ਹਰਪ੍ਰੀਤ ਕੌਰ ਬੈਂਸ
ਅਧਿਆਪਕ ਸਾਡੇ ਸਮਾਜ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਚੰਗਾ ਅਧਿਆਪਕ ਆਪਣੇ ਚਰਿੱਤਰ, ਯੋਗਤਾ, ਗਿਆਨ ਅਤੇ ਨੈਤਿਕਤਾ ਨਾਲ ਵਿਦਿਆਰਥੀਆਂ ਨੂੰ ਪ੍ਰੇਰਦਾ ਹੈ। ਉਹ ਆਪਣੇ ਵਿਦਿਆਰਥੀਆਂ ਨੂੰ ਗਿਆਨ ਦੇ ਮਾਰਗ ’ਤੇ ਲੈ ਜਾਂਦਾ ਹੈ ਅਤੇ ਉਨ੍ਹਾਂ ਨੂੰ ਚੰਗੇ ਇਨਸਾਨ ਬਣਨ ਦੀ ਸਿੱਖਿਆ ਦਿੰਦਾ ਹੈ। ਇਹ ਸੱਚ ਹੈ ਕਿ ਅਧਿਆਪਕ ਆਪਣੇ ਵਿਦਿਆਰਥੀਆਂ ਦਾ ਕਰੀਅਰ ਬਣਾ ਸਕਦੇ ਹਨ ਜਾਂ ਵਿਗਾੜ ਸਕਦੇ ਹਨ। ਇਨ੍ਹਾਂ ਦਾ ਆਚਰਨ ਅਤੇ ਪ੍ਰਦਰਸ਼ਨ ਫਿਲਮਾਂ ਸਮੇਤ ਕਈ ਪੱਧਰਾਂ ’ਤੇ ਹਮੇਸ਼ਾ ਚਰਚਾ ਅਤੇ ਵਿਸ਼ਲੇਸ਼ਣ ਦਾ ਵਿਸ਼ਾ ਰਿਹਾ ਹੈ।
ਪਹਿਲੀਆਂ ਬਾਲੀਵੁੱਡ ਫਿਲਮਾਂ ਵਿਚ ਕੁਝ ਅਧਿਆਪਕਾਂ ਨੂੰ ਸਾਧਾਰਨ ਮਨੁੱਖਾਂ ਵਜੋਂ ਦਰਸਾਇਆ ਗਿਆ ਸੀ ਜੋ ਵਿਦਿਆਰਥੀਆਂ ਦੇ ਚਰਿੱਤਰ ਨੂੰ ਢਾਲਣ ਵਿਚ ਅਸਮਰੱਥ ਸਨ। ਉਨ੍ਹਾਂ ਨੂੰ ਕਦੇ ਕਦੇ ਹਾਸੋਹੀਣੇ ਕਿਰਦਾਰਾਂ ਵਜੋਂ ਵੀ ਪੇਸ਼ ਕੀਤਾ ਜਾਂਦਾ ਸੀ ਜੋ ਵੱਖ ਵੱਖ ਟਿੱਪਣੀਆਂ ਨਾਲ ਦਰਸ਼ਕਾਂ ਨੂੰ ਹਸਾ ਛੱਡਦੇ ਸਨ। 1970 ਅਤੇ ਉਸ ਤੋਂ ਬਾਅਦ ਬਣੀਆਂ ਫਿਲਮਾਂ ਵਿਚ ਕਮਾਲ ਦੀ ਤਬਦੀਲੀ ਦੇਖਣ ਨੂੰ ਮਿਲੀ ਜਿਸ ਨੇ ਅਧਿਆਪਕਾਂ ਨੂੰ ਆਪਣੇ ਪੇਸ਼ੇ ਪ੍ਰਤੀ ਸਮਰਪਿਤ, ਸਮਝਦਾਰ ਤੇ ਗੰਭੀਰ ਦਿਖਾਇਆ। ਇਨ੍ਹਾਂ ਅਧਿਆਪਕਾਂ ਵਿਚ ਦਿਮਾਗ ਅਤੇ ਦਿਲ ਦੇ ਕਈ ਗੁਣ ਦੇਖਣ ਨੂੰ ਮਿਲਦੇ ਹਨ। ਉਦਾਹਰਨ ਲਈ 1974 ਵਿਚ ਰਿਲੀਜ਼ ਹੋਈ ਫਿਲਮ ‘ਇਮਤਿਹਾਨ’ ਵਿਚ ਵਿਨੋਦ ਖੰਨਾ ਪ੍ਰਮੋਦ ਸ਼ਰਮਾ ਦੇ ਨਾਂ ਨਾਲ ਅਧਿਆਪਕ ਦਾ ਕਿਰਦਾਰ ਨਿਭਾਉਂਦਾ ਹੈ ਜੋ ਸਿੱਖਿਆ ਪ੍ਰਣਾਲੀ ਨੂੰ ਧੋਖਾਧੜੀ ਅਤੇ ਭ੍ਰਿਸ਼ਟਾਚਾਰ ਵਰਗੀਆਂ ਬੁਰਾਈਆਂ ਤੋਂ ਛੁਟਕਾਰਾ ਦਿਵਾਉਣ ਦੀ ਕੋਸ਼ਿਸ਼ ਕਰਦਾ ਹੈ। ਦਿਲਚਸਪ ਗੱਲ ਇਹ ਹੈ ਕਿ ਉਹ ਸਕੂਲ ਦੀ ਸਭ ਤੋਂ ਅਮੀਰ ਲੜਕੀ ਤਨੂਜਾ ਨੂੰ ਵੀ ਆਕਰਸ਼ਿਤ ਕਰਦਾ ਹੈ। 1976 ਦੀ ਰੋਮਾਂਟਿਕ ਕਾਮੇਡੀ ‘ਦਿਲਲਗੀ’ ਵਿਚ ਧਰਮਿੰਦਰ ਮਹਿਲਾ ਕਾਲਜ ਵਿਚ ਸੰਸਕ੍ਰਿਤ ਅਧਿਆਪਕ ਦੀ ਭੂਮਿਕਾ ਨਿਭਾਉਂਦਾ ਹੈ। ਉਹ ਆਪਣੀ ਮਨਮੋਹਕ ਪ੍ਰਾਚੀਨ ਕਵਿਤਾ ਨਾਲ ਇੱਕ ਸਹਿਯੋਗੀ ਹੇਮਾ ਮਾਲਿਨੀ ਨੂੰ ਪ੍ਰਭਾਵਿਤ ਕਰਦਾ ਹੈ। ‘ਸ਼ਰਾਫਤ’ ਵਿਚ ਵੀ ਉਹ ਅਧਿਆਪਕ ਦੀ ਭੂਮਿਕਾ ਵਿਚ ਹੈ ਜੋ ਆਪਣੇ ਵਿਦਿਆਰਥੀਆਂ ਨੂੰ ਮਾੜੀ ਸੰਗਤ ਵਿਚ ਜਾਣ ਤੋਂ ਰੋਕਦਾ ਹੈ।
‘ਚੁਪਕੇ ਚੁਪਕੇ’ ਵਿਚ ਅਮਿਤਾਭ ਬੱਚਨ ਦਾ ਕਿਰਦਾਰ ਮਜ਼ਾਕੀਆ ਅਧਿਆਪਕ ਦਾ ਹੈ। ਉਹ ਥਿੜਕ ਜਾਂਦਾ ਹੈ ਕਿਉਂਕਿ ਉਹ ਬੌਟਨੀ ਨਹੀਂ ਜਾਣਦਾ ਪਰ ਉਹ ਜਯਾ ਭਾਦੁੜੀ ਵਰਗੀ ਹੁਸ਼ਿਆਰ ਵਿਦਿਆਰਥਣ ਨੂੰ ਪ੍ਰਭਾਵਿਤ ਕਰਨ ਲਈ ਬੌਟਨੀ ਦੇ ਅਧਿਆਪਕ ਵਜੋਂ ਕੰਮ ਕਰਦਾ ਹੈ। ਸਥਿਤੀ ਕਾਫ਼ੀ ਮਜ਼ੇਦਾਰ ਹੈ ਕਿਉਂਕਿ ਉਹ ਅਸਲ ਵਿਚ ਅੰਗਰੇਜ਼ੀ ਦਾ ਪ੍ਰੋਫੈਸਰ ਹੈ ਪਰ ਮਜਬੂਰੀਵੱਸ ਉਸ ਨੂੰ ਬੌਟਨੀ ਦੇ ਪ੍ਰੋਫੈਸਰ ਵਜੋਂ ਪੇਸ਼ ਹੋਣਾ ਪੈਂਦਾ ਹੈ। ਉਸ ਦੌਰ ਦੀਆਂ ਲਗਭਗ ਸਾਰੀਆਂ ਫਿਲਮਾਂ ਵਿਚ ਅਧਿਆਪਕ ਨੂੰ ਐਨਕਾਂ ਨਾਲ ਦਿਖਾਇਆ ਜਾਂਦਾ ਹੈ। ਹਿੰਦੀ ਫਿਲਮਾਂ ਵਿਚ ਅਧਿਆਪਕਾਂ ਦੁਆਰਾ ਇਹਨਾਂ ਦੀ ਵਰਤੋਂ ਇੰਨੀ ਵਾਰ ਕੀਤੀ ਜਾਂਦੀ ਸੀ ਕਿ ਕੋਈ ਸੋਚਦਾ ਸੀ: ਕੀ ਐਨਕਾਂ ਤੋਂ ਬਿਨਾ ਕੋਈ ਅਧਿਆਪਕ ਹੋ ਸਕਦਾ ਹੈ?
ਫਿਰ ਵੀ ਨਵੇਂ ਯੁੱਗ ਦੇ ਅਭਿਨੇਤਾਵਾਂ ਨੇ 70 ਦੇ ਦਹਾਕੇ ਵਿਚ ਪੇਸ਼ ਹੋਈ ਅਧਿਆਪਕ ਦੀ ਤਸਵੀਰ ਨੂੰ ਬਦਲ ਦਿੱਤਾ ਹੈ। ਨਿਰਦੇਸ਼ਕ ਫਰਾਹ ਖਾਨ ਦੀ ਫਿਲਮ ‘ਮੈਂ ਹੂੰ ਨਾ’ ਸੁਸ਼ਮਿਤਾ ਸੇਨ ਨੂੰ ਕੈਮਿਸਟਰੀ ਦੀ ਅਧਿਆਪਕਾ ਵਜੋਂ ਪੇਸ਼ ਕਰਦੀ ਹੈ ਪਰ ਉਹ ਕਿਸੇ ਅਸਲ ਜੀਵਨ ਅਧਿਆਪਕਾ ਵਰਗੀ ਨਹੀਂ ਹੈ। ਉਹ ਆਪਣੀਆਂ ਸ਼ਿਫੋਨ ਸਾੜ੍ਹੀਆਂ ਅਤੇ ਸਲੀਵਲੈੱਸ ਟੌਪਸ ਵਿਚ ਸੁੰਦਰ, ਸ਼ਾਨਦਾਰ ਅਤੇ ਚਿਕ ਲੱਗਦੀ ਹੈ। ਉਹ ਸ਼ਾਇਦ ਉਨ੍ਹਾਂ ਵਿਚੋਂ ਇੱਕ ਹੈ ਜਿਨ੍ਹਾਂ ਦੀ ਵਿਦਿਅਰਥੀ ਪ੍ਰਸ਼ੰਸਾ ਕਰਦੇ ਹਨ ਅਤੇ ਕਲਾਸਰੂਮ ਵਿਚ ਲਗਾਤਾਰ ਸੁਣਨਾ ਚਾਹੁੰਦੇ ਹਨ। ਅਜੋਕੇ ਅਧਿਆਪਕ ਜੇ ਪੁਰਾਣੀਆਂ ਫਿਲਮਾਂ ਵਿਚ ਦਿਖਾਏ ਸਾਦੇ ਜਿਹੇ ਨਹੀਂ ਹਨ ਤਾਂ ਉਹ ‘ਮੈਂ ਹੂੰ ਨਾ’ ਵਿਚ ਚਾਂਦਨੀ ਵਾਂਗ ਗਲੈਮਰਸ ਵੀ ਨਹੀਂ ਹਨ। ਜੋ ਵੀ ਹੋਵੇ, ਚੰਗੇ ਕੱਪੜੇ ਵਾਲੇ ਅਤੇ ਹੁਸ਼ਿਆਰ ਅਧਿਆਪਕਾਂ ਦਾ ਦੌਰ ਜਾਰੀ ਹੈ।
‘ਤਾਰੇ ਜ਼ਮੀਨ ਪਰ’ ਆਮਿਰ ਖਾਨ ਦੀ ਸ਼ਾਨਦਾਰ ਨਿਰਦੇਸ਼ਨ ਵਾਲੀ ਫਿਲਮ ਸੀ। ਇਸ ਫਿਲਮ ਵਿਚ ਇੱਕ ਬਹੁਤ ਹੀ ਖਾਸ ਰਿਸ਼ਤੇ ਨੂੰ ਦਿਖਾਇਆ ਜਾਂਦਾ ਹੈ ਜੋ ਅਧਿਆਪਕ ਅਤੇ ਵਿਦਿਆਰਥੀ ਵਿਚਕਾਰ ਬਣਿਆ ਹੈ। ਅਧਿਆਪਕ ਨਾ ਸਿਰਫ ਆਪਣੇ ਵਿਦਿਆਰਥੀ ਦੇ ਦੁੱਖਾਂ ਦੀ ਦੁਨੀਆ ਵਿਚ ਝਾਤ ਮਾਰਦਾ ਹੈ ਸਗੋਂ ਉਸ ਲਈ ਮਦਦ ਦਾ ਹੱਥ ਵੀ ਵਧਾਉਂਦਾ ਹੈ। ਇਹ ਤੱਥ ਕਿ ਉਹ ਡਿਸਲੈਕਸੀਆ ਤੋਂ ਪੀੜਤ ਸੀ, ਉਨ੍ਹਾਂ ਦੇ ਸਾਂਝੇ ਕੀਤੇ ਨਿੱਘ ਦੇ ਰਾਹ ਵਿਚ ਨਹੀਂ ਆਇਆ। ਅਧਿਆਪਕ ਆਪਣੇ ਬਚਪਨ ਵਿਚ ਇਸੇ ਪੜਾਅ ਵਿਚੋਂ ਲੰਘਿਆ ਸੀ ਅਤੇ ਇਸ ਲਈ ਆਪਣੇ ਆਪ ਨੂੰ ਉਸ ਦੀ ਸਥਿਤੀ ਨਾਲ ਜੋੜ ਸਕਦਾ ਸੀ। ਇਸ ਫਿਲਮ ਵਿਚ ਨਿਰਦੇਸ਼ਕ ਨੇ ਸਾਰੇ ਅਪਾਹਜ ਬੱਚਿਆਂ ਵੱਲ ਲੋਕਾਂ ਦਾ ਧਿਆਨ ਖਿੱਚਿਆ ਹੈ। ਉਹ ਸਮੱਸ਼ਟ ਤੌਰ ਤੇ ਸੰਦੇਸ਼ ਦਿੰਦਾ ਹੈ ਕਿ ਉਨ੍ਹਾਂ ਨਾਲ ਪਿਆਰ ਅਤੇ ਹਮਦਰਦੀ ਨਾਲ ਪੇਸ਼ ਆਉਣ ਦੀ ਲੋੜ ਹੈ। ਇਸ ਫਿਲਮ ਨੇ ਯਕੀਨਨ, ਸਰੀਰਕ ਤੌਰ ’ਤੇ ਅਪਾਹਜ ਬੱਚਿਆਂ ਦੀ ਦੁਰਦਸ਼ਾ ਨੂੰ ਸਮਝਣ ਵਿਚ ਲੋਕਾਂ ਦੀ ਮਦਦ ਕੀਤੀ। ਇਹ ਫਿਲਮ ਸਾਡੇ ਸਮਾਜ ਦੀ ਕਦਰਾਂ ਅਤੇ ਕੀਮਤ ਪ੍ਰਣਾਲੀ ’ਤੇ ਵੀ ਸੂਖਮ ਸਵਾਲ ਉਠਾਉਂਦੀ ਹੈ। ਆਮਿਰ ਖਾਨ ਦੁਆਰਾ ਨਿਭਾਈ ਭੂਮਿਕਾ ਆਦਰਸ਼ ਅਧਿਆਪਕ ਦੀ ਹੈ। ਅਜਿਹਾ ਅਧਿਆਪਕ ਨਿਸ਼ਚਿਤ ਤੌਰ ’ਤੇ ਸੰਸਥਾ ਲਈ ਖਾਸ ਤੌਰ ’ਤੇ ਅਤੇ ਸਮਾਜ ਲਈ ਆਮ ਤੌਰ ’ਤੇ ਸੰਪਤੀ ਹੈ।
ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਬਲੈਕ’ ਵੀ ਅਮਿਤਾਭ ਬੱਚਨ ਦੁਆਰਾ ਨਿਭਾਏ ਸਮਰਪਿਤ ਅਧਿਆਪਕ ਦੇਬਰਾਜ ਸਾਹੀ ਦੀ ਗੱਲ ਕਰਦੀ ਹੈ। ਫਿਲਮ ਹੈਲਨ ਕੈਲਰ ਦੀ ਸੱਚੀ ਕਹਾਣੀ ਤੋਂ ਪ੍ਰੇਰਿਤ ਹੈ ਜੋ ਬੋਲ਼ੀ, ਗੁੰਗੀ ਅਤੇ ਅੰਨ੍ਹੀ ਸੀ। ਇਸ ਫਿਲਮ ਵਿਚ ਅਧਿਆਪਕ ਨੇ ਆਪਣੀ ਵਿਦਿਆਰਥਣ ਮਿਸ਼ੇਲ ਨੂੰ ਹਨੇਰੇ ਦੀ ਦੁਨੀਆ ਵਿਚੋਂ ਬਾਹਰ ਲਿਆਉਣ ਵਿਚ ਅਹਿਮ ਭੂਮਿਕਾ ਨਿਭਾਈ। ਉਹ ਵਿਦਿਆਰਥਣ ਨੂੰ ਸਿਖਾਉਂਦਾ ਹੈ ਕਿ ਕਿਵੇਂ ਸੰਚਾਰ ਕਰਨਾ ਹੈ ਅਤੇ ਸਭਿਅਕ ਸਮਾਜ ਦਾ ਹਿੱਸਾ ਕਿਵੇਂ ਬਣਨਾ ਹੈ।
ਮਹੇਸ਼ ਭੱਟ ਦੀ ਫਿਲਮ ‘ਸਰ’ ਵਿਚ ਨਸੀਰੂਦੀਨ ਸ਼ਾਹ ਨੇ ਬਹੁਤ ਧਿਆਨ ਰੱਖਣ ਵਾਲੇ ਅਧਿਆਪਕ ਅਮਰ ਵਰਮਾ ਦੀ ਭੂਮਿਕਾ ਨਿਭਾਈ ਹੈ। ਆਪਣੇ ਛੋਟੇ ਪੁੱਤਰ ਨੂੰ ਗੁਆਉਣ ਤੋਂ ਬਾਅਦ, ਉਹ ਆਪਣੇ ਵਿਦਿਆਰਥੀਆਂ ਤੇ ਆਪਣੀ ਸਾਰੀ ਦੇਖਭਾਲ ਅਤੇ ਪਿਆਰ ਦੀ ਬਰਖਾ ਕਰਨ ਲੱਗ ਪੈਂਦਾ ਹੈ। ਇਸੇ ਤਰ੍ਹਾਂ ਆਦਿੱਤਿਆ ਚੋਪੜਾ ਦੀ ਫਿਲਮ ‘ਮੁਹੱਬਤੇਂ’ ਵਿਚ ਸ਼ਾਹਰੁਖ ਖਾਨ ਦੀ ਰਾਜ ਆਰੀਅਨ ਦੀ ਭੂਮਿਕਾ ਯਾਦਗਾਰੀ ਹੈ। ਉਹ ਲਚਕੀਲਾ ਅਧਿਆਪਕ ਹੈ ਜੋ ਆਪਣੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਸ਼ਰਤਾਂ ਅਤੇ ਇੱਛਾਵਾਂ ਦੇ ਅਨੁਸਾਰ ਜਿਊਣਾ ਸਿਖਾਉਂਦਾ ਹੈ। ਉਹ ਆਪਣੇ ਵਿਦਿਆਰਥੀਆਂ ਵਿਚ ਪਿਆਰ ਅਤੇ ਭਾਈਚਾਰਾ ਫੈਲਾਉਂਦਾ ਹੈ।
ਇਸ ਸੂਚੀ ਅਸੀਂ ਵਿਚ ਇੱਕ ਹੋਰ ਅਧਿਆਪਕ ਵੀਰੂ ਸਹਸਤ੍ਰ ਬੁੱਧੇ ਨੂੰ ਸ਼ਾਮਿਲ ਕਰ ਸਕਦੇ ਹਾਂ ਜੋ ਦੇਸ਼ ਦੇ ਸਭ ਤੋਂ ਵਧੀਆ ਇੰਜਨੀਅਰਿੰਗ ਕਾਲਜਾਂ ਵਿਚੋਂ ਇੱਕ ਦੇ ਡੀਨ ਹਨ। ‘ਥ੍ਰੀ ਈਡੀਅਟਸ’ ਵਿਚ ਉਹ ਸ਼ਾਨਦਾਰ ਅਕਾਦਮੀਸ਼ੀਅਨ ਹੈ ਪਰ ਆਪਣੇ ਵਿਦਿਆਰਥੀਆਂ ਲਈ ਖੁਸ਼ੀ ਜਾਂ ਆਰਾਮ ਲਈ ਕੋਈ ਥਾਂ ਨਹੀਂ ਛੱਡਦਾ। ਉਹ ਗੰਭੀਰ ਪ੍ਰਸ਼ਾਸਕ ਹੈ ਅਤੇ ਦਿਨ ਪ੍ਰਤੀ ਦਿਨ ਮਸ਼ੀਨ ਵਾਂਗ ਕੰਮ ਕਰਦਾ ਹੈ। ਫਿਲਮ ਵਿਚ ਬਾਅਦ ਵਿਚ ਸਹਸਤ੍ਰ ਬੁੱਧੇ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ। ਫਿਲਮ ਬਹੁਤ ਹੀ ਸੂਖਮ ਢੰਗ ਨਾਲ ਸੰਕੇਤ ਕਰਦੀ ਹੈ ਕਿ ਸਿੱਖਿਆ ਮਨੁੱਖ ਲਈ ਵਿਕਾਸ ਦਾ ਰਾਹ ਖੋਲ੍ਹਦੀ ਹੈ। ਇਸ ਨੂੰ ਤੋਹਫੇ ਵਜੋਂ ਦਿੱਤਾ ਜਾਣਾ ਚਾਹੀਦਾ ਹੈ ਅਤੇ ਸਜ਼ਾ ਦੇ ਤੌਰ ’ਤੇ ਵਿਦਿਆਰਥੀਆਂ ਉੱਤੇ ਥੋਪ ਕੇ ਅਪਮਾਨਿਤ ਨਹੀਂ ਕਰਨਾ ਚਾਹੀਦਾ।
ਇਸ ਤਰ੍ਹਾਂ ਬਹੁਤ ਸਾਰੇ ਭਾਰਤੀ ਅਭਿਨੇਤਾ ਹਨ ਜਿਨ੍ਹਾਂ ਨੇ ਕਿਸੇ ਨਾ ਕਿਸੇ ਫਿਲਮ ਵਿਚ ਅਧਿਆਪਕ ਵਜੋਂ ਭੂਮਿਕਾ ਨਿਭਾਈ ਹੈ। ਇਹ ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਹਿੰਦੀ ਸਿਨੇਮਾ ਨੇ ਅਧਿਆਪਨ ਦੇ ਕਿੱਤੇ ਦੇ ਲਗਭਗ ਸਾਰੇ ਪਹਿਲੂਆਂ ਨੂੰ ਛੂਹਿਆ ਹੈ।
ਭਾਰਤੀ ਫਿਲਮਾਂ ਅਧਿਆਪਕ ਦੇ ਵੱਖਰੇ ਵੱਖਰੇ ਚਿੱਤਰ ਪੇਸ਼ ਕਰਦੀਆਂ ਹਨ ਜੋ ਵਿਚਾਰ, ਆਤਮ-ਨਿਰੀਖਣ ਅਤੇ ਸੁਧਾਰ ਲਈ ਲੋੜੀਂਦੀ ਸਮੱਗਰੀ ਮੁਹੱਈਆ ਕਰਦੀਆਂ ਹਨ। ਮੁਲਕ ਵਿਚ ਨੈਤਿਕਤਾ ਅਤੇ ਸਿੱਖਿਆ ਦੇ ਡਿੱਗ ਰਹੇ ਮਿਆਰ ਦੇ ਮੱਦੇਨਜ਼ਰ, ਇਮਾਨਦਾਰ, ਕਾਬਲ ਅਤੇ ਜਿ਼ੰਮੇਵਾਰ ਅਧਿਆਪਕਾਂ ਨੂੰ ਪੇਸ਼ ਕਰਨ ਵਾਲੀਆਂ ਹੋਰ ਚੰਗੀਆਂ ਫਿਲਮਾਂ ਸਮੇਂ ਦੀ ਲੋੜ ਹਨ।
ਸੰਪਰਕ: 98148-21471