ਕੁਲਬੀਰ ਸਿੰਘ ਔਜਲਾ
ਅੱਜ-ਕੱਲ੍ਹ ਚੋਣਾਂ ਦੌਰਾਨ ਹਿੰਸਾ ਆਮ ਗੱਲ ਹੋ ਗਈ ਹੈ। ਲੱਗਦਾ ਹੈ ਕਿ ਚੋਣਾਂ ਅਤੇ ਹਿੰਸਾ ਦਾ ਆਪਸ ਵਿੱਚ ਸਿੱਧਾ ਸਬੰਧ ਹੈ ਕਿਉਂਕਿ ਸਾਡਾ ਸਮਾਜ ਫਿਰਕਾਪ੍ਰਸਤੀ, ਜਾਤਾਂ-ਪਾਤਾਂ ਅਤੇ ਪਾਰਟੀਬਾਜ਼ੀ ਵਿਚ ਬੁਰੀ ਤਰ੍ਹਾਂ ਵੰਡਿਆ ਪਿਆ ਹੈ। ਸਿਆਸੀ ਪਾਰਟੀਆਂ ਅਤੇ ਸਿਆਸੀ ਨੁਮਾਇੰਦੇ ਇਨਾਂ ਧੜਿਆਂ ਨੂੰ ਪਾਲਦੇ ਹਨ। ਉਹ ਆਪਣੇ ਅਸਲ ਮੁੱਦੇ ਵਿਕਾਸ, ਤਰੱਕੀ ਅਤੇ ਰੁਜ਼ਗਾਰ ਆਦਿ ਨੂੰ ਛੱਡ ਕੇ ਕੇਵਲ ਚੋਣਾਂ ਜਿੱਤਣ ਲਈ ਹਰ ਹਿਲਾ-ਵਸੀਲਾ, ਸਾਮ, ਦਾਮ, ਦੰਡ ਭੇਦ ਅਪਣਾਉਂਦੇ ਹਨ।
ਮਿਉਂਸਿਪਲ ਕਮੇਟੀਆਂ ਤੇ ਪੰਚਾਇਤਾਂ ਆਦਿ ਦੀਆਂ ਚੋਣਾਂ ਵਿਚ ਹਿੰਸਾ ਆਮ ਗੱਲ ਹੋ ਗਈ ਹੈ। ਚੋਣਾਂ ਦੌਰਾਨ ਹੁੰਦੀ ਹਿੰਸਾ ਦੀਆਂ ਵੀਡੀਓ, ਫੋਟੋਆਂ ਸੋਸ਼ਲ ਮੀਡੀਆ ਟੀਵੀ ਚੈਨਲਾਂ ਉੱਤੇ ਆਮ ਚੱਲਦੀਆਂ ਹਨ, ਜਿਸ ਦੌਰਾਨ ਕੁੱਟਮਾਰ, ਧੱਕਾ ਮੁੱਕੀ ਹੁੰਦੀ ਹੈ, ਪੱਗਾਂ ਉਤਰਦੀਆਂ, ਵਾਲਾਂ ਤੋਂ ਫੜ ਕੇ ਘੜੀਸਣਾ ਆਮ ਗੱਲ ਹੈ। ਕਈ ਵਾਰ ਕਤਲ ਵੀ ਹੋ ਜਾਂਦੇ ਹਨ ਅਤੇ ਅਸੀਂ ਸਾਰੀ ਉਮਰ ਲਈ ਇੱਕ ਦੂਜੇ ਦੇ ਦੁਸ਼ਮਣ ਬਣ ਜਾਂਦੇ ਹਾਂ। ਚੋਣਾਂ ਦੌਰਾਨ ਅਸੀਂ ਆਪਣੀਆਂ ਸਮਾਜਿਕ ਕਦਰਾਂ-ਕੀਮਤਾਂ, ਧਾਰਮਿਕ ਸੋਚ ਛਿੱਕੇ ਟੰਗ ਦਿੰਦੇ ਹਾਂ। ਅਜਿਹੇ ਹਾਲਾਤ ਦਾ ਸਾਡੇ ਬੱਚਿਆਂ ਉੱਪਰ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਬੱਚੇ ਹਿੰਸਾ ਵਾਲੀਆਂ ਵੀਡੀਓ, ਫੋਟੋਆਂ ਜੋ ਚੈਨਲਾਂ ਅਖ਼ਬਾਰਾਂ ਵਿੱਚ ਆਉਂਦੀਆਂ ਹਨ, ਨੂੰ ਵੇਖ ਕੇ ਖੌਫਜ਼ਫਾ ਰਹਿੰਦੇ ਹਨ। ਬੱਚੇ ਆਪਣੇ ਮਨਾਂ ਵਿੱਚ ਸਮਾਜ ਦੀ ਬੁਰੀ ਤਸਵੀਰ ਬਣਾ ਲੈਂਦੇ ਹਨ, ਜਦੋਂਕਿ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ ਅਤੇ ਉਹ ਡਰ ਦੇ ਮਾਹੌਲ ਵਿੱਚ ਵੱਡੇ ਹੁੰਦੇ ਹਨ ਤਾਂ ਸੋਚੋ ਸਾਡਾ ਸਮਾਜ ਜਾਂ ਸਾਡਾ ਦੇਸ਼ ਕੀ ਤਰੱਕੀ ਕਰੇਗਾ? ਫਿਰ ਅਜਿਹੀ ਰਾਜਨੀਤੀ ਕਿਸ ਕੰਮ ਦੀ ਜੋ ਸਾਡੇ ਘਰਾਂ ਨੂੰ, ਸਾਡੇ ਸਮਾਜ ਤੇ ਬੱਚਿਆਂ ਦੇ ਭਵਿੱਖ ਨੂੰ ਖਤਮ ਕਰ ਦੇਵੇ। ਕਾਹਦੀ ਰਾਜਨੀਤੀ ਨੂੰ ਜੋ ਸਾਨੂੰ ਨਿਘਾਰ ਵੱਲ ਲੈ ਕੇ ਜਾਵੇ, ਕੀ ਅਜਿਹੀਆਂ ਪ੍ਰਧਾਨਗੀਆਂ ਜੋ ਸਾਡਾ ਭਾਈਚਾਰਾ ਖ਼ਤਮ ਕਰ ਦੇਣ ਅਤੇ ਸਾਨੂੰ ਇੱਕ ਦੂਜੇ ਦੇ ਦੁਸ਼ਮਣ ਬਣਾ ਦੇਣ। ਇਸ ਹਾਲਾਤ ਵਿਚ ਸਿਆਸੀ ਤੌਰ ’ਤੇ ਜਿੱਤ ਭਾਵੇਂ ਕਿਸੇ ਪੱਖ ਦੀ ਹੋਵੇ ਪਰ ਹਾਰ ਨਿਸ਼ਚੇ ਹੀ ਸਾਡੀ ਸਾਰਿਆਂ ਦੀ ਹੁੰਦੀ ਹੈ। ਸਾਡੇ ਸਮਾਜ ਦੀ, ਲੋਕਤੰਤਰ ਦੀ ਹੁੰਦੀ ਹੈ।
ਹਿੰਸਾ ਕਿਸੇ ਪੱਖ ਤੋਂ ਕਿਸੇ ਸੱਭਿਅਕ ਸਮਾਜ ਦਾ ਹਿੱਸਾ ਨਹੀਂ ਹੋ ਸਕਦੀ ਅਤੇ ਨਾ ਹੀ ਲੋਕਤੰਤਰ ਵਿੱਚ ਹਿੰਸਾ ਦਾ ਕੋਈ ਸਥਾਨ ਹੈ। ਨਿਸ਼ਚੇ ਹੀ ਚੋਣਾਂ ਦੌਰਾਨ ਹੁੰਦੀ ਹਿੰਸਾ ਲਈ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਇਕੱਲੇ ਪ੍ਰਸ਼ਾਸਨ ਦੀ ਹੀ ਨਹੀਂ ਸਗੋਂ ਸਾਡੀ ਅਤੇ ਸਾਡੇ ਸਮਾਜ ਦੀ ਵੀ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਚੋਣਾਂ ਦੌਰਾਨ ਹਿੰਸਾ ਨੂੰ ਰੋਕਣ ਲਈ ਹੋਰ ਢੁਕਵੇਂ ਪ੍ਰਬੰਧ ਕੀਤੇ ਜਾਣ। ਪ੍ਰਸ਼ਾਸਨ ਕੇਵਲ ਸੱਤਾ ਧਿਰ ਨਾਲ ਖੜ੍ਹਾ ਨਜ਼ਰ ਨਾ ਆਵੇ, ਪੂਰੀ ਪਾਰਦਰਸ਼ਤਾ ਨਾਲ ਯੋਗ ਸਾਧਨਾਂ ਅਤੇ ਤਕਨੀਕਾਂ ਰਾਹੀਂ ਹਿੰਸਾ ਰੋਕਣ ਲਈ ਪੂਰੀ ਵਾਹ ਲਾਵੇ। ਪ੍ਰਸ਼ਾਸਨ ਦੁਆਰਾ ਵਰਤੀ ਸਖ਼ਤੀ ਦਾ ਵਰਤਾਰਾ ਵੀ ਲੋਕ ਪੱਖੀ, ਲੋਕਤੰਤਰ ਪੱਖੀ ਅਤੇ ਦਾਇਰੇ ਦੇ ਵਿੱਚ ਨਜ਼ਰ ਆਵੇ। ਚੋਣ ਲੜ ਰਹੇ ਨੁਮਾਇੰਦੇ ਭਾਵੇਂ ਕਿਸੇ ਪਾਰਟੀ ਨਾਲ ਸਬੰਧ ਰੱਖਦੇ ਹੋਣ, ਉਹ ਵੀ ਯਕੀਨੀ ਬਣਾਉਣ ਕਰਨ ਕਿ ਚੋਣਾਂ ਦੌਰਾਨ ਹਰਗਿਜ਼ ਹਿੰਸਾ ਨੂੰ ਹੁਲਾਰਾ ਨਹੀਂ ਦੇਣਗੇ ਅਤੇ ਆਪਣੀ ਭਾਈਚਾਰਕ ਸਾਂਝ, ਸਮਾਜਿਕ ਕਦਰਾਂ ਕੀਮਤਾਂ ਬਰਕਰਾਰ ਰੱਖਣਗੇ। ਹੋ ਸਕੇ ਤਾਂ ਖ਼ਾਸਕਰ ਸਥਾਨਕ ਚੋਣਾਂ ਦੌਰਾਨ ਅਸੀਂ ਆਪਣੇ ਨੁਮਾਇੰਦੇ ਬਿਨਾਂ ਮੁਕਾਬਲਾ ਹੀ ਸਰਬਸੰਮਤੀ ਨਾਲ ਚੁਣ ਲਈਏ ਅਤੇ ਸਾਡੇ ਚੁਣੇ ਹੋਏ ਨੁਮਾਇੰਦੇ ਸਾਡੇ ਵਾਰਡ ਅਤੇ ਪਿੰਡ ਦਾ ਵਿਕਾਸ ਪੂਰੀ ਤਨਦੇਹੀ ਨਾਲ ਕਰਨ। ਆਓ ਪ੍ਰਣ ਕਰੀਏ ਕਿ ਭਵਿੱਖ ਵਿੱਚ ਹੋਣ ਵਾਲੀਆਂ ਚੋਣਾਂ ਵਿਚ ਕੋਈ ਵੀ ਲੜਾਈ ਝਗੜਾ ਜਾਂ ਕਿਸੇ ਪ੍ਰਕਾਰ ਦੀ ਹਿੰਸਾ ਨਹੀਂ ਕਰਾਂਗੇ ਅਤੇ ਨਾ ਹੀ ਕਰਨ ਦੇਵਾਂਗੇ।
ਸੰਪਰਕ: 98761-00412