ਬਹਾਦਰ ਸਿੰਘ ਗੋਸਲ
ਅੱਜ-ਕੱਲ੍ਹ ਪੰਜਾਬ ਦੇ ਪਿੰਡਾਂ ਵਿੱਚ ਪੁਰਾਣੀਆਂ ਵਿਰਾਸਤੀ ਇਮਾਰਤਾਂ; ਜਿਵੇਂ ਕਿਲ੍ਹੇ, ਹਵੇਲੀਆਂ, ਅਟਾਰੀਆਂ ਜਾਂ ਦਰਵਾਜ਼ਿਆਂ ਦੀ ਦੇਖ-ਰੇਖ ਕਰਨ ਵਿੱਚ ਕਾਫ਼ੀ ਜਾਗਰੂਕਤਾ ਆ ਚੁੱਕੀ ਹੈ। ਕਈ ਪਿੰਡ ਵਿਰਾਸਤ ਸੰਭਾਲਣ ਲਈ ਹੰਭਲਾ ਮਾਰ ਰਹੇ ਹਨ। ਕਿਸੇ ਸਰਕਾਰੀ ਸਹਾਇਤਾ ਦੀ ਉਡੀਕ ਕੀਤੇ ਬਿਨਾਂ ਹੀ ਪਿੰਡਾਂ ਦੀਆਂ ਪੰਚਾਇਤਾਂ ਅਤੇ ਜਾਗਰੂਕ ਵਿਅਕਤੀ ਵਿਰਸਾ ਸੰਭਾਲ ਗਤੀਵਿਧੀਆਂ ਵਿੱਚ ਆਪਣਾ ਯੋਗਦਾਨ ਪਾਉਣ ਲੱਗੇ ਹਨ। ਪਿੰਡਾਂ ਵਿੱਚ ਪੁਰਾਣੇ ਦਰਵਾਜ਼ੇ ਸੰਭਾਲਣ ਦੀ ਇੱਕ ਲਹਿਰ ਜਿਹੀ ਚੱਲ ਚੁੱਕੀ ਹੈ। 7 ਅਕਤੂਬਰ 1926 ਨੂੰ ਪਿੰਡ ਮਨੈਲੀ (ਸ੍ਰੀ ਚਮਕੌਰ ਸਾਹਿਬ) ਵਿੱਚ ਬਣੇ ਇੱਕ ਅਜਿਹੇ ਹੀ ਦਰਸ਼ਨੀ ਦਰਵਾਜ਼ੇ ਦੀ ਦੇਖਭਾਲ ਅਤੇ ਸੰਭਾਲ ਲਈ ਸਾਰਾ ਪਿੰਡ ਤਤਪਰ ਰਹਿੰਦਾ ਹੈ।
ਇਸ ਦਰਵਾਜ਼ੇ ਦੀ ਖਾਸ ਗੱਲ ਇਹ ਹੈ ਕਿ ਇਸ ਦੇ ਬਾਹਰ ਖੜ੍ਹ ਕੇ ਦੇਖਣ ’ਤੇ ਅੰਦਰਵਾਰ ਪਿੰਡ ਦੇ ਗੁਰਦੁਆਰੇ ਦੇ ਦਰਸ਼ਨ ਹੁੰਦੇ ਹਨ ਅਤੇ ਇਸ ਗੁਰਦੁਆਰੇ ਦੇ ਕੋਲ ਹੀ ਗ਼ਦਰੀ ਬਾਬਾ ਮਾਸਟਰ ਚਤਰ ਸਿੰਘ ਦਾ ਘਰ ਹੈ, ਜਿਨ੍ਹਾਂ ਨੇ ਅੰਗਰੇਜ਼ੀ ਰਾਜ ਵਿਚ ਅਨੇਕਾਂ ਤਸ਼ੱਦਦ ਝੱਲੇ ਅਤੇ ਬਾਅਦ ਵਿੱਚ ਦੇਸ਼ ਦੀ ਆਜ਼ਾਦੀ ਲਈ ਵੀ ਯੋਗਦਾਨ ਪਾਇਆ।
ਪਿੰਡ ਮਨੈਲੀ ਦਾ ਪਿਛੋਕੜ ਵੀ ਬੜਾ ਦਿਲਚਸਪ ਹੈ। ਪਿੰਡ ਦੇ ਹੀ ਬਜ਼ੁਰਗ ਜਥੇਦਾਰ ਪ੍ਰੇਮ ਸਿੰਘ ਨੇ ਦੱਸਿਆ ਕਿ ਇਹ ਪਿੰਡ ਗੁਜਰਾਤ ਤੋਂ ਆਏ ਅਸਤੂ ਅਤੇ ਮਸਤੂ ਦੋ ਭਰਾਵਾਂ ਵਲੋਂ ਵਸਾਇਆ ਗਿਆ ਸੀ ਅਤੇ ਸਮੇਂ ਦੇ ਨਾਲ ਪਿੰਡ ਵਿੱਚ ਤਿੰਨ ਵੱਡੀਆਂ ਪੱਤੀਆਂ ਬੁੱਧ ਸਿੰਘ ਵਾਲੀ, ਜਿਊਣ ਸਿੰਘ ਵਾਲੀ ਅਤੇ ਜਵਾਹਰ ਸਿੰਘ ਵਾਲੀ ਬਣ ਗਈਆਂ। ਇਨ੍ਹਾਂ ਪੱਤੀਆਂ ਦਾ ਇਹ ਸਾਂਝਾ ਦਰਵਾਜ਼ਾ ਸੀ ਰਾਤ ਨੂੰ ਪਿੰਡ ਦੀ ਰਾਖੀ ਲਈ ਇਸ ਦਰਵਾਜ਼ੇ ਵਿਚ ਠੀਕਰੀ ਪਹਿਰਾ ਦਿੱਤਾ ਜਾਂਦਾ ਸੀ। ਤਿੰਨਾਂ ਪੱਤੀਆਂ ਦੇ ਦਰਵਾਜ਼ੇ ਦੇ ਅੰਦਰ ਇੱਕ ਹੀ ਵੱਡੀ ਗਲੀ ਸੀ, ਜਿਸ ਵਿਚੋਂ ਹੋਰ ਛੋਟੀਆਂ-ਛੋਟੀਆਂ ਗਲੀਆਂ ਲੋਕਾਂ ਦੇ ਘਰਾਂ ਵੱਲ ਜਾਂਦੀਆਂ ਸਨ।
ਜਥੇਦਾਰ ਪ੍ਰੇਮ ਸਿੰਘ ਦੇ ਦੱਸਣ ਅਨੁਸਾਰ ਇਸ ਵਿਲੱਖਣ ਦਰਵਾਜ਼ੇ ਨੂੰ ਪਿੰਡ ਦੇ ਹੀ ਇੱਕ ਮਿਸਤਰੀ ਮਨਸਾ ਸਿੰਘ ਨੇ ਬਣਾਇਆ ਸੀ। ਦਰਵਾਜ਼ੇ ਦੀ ਉਚਾਈ ਸੱਤ ਫੁੱਟ ਹੈ ਅਤੇ ਦੋ ਪਿੱਲਰਾਂ ਦੇ ਨਾਲ 18 ਘਣ ਤਿਆਰ ਕੀਤੇ ਗਏ ਹਨ। ਦਰਵਾਜ਼ੇ ਦੀ ਪੁਰਾਤਣ ਦਿੱਖ ਅਨੁਸਾਰ ਇਸ ਵਿੱਚ ਦੋ ਵੱਡੇ ਆਲੇ ਅਤੇ ਅੱਠ ਛੋਟੇ ਆਲੇ ਬਣਾਏ ਹੋਏ ਦਿਖਾਈ ਦਿੰਦੇ ਹਨ। ਇਹ ਵੀ ਪਤਾ ਲੱਗਿਆ ਹੈ ਕਿ ਦਰਵਾਜ਼ੇ ’ਤੇ ਖ਼ਾਸ ਮੀਨਾਕਾਰੀ ਕੀਤੀ ਗਈ ਸੀ। ਇੱਥੇ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਦੇ ਚਿੱਤਰ ਵੀ ਬਣਾਏ ਗਏ ਸਨ। ਜਦੋਂ ਇਹ ਦਰਵਾਜ਼ਾ ਬਣਾਇਆ ਗਿਆ ਸੀ ਤਾਂ ਉਸ ਸਮੇਂ ਚਾਰ ਆਨੇ ਦਿਹਾੜੀ ਦੀ ਮਜ਼ਦੂਰੀ ਹੁੰਦੀ ਸੀ। ਹਰ ਪਰਿਵਾਰ ਦਾ ਇੱਕ ਮੈਂਬਰ ਸੇਵਾ ਲਈ ਮਜ਼ਦੂਰੀ ਕਰਦਾ ਸੀ। ਜਿਹੜਾ ਪਰਿਵਾਰ ਮਜ਼ਦੂਰੀ ਨਹੀਂ ਕਰ ਸਕਦਾ ਸੀ, ਉਸ ਨੂੰ ਚਾਰ-ਆਨੇ ਦੇਣੇ ਪੈਂਦੇ ਸਨ। ਪੁਰਾਣੀ ਸੰਦੂਕੀ ਲੱਕੜ ਦੀ ਛੱਤ ’ਤੇ ਮਿੱਟੀ ਪਾ ਕੇ ਛੱਤ ਨੂੰ ਮਜ਼ਬੂਤ ਬਣਾਇਆ ਗਿਆ ਸੀ। ਇਹ ਦਰਵਾਜ਼ਾ ਪਿੰਡ ਦੀ ਸ਼ਾਨਦਾਰ ਦਿੱਖ ਅਤੇ ਸੁਰੱਖਿਆ ਦੇ ਪੱਖੋਂ, ਜਿੱਥੇ ਪਿੰਡ ਵਾਲਿਆਂ ਲਈ ਮਾਣ ਦੀ ਗੱਲ ਸੀ, ਉਥੇ ਹੀ ਇਹ ਭਾਈਚਾਰੇ ਦਾ ਸਬੂਤ ਵੀ ਰਿਹਾ ਹੈ।
ਸੰਪਰਕ: 98764-52223