ਹਰਮੀਤ ਸਿਵੀਆਂ
ਪ੍ਰਗਤੀਸ਼ੀਲ, ਜੁਝਾਰੂਵਾਦੀ ਤੇ ਚਿੰਤਨਸ਼ੀਲ ਪੰਜਾਬੀ ਕਵੀ ਪਾਸ਼ ਉਰਫ਼ ਅਵਤਾਰ ਸਿੰਘ ਪਾਸ਼ ਨੇ ਆਪਣੀ ਕਵਿਤਾ ਰਾਹੀਂ ਅਨਿਆਂਪੂਰਨ ਸਮਾਜਿਕ ਅਤੇ ਸਿਆਸੀ ਵਰਤਾਰਿਆਂ ਪ੍ਰਤੀ ਵਿਦਰੋਹ ਕੀਤਾ ਹੈ। ਉਸ ਦੀ ਕਵਿਤਾ ਇੱਕ ਸਮਾਜ ਦੀ ਦੂਜੇ ਸਮਾਜ ਵੱਲੋਂ ਹੁੰਦੀ ਲੁੱਟ ਦਾ ਵਾਸਤਾ ਪਾਉਂਦਿਆਂ ਸਮਾਜ ਦੇ ਹਰ ਰੰਗ ਨੂੰ ਉਘਾੜਦੀ ਹੈ। ਪਾਸ਼ ਦੀ ਵਿਲੱਖਣ ਕਾਵਿਕ ਪ੍ਰਤਿਭਾ ਕਰਕੇ ਉਸ ਦੀਆਂ ਕਵਿਤਾਵਾਂ ਵਿਲੱਖਣ ਅਰਥ ਸਿਰਜਦੀਆਂ ਅਤੇ ਵਿਲੱਖਣ ਅੰਤਰ-ਦ੍ਰਿਸ਼ਟੀਆਂ ਪ੍ਰਦਾਨ ਕਰਦੀਆਂ ਹਨ। ਪਾਸ਼ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨਾਲ ਖਹਿ ਕੇ ਲੰਘਦਾ ਰਿਹਾ। ਹਾਲਾਤ ਨਾਲ ਜੂਝਦਾ ਰਿਹਾ। ਸਮੇਂ ਨਾਲ ਲੜਦਾ ਰਿਹਾ। ਝੱਖੜਾਂ ਹਨੇਰੀਆਂ ਵਿੱਚ ਵੀ ਚੌਰਾਹੇ ਦੀਵਾ ਬਾਲਣ ਦਾ ਹੌਸਲਾ ਰੱਖਦਾ ਰਿਹਾ। ਇਹੀ ਸਾਰਾ ਜੀਵਨ ਅਨੁਭਵ ਤੇ ਦ੍ਰਿਸ਼ਟੀ ਉਸ ਦੀ ਕਵਿਤਾ ’ਚ ਢਲਦੀ ਰਹੀ ਜਿਸ ਕਰਕੇ ਉਸ ਦੀ ਕਵਿਤਾ ਵਿਲੱਖਣ, ਮੌਲਿਕ ਤੇ ਸੱਜਰਾ ਮੁਹਾਂਦਰਾ ਰੱਖਦੀ ਹੈ। ਪਾਸ਼ ਦੀ ਇੱਕ ਰਚਨਾ ਹੈ:
ਅੱਜ ਵਾਰਿਸ ਸ਼ਾਹ ਦੀ ਲਾਸ਼
ਕੰਡਿਆਲੀ ਥੋਹਰ ਬਣ ਕੇ
ਸਮਾਜ ਦੇ ਪਿੰਡੇ ਤੇ ਉੱਗ ਆਈ ਹੈ
ਉਸ ਨੂੰ ਕਹੋ ਕਿ
ਇਹ ਯੁੱਗ ਵਾਰਿਸ ਦਾ ਯੁੱਗ ਨਹੀਂ
ਵੀਅਤਨਾਮ ਦਾ ਯੁੱਗ ਹੈ
ਹਰ ਖੇੜੇ ਵਿੱਚ ਹੱਕਾਂ ਦੇ ਸੰਗਰਾਮ ਦਾ ਯੁੱਗ ਹੈ।
ਇਹ ਲਲਕਾਰ ਇਨਸਾਨਾਂ ਨੂੰ ਸ਼ਕਤੀਸ਼ਾਲੀ ਤੇ ਕਮਜ਼ੋਰ ਵਰਗਾਂ ਵਿੱਚ ਵੰਡਦੀ ਸਮਾਜਿਕ ਅਤੇ ਸਿਆਸੀ ਪ੍ਰਣਾਲੀ ਨੂੰ ਹੈ ਜਿੱਥੇ ਸ਼ਕਤੀਸ਼ਾਲੀ ਇਸ ਵਿਸ਼ਵਾਸ ਨਾਲ ਜਿਉਂਦੇ ਹਨ ਕਿ ਉਨ੍ਹਾਂ ਦੇ ਹੋਂਦ ਦੇ ਹੱਕ ਦਾ ਪਸਾਰਾ ਸਮਾਜ ਨੂੰ ਚਲਾਉਣ ਅਤੇ ਉਸ ਨੂੰ ਸਵੈ-ਲਾਭ ਲਈ ਵਰਤਣ ਤੱਕ ਹੈ। ਇਸ ਵਰਗ ਨੂੰ ਪਾਸ਼ ਦੀ ਪ੍ਰਤੱਖ ਵੰਗਾਰ ਹੈ:
ਤੁਸੀਂ ਲੋਹੇ ਦੀ ਕਾਰ ਝੂਟਦੇ ਹੋ।
ਮੇਰੇ ਕੋਲ ਲੋਹੇ ਦੀ ਬੰਦੂਕ ਹੈ।
ਮੈਂ ਲੋਹਾ ਖਾਧਾ ਹੈ।
ਚੁੱਪ ਤੋੜ ਕੇ ਬੋਲਣ ਦਾ ਨਿਰਣਾ ਲੈਣਾ ਕਵੀ ਦੀ ਕੀਤੀ ਅਜਿਹੀ ਚੋਣ ਹੈ ਜਿਸ ਦੀ ਕਾਬਲੀਅਤ ਸਿਰਫ਼ ਇਨਸਾਨਾਂ ਵਿੱਚ ਹੀ ਹੁੰਦੀ ਹੈ। ਪਾਸ਼ ਜ਼ਿਆਦਾਤਰ ਆਪਣੀ ਕਵਿਤਾ ਰਾਹੀਂ ਸਮਾਜਿਕ ਅਨਿਆਂ ਅਤੇ ਨਾਬਰਾਬਰੀ ਖ਼ਿਲਾਫ਼ ਲੜਿਆ ਹੈ ਅਤੇ ਲੋਕਾਂ ਵਿਚ ਲੜਨ ਦੇ ਜਜ਼ਬੇ ਨੂੰ ਹਲੂਣਾ ਦਿੱਤਾ ਹੈ। ਪਾਸ਼ ਦੀ ਇੱਕ ਪ੍ਰਸਿੱਧ ਕਵਿਤਾ ਵਿਚਲੀਆਂ ਸਤਰਾਂ ਹਨ:
ਕਿਰਤ ਦੀ ਲੁੱਟ, ਸਭ ਤੋਂ ਖ਼ਤਰਨਾਕ ਨਹੀਂ ਹੁੰਦੀ
ਪੁਲੀਸ ਦੀ ਕੁੱਟ, ਸਭ ਤੋਂ ਖ਼ਤਰਨਾਕ ਨਹੀਂ ਹੁੰਦੀ
ਗੱਦਾਰੀ ਲੋਭ ਦੀ ਮੁੱਠ, ਸਭ ਤੋਂ ਖ਼ਤਰਨਾਕ ਨਹੀਂ ਹੁੰਦੀ
ਇਸੇ ਕਵਿਤਾ ਦੀਆਂ ਕੁਝ ਹੋਰ ਸਤਰਾਂ ਹਨ:
ਸਭ ਤੋਂ ਖ਼ਤਰਨਾਕ ਹੁੰਦਾ ਹੈ
ਮੁਰਦਾ ਸ਼ਾਂਤੀ ਨਾਲ ਭਰ ਜਾਣਾ
ਨਾ ਹੋਣਾ ਤੜਪ ਦਾ,
ਸਭ ਕੁਝ ਸਹਿਣ ਕਰ ਜਾਣਾ
ਘਰਾਂ ਤੋਂ ਨਿਕਲਣਾ ਕੰਮ ਤੇ,
ਤੇ ਕੰਮ ਤੋਂ ਘਰ ਆ ਜਾਣਾ
ਸਭ ਤੋਂ ਖ਼ਤਰਨਾਕ ਹੁੰਦਾ ਹੈ
ਸਾਡੇ ਸੁਪਨਿਆਂ ਦਾ ਮਰ ਜਾਣਾ।
ਅਜਿਹੇ ਚਿੰਤਨਸ਼ੀਲ ਬੋਲਾਂ ਨੂੰ ਆਪਣੀ ਕਵਿਤਾ ਰਾਹੀਂ ਪ੍ਰਗਟਾਉਣ ਵਾਲੇ ਕਵੀ ਪਾਸ਼ ਦੀਆਂ ਕਵਿਤਾਵਾਂ ਦੀ ਪਹਿਲੀ ਕਿਤਾਬ ‘ਲੋਹ ਕਥਾ’ 1970 ਵਿੱਚ ਛਪੀ। ਉਸ ਵੇਲੇ ਪਾਸ਼ ਦੀ ਉਮਰ ਅਜੇ 20 ਸਾਲ ਤੋਂ ਵੀ ਘੱਟ ਸੀ। ਇਸ ਤੋਂ ਬਾਅਦ ਉਸ ਨੇ ‘ਸਿਆੜ’ ਨਾਮੀ ਪਰਚੇ ਦੀ ਸੰਪਾਦਨਾ ਕੀਤੀ। ਪਾਸ਼ ਦੀ ਪ੍ਰਗਤੀਵਾਦੀ ਕਵਿਤਾ ਵਿਦਿਆਰਥੀਆਂ, ਕਮਿਊਨਿਸਟਾਂ ਅਤੇ ਖੱਬੇਪੱਖੀ ਬੁੱਧੀਜੀਵੀਆਂ ਵਿੱਚ ਬਹੁਤ ਪ੍ਰਸਿੱਧ ਹੋਈ। ਡਾ. ਪਾਲ ਸਿੰਘ ਬਰਾੜ ਅਨੁਸਾਰ ‘‘ਪਾਸ਼ ਨਾਬਰੀ ਤੇ ਬਰਾਬਰੀ ਦਾ ਸ਼ਾਇਰ ਸੀ ਜਿਸ ਨੂੰ ਮਾਨਵੀ ਸ਼ਾਨ ਵਾਲੀ ਜ਼ਿੰਦਗੀ ਜਿਉਣ ਦੀ ਤੀਬਰ ਲੋਚਾ ਸੀ।’’ ਅਜਿਹਾ ਹੀ ਕੁਝ ਬਿਆਨਦੀਆਂ ਹਨ, ਉਸ ਦੀ ਇੱਕ ਕਵਿਤਾ ਦੀਆਂ ਇਹ ਸਤਰਾਂ:
ਧੁੱਪ ਵਾਂਗ ਧਰਤੀ ਤੇ ਖਿੜ ਜਾਣਾ,
ਤੇ ਫਿਰ ਗਲਵੱਕੜੀ ਵਿਚ ਸਿਮਟ ਜਾਣਾ
ਬਰੂਦ ਵਾਂਗ ਭੜਕ ਉੱਠਣਾ,
ਤੇ ਚੌਹਾਂ ਕੂੰਟਾਂ ਅੰਦਰ ਗੂੰਜ ਜਾਣਾ,
ਜੀਣ ਦਾ ਇਹੋ ਈ ਸਲੀਕਾ ਹੁੰਦਾ ਹੈ
ਪਾਸ਼ ਦੀਆਂ ਕਿਤਾਬਾਂ ਦਾ ਜ਼ਿਕਰ ਕਰੀਏ ਤਾਂ ਕਿਤਾਬਾਂ ‘ਲੋਹ ਕਥਾ’, ‘ਉੱਡਦੇ ਬਾਜ਼ਾਂ ਮਗਰ’, ‘ਸਾਡੇ ਸਮਿਆਂ ਵਿਚ’, ‘ਵਰਤਮਾਨ ਦੇ ਰੂਬਰੂ’ ਅਤੇ ‘ਖਿੱਲਰੇ ਹੋਏ ਵਰਕੇ’ ਆਦਿ ਪ੍ਰਸਿੱਧ ਹੋਈਆਂ। ਪਾਸ਼ ਦੀਆਂ ਰਚਨਾਵਾਂ ਦੀ ਖਾਸੀਅਤ ਇਹ ਵੀ ਹੈ ਕਿ ਉਹ ਮਿੱਥ ਭੰਜਕ ਹਨ, ਉਸ ਨੇ ਮਿੱਥ ਨੂੰ ਗ਼ੁਲਾਮੀ ਦੇ ਸੰਦ ਵਜੋਂ ਪਛਾਣਿਆ। ਇਸੇ ਲਈ ਉਹ ਲੋਕ ਮਨਾਂ ਅੰਦਰ ਬੈਠੀਆਂ ਮਿੱਥਾਂ ਨੂੰ ਚਕਨਾਚੂਰ ਕਰਦਾ ਹੈ। ਉਹ ਦੇਸ਼ ਕੌਮ ਜਮਹੂਰੀਅਤ ਆਦਿ ਨੂੰ ਪਰਿਭਾਸ਼ਿਤ ਕਰਦਾ ਹੈ। ਪਾਸ਼ ਦੀ ਇਹ ਵੀ ਖ਼ੂਬਸੂਰਤੀ ਸੀ ਕਿ ਉਹ ਸਮਾਜਵਾਦੀ ਵਿਚਾਰਧਾਰਾ ਦਾ ਹਾਮੀ ਕਵੀ ਸੀ।
ਲੋਕ ਕਵੀ ਵਜੋਂ ਜਾਣਿਆ ਜਾਂਦਾ ਪਾਸ਼ 9 ਸਤੰਬਰ 1960 ਨੂੰ ਜਲੰਧਰ ਜ਼ਿਲ੍ਹੇ ਦੇ ਪਿੰਡ ਤਲਵੰਡੀ ਸਲੇਮਾਂ ਦੇ ਕਿਸਾਨ ਪਰਿਵਾਰ ਵਿੱਚ ਸੋਹਣ ਸਿੰਘ ਸੰਧੂ ਦੇ ਘਰ ਜਨਮਿਆ। ਮਾਪਿਆਂ ਨੇ ਉਸ ਦਾ ਨਾਂ ਅਵਤਾਰ ਸਿੰਘ ਸੰਧੂ ਰੱਖਿਆ ਜੋ ਬਾਅਦ ਵਿੱਚ ਪਾਸ਼ ਜਾਂ ਅਵਤਾਰ ਸਿੰਘ ਪਾਸ਼ ਦੇ ਨਾਮ ਨਾਲ ਪ੍ਰਸਿੱਧ ਹੋਇਆ। ਇੱਕ ਸਾਧਾਰਨ ਕਿਸਾਨ ਪਰਿਵਾਰ ਵਿੱਚ ਜਨਮਿਆ ਪਾਸ਼ ਕਹਿੰਦਾ ਹੈ:
ਮੇਰੇ ਤੋਂ ਆਸ ਨਾ ਕਰਿਓ ਕਿ
ਮੈਂ ਖੇਤਾਂ ਦਾ ਪੁੱਤ ਹੋ ਕੇ
ਤੁਹਾਡੇ ਚਗਲੇ ਹੋਏ
ਸਵਾਦਾਂ ਦੀ ਗੱਲ ਕਰਾਂਗਾ
ਪਾਸ਼ ਜਵਾਨ ਉਮਰੇ ਹੀ ਨਕਸਲਬਾੜੀ ਲਹਿਰ ਤੋਂ ਬਹੁਤ ਪ੍ਰਭਾਵਿਤ ਸੀ। 1970 ਵਿੱਚ ਇਸੇ ਲਹਿਰ ਦੌਰਾਨ ਉਸ ਨੂੰ ਇੱਕ ਕੇਸ ਵਿੱਚ ਫੜ ਲਿਆ ਗਿਆ। ਜੇਲ੍ਹ ਦੀ ਜ਼ਿੰਦਗੀ ਉਹਨੂੰ ਹੋਰ ਵੀ ਪਕੇਰਿਆਂ ਕਰ ਗਈ ਅਤੇ ਉਸ ਨੇ ਜੇਲ੍ਹ ਅੰਦਰ ਰਹਿੰਦਿਆਂ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪਾਸ਼ ਦੀਆਂ ਲਿਖੀਆਂ ਕਿਤਾਬਾਂ ਨੂੰ ਹੋਰ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਅਤੇ ਉਨ੍ਹਾਂ ਨੇ ਬਹੁਤ ਮਕਬੂਲੀਅਤ ਹਾਸਿਲ ਕੀਤੀ। ਪਾਸ਼ ਦੀ ਕਵਿਤਾ ਨੇ ਪੰਜਾਬੀ ਜ਼ੁਬਾਨ ਅਤੇ ਪੰਜਾਬੀ ਕਾਵਿ ਜਗਤ ਨੂੰ ਇੱਕ ਵਿਲੱਖਣ ਮੁਹਾਂਦਰਾ ਦਿੱਤਾ। ਉਸ ਦੀ ਕਵਿਤਾ ਖੇਤਾਂ, ਮਜ਼ਦੂਰਾਂ, ਕੁਦਰਤ ਦੀ ਬਾਤ ਪਾਉਂਦੀ ਹੈ ਪਰ ਲਾਲ ਫੀਤਾਸ਼ਾਹੀ ਦੇ ਸੋਹਲੇ ਹਰਗਿਜ਼ ਨਹੀਂ ਗਾਉਂਦੀ। ਆਪਣੀ ਕਵਿਤਾ ਨੂੰ ਪਾਸ਼ ਨੇ ਲਿਖਿਆ ਹੀ ਨਹੀਂ, ਉਸ ਨੂੰ ਜੀਵਿਆ ਵੀ ਹੈ।
ਪੰਜਾਬ ਦਾ ਇਹ ਸਪੂਤ ਆਪਣੀ 37 ਸਾਲ ਦੀ ਉਮਰ ਭੋਗ ਕੇ ਆਖ਼ਰ 23 ਮਾਰਚ 1988 ਨੂੰ ਫ਼ਿਰਕੂ ਜਨੂੰਨੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਿਆ। ਉਹ ਸਦੀਵੀ ਵਿਛੋੜਾ ਦੇ ਗਿਆ ਪਰ ਉਹ ਅਜੇ ਵੀ ਆਪਣੀ ਵਿਚਾਰਧਾਰਾ ਅਤੇ ਆਪਣੀ ਕਵਿਤਾ ਜ਼ਰੀਏ ਲੋਕ ਮਨਾਂ ਅੰਦਰ ਜਿਊਂਦਾ ਹੈ।
ਸੰਪਰਕ: 80547-57806