ਸਮਾਜਿਕ ਤਬਦੀਲੀ ਦੀ ਵਿਚਾਰਧਾਰਾ

ਸਮਾਜਿਕ ਤਬਦੀਲੀ ਦੀ ਵਿਚਾਰਧਾਰਾ

ਹਰਭਗਵਾਨ ਭੀਖੀ

ਪੁਸਤਕ ਪੜਚੋਲ

ਬਲਕਰਨ ਮੋਗਾ ਦੀ ਕਿਤਾਬ ‘ਸੱਚ ਦੀ ਯਾਰੀ’ ਮਾਰਕਸਵਾਦੀ ਨਜ਼ਰੀਏ ਤੋਂ ਲਿਖੀ ਗਈ ਹੈ। ਮਾਰਕਸਵਾਦ ਸਮਾਜਿਕ ਤਬਦੀਲੀ ਦਾ ਵਿਗਿਆਨ ਹੈ ਜੋ ਦੋ ਜਮਾਤਾਂ ਦਾ ਵਿਸ਼ਲੇਸ਼ਣ ਹੈ। ਪੂੰਜੀਵਾਦੀ ਸਾਮਰਾਜੀ ਪ੍ਰਬੰਧ ਵੱਲੋਂ ਕਿਰਤ ਤੇ ਕਿਰਤੀ ਜਮਾਤ ਦੀ ਕੀਤੀ ਜਾਂਦੀ ਲੁੱਟ ਖਸੁੱਟ ਤੇ ਅਸਾਵੇਂਪਣ ਖ਼ਿਲਾਫ਼ ਸਮਾਜਵਾਦੀ ਵਿਵਸਥਾ ਤੇ ਕਿਰਤ ਦੇ ਬੋਲਬਾਲੇ ਦਾ ਹਾਮੀ ਹੈ ਮਾਰਕਸਵਾਦ।

2000 ’ਚ ਹੋਏ ਸਰਵੇਖਣ ਮੁਤਾਬਿਕ ਮਾਰਕਸ ਨੂੰ ਸਦੀ ਦਾ ਚਿੰਤਕ (ਥਿੰਕਰ ਆਫ ਦਿ ਮਿਲੇਨੀਅਮ) ਐਲਾਨਿਆ ਗਿਆ। ਸਾਮਰਾਜੀ ਮੁਲਕਾਂ ਤੇ ਪੂੰਜੀਵਾਦ ਨੂੰ ਮਾਰਕਸਵਾਦ ਦਾ ਭੂਤ ਸਦਾ ਡਰਾਉਂਦਾ ਰਿਹਾ ਹੈ। ਇਹ ਵੀ ਸੱਚ ਹੈ ਕਿ ਮਾਰਕਸਵਾਦ ਦੇ ਪ੍ਰਭਾਵ ਨੂੰ ਰੋਕਣ ਲਈ ਪੀਪਲਜ਼ ਵੈਲਫੇਅਰ ਸਟੇਟ ਦਾ ਨਕਾਬ ਵੀ ਪਹਿਨਣਾ ਪਿਆ।

ਜਦ ਮਾਰਕਸਵਾਦ ਪੂਰੀ ਦੁਨੀਆਂ ’ਚ ਚਰਚਿਤ ਸੀ ਤਾਂ 1917 ਦੇ ਰੂਸੀ ਤੇ 1949 ਦੇ ਚੀਨ ਇਨਕਲਾਬ ਨੇ ਭਾਰਤ ਨੂੰ ਵੀ ਆਪਣੇ ਕਲਾਵੇ ’ਚ ਲਿਆ, ਪਰ ਭਾਰਤੀ ਕਮਿਊਨਿਸਟ ਲੀਡਰਸ਼ਿਪ ਵੱਲੋਂ ਭਾਰਤ ਵਰਗੀ ਵੰਨ-ਸੁਵੰਨੀ ਸੱਭਿਅਤਾ ਨੂੰ ਸਮਝੇ ਬਗੈਰ ਹਰ ਵੰਨਗੀ ਦੇ ਕਾਮਰੇਡਾਂ ਨੇ ਰੂਸ ਚੀਨ ਦੀ ਇਨਕਲਾਬ ਪਹੁੰਚ ਨੂੰ ਭਾਰਤੀਆਂ ’ਤੇ ਥੋਪਣ ਦੀ ਕੋਸ਼ਿਸ਼ ਕੀਤੀ ਗਈ। ਨਤੀਜੇ ਵਜੋਂ ਜਿੰਨੀ ਜਲਦੀ ਪ੍ਰਭਾਵ ਜਨਤਾ ’ਤੇ ਪਿਆ, ਉਹ ਆਖ਼ਰ ਉਤਰਨਾ ਹੀ ਸੀ। ਅਣਗਿਣਤ ਕੁਰਬਾਨੀਆਂ ਦੇ ਬਾਵਜੂਦ ਕਮਿਊਨਿਸਟ ਇੱਛਤ ਨਤੀਜਾ ਹਾਸਿਲ ਨਹੀਂ ਕਰ ਸਕੇ। ਦੇਸ਼ ਵਿਚ ਕਈ ਦਹਾਕੇ ਸਭ ਤੋਂ ਵੱਡੀ ਪਾਰਟੀ ਵਜੋਂ ਸਰਗਰਮ ਰਹੀ ਕਾਂਗਰਸ ਅੱਜ ਹਾਸ਼ੀਏ ’ਤੇ ਜਾ ਖੜ੍ਹੀ ਹੈ। ਇੱਕੋ ਸਮੇਂ ਭਾਰਤ ’ਚ ਆਉਣ ਵਾਲੇ ਕਮਿਊਨਿਸਟ ਤੇ ਸੰਘੀਆਂ ਦਰਮਿਆਨ ਜਿੱਥੇ ਸੰਘੀਆਂ ਦਾ ਲੰਮੇ ਸਮੇਂ ਦਾ ਠਰੰਮਾ ਕੰਮ ਕਰ ਗਿਆ ਉੱਥੇ ਕਮਿਊਨਿਸਟ ਲਹਿਰ ਨੂੰ ਜਲਦਬਾਜ਼ੀ ਲੈ ਡੁੱਬੀ ਕਿਉਂਕਿ ਉਹ ਸਮਾਂ ਤੇ ਹਾਲਾਤ ਨਹੀਂ ਸਮਝ ਸਕੇ।

ਦਰਅਸਲ, ਸਮਾਂ, ਹਲਾਤ ਤੇ ਸਥਾਨ ਨੂੰ ਸਮਝੇ ਬਗੈਰ ਮਾਰਕਸਵਾਦ ਨੂੰ ਲਾਗੂ ਕੀਤਾ ਹੀ ਨਹੀਂ ਜਾ ਸਕਦਾ। ਕਮਿਊਨਿਸਟ ਇਹ ਭੁੱਲ ਗਏ ਕਿ ਭਾਰਤ ਇੱਕ ਗਣਰਾਜ ਹੈ ਜਿੱਥੇ ਵੱਖ ਵੱਖ ਨਸਲਾਂ, ਜਾਤਾਂ, ਧਰਮਾਂ, ਭਾਸ਼ਾਵਾਂ, ਸੱਭਿਆਚਾਰ ਤੇ ਕੌਮੀਅਤਾਂ ਤੇ ਰਾਜਾਂ ਦੇ ਵੱਖੋ ਵੱਖਰੇ ਮਸਲੇ ਹਨ ਜਿਨ੍ਹਾਂ ਨੂੰ ਸੰਬੋਧਿਤ ਹੋਏ ਬਗੈਰ ਅੱਗੇ ਨਹੀਂ ਵਧਿਆ ਜਾ ਸਕਦਾ, ਪਰ ਅਜਿਹਾ ਨਹੀਂ ਹੋਇਆ। ਹਥਿਆਰਬੰਦ ਇਨਕਲਾਬ ਦੀ ਗੱਲ ਕਰਨ ਵਾਲੇ ਇਹ ਵੀ ਨਹੀਂ ਸਮਝੇ ਕਿ ਲੋਕਾਂ ਦੇ ਗੁੱਸੇ ਨੂੰ ਬੇਅਸਰ ਕਰਨ ਵਾਲੀ ਸੰਸਦ ਵੀ ਹੈ।

ਮਾਰਕਸਵਾਦੀਆਂ ਨੂੰ ਇਹ ਵੀ ਲੱਗਿਆ (ਜੋ ਹੁਣ ਵੀ ਲੱਗਦਾ ਹੈ) ਕਿ ਕੁਝ ਆਰਥਿਕ ਮੰਗਾਂ ਮੰਨਵਾ ਤੇ ਸਹੂਲਤਾਂ ਦਿਵਾ ਕੇ ਜਨਤਾ ਦਾ ਸਮਰਥਨ ਹਾਸਲ ਹੋ ਜਾਵੇਗਾ, ਪਰ ਪੂੰਜੀਵਾਦੀ ਵਿਵਸਥਾ ਦੇ ਮੁਕਾਬਲੇ ਅਸੀਂ ਫਿਲਹਾਲ ਬਹੁਤੀਆਂ ਸਹੂਲਤਾਂ ਨਹੀਂ ਦੇ ਸਕਦੇ।

ਬੇਸ਼ੱਕ ਆਰਥਿਕ ਘੋਲ ਜ਼ਰੂਰੀ ਹਨ, ਪਰ ਮੁੱਖ ਮਿਸ਼ਨ ਨੂੰ ਭੁੱਲ ਬੈਠੇ। ਸ਼ਹੀਦ ਭਗਤ ਸਿੰਘ ਨੂੰ ਨਾਇਕ ਮੰਨਦੇ ਹਨ, ਪਰ ਉਸ ਨੂੰ ਚੱਜ ਨਾਲ ਪੜ੍ਹ ਨਹੀਂ ਸਕੇ। ਸ਼ਹੀਦ ਭਗਤ ਸਿੰਘ ਨੇ ਕਿਹਾ ਸੀ ਕਿ ਸਾਡਾ ਮਿਸ਼ਨ ਇਨਕਲਾਬ ਹੈ, ਲੇਕਿਨ ਸਭ ਕੁਝ ਇਕੱਲੇ ਨਾਅਰੇ ਨਾਲ ਨਹੀਂ ਹੋ ਸਕਦਾ। ਇਸ ਲਈ ਉਨ੍ਹਾਂ ਦੇ ਆਰਥਿਕ ਸਵਾਲ ਉਠਾਉਣੇ ਪੈਣਗੇ, ਪਰ ਅਫ਼ਸੋਸ, ਮਾਰਕਸਵਾਦੀਆਂ ਨੇ ਆਰਥਿਕ ਸਵਾਲ ਤਾਂ ਗੰਭੀਰਤਾ ਨਾਲ ਉਠਾਏ, ਪਰ ਮਿਸ਼ਨ ਲਗਭਗ ਮਨਫ਼ੀ ਹੋ ਗਿਆ।

ਮਾਰਕਸਵਾਦ ਸਮਾਜਿਕ ਤਬਦੀਲੀ ਦਾ ਵਿਗਿਆਨ ਹੈ ਨਾ ਕਿ ਕੋਈ ਮੱਠ ਸਿਧਾਂਤ ਵਿਗਿਆਨ। ਇਹ ਕਦੇ ਹਰ ਥਾਂ ਇੱਕੋ ਜਿਹਾ ਲਾਗੂ ਨਹੀਂ ਹੁੰਦਾ। ਅੱਜ ਕਮਿਊਨਿਸਟ ਲਹਿਰ ਨੂੰ ਮੁੜ ਪੜਚੋਲ ਕਰਨੀ ਪਵੇਗੀ। ਏਕਤਾ ਅਖੰਡਤਾ ਦਾ ਨਾਅਰਾ ਬੁਲੰਦ ਕਰਨ ਦੀ ਥਾਂ ਗਣਰਾਜ ਰਾਜਾਂ ਦਾ ਸਮੂਹ ਤੇ ਰਾਜਾਂ ਦਾ ਹਿੱਤ ਸਮਝਣਾ ਜ਼ਰੂਰੀ ਹੈ।

ਬਲਕਰਨ ਮੋਗਾ ਦੀ ਪੁਸਤਕ ਬੇਸ਼ੱਕ ਸਮੁੱਚੇ ਮਾਰਕਸਵਾਦ- ਮਾਰਕਸ ਏਂਗਲਜ਼ ਤੇ ਜੈਨੀ ਦੀ ਗੱਲ ਕਰਦੀ ਹੈ, ਪਰ ਭਾਰਤ ਦੇ ਸੰਦਰਭ ਵਿਚ ਮਾਰਕਸਵਾਦ ਕਿਵੇਂ ਸਮਾਜ ਤਬਦੀਲੀ ਦਾ ਧੁਰਾ ਹੈ ਤੇ ਭਾਰਤ ’ਚ ਕਿਵੇਂ ਲਾਗੂ ਹੋ ਸਕਦਾ ਹੈ, ਬਾਰੇ ਵੀ ਗੱਲ ਕਰਦੀ ਹੈ। ਵਿਦਿਆਰਥੀ ਲਹਿਰ ’ਚ ਲੰਮਾ ਸਮਾਂ ਅਗਵਾਈ ਕਰਨ ਵਾਲਾ ਤੇ ਅੱਜ ਵੀ ਲਾਲ ਝੰਡੇ ਦਾ ਮੁਦੱਈ ਬਲਕਰਨ ਮੋਗਾ ਇਸ ਕਾਰਜ ਲਈ ਸ਼ਲਾਘਾ ਦਾ ਪਾਤਰ ਹੈ।

ਸੰਪਰਕ: 98768-96122

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All