ਡਾ. ਫ਼ਕੀਰ ਚੰਦ ਸ਼ੁਕਲਾ
ਮੇਰੇ ਕਈ ਸਾਰੇ ਟੈਸਟ ਹੋਏ। ਐਕਸਰੇ, ਅਲਟਰਾਸਾਊਂਡ, ਬਾਇਓਪਸੀ…। ਟੈਸਟ ਕਰਵਾ-ਕਰਵਾ ਕੇ ਮੈਂ ਤਾਂ ਜਿਵੇਂ ਅੱਕ ਗਿਆ ਸੀ।
…ਤੇ ਹੁਣ ਡਾਕਟਰ ਦੇ ਲਾਗੇ ਪਈ ਕੁਰਸੀ ’ਤੇ ਬੈਠਾ ਮਨ ਹੀ ਮਨ ਡਰਦੇ ਹੋਏ ਸੋਚ ਰਿਹਾ ਸੀ ਕਿ ਪਤਾ ਨਹੀਂ ਹੁਣ ਡਾਕਟਰ ਕੀ ਦੱਸੇਗਾ।
ਡਾਕਟਰ ਕੁਝ ਦੇਰ ਮੇਰੀਆਂ ਰਿਪੋਰਟਾਂ ਪੜ੍ਹਦਾ ਰਿਹਾ ਤੇ ਫੇਰ ਮੇਰੇ ਵੱਲ ਵੇਖਦਿਆਂ ਹੌਲੀ ਅਵਾਜ਼ ’ਚ ਬੋਲਿਆ, ‘‘ਸੌਰੀ ਸਰ, ਥੋਡੀ ਰਿਪੋਰਟਾਂ ਤਾਂ ਠੀਕ ਨਹੀਂ ਹਨ… ਥੋਨੂੰ ਤਾਂ ਕੈਂਸਰ ਏ…।’’
ਇਹ ਸੁਣ ਕੇ ਮੇਰੇ ਪੈਰਾਂ ਥੱਲਿਓਂ ਤਾਂ ਜਿਵੇਂ ਜ਼ਮੀਨ ਖਿਸਕ ਗਈ ਸੀ। ਇੰਝ ਜਾਪ ਰਿਹਾ ਸੀ ਜਿਵੇਂ ਬਿਜਲੀ ਦਾ ਕਰੰਟ ਲੱਗ ਗਿਆ ਹੋਵੇ। ਪਰ ਡਾਕਟਰ ਹਾਲੇ ਵੀ ਬੋਲੀ ਜਾ ਰਿਹਾ ਸੀ- ‘‘ਘਬਰਾਉਣ ਦੀ ਲੋੜ ਨ੍ਹੀਂ। ਕੈਂਸਰ ਹੋਣਾ ਡਜ਼ ਨੌਟ ਮੀਨ ਐਂਡ ਆਫ ਲਾਈਫ (ਕੈਂਸਰ ਹੋਣਾ ਜ਼ਿੰਦਗੀ ਦਾ ਅੰਤ ਨਹੀਂ)। ਅੱਜਕਲ੍ਹ ਬਹੁਤ ਇਲਾਜ ਏ। ਤੁਸੀਂ ਛੇਤੀ ਈ ਠੀਕ ਹੋ ਜਾਵੋਗੇ।’’
ਪਰ ਮੈਂ ਤਾਂ ਜਿਵੇਂ ਕਿਤੇ ਹੋਰ ਹੀ ਗੁਆਚਿਆ ਹੋਇਆ ਸੀ। ਡਾਕਟਰ ਦੀਆਂ ਹੌਸਲਾ ਦੇਣ ਵਾਲੀਆਂ ਗੱਲਾਂ ਵੱਲ ਮੇਰਾ ਉੱਕਾ ਹੀ ਧਿਆਨ ਨਹੀਂ ਸੀ।
ਪਰ ਛੇਤੀ ਹੀ ਮੈਂ ਆਪਣੀ ਘਬਰਾਹਟ ’ਤੇ ਕਾਫ਼ੀ ਹੱਦ ਤੱਕ ਕਾਬੂ ਪਾ ਲਿਆ ਸੀ। ਮੈਂ ਮਨ ਹੀ ਮਨ ਸੋਚਿਆ ਸੀ ਕਿ ਇੰਝ ਡਰਣ ਜਾਂ ਘਬਰਾਉਣ ਨਾਲ ਤਾਂ ਗੱਲ ਨਹੀਂ ਬਣਨੀ। ਹਿੰਮਤ ਨਾਲ ਮੁਕਾਬਲਾ ਤਾਂ ਕਰਨਾ ਹੀ ਚਾਹੀਦਾ ਹੈ। ਇੰਝ ਢੇਰੀ ਢਾਹ ਕੇ ਤਾਂ ਹੋਰ ਵੀ ਨੁਕਸਾਨ ਹੋ ਸਕਦਾ।
…ਤੇ ਫੇਰ ਮੇਰਾ ਇਲਾਜ ਸ਼ੁਰੂ ਹੋ ਗਿਆ ਸੀ। ਡਾਕਟਰ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਇਲਾਜ ਲੰਮਾ ਚੱਲੇਗਾ।
ਭਾਵੇਂ ਮੈਂ ਆਪਣਾ ਮਨ ਕੈੜਾ ਕਰ ਲੈਂਦਾ, ਪਰ ਫੇਰ ਵੀ ਘਰ ’ਚ ਲੰਮੇ ਪਿਆਂ ਕਦੇ ਨਾ ਕਦੇ ਦਿਮਾਗ਼ ਵਿਚ ਮੁੜ ਡਰ ਪੈਦਾ ਹੋ ਜਾਂਦਾ, ਪਰ ਮੈਂ ਕਿਤਾਬਾਂ ਪੜ੍ਹ ਕੇ ਆਪਣਾ ਧਿਆਨ ਹੋਰ ਪਾਸੇ ਲਾਈ ਰੱਖਣ ਦੀ ਕੋਸ਼ਿਸ਼ ਕਰਦਾ ਰਹਿੰਦਾ।
ਇਕ ਦਿਨ ਮੇਰਾ ਇੱਕ ਪੁਰਾਣਾ ਦੋਸਤ ਅਮਰੀਕਾ ਤੋਂ ਮੈਨੂੰ ਮਿਲਣ ਲਈ ਆ ਗਿਆ। ਮੇਰੀ ਬਿਮਾਰੀ ਬਾਰੇ ਪਤਾ ਲੱਗਣ ’ਤੇ ਉਸ ਹੱਸਦਿਆਂ ਪੁੱਛਿਆ, ‘‘ਤੂੰ ਕਿੰਨੇ ਸਾਲ ਦਾ ਹੋ ਗਿਐਂ? ਮੇਰੇ ਜਿੰਨਾ ਹੀ ਹੋਵੇਗਾ 77 ਸਾਲ ਦਾ!’’
ਮੇਰੇ ‘ਹਾਂ’ ਕਹਿਣ ’ਤੇ ਉਸ ਨੇ ਮੁਸਕਰਾਉਂਦਿਆਂ ਕਿਹਾ, ‘‘ਫੇਰ ਘਬਰਾਉਂਦਾ ਕਿਉਂ ਏਂ… ਬਥੇਰੀ ਉਮਰ ਭੋਗ ਲੀ…।’’
ਉਸ ਦੇ ਇੰਝ ਕਹਿਣ ’ਤੇ ਮੈਨੂੰ ਬੜੀ ਹੈਰਾਨੀ ਹੋਈ ਸੀ। ਇਹ ਕਿਸ ਤਰ੍ਹਾਂ ਦਾ ਮੇਰਾ ਦੋਸਤ ਹੈ। ਕੀ ਬੋਲੀ ਜਾ ਰਿਹਾ ਹੈ।
ਪਰ ਅਗਲੇ ਹੀ ਪਲ ਉਸ ਇਕਦਮ ਗੰਭੀਰ ਹੋ ਕੇ ਕਿਹਾ, ‘‘ਮੁਆਫ਼ ਕਰੀਂ ਯਾਰ, ਮੈਂ ਤਾਂ ਉਂਜ ਈ ਮਜ਼ਾਕ ਕਰ ਰਿਹਾ ਸੀ। ਹਿੰਮਤ ਰੱਖ… ਤੈਨੂੰ ਕੁਝ ਨੀ ਹੋਣ ਲੱਗਿਆ। ਨਾਲੇ ਅੱਜਕੱਲ੍ਹ ਤਾਂ ਬਥੇਰਾ ਕਾਰਗਰ ਇਲਾਜ ਏ। ਛੇਤੀ ਠੀਕ ਹੋ ਜਾਵੇਂਗਾ।’’
ਕੁਝ ਪਲ ਚੁੱਪ ਰਹਿਣ ਮਗਰੋਂ ਉਸ ਮੇਰਾ ਮੋਬਾਈਲ ਚੁੱਕਦਿਆਂ ਕਿਹਾ, ‘‘ਤੂੰ ਚੰਗਾ ਬੰਦੈਂ, ਕਿਸੇ ਨੂੰ ਦੱਸਿਆ ਤੱਕ ਨੀ। ਯਾਰਾਂ-ਦੋਸਤਾਂ ਨੂੰ ਪਤਾ ਕਿਵੇਂ ਲੱਗੇਗਾ।’’
‘‘ਏਹਦੇ ’ਚ ਦੱਸਣ ਆਲੀ ਕਿਹੜੀ ਗੱਲ ਆ? ਨਾਲੇ ਕਿਸੇ ਨੂੰ ਦੱਸ ਕੇ ਕੀ ਲੈਣੈ!’’
ਪਰ ਉਸ ਮੈਥੋਂ ਮੇਰੇ ਮੋਬਾਈਲ ਦਾ ਲੌਕ ਖੁਲ੍ਹਵਾ ਕੇ ਮੇਰੇ ਫੇਸਬੁੱਕ ’ਤੇ ਸੂਚਨਾ ਪਾ ਦਿੱਤੀ, ‘‘ਦੋਸਤੋ, ਮੈਂ ਕੈਂਸਰ ਹੋਣ ਕਰਕੇ ਜ਼ੇਰੇ ਇਲਾਜ ਆਂ।’’
ਯਕੀਨ ਕਰਿਓ, ਫੇਸਬੁੱਕ ’ਤੇ ਇਹ ਸੂਚਨਾ ਪਾਉਣ ਤੋਂ ਥੋੜ੍ਹੀ ਦੇਰ ਮਗਰੋਂ ਹੀ ਧੜਾ-ਧੜਾ ਸੰਦੇਸ਼ ਆਉਣ ਲੱਗੇ ਸਨ। ਲਗਭਗ ਸਾਰਿਆਂ ਨੇ ਇੱਕੋ ਜਿਹਾ ਫਿਕਰਾ ਲਿਖਿਆ ਹੋਇਆ ਸੀ- ‘ਗੈੱਟ ਵੈਲ ਸੂਨ’ ਯਾਨੀ ‘ਛੇਤੀ ਤੰਦਰੁਸਤ ਹੋ ਜਾ’।
ਮੈਨੂੰ ਤਾਂ ਇੰਝ ਜਾਪ ਰਿਹਾ ਸੀ ਜਿਵੇਂ ਮੈਂ ਬਜ਼ਾਰੋਂ ਕੁਝ ਖਰੀਦ ਕੇ ਲਿਆਉਣਾ ਹੋਵੇ ਤੇ ਮੈਨੂੰ ਫਟਾਫਟ ਖਰੀਦ ਕੇ ਲਿਆਉਣ ਦੀ ਤਾਕੀਦ ਕੀਤੀ ਜਾ ਰਹੀ ਹੋਵੇ।
ਕਈ ਜਣਿਆਂ ਨੇ ਮੇਰੇ ਕੈਂਸਰ ਬਾਰੇ ਦੱਸਣ ਦੀ ਸੂਚਨਾ ਨੂੰ ‘ਲਾਈਕ’ ਵੀ ਕੀਤਾ ਹੋਇਆ ਸੀ। ਵੇਖ ਕੇ ਹੈਰਾਨੀ ਹੋਈ ਸੀ ਕਿ ਇਨ੍ਹਾਂ ਭੱਦਰਪੁਰਸ਼ਾਂ ਨੇ ਮੈਨੂੰ ਕੈਂਸਰ ਹੋਣ ਦਾ ਪਤਾ ਲੱਗਣ ਨੂੰ ‘ਪਸੰਦ’ ਕੀਤਾ ਸੀ।
ਰਾਤ ਤੱਕ ਮੇਰੇ ਮੋਬਾਈਲ ਤੇ ਬੇਸ਼ੁਮਾਰ ਸੁਨੇਹੇ ਆ ਚੁੱਕੇ ਸਨ। ਸਾਰਿਆਂ ਦਾ ਇੱਕੋ ਵਿਸ਼ਾ ਸੀ- ‘ਗੈੱਟ ਵੈੱਲ ਸੂਨ’। ਮੈਂ ਭੇਜਣ ਵਾਲਿਆਂ ਦੇ ਸੁਨੇਹੇ ਪੜ੍ਹੀ ਜਾ ਰਿਹਾ ਸੀ।
ਪਰ ਦੋ-ਤਿੰਨ ਸੁਨੇਹੇ ਪੜ੍ਹ ਕੇ ਮੇਰੇ ਜਿਵੇਂ ਹੌਲ ਜਿਹਾ ਪੈ ਗਿਆ ਸੀ। ਮੇਰੇ ਦੋ-ਤਿੰਨ ਕਰੀਬੀ ਦੋਸਤਾਂ ਵੱਲੋਂ ਵੀ ‘ਗੈੱਟ ਵੈੱਲ ਸੂਨ’ ਦਾ ਹੀ ਸੁਨੇਹਾ ਭੇਜਿਆ ਹੋਇਆ ਸੀ। ਕਮਾਲ ਏ। ਇਨ੍ਹਾਂ ਬੰਦਿਆਂ ਨਾਲ ਤਾਂ ਮੈਂ ਜਿਵੇਂ ਆਪਣਾ ਨਹੁੰ-ਮਾਸ ਦਾ ਰਿਸ਼ਤਾ ਸਮਝਦਾ ਸੀ। ਇਨ੍ਹਾਂ ’ਚੋਂ ਇੱਕ ਜਣੇ ਦਾ ਐਕਸੀਡੈਂਟ ਹੋਣ ਮਗਰੋਂ ਮੈਂ ਪੂਰੇ ਦਸ ਦਿਨ ਯੂਨੀਵਰਸਿਟੀ ਤੋਂ ਛੁੱਟੀ ਲੈ ਕੇ ਇਸ ਦੀ ਦੇਖਭਾਲ ਲਈ ਹਸਪਤਾਲ ਵਿੱਚ ਹੀ ਰਿਹਾ ਸੀ ਕਿਉਂਕਿ ਇਸ ਦੀ ਪਤਨੀ ਗਠੀਏ ਦੇ ਦਰਦ ਕਰਕੇ ਬਹੁਤੀ ਨੱਠ-ਭੱਜ ਨਹੀਂ ਕਰ ਸਕਦੀ ਸੀ।
ਮੇਰੇ ਮਨ ਵਿੱਚ ਤਾਂ ਵਾਰ-ਵਾਰ ਇਹੋ ਖਿਆਲ ਆ ਰਿਹਾ ਸੀ ਕਿ ਮੇਰੀ ਬਿਮਾਰੀ ਬਾਰੇ ਪਤਾ ਲੱਗਣ ’ਤੇ ਮੇਰੇ ਇਹ ‘ਖ਼ਾਸ ਦੋਸਤ’ ਹਨੇਰੀ ਵਾਂਗ ਮੇਰੀ ਖ਼ਬਰ ਲੈਣ ਮੇਰੇ ਕੋਲ ਭੱਜੇ ਆਉਣਗੇ, ਪਰ ਮੇਰੇ ਘਰ ਆਉਣਾ ਤਾਂ ਇੱਕ ਪਾਸੇ ਰਿਹਾ ਕਿਸੇ ਨੇ ਅੱਜ ਤੱਕ ਇੱਕ ਵਾਰੀ ਵੀ ਫੋਨ ਤੱਕ ਨਹੀਂ ਕੀਤਾ ਜਦੋਂਕਿ ਮੇਰਾ ਇਲਾਜ ਹੁੰਦਿਆਂ ਹੁਣ ਡੇਢ ਸਾਲ ਹੋ ਗਿਆ ਹੈ ਤੇ ਮੈਂ ਬਿਲਕੁਲ ਠੀਕ ਮਹਿਸੂਸ ਕਰ ਰਿਹਾ ਹਾਂ। ਭਾਵੇਂ ਹਾਲੇ ਇਲਾਜ ਹੋਰ ਵੀ ਚੱਲਣਾ ਹੈ।
ਇਨ੍ਹਾਂ ਦੋਸਤਾਂ ਦੀ ਤਾਂ ਗੱਲ ਹੀ ਛੱਡੋ, ਮੇਰੇ ਘਰ ਦੇ ਨੇੜੇ ਤੇੜੇ ਰਹਿਣ ਵਾਲੇ ਵਾਕਫ਼ ਬੰਦਿਆਂ ਨੇ ਵੀ ਮੋਬਾਈਲ ’ਤੇ ਹੀ ਮੈਨੂੰ ਸੁਨੇਹਾ ਭੇਜ ਕੇ ਜਿਵੇਂ ਆਪਣਾ ਭਾਰ ਲਾਹ ਦਿੱਤਾ ਸੀ।
ਅਕਸਰ ਮੈਂ ਸੋਚਦਾ ਰਹਿੰਦਾ ਹਾਂ ਕਿ ਹੁਣ ਤਾਂ ਮੈਂ ਪਰਮਾਤਮਾ ਦੀ ਮਿਹਰ ਸਦਕਾ ਠੀਕ ਹੋ ਗਿਆ ਹਾਂ, ਪਰ ਜੇ ਕਿਤੇ ਪਰਲੋਕ ਸਿਧਾਰ ਜਾਂਦਾ ਤਾਂ ਮੇਰੇ ਇਨ੍ਹਾਂ ਸਾਰੇ ਸ਼ੁਭਚਿੰਤਕਾਂ ਨੇ ਤਾਂ ‘ਆਰ.ਆਈ.ਪੀ.’ ਯਾਨੀ ਰੈਸਟ ਇਨ ਪੀਸ (ਪਰਮਾਤਮਾ ਆਤਮਾ ਨੂੰ ਸ਼ਾਂਤੀ ਬਖਸ਼ੇ) ਦੇ ਸੁਨੇਹੇ ਭੇਜ-ਭੇਜ ਕੇ ਮੇਰੇ ਮੋਬਾਈਲ ਨੂੰ ਅਫਰੇਵਾਂ ਕਰ ਦੇਣਾ ਸੀ।
ਫੇਸਬੁੱਕ ’ਤੇ ਮੇਰੇ ਬੇਸ਼ੁਮਾਰ ਲੇਖਕ ਅਤੇ ਵਿਗਿਆਨੀ ਦੋਸਤ ਹਨ, ਪਰ ਵਿਦੇਸ਼ ਵਿਚ ਰਹਿਣ ਵਾਲੇ ਦੋ-ਤਿੰਨ ਦੋਸਤਾਂ ਤੋਂ ਇਲਾਵਾ ਕਿਸੇ ਨੇ ਵੀ ਫੋਨ ਕਰਨ ਦੀ ਜ਼ਹਿਮਤ ਨਹੀਂ ਕੀਤੀ।
ਕਮਾਲ ਦੀ ਚੀਜ਼ ਏ ਮੋਬਾਈਲ ਵੀ। ਸੱਚਮੁੱਚ ਹੀ ਇੱਕ ਵਿੱਲਖਣ ਕਾਢ ਹੈ। ਦੋ ਪਲਾਂ ’ਚ ਹੀ ਤੁਸੀਂ ਸੁਖ-ਦੁਖ ਦਾ ਸੁਨੇਹਾ ਭੇਜ ਕੇ ਆਪਣੀ ਜ਼ਿੰਮੇਵਾਰੀ ਤੋਂ ਸੁਰਖਰੂ ਹੋ ਜਾਂਦੇ ਹੋ। …ਤੇ ‘ਗੈੱਟ ਵੈੱਲ ਸੂਨ’ ਜਾਂ ‘ਰੈਸਟ ਇਨ ਪੀਸ’ ਲਿਖ ਕੇ ਛੇਤੀ ਹੀ ਤੁਹਾਡੇ ਭਾਈਚਾਰੇ ਦਾ ਭਾਰ ਲੱਥ ਜਾਂਦਾ ਹੈ।
ਭਾਵੇਂ ਕਰੋਨਾ ਦੇ ਡਰ ਕਰਕੇ ਅੱਜਕੱਲ੍ਹ ਤੁਸੀਂ ਨਾ ਤਾਂ ਕਿਸੇ ਨੂੰ ਮਿਲਣ ਜਾ ਸਕਦੇ ਹੋ ਤੇ ਨਾ ਹੀ ਕਿਸੇ ਦੇ ਦੁਖ-ਸੁਖ ਵਿਚ ਸ਼ਰੀਕ ਹੋ ਸਕਦੇ ਹੋ। ਪਰ ਮੋਬਾਈਲ ਨੇ ਤਾਂ ਬਹੁਤ ਪਹਿਲਾਂ ਹੀ ਲੋਕਾਂ ਨੂੰ ਇੱਕ-ਦੂਜੇ ਤੋਂ ਦੂਰ ਰਹਿ ਕੇ ਇਕ ਸੁਨੇਹਾ ਭੇਜ ਕੇ ਖਾਨਾਪੂਰਤੀ ਕਰਨੀ ਸਿਖਾ ਦਿੱਤੀ ਸੀ।
ਕੈਂਸਰ ਤੋਂ ਠੀਕ ਹੋਣ ਮਗਰੋਂ ਵੀ ਮੈਂ ਆਪਣੀ ਫੇਸਬੁੱਕ ’ਤੇ ਇਕ ਪੋਸਟ ਪਾਈ ਸੀ ਕਿ ਹੁਣ ਮੈਂ ਠੀਕ ਹਾਂ। ਪਰ ਇਹ ਸੂਚਨਾ ਪੜ੍ਹ ਕੇ ਕਿਸੇ ਇਕ ਜਣੇ ਨੇ ਵੀ ਕੋਈ ਸੰਦੇਸ਼ ਨਹੀਂ ਭੇਜਿਆ ਸੀ। ਮੇਰੇ ਮਨ ਵਿੱਚ ਹਾਲੇ ਵੀ ਕਦੇ-ਕਦੇ ਇਹ ਖਿਆਲ ਘੁੰਮੀ ਜਾਂਦਾ ਹੈ ਕਿ ਕਾਸ਼ ਕੋਈ ਇਹ ਲਿਖ ਭੇਜਦਾ ਕਿ ‘ਐੱਲ ਆਈ ਪੀ’ ਯਾਨੀ ਲਿਵ ਇਨ ਪੀਸ (ਸ਼ਾਂਤੀ ਨਾਲ ਰਹਿ), ਪਰ ਨਹੀਂ ਇੰਝ ਲਿਖਣ ਨਾਲ ਉਨ੍ਹਾਂ ਦਾ ‘ਆਧੁਨਿਕ ਜ਼ਿੰਮੇਵਾਰੀ’ ਦਾ ਭਾਰ ਨਹੀਂ ਲੱਥਣਾ ਸੀ।
ਸੰਪਰਕ: 98153-59222