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜਿਨ੍ਹਾਂ ਵਿਚੋਂ ਤਿੰਨਾਂ ਦੇ ਨਾਂ ਸਨ: ਅਜਮੇਰ ਦੇ ਅਨਿਲ ਰਾਏ ਤੇ ਹੀਰਾ ਲਾਲ ਅਤੇ ਪੰਜਾਬ ਦਾ ਅਕਬਰ ਅਲੀ। ਬਾਅਦ ਵਿਚ ਜੂਨ ਦੇ ਦੂਜੇ ਹਫ਼ਤੇ ਦੌਰਾਨ ਕੋਰਟ ਮਾਰਸ਼ਲ ਦੇ ਹੁਕਮ ਵਾਪਸ ਲੈ ਲਏ ਗਏ। ਇਸ ਦੇ ਨਾਲ ਹੀ ਗ੍ਰਿਫ਼ਤਾਰ ਕੀਤੇ ਗਏ ਕਰਾਚੀ ਆਧਾਰਿਤ ਕਮਿਊਨਿਸਟ ਆਗੂਆਂ ਸੋਭੋ ਗਿਆਨਚੰਦਾਨੀ, ਏ.ਕੇ. ਹੰਗਲ ਤੇ ਪ੍ਰੋ. ਕਾਰਵਾਨੀ ਨੂੰ ਵੀ ਕੁਝ ਹਫ਼ਤਿਆਂ ਬਾਅਦ ਰਿਹਾਅ ਕਰ ਦਿੱਤਾ ਗਿਆ।
– ਮੇਨਸਟਰੀਮ ਦੇ ਧੰਨਵਾਦ ਸਹਿਤ