ਸੁਖਵੀਰ
ਕਲਾ ਨੂੰ ਰੂਪ ਦੇਣ, ਨਿਖਾਰਨ, ਬਣਤਰ ’ਚ ਲਿਆਉਣ ਤੋਂ ਪਹਿਲਾਂ ਕਲਾਕਾਰ ਕਿਹੜੇ-ਕਿਹੜੇ ਰਾਹਾਂ ਤੋਂ ਲੰਘਦਾ ਹੈ? ਕਲਾ ਕਲਾਕਾਰ ਨੂੰ ਕਿਵੇਂ ਲੱਭਦੀ ਹੋਵੇਗੀ? ਕੀ ਕਲਾ ਸਮਾਂ, ਸਹਿਜ ਤੇ ਸਬਰ ਮੰਗਦੀ ਹੈ ਜਾਂ ਇਕਦਮ ਪ੍ਰਗਟ ਹੋ ਜਾਂਦੀ ਹੈ? ਕਲਾ ਜਦੋਂ ਸਮੁੱਚਾ ਰੂਪ ਲੈਂਦੀ ਹੈ ਤਾਂ ਕਲਾਕਾਰ ਤੋਂ ਵੱਡੀ ਕਿਵੇਂ ਹੋ ਜਾਂਦੀ ਹੈ?
ਮਨੁੱਖ ਮਰ ਜਾਂਦਾ ਹੈ, ਪਰ ਕਲਾ ਸਦੀਵੀਂ ਜਿਉਂਦੀ ਹੈ। ਪੋਲੈਂਡ ਦੇ ਬਰੂਨੋ ਸ਼ੁਲਜ਼ ਦਾ ਵਿਲੱਖਣ ਤੇ ਮਨਮੌਜੀ ਗਲਪ ਅਦਭੁੱਤ ਤੇ ਇਸ਼ਕੀਆ ਕਹਾਣੀਆਂ ਬਿਆਨ ਕਰਦਾ ਹੈ ਜੋ ਉਸ ਦੀ ਸਵੈ-ਜੀਵਨੀ ਹੈ। ਕਹਾਣੀਆਂ ਲਿਖਣ ਸਮੇਂ ਪੋਲੈਂਡ ਨਾਜ਼ੀ ਹਮਲੇ ਦੀ ਮਾਰ ਹੇਠ ਸੀ। ਕਹਾਣੀਆਂ ’ਚ ਬਿਨਾਂ ਕਿਸੇ ਤਾਨਾਸ਼ਾਹ ਦਾ ਨਾਮ ਲਏ ਲੋਕਾਂ ਦੇ ਦੱਬੇ ਸੁਪਨਿਆਂ, ਮਾਨਸਿਕ ਬੋਝ, ਵੀਹਵੀਂ ਸਦੀ ਦੀ ਕਰੂਰ ਸੱਚਾਈ ਅਤੇ ਸਿਆਸੀ ਸਾਜ਼ਿਸ਼ਾਂ ਦਾ ਪਰਦਾਫਾਸ਼ ਕੀਤਾ ਗਿਆ ਹੈ। ਸ਼ੁਲਜ਼ ਆਪਣੀਆਂ ਲਿਖਤਾਂ ਵਿਚ ਅਸੀਮ ਖੁੱਲ੍ਹ ਮਾਣਦਾ ਹੈ ਜੋ ਸਭ ਤਰ੍ਹਾਂ ਦੀਆਂ ਬੰਦਿਸ਼ਾਂ, ਤਰਕੀਬਾਂ ਤੇ ਦਲੀਲਾਂ ਤੋਂ ਮੁਕਤ ਹੈ।
ਪੋਲੈਂਡ ਕਈ ਹਮਲਿਆਂ ਦੇ ਸਨਮੁੱਖ ਰਿਹਾ ਤੇ ਤਕਰੀਬਨ 40 ਵਾਰ ਆਜ਼ਾਦੀ ਲਈ ਲੜਿਆ। ਜਰਮਨੀ ਦੇ ਤਾਨਾਸ਼ਾਹ ਹਿਟਲਰ ਨੇ ਪੋਲੈਂਡ ਦੀ 70 ਫ਼ੀਸਦੀ ਧਰਤੀ ’ਤੇ ਕਬਜ਼ਾ ਕਰ ਲਿਆ ਤੇ ਲੱਖਾਂ ਲੋਕਾਂ ਨੂੰ ਜ਼ਹਿਰੀਲੀ ਗੈਸ ਵਾਲੇ ਕਮਰਿਆਂ ’ਚ ਕੈਦ ਕਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੀ। ਤੜਫ਼-ਤੜਫ਼ ਕੇ ਮਰਨ ਤੋਂ ਪਹਿਲਾਂ ਲੋਕ ਕੰਧਾਂ ’ਤੇ ਨਹੁੰਦਰਾਂ ਮਾਰਦੇ ਸਨ ਜਿਨ੍ਹਾਂ ਦੇ ਨਿਸ਼ਾਨ ਅੱਜ ਵੀ ਔਸ਼ਵਿਚਜ਼ ਵਿਚ ਮਿਲਦੇ ਹਨ। ਲਬਲਿਨ ਸ਼ਹਿਰ ’ਚ ਲੋਕਾਂ ਦੀ ਸੁਆਹ ਦੀ ਇਕ ਛੋਟੀ ਜਿਹੀ ਪਹਾੜੀ ਬਣ ਗਈ ਸੀ। ਉਸ ਸਮੇਂ ਕੁਝ ਵੀ ਕਰਨ ਦੀ ਸਖ਼ਤ ਮਨਾਹੀ ਸੀ, ਪਰ ਕਲਾਤਮਿਕ ਗਤੀਵਿਧੀ ਖ਼ਤਮ ਨਾ ਹੋ ਸਕੀ।
ਦੂਜੀ ਆਲਮੀ ਜੰਗ ਦੌਰਾਨ ਜਦੋਂ ਸ਼ੁਲਜ਼ ਦੇ ਪਿੰਡ ਡਰੋਹੋਬਿਚ ਉੱਤੇ ਹਮਲਾ ਹੋਇਆ ਤਾਂ ਤਸੀਹਾ ਕੇਂਦਰ ਦੇ ਇਕ ਅਧਿਕਾਰੀ ਫੀਲਿਕਸ ਲੰਡਾਉ ਨੇ ਉਸ ਨੂੰ ਆਪਣੇ ਘਰ ਰੱਖ ਲਿਆ ਅਤੇ ਆਪਣੇ ਬੱਚੇ ਲਈ ਕੰਧ-ਚਿੱਤਰ ਬਣਵਾਉਂਦਾ ਰਿਹਾ। ਲੰਡਾਉ ਨੇ ਇਕ ਯਹੂਦੀ ਨੂੰ ਮਾਰਿਆ ਸੀ ਜਿਸ ਦੀ ਕਾਰਲ ਗੁੰਤਰ ਤਰਫ਼ਦਾਰੀ ਕਰਦਾ ਸੀ। ਸ਼ੁਲਜ਼ ਬਰੈੱਡ ਲੈ ਕੇ ਘਰ ਪਰਤ ਰਿਹਾ ਸੀ ਜਦੋਂ ਗੁੰਤਰ ਨੇ ਸ਼ੁਲਜ਼ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਕੁਝ ਸਮੇਂ ਬਾਅਦ ਸ਼ੁਲਜ਼ ਦੇ ਇਕ ਵਿਦਿਆਰਥੀ ਨੇ ਉਸ ਨੂੰ ਦੇਖਿਆ ਤਾਂ ਮਰੇ ਸ਼ੁਲਜ਼ ਕੋਲੋਂ ਆਪਣੇ ਕੰਬਦੇ ਹੱਥਾਂ ਨਾਲ ਬਰੈੱਡ ਚੁੱਕ ਕੇ ਭੱਜ ਗਿਆ।
ਜੂਲਸ ਡੀ ਗੁੱਤਯੇ ਅਨੁਸਾਰ ਕਲਪਨਾ ਇਕ ਅਜਿਹਾ ਹਥਿਆਰ ਹੈ ਜੋ ਯੁੱਧ ਵਿਚ ਸੱਚ ਦੇ ਵਿਰੁੱਧ ਲੜਦੀ ਹੈ। ਸ਼ੁਲਜ਼ ਨੇ ਕਹਾਣੀ ਲਿਖਣ ਦੇ ਰਵਾਇਤੀ ਢੰਗ ਨੂੰ ਤੋੜਿਆ। ਉਹ ਅਕਸਰ ਸਾਧਾਰਨ ਚੀਜ਼ਾਂ ਨੂੰ ਅਸਾਧਾਰਨ ਬਣਾ ਦਿੰਦਾ, ਨਿਰਜੀਵ ਚੀਜ਼ਾਂ ਨੂੰ ਜੀਵਿਤ ਕਰ ਦਿੰਦਾ ਤੇ ਜੀਵਿਤ ਚੀਜ਼ਾਂ ਉਸ ਨੂੰ ਮਰੀਆਂ ਜਾਪਦੀਆਂ। ਰੇਲਗੱਡੀ ਉਸ ਨੂੰ ਸੱਪ ਵਰਗੀ ਲੱਗਦੀ, ਘਰ ਦੇ ਖੂੰਝੇ ਤੇ ਬੰਦ ਖਿੜਕੀਆਂ ਨੇਤਰਹੀਣ, ਹਮਲੇ ਝੱਖੜ ਵਾਂਗ, ਇਕ ਪਾਗ਼ਲ ਕੁੜੀ ਦੀ ਮਾਂ ਭੁਰਭੁਰੇ ਬਿਸਕੁਟ ਵਾਂਗ ਅਤੇ ਬਿਮਾਰ ਭਰਾ ਉਸ ਨੂੰ ਰਬੜ ਦੀ ਟਿਊਬ ਵਰਗਾ ਲੱਗਦਾ। ਇਕ ਛੋਟੇ ਜਿਹੇ ਕੁੱਤੇ ਦਾ ਨਾਮ ਉਸ ਨੇ ‘ਨਿਮਰੋਦ’ ਰੱਖਦਾ ਹੈ। ਨਿਮਰੋਦ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਸ ਨੇ ਕਦੇ ਮਾਨਵੀ ਸੱਭਿਅਤਾ ਦੀ ਸਿਰਜਣਾ ਕੀਤੀ ਸੀ।
ਸ਼ੁਲਜ਼ ਦੀਆਂ ਲਿਖਤਾਂ ਅਸਲੀਅਤ ਅਤੇ ਸਾਡੀਆਂ ਉਨ੍ਹਾਂ ਆਦਤਾਂ ’ਤੇ ਸ਼ੰਕਾ ਪ੍ਰਗਟਾਉਂਦੀਆਂ ਹਨ ਜਿਨ੍ਹਾਂ ਸਦਕਾ ਅਸੀਂ ਜੋ ਕੁਝ ਵੀ ਦੇਖਦੇ ਸੁਣਦੇ ਹਾਂ, ਸੱਚ ਮੰਨ ਲੈਂਦੇ ਹਾਂ। ਸ਼ੁਲਜ਼ ਕਦੇ ਸਪਸ਼ਟੀਕਰਨ ਨਹੀਂ ਦਿੰਦਾ, ਨਾ ਵਿਆਖਿਆ ਕਰਦਾ ਤੇ ਨਾ ਹੀ ਅੰਤਿਮ ਸਿੱਟਾ ਕੱਢਦਾ ਹੈ। ਉਹ ਆਪਣੇ ਪਿਤਾ ਦੀ ਸੱਤਾ ਨੂੰ ਵੀ ਚੁਣੌਤੀ ਦਿੰਦਾ ਹੈ। ਆਰਥਰ ਮਿੱਲਰ ਆਪਣੇ ਇਕ ਨਾਟਕ ‘ਸਭ ਮੇਰੇ ਪੁੱਤਰਾਂ ਲਈ’ ਵਿਚ ਇਹ ਸੋਚਣ ਲਈ ਮਜਬੂਰ ਕਰਦਾ ਹੈ ਕਿ ਤੁਸੀਂ ਕੀ ਕਰੋਗੇ ਜੇ ਤੁਹਾਡਾ ਬਾਪ ਤੁਹਾਨੂੰ ਆਪਣੇ ਖ਼ੂਨੀ ਹੱਥਾਂ ਦਾ ਪੈਸਾ ਖੁਆਏ?
ਫਰਾਂਸ ਦੇ ਜਾਦੂਈ ਯਥਾਰਥਵਾਦ ਦੇ ਪ੍ਰਸਿੱਧ ਲੇਖਕ ਫਰਾਂਜ਼ ਕਾਫ਼ਕਾ ਦੀ ਕਹਾਣੀ ‘ਰੂਪਾਂਤਰਨ’ ਵਿਚ ਗਰੇਗਰ ਸਮਸਾ ਇਕ ਦਿਨ ਸਵੇਰੇ ਉੱਠ ਕੇ ਦੇਖਦਾ ਹੈ ਕਿ ਉਹ ਇਕ ਵਿਸ਼ਾਲ ਕੀੜੇ ’ਚ ਪਰਿਵਰਤਿਤ ਹੋ ਗਿਆ ਜਿਸ ਦੀਆਂ ਅਣਗਿਣਤ ਤੇ ਬੇਕਾਬੂ ਟੰਗਾਂ ਕਿਸੇ ਵੀ ਦਿਸ਼ਾ ’ਚ ਜਾਣੋਂ ਨਹੀਂ ਰੁਕਦੀਆਂ। ਕਾਫ਼ਕਾ ਦੀ ਬਦਲਵੇਂ ਢੰਗ ਨਾਲ ਵਾਸਤਵਿਕਤਾ ਨੂੰ ਸਿਰਜਣ ਦੀ ਵਿਧੀ ਨਿਵੇਕਲੀ ਹੈ। ਪਰ ਫਿਲਿਪ ਰੋਥ, ਸ਼ੁਲਜ਼ ਨੂੰ ਕਾਫ਼ਕਾ ਤੋਂ ਵੱਡਾ ਕਹਾਣੀਕਾਰ ਮੰਨਦਾ ਹੈ। ਸ਼ੁਲਜ਼, ਕਾਫ਼ਕਾ ਵਾਲੀ ਜੁਗਤ ‘ਕਾਕਰੋਚ’ ਵਿਚ ਵਰਤਦਾ ਹੈ ਜਿਸ ਵਿਚ ਉਸ ਦਾ ਪਿਤਾ (ਜੈਕਬ) ਕਾਕਰੋਚ ਬਣ ਜਾਂਦਾ ਹੈ, ਭੁੱਖ ਨਾਲ ਉਸ ਦੀਆਂ ਪਸਲੀਆਂ ਬਾਹਰ ਆ ਜਾਂਦੀਆਂ ਹਨ। ਇਕ ਵਾਰ ਉਹ ਮੋਮਬੱਤੀ ਲੈ ਕੇ ਜ਼ਮੀਨ ’ਤੇ ਮੂਧੇ-ਮੂੰਹ ਪੈ ਜਾਂਦਾ ਹੈ, ਉਹਨੂੰ ਇਹ ਵਹਿਮ ਪਿਆ ਕਿ ਨਫ਼ਰਤ ਨੇ ਉਸ ਨੂੰ ਦਬੋਚ ਲਿਆ।
ਜੈਕਬ ਦਾ ਕਾਵਿਮਈ ਵਿਦਰੋਹ ‘ਪੰਖੇਰੂ’ ਨਾਮ ਦੀ ਕਹਾਣੀ ਵਿਚ ਦਰਜ ਕੀਤਾ ਗਿਆ ਹੈ। ਜੈਕਬ ਜਾਦੂਗਰ ਵਾਂਗ ਸ਼ਾਨਦਾਰ ਰੰਗ-ਬਿਰੰਗੇ ਪੰਛੀਆਂ ਨੂੰ ਸੰਗਠਿਤ ਕਰਦਾ ਤੇ ਸਭ ਰੰਗਾਂ ਦੀਆਂ ਪ੍ਰਜਾਤੀਆਂ ਨੂੰ ਮੁੜ ਉਭਾਰਦਾ ਹੈ ਤਾਂ ਕਿ ਆਪਣੇ ਅਕੇਵੇਂ ਨੂੰ ਦੂਰ ਕਰ ਸਕੇ। ਹਵਾ ਵਿਚ ਪੰਛੀਆਂ ਦੀ ਉਡਾਣ ਉਸ ਦੀ ਬੇਲਗ਼ਾਮ, ਬੇਕਾਬੂ ਕਲਪਨਾ ਨੂੰ ਪ੍ਰਗਟਾਉਂਦੀ ਹੈ।
ਪੰਦਰਾਂ ਕੁ ਸਾਲਾਂ ਦਾ ਸ਼ੁਲਜ਼ ਆਪਣੀ ਮਾਂ ਨਾਲ ਬਾਜ਼ਾਰ ਜਾਂਦਾ ਹੈਤਾਂ ਸ਼ਹਿਰ ਉਸ ਨੂੰ ਆਲ੍ਹਣੇ ਵਾਂਗ ਅਤੇ ਖਿੜਕੀਆਂ ਘੂਕ ਸੁੱਤੀਆਂ ਜਾਪਦੀਆਂ ਹਨ। ਖ਼ੁਦ ਦੇ ਟੁੱਟੇ ਪਰਛਾਵਿਆਂ ਨਾਲ ਉਹ ਅੱਗੇ ਤੁਰਦੇ ਹਨ ਜਿੱਥੇ ਧੂੰਏਂ ਨਾਲ ਕਾਲੇ, ਬਿਨਾਂ ਛੱਤਾਂ ਦੇ ਅਣਕੱਜੇ ਘਰ ਡੁੱਬ ਰਹੇ ਹੁੰਦੇ ਹਨ। ਜ਼ਿੰਦਗੀ ਦੇ ਉਦਾਸ ਦਿਨਾਂ ’ਚ ਸੂਰਜਮੁਖੀ ਦੇ ਵਿਸ਼ਾਲ ਫੁੱਲ ਆਪਣੇ ਹੀ ਫਿੱਕੇ ਰੰਗ ਅਤੇ ਸੋਗ ਦੇ ਭਿਆਨਕ ਭਾਰ ਹੇਠ ਆ ਰਹੇ ਜਾਪਦੇ। ਨਾਲ ਦੇ ਸ਼ਹਿਰ ਦੇ ਬੇਮਿਸਾਲ, ਪਰ ਮੱਧਮ ਤੇ ਬੇਵੱਸ ਫੁੱਲ ਆਪਣੇ ਗੁਲਾਬੀ ਤੇ ਚਿੱਟੇ ਸਟਾਰਚ ਦੇ ਹੇਰ-ਫੇਰ ਦੇ ਇੰਤਜ਼ਾਰ ’ਚ ਖੜ੍ਹੇ, ਸੂਰਜਮੁਖੀ ਦੇ ਦੁਖਾਂਤ ਤੋਂ ਬੇਪਰਵਾਹ ਜਾਪਦੇ। ਦੂਜੇ ਪਾਸੇ ਦੁਖੀ ਬਗੀਚਾ ਖ਼ਾਮੋਸ਼ ਸੌਂ ਰਿਹਾ ਤੇ ਮੱਖੀਆਂ ਨਾਲ ਗੂੰਜ ਰਿਹਾ ਲੱਗਦਾ ਅਤੇ ਕੀੜੇ-ਮਕੌੜੇ ਅੱਗ ਦੀ ਵਰਖ਼ਾ ’ਚ ਕੂਕਾਂ ਮਾਰਦੇ ਲੱਗਦੇ।
ਸ਼ੁਲਜ਼ ਆਪਣੀ ਮਾਂ ਨਾਲ ਗੱਲ ਕਰਨ ਬੈਠਕ ’ਚ ਜਾਂਦਾ ਹੈ। ਦਰਾਜ਼ ਉੱਤੇ ਪਏ ਗੁਲਦਾਨ ’ਚ ਮੋਰ ਦੇ ਖੰਭਾਂ ਦੇ ਗੁੱਛੇ ਤੋਂ ਬਿਨਾਂ ਕਮਰੇ ’ਚ ਹੋਰ ਕੁਝ ਵੀ ਹਰਕਤ ਨਹੀਂ ਕਰ ਰਿਹਾ। ਮੋਰ ਦੇ ਖੰਭ ਘਾਤਕ ਨੇ, ਬਗ਼ਾਵਤ ਛੁਪਾ ਕੇ ਬੈਠੇ, ਸਕੂਲ ਦੀਆਂ ਸ਼ਰਾਰਤੀ ਵਿਦਿਆਰਥਣਾਂ ਵਾਂਗ, ਜੋ ਸਿਆਣੀਆਂ ਬਣਨ ਦਾ ਦਿਖਾਵਾ ਕਰਦੀਆਂ, ਪਰ ਜਦੋਂ ਕੋਈ ਨਹੀਂ ਦੇਖਦਾ ਤਾਂ ਇੱਲਤਾਂ ਕਰਦੀਆਂ ਸਨ। ਖੰਭ ਆਪਣੀ ਘੁਸਰ-ਮੁਸਰ ਨਾਲ ਕਮਰੇ ਨੂੰ ਭਰ ਦਿੰਦੇ ਅਤੇ ਬਹੁਤ ਸਾਰੇ ਹਥਿਆਰਬੰਦ ਲੈਂਪ ਦੁਆਲੇ ਤਿੱਤਲੀਆਂ ਵਾਂਗ ਬਿਖਰ ਜਾਂਦੇ। ਖੰਭਾਂ ਦੀ ਅੱਖਾਂ ਇੰਝ ਘੂਰਦੀਆਂ ਦਿਸਦੀਆਂ ਜਿਵੇਂ ਦੀਵਾਰ ’ਚ ਛੇਕ ਕਰ ਦੇਣਗੀਆਂ। ਖੰਭ ਕਦੇ ਅੱਖਾਂ ਝਮਕਾਉਂਦੇ, ਕਦੇ ਪਲਕਾਂ ਫੜਫੜਾਉਂਦੇ ਤੇ ਕਦੇ ਆਪਣੀ ਹੀ ਮਸਤੀ ’ਚ ਹੱਸਦੇ ਜਾਪਦੇ। ਲੇਖਕ ਆਪਣੀ ਮਾਂ ਨੂੰ ਪੁੱਛਦਾ ਹੈ, ‘‘ਕੀ ਇਹ ਗਿਰਝ ਮੇਰਾ ਪਿਤਾ ਹੈ?’’ ਮਾਂ ਭੈਅਭੀਤ ਹੋ ਕੇ ਥਰਥਰਾਉਂਦਿਆਂ ਕਹਿਣ ਲੱਗੀ, ‘‘ਕਾਕਰੋਚਾਂ ਬਾਰੇ ਉਸ ਨੇ ਜੋ ਸੁਣਿਆ ਸਭ ਸੱਚ ਹੈ।’’
ਘਰ ਦਾ ਮੁਖੀ ਜੈਕਬ ਆਪਣੀ ਮਾਨਸਿਕ ਸਥਿਤੀ ਨਾਲ ਜੂਝਦਾ ਅਤੇ ਜੀਵਨ ’ਤੇ ਮੌਤ ਵਿਚਕਾਰ ਜਿਉਂਦਾ ਸੀ। ਉਹ ਕਲਾਕਾਰ ਬਣਨਾ ਚਾਹੁੰਦਾ ਸੀ, ਪਰ ਅਸਫ਼ਲ ਹੋ ਕੇ ਕੱਪੜਿਆਂ ਦਾ ਵਪਾਰੀ ਬਣ ਗਿਆ। ਓਟੋ ਰੈਂਕ ਅਨੁਸਾਰ ਕਲਾਕਾਰ ਨੂੰ ਖ਼ਤਾਵਾਰ ਹੋਣ ਦੀ ਭਾਵਨਾ ਨੂੰ ਛੱਡਣਾ ਅਤੇ ਸੱਚ ਦਾ ਸਾਹਮਣਾ ਕਰਨ ਦੀ ਹਿੰਮਤ ਕਰਨੀ ਜ਼ਰੂਰੀ ਹੈ ਕਿਉਂਕਿ ਅਜਿਹੀ ਭਾਵਨਾ ਮੁਸ਼ਕਿਲਾਂ ਤੋਂ ਉੱਪਰ ਨਹੀਂ ਉੱਠਣ ਦਿੰਦੀ। ਅਣਵਰਤੀ ਪਈ ਸਾਡੀ ਰਚਨਾਤਮਿਕ ਯੋਗਤਾ ਸਾਨੂੰ ਅੰਦਰੋਂ-ਅੰਦਰ ਵਿਆਕੁਲ ਕਰਦੀ ਹੈ। ਨਵੀਂ ਕਲਾ ਸਿਰਜਣ ਲਈ ਕਲਾਕਾਰ ਨੂੰ ਪਹਿਲਾਂ ਤੋਂ ਸਥਾਪਿਤ ਵਿਚਾਰਧਾਰਾਵਾਂ ਨਾਲ ਜੱਦੋਜਹਿਦ ਕਰਨੀ ਪੈਂਦੀ ਅਤੇ ਸੱਚ ਤੇ ਖ਼ੁਦ ਦੀ ਰਚਨਾ ’ਤੇ ਸੁਆਲ ਕਰਨਾ ਪੈਂਦਾ ਹੈ।
ਈ-ਮੇਲ: veerandsukh@gmail.com