ਅਰਸ਼ਦੀਪ ਕੌਰ
ਭਾਰਤ ਵਾਂਗ ਜਰਮਨੀ ਵਿਚ ਵੀ ਅੱਜ ਕੱਲ੍ਹ ਗਰਮੀਆਂ ਦਾ ਮੌਸਮ ਹੈ ਪਰ ਜਿੰਨੀ ਗਰਮੀ ਭਾਰਤ ਵਿਚ ਪੈ ਰਹੀ ਹੈ, ਉਸ ਦਾ ਇਸ ਨਾਲ ਕੋਈ ਮੁਕਾਬਲਾ ਨਹੀਂ। ਭਾਰਤ ਵਿਚ ਤਾਂ ਜੇ ਤਾਪਮਾਨ 30 ਡਿਗਰੀ ਸੈਲਸੀਅਸ ਦੇ ਪਾਰ ਚਲਾ ਜਾਵੇ ਤਾਂ ਉਸ ਨੂੰ ਅਤਿ ਦੀ ਗਰਮੀ ਮੰਨ ਲਿਆ ਜਾਂਦਾ ਹੈ। ਭਾਰਤ ਦੀ ਰਾਜਧਾਨੀ ਦਿੱਲੀ ਨੂੰ ਆਮ ਖੇਤਰਾਂ ਨਾਲੋਂ ਜ਼ਿਆਦਾ ਗਰਮ ਮੰਨਿਆ ਜਾਂਦਾ ਹੈ, ਇੱਥੇ ਵੀ ਪਿਛਲੇ ਕਈ ਦਿਨਾਂ ਤੋਂ ਤਾਪਮਾਨ 49 ਡਿਗਰੀ ਤੋਂ ਉੱਪਰ ਦਰਜ ਕੀਤਾ ਜਾ ਰਿਹਾ ਹੈ। ਭਾਰਤ ਹਰ ਸਾਲ ਇੰਝ ਹੀ ਤਪਦਾ ਹੈ ਅਤੇ ਤੁਸੀਂ ਮਹਿਸੂਸ ਵੀ ਕਰ ਰਹੇ ਹੋਵੋਗੇ ਕਿ ਗਰਮੀ ਦੀ ਇਹ ਤਪਸ਼ ਲਗਾਤਾਰ ਵਧ ਰਹੀ ਹੈ। ਇਸ ਵਧ ਰਹੀ ਗਰਮੀ ਦਾ ਕਾਰਨ ਕੀ ਹੈ? ਕਾਰਨ ਉਹੀ ਹੈ ਜਿਸ ਦੀ ਚਰਚਾ ਹਰ ਕੋਈ ਕਰਦਾ ਹੈ- ਜਲਵਾਯੂ ਪਰਿਵਰਤਨ। ਇਸ ਜਲਵਾਯੂ ਪਰਿਵਰਤਨ ਕਾਰਨ ਵਧ ਰਹੀ ਗਰਮੀ ਨੇ ਭਾਰਤ ਵਿਚ ਹੀ ਨਹੀਂ ਸਗੋਂ ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਵਿਚ ਵੀ ਹਾਹਾਕਾਰ ਮਚਾਈ ਹੋਈ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਦੱਖਣੀ ਏਸ਼ੀਆਂ ਵਿਚ ਗਰਮੀ ਦਾ ਮੌਸਮ ਹਮੇਸ਼ਾਂ ਹੀ ਮੁਸ਼ਕਿਲਾਂ ਲੈ ਕੇ ਆਉਂਦਾ ਹੈ ਪਰ ਇੰਝ ਵਧਦੇ ਤਾਪਮਾਨ ਕਾਰਨ ਇਹ ਗਰਮੀ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ। ਭਾਰਤ ਦੁਨੀਆ ਦੇ ਸਭ ਤੋਂ ਗਰਮ ਸਥਾਨਾਂ ਵਿਚੋਂ ਇਕ ਹੈ, ਜਿੱਥੇ ਦੇਸ਼ ਦੇ ਕਰੋੜਾਂ ਲੋਕ ਜਾਨਲੇਵਾ ਗਰਮੀ ਅੱਗੇ ਬੇਵੱਸ ਹਨ, ਉੱਥੇ ਹੀ ਗਰਮ ਮੌਸਮ ਦਾ ਇਹ ਕਹਿਰ ਉਹਨਾਂ ਲਈ ਕਈ ਤਰ੍ਹਾਂ ਦੇ ਹੋਰ ਸੰਕਟ ਵੀ ਨਾਲ ਲੈ ਕੇ ਆਉਂਦਾ ਹੈ, ਜਿਵੇਂ: ਬਿਜਲੀ ਤੇ ਪਾਣੀ ਦੀ ਕਿੱਲਤ, ਬਿਮਾਰੀਆਂ ਦਾ ਖ਼ਤਰਾ, ਫ਼ਸਲਾਂ ਦਾ ਨੁਕਸਾਨ ਤੇ ਉਸ ਕਾਰਨ ਭੁੱਖਮਰੀ ਵਰਗਾ ਸੰਤਾਪ।
ਹਾਲ ਹੀ ਵਿਚ ਨੇ ਮੌਸਮ ਨਾਲ ਜੁੜੇ ਇਤਿਹਾਸਕ ਡੇਟਾ ਦਾ ਜਦੋਂ ਵਿਸ਼ਲੇਸ਼ਣ ਕੀਤਾ ਤਾਂ ਸਿੱਟਾ ਕੱਢਿਆ ਕਿ ਭੂਗੋਲਿਕ ਤੌਰ ’ਤੇ ਬਹੁਤ ਵੱਡੇ ਹਿੱਸੇ ਨੂੰ ਪ੍ਰਭਾਵਿਤ ਕਰਨ ਵਾਲੀ ਲੂੰ 100 ਸਾਲ ਵਿਚ ਕਦੀ ਇਕ ਵਾਰ ਚੱਲਦੀ ਹੈ। ਮਨੁੱਖੀ ਗਤੀਵਿਧੀਆਂ ਦੇ ਕਾਰਨ ਹੋ ਰਹੇ ਜਲਵਾਯੂ ਪਰਿਵਰਤਨ ਦੇ ਕਾਰਨ ਇਸ ਤਰ੍ਹਾਂ ਦੀ ਲੂ ਦੀ ਸੰਭਾਵਨਾ 30 ਗੁਣਾ ਵਧ ਗਈ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਜੇਕਰ ਵਧਦੀ ਗਰਮੀ ਨੂੰ ਰੋਕਣਾ ਹੈ ਤਾਂ ਦੁਨੀਆ ਨੂੰ ਨਾ ਸਿਰਫ਼ ਗ੍ਰੀਨਹਾਊਸ ਗੈਸਾਂ (ਮੀਥੇਨ, ਕਾਰਬਨ ਡਾਈਆਕਸਾਈਡ, ਕਲੋਰੋ-ਫਲੋਰੋ) ਦੀ ਵਰਤੋਂ ਨੂੰ ਘੱਟ ਕਰਨਾ ਹੋਵੇਗਾ ਸਗੋਂ ਇਸ ਦੇ ਖ਼ਤਰਨਾਕ ਹਾਨੀਕਾਰਕ ਪ੍ਰਭਾਵਾਂ ਦਾ ਮੁਕਾਬਲਾ ਕਰਨ ਲਈ ਵੀ ਖ਼ੁਦ ਨੂੰ ਤਿਆਰ ਕਰਨਾ ਪਵੇਗਾ। ਬੱਚੇ ਅਤੇ ਬੁਜ਼ਰਗਾਂ ਨੂੰ ਇਸ ਗਰਮੀ ਵਿਚ ਸਭ ਤੋਂ ਜ਼ਿਆਦਾ ਬਚਣ ਦੀ ਜ਼ਰੂਰਤ ਹੈ। ਇਹਨਾਂ ਤੋਂ ਇਲਾਵਾ ਜੇਕਰ ਗਰਮੀ ਦਾ ਮੌਸਮ ਸਭ ਤੋਂ ਵੱਡੀ ਚੁਣੌਤੀ ਬਣ ਕਿਸੇ ਦੇ ਸਾਹਮਣੇ ਖੜ੍ਹਾ ਹੁੰਦਾ ਹੈ ਤਾਂ ਉਹ ਹਨ- ਬਸਤੀਆਂ ਤੇ ਝੁਗੀਆਂ-ਝੌਂਪੜੀਆਂ ਵਿਚ ਰਹਿਣ ਵਾਲੇ ਲੋਕ ਕਿਉਂਕਿ ਉਹਨਾਂ ਕੋਲ ਨਾ ਤਾਂ ਲੋਂੜੀਦੀ ਬਿਜਲੀ ਦੀ ਵਿਵਸਥਾ ਹੁੰਦੀ ਹੈ ਅਤੇ ਨਾ ਹੀ ਪਾਣੀ ਦੀ। ਅਕਸਰ ਸਾਫ਼-ਸਫ਼ਾਈ ਦੀ ਕਮੀ ਕਰਕੇ ਉੱਥੇ ਬਿਮਾਰੀ ਫੈਲਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।
ਭਾਰਤ ਵਿਚ ਆਮ ਤੌਰ ’ਤੇ ਮਈ ਅਤੇ ਜੂਨ ਦੇ ਮਹੀਨੇ ਵਿਚ ਲੂ ਚੱਲਦੀ ਹੈ ਪਰ ਇਸ ਸਾਲ 2022 ਵਿਚ ਹੀ ਗਰਮੀ ਮਾਰਚ ਮਹੀਨੇ ਤੋਂ ਹੀ ਆਪਣੇ ਰੰਗ ਦਿਖਾਉਣ ਲੱਗ ਪਈ। ਸਾਲ 1901 ਤੋਂ ਮੌਸਮ ਵਿਭਾਗ ਦੁਆਰਾ ਭਾਰਤ ਵਿਚ ਪੈਣ ਵਾਲੀ ਗਰਮੀ ਦਾ ਰਿਕਾਰਡ ਰੱਖਿਆ ਜਾ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਇਸ ਸਾਲ ਮਾਰਚ ਮਹੀਨੇ ਤੋਂ ਹੀ ਪੈਣ ਵਾਲੀ ਗਰਮੀ ਨੇ 122 ਸਾਲਾਂ ਦਾ ਰਿਕਾਰਡ ਤੋੜਿਆ ਹੈ, ਨਾਲ ਹੀ ਵਿਗਿਆਨੀਆਂ ਦਾ ਮੰਨਣਾ ਹੈ ਕਿ ਆਉਣ ਵਾਲੀ ਗਰਮੀ ਹੋਰ ਨਵੇਂ ਰਿਕਾਰਡ ਬਣਾ ਸਕਦੀ ਹੈ। ਇਸ ਦਾ ਮਤਲਬ ਕਿ ਕਰੋੜਾਂ ਲੋਕਾਂ ਨੂੰ ਗਰਮੀ ਤੋਂ ਬਚਣ ਲਈ ਤਿਆਰ ਰਹਿਣਾ ਪਵੇਗਾ।
ਗਰਮੀ ਦੇ ਕਹਿਰ ਦਾ ਫ਼ਸਲਾਂ ਦੇ ਵਿਕਾਸ ਉੱਪਰ ਵੀ ਬੁਰਾ ਅਸਰ ਹੋਇਆ। 2022 ਵਿਚਲੀ ਅਤਿ ਦੀ ਗਰਮੀ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਕਣਕ ਦੀ ਬਰਾਮਦ ਉੱਪਰ ਅਸਥਾਈ ਤੌਰ ਤੇ ਰੋਕ ਲਗਾ ਦਿੱਤੀ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਗਰਮੀ ਦਾ ਮੌਸਮ ਜਲਦੀ ਸ਼ੁਰੂ ਹੋਣ ਕਰਕੇ ਕਣਕ ਦੀ ਪੈਦਾਵਾਰ ਘੱਟ ਹੋਈ ਹੈ ਕਿਉਂਕਿ ਕਣਕ ਦੀਆਂ ਬੱਲੀਆਂ ਦੇ ਦਾਣੇ ਠੀਕ ਤਰ੍ਹਾਂ ਵਧ-ਫੁਲ ਨਹੀਂ ਸਕੇ ਉਹਨਾਂ ਅੰਦਰਲਾ ਦੁੱਧ ਗਰਮੀ ਦੀ ਵਜ੍ਹਾ ਨਾਲ ਸੁੱਕ ਗਿਆ। ਇੱਥੇ ਉਤਪਾਦਨ ਵਿਚ ਆਈ ਗਿਰਾਵਟ ਨੂੰ ਦੇਖਦੇ ਹੋਏ ਸਰਕਾਰ ਦਾ ਇਹ ਪਹਿਲਾਂ ਫ਼ਰਜ਼ ਸੀ ਕਿ ਦੇਸ਼ ਦੀ ਜਨਤਾ ਲਈ ਖਾਧ ਪਦਾਰਥਾਂ ਦੇ ਭੰਡਾਰ ਨੂੰ ਸੁਰੱਖਿਅਤ ਕੀਤਾ ਜਾਵੇ। ਇਸ ਲਈ ਕਣਕ ਦੀ ਬਰਾਮਦ ਨੂੰ ਰੋਕ ਦਿੱਤਾ ਗਿਆ ਜਿਸ ਦੇ ਕਾਰਨ ਘਰੇਲੂ ਬਾਜ਼ਾਰ ਵਿਚ ਕਣਕ ਦੀ ਕੀਮਤ ਘਟ ਗਈ ਅਤੇ ਇਸ ਦੀ ਸਿੱਧੀ ਮਾਰ ਕਿਸਾਨਾਂ ਨੂੰ ਝੱਲਣੀ ਪਈ ਪਰ ਨਾਲ ਹੀ ਕੌਮਾਂਤਰੀ ਬਾਜ਼ਾਰ ਵਿਚ ਇਸੇ ਕਣਕ ਦੀ ਕੀਮਤ ਅਸਮਾਨ ਤੱਕ ਪਹੁੰਚ ਗਈ। ਯੂਕਰੇਨ ਵਿਚ ਯੁੱਧ ਦੇ ਕਾਰਨ ਕਣਕ ਦੀ ਸਪਲਾਈ ਰੁਕ ਗਈ ਹੈ। ਕਣਕ ਦੇ ਵੱਡੇ ਵੱਡੇ ਉਤਪਾਦਕ ਯੂਕਰੇਨ ਦੀਆਂ ਬੰਦਰਗਾਹਾਂ ਉੱਤੇ ਜਾਂ ਤਾਂ ਤਬਾਹ ਹੋ ਗਏ ਹਨ ਜਾਂ ਫਿਰ ਠੱਪ ਪਏ ਹਨ। ਇਸੇ ਤਰ੍ਹਾਂ ਗਰਮੀ ਦਾ ਮਾਰੂ ਪ੍ਰਭਾਵ ਫਲਾਂ ਦੇ ਰਾਜੇ ਅੰਬ ਦੀ ਮਿਠਾਸ ਅਤੇ ਪੈਦਾਵਾਰ ਨੂੰ ਘੱਟ ਕਰਨ ਲਈ ਜ਼ਿੰਮੇਵਾਰ ਰਿਹਾ ਹੈ। ਗੁਜਰਾਤ ਦਾ ਵਣ-ਥਲੀ ਖੇਤਰ ਕੇਸਰ ਅੰਬਾਂ ਦੀ ਪੈਦਾਵਾਰ ਦਾ ਗੜ੍ਹ ਮੰਨਿਆ ਜਾਂਦਾ ਹੈ ਪਰ ਕਿਸਾਨਾਂ ਦਾ ਕਹਿਣਾ ਹੈ ਕਿ 10-15 ਸਾਲ ਪਹਿਲਾਂ ਅੰਬਾਂ ਦਾ ਹਰ ਰੁੱਖ ਅੰਬਾਂ ਨਾਲ ਲੱਦਿਆ ਹੁੰਦਾ ਸੀ ਪਰ ਜਲਵਾਯੂ ਪਰਿਵਰਤਨ ਕਰਕੇ ਹੁਣ ਇਹਨਾਂ ਰੁੱਖਾਂ ਉੱਪਰ ਪੱਤੇ ਹੀ ਦਿਖਾਈ ਦੇ ਰਹੇ ਹਨ। ਪਿਛਲੇ 3-4 ਸਾਲਾਂ ਤੋਂ ਗਰਮੀ ਕਰਕੇ ਅੰਬਾਂ ਦੀ ਖੇਤੀ ਲਗਭਗ ਜ਼ੀਰੋ ਹੀ ਹੋ ਗਈ, ਨਾ ਸਿਰਫ਼ ਪੈਦਾਵਾਰ ਸਗੋਂ ਅੰਬ ਦੀ ਕੁਆਲਿਟੀ ਵਿਚ ਵੀ ਗਿਰਾਵਟ ਆ ਰਹੀ ਹੈ ਜਿਸ ਦਾ ਕਾਰਨ ਵਿਗਿਆਨੀਆਂ ਨੇ ਦਿਨ-ਰਾਤ ਵਿਚਲੇ ਵਧਦੇ ਤਾਪਮਾਨ ਨੂੰ ਦੱਸਿਆ ਹੈ। ਖੇਤੀਬਾੜੀ ਵਿਭਾਗ ਅਨੁਸਾਰ ਅੰਬਾਂ ਦਾ ਬੂਰ ਪੈਣ ਲਈ ਘੱਟ ਤਾਪਮਾਨ ਅਤੇ ਅੰਬਾਂ ਨੂੰ ਪੱਕਣ ਲਈ ਵਧ ਤੇ ਗਰਮ ਤਾਪਮਾਨ ਦੀ ਜ਼ਰੂਰਤ ਹੁੰਦੀ ਹੈ ਪਰ ਇਸ ਸਾਲ ਮਾਰਚ ਮਹੀਨੇ ਤੋਂ ਹੀ ਵਧੇ ਤਾਪਮਾਨ ਨੇ ਕਿਸਾਨਾਂ ਦਾ ਨੁਕਸਾਨ ਕੀਤਾ ਹੈ।
ਇਹ ਭਿਆਨਕ ਗਰਮੀ ਜਲ ਸੰਕਟ ਨੂੰ ਵੀ ਵਧਾ ਰਹੀ ਹੈ। ਯੂਨੀਸੇਫ ਦਾ ਕਹਿਣਾ ਹੈ ਕਿ ਭਾਰਤ ਵਿਚ ਸਿਰਫ਼ ਅੱਧੀ ਆਬਾਦੀ ਨੂੰ ਪੀਣ ਲਈ ਸਾਫ਼ ਪਾਣੀ ਮੁਹੱਈਆ ਹੁੰਦਾ ਹੈ। ਭਾਰਤ ਦੇ ਕੁੱਲ 773 ਜ਼ਿਲ੍ਹਿਆਂ ਦੇ ਦੋ ਤਹਾਈ ਜ਼ਿਲ੍ਹੇ ਤਾਂ ਪਾਣੀ ਦੀ ਗੰਭੀਰ ਕਮੀ ਦੀ ਤਰਾਸਦੀ ਦੇ ਸ਼ਿਕਾਰ ਹਨ। ਮਨੁੱਖਾਂ ਦੇ ਨਾਲ ਨਾਲ ਜੀਵ-ਜੰਤੂਆਂ ਲਈ ਜਲ ਸ੍ਰੋਤ ਰਹੇ ਤਲਾਬ ਵੀ ਗਰਮੀ ਕਾਰਨ ਸੁੱਕ ਰਹੇ ਹਨ। ਜਲਵਾਯੂ ਪਰਿਵਰਤਨ ਕਾਰਨ ਵਰਖਾ ਦਾ ਕੁਦਰਤੀ ਚੱਕਰ ਵੀ ਬਦਲ ਰਿਹਾ ਹੈ ਜਿਸ ਕਾਰਨ ਜ਼ਮੀਨ ਪਾਣੀ ਲਈ ਤਰਸ ਜਾਂਦੀ ਹੈ ਅਤੇ ਸੋਕਾ ਮਨੁੱਖ ਲਈ ਸਰਾਪ ਬਣ ਜਾਂਦਾ ਹੈ। ਵਰਖਾ ਦੇ ਇਸ ਕੁਦਰਤੀ ਚੱਕਰ ਵਿਚ ਆਏ ਪਰਿਵਰਤਨ ਕਾਰਨ ਕਈ ਥਾਵਾਂ ਉੱਪਰ ਜ਼ਿਆਦਾ ਵਰਖਾ ਕਾਰਨ ਹੜ੍ਹ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਇਹ ਜਲਵਾਯੂ ਪਰਿਵਰਤਨ ਹੀ ਹੈ ਕਿ ਇਕ ਦੇਸ਼ ਹੀ ਕਿਸੇ ਇਲਾਕੇ ਵਿਚ ਵਰਖਾ ਦੀ ਕਮੀ ਕਰਕੇ ਸੋਕੇ ਵਰਗੀ ਸਥਿਤੀ ਬਣ ਜਾਂਦੀ ਹੈ ਅਤੇ ਕਿਤੇ ਅਧਿਕ ਵਰਖਾ ਕਰਕੇ ਹੜ੍ਹ ਦਾ ਕਹਿਰ। ਭਾਰਤ ਦੇ ਉੱਤਰ-ਪੱਛਮ ਵਿਚ ਜਿੱਥੇ ਲੋਕ ਗਰਮੀ ਦੇ ਮੌਸਮ ਵਿਚ ਪਾਣੀ (ਵਰਖਾ) ਲਈ ਤਰਸ ਰਹੇ ਹਨ, ਉੱਥੇ ਹੀ ਪੂਰਬ-ਉੱਤਰ ਆਸਾਮ ਵਿਚ ਪਿਛਲੇ ਦਿਨੀ ਗੰਭੀਰ ਹੜ੍ਹ ਦੀ ਸਥਿਤੀ ਪੈਦਾ ਹੋ ਗਈ। ਤਾਪਮਾਨ ਵਧਣ ਕਰਕੇ ਗਲੇਸ਼ੀਅਰ ਵੀ ਤੇਜ਼ੀ ਨਾਲ ਪਿਘਲ ਰਹੇ ਹਨ ਜਿਸ ਕਾਰਨ ਸਮੁੰਦਰ ਦਾ ਜਲ ਪੱਧਰ ਵਧ ਰਿਹਾ ਹੈ।
ਜੇਕਰ ਸਾਡੀ ਧਰਤੀ ਇੰਝ ਹੀ ਤਪਦੀ ਰਹੀ ਤਾਂ ਕੇਵਲ ਅਸੀਂ ਮਨੁੱਖ ਹੀ ਨਹੀਂ ਸਗੋਂ ਇਸ ਉੱਪਰ ਰਹਿਣ ਵਾਲੇ ਦੂਸਰੇ ਕਰੋੜਾਂ ਜੀਵ-ਜੰਤੂ ਅਤੇ ਜੰਗਲ ਨਸ਼ਟ ਹੋ ਜਾਣਗੇ। ਪਸ਼ੂ-ਪੰਛੀ ਇਸ ਕੁਦਰਤ ਤੋਂ ਸਿਰਫ਼ ਓਨਾ ਹੀ ਲੈਂਦੇ ਹਨ ਜਿੰਨੇ ਦੀ ਉਹਨਾਂ ਨੂੰ ਜ਼ਰੂਰਤ ਹੋਵੇ ਜਦੋਂ ਕਿ ਮਨੁੱਖ ਦੀਆਂ ਇੱਛਾਵਾਂ ਤੇ ਲਾਲਚ ਦਾ ਕੋਈ ਅੰਤ ਨਹੀਂ ਹੈ। ਇਸ ਲਈ ਮਨੁੱਖ ਨੂੰ ਸੋਚਣਾ ਚਾਹੀਦਾ ਹੈ ਕਿ ਉਸ ਦੁਆਰਾ ਕੁਦਰਤੀ ਸਾਧਨਾਂ ਨਾਲ ਕੀਤੀ ਛੇੜਛਾੜ ਤੋਂ ਪੈਦਾ ਹੋਏ ਦੁਰਪ੍ਰਭਾਵਾਂ ਦਾ ਨਤੀਜਾ ਉਸ ਦੇ ਨਾਲ ਨਾਲ ਹੋਰ ਬੇਕਸੂਰ ਜੀਵਾਂ ਨੂੰ ਵੀ ਭੁਗਤਣਾ ਪੈ ਸਕਦਾ ਹੈ। ਮਨੁੱਖ ਕਿਉਂਕਿ ਸਮਾਜਿਕ ਪ੍ਰਾਣੀ ਹੈ, ਇਸ ਲਈ ਕੁਦਰਤ ਦੀ ਸੰਭਾਲ ਕਰਨ ਦੀ ਨੈਤਿਕ ਜ਼ਿੰਮੇਵਾਰੀ ਸਿਰਫ਼ ਤੇ ਸਿਰਫ਼ ਮਨੁੱਖ ਬਣਦੀ ਹੈ। ਇਸ ਲਈ ਮਨੁੱਖ ਨੂੰ ਜਲਦੀ ਤੋਂ ਜਲਦੀ ਆਪਣੇ ਆਲੇ-ਦੁਆਲੇ ਪ੍ਰਤੀ ਸੁਚੇਤ ਹੋ ਜਾਣਾ ਚਾਹੀਦਾ ਹੈ।
*ਖੋਜਾਰਥੀ, ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ, ਦਿੱਲੀ।
ਸੰਪਰਕ: arshdeepk676@gmail.com