ਸੀਰਤ ਮੰਡ
ਅੱਜ ਦੇ ਸਭ ਤੋਂ ਖੂਬਸੂਰਤ ਮੁਲਕਾਂ ਵਿੱਚੋਂ ਇੱਕ ਅਤੇ ਜ਼ਮੀਨੀ ਰਕਬੇ ਪੱਖੋਂ ਦੂਜੇ ਨੰਬਰ ਦਾ ਵੱਡਾ ਮੁਲਕ ਹੈ ਕੈਨੇਡਾ। ਇਸ ਦੀ ਖੂਬਸੂਰਤੀ, ਤਰੱਕੀ ਤੇ ਯੂਰਪੀ ਤਰਜ਼ ‘ਤੇ ਚੱਲਦੇ ਤੰਤਰ ਦੀਆਂ ਮਿਸਾਲਾਂ ਦਿੰਦੇ ਹੋਏ ਸਾਡੇ ਉੱਥੇ ਜਾ ਕੇ ਵੱਸੇ ਲੋਕ ਅਸ਼-ਅਸ਼ ਕਰ ਉੱਠਦੇ ਹਨ, ਜਿਸ ਦੀਆਂ ਨੀਤੀਆਂ ਦੁਨੀਆਂ ਦੇ ਬਾਕੀ ਮੁਲਕਾਂ ਦੇ ਮੁਕਾਬਲੇ ਸਭ ਤੋਂ ਵੱਧ ਲੋਕ ਪੱਖੀ ਤੇ ਤਰੱਕੀ ਪਸੰਦ ਹਨ। ਜਿਥੇ ਇਨਸਾਨੀ ਜਾਨ ਦੀ ਬਹੁਤ ਜ਼ਿਆਦਾ ਕੀਮਤ ਸਮਝੀ ਜਾਂਦੀ ਹੈ। ਕੀ ਉਸ ਮੁਲਕ ਬਾਰੇ ਕਲਪਨਾ ਕੀਤੀ ਜਾ ਸਕਦੀ ਹੈ ਕਿ ਉਸ ਮੁਲਕ ਦੇ ਮੂਲਵਾਸੀਆਂ ਨਾਲ (ਅਸਲੀ ਹੱਕਦਾਰਾਂ ਨਾਲ) ਉੱਥੋਂ ਦੀਆਂ ਹੀ ਹਕੂਮਤਾਂ ਵੱਲੋਂ ਸਦੀਆਂ ਤਕ ਇਹੋ ਜਿਹਾ ਨਿਰਦਈ ਤੇ ਗੈਰਮਨੁੱਖੀ ਵਿਹਾਰ ਕੀਤਾ ਗਿਆ, ਜਿਸ ਬਾਰੇ ਸੁਪਨੇ ਵਿੱਚ ਵੀ ਨਾ ਸੋਚੇ, ਜਿਸ ਬਾਰੇ ਸੁਣ ਕੇ ਹੀ ਲੂੰ ਕੰਡੇ ਖੜ੍ਹੇ ਹੋ ਜਾਂਦੇ ਨੇ।
ਪਹਿਲਾਂ ਸੋਲ੍ਹਵੀਂ ਸਦੀ ਵਿੱਚ ਫਰਾਂਸੀਸੀਆਂ ਨੇ ਕੈਨੇਡਾ ਦੇ ਵੱਡੇ ਭਾਗ ’ਤੇ ਕਬਜ਼ਾ ਕਰ ਲਿਆ, ਫਿਰ 1763 ਈਸਵੀ ਵਿੱਚ ਇੰਗਲੈਂਡ ਨਾਲ ਬਸਤੀਆਂ ਦੀ ਵੰਡ ਦੇ ਮਸਲੇ ’ਤੇ ਹੋਈ 7 ਸਾਲਾ ਲੰਮੀ ਜੰਗ ਵਿੱਚ ਹਾਰਨ ਕਰ ਕੇ ਕੈਨੇਡਾ ਫਰਾਂਸੀਸੀਆਂ ਦੇ ਹੱਥੋਂ ਚਲਾ ਗਿਆ ਤੇ ਇੰਗਲੈਂਡ ਦੀ ਬਸਤੀ ਬਣ ਗਿਆ। ਪਰ ਇਨ੍ਹਾਂ ਵਿਦੇਸ਼ੀ ਹਾਕਮਾਂ ਭਾਵੇਂ ਉਹ ਫਰਾਂਸੀਸੀ ਹੋਣ ਜਾਂ ਅੰਗਰੇਜ਼, ਉਨ੍ਹਾਂ ਇੱਥੋਂ ਦੇ ਮੂਲਵਾਸੀਆਂ ਦੀ ਹੋਂਦ ਨੂੰ ਉਨ੍ਹਾਂ ਦੀ ਹੀ ਮਿੱਟੀ ਵਿੱਚੋਂ ਨੇਸਤੋ-ਨਾਬੂਦ ਕਰਨ ਲਈ ਕੋਈ ਕਸਰ ਨਾ ਛੱਡੀ। ਪਹਿਲਾਂ ਕਈ ਦਹਾਕਿਆਂ ਤਕ ਉਨ੍ਹਾਂ ਦਾ ਰੱਜ ਕੇ ਕਤਲੇਆਮ ਕੀਤਾ, ਲੱਖਾਂ ਲੋਕ ਮਾਰ ਸੁੱਟੇ ਤੇ ਬਾਕੀ ਉਨ੍ਹਾਂ ਦੀ ਹੀ ਧਰਤੀ ’ਤੇ ਗੁਲਾਮ ਬਣਾ ਲਏ। ਆਪਣੇ ਲੋਕਾਂ ਨੂੰ ਉੱਥੇ ਵਸਾਇਆ। ਜਦੋਂ ਮੂਲਵਾਸੀਆਂ ਦੀ ਅਬਾਦੀ ਪੂਰੇ ਕੈਨੇਡਾ ਵਿੱਚ ਆਟੇ ਵਿੱਚ ਲੂਣ ਦੇ ਬਰਾਬਰ ਰਹਿ ਗਈ, ਤਾਂ ਉਨ੍ਹਾਂ ਨੂੰ ਛਿੱਤਰ ਦੇ ਜ਼ੋਰ ਨਾਲ ਦੂਜੀ ਸੰਸਾਰ ਜੰਗ ਵੇਲੇ ਦੇ ਨਾਜ਼ੀਆਂ ਦੇ ਕਨਸਰਨਟਰੇਸ਼ਨ ਕੈਂਪਾਂ ਨਾਲੋਂ ਵੀ ਬਦਤਰ ‘ਰਿਜ਼ਰਵਜ਼’ ਨਾਂ ਦੀਆਂ ਥਾਵਾਂ ’ਤੇ ਕੁਝ ਕੁ ਫੋਕੀਆਂ ਸਹੂਲਤਾਂ ਦੇਣ ਦੇ ਬਹਾਨੇ ਜ਼ਬਰਦਸਤੀ ਡੱਕ ਦਿੱਤਾ। ਜਿਹੜੀਆਂ ਕਿ ਬਸ ਖੁੱਲ੍ਹੇ ਅਸਮਾਨ ਵਾਲੀਆਂ ਜੇਲ੍ਹਾਂ ਸਨ। ਉੱਥੇ ਉਨ੍ਹਾਂ ਲੋਕਾਂ ਨਾਲ ਕੀਤੇ ਜਾਂਦੇ ਬੇਕਿਰਕ ਵਤੀਰੇ ਦੀ ਗਾਥਾ ਸੁਣਨ ਵਾਲਾ ਕੋਈ ਵੀ ਨਹੀਂ ਸੀ। ਸੰਨ 2008 ਵਿੱਚ ਕੈਨੇਡਾ ਸਰਕਾਰ ਨੇ ਇਤਿਹਾਸ ਵਿੱਚ ਕੀਤੇ ਆਪਣੇ ਗੁਨਾਹਾਂ ਦੀ ਮੂਲ ਵਸਨੀਕਾਂ ਤੋਂ ਮੁਆਫੀ ਤਾਂ ਮੰਗ ਲਈ ਪਰ ਉਨ੍ਹਾਂ ਨੂੰ ਬਰਾਬਰ ਅਧਿਕਾਰ ਜਾਂ ਘੱਟੋ-ਘੱਟ ਇੰਮੀਗ੍ਰੈਂਟਸ ਜਿੰਨੇ ਵੀ ਅਧਿਕਾਰ ਦੇਣ ਲਈ ਕੋਈ ਕਦਮ ਨਹੀਂ ਉਠਾਇਆ। ਅੱਜ ਵੀ ਜਿੱਥੇ ਬਾਕੀ ਮੁਲਕ ਵਿੱਚ ਕੈਨੇਡਾ ਸਰਕਾਰ ਦੀ ਮਰਜ਼ੀ ਤੋਂ ਬਿਨਾਂ ਚਿੜੀ ਵੀ ਨਹੀਂ ਫੜਕਦੀ, ਉੱਥੇ ਇੱਕ ਸ਼ਰਾਰਤ ਤਹਿਤ ਰਿਜ਼ਰਵਜ਼ ਵਿੱਚ ਆਮ ਜ਼ਰੂਰਤ ਦੀਆਂ ਵਸਤਾਂ ਨਾਲੋਂ ਹਰ ਕਿਸਮ ਦਾ ਨਸ਼ਾ ਵਧੇਰੇ ਸਸਤਾ ਮਿਲ ਜਾਂਦਾ ਹੈ।
ਪਰ ਜੋ ਜ਼ੁਲਮ ਇਨ੍ਹਾਂ ਲੋਕਾਂ ਦੇ ਬੱਚਿਆਂ ਨਾਲ ਦਹਾਕਿਆਂ ਤਕ ਕੀਤਾ ਗਿਆ, ਉਹ ਅੱਜ ਤਕ ਦੇ ਮਨੁੱਖੀ ਇਤਿਹਾਸ ਦੀ ਸਭ ਤੋਂ ਵੱਡੀ ਕਰੂਰ ਹਰਕਤ ਤੇ ਸਾਜ਼ਿਸ਼ ਸੀ। ਸੰਨ 1893 ਵਿੱਚ ਅੰਗਰੇਜ਼ ਸਰਕਾਰ ਨੇ ਆਪਣੀ ਵਢਾਂਗੇ ਵਾਲੀ ਨੀਤੀ ਬਦਲ ਲਈ ਤੇ ਕੇਵਲ ਮੂਲ ਵਸਨੀਕਾਂ ਦੇ ਬੱਚਿਆਂ ਨੂੰ ਪੜ੍ਹਾਉਣ ਲਈ, ‘ਸੱਭਿਅਕ’ ਬਣਾਉਣ ਦੇ ਨਾਂ ’ਤੇ ਉਨ੍ਹਾਂ ਦਾ ਪੱਛਮੀਕਰਨ ਕਰਨ ਲਈ ਰੈਜ਼ੀਡੈਂਸ਼ਲ ਸਕੂਲ ਨਾਮ ਦੇ ਬੋਰਡਿੰਗ ਸਕੂਲ ਚਲਾਏ। ਜਿੱਥੇ ਵਸਨੀਕਾਂ ਦੇ ਬੱਚਿਆਂ ਨੂੰ ਜ਼ਬਰਦਸਤੀ ਚਾਰ ਪੰਜ ਸਾਲ ਦੀ ਉਮਰ ਵਿੱਚ ਲਿਆ ਕੇ ਸੋਲਾਂ ਸਾਲ ਦੀ ਉਮਰ ਤੱਕ ਰੱਖਿਆ ਜਾਂਦਾ। ਜੇ ਇਹ ਸਕੂਲ ਸੱਚਮੁੱਚ ਹੀ ਲੋਕਾਂ ਦੇ ਭਲੇ ਲਈ ਹੁੰਦੇ ਤਾਂ ਕੀ ਉਨ੍ਹਾਂ ਨੂੰ ਇਸ ਤਰ੍ਹਾ ਲੋਕਾਂ ਦੇ ਬੱਚਿਆਂ ਨੂੰ ਜਬਰੀ ਨਾ ਰੱਖਣਾ ਪੈਂਦਾ।
ਭਾਵੇਂ ਇਹ ਸਕੂਲ ਧਰਮ, ਨੈਤਿਕਤਾ ਅਤੇ ਮਾਨਵਤਾ ਦੇ ਮੰਨੇ ਜਾਂਦੇ ਪ੍ਰਤੀਨਿਧੀ ਚਰਚਾਂ ਵੱਲੋਂ ਚਲਾਏ ਜਾਂਦੇ ਸਨ ਤੇ ਉਥੋਂ ਦਾ ਪ੍ਰਸ਼ਾਸਨ ਤੇ ਪੜ੍ਹਾਉਣ ਦਾ ਕੰਮ ਨੰਨਜ਼ ਤੇ ਪੁਜਾਰੀਆਂ ਦੇ ਹੱਥ ਵਿੱਚ ਸੀ, ਫਿਰ ਵੀ ਉਨ੍ਹਾਂ ਇਸ ਨੇਕ ਮੰਚ ਦੀ ਜ਼ਰਾ ਲਾਜ ਨਾ ਰੱਖਦੇ ਹੋਏ ਉਨ੍ਹਾਂ ਬੱਚਿਆਂ ਨਾਲ ਨਸਲੀ ਵਿਤਕਰੇ ਦੇ ਅਧਾਰ ‘ਤੇ ਅਣਮਨੁੱਖੀ ਸਲੂਕ ਕੀਤਾ। ਉਨ੍ਹਾਂ ਸਕੂਲਾਂ ਵਿੱਚ ਬੱਚਿਆਂ ਨੂੰ ਆਪਣੀ ਮਾਂ ਬੋਲੀ ਬੋਲਣ ‘ਤੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਂਦੀਆਂ। ਬਿਨਾਂ ਗੱਲੋਂ ਬਹੁਤ ਜ਼ਿਆਦਾ ਕੁੱਟਣ ਨਾਲ ਮੌਤ, ਬਿਮਾਰੀ ਵੇਲੇ ਮਰਨ ਲਈ ਛੱਡ ਦੇਣਾ, ਕਦੇ ਵੀ ਘਰ ਨਾ ਜਾਣ ਦੇਣਾ ਤੇ ਭੋਲੇ-ਭਾਲੇ ਬੱਚਿਆਂ ਨਾਲ ਨੰਨਜ਼ ਤੇ ਪੁਜਾਰੀਆਂ ਵੱਲੋਂ ਸਰੀਰਕ ਸ਼ੋਸ਼ਣ ਕਰਨ ਕਰਕੇ ਹੀ ਇਨ੍ਹਾਂ ਸਕੂਲਾਂ ਵਿੱਚ ਮਰਨ ਵਾਲੇ ਬੱਚਿਆਂ ਦੀਆਂ ਮੌਤਾਂ ਦੀ ਦਰਜ ਸੰਖਿਆ 6000 ਤੋਂ ਵੀ ਵੱਧ ਹੈ।
ਅਸਲ ਵਿਚ ਸਰਕਾਰ ਦਾ ਇਨ੍ਹਾਂ ਸਕੂਲਾਂ ਨੂੰ ਚਲਾਉਣ ਪਿੱਛੇ ਅਸਲ ਮੰਤਵ ਵਸਨੀਕਾਂ ਨੂੰ ਪੜ੍ਹਾਉਣਾ-ਲਿਖਾਉਣਾ ਨਹੀਂ ਸੀ, ਕਿਉਂਕਿ ਜਿਹੜੀ ਮੂਲਵਾਸੀ ਔਰਤ ਇਨ੍ਹਾਂ ਰੈਜ਼ੀਡੈਂਸ਼ਲ ਸਕੂਲਾਂ ਬਾਰੇ ਆਪਣੀ ਹੱਡ-ਬੀਤੀ ਦੱਸ ਰਹੀ ਸੀ, ਉਹ ਪੰਜ ਤੋਂ ਸੋਲਾਂ ਸਾਲ ਦੀ ਉਮਰ ਤਕ ਉਥੇ ਪੜ੍ਹਨ ਦੇ ਬਾਵਜੂਦ ਕੋਰੀ ਅਨਪੜ੍ਹ ਸੀ। ਸਗੋਂ ਉਨ੍ਹਾਂ ਦਾ ਅਸਲ ਮੰਤਵ ਤਾਂ ਮੂਲ ਵਸਨੀਕਾਂ ਦੇ ਨਿੱਕਿਆਂ ਬੱਚਿਆਂ ਨੂੰ ਅੱਲ੍ਹੜ ਉਮਰ ਵਿਚ ਹੀ ਉਨ੍ਹਾਂ ਦੀ ਜੜ੍ਹ ਮਤਲਬ ਉਨ੍ਹਾਂ ਦੇ ਸੱਭਿਆਚਾਰ, ਭਾਸ਼ਾ, ਧਰਮ, ਕਦਰਾਂ-ਕੀਮਤਾਂ, ਇਤਿਹਾਸ, ਮਾਂ-ਬੋਲੀ ਅਤੇ ਆਪਣੇ ਮਾਤਾ ਪਿਤਾ (ਜਿਹੜੇ ਕਿ ਅਗਲੀ ਪੀੜ੍ਹੀ ਦੇ ਬੀਜ ਨੂੰ ਵਿਰਾਸਤ ਦੀ ਮਿੱਟੀ ਵਿਚ ਬੀਜਦੇ ਹਨ) ਦੇ ਬੌਧਿਕ, ਰੂਹਾਨੀ ਪ੍ਰਭਾਵ ਤੋਂ ਦੂਰ ਕਰਨਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਅਸਲ ਪਛਾਣ ਭੁਲਾਉਣਾ ਸੀ। ਉਨ੍ਹਾਂ ਵਿਚ ਨਿੱਕੀ ਉਮਰ ਤੋਂ ਹੀ ਇਹ ਭਾਵਨਾ ਭਰਨਾ ਸੀ ਕਿ ਉਹ ਅਸੱਭਿਅਕ ਅਤੇ ਘਟੀਆ ਹਨ। ਉਨ੍ਹਾਂ ਦਾ ਸੱਭਿਆਚਾਰ, ਭਾਸ਼ਾ, ਕਦਰਾਂ-ਕੀਮਤਾਂ ਸਭ ਪੱਛਮੀ ਸੱਭਿਆਚਾਰ ਦੇ ਮੁਕਾਬਲੇ ਬਹੁਤ ਘਟੀਆ ਅਤੇ ਉਨ੍ਹਾਂ ਲਈ ਸ਼ਰਮਿੰਦਗੀ ਦਾ ਸਬੱਬ ਹਨ, ਕਿਉਂਕਿ ‘ਪੱਛਮੀ ਸੱਭਿਅਤਾ ਸਭ ਤੋਂ ਉੱਤਮ’ ਹੈ।
ਦਰਅਸਲ ਇਹ ਸਕੂਲ ‘ਕਿਲ ਦਿ ਇੰਡੀਅਨ ਇਨ ਦਿ ਚਾਈਲਡ’ (ਬੱਚੇ ਵਿਚੋਂ ਉਸ ਦਾ ਇੰਡੀਅਨ ਪੁਣਾ ਜਾਂ ਮੂਲ ਪਛਾਣ ਮਾਰ ਦਿਓ) ਦੀ ਨੀਤੀ ਨੂੰ ਮੁੱਖ ਰੱਖ ਕੇ ਚਲਾਏ ਜਾਂਦੇ ਸਨ, ਤਾਂ ਕਿ ਮੂਲ ਵਸਨੀਕਾਂ ਨੂੰ ਖ਼ਤਮ ਕਰਨ ਲਈ ਉਨ੍ਹਾਂ ਦੀ ਪਛਾਣ ਨੂੰ ਕੱਚੀ ਉਮਰ ਵਿੱਚ ਹੀ ਖ਼ਤਮ ਕਰ ਦਿਤਾ ਜਾਵੇ। ਗ਼ੌਰਤਲਬ ਹੈ ਕਿ ਉਤਰੀ ਅਮਰੀਕਾ ਮਹਾਂਦੀਪ (ਮੁੱਖ ਤੌਰ ’ਤੇ ਕੈਨੇਡਾ ਤੇ ਅਮਰੀਕਾ) ਦੇ ਮੂਲਵਾਸੀਆਂ ਨੂੰ ‘ਇੰਡੀਅਨ’ ਜਾਂ ‘ਰੈੱਡ ਇੰਡੀਅਨ’ ਆਖਿਆ ਜਾਂਦਾ ਹੈ, ਹਾਲਾਂਕਿ ਹੁਣ ਇਸ ਸ਼ਬਦ ਨੂੰ ‘ਨਸਲੀ ਘਿਰਣਾ ਵਾਲਾ’ ਮੰਨਿਆ ਜਾਣ ਲੱਗਾ ਹੈ। ਉਨ੍ਹਾਂ ਨੂੰ ਇਨ੍ਹਾਂ ਰੈਜ਼ੀਡੈਂਸ਼ਲ ਸਕੂਲਾਂ ਵਿੱਚ ਛੋਟੀ ਉਮਰ ਵਿੱਚ ਹੀ ਉਨ੍ਹਾਂ ਦੇ ਸੱਭਿਆਚਾਰ ਨਾਲੋਂ ਤੋੜ ਕੇ ਪੱਛਮੀ ਸੱਭਿਆਚਾਰ ਨਾਲ ਜੋੜ ਕੇ ਉਸ ਮੁਤਾਬਕ ਢਾਲਣ ਦਾ ਤਰੀਕਾ ਵੱਧ ਘਾਤਕ, ਅਸਿੱਧਾ ਤੇ ਘੱਟ ਨਿੰਦਾਜਨਕ ਸੀ। ਨਿੱਕਾ ਬੱਚਾ ਕੱਚੀ ਮਿੱਟੀ ਵਰਗਾ ਹੁੰਦਾ, ਜਿਸ ਤਰ੍ਹਾਂ ਉਸਨੂੰ ਅਕਾਰ ਦੇ ਦਿਓ ਉਹੋ ਜਿਹਾ ਬਣ ਜਾਂਦਾ ਹੈ ਤੇ ਉਹਦੀ ਜ਼ਿੰਦਗੀ ਵਿੱਚ ਇਹ ਕੰਮ ਪਹਿਲਾਂ ਮਾਪੇ ਤੇ ਫਿਰ ਅਧਿਆਪਕ ਕਰਦੇ ਹਨ। ਇਸ ਲਈ ਉਸਦਾ ਮੁੱਢਲਾ ਜੀਵਨ ਤੇ ਉਸਨੂੰ ਮੁੱਢਲੀ ਸਿੱਖਿਆ ਜਿੱਥੋਂ ਮਿਲ ਰਹੀ ਹੈ, ਉਸਦੀਆਂ ਨੀਤੀਆਂ ਵੀ ਬਹੁਤ ਮਾਅਨੇ ਰੱਖਦੀਆਂ ਹਨ।
ਭਾਰਤੀ ਸਿੱਖਿਆ ਤੰਤਰ ਨੂੰ ਗਹੁ ਨਾਲ ਵਾਚਣ ’ਤੇ ਇਹ ਗੱਲ ਬੜੀ ਸ਼ਿਦਤ ਨਾਲ ਮਹਿਸੂਸ ਹੁੰਦੀ ਹੈ ਕਿ ਇਸ ਦੀਆਂ ਬਹੁਤ ਸਾਰੀਆਂ ਨੀਤੀਆਂ ਤੇ ਮਿਆਰ ਕੈਨੇਡਾ ਦੇ ਰੈਜ਼ੀਡੈਂਸ਼ਲ ਸਕੂਲਾਂ ਵਾਲੇ ਹੀ ਹਨ। ਕਾਰਨ ਇਹ ਕਿ ਭਾਰਤ ਭਾਵੇਂ ਅਜ਼ਾਦ ਹੋ ਗਿਆ ਪਰ ਇਹਨੇ ਅੰਗਰੇਜ਼ਾਂ, ਜਿਹੜੇ ਕਿ ਭਾਰਤ ਵਾਂਗ ਹੀ ਕੈਨੇਡਾ ’ਤੇ ਵੀ ਰਾਜ ਕਰਦੇ ਸਨ, ਦੇ ਵੇਲੇ ਤੋਂ ਚੱਲਦੇ ਆ ਰਹੇ ਸਿੱਖਿਆ ਤੰਤਰ ਦੇ ਅਧਾਰ ਤੇ ਮਿਆਰਾਂ ਨੂੰ ਨਹੀਂ ਬਦਲਿਆ ਜਿਹੜੀ ਕਿ ਸ਼ਾਇਦ ਸਾਡੀਆਂ ਸਭ ਤੋਂ ਵੱਡੀਆਂ ਗਲਤੀਆਂ ਵਿੱਚੋਂ ਇਕ ਸੀ। ਭਾਰਤ ਅੰਗਰੇਜ਼ਾਂ ਦਾ ਗੁਲਾਮ ਸੀ। ਇਸ ਲਈ ਅੰਗਰੇਜ਼ਾਂ ਨੇ ਜਿਹੜਾ ਪ੍ਰਸ਼ਾਸਨਿਕ ਤੇ ਵਿਦਿਅਕ ਢਾਂਚਾ ਉਸਾਰਿਆ, ਉਹ ਗੁਲਾਮ ਮੁਲਕ ਨੂੰ ਗੁਲਾਮ ਬਣਾਈ ਰੱਖਣ ਲਈ ਸੀ, ਨਾ ਕਿ ਅਜ਼ਾਦ ਖ਼ਿਆਲਾਤ ਵਾਲਾ ਦੇਸ਼ ਉਸਾਰਨ ਲਈ। ਮੁੱਖ ਧਾਰਾ ਨਾਲ ਜੋੜਨ ਦੇ ਬਹਾਨੇ ਵੱਖਰੇ-ਵੱਖਰੇ ਸੱਭਿਆਚਾਰਾਂ ਦਾ ਮੂਲੋਂ ਖਾਤਮਾ ਕਰਨਾ ਹੀ ਉਨ੍ਹਾਂ ਦੀ ਸਿੱਖਿਆ ਨੀਤੀ ਦਾ ਅਧਾਰ ਸੀ ਤੇ ਧਾਰਮਿਕ ਵਖਰੇਵਿਆਂ ਨੂੰ ਭੜਕਾਊ ਰੂਪ ਵਿੱਚ ਉਭਾਰ ਕੇ, ਫੁੱਟ ਪਾ ਕੇ ਰਾਜਨੀਤਕ ਲਾਹਾ ਲੈਣਾ ਹੀ ਅੰਗਰੇਜ਼ਾਂ ਦੀ ਰਾਜਨੀਤਕ ਨੀਤੀ ਦਾ ਅਧਾਰ ਸੀ, ਜਿਸ ‘ਤੇ ਅੱਜ ਵੀ ਸਾਡੇ ਹੁਕਮਰਾਨ ਪੂਰੀ ਤਰ੍ਹਾਂ ਅਮਲ ਕਰ ਰਹੇ ਨੇ।
ਇਸ ਅਧਾਰ ਨੂੰ ਅਮਲੀ ਰੂਪ ਦੇਣ ਲਈ ਬੜੇ ਯੋਜਨਾਬੱਧ ਢੰਗ ਨਾਲ ਵਿਉਂਤ ਬਣਾਈ ਗਈ। ਸਭ ਤੋਂ ਪਹਿਲਾਂ ਇਸ ਗੱਲ ਦਾ ਵਹਿਮ ਲੋਕਾਂ ਵਿੱਚ ਪਾਇਆ ਗਿਆ ਕਿ ਉਨ੍ਹਾਂ ਦਾ ਰੰਗ ਸਾਂਵਲਾ ਹੈ, ਜੋ ‘ਚੰਗਾ’ ਨਹੀਂ ਹੁੰਦਾ ਤੇ ਗੋਰਾ ਰੰਗ ਸਭ ਤੋਂ ਉੱਤਮ ਹੁੰਦਾ ਹੈ। ਫਿਰ ਭਾਰਤੀ ਲੋਕਾਂ ਦੇ ਦਿਲਾਂ ਵਿੱਚ ਅਸੱਭਿਅਕ ਹੋਣ ਦਾ ਅਹਿਸਾਸ ਭਰਿਆ ਗਿਆ, ਕਿ ਉਨ੍ਹਾਂ ਦਾ ਸੱਭਿਆਚਾਰ ਘਟੀਆ ਹੈ। ਫਿਰ ਕਿਹਾ ਕਿ ਪੱਛਮੀ ਪਹਿਰਾਵਾ, ਬੋਲੀ, ਖਾਣਾ ਤੇ ਵਿੱਦਿਆ ਸ਼੍ਰੇਸ਼ਠ ਹੈ। ਅੰਗਰੇਜ਼ਾਂ ਹੇਠ ਬਣੀ ਪਹਿਲੀ ਭਾਰਤੀ ਸਿੱਖਿਆ ਨੀਤੀ 1835 ਦੀ ਨਿਰਮਾਤਾ ਕਮੇਟੀ ਦੇ ਮੁਖੀ ਲਾਰਡ ਮੈਕਲੇ ਦੇ ਕਥਨ ਅਨੁਸਾਰ ‘ਕਿਸੇ ਵੀ ਪੱਛਮੀ ਪੁਸਤਕਾਲੇ ਦੀ ਇੱਕ ਅਲਮਾਰੀ ਸਾਰੇ ਭਾਰਤੀ ਦੇਸੀ ਸਾਹਿਤ ਦੇ ਬਰਾਬਰ ਸੀ’। ਫਿਰ ਜਦੋਂ ਵਿਚਾਰੇ ਲੋਕ ਆਪਣੀ ਪਛਾਣ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਹੀਣ ਭਾਵਨਾ ਦਾ ਸ਼ਿਕਾਰ ਹੋ ਗਏ ਤਾਂ ਉਨ੍ਹਾਂ ਨੂੰ ਕੌਨਵੈਂਟ ਸਕੂਲਾਂ ਤੇ ਇੰਗਲੈਂਡ ਦੇ ਸ਼ਹਿਰਾਂ ਦੇ ਨਾਂ ਤੇ ਉਸਰੇ ਸਕੂਲਾਂ ਦੀ ਪੱਛਮੀ ਵਿੱਦਿਆ ਰਾਹੀਂ ਸੱਭਿਅਕ ਅਤੇ ਸ਼੍ਰੇਸ਼ਠ ਬਣ ਜਾਣ ਦਾ ਚਿੱਟੀ ਕਿਨਾਰੀ ਵਾਲਾ ਬੱਦਲ ਵਿਖਾਇਆ। ਹੀਣ ਭਾਵਨਾ ਦਾ ਸ਼ਿਕਾਰ ਆਮ ਮਾਪੇ ਜਿਨ੍ਹਾਂ ਦੀਆਂ ਪੁਸ਼ਤਾਂ ਨੇ ਕਦੇ ਪੱਛਮੀ ਤਰਜ਼ ਦੇ ਦਰਸ਼ਨ ਨਹੀਂ ਸਨ ਕੀਤੇ, ਜਿਹੜੇ ਆਪ ਤੱਪੜਾਂ ’ਤੇ ਬਹਿ ਕੇ ਪੜ੍ਹੇ, ਉਹ ਇਨ੍ਹਾਂ ਸਕੂਲਾਂ ਵੱਲ ਯਕਦਮ ਉੱਲਰੇ। ਉਨ੍ਹਾਂ ਦੇ ਬੱਚਿਆਂ ਨੂੰ ਇਨ੍ਹਾਂ ਸਕੂਲਾਂ ਵਿੱਚ ਵਿਦਵਾਨ ਤੇ ਸੂਝਵਾਨ ਮਨੁੱਖ ਬਣਾਉਣ ਦੇ ਵਾਅਦੇ ਦੀ ਬਜਾਏ ਸਮਾਰਟ ਕਲਾਸਰੂਮਜ਼, ਹੌਰਸ ਰਾਈਡਿੰਗ, ਸਵਿਮਿੰਗ, ਸਾਰੀ ਪੜ੍ਹਾਈ ਅੰਗਰੇਜ਼ੀ ਮਾਧਿਅਮ ਵਿੱਚ ਤੇ ਵਧੀਆ ਅੰਗਰੇਜ਼ੀ ਬੋਲਣੀ ਸਿਖਾਉਣ ਦੇ ਸਬਜ਼ਬਾਗ ਵਿਖਾਏ ਗਏ। ਮਾਪੇ ਆਪਣੇ ਬੱਚਿਆਂ ਨੂੰ ਇਨ੍ਹਾਂ ਮਹਿੰਗੇ ਸਕੂਲਾਂ ਵਿੱਚ ਕਰਜ਼ੇ ਲੈ ਕੇ ਪੜ੍ਹਾਉਣ ਨੂੰ ਵੀ ਤਿਆਰ ਹੋ ਗਏ। ਦੂਜੇ ਪਾਸੇ ਪੰਜਾਬੀ/ਭਾਰਤੀ ਇਸ ਵਰਤਾਰੇ ਦੇ ਨਾਂਹਪੱਖੀ ਅਸਰਾਂ ਤੋਂ ਵੀ ਅਵੇਸਲੇ ਹਨ।
ਇਸ ਘਟਨਾਕ੍ਰਮ ਦਾ ਖਮਿਆਜ਼ਾ ਅਗਲੀ ਨੌਜਵਾਨ ਪੀੜ੍ਹੀ ਨੂੰ ਭੁਗਤਣਾ ਪਿਆ ਤੇ ਪੈ ਰਿਹਾ ਹੈ, ਜਿਨ੍ਹਾਂ ਨੂੰ ਨਾ ਤਾਂ ਘਰਦਿਆਂ ਨੇ ਕੁਝ ਦੱਸਿਆ ਤੇ ਨਾ ਹੀ ਵਿੱਦਿਅਕ ਅਦਾਰਿਆਂ ਨੇ। ਇਸ ਕਾਰਨ ਨਾ ਤਾਂ ਉਹ ਵਿਚਾਰੇ ਅੰਗਰੇਜ਼ ਬਣ ਸਕੇ ਅਤੇ ਨਾ ਹੀ ਆਪਣੇ ਵਿਰਸੇ ਦੇ ਨੁਮਾਇੰਦੇ। ਇਹ ਵਿਸ਼ਵੀਕਰਨ ਤੇ ਤਕਨੀਕ ਦਾ ਯੁੱਗ ਹੈ। ਇਸ ਦੀਆਂ ਜ਼ਰੂਰਤਾਂ ਮੁਤਾਬਕ ਢਲਣਾ ਤੇ ਸਮੇਂ ਦੇ ਹਾਣੀ ਬਣਨਾ ਵੀ ਸਾਡੀ ਜ਼ਿੰਮੇਵਾਰੀ ਹੈ। ਇਸ ਲਈ ਨਵੀਆਂ-ਨਵੀਆਂ ਭਾਸ਼ਾਵਾਂ ਸਿੱਖਣਾ, ਪੜ੍ਹਨਾ ਅਤੇ ਬੋਲਣਾ, ਪੱਛਮੀ, ਪੂਰਬੀ ਜਾਂ ਕਿਸੇ ਵੀ ਸੱਭਿਆਚਾਰ ਦੀਆਂ ਚੰਗੀਆਂ ਕਦਰਾਂ ਕੀਮਤਾਂ ਤੋਂ ਪ੍ਰਭਾਵਿਤ ਹੋ ਕੇ ਇਨ੍ਹਾਂ ਨੂੰ ਅਪਣਾਉਣਾ, ਸਮੇਂ ਮੁਤਾਬਕ ਪੁਰਾਣੀਆਂ ਜਾਂ ਰੂੜੀਵਾਦੀ ਕਦਰਾਂ ਕੀਮਤਾਂ ਨੂੰ ਛੱਡਣਾ ਜ਼ਰੂਰੀ ਵੀ ਹੈ। ਕਿਸੇ ਵੀ ਭਾਸ਼ਾਈ ਮਾਧਿਅਮ ਵਿੱਚ ਪੜ੍ਹਨਾ, ਵਿਸ਼ਵ ਇਤਿਹਾਸ ਬਾਰੇ ਜਾਨਣਾ ਤੇ ਵਿਸ਼ਵ ਸਾਹਿਤ ਪੜ੍ਹਨਾ ਵੀ ਅਗਾਂਹਵਧੂ ਤੇ ਸੁਚੇਤ ਇਨਸਾਨ ਦੀਆਂ ਨਿਸ਼ਾਨੀਆਂ ਹਨ। ਪਰ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਨਿੱਕੀ ਉਮਰ ਵਿੱਚ ਹੀ ਆਪਣੇ ਵਿਰਸੇ ਤੇ ਸੱਭਿਆਚਾਰ ਉੱਪਰ ਸ਼ਰਮ ਤੇ ਨੀਵਾਂ ਮਹਿਸੂਸ ਕਰਵਾ ਕੇ ਇਸ ਤੋਂ ਦੂਰ ਹੋਣ ਦੇ ਰਾਹੇ ਪਾਉਂਦੇ ਹਨ, ਉਹ ਆਪਣੀ ਹੀ ਔਲਾਦ ਨੂੰ ਇਕ ਤਰਾਂ ਜੜ੍ਹੋਂ ਪੁੱਟਦੇ ਹਨ। ਮੇਰੇ ਖਿਆਲ ਵਿਚ ਤਾਂ ‘ਦੇ ਆਲ ਆਰ ਕਿਲਿੰਗ ਦਿ ਇੰਡੀਅਨ ਇਨ ਦਿ ਚਾਈਲਡ’ ਭਾਵ ਉਹ ਆਪਣੇ ਬੱਚਿਆਂ ਦੀ ਮੂਲ ਪਛਾਣ ਨੂੰ ਹੀ ਮਾਰ ਰਹੇ ਹਨ।
*ਵਿਦਿਆਰਥਣ, ਖਾਲਸਾ ਕਾਲਜ, ਗੜ੍ਹਦੀਵਾਲਾ, ਹੁਸ਼ਿਆਰਪੁਰ।
ਸੰਪਰਕ: 76528-60960