ਪ੍ਰਿੰ. ਸਰਵਣ ਸਿੰਘ
ਨਿਕੋਲਾਈ ਆਂਦਰੀਆਨੋਵ ਵੀਹਵੀਂ ਸਦੀ ਦਾ ਸਰਬੋਤਮ ਜਿਮਨਾਸਟ ਸੀ। ਬਚਪਨ ਵਿੱਚ ਉਹ ਵਿਗੜਿਆ ਬੱਚਾ ਸੀ। ਵਧੀਆ ਕੋਚ ਮਿਲ ਜਾਣ ਨਾਲ ਵਿਗੜਿਆ ਬੱਚਾ ਜਿਮਨਾਸਟਿਕਸ ਦਾ ਜਾਦੂਗਰ ਬਣ ਗਿਆ। ਉਹਦੀਆਂ ਕਲਾਬਾਜ਼ੀਆਂ ਲੰਗੂਰਾਂ ਨੂੰ ਵੀ ਮਾਤ ਪਾਉਣ ਲੱਗੀਆਂ। ਕਲਾਬਾਜ਼ੀਆਂ ਦਾ ਉਹ ਕੌਤਕੀ ਕਲਾਕਾਰ ਸੀ। ਮੌਂਟਰੀਅਲ ਦੀਆਂ ਓਲੰਪਿਕ ਖੇਡਾਂ ਦਾ ਹੀਰੋ। ਉੱਥੇ ਉਸ ਨੇ 7 ਤਗ਼ਮੇ ਜਿੱਤੇ। ਓਲੰਪਿਕ ਖੇਡਾਂ ਵਿੱਚੋਂ ਸਿਰਫ਼ ਸੱਤ ਹੀ ਨਹੀਂ, ਪੂਰੇ ਪੰਦਰਾਂ ਤਗ਼ਮੇ ਜਿੱਤੇ ਜਿਨ੍ਹਾਂ ਵਿੱਚੋਂ 7 ਸੋਨੇ, 5 ਚਾਂਦੀ, 3 ਤਾਂਬੇ ਦੇ ਸਨ। ਪੁਰਸ਼ਾਂ ਵਿੱਚੋਂ ਪੰਦਰਾਂ ਮੈਡਲ ਜਿੱਤਣ ਦਾ ਉਹਦਾ ਓਲੰਪਿਕ ਰਿਕਾਰਡ 1980 ਤੋਂ 2008 ਤੱਕ ਕਾਇਮ ਰਿਹਾ। 48 ਸਾਲਾਂ ਬਾਅਦ ਬੀਜਿੰਗ ਦੀਆਂ ਓਲੰਪਿਕ ਖੇਡਾਂ ਸਮੇਂ ਉਹਦਾ ਰਿਕਾਰਡ ਅਮਰੀਕਾ ਦਾ ‘ਫਲਾਈਂਗ ਤੈਰਾਕ ਮਾਈਕਲ ਫੈਲਪਸ’ ਹੀ ਤੋੜ ਸਕਿਆ। ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਉਹਦਾ ਨਾਂ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਗਿਆ ਤੇ ਉਹਦੀ ਤਸਵੀਰ ਓਲੰਪਿਕ ਖੇਡਾਂ ਦੇ ਜਿਮਨਾਸਟਿਕ ਹਾਲ ਆਫ਼ ਫੇਮ ਵਿੱਚ ਲਾਈ ਗਈ। ਸੋਵੀਅਤ ਰੂਸ ਨੇ ਉਸ ਨੂੰ ਅਨੇਕਾਂ ਐਵਾਰਡਾਂ ਨਾਲ ਸਨਮਾਨਿਆ ਜਿਨ੍ਹਾਂ ਵਿੱਚ ਸਿਖਰਲਾ ਐਵਾਰਡ ‘ਆਰਡਰ ਆਫ਼ ਲੈਨਿਨ’ ਵੀ ਸ਼ਾਮਲ ਹੈ।
ਉਹਦਾ ਜਨਮ 14 ਅਕਤੂਬਰ 1952 ਨੂੰ ਸਾਧਾਰਨ ਮਾਪਿਆਂ ਦੇ ਘਰ ਮਾਸਕੋ ਤੋਂ 180 ਕਿਲੋਮੀਟਰ ਪੂਰਬ ਵੱਲ ਵਲਾਦੀਮੀਰ ਸ਼ਹਿਰ ਵਿੱਚ ਹੋਇਆ। ਵਲਾਦੀਮੀਰ ਸੋਵੀਅਤ ਰੂਸ ਦਾ ਸੁੰਦਰ ਗਿਰਜਿਆਂ ਵਾਲਾ ਪੁਰਾਤਨ ਸ਼ਹਿਰ ਹੈ ਜਿਸ ਦੀ ਆਬਾਦੀ ਹੁਣ 4 ਲੱਖ ਦੇ ਕਰੀਬ ਹੈ। ਉਹ ਚਾਰ ਭੈਣ ਭਾਈ ਸਨ ਜਿਨ੍ਹਾਂ ਨੂੰ ਬਾਪ ਬਚਪਨ ਵਿੱਚ ਹੀ ਵਿਗੋਚਾ ਦੇ ਗਿਆ। ਚਾਰ ਬੱਚਿਆਂ ਦੀ ਅਭਾਗੀ ਮਾਂ ਸਿਰ ਪਰਿਵਾਰ ਦਾ ਸਾਰਾ ਬੋਝ ਆਣ ਪਿਆ। ਮਾਂ ਨੇ ਜੁਆਕਾਂ ਨੂੰ ਮਸੀਂ ਪਾਲਿਆ ਸੰਭਾਲਿਆ। ਨਿਕੋਲਾਈ ਆਂਦਰੀਆਨੋਵ ਦਾ ਬਚਪਨ ਬੜੀਆਂ ਮੁਸ਼ਕਲਾਂ ਵਿੱਚ ਬੀਤਿਆ। ਨਾ ਚੱਜ ਦਾ ਖਾਣ ਪੀਣ ਨਾ ਰਹਿਣ ਸਹਿਣ। ਮਾਂ ਨੇ ਸਕੂਲੇ ਪੜ੍ਹਨੇ ਪਾਇਆ ਤਾਂ ਉਹ ਸਕੂਲੋਂ ਟਿੱਭ ਜਾਂਦਾ। ਘਰ ਪਰਤਣ ਦੀ ਥਾਂ ਲਾਗੇ ਵਗਦੀ ਕਲਾਈਜ਼ਮਾ ਨਦੀ ਵਿੱਚੋਂ ਮੱਛੀਆਂ ਫੜਨ ਜਾ ਬਹਿੰਦਾ। ਸਕੂਲੋਂ ਉਲਾਂਭੇ ਆਉਂਦੇ ਰਹਿੰਦੇ। ਉਦੋਂ ਕੋਈ ਸੋਚ ਨਹੀਂ ਸੀ ਸਕਦਾ ਕਿ ਪਿਉ ਵਿਹੂਣਾ ਇਹ ਇੱਲਤੀ ਬੱਚਾ ਕਦੇ ਸੁਧਰ ਵੀ ਸਕੂ ਜਾਂ ਚਾਰ ਅੱਖਰ ਪੜ੍ਹ ਵੀ ਸਕੂ। ਪਰ ਹੋਇਆ ਉਹੀ ਜੋ ਕਿਸੇ ਦੇ ਖ਼ਾਬ ਖਿਆਲ ਵਿੱਚ ਵੀ ਨਹੀਂ ਸੀ। ਵੱਡਾ ਹੋ ਕੇ ਉਹ ਜਿਮਨਾਸਟਿਕਸ ਦੇ ਅੰਬਰ ਦਾ ਧਰੂ ਤਾਰਾ ਬਣਿਆ ਤੇ ਉਹਦੇ ਨਾਂ ਦੀਆਂ ਧੁੰਮਾਂ ਕੁਲ ਆਲਮ ਵਿੱਚ ਪਈਆਂ।
ਬਦਕਿਸਮਤੀ ਦੀ ਗੱਲ ਇਹ ਹੋਈ ਕਿ ਉਹ ਲੰਮੀ ਉਮਰ ਨਾ ਜਿਉਂ ਸਕਿਆ। 21 ਮਾਰਚ 2011 ਨੂੰ ਕੇਵਲ 58 ਸਾਲ ਦੀ ਉਮਰ ਵਿੱਚ ਆਪਣੇ ਜਨਮ ਸਥਾਨ ਵਲਾਦੀਮੀਰ ਵਿਖੇ ਸਦੀਵੀ ਵਿਛੋੜਾ ਦੇ ਗਿਆ। ਪਿੱਛੇ ਪਤਨੀ ਤੇ ਦੋ ਪੁੱਤਰ ਛੱਡ ਗਿਆ। ਉਸ ਦੀ ਪਤਨੀ ਲਿਓਬੋਵ ਬੁਰਦਾ ਵੀ ਦੋ ਵਾਰ ਓਲੰਪਿਕ ਖੇਡਾਂ ਦੀ ਚੈਂਪੀਅਨ ਬਣੀ ਸੀ। ਦੋਵੇਂ ਜਣੇ ਸੋਵੀਅਤ ਰੂਸ ਦੀ ਜਿਮਨਾਸਟਿਕਸ ਟੀਮ ਵਿੱਚ ਸ਼ਾਮਲ ਸਨ। ਦੋਵੇਂ ਜਿਮਨਾਸਟਿਕਸ ਕਰਦਿਆਂ ਇੱਕ ਦੂਜੇ ਵੱਲ ਖਿੱਚੇ ਗਏ ਸਨ। ਉਨ੍ਹਾਂ ਦਾ ਕੋਚ ਹੀ ਵਿਚੋਲਾ ਬਣ ਗਿਆ ਸੀ। 1973 ਵਿੱਚ ਉਨ੍ਹਾਂ ਦੀ ਲਵ ਮੈਰਿਜ ਹੋ ਗਈ।। ਬਾਅਦ ਵਿੱਚ ਉਹ ਵੀ ਜਿਮਨਾਸਟਿਕਸ ਦੇ ਕੋਚ ਬਣੇ। ਪਹਿਲਾਂ ਉਹ ਸੋਵੀਅਤ ਰੂਸ ਦੇ ਜਿਮਨਾਸਟਾਂ ਨੂੰ ਕੋਚਿੰਗ ਦਿੰਦੇ ਰਹੇ, ਫਿਰ ਜਪਾਨ ਦੇ ਜਿਮਨਾਸਟਾਂ ਨੂੰ। ਲਗਭਗ ਦਸ ਸਾਲ ਜਪਾਨ ਵਿੱਚ ਕੋਚਿੰਗ ਦੇ ਕੇ 2002 ਵਿੱਚ ਮੁੜ ਵਲਾਦੀਮੀਰ ਮੁੜ ਆਏ ਅਤੇ ਉਸੇ ਨਦੀ ‘ਚੋਂ ਮੱਛੀਆਂ ਫੜਨ ਦਾ ਸ਼ੌਕ ਪਾਲਣ ਲੱਗੇ ਜਿੱਥੇ ਆਂਦਰੀਆਨੋਵ ਸਕੂਲੋਂ ਦੌੜ ਜਾਂਦਾ ਸੀ। ਪਹਿਲਾਂ ਜਿਸ ਸਕੂਲੋਂ ਉਲਾਂਭੇ ਮਿਲਦੇ ਸਨ, ਫਿਰ ਉਸੇ ਸਕੂਲ ਵੱਲੋਂ ਪ੍ਰਸ਼ੰਸਾ ਮਿਲਣ ਲੱਗ ਪਈ ਅਖੇ ਆਂਦਰੀਆਨੋਵ ਸਾਡੇ ਸਕੂਲ ਦਾ ਮਾਣ ਸੀ! ਜਦੋਂ ਉਸ ਦੀ ਮੌਤ ਹੋਈ ਤਾਂ ਉਹ ਵਲਾਦੀਮੀਰ ਦੇ ਇੱਕ ਜਿਮਨੇਜ਼ੀਅਮ ਦਾ ਡਾਇਰੈਕਟਰ ਸੀ। ਉਹਦਾ ਕੱਦ 5 ਫੁੱਟ 6 ਇੰਚ ਸੀ ਤੇ ਵਜ਼ਨ 60 ਕਿਲੋਗ੍ਰਾਮ। ਗੋਰਾ ਨਿਸ਼ੋਹ ਰੰਗ, ਤਿੱਖਾ ਨੱਕ, ਗੁੰਦਵਾਂ ਜੁੱਸਾ ਤੇ ਭੂਰੇ ਸੁਨਹਿਰੀ ਵਾਲ। ਐਸਾ ਦਰਸ਼ਨੀ ਜੁਆਨ ਸੀ ਜਿਵੇਂ ਕਾਦਰ ਨੇ ਵਿਹਲੇ ਬਹਿ ਕੇ ਘੜਿਆ ਹੋਵੇ। ਵੇਖਿਆਂ ਭੁੱਖ ਲਹਿੰਦੀ ਸੀ।
ਚੱਲਦੇ ਜੀਵਨ ਵਿੱਚ ਕਈ ਵਾਰ ਅਜਬ ਮੋੜ ਆ ਜਾਂਦੇ ਹਨ। ਸਿਰੇ ਦੇ ਅਵੈੜੇ ਬੱਚੇ ਮਿਸਾਲੀ ਇਨਸਾਨ ਬਣ ਜਾਂਦੇ ਹਨ। ਜਿਨ੍ਹਾਂ ਦਿਨਾਂ ਵਿੱਚ ਆਂਦਰੀਆਨੋਵ ਪੁੱਠੇ ਰਾਹ ਪਿਆ ਸੀ, ਜ਼ੇਨਕਾ ਸਕਰਲੋਵ ਨਾਂ ਦਾ ਇੱਕ ਵਿਦਿਆਰਥੀ ਉਸ ਦਾ ਦੋਸਤ ਬਣ ਗਿਆ ਸੀ। ਆਂਦਰੀਆਕੋਵ ਉਸ ਨੂੰ ਵੀ ਵਿਗਾੜਨ ਦੀ ਕੋਸ਼ਿਸ਼ ਕਰਦਾ ਸੀ, ਪਰ ਸਕਰਲੋਵ ਉਸ ਨੂੰ ਸੁਧਾਰਨ ਦੀ। ਦੋਵੇਂ ਦੋਸਤ ‘ਕੱਠੇ ਨਦੀ ਨ੍ਹਾਉਣ ਜਾਂਦੇ ਤੇ ਮੱਛੀਆਂ ਫੜਦੇ। ਸੁਧਾਰ ਉਦੋਂ ਹੋਇਆ ਜਦੋਂ ਸਕਰਲੋਵ ਸਪੋਰਟਸ ਸਕੂਲ ਵਿੱਚ ਪੜ੍ਹਨ ਲੱਗ ਪਿਆ ਤੇ ਜਿਮਨਾਸਟਿਕਸ ਦੇ ਕੋਚ ਨਿਕੋਲਾਈ ਟੋਲਕਾਚੋਵ ਤੋਂ ਜਿਮਨਾਸਟਿਕਸ ਸਿੱਖਣ ਲੱਗ ਪਿਆ। ਕੋਚ ਨੇ ਉਸ ਨੂੰ ਕਿਹਾ ਕਿ ਉਹ ਆਪਣੇ ਦੋਸਤ ਨਿਕੋਲਾਈ ਨੂੰ ਵੀ ਨਾਲ ਲਿਆਵੇ। ਆਂਦਰੀਆਨੋਵ ਜਿਮਨਾਸਟਿਕਸ ਕਰਨੋ ਟਾਲ਼ਾ ਵੱਟਦਾ ਰਿਹਾ। ਅਖ਼ੀਰ ਸਕਰਲੋਵ, ਆਂਦਰੀਆਨੋਵ ਨੂੰ ਕੋਚ ਕੋਲ ਲਿਆਉਣ ਵਿੱਚ ਕਾਮਯਾਬ ਹੋ ਗਿਆ। ਮਹੀਨੇ ਕੁ ਦੀ ਟ੍ਰੇਨਿੰਗ ਮਗਰੋਂ ਉਹ ਫਿਰ ਭੱਜ ਗਿਆ। ਨਦੀ ਵਿੱਚੋਂ ਮੱਛੀਆਂ ਫੜਦੇ ਨੂੰ ਫਿਰ ਕੋਚ ਕੋਲ ਲਿਆਂਦਾ ਗਿਆ ਤਾਂ ਕੋਚ ਨੇ ਐਸੀ ਮੱਤ ਦਿੱਤੀ ਕਿ ਉਹ ਆਪਣੇ ਹਾਣੀਆਂ ਨਾਲੋਂ ਬਿਹਤਰ ਜਿਮਨਾਸਟਿਕਸ ਕਰਨ ਲੱਗ ਪਿਆ ਅਤੇ ਸਕੂਲੀ ਪੱਧਰ ‘ਤੇ ਜਿੱਤਾਂ ਜਿੱਤਣ ਲੱਗ ਪਿਆ। ਕੋਚ ਨੇ ਉਸ ਨੂੰ ਸਕੂਲੀ ਪੜ੍ਹਾਈ ਵਿੱਚ ਵੀ ਰੈਗੂਲਰ ਰੱਖਿਆ। ਇੰਜ ਸੁਹਿਰਦ ਕੋਚ ਟੋਲਕਾਚੋਵ, ਨਿਕੋਲਾਈ ਆਂਦਰੀਆਨੋਵ ਲਈ ਮਸੀਹਾ ਸਾਬਤ ਹੋਇਆ।
ਜਦੋਂ ਉਹ ਸਤਾਰਾਂ ਸਾਲਾਂ ਦਾ ਹੋਇਆ ਤਾਂ ਸੋਵੀਅਤ ਰੂਸ ਦੀ ਯੂਥ ਟੀਮ ਵਿੱਚ ਚੁਣਿਆ ਗਿਆ ਅਤੇ ਅਗਲੇ ਸਾਲ ਸੀਨੀਅਰ ਨੈਸ਼ਨਲ ਟੀਮ ਵਿੱਚ ਆ ਗਿਆ। 1971 ਵਿੱਚ ਮੈਡਰਿਡ ਦੀ ਯੂਰਪੀ ਚੈਂਪੀਅਨਸ਼ਿਪ ‘ਚੋਂ ਆਂਦਰੀਆਨੋਵ ਨੇ 6 ਮੈਡਲ ਜਿੱਤੇ ਜਿਸ ਨਾਲ ਉਹਦੀ ਸਾਰੇ ਯੂਰਪ ਵਿੱਚ ਧੰਨ ਧੰਨ ਹੋ ਗਈ। ਅਪਰੈਲ 1972 ਵਿੱਚ ਜਦੋਂ ਆਂਦਰੀਆਨੋਵ ਸੋਵੀਅਤ ਰੂਸ ਦਾ ਓਵਰਆਲ ਚੈਂਪੀਅਨ ਬਣਿਆ ਤਾਂ ਉਸ ਤੋਂ ਪਹਿਲਾਂ ਸੋਵੀਅਤ ਰੂਸ ਦੇ ਮਿਖਾਇਲ ਵੋਰੋਨਿਨ ਦੀ ਗੁੱਡੀ ਚੜ੍ਹੀ ਹੋਈ ਸੀ। ਆਂਦਰੀਆਨੋਵ ਜਿੱਤ ਮੰਚ ‘ਤੇ ਚੜ੍ਹਿਆ ਤਾਂ ਵੋਰੋਨਿਨ ਨੇ ਨਵੇਂ ਚੈਂਪੀਅਨ ਦੀ ਉਸਤਤ ਕਰਦਿਆਂ ਕਿਹਾ ਸੀ, ”ਆਂਦਰੀਆਨੋਵ ਸਾਡੇ ਨਾਲੋਂ ਕਿਤੇ ਵਧੀਆ ਜਿਮਨਾਸਟ ਹੈ ਜੋ ਸੋਵੀਅਤ ਰੂਸ ਲਈ ਲੰਮਾ ਸਮਾਂ ਜਿੱਤਾਂ ਜਿੱਤੇਗਾ। ਉਹ ਸੋਵੀਅਤ ਰੂਸ ਦਾ ਹੀਰਾ ਸਾਬਤ ਹੋਵੇਗਾ। ਮੈਂ ਉਸ ਦੇ ਚੰਗੇਰੇ ਭਵਿੱਖ ਦੀ ਕਾਮਨਾ ਕਰਦਾ ਹਾਂ।” ਆਪਣੇ ਸਮੇਂ ਦੇ ਚੈਂਪੀਅਨ ਖਿਡਾਰੀ ਇੰਜ ਹੀ ਭਵਿੱਖ ਦੇ ਚੈਂਪੀਅਨਾਂ ਲਈ ਸ਼ੁਭ ਕਾਮਨਾਵਾਂ ਪ੍ਰਗਟ ਕਰਦੇ ਹਨ।
1970ਵਿਆਂ ਦਾ ਦਹਾਕਾ ਨਿਕੋਲਾਈ ਲਈ ਵੱਡੇ ਮਾਅਰਕੇ ਮਾਰਨ ਵਾਲਾ ਸਾਬਤ ਹੋਇਆ। ਇਸ ਦੌਰਾਨ ਸੋਵੀਅਤ ਰੂਸ ਦੇ ਕੱਪਾਂ, ਸੋਵੀਅਤ ਰੂਸ ਚੈਂਪੀਅਨਸ਼ਿਪਾਂ, ਯੂਰਪੀ ਚੈਂਪੀਅਨਸ਼ਿਪਾਂ, ਵਰਲਡ ਚੈਂਪੀਅਨਸ਼ਿਪਾਂ ਤੇ ਓਲੰਪਿਕ ਖੇਡਾਂ ਵਿੱਚ ਉਹਦੀ ਗੁੱਡੀ ਅਸਮਾਨੇ ਚੜ੍ਹੀ ਰਹੀ। 1972, 1976 ਤੇ 1980 ਦੀਆਂ ਓਲੰਪਿਕ ਖੇਡਾਂ ‘ਚੋਂ ਉਸ ਨੇ ਕ੍ਰਮਵਾਰ 3, 7, 5 ਕੁੱਲ 15 ਮੈਡਲ ਜਿੱਤੇ। ਉਨ੍ਹਾਂ ਵਿੱਚ 7 ਗੋਲਡ, 5 ਸਿਲਵਰ ਤੇ 3 ਬਰਾਂਜ਼ ਮੈਡਲ ਸਨ। 4 ਗੋਲਡ, 2 ਸਿਲਵਰ ਤੇ 1 ਬਰਾਂਜ਼ ਮੈਡਲ ਜਿੱਤਣ ਨਾਲ 1976 ਦੀਆਂ ਓਲੰਪਿਕ ਖੇਡਾਂ ਦਾ ਉਹ ਸਰਬੋਤਮ ਖਿਡਾਰੀ ਮੰਨਿਆ ਗਿਆ।
ਜਿਮਨਾਸਟਿਕਸ ਦੀਆਂ ਵਿਸ਼ਵ ਚੈਂਪੀਅਨਸ਼ਿਪਾਂ ਵਿੱਚੋਂ ਨਿਕੋਲਾਈ ਆਂਦਰੀਆਨੋਵ ਨੇ 4 ਸੋਨੇ ਤੇ 9 ਚਾਂਦੀ ਦੇ ਤਗ਼ਮੇ ਜਿੱਤੇ। ਜਿਮਨਾਸਟਿਕਸ ਦੇ ਵਰਲਡ ਕੱਪਾਂ ਵਿੱਚੋਂ 7 ਸੋਨੇ ਤੇ 3 ਚਾਂਦੀ ਅਤੇ ਯੂਰਪੀਅਨ ਚੈਂਪੀਅਨਸ਼ਿਪਾਂ ਵਿੱਚੋਂ 9 ਸੋਨੇ, 6 ਚਾਂਦੀ ਤੇ 2 ਤਾਂਬੇ ਦੇ ਤਗ਼ਮੇ ਹਾਸਲ ਕੀਤੇ। ਜੇਕਰ ਉਸ ਦੇ ਕੁੱਲ ਤਗਮੇ ਗਿਣਨੇ ਹੋਣ ਤਾਂ ਗਿਣਤੀ ਸੌ ਤੋਂ ਵੀ ਟੱਪ ਜਾਵੇਗੀ। ਉਹ ਜਿਮਨਾਸਟਿਕਸ ਦੇ ਸਾਰੇ ਈਵੈਂਟ ਕਰਦਾ ਸੀ ਜਿਨ੍ਹਾਂ ਵਿੱਚ ਫਲੋਰ ਐਕਸਰਸਾਈਜ਼, ਰਿੰਗਜ਼, ਵਾਲਟ, ਪੈਰਲਲ ਬਾਰਜ਼, ਹੋਰੀਜੈਂਟਲ ਬਾਰ, ਪੋਮਿਲ ਹੌਰਿਸ, ਸਟਿੱਲ ਰਿੰਗਜ਼, ਆਲ ਰਾਊਂਡ ਤੇ ਟੀਮ ਕੰਪੀਟੀਸ਼ਨ ਸ਼ਾਮਲ ਸਨ। ਜਿਮਨਾਸਟਿਕਸ ਸਰੀਰ ਦੀ ਤਾਕਤ, ਲਚਕ, ਚੁਸਤੀ, ਫੁਰਤੀ ਤੇ ਜੁੱਸੇ ਉਤੇ ਮਨੋਵਿਗਿਆਨਕ ਤੌਰ ‘ਤੇ ਕਾਬੂ ਪਾਉਣ ਦੀ ਕਲਾਤਮਿਕ ਖੇਡ ਹੈ। ਜਿਮਨਾਸਟ ਕਰਦਿਆਂ ਪਲ ਛਿਣ ਲਈ ਵੀ ਅਵੇਸਲਾ ਹੋ ਜਾਣਾ ਵਾਰਾ ਨਹੀਂ ਖਾਂਦਾ। ਇਹਦੇ ਵਿੱਚ ਪਰਿਪੱਕ ਹੋਣ ਲਈ ਬਚਪਨ ਤੋਂ ਲੈ ਕੇ ਵਰ੍ਹਿਆਂ-ਬੱਧੀ ਤਿਆਰੀ ਕਰਨੀ ਪੈਂਦੀ ਹੈ।
ਲੇਖਕ ਵੀ. ਗੋਲੂਬੇਵ ਲਿਖਦਾ ਹੈ ਕਿ 1976 ਦੀਆਂ 21ਵੀਆਂ ਓਲੰਪਿਕ ਖੇਡਾਂ ਵਿੱਚ ਭਾਗ ਲੈਣ ਲਈ ਜਿੱਦਣ ਆਂਦਰੀਆਨੋਵ ਜਹਾਜ਼ੇ ਚੜ੍ਹਿਆ ਤਾਂ ਬੇਹੱਦ ਗੰਭੀਰ ਲੱਗ ਰਿਹਾ ਸੀ। 1972 ਦੀਆਂ ਓਲੰਪਿਕ ਖੇਡਾਂ ‘ਚੋਂ 3 ਤਗਮੇ ਜਿੱਤਣ ਪਿੱਛੋਂ 1976 ਦੀ ਤਿਆਰੀ ਲਈ ਉਸ ਨੇ ਬੇਹੱਦ ਮਿਹਨਤ ਕੀਤੀ ਸੀ। ਉਹ ਨਾ ਸਿਰਫ਼ ਆਪ ਬਲਕਿ ਸੋਵੀਅਤ ਰੂਸ ਦੀ ਜਿਮਨਾਸਟਿਕਸ ਟੀਮ ਨੂੰ ਵੀ ਓਲੰਪਿਕ ਖੇਡਾਂ ਦਾ ਓਵਰਆਲ ਚੈਂਪੀਅਨ ਬਣਾਉਣਾ ਚਾਹੁੰਦਾ ਸੀ। ਜਹਾਜ਼ ਵਿੱਚ ਬੇਸ਼ੱਕ ਉਹਦੇ ਸਾਥੀ ਚੋਹਲ ਮੋਹਲ ਕਰਦੇ ਹੱਸ ਖੇਡ ਰਹੇ ਸਨ, ਪਰ ਉਹ ਹਸਾਉਣੇ ਸੁਭਾਅ ਦੇ ਬਾਵਜੂਦ ਗਹਿਰ ਗੰਭੀਰ ਸੀ। ਉਹਦੇ ਮਨ ਵਿੱਚ ਜਿਮਨਾਸਟਿਕਸ ਦੇ ਮੁਕਾਬਲੇ ਚੱਲ ਰਹੇ ਸਨ ਜਿਨ੍ਹਾਂ ਵਿੱਚ ਉਸ ਨੇ ਜਪਾਨ, ਜਰਮਨੀ, ਰੁਮਾਨੀਆ, ਅਮਰੀਕਾ, ਗ੍ਰੇਟ ਬ੍ਰਿਟਨ ਤੇ ਹੋਰਨਾਂ ਮੁਲਕਾਂ ਦੇ ਚੈਂਪੀਅਨ ਜਿਮਨਾਸਟਾਂ ਨੂੰ ਹਰਾਉਣਾ ਸੀ। ਕਈ ਖਿਡਾਰੀ ਇੱਕ ਦੋ ਜਿੱਤਾਂ ਜਿੱਤ ਕੇ ਅਵੇਸਲੇ ਹੋ ਜਾਂਦੇ ਹਨ, ਪਰ ਆਂਦਰੀਆਨੋਵ ਅਖ਼ੀਰਲੇ ਮੁਕਾਬਲੇ ਤੱਕ ਗਹਿਰ ਗੰਭੀਰ ਰਿਹਾ ਅਤੇ ਓਲੰਪਿਕ ਖੇਡਾਂ ਦਾ ਬੈੱਸਟ ਜਿਮਨਾਸਟ ਐਲਾਨਿਆ ਗਿਆ। ਜਦੋਂ ਉਹ ਵਿਸ਼ਵ ਦਾ ਅੱਵਲ ਨੰਬਰ ਜਿਮਨਾਸਟ ਬਣ ਕੇ ਆਪਣੇ ਸ਼ਹਿਰ ਵਲਾਦੀਮੀਰ ਪੁੱਜਾ ਤਾਂ ਉਹਦਾ ਫੁੱਲਾਂ ਦੀ ਵਰਖਾ ਨਾਲ ਮਿਸਾਲੀ ਸਵਾਗਤ ਹੋਇਆ।
1980 ਦੀਆਂ ਓਲੰਪਿਕ ਖੇਡਾਂ ਉਹਦੇ ਆਪਣੇ ਦੇਸ਼ ਦੀ ਰਾਜਧਾਨੀ ਮਾਸਕੋ ਵਿੱਚ ਹੋਈਆਂ ਤਾਂ ਉਹ 28 ਸਾਲਾਂ ਦਾ ਹੋ ਚੁੱਕਾ ਸੀ। ਉਹ 11 ਸਾਲ ਦੀ ਉਮਰ ਤੋਂ ਜਿਮਨਾਸਟਿਕਸ ਦੀਆਂ ਕਸਰਤਾਂ ਤੇ ਈਵੈਂਟ ਕਰ ਰਿਹਾ ਸੀ। ਸੀਨੀਅਰ ਓਲੰਪੀਅਨ ਹੋਣ ਦੇ ਨਾਤੇ ਉਸ ਨੇ ਓਲੰਪਿਕ ਖੇਡਾਂ ਦੀਆਂ ਉਦਘਾਟਨੀ ਰਸਮਾਂ ਵਿੱਚ ਖਿਡਾਰੀਆਂ ਵੱਲੋਂ ਸਹੁੰ ਚੁੱਕੀ। ਵਡੇਰੀ ਉਮਰ ਵਿੱਚ ਜਿਮਨਾਸਟਿਕਸ ਕਰਨੀ ਸੌਖੀ ਨਹੀਂ ਹੁੰਦੀ, ਫਿਰ ਵੀ ਉਹ ਮਾਸਕੋ ਤੋਂ 5 ਮੈਡਲ ਜਿੱਤ ਕੇ ਸਰਗਰਮ ਖੇਡ ਤੋਂ ਰਿਟਾਇਰ ਹੋਇਆ। ਉਸ ਦੀ ਪਤਨੀ ਬੇਸ਼ੱਕ ਉਸ ਤੋਂ ਸਾਲ ਕੁ ਛੋਟੀ ਸੀ, ਪਰ ਉਹ ਪਹਿਲਾਂ ਹੀ ਰਿਟਾਇਰ ਹੋ ਚੁੱਕੀ ਸੀ। ਫਿਰ ਦੋਵੇਂ ਜਣੇ ਸੋਵੀਅਤ ਦੇਸ਼ ਦੇ ਨਵੇਂ ਜਿਮਨਾਸਟ ਤਿਆਰ ਕਰਨ ਤੇ ਸੋਵੀਅਤ ਰੂਸ ਦੀਆਂ ਟੀਮਾਂ ਨੂੰ ਤਰਾਸ਼ਣ ਲੱਗ ਪਏ ਸਨ। ਇੱਥੋਂ ਤੱਕ ਕਿ ਜਪਾਨ ਦੀ ਜਿਮਨਾਟਿਕਸ ਨੂੰ ਵੀ ਉਸ ਜੋੜੇ ਦੀ ਬੜੀ ਵੱਡੀ ਦੇਣ ਹੈ। ਉਨ੍ਹਾਂ ਨੇ ਜਪਾਨ ਨੂੰ ਵੀ ਜਿਮਨਾਸਟਿਕਸ ਵਿੱਚ ਸੋਵੀਅਤ ਰੂਸ ਦੇ ਬਰਾਬਰ ਲਿਆ ਖੜ੍ਹਾ ਕੀਤਾ ਸੀ। ਹੁਣ ਚੀਨ ਤੇ ਜਪਾਨ ਦੇ ਜਿਮਨਾਸਟਾਂ ਦੀ ਝੰਡੀ ਹੈ। ਜਪਾਨ 2004 ਦੀਆਂ ਓਲੰਪਿਕ ਖੇਡਾਂ ਵਿੱਚ ਚੈਂਪੀਅਨ ਬਣਿਆ ਅਤੇ ਚੀਨ 2008 ਤੇ 2012 ਦੀਆਂ ਓਲੰਪਿਕ ਖੇਡਾਂ ਦਾ ਚੈਂਪੀਅਨ ਰਿਹਾ।
ਨਿਕੋਲਾਈ ਆਂਦਰੀਆਨੋਵ ਦੀਆਂ ਓਲੰਪਿਕ ਤੇ ਵਿਸ਼ਵ ਜਿੱਤਾਂ ਦਾ ਆਦਰ ਕਰਦਿਆਂ ਸੋਵੀਅਤ ਰੂਸ ਨੇ ਆਰਡਰ ਆਫ਼ ਲੈਨਿਨ ਐਵਾਰਡ ਸਮੇਤ, ਉਸ ਨੂੰ ਆਰਡਰ ਆਫ਼ ਦਿ ਬੈਜ ਆਫ਼ ਆਨਰ, ਆਰਡਰ ਆਫ਼ ਦਿ ਰੈੱਡ ਬੈਨਰ ਆਫ਼ ਲੇਬਰ, ਮੈਡਲ ਫਾਰ ਲੇਬਰ ਵੈਲਿਓਰ ਅਤੇ ਲੈਨਿਨ ਕੋਮਸੋਮੋਲ ਐਵਾਰਡਾਂ ਨਾਲ ਸਨਮਾਨਿਆ। ਉਹਦੇ ਪ੍ਰਸੰਸਕਾਂ ਨੂੰ ਡਾਢਾ ਦੁੱਖ ਹੋਇਆ ਕਿ ਜਿਨ੍ਹਾਂ ਸਰੀਰਕ ਅੰਗਾਂ ਤੇ ਪੱਠਿਆਂ ਨਾਲ ਉਹ ਕਲਾਬਾਜ਼ੀਆਂ ਦੀ ਲੀਲ੍ਹਾ ਰਚਦਾ ਰਿਹਾ ਸੀ, ਉਹ ਆਖ਼ਰੀ ਸਮੇਂ ਅਹਿੱਲ ਹੋ ਗਏ ਸਨ। ਉਹ ਬੋਲ ਵੀ ਨਹੀਂ ਸੀ ਸਕਦਾ। ਉਸ ਨੂੰ ‘ਨਿਓਰੌਜੀਕਲ ਡਿਸਆਰਡਰ ਮਲਟੀਪਲ ਸਿਸਟਮ ਐਟਰੌਫੀ’ ਦੀ ਬਿਮਾਰੀ ਲੱਗ ਚੁੱਕੀ ਸੀ ਜੋ ਜਿਮਨਾਸਟਿਕਸ ਦੇ ਜਾਦੂਗਰ ਨੂੰ ਲੈ ਬੈਠੀ। ਖੇਡਾਂ ਦੇ ਅਜਿਹੇ ਹੀਰੋ ਨਿੱਤ ਨਿੱਤ ਨਹੀਂ ਜੰਮਦੇ।
ਈਮੇਲ: principalsarwansingh@gmail.com