‘ਆਓ ਸੱਚ ਜਾਣੀਏ’ ਦੇ ਅੰਦਰਲਾ ਸੱਚ

‘ਆਓ ਸੱਚ ਜਾਣੀਏ’ ਦੇ ਅੰਦਰਲਾ ਸੱਚ

ਹਰਿਭਜਨ ਸਿੰਘ ਭਾਟੀਆ

‘ਆਓ ਸੱਚ ਜਾਣੀਏ’ ਸੁਰਜਨ ਜ਼ੀਰਵੀ ਦੀ ਅਦਬੀ ਨਸਰ ਦੀ ਦੂਸਰੀ ਪੁਸਤਕ ਹੈ। ਪਹਿਲੀ ਪੁਸਤਕ ‘ਇਹ ਹੈ ਬਾਰਬੀ ਸੰਸਾਰ’ ਠੀਕ ਡੇਢ ਦਹਾਕਾ ਪਹਿਲਾਂ ਯਾਨੀ 2005 ਵਿਚ ਪ੍ਰਕਾਸ਼ਿਤ ਹੋਈ ਸੀ। ਪਹਿਲੀ ਪੁਸਤਕ ਨੇ ਹੀ ਅਦਬੀ ਦੁਨੀਆ ਨਾਲ ਜੁੜੇ ਪਾਠਕਾਂ ਦਾ ਆਪਣੇ ਗੌਰਵਸ਼ਾਲੀ ਵੱਥ, ਇਸ ਵੱਥ ਦੇ ਪੂਰੇ ਵਿਸ਼ਵ ਦੇ ਸੁਲਗ਼ਦੇ ਮਸਲਿਆਂ ਤੇ ਫ਼ਿਕਰਾਂ ਤਕ ਫੈਲੇ ਵਿਸ਼ਾਲ ਘੇਰੇ, ਵਰਤਾਰਿਆਂ ਹੇਠਾਂ ਕੰਮ ਕਰਦੇ ਸੱਚ ਜਾਂ ਅਸਲੀਅਤ ਦੀ ਤਲਾਸ਼, ਸਰਲ ਸਪੱਸ਼ਟ ਤੇ ਤਨਜ਼ੀਆ ਅੰਦਾਜ਼ ਅਤੇ ਤਰੱਕੀਪਸੰਦ ਮਾਨਵੀ ਸਰੋਕਾਰਾਂ ਨਾਲ ਨੱਥੀ ਨਜ਼ਰੀਏ ਕਰਕੇ ਧਿਆਨ ਖਿੱਚਿਆ ਸੀ। ਪਾਠਕ ਨੂੰ ਥਾਪੜਣ ਸੁਆਉਣ ਵਾਲੀ ਨਹੀਂ ਸਗੋਂ ਪੂਰੀ ਦੁਨੀਆ ਦੇ ਮਸਲਿਆਂ ਪ੍ਰਤਿ ਚੇਤਨ ਤੇ ਜਾਗਰੂਕ ਕਰਨ ਵਾਲੀ ਇਸ ਲਿਖਤ ਦੇ ਪਿੱਛੇ ਇਸਦੇ ਰਚਨਹਾਰੇ ਦਾ ਡੂੰਘਾ ਤਜਰਬਾ, ਵਿਸ਼ਾਲ ਗਿਆਨ, ਸਪੱਸ਼ਟ ਸੋਚ, ਸੰਵੇਦਨਸ਼ੀਲਤਾ ਅਤੇ ਮਾਨਵੀ ਸਰੋਕਾਰਾਂ ਪ੍ਰਤੀ ਸੱਚੀ ਸ਼ਰਧਾ ਸਾਫ਼ ਝਾਕਦੀ ਦਿਖਾਈ ਦਿੱਤੀ। ਨਿਰਸੰਦੇਹ, ਚਿਰਾਂ ਪਿੱਛੋਂ ਪਾਠਕਾਂ ਨੂੰ ਅਜਿਹੀ ਲਿਖਤ ਹੱਥ ਲੱਗੀ ਸੀ ਜਿਹੜੀ ਜ਼ਮਾਨੇ ਦੇ ਕੂੜ, ਭੇਖ ਅਤੇ ਅਡੰਬਰ ਹੇਠਾਂ ਕੰਮ ਕਰਦੀ ਅਸਲੀਅਤ ਦੇ ਵੱਖ ਵੱਖ ਪਾਸਾਰਾਂ ਨੂੰ ਨਸ਼ਰ ਕਰਨ ਦੇ ਸਮਰੱਥ ਹੋਵੇ। ਇਸ ਲਿਖਤ ਨੂੰ ‘‘ਸਾਹਿਤਕ ਗੱਦ ਦੀ ਸ਼੍ਰੇਣੀ’’ ਵਿਚ ਰੱਖਦੇ ਹੋਏ ਜੋਗਿੰਦਰ ਸਿੰਘ ਰਾਹੀ ਨੇ ਪੁਸਤਕ ਦੀ ਭੂਮਿਕਾ ਵਿਚ ਟਿੱਪਣੀ ਕੀਤੀ ਸੀ ਕਿ ‘‘ਇਸ ਗੱਦ-ਪੁਸਤਕ ਵਰਗੀ ਕੋਈ ਪੁਸਤਕ ਪਹਿਲਾਂ ਸਾਡੇ ਆਧੁਨਿਕ ਸਾਹਿਤ ਵਿਚ ਪੈਦਾ ਨਹੀਂ ਹੋਈ।’’ ਮਾਰਗ-ਦਰਸ਼ਨ ਕਰਨ ਵਾਲੀ ਇਸ ਅਨੂਠੀ ਰਚਨਾ ਮਗਰੋਂ ਪਾਠਕ ਉਸਦੀ ਅਗਲੀ ਗੱਦ-ਰਚਨਾ ਦੀ ਬੇਤਾਬੀ ਨਾਲ ਉਡੀਕ ਕਰਨ ਲੱਗੇ। ਇਕਬਾਲ ਮਾਹਲ ਅਤੇ ਸਤੀਸ਼ ਗੁਲਾਟੀ ਦੇ ਸੁਹਿਰਦ ਯਤਨਾਂ ਨਾਲ ਸਾਹਮਣੇ ਆਈ ਇਸ ਪੁਸਤਕ ‘ਆਓ ਸੱਚ ਜਾਣੀਏ’ ਨੇ ਸਜੱਗ ਪਾਠਕਾਂ ਦੀ ਜਗਿਆਸਾ ਨੂੰ ਤ੍ਰਿਪਤ ਅਤੇ ਸੁਪਨੇ ਨੂੰ ਸਾਕਾਰ ਕੀਤਾ ਹੈ। ਅਸਲ ਵਿਚ ਵੱਖ ਵੱਖ ਸਮੇਂ ਪ੍ਰਕਾਸ਼ਿਤ ਹੋਈਆਂ ਇਹ ਦੋਵੇਂ ਪੁਸਤਕਾਂ ਅੱਡ ਅੱਡ ਵੀ ਹਨ ਅਤੇ ਇਕ ਦੂਸਰੇ ਨਾਲ ਗਹਿਰੇ ਰਿਸ਼ਤੇ ਵਿਚ ਬੱਝੀਆਂ ਹੋਈਆਂ ਵੀ। ਦੋਵੇਂ ਗੱਦ ਪੁਸਤਕਾਂ ਜ਼ਮਾਨੇ ਦੇ ਕੂੜ, ਭੇਖ, ਆਡੰਬਰ ਅਤੇ ਦਿਖਾਵੇ ਨੂੰ ਨਸ਼ਰ ਕਰਕੇ ਬੰਦੇ ਦੀ ਸੰਵੇਦਨਸ਼ੀਲਤਾ ਨੂੰ ਜਗਾਉਂਦੀਆਂ ਅਤੇ ਉਸ ਨੂੰ ਮਾਨਵੀ ਚਿੰਤਾਵਾਂ ਅਤੇ ਸਰੋਕਾਰਾਂ ਨਾਲ ਜੋੜਦੀਆਂ ਨਜ਼ਰੀਂ ਪੈਂਦੀਆਂ ਹਨ।

ਸੁਰਜਣ ਜ਼ੀਰਵੀ

‘ਆਓ ਸੱਚ ਜਾਣੀਏ’ ਪੁਸਤਕ ਦੇ ਲੇਖਕ ਸੁਰਜਨ ਜ਼ੀਰਵੀ ਨੂੰ ਪੰਜਾਬੀ ਪੱਤਰਕਾਰੀ ਦੇ ਖੇਤਰ ਵਿਚ ਲੰਮਾ ਤਜਰਬਾ ਹਾਸਲ ਹੈ। ਉਸ ਨੇ ਆਪਣੇ ਜੀਵਨ ਦਾ ਤਾਵੀਲ ਅਰਸਾ ਪੰਜਾਬੀ ਅਖ਼ਬਾਰ ‘ਨਵਾਂ ਜ਼ਮਾਨਾ’ ਵਿਚ ਕੰਮ ਕਰਦਿਆਂ ਗੁਜ਼ਾਰਿਆ ਹੈ। ਪੱਤਰਕਾਰੀ ਦੇ ਹਲਕਿਆਂ ਵਿਚ ਬਤੌਰ ਉਸਤਾਦ ਉਸਦੀ ਚੋਖੀ ਇੱਜ਼ਤ ਅਤੇ ਕਦਰ ਹੈ। ਇਸ ਖੇਤਰ ਵਿਚ ਆਪਣਾ ਬਣਦਾ ਕਿਰਦਾਰ ਨਿਭਾਉਣ, ਕਿਰਦਾਰ ਦੇ ਮਿਆਰ ਨੂੰ ਬੁਲੰਦ ਰੱਖਣ, ਸੱਚ ਦੀ ਭਾਲ ਕਰਨ ਅਤੇ ਉਸ ਉੱਪਰ ਪਹਿਰਾ ਦੇਣ ਲਈ ਉਸ ਨਵੀਂ ਪੀੜ੍ਹੀ ਦੇ ਪੱਤਰਕਾਰਾਂ ਨੂੰ ਬਹੁਤ ਸਾਰੇ ਸੂਤਰ ਦਿੱਤੇ ਅਤੇ ਨੁਸਖਿਆਂ ਦਾ ਦਰਸ ਦਿੱਤਾ ਹੈ। ਮੰਡੀ ਤੇ ਬਜ਼ਾਰੂ ਯੁੱਗ ਵਿਚ ਕਿੰਨਿਆਂ ਨੇ ਉਸ ਦੇ ਸਬਕ ਨੂੰ ਆਪਣੀ ਜ਼ਿੰਦਗੀ ਦਾ ਹਾਸਲ ਜਾਣ ਆਪਣੀ ਜੀਵਨ ਸ਼ੈਲੀ ਦਾ ਹਿੱਸਾ ਬਣਾਇਆ ਹੈ? ਇਹ ਇਕ ਵੱਖਰਾ ਸਵਾਲ ਹੈ। ਜ਼ੀਰਵੀ ਹੋਰਾਂ ਦੀ ਸੁਹਿਰਦਤਾ, ਇਮਾਨਦਾਰੀ ਅਤੇ ਜੁਰੱਅਤ ਉੱਪਰ ਉਂਗਲ ਧਰਨੀ ਮੁਮਕਿਨ ਨਹੀਂ। ਇਹ ਪੁਸਤਕ ਜਿਸ ਸ਼ਖ਼ਸੀਅਤ (ਸੁਚੱਜੀ ਤੇ ਇਮਾਨਦਾਰ ਸਿਆਸੀ ਸ਼ਖ਼ਸੀਅਤ ਸਤਿਪਾਲ ਡਾਂਗ) ਨੂੰ ਸਮਰਪਿਤ ਕੀਤੀ ਹੈ ਠੀਕ ਉਸੇ ਭਾਂਤ ਦਾ ਹੀ ਸਾਦਗੀ ਅਤੇ ਸੁੱਚਤਾ ਭਰਿਆ ਜੀਵਨ ਬਸਰ ਕੀਤਾ ਹੈ ਜ਼ੀਰਵੀ ਨੇ। ਮਹਿਲ, ਮਾੜੀਆਂ ਤੇ ਮਰਤਬੇ ਦੀ ਅੰਨ੍ਹੀ ਦੌੜ ਨੂੰ ਉਸ ਜੀਵਨ ਦਾ ਆਦਰਸ਼ ਅਤੇ ਪੈਮਾਨਾ ਨਹੀਂ ਮੰਨਿਆ; ਜੀਵਨ ਦੇ ਅਸਲ ਮਕਸਦ ਦੀ ਤਲਾਸ਼ ਨੂੰ ਉਸ ਹਮੇਸ਼ਾ ਆਪਣੇ ਸੰਗ ਸਾਥ ਰੱਖਿਆ ਹੈ। ਇਸੇ ਲਈ ਤੱਥਾਂ ਤੇ ਸੱਚ ਦੀ ਭਾਲ ਕਰਦੇ ਜ਼ੀਰਵੀ ਨੇ ਨਾ ਕਦੀ ਪੀਲੀ ਪੱਤਰਕਾਰੀ ਦਾ ਰਾਹ ਫੜਿਆ ਹੈ ਅਤੇ ਨਾ ਤੱਥਾਂ ਨੂੰ ਸਨਸਨੀਖੇਜ਼ ਢੰਗ ਨਾਲ ਪੇਸ਼ ਕੀਤਾ ਹੈ। ਵਿਗਿਆਨਕ ਤੇ ਤਰਕਸ਼ੀਲ ਸੋਚ ਉਸਦੀ ਸਮੁੱਚੀ ਰਚਨਾ ਦੇ ਆਰ-ਪਾਰ ਫੈਲੀ ਦਿਖਾਈ ਦਿੰਦੀ ਹੈ। ਉਹ ਤੱਥਾਂ ਨੂੰ ਪੇਸ਼ ਹੀ ਨਹੀਂ ਕਰਦਾ ਬਲਕਿ ਉਨ੍ਹਾਂ ਨੂੰ ਵਿਸ਼ੇਸ਼ ਧਰਾਤਲ ਉੱਪਰ ਰੱਖ ਆਪਣੇ ਤਰੱਕੀਪਸੰਦ ਮਾਨਵੀ ਨਜ਼ਰੀਏ ਨਾਲ ਜਾਂਚਦਾ ਪਰਖਦਾ ਵੀ ਹੈ। ਪੱਤਰਕਾਰੀ ਹਮੇਸ਼ਾ ਸਮਕਾਲੀ ਸਰੋਕਾਰਾਂ ਨਾਲ ਗਹਿਰੀ ਸਾਂਝ ਰੱਖਦੀ ਹੈ। ਸੂਚਨਾ ਨੂੰ ਲੋਕਾਂ ਤਕ ਅੱਪੜਦਿਆਂ ਕਰਨਾ, ਘਟਨਾਵਾਂ ਤੇ ਪ੍ਰਸਥਿਤੀਆਂ ਦੀ ਪੜਚੋਲ ਕਰਨੀ ਤੇ ਲੋਕਾਂ ਦਾ ਮਾਰਗ-ਦਰਸ਼ਨ ਕਰਨਾ ਇਸ ਦਾ ਫੌਰੀ ਮੰਤਵ ਹੁੰਦਾ ਹੈ। ਪਰ ਜੇਕਰ ਪੱਤਰਕਾਰੀ ਸਿਰਫ਼ ਸੂਚਨਾ ਦੇ ਪ੍ਰਸਾਰ (ਗ਼ਲਤ ਜਾਂ ਦਰੁਸਤ) ਤਕ ਹੀ ਆਪਣੇ ਆਪ ਨੂੰ ਸੀਮਿਤ ਕਰ ਲਵੇ ਤਾਂ ਸ਼ਾਮ ਢਲਣ ਤੋਂ ਪਹਿਲਾਂ ਹੀ ਰੱਦੀ ਦੇ ਢੇਰ ਦਾ ਹਿੱਸਾ ਬਣ ਜਾਂਦੀ ਹੈ। ਪਰ ਜਿਹੜੀ ਪੱਤਰਕਾਰੀ ਤੱਥਾਂ ਨੂੰ ਢੰਡੋਲਦੀ, ਗਿਆਨ ਤੇ ਸੱਚ ਤਕ ਅੱਪੜਦੀ ਅਤੇ ਸਿਆਣਪ ਨੂੰ ਸਿਰਜਦੀ ਹੈ, ਉਹ ਫਿਰ ਸਾਂਭਣਯੋਗ ਰੁਤਬਾ ਹਾਸਿਲ ਕਰ ਜਾਂਦੀ ਹੈ। ਜਿਹੜਾ ਪੱਤਰਕਾਰ ਖੁੱਲ੍ਹੀ ਸੋਚ ਨਾਲ ਵਰਤਾਰਿਆਂ ਨਾਲ ਸੰਵਾਦ ਰਚਾਉਂਦਾ, ਵਿਚਾਰਾਂ ਦਾ ਖੁੱਲ੍ਹਾ ਡੁੱਲ੍ਹਾ ਆਦਾਨ ਪ੍ਰਦਾਨ ਕਰਦਾ, ਹਰ ਪ੍ਰਕਾਰ ਦੇ ਤੁਅੱਸਬਾਂ ਤੇ ਬੇਬੁਨਿਆਦ ਸੰਸਿਆਂ ਤੋਂ ਪੱਲਾ ਬਚਾ ਕੇ ਤੁਰਦਾ, ਲੋਕਾਂ ਦੇ ਜ਼ਿਹਨਾਂ ਨੂੰ ਖੋਲ੍ਹਦਾ, ਸਲੀਕੇ ਨਾਲ ਸਭ ਕੁਝ ਨੂੰ ਪੇਸ਼ ਕਰਦਾ ਅਤੇ ਜਿਊਣ ਦੇ ਅਸਲ ਮੰਤਵ ਨਾਲ ਜੁੜਿਆ ਰਹਿੰਦਾ ਹੈ ਉਸਦੀ ਲਿਖਤ ਪੱਤਰਕਾਰੀ ਤੇ ਸਾਹਿਤਕਾਰੀ ਦੇ ਫ਼ਰਕ ਨੂੰ ਮੇਟ ਦਿੰਦੀ ਹੈ। ਪੰਜਾਬੀ ਪੱਤਰਕਾਰੀ ਦੇ ਸੌ ਵਰ੍ਹਿਆਂ ਉੱਪਰ ਫੈਲੇ ਇਤਿਹਾਸ (ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿਪੀ ਦਾ ਪਹਿਲਾ ਅਖ਼ਬਾਰ ‘ਗੁਰਮੁਖੀ’ ਪ੍ਰੋ. ਗੁਰਮੁਖ ਸਿੰਘ ਨੇ 1880 ਈ. ਵਿਚ ਆਰੰਭ ਕੀਤਾ ਸੀ) ਵਿਚ ਗੁਰਬਖਸ਼ ਸਿੰਘ ਪ੍ਰੀਤਲੜੀ (1895 ਤੋਂ 1977) ਤੋਂ ਮਗਰੋਂ ਇਹ ਕ੍ਰਿਸ਼ਮਾ ਸੁਰਜਨ ਜ਼ੀਰਵੀ ਦੀਆਂ ਲਿਖਤਾਂ ਨੇ ਕਰ ਦਿਖਾਇਆ ਹੈ। ਨਿਰਸੰਦੇਹ, ਦਾਨਿਸ਼ ਤੇ ਸੰਵੇਦਨਾ ਨਾਲ ਭਰਪੂਰ ਇਹ ਲਿਖਤਾਂ ਪੰਜਾਬੀ ਅਦਬ ਦਾ ਸਾਂਭਣਯੋਗ ਤੇ ਮੁੱਲਵਾਨ ਸਰਮਾਇਆ ਬਣ ਗਈਆਂ ਹਨ।

ਸਵਾਲ ਹੈ ਕਿ ਕੀ ਕੁਝ ਸ਼ਾਮਿਲ ਹੈ ‘ਆਓ ਸੱਚ ਜਾਣੀਏ’ ਪੁਸਤਕ ਵਿਚ? ਦੋ ਸੌ ਛਪੰਜਾ ਪੰਨਿਆਂ ਵਿਚ ਫੈਲੀ ਇਸ ਵੱਡਅਕਾਰੀ ਰਚਨਾ ਵਿਚ ਜਤਿੰਦਰ ਪੰਨੂੰ ਦੀ ਭੂਮਿਕਾ ਤੋਂ ਇਲਾਵਾ ਕੁੱਲ ਸੈਂਤੀ ਮਜ਼ਮੂਨ ਦਰਜ ਹਨ। ਸਾਹਿਤ, ਧਰਮ, ਦਰਸ਼ਨ, ਨੈਤਿਕਤਾ, ਰਾਜਨੀਤੀ, ਇਤਿਹਾਸ, ਚਿੱਤਰਕਾਰੀ, ਸੰਗੀਤ, ਮੂਲਵਾਦ, ਕਾਰਪੋਰੇਟ ਜਗਤ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਵਾਤਾਵਰਨ ਆਦਿ ਬਹੁਤ ਸਾਰੇ ਵਿਸ਼ਿਆਂ ਨੂੰ ਆਪਣੇ ਘੇਰੇ ਵਿਚ ਲੈਂਦੇ ਹਨ ਇਸ ਪੁਸਤਕ ਵਿਚਲੇ ਮਜ਼ਮੂਨ। ਵਿਸ਼ੇ ਦੀ ਨੌਈਅਤ ਮੁਤਾਬਿਕ ਲੇਖਕ ਸਿਨਫ਼ ਦੀ ਚੋਣ ਕਰਦਾ ਹੈ ਅਤੇ ਉਸ ਨੂੰ ਆਪਣੇ ਜ਼ਾਵੀਏ ਤੋਂ ਪੇਸ਼ ਕਰਦਾ ਹੈ। ਇਨ੍ਹਾਂ ਮਜ਼ਮੂਨਾਂ ਦੀ ਤਹਿ ਹੇਠ ਕੰਮ ਕਰਦੇ ਮਾਨਵੀ ਅਤੇ ਤਰੱਕੀਪਸੰਦ ਨਜ਼ਰੀਏ ਨੇ ਇਨ੍ਹਾਂ ਨੂੰ ਸਾਂਝ ਦੇ ਸੂਤਰ ਵਿਚ ਪਰੋਇਆ ਹੈ। ਕੋਈ ਇਕ ਵਿਅਕਤੀ, ਘਟਨਾ, ਪੁਸਤਕ, ਮਸਲੇ, ਗਾਥਾ, ਵਰਤਾਰੇ, ਲਹਿਰ, ਬਹਿਸ, ਦਿਵਸ ਅਤੇ/ਜਾਂ ਆਫ਼ਤ ਨੂੰ ਕੇਂਦਰ ਵਿਚ ਟਿਕਾਅ ਲੇਖਕ ਬੜੀ ਦਾਨਿਸ਼ਮੰਦੀ ਤੇ ਪੂਰੀ ਸੰਵੇਦਨਾ ਨਾਲ ਉਸ ਦੇ ਆਰ ਪਾਰ ਫੈਲ ਜਾਂਦਾ ਹੈ। ਇੰਜ ਦਿਸਦੀ ਸਾਧਾਰਨ ਸਤਹ ਸਬੰਧੀ ਸੂਚਨਾ/ਤੱਥਾਂ ਨੂੰ ਪੇਸ਼ ਕਰ, ਉਨ੍ਹਾਂ ਦੇ ਵਿਸ਼ਲੇਸ਼ਣ ਵਿਚੋਂ ਗੁਜ਼ਰ ਉਹ ਸੱਚ ਤਕ ਅੱਪੜਦਾ ਹੈ। ਮਿਸਾਲ ਵਜੋਂ ਪੁਸਤਕ ਵਿਚਲੇ ਪਹਿਲੇ ਛੇ ਤੇ ਆਖ਼ਰੀ ਛੇ ਯਾਨੀ ਬਾਰਾਂ ਮਜ਼ਮੂਨਾਂ ਨੂੰ ਵੇਖਿਆ ਜਾ ਸਕਦਾ ਹੈ। ਇਨ੍ਹਾਂ ਦੀ ਦਿਸਦੀ ਸਤਹ ਉੱਪਰ ਕਿੱਧਰੇ ਸ਼ਰਧਾਂਜਲੀ (ਮਦਨ ਲਾਲ ਦੀਦੀ, ਬੰਨੋਆਣਾ, ਨਰਿੰਦਰ ਜੋਸ਼ੀ, ਸਰਗਮ), ਕਿੱਧਰੇ ਪੱਤਰਕਾਰ (ਦਲਬੀਰ), ਕਿੱਧਰੇ ਕਲਾਕਾਰ/ਚਿੱਤਰਕਾਰ ਤੇ ਸ਼ਾਇਰ (ਯੰਗੋ, ਸੋਹਣ ਕਾਦਰੀ, ਉਮਰ ਖਯਾਮ, ਰਛਪਾਲ ਰਣੀਆ) ਅਤੇ ਕਿੱਧਰੇ ਪੁਸਤਕ (ਉਮਰ ਖਯਾਮ ਦੀਆਂ ਰੁਬਾਈਆਂ, ਸੁਖਪਾਲ ਦੀ ਪੁਸਤਕ ‘ਚੁੱਪ ਚੁਪੀਤੇ ਚੇਤਰ ਚੜ੍ਹਿਆ’) ਆਦਿ ਹੁੰਦੇ ਹਨ। ਵਿਅਕਤੀਆਂ ਨੂੰ ਚੇਤੇ ਕਰਦਾ ਤੇ ਪੁਸਤਕਾਂ ਬਾਰੇ ਰਾਇ ਦੇਂਦਾ ਉਹ ਜੀਵਨ ਦੇ ਸਦੀਵੀ ਮਸਲਿਆਂ, ਸੁਲਗ਼ਦੇ ਸਵਾਲਾਂ, ਉੱਦਮ ਕਲਾ ਦੇ ਨਮੂਨਿਆਂ, ਪਰਵਾਸੀ ਸਾਹਿਤ ਦੇ ਸਰੂਪ, ਅਨੁਵਾਦ ਦੇ ਮਹੱਤਵ ਅਤੇ ਜੀਵਨ ਦੇ ਮੰਤਵ ਬਾਰੇ ਕਈ ਕੁਝ ਪੇਸ਼ ਕਰ ਜਾਂਦਾ ਹੈ। ਇਸ ਪੁਸਤਕ ਵਿਚਲੇ ਮਜ਼ਮੂਨਾਂ ਨੂੰ ਪੜ੍ਹਨ ਸਮੇਂ ਇਨ੍ਹਾਂ ਦੀ ਸਤਹ ਵਿਚ ਗੁਆਚਣ ਦੀ ਬਜਾਏ ਇਨ੍ਹਾਂ ਦੀ ਜਟਿਲਤਾ, ਗਹਿਰਾਈ ਅਤੇ ਪਰਤਾਂ ਨੂੰ ਪਛਾਣਨ ਦੀ ਵਧੇਰੇ ਜ਼ਰੂਰਤ ਹੈ। ਜੀਵਨ ਦੇ ਗ੍ਰਹਿਣਯੋਗ ਤੇ ਤਿਆਗਣਯੋਗ ਮੁੱਲਾਂ ਅਤੇ ਮੁੱਲਵਾਨ ਮਾਨਵੀ ਕਦਰਾਂ-ਕੀਮਤਾਂ ਸਬੰਧੀ ਟਿੱਪਣੀਆਂ ਇਨ੍ਹਾਂ ਦਾ ਅਹਿਮ ਪਹਿਲੂ ਹਨ। ਕੁਝ ਮਿਸਾਲਾਂ ਦੀ ਜ਼ਰੂਰਤ ਹੈ:

ੳ. ਤਿੰਨ-ਸਾਢੇ ਤਿੰਨ ਕਮਰਿਆਂ ਦੇ ਛੋਟੇ ਜਿਹੇ ਘਰ ਵਿਚ ਜੇ ਜ਼ਿੰਦਗੀ ਇਕੋ ਵੇਲੇ ਏਨੇ ਸਾਰੇ ਰੰਗਾਂ ਵਿਚ ਬੜੇ ਆਰਾਮ ਨਾਲ ਚੱਲ ਰਹੀ ਹੁੰਦੀ ਸੀ ਤਾਂ ਇਸਦਾ ਕਾਰਨ ਸਿਵਾਏ ਇਸ ਦੇ ਹੋਰ ਕੀ ਹੋ ਸਕਦਾ ਸੀ ਕਿ ਮਦਨ ਤੇ ਸ਼ੀਲਾ ਦੇ ਦਿਲ ਬਹੁਤ ਵਿਸ਼ਾਲ ਸਨ। ਘਰ ਵੀ ਓਨੇ ਹੀ ਮੋਕਲੇ ਹੋ ਜਾਂਦੇ ਹਨ, ਜਿੰਨੇ ਵੱਡੇ ਦਿਲ ਹੋਣ। (ਪੰਨਾ 19)

ਅ. ਜੇ ਮਾਰਕਸ ਨੂੰ ਪੜ੍ਹਨ ਤੇ ਉਸ ਨੂੰ (ਨਰਿੰਦਰ ਜੋਸ਼ੀ) ਆਪਣੀ ਸੂਝ ਦਾ ਹਿੱਸਾ ਬਣਾ ਲੈਣ ਤੋਂ ਬਾਅਦ ਵੀ ਕੋਠੀਆਂ ਤੇ ਜਾਇਦਾਦਾਂ ਦੇ ਸੁਪਨੇ ਹੀ ਲੈਣੇ ਹਨ ਤਾਂ ਇਸ ਨਾਲੋਂ ਵੱਡਾ ਸਵੈ ਧੋਖਾ ਹੋਰ ਕੀ ਹੋ ਸਕਦਾ ਹੈ। (ਪੰਨਾ 31)

ੲ. ਕਾਰਪੋਰੇਟ ਕਲਚਰ ਮੂੰਹਜ਼ੋਰ ਖਪਤਵਾਦ, ਮੁਨਾਫ਼ੇ ਦੀ ਬੇਲਗਾਮ ਹਿਰਸ ਤੇ ਨਿਸ਼ੰਗ ਸਵੈਸਿੱਧੀ ਤੇ ਖ਼ੁਦਗਰਜ਼ੀ ਦਾ ਦੂਸਰਾ ਨਾਂਅ ਸੀ... ਇਸ ਕਲਚਰ ਨੂੰ ਅੱਜਕੱਲ੍ਹ ਪੱਛਮ ਵਿਚ ਇਸ ਦੇ ਪੂਰੇ ਘਿਨਾਉਣੇ ਰੂਪ ਵਿਚ ਦੇਖਿਆ ਜਾ ਸਕਦਾ ਹੈ। ਇਹ ਵਿਚਾਰਧਾਰਾ ਕਿਸੇ ਵੀ ਕਿਸਮ ਦੇ ਮਾਨਵਵਾਦੀ, ਦਰਦਮੰਦੀ ਤੇ ਉਦਾਰਤਾ ਨੂੰ ਫ਼ਜ਼ੂਲ, ਸਗੋਂ ਘਿਰਣਾਯੋਗ ਉਪਭਾਵੁਕਤਾ ਕਰਾਰ ਦਿੰਦੀ ... ਇਹ ਖੁੱਲ੍ਹੇਆਮ ਹੋਕਾ ਦਿੰਦੀ ਹੈ ਕਿ ਬੰਦੇ ਨੂੰ ਸਿਰਫ਼ ਆਪਣੇ ਲਈ ਜਿਉਣਾ ਚਾਹੀਦਾ ਹੈ ਤੇ ਧਨ ਤੇ ਸੰਪਤੀ ਵਿਚ ਵਾਧਾ ਕਰਨਾ ਉਸਦਾ ਇਕੋ ਇਕ ਅਤੇ ਆਖ਼ਰੀ ਮੰਤਵ ਹੋਣਾ ਚਾਹੀਦਾ ਹੈ... ਇਹ ਵਿਚਾਰਧਾਰਾ... ਬੇਰੂਹ ਬੰਦਿਆਂ ਨੂੰ ਸਫ਼ਲ ਵਿਅਕਤੀਆਂ ਵਜੋਂ ਸਾਹਮਣੇ ਲਿਆਉਂਦੀ ਹੈ। (ਪੰਨਾ 33)

ਸ. ਦੇਖਣ ਨੂੰ ਕਲਾ ਦਾ ਸਫ਼ਰ ਰੰਗਾਂ, ਦ੍ਰਿਸ਼ਾਂ, ਰੂਪਾਂ ਤੇ ਰੇਖਾਵਾਂ ਦਾ ਸਫ਼ਰ ਹੈ। ਪਰ ਅਸਲ ਵਿਚ ਇਹ ਇਕੱਲ ਦਾ, ਪਰਛਾਵਿਆਂ ਨਾਲ ਉਲਝਣ ਦਾ ਤੇ ਧੁੰਦਲਕਿਆਂ ਵਿਚ ਭਟਕਣ ਦਾ ਸਫ਼ਰ ਹੈ। ਇਹ ਅਜਿਹਾ ਸਫ਼ਰ ਹੈ ਜਿਸਦਾ ਅੰਤਲਾ ਪੜਾਅ ਕੋਈ ਨਹੀਂ ਅਤੇ ਨਾ ਹੀ ਇਸ ਦਾ ਸਿਰਾ ਇਸ ਤੋਂ ਬਾਹਰ ਲੱਭਿਆ ਜਾ ਸਕਦਾ ਹੈ। (ਪੰਨਾ 236)

ਇਹ ਮਜ਼ਮੂਨ ਲੇਖਕ ਦੇ ਸੂਚਨਾ-ਗਿਆਨ, ਸੰਵੇਦਨਸ਼ੀਲਤਾ, ਬੌਧਿਕ ਸਮਰੱਥਾ, ਸਾਹਿਤ/ਕਲਾ ਦ੍ਰਿਸ਼ਟੀ (Vision of art) ਅਤੇ ਸਾਹਿਤ ਚਿੰਤਨ ਦ੍ਰਿਸ਼ਟੀ ਨੂੰ ਆਪਣੇ ਅੰਦਰ ਸਮੋਈ ਬੈਠੇ ਹਨ।

‘ਆਓ ਸੱਚ ਜਾਣੀਏ’ ਪੁਸਤਕ ਵਿਚਲੇ ਦੋ ਮਜ਼ਮੂਨ ‘ਗ਼ਦਰ ਲਹਿਰ ਦਾ ਇਕ ਜਾਇਜ਼ਾ’ ਅਤੇ ‘ਕਾਰਲ ਮਾਰਕਸ ਅਦਭੁੱਤ ਗਾਥਾ’ ਸੁਰਜਨ ਜ਼ੀਰਵੀ ਦੀ ਤੱਥਾਂ ਉੱਪਰ ਭਰਵੀਂ ਪਕੜ, ਉਸਦੀ ਪੜਚੋਲਵੀਂ ਨੀਝ, ਦਾਰਸ਼ਨਿਕ ਸੋਝੀ, ਸੰਵਾਦ ਬਿਰਤੀ ਅਤੇ ਸਿੱਟਿਆਂ ਤਕ ਅੱਪੜਣ ਦੀ ਸਮਰੱਥਾ ਨੂੰ ਪ੍ਰਗਟਾਉਂਦੇ ਹਨ। ‘ਕਾਰਲ ਮਾਰਕਸ ਅਦਭੁੱਤ ਗਾਥਾ’ ਵਿਚ ਉਹ ਮਾਰਕਸੀ ਫ਼ਲਸਫ਼ੇ ਬਾਰੇ ਬੁਨਿਆਦੀ ਅਤੇ ਮਹੱਤਵਪੂਰਨ ਸਵਾਲ ਉਠਾਉਂਦਾ ਹੈ ਕਿ ‘‘ਕੀ ਮਨੁੱਖਤਾ ਲਈ ਮਾਰਕਸ ਦੀ ਦੇਣ ਦਾ ਮੁੱਲ ਇਸ ਲਈ ਘਟ ਜਾਂਦਾ ਹੈ ਕਿਉਂਕਿ ਸੋਵੀਅਤ ਯੂਨੀਅਨ ਨਹੀਂ ਰਿਹਾ ਤੇ ਸੋਸ਼ਲਿਸਟ ਕੈਂਪ ਖ਼ਤਮ ਹੋ ਗਿਆ ਹੈ ਜਾਂ ਮਾਰਕਸਵਾਦ ਦਾ ਜ਼ਿਕਰ ਹੁਣ ਘੱਟ ਹੀ ਹੁੰਦਾ ਹੈ।’’ ਇਸ ਸਵਾਲ ਦਾ ਦਰੁਸਤ ਜਵਾਬ ਤਲਾਸ਼ਣ ਲਈ ਮਾਰਕਸ ਦੇ ਜੀਵਨ, ਮੂਲ ਸੰਕਲਪਾਂ ਅਤੇ ਮਨੁੱਖ ਜਾਤੀ ਨੂੰ ਦਿੱਤੀ ਅਸਲ ਦੇਣ ਸਬੰਧੀ ਤੱਥਿਕ ਵਾਕਫ਼ੀ ਨੂੰ ਪੂਰੀ ਖੁਸ਼ਅਸਲੂਬੀ ਤੇ ਵੇਦਨਾ ਸੰਵੇਦਨਾ ਨਾਲ ਸਾਹਮਣੇ ਲਿਆਉਂਦਾ ਹੈ। ਇਸ ਦੇ ਨਾਲ ਹੀ ਵਰਤਮਾਨ ਪ੍ਰਸੰਗ ਵਿਚ ਬੇਕਾਰੀ, ਮਾਨਸਿਕ ਉਲਾਰ, ਨਿਰਾਸਤਾ, ਕਮੀਨਗੀ ਦੀ ਭਾਵਨਾ ਅਤੇ ਬੇਲਗਾਮ ਹਿਰਸ ਦਾ ਸ਼ਿਕਾਰ ਹੋ ਰਹੇ ਬੰਦੇ ਦੀ ਪੀੜ ਨੂੰ ਉਜਾਗਰ ਕਰਦਾ ਹੈ। ਵਿਸ਼ਵੀਕਰਨ ਅਤੇ ਕਾਰਪੋਰੇਟ ਯੁੱਗ ਵਿਚ ਮੰਡੀ, ਮੁਕਾਬਲੇ ਤੇ ਮੁਨਾਫ਼ੇ ਨੇ ਕੋਝੀ ਕਿਸਮ ਦੇ ਜੋ ਕਿਰਦਾਰ ਪੈਦਾ ਕੀਤੇ ਹਨ, ਉਨ੍ਹਾਂ ਨੂੰ ਉਭਾਰ ਕੇ ਲੇਖਕ ਮਾਰਕਸਵਾਦ ਦੇ ਮਹੱਤਵ ਤੇ ਪ੍ਰਸੰਗਿਕਤਾ ਨੂੰ ਸਾਹਮਣੇ ਲਿਆਉਂਦਾ ਹੈ। ਉਹ ਆਪਣੀ ਵਿਚਾਰਧਾਰਕ ਪ੍ਰਤੀਬੱਧਤਾ ਨੂੰ ਪਾਠਕ ਉੱਪਰ ਥੋਪਦਾ ਨਹੀਂ ਸਗੋਂ ਤਰਕ, ਪ੍ਰਸ਼ਨਾਂ, ਸੰਵਾਦ ਤੇ ਪੜਚੋਲਵੀਂ ਨਜ਼ਰ ਨਾਲ ਸਭ ਕੁਝ ਪੇਸ਼ ਕਰ ਦਿੰਦਾ  ਹੈ। ਉਸ ਦੀ ਦਲੀਲ ਤੇ ਵਿਸ਼ਲੇਸ਼ਣ ਖ਼ੁਦ-ਬਖ਼ੁਦ ਪਾਠਕ ਉੱਪਰ ਮਨਾਊ ਪ੍ਰਭਾਵ ਸਿਰਜਦਾ ਹੈ। ਗ਼ਦਰ ਲਹਿਰ ਦਾ ਜਾਇਜ਼ਾ ਜਾਂ ਸ਼ਾਨਦਾਰ ਦਾਸਤਾਨ ਨੂੰ ਪੇਸ਼ ਕਰਦਿਆਂ ਵੀ ਉਹ ਇਸੇ ਵਿਧੀ ਨੂੰ ਇਸਤੇਮਾਲ ਕਰਦਾ ਹੈ। ਉਹ ਇਹ ਸ਼ਾਨਦਾਰ ਦਾਸਤਾਨ ਸੁਣਾਉਂਦਿਆਂ ਗ਼ਦਰੀਆਂ ਦੇ ਮਹਾਨ ਆਦਰਸ਼ਾਂ, ਕੁਰਬਾਨੀਆਂ , ਕਾਰਨਾਮਿਆਂ ਅਤੇ ਸੱਚੀ ਦੇਣ ਨੂੰ ਸਾਹਮਣੇ ਲਿਆਉਂਦਾ ਅਤੇ ਇਸ ਲਹਿਰ ਦੇ ਇਤਿਹਾਸਕ ਮਹੱਤਵ ਦੀ ਪਛਾਣ ਲਈ ਪ੍ਰੇਰਦਾ ਹੈ। ਅਜੋਕੇ ਫ਼ਿਰਕਾਪ੍ਰਸਤੀ, ਨਫ਼ਰਤ, ਸੰਪਰਦਾਇਕਤਾ ਦੇ ਸ਼ਿਕਾਰ ਅਤੇ ਧਰਮਾਂ, ਪ੍ਰਦੇਸ਼ਾਂ ਅਤੇ ਜਾਤਾਂ ਦੀਆਂ ਵੰਡੀਆਂ ਵਿਚ ਉਲਝੇ ਸਮਾਜਾਂ ਲਈ ਇਹ ਲਹਿਰਾਂ ਸੱਚਮੁੱਚ ਹੀ ਵੱਡੇ ਮੁੱਲ ਤੇ ਮਹੱਤਵ ਦੀਆਂ ਧਾਰਨੀ ਹਨ। ਪੁਸਤਕ ਵਿਚਲੇ ਬਾਕੀ ਛੋਟੇ ਛੋਟੇ ਮਜ਼ਮੂਨਾਂ ਵਿਚ ਅਜੋਕੇ ਸੰਸਾਰ ਵਿਚ ਵਿਚਰਦੇ ਬੰਦੇ ਦੇ ਮਸਲਿਆਂ ਤੇ ਸਵਾਲਾਂ ਜਿਵੇਂ ਮੂਲਵਾਦ, ਸਰਹੱਦਾਂ, ਜਮਹੂਰੀਅਤ, ਵਾਤਾਵਰਨ, ਆਫ਼ਤਾਂ ਅਤੇ ਹੋਰ ਮੂਲ ਮਸਲਿਆਂ ਨੂੰ ਛੋਂਹਦਾ ਹੈ। ਉਹ ਮੁੜ ਮੁੜ ਮਾਇਆ, ਮੰਡੀ ਅਤੇ ਮੁਨਾਫ਼ੇ ਨਾਲੋਂ ਮਨੁੱਖ, ਆਦਰਸ਼ਾਂ, ਅਸੂਲਾਂ ਤੇ ਨੀਤੀਆਂ ਦੀ ਕੀਮਤ ਨੂੰ ਦ੍ਰਿੜ੍ਹ ਕਰਦਾ ਹੈ। ਇਹ ਰਚਨਾ ਮਾਇਆ ਮੁਨਾਫ਼ੇ ਤੇ ਮੌਕਾਪ੍ਰਸਤੀ ਦੀ ਬਜਾਏ ਸਿਹਤਮੰਦ ਅਤੇ ਉਸਾਰੂ ਮਾਨਵੀ ਕਦਰਾਂ-ਕੀਮਤਾਂ ਦਾ ਬਾਰੰਬਾਰ ਪੱਖ ਪੂਰਦੀ ਨਜ਼ਰ ਆਉਂਦੀ ਹੈ। ਸਚਮੁੱਚ ਇਹ ਰਚਨਾ ਸੱਚ ਦੀ ਪਛਾਣ ਦੇ ਰਾਹ ਉੱਪਰ ਪੂਰੀ ਸਾਬਤ ਕਰਮੀ ਨਾਲ ਤੁਰਦੀ ਦਿਖਾਈ ਦਿੰਦੀ ਹੈ।

‘ਆਓ ਸੱਚ ਜਾਣੀਏ’ ਪੁਸਤਕ ਮਾਇਆ ਤੇ ਮੁਨਾਫ਼ੇ ਨਾਲੋਂ ਬੰਦੇ ਦੀ ਕਦਰ ਪਛਾਣਨ ਦਾ ਸੁਨੇਹਾ ਤਾਂ ਦਿੰਦੀ ਹੀ ਹੈ ਨਾਲ ਹੀ ਨਾਲ ਉੱਤਮ ਕਲਾ, ਸਾਹਿਤ ਅਤੇ ਅਨੁਵਾਦ ਦੀ ਪਰਖ ਦੇ ਪੈਮਾਨੇ ਵੀ ਪੇਸ਼ ਕਰਦੀ ਹੈ। ਕਿਸ ਪ੍ਰਕਾਰ ਦੇ ਸਾਹਿਤ, ਕਲਾ, ਵਾਤਾਵਰਨ ਅਤੇ ਜੀਵਨ-ਦਰਸ਼ਨ ਦੀ ਅਜੋਕੇ ਬੰਦੇ ਨੂੰ ਜ਼ਰੂਰਤ ਹੈ? ਇਸ ਸਵਾਲ ਦੇ ਕਿਸੇ ਨਾ ਕਿਸੇ ਪੱਖ ਦਾ ਢੁੱਕਵਾਂ ਤੇ ਸਹੀ ਉੱਤਰ ਪੁਸਤਕ ਵਿਚਲੇ ਮਜ਼ਮੂਨ ਦਿੰਦੇ ਹਨ। ਲੇਖਕ ਦੀ ਬਹੁਭਾਸ਼ਾਈ ਸਮਰੱਥਾ ਖ਼ਾਸਕਰ ਉਰਦੂ-ਫ਼ਾਰਸੀ ਜ਼ੁਬਾਨ ਦੀ ਪਕੜ ਸੱਚਮੁੱਚ ਕੀਲਣ ਵਾਲੀ ਹੈ। ਪ੍ਰਸੰਗ ਤੇ ਸਥਿਤੀ ਮੁਤਾਬਿਕ ਉਰਦੂ ਕਲਾਮ ਖ਼ਾਸਕਰ ਗ਼ਾਲਿਬ, ਫੈਜ਼ ਅਹਿਮਦ ਫ਼ੈਜ਼ ਅਤੇ ਉਮਰ ਖ਼ਯਾਮ ਦੀ ਸ਼ਾਇਰੀ ਦੀ ਵਰਤੋਂ ਪੁਸਤਕ ਦੇ ਸੁਹਜ ਨੂੰ ਵਧਾਉਂਦੀ, ਦਿਲ ਨੂੰ ਟੁੰਬਦੀ ਅਤੇ ਸੋਚ ਤੇ ਸੂਝ ਨੂੰ ਹਲੂਣਦੀ ਹੈ। ਇਸ ਪੁਸਤਕ ਵਿਚਲੀ ਸਾਦੀ ਸਰਲ ਜ਼ੁਬਾਨ ਹੇਠ ਜੀਵਨ ਦੇ ਸੁਲਗ਼ਦੇ ਸਵਾਲ ਤੇ ਗੰਭੀਰ ਮੁੱਦੇ ਸਮੋਏ ਹੋਏ ਹਨ। ਜੀਵਨ ਦੇ ਸਦੀਵੀ ਮਾਨਵੀ ਮੁੱਲਾਂ ਨਾਲ ਸਬੰਧਿਤ ਸੂਤਰ ਹਰ ਮਜ਼ਮੂਨ ਵਿਚੋਂ ਤਲਾਸ਼ੇ ਜਾ ਸਕਦੇ ਹਨ। ਲੇਖਕ ਬੇਸ਼ੱਕ ਪਿਛਲੇ ਤਿੰਨ ਦਹਾਕਿਆਂ ਤੋਂ ਕੈਨੇਡਾ ਦਾ ਵਸਨੀਕ ਹੈ, ਪਰ ਉਸ ਛੇ ਦਹਾਕੇ ਪੰਜਾਬ ਅਤੇ ਹਿੰਦੋਸਤਾਨ ਦੀ ਧਰਤੀ ਉੱਪਰ ਵੀ ਗੁਜ਼ਾਰੇ ਹਨ। ਉਸਨੇ ਰਹੱਸ ਜਾਂ ਰੁਮਾਂਸ ਥਾਣੀਂ ਨਹੀਂ ਸਗੋਂ ਜੀਵਨ ਨੂੰ ਪੂਰੀ ਲਤਾਫ਼ਤ, ਵਿਦਵਤਾ ਅਤੇ ਅਨੁਭਵ ਰਾਹੀਂ ਸਮਝਿਆ ਹੈ। ਪੁਸਤਕ ਵਿਚ ਉਠਾਏ ਮੁੱਦੇ ਤੇ ਸਵਾਲ ਕਿਸੇ ਕੱਲੇਕਾਰੇ ਮਨੁੱਖ, ਖਿੱਤੇ, ਜਾਤੀ ਜਾਂ ਧਰਮ ਨਾਲ ਸਬੰਧਿਤ ਨਹੀਂ ਸਗੋਂ ਪੂਰੇ ਵਿਸ਼ਵ ਵਿਚ ਵਿਚਰਦੇ ਬੰਦੇ ਅਤੇ ਜੀਵਨ ਦੇ ਅਸਲ ਮੰਤਵ ਨਾਲ ਜੁੜੇ ਹੋਏ ਹਨ।

ਸੰਪਰਕ: 98557-19118

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All