ਐਡਵਿਨ ਆਰਨਲਡ ਦੀ ਲਿਖੀ ਪ੍ਰਸਿੱਧ ਕਿਤਾਬ ‘Light Of Asia’ ਦਾ ਅਨੁਵਾਦ ਮੋਹਨ ਸਿੰਘ ਨੇ ‘ਏਸ਼ੀਆ ਦਾ ਚਾਨਣ’ ਨਾਂ ਹੇਠ ਕੀਤਾ। ਇਸ ਕਾਰਜ ਨੂੰ ਮੁਕੰਮਲ ਕਰਨ ਵਿਚ ਮੋਹਨ ਸਿੰਘ ਨੂੰ ਅੱਠ ਸਾਲ ਲੱਗੇ। ਇਹ ਪੰਜਾਬੀ ਵਿਚ ਕਾਵਿ-ਅਨੁਵਾਦ ਦੀ ਸਰਵੋਤਮ ਕ੍ਰਿਤ ਹੈ ਜੋ ਅਨੁਵਾਦ ਦੀ ਥਾਂ ਮੌਲਿਕ ਕ੍ਰਿਤ ਭਾਸਦੀ ਹੈ। ਪੰਜਾਬ ਡਿਜੀਟਲ ਲਾਇਬਰੇਰੀ ਦੇ ਦਵਿੰਦਰ ਪਾਲ ਸਿੰਘ ਦੇ ਸਹਿਯੋਗ ਨਾਲ ਇਸ ਰਚਨਾ ਦੇ ਕੁਝ ਅੰਸ਼ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ:
ਪ੍ਰਥਮ ਪੜਾਅ
ਪਰ ਇਕ ਦਿਨ ਰਾਜੇ ਕਿਹਾ, ‘‘ਆਓ ਮੇਰੇ ਕੁਮਾਰ,
ਵੇਖੋ ਕਿੱਦਾਂ ਧਰਤ ਤੇ ਮੌਲੀ ਆਣ ਬਹਾਰ।
ਤਕੋ ਪ੍ਰਫੁਲਤ ਧਰਤ ਨੂੰ ਕਿਦਾਂ ਕਰ ਕੇ ਪਿਆਰ
ਕਿਰਤੀ ਉਸਦੇ ਧਨ ਦਾ ਕੱਠਾ ਕਰਨ ਭੰਡਾਰ।
ਕਿੱਦਾਂ ਮੇਰੀ ਧਰਤ ਇਹ ਤੇਰੀ ਜਾਣੀ ਹੋ,
ਜਿਸ ਦਿਨ ਮੇਰੀ ਚਿਤਾ ਚੋਂ ਲਾਟਾਂ ਕੱਢੀ ਲੋ।
ਕਿੱਦਾਂ ਪੱਤਰ ਸੱਜਰੇ ਨਵੀਂ ਰੁਤ ਦੇ ਸੋਹਣ,
ਝਮ-ਝਮ ਕਲੀਆਂ, ਘਾ ਹਰਾ, ਕਿਰਸਾਨਾਂ ਦੇ ਗੌਣ।’’
ਖੂਹੀਂ ਬਾਗੀਂ ਫਿਰੇ ਉਹ ਏਦਾਂ ਹੋ ਅਸਵਾਰ,
ਦ੍ਰਿਸ਼ ਅਨੇਕਾਂ ਉਨ੍ਹਾਂ ਨੇ ਦੇਖੇ ਮਹਿਲੋਂ ਬਾਹਰ।
ਵਿੱਛੀ ਧਰਤੀ ਦੂਰ ਤਕ ਰੱਤੀ ਤੇ ਬਲਵਾਨ,
ਚੀਂ-ਚੀਂ ਕਰਨ ਪੰਜਾਲੀਆਂ ਬਲਦ ਜ਼ੋਰ ਪਏ ਲਾਣ।
ਜਿੱਥੇ ਫਾਲਾ ਖੁਭਦਾ ਉੱਚੀ ਹੋ ਕੇ ਭੋਂ
ਨਰਮ ਲੀਹਾਂ ਵਿਚ ਮਲਕੜੇ ਡਿਗ ਡਿਗ ਜਾਂਦੀ ਸੌਂ।
ਫਾਲਿਆਂ ਉੱਤੇ ਰੱਖ ਕੇ ਹਾਲੀ ਦੋਵੇਂ ਪੈਰ,
ਡੂੰਘਾ ਸਿਆੜ ਲਿਆਉਂਦੇ ਮੰਗ ਬਦਲਾਂ ਦੀ ਖ਼ੈਰ।
ਵਣ-ਖਜੀਆਂ ਦੇ ਝੁੰਡ ਚੋਂ ਨਦੀ ਰਹੀ ਸੀ ਵੱਗ,
ਕੰਢਿਆਂ ਉਤੇ ਸੁਟਦੀ ਛਣ ਛਣ ਕਰਦੀ ਝੱਗ।
ਬੀਜਣ ਵਾਲੇ ਰਹੇ ਸਨ ਛੱਟੇ ਕਿਤੇ ਖਿਲਾਰ
ਮੁੜੇ ਆਹਲਣੀਂ ਪੰਛੀਆਂ ਜੰਗਲ ਦਿਤਾ ਗੁੰਜਾਰ।
ਸਾਰੇ ਬੇਲਿਆਂ ਵਿਚ ਸੀ ਜੀਵਨ ਦੀ ਭਰਮਾਰ
ਮਖੀਆਂ, ਟਿੱਡੀਆਂ, ਕਿਰਲੀਆਂ, ਕੀੜੇ ਹੋਰ ਹਜ਼ਾਰ।
ਸੂਰਜ-ਪੰਛੀ ਚਮਕਦੇ ਅੰਬ-ਡਾਲਾਂ ਵਿਚਕਾਰ
ਕਲਮੁਕੱਲਾ ਲਗਾ ਸੀ ਭਾਰੇ ਤੇ ਠਠਿਆਰ,
ਕਿਧਰੇ ਦੌੜਾਂ ਲਾ ਰਹੇ ਗਾਲ੍ਹੜ ਧਾਰੀਦਾਰ,
ਤਿੱਤਲੀਆਂ ਦਾ ਕਰ ਰਹੇ ਪੰਖੀ ਕਿਤੇ ਸ਼ਿਕਾਰ,
ਕਿਧਰੇ ਚੁੰਝਾਂ ਮਾਰਦੀ ਮੈਨਾ ਹਿੱਕ ਉਭਾਰ,
ਸਰੋਵਰ ਉਤੇ ਬਗਲਾ ਖੱਲਾ ਧੌਣ ਹੁਲਾਰ,
ਕਿਤੇ ਕਿਤੇ ਲੰਮਢੀਂਗ ਪਏ ਮੱਝਾਂ ਦੇ ਵਿਚ ਭੌਣ,
ਇੱਲਾਂ ਚੱਕਰ ਲਾਉਂਦੀਆਂ ਵਿਚ ਸੁਨਹਿਰੀ ਪੌਣ।
ਮੋਰ ਉਡਾਰਾਂ ਲਾਉਂਦੇ ਚਿਤਰੇ ਮੰਦਰਾਂ ਕੋਲ,
ਖੂਹਾਂ ਉੱਤੇ ਘੁੱਗੀਆਂ ਘੂੰ ਘੂੰ ਰਹੀਆਂ ਬੋਲ।
ਕਿਧਰੇ ਵਿਆਹ ਦੇ ਡੱਫੜੇ ਵੱਜ ਰਹੇ ਸਨ ਦੂਰ,
ਹੋਇਆ ਵੇਖ ਕੁਮਾਰ ਇਹ ਖੁਸ਼ੀ ਨਾਲ ਭਰਪੂਰ।
ਪਰ ਜਦ ਕੀਤਾ ਕੰਵਰ ਨੇ ਡੂੰਘਾ ਰਤੀ ਖ਼ਿਆਲ,
ਦੇਖੇ ਕੰਡੇ ਓਸ ਨੇ ਜੀਵਨ-ਫੁਲ ਦੇ ਨਾਲ।
ਕੀਕਰ ਧੱਪੇ ਭੁੱਜਦਾ ਰੋਟੀ ਕਾਰਨ ਜੱਟ,
ਕੀਕੂੰ ਮੁੜ੍ਹਕਾ ਚੋ ਰਿਹਾ, ਸਾਹ ਨਾ ਲੈਂਦਾ ਝੱਟ।
ਮੋਟਾਖੇ ਬਲਦਾਂ ਦੀਆਂ ਕੂਲੀਆਂ ਵਖੀਆਂ ਵਿੱਚ
ਤਿਖੀਆਂ ਆਰਾਂ ਚੋਭ ਕੇ ਕਰੇ ਉਨ੍ਹਾਂ ਨੂੰ ਜਿੱਚ।
ਫਿਰ ਤਕਿਆ ਉਸ ਕਿਸ ਤਰ੍ਹਾਂ ਕਿਰਲੀ ਕੀੜੀ ਖਾਏ,
ਸੱਪ ਕਿਰਲੀ ਨੂੰ, ਇੱਲ ਫਿਰ ਦੋਹਾਂ ਨੂੰ ਲੈ ਜਾਏ।
ਕਿਦਾਂ ਵੱਡਾ ਬੱਗਲਾ, ਤਿੱਖੀ ਚੁੰਝ ਪਸਾਰ
ਛੋਟੇ ਬੱਗ ਦੇ ਮੂੰਹ ’ਚੋਂ ਲੈਂਦਾ ਖੱਸ ਸ਼ਿਕਾਰ।
ਬੁਲਬੁਲ ਖਾਂਦੀ ਤਿਤਲੀਆਂ, ਬੁਲਬੁਲ ਨੂੰ ਕੋਈ ਹੋਰ,
ਹਰ ਥਾਂ ਮਾਰਨ ਮਰਨ ਦਾ ਚੱਲ ਰਿਹਾ ਸੀ ਦੌਰ।
ਸੀ ਉਸ ਸੋਹਣੇ ਦ੍ਰਿਸ਼ ਦੇ ਹੇਠਾਂ ਕਿਸੇ ਵਿਸ਼ਾਲ
ਜੰਗਲੀ ਅਤੇ ਡਰਾਉਣੇ ਮਨਸੂਬੇ ਦਾ ਜਾਲ।
ਕੀੜੀ ਤੋਂ ਮਾਨੁਖ ਤਕ ਇਕ ਦੂਜੇ ਨੂੰ ਖਾਣ,
ਇਕ ਜੀਵਨ ਦੀ ਭੇਟ ਸਨ ਚੜ੍ਹਦੇ ਕਈ ਪਰਾਣ।
ਤੱਕ ਇਸ ਖਿੱਚੋਤਾਣ ਨੂੰ, ਭੁਖ ਮਰਦਾ ਕਿਰਸਾਨ,
ਲਿੱਸੇ ਡੰਗਰ ਓਸਦੇ ਕੰਨ੍ਹੇ ਲਹੂ ਲੁਹਾਨ,
ਕੰਵਰ ਸਿਧਾਰਥ ਬੋਲਿਆ ਡੂੰਘਾ ਹੌਕਾ ਮਾਰ:
‘‘ਕੀ ਏਹੋ ਕੁਝ ਦਸਣ ਨੂੰ ਲਿਆਏ ਮੈਨੂੰ ਬਾਹਰ?
ਕਿੰਜ ਰੋਟੀ ਕਿਰਸਾਨ ਦੀ ਲੂਣੀ ਮੁੜ੍ਹਕੇ ਨਾਲ,
ਕਿੱਦਾਂ ਨਾਲ ਮੁਸ਼ੱਕਤਾਂ ਬੈਲ ਹੋਣ ਜ਼ਿਲਹਾਲ।
ਤਕੜੇ ਤੇ ਕਮਜ਼ੋਰ ਦਾ ਜੰਗਲ ਦੇ ਵਿਚਕਾਰ
ਭਿਆਨਕ ਕਿੱਡਾ ਜੰਗ ਹੈ ਜਾਰੀ ਰਾਤ ਦਿਹਾੜ।
ਕਿਹੋ ਜਹੀਆਂ ਇਹ ਸਾਜ਼ਸ਼ਾਂ ਹੋਣ ਪਈਆਂ ਅਸਮਾਨ
ਕਿਵੇਂ ਪਾਣੀਆਂ ਵਿਚ ਵੀ ਜਾਰੀ ਇਹ ਘਮਸਾਨ।
ਹੋ ਜਾਉ ਇਕ ਪਾਸੇ ਜ਼ਰਾ’’ ਬੋਲਿਆ ਰਾਜ ਕੁਮਾਰ
‘‘ਦੇਵੋ ਮੈਨੂੰ ਕਰਨ ਹੁਣ ਇਸ ਤੇ ਕੁਝ ਵਿਚਾਰ।’’
ਏਨਾ ਕਹਿ ਕੇ ਉਨ੍ਹਾਂ ਨੂੰ, ਚੰਗੇ ਰਾਜ ਕੁਮਾਰ
ਬਹਿ ਗਏ ਹੇਠਾਂ ਜਾਮਨੂੰ ਬ੍ਰਿਛ ਚੌਂਕੜੀ ਮਾਰ।
ਜੀਵਨ ਦੇ ਇਸ ਰੋਗ ਤੇ ਮਾਰੀ ਉਨ੍ਹਾਂ ਨਿਗਾਹ
ਫੇਰ ਵਿਚਾਰੇ ਏਸ ਦੇ ਸੋਮੇ ਅਤੇ ਉਪਾ।
ਭਰਿਆ ਅੰਦਰ ਉਨ੍ਹਾਂ ਦੇ ਐਸਾ ਤਰਸ ਵਿਸ਼ਾਲ,
ਇੱਛਾ ਪੀੜਾ ਹਰਨ ਦੀ ਜਾਗੀ ਨਾਲੋ ਨਾਲ।
ਉੱਚ ਸਮਾਧੀ-ਸਿਖਰ ਤੇ ਪੁਜ ਗਿਆ ਰਾਜ ਕੁਮਾਰ
ਪਾਈ ਉਸ ਦੀ ਸੁਰਤ ਨੇ ਬੰਧਨਾਂ ਤੋਂ ਛੁਟਕਾਰ।
ਏਦਾਂ ਪਦਵੀ ‘‘ਧਿਆਨ’’ ਦੀ ਲਈ ਕੰਵਰ ਨੇ ਪਾ,
ਮਾਰਗ ਵਿਚ ਅਖਵਾਉਂਦਾ ਜਿਹੜਾ ਪ੍ਰਥਮ ਪੜਾ।
ਓਸ ਘੜੀ ਆਕਾਸ਼ ਵਿਚ ਸਿਰ ਦੇ ਉੱਪਰ ਵਾਰ
ਉਡਦੇ ਲੰਘੇ ਪੂਜਯ ਪੰਜ ਪਵਿਤਰ ਖੰਭ ਖਿਲਾਰ।
ਪੁਛਿਆ ਉਨ੍ਹਾਂ ‘‘ਬੰਨ੍ਹ ਲਈ ਕਿਸ ਸਾਡੀ ਰਫ਼ਤਾਰ?’’
ਹੇਠਾਂ ਵਲ ਜਦ ਦੇਖਿਆ ਦਿੱਸੇ ਬੁਧ ਕੁਮਾਰ।
ਸੀਸ ਦਵਾਲੇ ਦਮਕਦਾ ਚਾਨਣ ਦਾ ਪਰਵਾਰ,
ਲੋਕ-ਭਲੇ ਦੇ ਵਿਸ਼ੇ ਤੇ ਕਰਦੇ ਗੂੜ੍ਹ ਵਿਚਾਰ।
ਜੰਗਲ ਚੋਂ ਆਵਾਜ਼ ਇਕ ਤਦ ਉੱਠੀ ਇਉਂ ਗੂੰਜ:-
‘‘ਰਿਸ਼ੀਓ! ਹੇਠਾਂ ਉੱਤਰੋ! ਕਰੋ ਇਨ੍ਹਾਂ ਦੀ ਪੂਜ।’’
ਤਦ ਉਹ ਉਜਲੀਆਂ ਮੂਰਤਾਂ ਆਈਆਂ ਹੇਠਾਂ ਲੱਥ।
ਗਾ ਕੇ ਉਸਤਤ-ਗੀਤ ਕੁਝ ਪੈ ਗਈਆਂ ਫਿਰ ਪੱਥ।
ਰਾਜੇ ਘਲਿਆ ਆਦਮੀ ਢੂੰਢਣ ਲਈ ਕੁਮਾਰ,
ਕੀ ਦੇਖੇ ਉਹ, ਕੰਵਰ ਜੀ ਉਵੇਂ ਚੌਂਕੜੀ ਮਾਰ,
ਗੂੜ੍ਹ ਸਮਾਧੀ ਵਿਚ ਨੇ ਓਦਾਂ ਹੀ ਗ਼ਲਤਾਨ
ਭਾਵੇਂ ਢੱਲਣ ਲੱਗ ਪਏ ਪਰਛਾਵੇਂ ਸਨ ਆਣ।
ਢਲ ਢਲ ਪਹੁੰਚੇ ਦੂਰ ਤਕ ਪਰਛਾਵੇਂ ਸਭ ਹੋਰ,
ਛਾਂ ਪਰ ਜਮੂੰ ਬ੍ਰਿਖਸ਼ ਦੀ ਬੰਨ੍ਹੀ ਅਪਣੀ ਤੋਰ।
ਤਾਂ ਜੇ ਕਿਰਨਾਂ ਤਿਰਛੀਆਂ ਲੰਮੇ ਹੱਥ ਵਧਾ
ਓਸ ਪਵਿੱਤਰ ਸੀਸ ਨੂੰ ਲਾ ਨਾ ਸੱਕਣ ਤਾ।
ਸੇ-ਫੁੱਲਾਂ ਚੋਂ ਮਲਕੜੇ ਨਿਕਲੇ ਫਿਰ ਇਹ ਬੋਲ:
‘‘ਬੇਸ਼ਕ ਰਾਜ-ਕੁਮਾਰ ਜੀ ਬੈਠੇ ਰਹਿਣ ਅਡੋਲ।
ਜਦ ਤੱਕ ਤੁਹਾਡੇ ਦਿਲ ਤੋਂ ਹਟਦੀ ਨਹੀਂ ਪਰਛਾਂ।
ਟਿਕੀ ਰਹੇਗੀ ਇਸ ਤਰ੍ਹਾਂ ਇੱਥੇ ਹੀ ਇਹ ਛਾਂ।’’
* * *
ਚੁਣੌਤੀ ਕਬੂਲਣਾ
ਜਿਸ ਦਮ ਵਰ੍ਹੇ ਅਠਾਰਵੇਂ ਗਿਆ ਸ਼ਹਿਜ਼ਾਦਾ ਪੈ,
ਰਾਜੇ ਨੇ ਫਰਮਾਇਆ ਮਹਿਲ ਉਸਾਰੋ ਤ੍ਰੈ।
ਲਾਉ ਅੰਦਰ ਇਕ ਦੇ ਸਾਗਵਾਨ ਤੇ ਸਾਲ,
ਜਿਸ ਦੀ ਮਿੱਠੀ ਨਿਘ ਵਿਚ ਕੱਟੇ ਕੰਵਰ ਸਿਆਲ,
ਚਿਣ ਕੇ ਸਿੱਲਾਂ ਮਰਮਰੀ, ਦੁੱਧ-ਚਿੱਟੀਆਂ, ਰੰਗਦਾਰ
ਗਰਮੀਆਂ ਕੱਟਣ ਵਾਸਤੇ ਦੂਜਾ ਕਰੋ ਤਿਆਰ,
ਬਿਆਈਂ ਵੇਲੇ ਵਾਸਤੇ ਤੀਜਾ ਚਾਹੜੋ ਤੋੜ,
ਦੇਵਣ ਜਦੋਂ ਚੰਬੇਲੀਆਂ ਬੰਦ ਸੁਰਾਹੀਆਂ ਰੋਹੜ।
ਤਿੰਨੇ ਰਾਜ ਮਹੱਲ ਇਕ ਮੁੱਕੇ ਜਿਹੜੇ ਦੰਮ,
ਨਾਂ ਰੱਖੇ ਗਏ ਉਨ੍ਹਾਂ ਦੇ ਸੋਭਾ, ਰਮ, ਸੁਰੱਮ।
ਚਾਰ-ਚੁਫੇਰੇ ਉਨ੍ਹਾਂ ਦੇ ਮਹਿਕਣ ਮਿੱਠੇ ਬਾਗ਼,
ਵੱਗਣ ਕੂਲਾਂ ਸੁਥਰੀਆਂ, ਚਮਕਣ ਵਾਂਗ ਚਰਾਗ।
ਚਿਟੀਆਂ ਚਿਟੀਆਂ ਬੰਗਲੀਆਂ ਬੂਟਿਆਂ ਵਿਚ ਸੁਹਾਣ,
ਵਿੱਛੇ ਵਾਂਗ ਕਲੀਚਿਆਂ ਸੁਥਰੇ ਘਾਹ-ਮਦਾਨ,
ਜਿਨ੍ਹਾਂ ਵਿਚ ਸੀ ਘੁਮਦਾ ਮਨ ਮਰਜ਼ੀ ਦੇ ਨਾਲ,
ਪਲ ਪਲ ਖ਼ੁਸ਼ੀਆਂ ਮਾਣਦਾ ਸਾਕਯ ਬੰਸ ਦਾ ਲਾਲ।
ਨਿਤ ਰਹਿੰਦਾ ਉਹ ਟਹਿਕਿਆ ਤਾਜ਼ੇ ਫੁਲ ਸਮਾਨ,
ਕਿਉਂਕਿ ਉਸ ਦੇ ਵਿਚ ਸੀ ਹਾਲੇ ਲਹੂ
ਪਰ ਪਰਛਾਵੇਂ ਸੋਚ ਦੇ ਵਿਚ ਵਿਚ ਜਾਂਦੇ ਆ,
ਜਿੱਦਾਂ ਬੱਦਲ ਝੀਲ ਨੂੰ ਧੁੰਦਲਾ ਦੇਣ ਬਣਾ।
ਤਕ ਸੋਚਾਂ ਦੇ ਵਹਿਣ ਵਿਚ ਰੁੜ੍ਹਿਆ ਰਾਜ ਕੁਮਾਰ,
ਨਾਲ ਵਜ਼ੀਰਾਂ ਸ਼ਾਹ ਨੇ ਕੀਤਾ ਇੰਜ ਵਿਚਾਰ:
‘‘ਚੇਤੇ ਕਰੋ ਸਿਆਣਿਉਂ ਬਿਰਧ ਰਿਸ਼ੀ ਦੇ ਬੋਲ,
ਸ਼ਹਿਜ਼ਾਦੇ ਦੇ ਜਨਮ ਤੇ ਦਸਿਆ ਸੀ ਜਿਸ ਖੋਲ੍ਹ,
ਯਾ ਇਹ ਬਣਸੀ ਜਗ ਤੇ ਬਾਦਸ਼ਾਹਾਂ ਦਾ ਸ਼ਾਹ,
ਮਾਰ ਮਾਰ ਕੇ ਸ਼ਤਰੂਆਂ ਦੇਸੀ ਅਲਖ ਮੁਕਾ,
ਯਾ ਫਿਰ ਹੋਣਾ ਏਸ ਨੇ ਭਾਰਾ ਕੋਈ ਫਕੀਰ,
ਛਡ ਕੇ ਰਾਜ ਹਕੂਮਤਾਂ ਹੋ ਜਾਸੀ ਦਿਲਗੀਰ।
ਦਿੱਸਣ ਅੱਖਾਂ ਇਹਦੀਆਂ ਸੋਚਾਂ ਨਾਲ ਗੜੂੰਦ,
ਕਿਰ ਪੈਂਦੀ ਸੂ ਮਲਕੜੇ ਕਦੀ ਕਦੀ ਕੋਈ ਬੂੰਦ।
ਦੱਸੋ ਤੁਸੀਂ ਸਿਆਣਿਉਂ ਲਾ ਕੇ ਸਾਰੀ ਵਾਹ,
ਸ਼ਹਿਜ਼ਾਦੇ ਦੇ ਡੱਕਣ ਦਾ ਮੈਨੂੰ ਕੋਈ ਉਪਾ।’’
ਸਭ ਤੋਂ ਵੱਡਾ ਮੰਤਰੀ ਕਹਿਣਾ ਲੱਗਾ, ‘‘ਸਰਕਾਰ,
ਲੱਖ ਫਿਕਰਾਂ ਤੇ ਘੁਣਾਂ ਦਾ ਦਾਰੂ ਇਕ ਪਿਆਰ।
ਬੁਣੋਂ ਉਦਾਲੇ ਏਸ ਦੇ ਤ੍ਰੀਆ ਰੂਪ ਦਾ ਜਾਲ,
ਕੀ ਜਾਣੇ ਇਹ ਛੋਕਰਾ ਰੂਪ ਨਸ਼ੇ ਨੂੰ ਹਾਲ।
ਅਜੇ ਨਾ ਤੱਕੇ ਏਸ ਨੂੰ ਸੁਰਗ-ਭੁਲਾਊ ਨੈਣ,
ਨੀਂਦਰ-ਲਿਆਊ ਬੁਲ੍ਹੀਆਂ, ਹੋਸ਼-ਭੁਲਾਉ ਬੈਣ।
ਲੱਭੋ ਇਸ ਦੇ ਵਾਸਤੇ ਕੁਲ ਦੁਨੀਆਂ ਨੂੰ ਛਾਣ,
ਸੁਹਲ-ਅੰਗੀਆਂ ਵਹੁਟੀਆਂ, ਸਖੀਆਂ ਚੰਨ ਸਮਾਨ।
ਕਿਉਂਕਿ ਬੱਝਣ ਖ਼ਿਆਲ ਨਾ ਜੋ ਜ਼ੰਜੀਰਾਂ ਨਾਲ,
ਬੰਨ੍ਹ ਵਖਾਏ ਉਨ੍ਹਾਂ ਨੂੰ ਨੱਢੀ ਦਾ ਇਕ ਵਾਲ।’’
‘‘ਵਾਹ ਵਾਹ’’, ਬੋਲੇ ਮੰਤਰੀ ਹੋ ਕੇ ਇਕ ਜ਼ਬਾਨ,
ਪਰ ਰਾਜੇ ਨੇ ਆਖਿਆ ‘‘ਜੇਕਰ ਦੁਨੀਆਂ ਛਾਣ,
ਲੱਭ ਲਿਆਈਏ ਉਸ ਲਈ ਵਹੁਟੀਆਂ ਵਾਂਗਰ ਚੰਦ,
ਹੋ ਸਕਦੈ ਉਹ ਕਰੇ ਨਾ ਸਾਡੀ ਚੋਣ ਪਸੰਦ।
ਜੇਕਰ ਗਿਰਦੇ ਓਸ ਦੇ ਮਹਿਕੇ ਬਾਗ਼ ਸਮਾਨ,
ਛਡੀਏ ਨਾਜ਼ੁਕ-ਅੰਗੀਆਂ, ਸਖੀਆਂ ਫੁਲ-ਸਾਮਾਨ,
ਹੋ ਸਕਦੈ ਉਹ ਸੁੰਦਰੀਆਂ ਸਕਣ ਨਾ ਉਸ ਨੂੰ ਮੋਹ
ਕਿਉਂਕਿ ਲੁਕਵੇਂ ਰਸਾਂ ਨੂੰ ਅਜੇ ਨਾ ਜਾਣੇ ਉਹ।’’
‘‘ਹਰਨਾ ਰਹਿੰਦਾ ਵੱਤਦਾ’’ ਬੋਲਿਆ ਦੂਆ ਅਮੀਰ
ਪਾਸੇ ਉਸ ਦੇ ਚੀਰਦਾ ਓੜਕ ਕੋਈ ਤੀਰ।
ਚਲਣੇ ਜਿੱਥੇ ਨਜ਼ਰ ਦੇ ਤਿੱਖੇ ਤੀਰ ਹਜ਼ਾਰ,
ਹੋ ਨਹੀਂ ਸਕਦਾ ਕੰਵਰ ਨੂੰ ਇਕ ਵੀ ਕਰੇ ਨਾ ਪਾਰ।
ਸਰਘੀ ਵਰਗਾ ਮੂੰਹ ਕੋਈ ਗੋਰਾ ਅਤੇ ਨਛੋਹ,
ਸ਼ਹਿਜ਼ਾਦੇ ਦੇ ਦਿਲ ਨੂੰ ਓੜਕ ਖੜਸੀ ਮੋਹ।
ਛੇਤੀ ਮਿਰੇ ਖ਼ਿਆਲ ਵਿਚ ਰਚੀਏ ਇਕ ਤਿਹਾਰ,
ਆਵਣ ਜਿੱਥੇ ਸੁੰਦਰੀਆਂ ਅਪਣਾ ਆਪ ਸ਼ਿੰਗਾਰ।
ਰੱਖੇ ਜਾਣ ਮੁਕਾਬਲੇ ਉਨ੍ਹਾਂ ਦੇ ਵਿਚਕਾਰ
ਨਾਚ, ਜਵਾਨੀ, ਹੁਸਨ ਦੇ, ਖੇਡਾਂ ਹੋਰ ਹਜ਼ਾਰ।
ਆਖਰ ਜਿੱਤਣ ਵਾਲੀਆਂ ਕਰ ਕਰ ਕੇ ਪਰਨਾਮ,
ਲੰਘਣ ਅਗੋਂ ਕੰਵਰ ਦੇ ਲੈ ਲੈ ਜਾਣ ਇਨਾਮ।
ਬੈਠੇ ਹੋਵਣ ਪਾਰਖੂ ਸ਼ਹਿਜ਼ਾਦੇ ਦੇ ਪਾਸ,
ਵੇਖਣ ਨਾਲ ਧਿਆਨ ਦੇ ਜੋ ਉਸ ਦੇ ਇਹਸਾਸ।
ਕਿਸ ਵੁਲ-ਬਦਨੀ ਖਿਚਿਆ ਉਸ ਨੂੰ ਆਪਣੇ ਵੱਲ,
ਕਰ ਗਈ ਕਿਹੜੀ ਮਲਕੜੇ ਉਹਦੀ ਗੁਲਾਬੀ ਗੱਲ੍ਹ।
ਤਾਂ ਜੇ ਉਸ ਦੀ ਚੋਣ ਨੂੰ ਲਈਏ ਅਸੀਂ ਪਛਾਣ,
ਕਰੀਏ ਰਾਜ ਕੁਮਾਰ ਨੂੰ ਖੁਸ਼ੀਆਂ ਵਿਚ ਗਲਤਾਨ।’’
ਕੀਤਾ ਏਸ ਸਲਾਹ ਨੂੰ ਸਭਨਾਂ ਨੇ ਪਰਵਾਨ,
ਆਏ ਫੇਰ ਢੰਡੋਰਚੀ ਰਾਜੇ ਦਾ ਫ਼ਰਮਾਨ:
‘‘ਆਓ ਸ਼ਾਹੀ ਜਸ਼ਨ ਵਿਚ ਹੋ ਕੇ ਸੰਭ ਤਿਆਰ,
ਢੋਏ ਦੇਸੀ ਸਭ ਨੂੰ ਥੋੜ੍ਹੇ ਬਹੁਤ ਕੁਮਾਰ,
ਐਪਰ ਜਿਹੜੀ ਹੁਸਨ ਵਿਚ ਸਭ ਨੂੰ ਪਾਸੀ ਮਾਤ
ਕੰਵਰ ਦਏਗਾ ਓਸ ਨੂੰ ਸਭ ਤੋਂ ਵਧ ਸੁਗਾਤ।’’
ਕਪਲੁ ਵਸਤੂ ਦੀਆਂ ਸੁੰਦਰੀਆਂ ਆਈਆਂ ਹੁਮ ਹੁਮਾ,
ਰੂਪ ਜਵਾਨੀ ਹੁਸਨ ਦਾ ਵੱਗ ਪਿਆ ਦਰਿਆ।
ਗੁੰਦੇ ਅੰਦਰ ਮੀਂਢੀਆਂ ਕਾਲੇ ਵਾਲ ਮਹੀਨ,
ਲੰਮ ਸਲਮੀਆਂ ਗੁਤਨੀਆਂ ਝੁਕ ਝੁਕ ਛੂਹਣ ਜ਼ਮੀਨ।
ਪਲਕਾਂ ਸੁਰਮੇ-ਰੱਜੀਆਂ ਲੰਮੀਆਂ ਅਤੇ ਬਰੀਕ,
ਅੱਖਾਂ ਸ਼ਰਮਾਂ-ਡੁਬੀਆਂ ਇਕ ਦੂੰ ਇਕ ਵਧੀਕ।
ਕੇਸਰ ਡੁਬੀਆਂ ਉਂਗਲਾਂ, ਮਹਿੰਦੀ ਰੰਗੇ ਪੈਰ,
ਮੱਥੇ ਲਗੀਆਂ ਬਿੰਦੀਆਂ ਦੀਵੇ ਬਲਣ ਦੁਪਹਿਰ।
ਸ਼ਾਲਾਂ ਵਿਚ ਵਲੇਟੀਆਂ, ਵਧੀਆਂ ਬੰਨ੍ਹ ਕਤਾਰ,
ਚਮਕਣ ਗਿੱਟੇ ਉਨ੍ਹਾਂ ਦੇ ਚੰਨ-ਟੁਕੜੀਆਂ ਹਾਰ।
ਸ਼ਹਿਜ਼ਾਦੇ ਦੇ ਅਗਿਉਂ ਲੰਘੀਆਂ ਮੱਠੀ ਚਾਲ,
ਝੁੱਕੇ ਵਲ ਜ਼ਮੀਨ ਦੇ ਨੈਣ ਸ਼ਰਮ ਦੇ ਨਾਲ।
ਧੜਕਣ ਅੰਦਰ ਸੀਨਿਆਂ ਨਰਮ ਉਨ੍ਹਾਂ ਦੇ ਦਿੱਲ,
ਬੈਠਾ ਰਿਹਾ ਕੰਵਰ ਪਰ, ਸ਼ਾਂਤ, ਅਡੋਲ, ਅਹਿੱਲ।
ਵਾਰੋ ਵਾਰੀ ਸੁੰਦਰੀਆਂ ਕਰ ਕਰ ਕੇ ਪਰਨਾਮ,
ਨੀਵੀਂ ਨੈਣੀ ਲੰਘੀਆਂ, ਲੈ ਲੈ ਕੇ ਇਨਆਮ।
ਵੇਖ ਕਿਸ ਦੇ ਹੁਸਨ ਨੂੰ ਲੋਕ ਜੇ ਪਾਂਦੇ ਸ਼ੋਰ,
ਖੜ੍ਹ ਜਾਂਦੀ ਉਹ ਛਹਿਟ ਕੇ ਡਰਿਆ ਜਿਵੇਂ ਜਨੌਰ।
ਕੋਮਲ ਹੱਥ ਕੁਮਾਰ ਦਾ ਝਟ ਦੇਣੀ ਫਿਰ ਛੁਹ
ਜਾ ਰਲਦੀ ਵਿਚ ਡਾਰ ਦੇ ਮਾਰ ਕੁਲਾਚਾਂ ਉਹ।
ਗਲ ਕੀ ਜਿਸ ਦੰਮ ਸੁੰਦਰੀਆਂ ਗਈਆਂ ਲੰਘ ਤਮਾਮ,
ਸਭ ਸੁਗਾਤਾਂ ਮੁਕੀਆਂ ਹੋ ਗਏ ਖ਼ਤਮ ਇਨਾਮ,
ਆਈ ਕੁੜੀ ਯਸੋਧਰਾਂ ਲੋਕ ਬਣੇ ਤਸਵੀਰ,
ਜੋਬਨ ਵਲੋਂ ਓਸ ਦੇ ਹੋਈ ਪਈ ਅਖੀਰ।
ਪਾਰਬਤੀ ਦੇ ਵਾਂਗਰਾਂ ਮਿੱਠੀ ਉਸ ਦੀ ਤੋਰ,
ਅੱਖਾਂ, ਜਿਵੇਂ ਪਿਆਰ ਵਿਚ ਹੁੰਦੀ ਕੋਈ ਪਠੋਰ।
ਵੇਖ ਓਸ ਦੇ ਹੁਨਰ ਨੂੰ ਗਿਆ ਸ਼ਹਿਜ਼ਾਦਾ ਹੱਲ,
ਭੱਖੀ ਵਾਂਗ ਗੁਲਾਬ ਦੇ ਗੋਰੀ ਉਸ ਦੀ ਗੱਲ੍ਹ।
ਦੋਵੇਂ ਸੁਹਲ ਹਥਾਲੀਆਂ ਸੀਨੇ ਉਤੇ ਰੱਖ
ਵਿਚ ਕੰਵਰ ਦੀ ਅੱਖ ਦੇ ਪਾਈ ਉਸ ਨੇ ਅੱਖ।
ਫਿਰ ਮੁਸਕਾ ਕੇ ਮਲਕੜੇ ਉਸ ਨੇ ਕੀਤੀ ਬਾਤ,
‘‘ਹੈ ਕੋਈ ਮੇਰੇ ਵਾਸਤੇ ਬਾਕੀ ਰਹੀ ਸੁਗਾਤ?’’
‘‘ਸਭ ਸੁਗਾਤਾਂ ਮੁਕੀਆਂ’’ ਹਸਿਆ ਰਾਜ ਕੁਮਾਰ
‘‘ਪਰ ਮੈਂ ਤੈਨੂੰ ਦਿਆਂਗਾ ਗਲ ਆਪਣੇ ਦਾ ਹਾਰ,
ਕਿਉਂਕਿ ਤੇਰੇ ਹੁਸਨ ਤੇ ਕਪਲ ਵਸਤੂ ਨੂੰ ਮਾਣ,
ਕੋਈ ਨਾ ਮੈਨੂੰ ਦਿਸਿਆ ਰੂਪ ਤੇਰੇ ਦਾ ਹਾਣ।’’
ਇਤਨਾ ਕਹਿ ਉਸ ਲਾਹਿਆ ਗਲੋਂ ਜ਼ਮੁਰਦੀ ਹਾਰ,
ਅੱਗੇ ਝੁਕੀ ਯਸੋਧਰਾਂ ਹੋ ਕੇ ਪੱਬਾਂ ਭਾਰ।
ਨਾਲ ਮੁਹੱਬਤ ਕੰਵਰ ਨੇ ਮਣਕੇ ਸਾਵੇ-ਘਾਹ,
ਸੁਹਲ ਸਾਂਵਲੇ ਲੱਕ ਦੇ ਦਿੱਤੇ ਗਿਰਦ ਵਲਾ।
ਰਲੀਆਂ ਚਾਰੇ ਅੱਖੀਆਂ ਹੋ ਕੇ ਕੋਲੋ ਕੋਲ,
ਗੁੱਝੀ ਕਿਸੇ ਜ਼ਬਾਨ ਵਿਚ ਬੋਲੀ ਗਈਆਂ ਕੋਈ ਬੋਲ।
ਹੋਇਆ ਜਿਹੜੇ ਵਕਤ ਆ ਸ਼ਾਹੀ ਜਸ਼ਨ ਅਖ਼ੀਰ,
ਪੁੱਛਣ ਲੱਗੇ ਕੰਵਰ ਤੋਂ ਮਿੱਠਤ ਨਾਲ ਵਜ਼ੀਰ,
‘‘ਕਿੱਦਾਂ ਗਈ ਯਸੋਧਰਾਂ ਇਕੋ ਝਲਕ ਵਿਖਾਲ,
ਸ਼ਾਂਤ ਤੁਹਾਡੀ ਹਿੱਕ ਵਿਚ ਪ੍ਰੇਮ ਚਿੰਗਾਰੀ ਬਾਲ?’’
ਇਹ ਸੁਣ ਗਲ੍ਹ ਕੁਮਾਰ ਦੀ ਭੱਖੀ ਵਾਂਗ ਗੁਲਾਬ,
ਦਿੱਤਾ ਉਸ ਨੇ ਹੱਸ ਕੇ ਏਦਾਂ ਨਾਲ ਜਵਾਬ:
ਇਹ ਨੱਢੀ ਨਹੀਂ ਵਾਕਫ, ਮੇਰੀ ਅੱਜ ਦੀ,
ਸਾਨੂੰ ਸਭਨਾਂ ਤਾਈਂ ਜਿੱਦਾਂ ਜਾਪਿਆ।
ਮੁਦਤਾਂ ਹੋਈਆਂ ਢੇਰ, ਸ਼ਿਕਾਰੀ ਯੁਵਕ ਇਕ
ਬਨ-ਕੁੜੀਆਂ ਦੇ ਨਾਲ, ਸੀਗਾ ਖੇਡਦਾ,
ਨੰਦਾ ਪਰਬਤ ਲਾਗੇ ਜਿਸ ਦੇ ਪੈਰ ਵਿਚ
ਯਮਨ-ਨਦੀ ਦੇ ਚਸ਼ਮੇ, ਚਾਂਦੀ ਉਗਲਦੇ।
ਮੁਨਸਫ ਵਾਂਗਰ ਬੈਠਾ, ਸੀ ਉਹ ਸਿੱਲ ਤੇ
ਦੌੜ ਰਹੀਆਂ ਸਨ ਕੁੜੀਆਂ, ਚੀਲਾਂ ਵਿਚ ਦੀ,
ਸ਼ਮਾਂ ਵੇਲੇ ਨਾਲ ਜਿੱਦਾਂ ਹਰਨੀਆਂ
ਦੌੜਨ ਨਾਲ ਕਲੋਲ ਲਾ ਲਾ ਚੁੰਗੀਆਂ।
ਇਕ ਨੂੰ ਦਿੱਤੀ ਉਸ ਨੇ ਮੁਕਟੀ ਫੁੱਲਾਂ ਦੀ,
ਗੋਹਲਾਂ ਦਾ ਫੁਲ-ਹਾਰ ਦਿੱਤਾ ਦੂਈ ਨੂੰ,
ਤੀਜੀ ਨੂੰ ਪਹਿਨਾਏ, ਖੰਭ ਸੁਹਾਵਣੇ
ਬਨ ਕੁਕੜਾਂ ਤੇ ਮੋਰਾਂ ਨਾਲੋਂ ਤ੍ਰਡ ਕੇ।
ਐਪਰ ਰਹੀ ਅਖੀਰ ਜਿਹੜੀ ਦੌੜ ਵਿਚ
ਸੁੰਦਰਤਾ ਵਿਚ ਜਾਪੀ ਅੱਵਲ ਓਸ ਨੂੰ।
ਦਿੱਤਾ ਇਕ ਕਸਤੂਰਾ ਉਹਨੂੰ ਪਾਲਤੂ,
ਨਾਲੇ ਆਪਣਾ ਦਿਲ ਝੂੰਗੇ ਵਿਚ ਹੀ।
ਓਸੇ ਜੰਗਲ ਵਿਚ, ਰਹਿ ਕੇ ਮੁੱਦਤਾਂ
ਕੱਠੇ ਨਾਲ ਪਿਆਰ ਦੋਵੇਂ ਮਰ ਗਏ।
ਜਿੱਦਾਂ ਲੁਕਵੇਂ ਬੀਂ ਪਾ ਕੇ ਮੁੱਦਤਾਂ,
ਫਾੜ ਜ਼ਿਮੀਂ ਦੀ ਹਿੱਕ ਓੜਕ ਉੱਗਦੇ,
ਏਦਾਂ ਦੁਖ ਤੇ ਸੁਖ, ਬਦੀਆਂ ਨੇਕੀਆਂ,
ਘਿਰਨਾ ਅਤੇ ਪਿਆਰ, ਕਿਰਤਾਂ ਮੋਈਆਂ-
ਉੱਗਣ ਦੂਜੀ ਵਾਰ ਦੇਵਣ ਫੱਲ ਉਹ
ਖਟੇ, ਮਿੱਠੇ, ਕੌੜੇ ਪਹਿਲੇ ਵਾਂਗਰਾਂ।
ਮੈਂ ਸਾਂ ਉਹੀਓ ਨੱਢਾ, ਅਤੇ ਯਸ਼ੋਧਰਾਂ
ਸੀਗੀ ਉਹੀਉ ਨੱਢੀ ਪਿਛਲੇ ਜਨਮ ਵਿਚ।
ਜਨਮ-ਮਰਨ ਦੇ ਚੱਕਰ, ਚੂੰਕਿ ਚਲ ਰਹੇ
ਸਾਡੀਆਂ ਸੁੱਤੀਆਂ ਪ੍ਰੀਤਾਂ ਪਈਆਂ ਜਾਗ ਹਨ।
ਮੇਲਾ ਤੱਕਣ ਵਾਲਿਆਂ ਜਾ ਰਾਜੇ ਦੇ ਕੋਲ,
ਜੋ ਕੁਝ ਸੁਣਿਆ ਤਕਿਆ ਤੁਰਤ ਸੁਣਾਇਆ ਖੋਲ੍ਹ।
ਕਿੱਦਾਂ ਲੰਘੀਆਂ ਨੱਢੀਆਂ ਸੁੰਦਰ, ਮਿਠੀਆਂ, ਸੋਹਲ,
ਕਿੱਦਾਂ ਰਾਜ ਕੁਮਾਰ ਸੀ ਬੈਠਾ ਰਿਹਾ ਅਡੋਲ।
ਕਿੱਦਾਂ ਕੁੜੀ ਯਸ਼ੋਧਰਾਂ ਸੁਪਰਬੁਧ ਦੀ ਧੀ
ਲੰਘੀ, ਅਤੇ ਕੁਮਾਰ ਦਾ ਕਾਬੂ ਰਿਹਾ ਨਾ ਜੀ।
ਕਿੱਦਾਂ ਤਕਿਆ ਉਨ੍ਹਾਂ ਨੇ ਇਕ ਦੂਜੇ ਦੇ ਵੱਲ,
ਕਿੱਦਾਂ ਹੋਈ ਕੁਮਾਰ ਦੀ ਹਵਾ ਪਿਆਜ਼ੀ ਗੱਲ੍ਹ।
ਹਾਰ ਜ਼ਮੁਰਦੀ ਦੇਣ ਦੀ ਗੱਲ ਵੀ ਦੱਸੀ ਖੋਲ੍ਹ,
ਨਾਲੇ ਅੱਖਾਂ ਸੋਹਣੀਆਂ ਬੋਲੇ ਸਨ ਜੋ ਬੋਲ।
ਇਹ ਗਲ ਸੁਣ ਕੇ ਸ਼ਾਹ
ਆਖਣ ਲੱਗਾ ਹੱਸ ਕੇ, ‘‘ਲਭ ਪਿਆ ਏ ਰਾਹ।
ਸੁਟ ਕੇ ਤੋਮੇਂ ਵਾਂਗਰਾਂ ਸਾਕਯ-ਕੁੜੀ ਦਾ ਨਾਜ਼,
ਲਾਹ ਸੱਕਾਂਗੇ ਹੁਣ ਅਸੀਂ ਬਦਲੀਂ ਉਡਦਾ ਬਾਜ਼।
ਛੇਤੀ ਭੇਜੋ ਆਦਮੀ ਸੁਪਰਬੁਧ ਦੇ ਕੋਲ,
ਮੰਗੋ ਕੰਨਿਆਂ ਓਸ ਦੀ ਬੋਲ ਮਿੱਠੜੇ ਬੋਲ।’’
ਐਪਰ ਇਕ ਰਵਾਜ ਸੀ ਓਸ ਬੰਸ ਵਿਚਕਾਰ,
ਜੇ ਕੋਈ ਜਿਤਣਾ ਚਾਹੁੰਦਾ ਸਾਕਯ ਕੁੜੀ ਦਾ ਪਿਆਰ,
ਦਸਣੇ ਪੈਂਦੇ ਸਨ ਉਹਨੂੰ ਫੌਜੀ ਕਸਬ ਕਮਾਲ,
ਬਿਦਣਾ ਪੈਂਦਾ ਸੀ ਉਹਨੂੰ ਹੋਰ ਵਰਾਂ ਦੇ ਨਾਲ।
ਚਾਲੂ ਇਹ ਰਿਵਾਜ ਸੀ ਇਸ ਕਰੜਾਈ ਸੰਗ,
ਰਾਜੇ ਵੀ ਸਨ ਓਸ ਨੂੰ ਸਕਦੇ ਨਹੀਂ ਉਲੰਘ।
ਸੁਪਰਬੁਧ ਨੇ ਇਸ ਲਈ ਕਹਿ ਘਲਿਆ ਹੱਥ ਜੋੜ:
‘‘ਸਾਕ ਪਏ ਹਨ ਮੰਗਦੇ, ਕਈ ਸ਼ਹਿਜ਼ਾਦੇ ਹੋਰ।
ਘੋੜੇ ਤੇਗ ਕਮਾਨ ਵਿਚ ਤੁਹਾਡਾ ਕੰਵਰ ਸੁਜਾਨ,
ਜੇ ਸਭਨਾਂ ਨੂੰ ਜਿਤ ਲਏ ਮੈਨੂੰ ਹੈ ਪਰਵਾਨ।
ਐਪਰ ਮੈਨੂੰ ਓਸ ਤੋਂ ਨਹੀਂਗੀ ਇਤਨੀ ਆਸ
ਰਹਿੰਦਾ ਸਾਧਾਂ ਵਾਂਗਰਾਂ ਜਿਹੜਾ ਸਦਾ ਉਦਾਸ।’’
ਇਹ ਗੱਲ ਸੁਣ ਕੇ ਹੋਇਆ ਰਾਜਾ ਬੜਾ ਹੈਰਾਨ,
ਕਿਉਂਕਿ ਵਿਚ ਮੁਕਾਬਲੇ ਸਨਗੇ ਕਈ ਜਵਾਨ।
ਵਿਚ ਕਮਾਨ ਚਲਾਣ ਦੇ ਦੇਵਦੱਤ ਬੇਜੋੜ,
ਵਾਹ ਸਕਦਾ ਸੀ ਅਰਦਜੁਨ ਸਭ ਘੋੜੇ ਮੂੰਹ-ਜ਼ੋਰ।
ਵਿਚ ਤਲਵਾਰ ਚਲਾਣ ਦੇ ਸੀ ਨੰਦਾ ਹੁਸ਼ਿਆਰ,
ਝੱਲ ਨਾ ਕੋਈ ਸਕਦਾ ਇਕ ਵੀ ਉਸ ਦਾ ਵਾਰ।
ਬੁੱਲ੍ਹਾਂ ਦੇ ਵਿਚ ਹਸਿਆ ਸੋਹਣਾ ਰਾਜ ਕੁਮਾਰ-
‘‘ਮੈਂ ਵੀ ਆਖ਼ਰ ਸਿਖੇ ਹਨ ਇਹ ਸਾਰੇ ਹਥਿਆਰ।
ਵਿਚ ਨਗਰ ਦੇ ਪਿਤਾ ਜੀ ਛੇਤੀ ਕਰੋ ਐਲਾਨ,
ਸਭਨਾਂ ਨੂੰ ਮੈਂ ਮਿਲਾਂਗਾ ਸਤਵੇਂ ਦਿਨ ਮਦਾਨ।
ਘੋੜੇ, ਤੇਗ, ਕਮਾਨ ਵਿਚ ਸਭ ਨੂੰ ਦੇਸਾਂ ਹਾਰ,
ਹੈ ਜੇ ਨਾਲ ਯਸ਼ੋਧਰਾਂ ਮੇਰਾ ਸੱਚਾ ਪਿਆਰ।’’
ਸਤਵੇਂ ਦਿਨ ਮੁਝਾਖਰੇ, ਕਰ ਕੇ ਕੁਲ ਸਮਿਆਨ,
ਸਾਕਯ ਬੰਸ ਦੇ ਸੂਰਮੇ ਨਿਤਰੇ ਵਿਚ ਮਦਾਨ।
ਪੇਂਡੂ, ਜੰਗਲੀ, ਸ਼ਹਿਰੀਏ ਆਏ ਘੱਤ ਵਹੀਰ,
ਤਿਲ ਨਾ ਭੁੰਜੇ ਡਿਗਦਾ ਐਸੀ ਹੋਈ ਭੀੜ।
ਆਈ ਬੈਠ ਯਸ਼ੋਧਰਾਂ ਰਥ-ਡੋਲੇ ਵਿਚਕਾਰ,
ਗਾਵਣ ਗੀਤ ਸਹੇਲੀਆਂ ਉੱਚੀ ਤਾੜੀ ਮਾਰ।
ਬਲਦਾਂ ਦੀਆਂ ਸਿੰਗੋਟੀਆਂ ਮੜ੍ਹੀਆਂ ਸੋਨੇ ਨਾਲ,
ਪੈਰ ਚਾਂਦੀ ਦੇ ਘੁੰਗਰੂ ਛਣ ਛਣ ਦੇਂਦੇ ਤਾਲ।
ਨੰਦਾ, ਅਰਜਨ, ਦੇਵਦੱਤ ਲਾਠੀ ਜਿਹੇ ਜਵਾਨ,
ਕਰਤਬ ਹੁਨਰ ਵਿਖਾਣ ਨੂੰ ਲੱਥੇ ਵਿਚ ਮਦਾਨ।
ਜਿਹੜੇ ਵੇਲੇ ਹੋ ਗਏ ਸੱਭੇ ਥੋਕ ਤਿਆਰ,
ਕੰਤਕ ਤੇ ਅਸਵਾਰ ਹੋ ਨਿਕਲਿਆ ਰਾਜ ਕੁਮਾਰ।
ਘੋੜਾ ਉਸ ਦਾ ਹਿਣਕਿਆ ਹੋ ਕੇ ਅੱਤ ਹੈਰਾਨ,
ਰੰਗ ਬਰੰਗਾ ਵੇਖ ਕੇ ਰਬ ਦਾ ਖੁਲ੍ਹਾ ਜਹਾਨ।
ਨਾਲੇ ਅੱਖਾਂ ਪਾੜ ਕੇ ਡਿਠੇ, ਰਾਜ ਕੁਮਾਰ,
ਹੋਰ ਤਰਾਂ ਦੇ ਆਦਮੀ ਵਖਰਾ ਹੀ ਸੰਸਾਰ।
ਕਿਧਰੇ ਲੀਰਾਂ ਲਮਕੀਆਂ, ਕਿਧਰੇ ਸੁੱਚੇ ਚੀਰ,
ਕਿਧਰੇ ਕੁੜ ਕੁੜ ਹੱਡੀਆਂ ਕਿਧਰੇ ਪਲੇ ਸਰੀਰ।
ਐਪਰ ਜਦੋਂ ਯਸ਼ੋਧਰਾਂ ਤਕੀ ਕੰਵਰ ਨੇ ਆਣ,
ਨੱਚੀ ਉਸ ਦੇ ਬੁੱਲ੍ਹਾਂ ਤੇ ਹਲਕੀ ਇਕ ਮੁਸਕਾਣ।
ਵਾਗਾਂ ਰੇਸ਼ਮ-ਗੁੰਦੀਆਂ ਖਿਚ ਕੇ ਫੁਰਤੀ ਨਾਲ,
ਜੋਸ਼ ਨਾਲ ਉਹ ਬੋਲਿਆ ਮਾਰ ਘੋੜਿਉਂ ਛਾਲ।
‘‘ਇਸ ਮੋਤੀ ਦੇ ਵਰਨ ਦਾ ਨਹੀਂ ਓਸ ਨੂੰ ਹੱਕ,
ਜਿਸ ਦੇ ਹੁਨਰ ਕਮਾਲ ਵਿਚ ਵਾਲ ਜਿੰਨਾ ਵੀ ਸ਼ੱਕ।
ਮੇਰੇ ਨਾਲ ਮੁਕਾਬਲਾ ਬੇਸ਼ਕ ਕਰਨ ਰਕੀਬ,
ਨਗ ਮਿਲਸੀ ਇਹ ਓਸ ਨੂੰ ਜਿਸ ਦੇ ਬੜੇ ਨਸੀਬ।’’
ਇਹ ਗੱਲ ਸੁਣਦੇ ਸਾਰ, ਰਾਜ ਕੁਮਾਰ ਨੂੰ,
ਤੀਰ ਹੁਨਰ ਵਿਚਕਾਰ ਨੰਦ ਵੰਗਾਰਿਆ।
ਕਾਂਸ਼ੀ ਦਾ ਇਕ ਢੋਲ ਨਿਸ਼ਾਨ ਫੁੰਡਣ ਨੂੰ,
ਛੇ ਫਰਲਾਂਗਾਂ ਕੋਲ ਉਹਨੇ ਰੱਖਿਆ।
ਏਨੀ ਹੀ ਵਿਥ ਉਤੇ ਰੱਖਿਆ ਅਰਦਜੁਨ,
ਪਰ ਕੰਵਰ ਦਾ ਢੋਲ ਉਸ ਦੇ ਕਹਿਣ ਤੇ
ਦਸ ਫਰਲਾਂਗਾਂ ਕੋਲ ਉਨ੍ਹਾਂ ਟਿਕਾਇਆ,
ਜਿੱਥੋਂ ਵਾਂਗਰ ਚੌਲ ਸੀ ਉਹ ਦਿੱਸਦਾ।
ਵਾਰੋ-ਵਾਰੀ ਛੱਡੇ ਸਭਨਾਂ ਤੀਰ ਫਿਰ,
ਨੰਦੇ ਆਪਣਾ ਫੁੰਡਿਆ, ਅਰਜਨ ਆਪਣਾ,
ਦੇਵਦੱਤ ਦਾ ਤੀਰ ਸ਼ਾਂ ਸ਼ਾਂ ਘੂਕਦਾ
ਦੋਵੇਂ ਵਖੀਆਂ ਚੀਰ ਲੰਘਿਆ ਢੋਲ ਚੋਂ,
ਲੋਕਾਂ ਪਾਇਆ ਸ਼ੋਰ ਖੁਸ਼ੀ ਪਿਆਰ ਦਾ।
ਲਈ ਸੁਨਹਿਰੀ ਸਾੜ੍ਹੀ ਖਿੱਚ ਯਸ਼ੋਧਰਾਂ,
ਤਾਂ ਜੇ ਦਿਸੇ ਨਾ ਉਹਨੂੰ ਆਪਣੇ ਕੰਵਰ ਦਾ,
ਹੀਰਿਆਂ ਜੜਿਆ ਤੀਰ ਨਿਸ਼ਾਨਿਓਂ ਖੁੰਝਦਾ
ਚੁਕੀ ਫੇਰ ਕਮਾਨ ਸ਼ਹਿਜ਼ਾਦੇ ਉਨ੍ਹਾਂ ਦੀ,
ਬਣੀ ਹੋਈ ਸੀ ਜਿਹੜੀ ਪੱਕੇ ਬੈਂਤ ਦੀ।
ਤੰਦੀਆਂ ਨਾਲ ਵਲ੍ਹੇਟੀ ਸੀ ਉਹ ਕੱਸ ਕੇ,
ਚਾਂਦੀ ਤਾਰਾਂ ਗੁੰਦੀ ਉਸ ਦੀ ਡੋਰ ਸੀ।
ਜਣੇ ਖਣੇ ਦਾ ਕੰਮ ਨਾ ਉਸ ਨੂੰ ਖਿੱਚਣਾ,
ਵਿਰਲੀ ਕੋਈ ਜਵਾਨੀ ਉਸ ਨੂੰ ਤੀਰਦੀ।
ਸ਼ਹਿਜ਼ਾਦੇ ਨੇ ਹਸ ਤੁਣਕਾਇਆ ਡੋਰ ਨੂੰ,
ਕੰਨਾਂ ਤਾਣੀ ਖਿਚਦਾ ਖਿਚਦਾ ਲੈ ਗਿਆ,
ਇਥੋਂ ਤਕ ਕਿ ਮਿਲ ਗਏ ਸਿੰਙ ਕਮਾਨ ਦੇ,
ਤੜ ਤੜ ਕਰਦੀ ਟੋਟੇ ਹੋ ਕੇ ਜਾ ਪਈ।
ਹਸਦੇ ਹਸਦੇ ਆਖਿਆ ਕੰਵਰ ਵੰਗਾਰ ਕੇ,
‘‘ਇਹ ਹੈ ਨਿਰੀ ਖਿਡਾਲ ਨਾ ਲਾਇਕ ਪਿਆਰ ਦੇ।
ਕੀ ਕੋਈ ਚੰਗੀ ਹੋਰ ਨਾ ਇਸ ਤੋਂ ਸੋਹਣਿਉਂ
ਸਾਕਯ ਬੰਸ ਦੇ ਸੂਰੇ ਜਿਸ ਨੂੰ ਵਰਤਦੇ?’’
ਬੋਲਿਆ ਇਕ ਜਵਾਨ, ‘‘ਮੰਦਰ ਵਿਚ ਪਿਆ
ਸਿਨਹਾਨੂੰ ਦਾ ਧੰਨਸ਼ ਬੜਿਆਂ ਚਿਰਾਂ ਦਾ
ਜਿਸ ਨੂੰ ਕੋਈ ਚਿਲੇ ਚਾੜ੍ਹ ਨਾ ਸਕਦਾ।’’
‘‘ਲਿਆਓ,’’ ਕਿਹਾ ਕੁਮਾਰ ‘‘ਮੇਰੇ ਵਾਸਤੇ
ਉਹ ਸੋਹਣਾ ਹਥਿਆਰ ਕਿਸੇ ਜਵਾਨ ਦਾ।’’
ਪਲੋਪਲੀ ਵਿਚ ਲਿਆਏ ਉਹਨੂੰ ਚੁੱਕ ਕੇ
ਬਣਿਆ ਸੀ ਜੋ ਸਾਰਾ ਨਿਰੇ ਫੌਲਾਦ ਦਾ।
ਘੇਰਿਆਂ ਉਤੇ ਸੀਗੇ ਜਿਸ ਦੇ ਉੱਕਰੇ,
ਖ਼ਾਲਸ ਸੋਨੇ ਨਾਲ ਨਕਸ਼ੇ ਓਪਰੇ।
ਗੋਡੇ ਉਤੇ ਰੱਖ, ਰਾਜ ਕੁਮਾਰ ਨੇ
ਤਾਕਤ ਉਸ ਦੀ ਜਾਚੀ, ਟੋਹਿਆ, ਪਰਖਿਆ,
ਆਖਿਆ ਫੇਰ ਵੰਗਾਰ, ‘‘ਵੀਰੋ ਮੇਰਿਓ,
ਫੰਡੋ ਰਤਾ ਨਿਸ਼ਾਨਾ ਇਸ ਦੇ ਨਾਲ ਹੁਣ।’’
ਡੇਢ ਗਿੱਠ ਤੋਂ ਵੱਧ ਪਰ ਨਾ ਖਿਚਿਆ
ਗਿਆ ਕਿਸੇ ਦੇ ਕੋਲੋਂ ਕਰੜਾ ਧੰਨਸ਼ ਉਹ।
ਰਾਜ ਕੰਵਰ ਨੇ ਝਬ ਪਰ ਅੱਗੇ ਵਧ ਕੇ
ਲਾ ਹੇ ਹਿਕ ਦਾ ਜ਼ੋਰ ਖਿਚਿਆ ਧੰਨਸ਼ ਨੂੰ।
ਦਿੱਤਾ ਫੇਰ ਤਣੁੱਕਾ ਐਸਾ ਡੋਰ ਨੂੰ,
ਉੱਚੀ ਵਿਚ ਹਵਾ ਲਰਜ਼ਾਂ ਘੱਤਦੀ
ਉੱਠੀ ਐਸੀ ਭਰਵੀਂ ਗੂੰਜਰ ਓਸ ਦੀ
ਕਿ ਬੁੱਢੀਆਂ ਨੇ ਪੁੱਛਿਆ ਆਪਣੇ ਘਰਾਂ ਵਿਚ-
‘‘ਕੀ ਹੈ ਇਹ ਗੂੰਜਾਰ?’’ ਲੋਕਾਂ ਦੱਸਿਆ,
‘‘ਸਿਨਹਾਨੂੰ ਦੇ ਧੰਨਸ਼, ਦੀ ਹੈ ਗੂੰਜ ਇਹ
ਜਿਸਦੇ ਨਾਲ ਕੁਮਾਰ ਨਿਸ਼ਾਨਾ ਫੁੰਡਣਾ।’’
ਮੁੱਕਦੀ ਗਲ ਸ਼ਹਿਜ਼ਾਦੇ ਚੁਕਿਆ ਬਾਣ ਇਕ
ਲਾ ਗੋਡੇ ਦੀ ਟੇਕ ਚਿੱਲੇ ਚਾਹੜਿਆ,
ਤੇ ਖਿੱਚ ਕੰਨਾਂ ਤਕ ਹੱਥੋਂ ਛੱਡਿਆ,
ਉਡਿਆ ਸੋਹਣਾ ਤੀਰ ਅੰਬਰ ਚੀਰਦਾ,
ਸਭ ਤੋਂ ਪਰਲੇ ਢੋਲ ਵਿਚਦੀ ਲੰਘਦਾ
ਹੋਇਆ ਆਖਰ ਉਹਲੇ ਬਾਸ਼ੇ ਵਾਂਗਰਾਂ
ਜਿੱਥੇ ਜ਼ਿਮੀਂ ਸਮਾਨ ਜੱਫੀ ਪਾਉਂਦੇ।
ਦੇਵਦਤ ਲਲਕਾਰਿਆ ਫਿਰ ਕਢ ਕੇ ਤਲਵਾਰ,
ਛੇ ਉਂਗਲਾਂ ਮੋਟਾ ਤਨਾ ਵਢ ਗਿਆ ਪਹਿਲੇ ਵਾਰ।
ਨੰਦੇ ਵੱਢਿਆ ਨੌਂਗਲਾਂ, ਅਰਜਨ ਕੱਟਿਆ ਸੱਤ,
ਫਿਰ ਸ਼ਹਿਜ਼ਾਦਾ ਉਠਿਆ, ਧਰ ਕਬਜ਼ੇ ਤੇ ਹੱਥ।
ਮੋਟੇ ਨੌਂ ਨੌਂ ਉਂਗਲਾਂ ਤਨੇ ਜੁੜੇ ਸਨ ਦੋ,
ਵੱਲ ਉਨ੍ਹਾਂ ਦੇ ਲਪਕਿਆ, ਖਾ ਸ਼ਹਿਜ਼ਾਦਾ ਰੋਹ।
ਪਾਰ ਕੀਤੀ ਤਲਵਾਰ ਉਸ ਏਸ ਸਫ਼ਾਈ ਨਾਲ,
ਖੜੇ ਖੜੋਤੇ ਰਹਿ ਗਏ ਦੋਵੇਂ ਹੀ ਉਹ ਡਾਲ।
ਇਹ ਤਕ ਨੰਦਾ ਮੱਚਿਆ ਉੱਚੀ ਖਿੱਲੀ ਮਾਰ
‘‘ਮੇਰੀ ਜਾਚੇ ਮੁੜ ਗਈ ਕੰਵਰ ਤੇਗ਼ ਦੀ ਧਾਰ।’’
ਕੰਬੀ ਫੇਰ ਯਸ਼ੋਧਰਾਂ ਸਜਰੇ ਫਿਕਰਾਂ ਨਾਲ,
ਦੇਖ ਖਲੋਤੇ ਹਵਾ ਵਿਚ ਹਰੇ ਭਰੇ ਉਹ ਡਾਲ।
ਐਪਰ ਪੌਣ ਕੁਮਾਰ ਨੇ ਝੋਲੀ ਤੁਰਤ ਹਵਾ,
ਦੋਵੇਂ ਡਾਲ ਅਛੋਪਲੇ ਪਏ ਰੇਤ ਤੇ ਆ।
ਫੇਰ ਲਿਆਂਦੇ ਉਨ੍ਹਾਂ ਨੇ ਘੋੜੇ ਬੜੇ ਅਸੀਲ,
ਸੁਮ ਨਿੱਕੇ, ਕੰਨ ਪੱਤਲੇ, ਬੇਹਦ ਸੋਹਣੀ ਡੀਲ
ਹੋਈਆਂ ਵਿਚ ਮੈਦਾਨ ਦੇ ਘੁੜਦੌੜਾਂ ਤ੍ਰੈ ਵਾਰ,
ਐਪਰ ਚਿੱਟਾ ਕੰਤਕਾ ਦੇ ਗਿਆ ਸਭ ਨੂੰ ਹਾਰ।
ਮੂੰਹ ਉਹਦੇ ਚੋਂ ਜ਼ਿਮੀ ਤੇ ਜਿੱਚਰ ਡਿਗਦੀ ਝੱਗ,
ਵੀਹ ਨੇਜ਼ੇ ਦਾ ਫਾਸਲਾ ਜਾਂਦਾ ਸੀ ਉਹ ਲੱਘ।
ਇਸ ਲਈ ਨੰਦਾ ਬੋਲਿਆ ਮਾਰ ਘੋੜਿਓਂ ਛਾਲ,
‘‘ਲੈ ਕੇ ਐਸਾ ਕੰਤਕਾ ਜਿਤਣਾ ਨਹੀਂ ਕਮਾਲ।
ਅਣ-ਸਿਧਿਆਂ ਘੋੜਾ ਕੋਈ ਲਿਆਵੋ ਛੇਤੀ ਭਾਲ,
ਤਾਂ ਜੇ ਦੇਖਣ ਪਾਰਖੂ ਕਿਸ ਦਾ ਵੱਧ ਕਮਾਲ।’’
ਵਹਿਸ਼ੀ ਇਕ ਜਨੌਰ ਨੂੰ ਤਿਹਰੇ ਘੱਤ ਜ਼ੰਜੀਰ,
ਪਿੜ ਦੇ ਵਿਚ ਘਸੀਟ ਦੇ ਲਿਆਂਦਾ ਗਿਆ ਅਖ਼ੀਰ।
ਵਹਿਸ਼ੀ ਉਸ ਦੀਆਂ ਅੱਖੀਆਂ, ਬਿਫਰੀ ਹੋਈ ਅਯਾਲ,
ਅਣ-ਸਿਧਿਆ, ਅਣ-ਜ਼ੀਨਿਆ, ਸੁਮੀਂ ਲਗੇ ਨਾ ਨਾਹਲ।
ਤਿੰਨ ਤਿੰਨ ਵਾਰਾਂ ਸੂਰਮੇ ਹੋਏ ਉਸ ਤੇ ਸਵਾਰ,
ਪਰ ਪਟਕਾਏ ਓਸ ਨੇ ਧੂੜ ਸ਼ਰਮ ਵਿਚਕਾਰ।
ਐਪਰ ਕੁਝ ਚਿਰ ਅਰਜਦਨ ਵਖੀਆਂ ਉਸ ਦੀਆਂ ਦੱਬ,
ਗੇੜਾ ਇਕ ਮੈਦਾਨ ਦਾ ਲਿਆਂਦਾ ਕਿਸੇ ਸਬਬ।
ਐਪਰ ਅਗਲੇ ਪਲ ਹੀ ਪਿੰਨੀ ਨੂੰ ਚਕ ਮਾਰ,
ਅਰਜਨ ਨੂੰ ਉਸ ਸੁਟਿਆ ਧਰਤੀ ਤੇ ਪਟਕਾਰ।
ਇਹ ਤਕ ਪਾਈ ਦਰਸ਼ਕਾਂ ਉੱਚੀ ਕੂਕ ਪੁਕਾਰ,
ਚੜ੍ਹੇ ਨਹੀਂ ਇਸ ਭੂਤ ਤੇ ਸਾਡਾ ਰਾਜ ਕੁਮਾਰ।
ਪਰ ਸ਼ਹਿਜ਼ਾਦੇ ਆਖਿਆ, ‘‘ਦੇਵੋ ਖੋਲ੍ਹ ਜ਼ੰਜੀਰ,’’
ਵਿੱਚੋ ਵਿਚ ਯਸ਼ੋਧਰਾਂ ਫੇਰ ਹੋਈ ਦਿਲਗੀਰ।
ਘੋੜੇ ਦੇ ਵਲ ਵਧਿਆ ਸੋਹਣਾ ਰਾਜਕੁਮਾਰ,
ਬੋਦੀ ਉਹਦੀ ਮਲਕੜੇ ਫੜ ਲਈ ਨਾਲ ਪਿਆਰ।
ਸੁਹਲ ਤਲੀ ਫਿਰ ਆਪਣੀ ਪੁਚ ਪੁਚ ਕਰਕੇ ਢੇਰ
ਉਸ ਦੀਆਂ ਵਹਿਸ਼ੀ ਅੱਖੀਆਂ ਉਪਰ ਦਿੱਤੀ ਫੇਰ।
ਕੋਮਲ ਉਂਗਲਾਂ ਉਹਦੀਆਂ ਲੰਮੀਆਂ ਅਤੇ ਬਰੀਕ,
ਹੌਲੀ ਹੌਲੀ ਤਿਲਕ ਕੇ ਪੁਜੀਆਂ ਧੁੰਨੀ ਤਕ।
ਫਿਰ ਗਰਦਨ ਤੋਂ ਲੰਘਦੀਆਂ ਰੇਸ਼ਮ ਲਛਿਆਂ ਹਾਰ,
ਘਰ ਘਰ ਕਰਦੀਆਂ ਵੱਖੀਆਂ ਉਤੋਂ ਹੋਈਆਂ ਪਾਰ।
ਵਹਿਸ਼ੀ ਘੋੜਾ ਖੜ ਗਿਆ ਹੋ ਕੇ ਅਤ ਨਿਰਮਾਣ
ਜਾਣੋ ਸੀਗੀ ਉਨ੍ਹਾਂ ਵਿਚ ਪਹਿਲੋਂ ਜਾਣ ਪਛਾਣ।
ਦੇ ਕੇ ਥਾਪੀ ਕੰਵਰ ਨੇ ਮਾਰੀ ਉਸ ਤੇ ਛਾਲ,
ਬਿਟ ਬਿਟ ਰਹਿ ਗਏ ਤਕਦੇ ਲੋਕ ਹੈਰਾਨੀ ਨਾਲ।
ਕਰ ਕੇ ਬਾਹਾਂ ਉੱਚੀਆਂ ਸਭਨਾਂ ਪਾਇਆ ਸ਼ੋਰ,
‘‘ਬਸ ਬਸ ਬਹੁਤੀ ਬਿਦਣ ਦੀ ਲੋੜ ਨਹੀਂ ਹੁਣ ਹੋਰ।’’