ਵੱਟ ਕਢਾਏ ਹਾੜ੍ਹ ਦੀ ਤਪਸ਼

ਵੱਟ ਕਢਾਏ ਹਾੜ੍ਹ ਦੀ ਤਪਸ਼

ਹਰਮਨਪ੍ਰੀਤ ਸਿੰਘ

ਗੁਰਬਾਣੀ ਵਿੱਚ ਹਾੜ੍ਹ ਸ਼ਬਦ ਦੇ ਆਸਾੜੁ, ਅਸਾੜ, ਅਖਾੜ ਅਤੇ ਅਹਾੜ ਰੂਪ ਮਿਲਦੇ ਹਨ, ਹਾੜ੍ਹ ਮਹੀਨਾ ਨਾਨਕਸ਼ਾਹੀ ਜੰਤਰੀ ਅਨੁਸਾਰ ਸਾਲ ਦੇ ਦੇਸੀ ਮਹੀਨਿਆਂ ਦਾ ਚੌਥਾ ਮਹੀਨਾ ਬਣਦਾ ਹੈ। ਹਾੜ੍ਹ ਮਹੀਨਾ ਅੰਗਰੇਜ਼ੀ ਮਹੀਨੇ ਦੇ ਹਿਸਾਬ ਨਾਲ ਅੱਧ ਜੂਨ ਤੋਂ ਸ਼ੁਰੂ ਹੋ ਅੱਧ ਜੁਲਾਈ ਤੱਕ ਦਾ ਹੁੰਦਾ ਹੈ। ਹਾੜ੍ਹ ਦਾ ਮਹੀਨਾ ਆਪਣੇ ਆਪ ਵਿੱਚ ਗਰਮ ਹੁੰਦਾ ਹੈ। ਇਸ ਮਹੀਨੇ ਵਿੱਚ ਚਾਰੇ ਪਾਸੇ ਵਗਦੀ ਲੂੰ ਆਪਣਾ ਅਸਰ ਹਰ ਪਸ਼ੂ, ਪੰਛੀ, ਰੁੱਖ ਅਤੇ ਮਨੁੱਖ ’ਤੇ ਦਿਖਾਉਂਦੀ ਹੈ। ਇਸ ਮੌਸਮ ਵਿੱਚ ਵਗਦੀ ਲੂੰ ਫੁੱਲ, ਪੱਤੀਆਂ ਅਤੇ ਮਨੁੱਖੀ ਸਰੀਰਾਂ ਨੂੰ ਜਦੋਂ ਛੂਹ ਕੇ ਲੰਘਦੀ ਤਾਂ ਆਪਣੇ ਗਰਮ ਸੁਭਾਅ ਦਾ ਅਹਿਸਾਸ ਕਰਵਾ ਜਾਂਦਾ ਹੈ, ਇਉਂ ਜਾਪਦਾ ਹੈ ਕਿ ਹਾੜ੍ਹ ਮਹੀਨੇ ਸੂਰਜ ਦੀ ਤੇਜ਼ ਤਪਸ਼ ਵਿੱਚ ਤਪਦੀ ਧਰਤੀ ਦੀ ਰੂਹ ਵੀ ਪਾਣੀ-ਪਾਣੀ ਕੁਰਲਾਉਂਦੀ ਹੋਵੇ, ਸੱਥਾਂ ਵਿੱਚ ਲੱਗੇ ਪਿੱਪਲ, ਬੋਹੜ ਦੀਆਂ ਛਾਵਾਂ ਵਿੱਚ ਬੈਠੇ ਲੋਕ ਭੱਠ ਵਾਂਗੂ ਤਪਦੀ ਧਰਤੀ ਨੂੰ ਵੇਖ ਕੇ ਪਰਮਾਤਮਾ ਨੂੰ ਛਿੱਟ ਮੀਂਹ ਦੀ ਪਾਉਣ ਦੀ ਅਰਜੋਈ ਕਰਦੇ ਨਜ਼ਰ ਆਉਂਦੇ ਹਨ। ਹਾੜ੍ਹ ਦੇ ਮਹੀਨੇ ਸਭ ਪਾਸੇ ਵਗਦੀ ਲੂੰ ਕਾਰਨ ਟੋਭੇ, ਖੂਹ ਸੁੱਕਣ ਕੰਢੇ ਜਾ ਪੁੱਜਦੇ ਹਨ। ਜੇ ਕਿਤੇ ਹਾੜ੍ਹ ਮਹੀਨੇ ਵਿੱਚ ਇੱਕ-ਦੋ ਮੀਂਹ ਪੈ ਜਾਣ ਤਾਂ ਪਸ਼ੂ, ਪੰਛੀ ਤੇ ਮਨੁੱਖ ਹਾੜ੍ਹ ਮਹੀਨੇ ਦੀ ਗਰਮੀ ਨੂੰ ਭੁੱਲ ਕੇ ਕੁਝ ਸਮੇਂ ਲਈ ਠੰਢੇ ਬੁੱਲਿਆਂ ਦਾ ਆਨੰਦ ਮਾਣਦੇ ਨਜ਼ਰ ਆਉਂਦੇ ਹਨ। ਇਹ ਹਾੜ੍ਹ ਦਾ ਮਹੀਨਾ ਸਦਾ ਤੋਂ ਅਜਿਹਾ ਨਹੀਂ ਸੀ। ਜੇ ਕਹਿ ਲਈਏ ਕਿ ‘ਜਿਹੇ ਲੋਕ ਤਹੀਆਂ ਰੁੱਤਾਂ’ ਤਾਂ ਠੀਕ ਹੋਵੇਗਾ ਕਿਉਂਕਿ ਮਨੁੱਖ ਨੇ ਆਪਣੇ ਸੁਆਰਥ ਲਈ ਕੁਦਰਤ ਨਾਲ ਜਦੋਂ ਤੋਂ ਛੇੜ-ਛਾੜ ਕਰਨੀ ਸ਼ੁਰੂ ਕੀਤੀ, ਉਦੋਂ ਤੋਂ ਹੀ ਮੌਸਮੀ ਚੱਕਰ ਵਿੱਚ ਆਈ ਵੱਡੀ ਤਬਦੀਲੀ ਨੇ ਰੁੱਤਾਂ ਦਾ ਸੁਭਾਅ ਹੀ ਬਦਲ ਕੇ ਰੱਖ ਦਿੱਤਾ ਹੈ।

ਹਾੜ੍ਹ ਦੇ ਮਹੀਨੇ ਜਿੱਥੇ ਹਰ ਪਾਸੇ ਵਗਦੀ ਲੂੰ ਨੇ ਮਨੁੱਖੀ ਚਿਹਰਿਆਂ ਤੋਂ ਰੌਣਕ ਉਡਾਈ ਹੁੰਦੀ ਹੈ, ਉੱਥੇ ਹੀ ਅਮਲਤਾਸ ਤੇ ਗੁਲਮੋਹਰ ਜਿਹੇ ਰੁੱਖਾਂ ’ਤੇ ਇਉਂ ਜਾਪਦਾ ਜਿਵੇਂ ਹਾੜ੍ਹ ਮਹੀਨੇ ਬਾਹਰ ਰੁੱਤ ਮੁਹੱਬਤ ਦੀ ਬਾਤ ਪਾਉਣ ਆਈ ਹੋਵੇ। ਇਸੇ ਨੂੰ ਹੀ ਤਾਂ ਕੁਦਰਤ ਕਹਿੰਦੇ ਨੇ, ਤੇ ਇਸੇ ਨੂੰ ਕੁਦਰਤ ਦੇ ਰੰਗ। ਹਾੜ੍ਹ ਦੇ ਮਹੀਨੇ ਅਮਲਤਾਸ ਦੇ ਰੁੱਖਾਂ ’ਤੇ ਖਿੜੇ ਪੀਲੇ ਫੁੱਲ ਇਸ ਤਪਸ਼ ਭਰੇ ਮਾਹੌਲ ਵਿੱਚ ਵੀ ਮਨੁੱਖੀ ਮਨ ਨੂੰ ਮੋਹ ਲੈਂਦੇ ਹਨ। ਹਾੜ੍ਹ ਮਹੀਨਾ ਚੜ੍ਹਦੇ ਹੀ ਇਹ ਅਮਲਤਾਸ ਦਾ ਖੂਬਸੂਰਤ ਰੁੱਖ ਫੁੱਲਾਂ ਨਾਲ ਲੱਦਿਆ ਜਾਂਦਾ ਹੈ। ਤਪਦੇ ਮਹੀਨੇ ਵਿੱਚ ਬਹਾਰ ਰੁੱਤ ਦੇ ਰੁੱਖਾਂ ਵਾਂਗੂ ਖਿੜਨ ਤੇ ਗਰਮ ਵਗਦੀਆਂ ਹਵਾਵਾਂ ਨਾਲ ਮੁਹੱਬਤ ਦੀਆਂ ਬਾਤਾਂ ਪਾਉਣੀਆਂ ਕੋਈ ਅਮਲਤਾਸ ਦੇ ਰੁੱਖ ਤੋਂ ਸਿੱਖੇ। ਭੱਠ ਵਾਂਗੂ ਤਪਦੇ ਇਸ ਮਹੀਨੇ ਵਿੱਚ ਇਹ ਰੁੱਖ ਇਉਂ ਜਾਪਦਾ ਜਿਵੇਂ ਇਹ ਸੰਸਾਰ ਨੂੰ ਸੰਦੇਸ਼ ਦਿੰਦਾ ਹੋਵੇ ਕਿ ਮੌਸਮ, ਬਹਾਰਾਂ ਤੇ ਜ਼ਿੰਦਗੀ ਵਿੱਚ ਉਤਰਾਅ-ਚੜ੍ਹਾਅ ਤਾਂ ਆਉਂਦੇ ਰਹਿੰਦੇ ਹਨ, ਉਨ੍ਹਾਂ ਦੀ ਪਰਵਾਹ ਕੀਤੇ ਬਿਨਾਂ ਚੱਲਦੇ ਰਹੋ, ਖੁਸ਼ ਰਹੋ, ਖਿੜੇ ਰਹੋ। ਇਸੇ ਤਰ੍ਹਾਂ ਜਿਵੇਂ ਅਮਲਤਾਸ ਦੇ ਰੁੱਖ ਕੁਦਰਤ ਵਿੱਚ ਚਾਰੇ ਪਾਸੀਂ ਆਪਣੇ ਪੀਲੇ ਫੁੱਲ ਰਾਹੀਂ ਰੰਗ ਬਿਖੇਰਦੇ ਨਜ਼ਰ ਆਉਂਦੇ ਹਨ, ਉੱਥੇ ਹੀ ਗੁਲਮੋਹਰ ਰੁੱਖ ਦੇ ਫੁੱਲ ਵੀ ਹਾੜ੍ਹ ਮਹੀਨੇ ਪੂਰੇ ਜੋਬਨ ’ਤੇ ਆ ਲਾਲ-ਸੂਹੇ ਹੋ ਕੇ ਕੁਦਰਤ ਵਿੱਚ ਆਪਣਾ ਰੰਗ ਬਿਖਰਦੇ ਨਜ਼ਰ ਆਉਂਦੇ ਹਨ। ਇਸ ਤਰ੍ਹਾਂ ਹਾੜ੍ਹ ਦੇ ਤਪਦੇ ਮਹੀਨੇ ਵਿੱਚ ਅਮਲਤਾਸ ਤੇ ਗੁਲਮੋਹਰ ਦੇ ਰੁੱਖਾਂ ਵਿੱਚ ਘਿਰਿਆ ਮਨੁੱਖ ਹਾੜ੍ਹ ਮਹੀਨੇ ਦੀ ਤਪਸ਼ ਨੂੰ ਭੁੱਲ ਕੇ ਬਹਾਰ ਰੁੱਤ ਦਾ ਆਨੰਦ ਮਾਣਦਾ ਨਜ਼ਰ ਆਉਂਦਾ ਹੈ:

ਹੁਣ ਕੀ ਕਰਾਂ ਜੋ ਆਇਆ ਹਾੜ੍ਹ

ਤਨ ਵਿੱਚ ਇਸ਼ਕ ਤਪਾਇਆ ਭਾੜ

ਤੇਰੇ ਇਸ਼ਕ ਨੇ ਦਿੱਤਾ ਸਾੜ

ਰੋਵਣ ਅੱਖੀਆਂ ਕਰਨ ਪੁਕਾਰ, ਤੇਰੇ ਹਾਵੜੇ।

(ਬਾਬਾ ਬੁੱਲ੍ਹੇ ਸ਼ਾਹ)

ਜੇ ਕਿਧਰੇ ਮੁਹੱਬਤ ਦੀ ਗੱਲ ਕਰੀਏ ਤਾਂ ਹਾੜ੍ਹ ਮਹੀਨੇ ਮੁਹੱਬਤ ਦੀਆਂ ਹਵਾਵਾਂ, ਮੁਹੱਬਤ ਦੇ ਪਰਿੰਦੇ ਕਿਤੇ ਦੂਰ-ਦੁਰਾਡੇ ਉੱਡ-ਪੁੱਡ ਗਏ ਜਾਪਦੇ ਹਨ ਤੇ ਮੁੜ ਆਉਣ ਲਈ ਬਹਾਰ ਰੁੱਤ ਨੂੰ ਉਡੀਕਦੇ ਹਨ। ਹਾੜ੍ਹ ਮਹੀਨਾ ਆਪਣੇ ਕੁਦਰਤੀ ਸੁਭਾਅ ਕਾਰਨ ਗਰਮ ਮਹੀਨਾ ਤਾਂ ਹੁੰਦਾ ਹੀ ਹੈ, ਉੱਥੇ ਹੀ ਇਸ ਮਹੀਨੇ ਦੀ ਤਪਸ਼ ਵਧਾਉਣ ਵਿੱਚ ਮਨੁੱਖ ਨੇ ਵੀ ਕੋਈ ਕਸਰ ਬਾਕੀ ਨਹੀਂ ਛੱਡੀ। ਰੁੱਖਾਂ ਦੀ ਅੰਨ੍ਹੇਵਾਹ ਕਟਾਈ, ਪਾਣੀ ਦੀ ਦੁਰਵਰਤੋਂ ਅਤੇ ਦੂਜੇ ਪਾਸੇ ਹਾੜ੍ਹ ਮਹੀਨਾ ਚੜ੍ਹਦੇ ਹੀ ਮੋਟਰ ਗੱਡੀਆਂ, ਦਫ਼ਰਤਾਂ, ਘਰੇਲੂ ਤੇ ਵਪਾਰਕ ਥਾਵਾਂ ’ਤੇ ਚੱਲਦੇ ਏਅਰਕੰਡੀਸ਼ਨ ਜੋ ਇਨ੍ਹਾਂ ਨੂੰ ਅੰਦਰੋਂ ਤਾਂ ਬੇਸ਼ੱਕ ਆਰਜ਼ੀ ਤੌਰ ’ਤੇ ਠੰਢਾ ਕਰਦੇ ਹਨ, ਪਰ ਬਾਹਰੀ ਤਪਸ਼ ਵਧਾਉਣ ਵਿੱਚ ਆਪਣਾ ਪੂਰਾ ਯੋਗਦਾਨ ਪਾਉਂਦੇ ਹਨ। ਇਹ ਏਅਰਕੰਡੀਸ਼ਨ ਬਾਹਰ ਵੱਲ ਜੋ ਗਰਮ ਹਵਾ ਛੱਡਦੇ ਹਨ, ਉਹ ਵਾਤਾਵਰਨ ਵਿੱਚ ਗਰਮੀ ਵਧਾਉਣ ਦਾ ਕੰਮ ਕਰਦੀ ਹੈ ਤੇ ਅਸੀਂ ਦੋਸ਼ ’ਕੱਲਾ ਹਾੜ੍ਹ ਮਹੀਨੇ ਨੂੰ ਦਈ ਜਾਂਦੇ ਹਾਂ।

ਅਸੀਂ ਹਾੜ੍ਹ ਮਹੀਨੇ ਦੀ ਤਪਸ਼ ਘਟਾ ਸਕਦੇ ਹਾਂ, ਆਪਣੇ ਆਲੇ-ਦੁਆਲੇ ਰੁੱਖ ਲਗਾ, ਆਪਣੀ ਧਰਤੀ ’ਤੇ ਜੰਗਲਾਂ ਹੇਠ ਰਕਬਾ ਵਧਾ ਕੇ ਜਿੱਥੇ ਖ਼ੂਬਸੂਰਤ ਵਾਤਾਵਰਨ ਸਿਰਜ ਸਕਦੇ ਹਾਂ, ਉੱਥੇ ਹੀ ਤਪਦੇ ਹਾੜ੍ਹ ਨੂੰ ਕੁਝ ਹੱਦ ਤੱਕ ਠਾਰਨ ਦਾ ਯਤਨ ਵੀ ਕਰ ਸਕਦੇ ਹਾਂ।

ਇਸ ਮਹੀਨੇ ਵਿੱਚ ਕਿਸਾਨ ਅਗਲੀ ਫ਼ਸਲ ਦੀ ਬਿਜਾਈ ਕਰਨ ਦੀ ਵਿਉਂਤਬੰਦੀ ਕਰਦੇ ਹਨ। ਹਾੜ੍ਹ ਦੇ ਮਹੀਨੇ ਖੇਤ ਦੂਰ-ਦੂਰ ਤੱਕ ਜ਼ਿਆਦਾਤਰ ਖਾਲੀ ਹੀ ਨਜ਼ਰ ਆਉਂਦੇ ਹਨ। ਖੇਤਾਂ ਦੇ ਖਾਲੀ ਹੋਣ ਦਾ ਕਾਰਨ ਕਿਸਾਨਾਂ ਵੱਲੋਂ ਦੋ ਹੀ ਮੁੱਖ ਫ਼ਸਲਾਂ ਦੀ ਬਿਜਾਈ ਕਰਨਾ ਹੈ-ਇੱਕ ਕਣਕ ਤੇ ਦੂਜੀ ਜ਼ੀਰੀ। ਜੇ ਕਿਤੇ ਨਾਲ ਹੋਰ ਫ਼ਸਲਾਂ ਦੀ ਬਿਜਾਈ ਵੀ ਕੀਤੀ ਜਾਵੇ ਤਾਂ ਹਾੜ੍ਹ ਦੇ ਮਹੀਨੇ ਵਿੱਚ ਦੂਰ-ਦੂਰ ਤੱਕ ਖੇਤ ਇਉਂ ਖਾਲੀ ਨਜ਼ਰ ਨਾ ਆਉਣ, ਨਾਲ ਹੀ ਧਰਤੀ ਦੀ ਤਪਸ਼ ਘਟਾਉਣ ਲਈ ਸਾਨੂੰ ਇਸ ਕਣਕ, ਜ਼ੀਰੀ ਦੇ ਫਸਲੀ ਚੱਕਰ ਵਿੱਚੋਂ ਨਿਕਲ ਕੇ ਹੋਰ ਮੌਸਮੀ ਫ਼ਸਲਾਂ ਦੀ ਪੈਦਾਵਾਰ ਵਧਾਉਣੀ ਪਵੇਗੀ। ਜਿਸ ਦੇ ਨਤੀਜੇ ਵਜੋਂ ਧਰਤੀ ਦੀ ਤਪਸ਼ ਘਟੇਗੀ, ਪਾਣੀ ਦੀ ਵਰਤੋਂ ਘਟੇਗੀ ਅਤੇ ਤੇਜ਼ੀ ਨਾਲ ਮੌਸਮ ਵਿੱਚ ਆਉਂਦੀ ਖ਼ਤਰਨਾਕ ਤਬਦੀਲੀ ਘਟੇਗੀ। ਕੁਦਰਤ ਨਾਲ ਛੇੜਛਾੜ ਕਰਨੀ ਬੰਦ ਕਰਨੀ ਹੋਵੇਗੀ, ਕੁਦਰਤੀ ਸਰੋਤਾਂ ਦਾ ਦੁਰਉਪਯੋਗ ਬੰਦ ਕਰਨਾ ਹੋਵੇਗਾ ਤਾਂ ਜੋ ਕੋਈ ਵੀ ਮਹੀਨਾ ਮੌਸਮੀ ਤਬਦੀਲੀ ਕਾਰਨ ਆਪਣਾ ਪੁਰਾਤਨ ਵਜੂਦ ਨਾ ਗੁਆ ਬੈਠੇ।

ਸੰਪਰਕ: 98550-10005

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਾਂਝ ਤੇ ਅਮਨ ਦੀ ਲੋਅ

ਸਾਂਝ ਤੇ ਅਮਨ ਦੀ ਲੋਅ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਸ਼ਹਿਰ

View All