ਬਰਾਬਰੀ ਵਾਲੇ ਸਮਾਜ ਦੇ ਸੁਪਨਸਾਜ਼ ਡਾ. ਅੰਬੇਡਕਰ
ਡਾ. ਭੀਮ ਰਾਓ ਅੰਬੇਡਕਰ ਨੇ ਆਪਣਾ ਸਾਰਾ ਜੀਵਨ ਦੇਸ਼-ਕੌਮ ਦੀ ਭਲਾਈ ਤੇ ਸੇਵਾ ਲਈ ਲਗਾ ਦਿੱਤਾ। ਭਾਰਤ ਨੂੰ ਸਿਰਫ ਆਜ਼ਾਦ ਕਰਵਾਉਣ ਤੱਕ ਉਨ੍ਹਾਂ ਦੀ ਸੋਚ ਸੀਮਤ ਨਹੀਂ ਸੀ, ਸਗੋਂ ਉਨ੍ਹਾਂ ਇੱਕ ਸੁਚੱਜੇ ਸਮਾਜ ਦੀ ਕਾਮਨਾ ਦਾ ਸੁਪਨਾ ਸਿਰਜਿਆ ਸੀ, ਜਿੱਥੇ ਹਰ ਕਿਸੇ ਨੂੰ ਸਮਾਜਿਕ, ਰਾਜਨੀਤਕ, ਧਾਰਮਿਕ ਬਰਾਬਰੀ ਮਿਲੇ। ਉਨ੍ਹਾਂ ਦਾ ਖੁਦ ਦਾ ਜੀਵਨ ਵੀ ਆਪਣੇ ਆਪ ਵਿਚ ਇੱਕ ਅਨੋਖੀ ਮਿਸਾਲ ਹੈ ਕਿ ਕਿਸ ਤਰ੍ਹਾਂ ਬਹੁਤ ਹੀ ਗਰੀਬੀ ’ਚ ਪੈਦਾ ਹੋਏ ਤੇ ਭੇਦਭਾਵ ਦਾ ਸ਼ਿਕਾਰ ਹੁੰਦੇ ਡਾ. ਭੀਮ ਰਾਓ ਅੰਬੇਡਕਰ ਬੁਰੇ ਹਾਲਾਤ ਦਾ ਡਟ ਕੇ ਸਾਹਮਣਾ ਕਰਦੇ ਹੋਏ ਭੀਮਾ ਤੋਂ ਡਾ. ਸਾਹਿਬ ਹੀ ਨਹੀਂ ਬਲਕਿ ਦੇ ਸੰਵਿਧਾਨ ਨਿਰਮਾਤਾ ਵੀ ਬਣੇ। ਉਨ੍ਹਾਂ ਨੇ ਹਰੇਕ ਵਰਗ ਦੀ ਭਲਾਈ ਲਈ ਕਾਰਜ ਕੀਤੇ। ਵਿਸ਼ੇਸ਼ ਤੌਰ ’ਤੇ ਦਲਿਤਾਂ ਤੇ ਔਰਤਾਂ ਦੀ ਸਿੱਖਿਆ, ਬਰਾਬਰੀ, ਸਵੈ-ਮਾਣ ਅਤੇ ਉਨ੍ਹਾਂ ਨੂੰ ਬਣਦੇ ਹੱਕ ਦਿਵਾਉਣ ਲਈ ਬਾਬਾ ਸਾਹਿਬ ਨੇ ਵਿਸ਼ੇਸ਼ ਕਦਮ ਚੁੱਕੇ।
ਜਸਵੰਤ ਕੌਰ ਮਣੀ, ਖੋਜਾਰਥੀ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ। ਸੰਪਰਕ: 98888-70822
ਮਨੁੱਖ ਨੂੰ ਮਨੁੱਖ ਮੰਨੇ ਜਾਣ ਦੀ ਲੜੀ ਲੜਾਈ
ਡਾ. ਭੀਮ ਰਾਓ ਅੰਬੇਡਕਰ ਉਹ ਮਹਾਨ ਸ਼ਖ਼ਸੀਅਤ ਹਨ, ਜਿਨ੍ਹਾਂ ਨੇ ਜਾਤ-ਪਾਤ ਦੇ ਨਾਂ ‘ਤੇ ਦੁਰਕਾਰੇ ਜਾਂਦੇ ਅਛੂਤਾਂ ਲਈ ਮਨੁੱਖੀ ਅਰਥਾਂ ਨੂੰ ਸਮਾਜ ਸਾਹਵੇਂ ਰੱਖ ਕੇ ਜਾਤੀ ਵਿਤਕਰੇ ਨਾਲ ਗਰਕੇ ਹੋਏ ਨਿਜ਼ਾਮ ਨੂੰ ਚੈਲਿੰਜ ਦਿੱਤਾ। ਉਨ੍ਹਾਂ ਦਾ ਹਰ ਮਨੁੱਖ ਨੂੰ ਮਨੁੱਖ ਸਮਝੇ ਜਾਣ ਅਤੇ ਮਨੁੱਖ ਕਹਾਉਣ ਦਾ ਅਧਿਕਾਰ ਦੇਣ ‘ਚ ਅਮੁੱਲਾ ਯੋਗਦਾਨ ਰਿਹਾ ਹੈ। ਉਨ੍ਹਾਂ ਦਾ ਸਾਰੀ ਜ਼ਿੰਦਗੀ ਦਾ ਸੰਘਰਸ਼ ਅੱਜ ਵੀ ਜਾਤਾਂ ਵਿੱਚ ਵੰਡੇ ਸਮਾਜ ਵਿੱਚ ਨਾ-ਬਰਾਬਰੀ, ਅਨਪੜ੍ਹਤਾ, ਗਰੀਬੀ, ਸ਼ੋਸ਼ਣ ਆਦਿ ਨੂੰ ਖਤਮ ਕਰਨ ਲਈ ਧਰਤੀ ‘ਤੇ ਪੈਦਾ ਹੋਏ ਸਾਰੇ ਮਨੁੱਖਾਂ ਲਈ ਵਿਗਿਆਨਕ ਨਜ਼ਰੀਏ ਦੀ ਵਰਤੋਂ ਦੀ ਲੋੜ ਨੂੰ ਜ਼ਿੰਦਗੀ ਦੇ ਅਸਲ ਅਭਿਆਸ ਵਿੱਚ ਸ਼ਾਮਿਲ ਕਰਨ ਦੀ ਹਾਮੀ ਭਰਦਾ ਹੈ।
ਜਗਵੀਰ ਕੌਰ, ਔਲਖ, ਫਰੀਦਕੋਟ। ਸੰਪਰਕ: 76963-00539
ਮੂਰਤੀਆਂ ਦੀ ਥਾਂ ਵਿਚਾਰਾਂ ਨੂੰ ਪਹਿਲ ਦੇਣੀ ਜ਼ਰੂਰੀ
ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਨੇ ਸੰਵਿਧਾਨ ਲਿਖ ਕੇ ਸਦੀਆਂ ਤੋਂ ਦੱਬੇ ਕੁਚਲੇ ਲੋਕਾਂ ਲਈ ਬਰਾਬਰੀ ਦੇ ਹੱਕ ਲੈ ਕੇ ਦਿੱਤੇ। ਵੋਟ ਪਾਉਣ ਦਾ ਅਧਿਕਾਰ ਦਿਤਾ ਤਾਂ ਜੋ ਲੋਕਾਂ ਦੀ ਸਰਕਾਰ ਬਣਾਈ ਜਾ ਸਕੇ। ਪਰ ਅੱਜ ਸਮਾਜ ਇਨ੍ਹਾਂ ਸਭ ਅਧਿਕਾਰਾਂ ਨੂੰ ਭੁੱਲ ਗਿਆ ਹੈ। ਬਾਬਾ ਸਾਹਿਬ ਅੰਬੇਡਕਰ ਦੇ ਮੰਤਰ ਪੜ੍ਹੋ ਜੁੜੋ ਸੰਘਰਸ਼ ਕਰੋ ਦੇ ਸਿਧਾਂਤ ਨੂੰ ਛੱਡ ਕੇ ਬਾਬਾ ਸਾਹਿਬ ਅੰਬੇਡਕਰ ਦੀ ਮੂਰਤੀ ਪੂਜਾ ਵਿੱਚ ਵਿਸ਼ਵਾਸ ਕਰਨ ਲੱਗ ਗਿਆ ਹੈ। ਜੋ ਅਸਲ ਵਿਚ ਬਾਬਾ ਸਾਹਿਬ ਦੀਆਂ ਸਿੱਖਿਆਵਾਂ ਤੋਂ ਉਲਟ ਚੱਲਣ ਵਾਲੀ ਗੱਲ ਹੈ ਤੇ ਇਹ ਸਮਾਜਿਕ ਵਿਕਾਸ ਦੇ ਰਾਹ ਦਾ ਰੋੜਾ ਹੈ। ਬਾਬਾ ਸਾਹਿਬ ਅੰਬੇਡਕਰ ਨੇ ਸਮਾਜਿਕ ਬਿਹਤਰੀ ਲਈ ਸਾਹਿਤ ਦੇ ਖੇਤਰ ਵਿੱਚ ਮੀਲ ਪੱਥਰ ਗੱਡੇ ਹਨ।
ਮਨਮੋਹਨ ਸਿੰਘ ਨਾਭਾ, ਤਹਿਸੀਲ ਨਾਭਾ,
ਜ਼ਿਲ੍ਹਾ ਪਟਿਆਲਾ। ਸੰਪਰਕ: 98155-04086
ਬਾਬਾ ਸਾਹਿਬ ਦੀ ਮੁਨੱਖਤਾ ਨੂੰ ਵੱਡਮੁੱਲੀ ਦੇਣ
ਡਾ. ਭੀਮ ਰਾਓ ਅੰਬੇਡਕਰ ਮਹਿਜ਼ ਇਕ ਨਾਂ ਹੀ ਨਹੀਂ, ਸਗੋਂ ਯੁੱਗ ਜਾਂ ਚਿੰਨ੍ਹ ਸਨ, ਜਿਨ੍ਹਾਂ ਨੇ ਦੱਬੇ-ਕੁਚਲੇ ਭਾਰਤੀਆਂ ਦੇ ਹੱਕ ਵਿੱਚ ਨਾਅਰਾ ਲਾ ਕੇ ਆਪਣਾ ਕਾਨੂੰਨ ਮੰਤਰੀ ਅਤੇ ਸੰਵਿਧਾਨਕ ਆਰਕੀਟੈਕਟ ਹੋਣ ਦਾ ਫ਼ਰਜ਼ ਬਾਖੂਬੀ ਨਿਭਾਇਆ। ਉਹ ਮਹਾਨ ਰਾਜਨੇਤਾ, ਵਿਦਵਾਨ ਹੋਣ ਦੇ ਨਾਲ ਨਾਲ ਗਰੀਬਾਂ ਤੇ ਔਰਤਾਂ ਦੇ ਮਸੀਹਾ ਵੀ ਸਨ, ਜਿਨ੍ਹਾਂ ਨੇ ਆਪਣੀ ਕਲਮ ਦੀ ਤਾਕਤ ਨਾਲ ਔਰਤਾਂ, ਬੱਚਿਆਂ ਤੇ ਦਲਿਤ ਲੋਕਾਂ ਦੇ ਜੀਵਨ ਵਿੱਚ ਨਵੀ ਰੌਸ਼ਨੀ ਦੀ ਕਿਰਨ ਖਿਲਾਰ ਦਿੱਤੀ। ਉਸ ਸਮੇਂ ਦੇ ਸਮਾਜ ਵਿੱਚ ਦਲਿਤ ਲੋਕਾਂ ਨਾਲ ਬਹੁਤ ਅਣਮਨੁੱਖੀ ਵਤੀਰਾ ਕੀਤਾ ਜਾਂਦਾ ਸੀ, ਉਹ ਭਾਰੀ ਜਾਤੀ ਭੇਦਭਾਵ ਦੇ ਸ਼ਿਕਾਰ ਸਨ। ਉਨਾਂ ਸਭ ਨੂੰ ਇਸ ਗੁਲਾਮੀ ਤੋਂ ਮੁਕਤੀ ਦਿਵਾਉਣ ਲਈ ਬਾਬਾ ਸਾਹਿਬ ਨੇ ਸੰਵਿਧਾਨਿਕ ਕਾਨੂੰਨ ਬਣਾਏ ਅਤੇ ਇਕ ਨਵੀਂ ਕ੍ਰਾਂਤੀ ਕੀਤੀ।
ਕੁਲਵਿੰਦਰ ਸਿੰਘ ਬਰਾੜ, ਪਿੰਡ ਛੋਟਾ ਘਰ,
ਜ਼ਿਲ੍ਹਾ ਮੋਗਾ। ਸੰਪਰਕ: 98553-18181
ਦੱਬਿਆਂ-ਕੁਚਲਿਆਂ ਲਈ ਜੂਝਣ ਵਾਲੇ ਅੰਬੇਡਕਰ
ਡਾ. ਭੀਮ ਰਾਉ ਅੰਬੇਡਕਰ ਮਹਾਨ ਅਰਥ ਸ਼ਾਸਤਰੀ ਤੇ ਰਾਜਨੇਤਾ ਹੀ ਨਹੀਂ ਸਗੋਂ ਦਲਿਤਾਂ, ਅਛੂਤਾਂ ਨਾਲ ਹੋਣ ਵਾਲੇ ਸਮਾਜਿਕ ਵਿਤਕਰੇ ਵਿਰੁੱਧ ਆਵਾਜ਼ ਬਲੁੰਦ ਕਰਨ ਵਾਲੇ ਸਮਾਜ ਸੁਧਾਰਕ ਵੀ ਸਨ। ਉਨ੍ਹਾਂ ਦਲਿਤ ਵਰਗ ਲਈ ਕੁਝ ਰਸਾਲਿਆਂ ਦਾ ਵੀ ਪ੍ਰਕਾਸ਼ਨ ਕੀਤਾ ਤੇ ਕੁਝ ਜਥੇਬੰਦੀਆਂ ਸ਼ੁਰੂ ਕੀਤੀਆਂ ਅਤੇ ਸਕੂਲ-ਕਾਲਜ ਖੁਲ੍ਹਵਾਏ। ਡਾ. ਅੰਬੇਡਕਰ 1952 ਵਿਚ ਰਾਜ ਸਭਾ ਮੈਂਬਰ ਬਣੇ ਤੇ 1953 ‘ਚ ਉਨ੍ਹਾਂ ਰਾਜ ਸਭਾ ਵਿੱਚ ‘ਆਂਧਰਾ ਰਾਜ’ ਬਣਾਏ ਜਾਣ ਸਬੰਧੀ ਬਿਲ ਦੀ ਆਲੋਚਨਾ ਕੀਤੀ ਕਿਉਂਕਿ ਇਸ ਬਿਲ ਵਿੱਚ ਘੱਟਗਿਣਤੀਆਂ ਦੇ ਹੱਕਾਂ ਲਈ ਕੋਈ ਸੁਰੱਖਿਆ ਉਪਾਅ ਨਹੀਂ ਸਨ। ਉਨ੍ਹਾਂ ਕਾਨੂੰਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਵੀ ਦਲਿਤਾਂ, ਪਛੜਿਆਂ ਅਤੇ ਔਰਤਾਂ ਦੇ ਹੱਕਾਂ ਲਈ ਜੂਝਦਿਆਂ ਹੀ ਦਿੱਤਾ। ਉਨ੍ਹਾਂ ਨੇ ਦਲਿਤਾਂ ਖ਼ਿਲਾਫ਼ ਛੂਤਛਾਤ ਦੀ ਭਾਵਨਾ ਨੂੰ ਗੁਲਾਮੀ ਤੋਂ ਵੀ ਭਿਆਨਕ ਕਰਾਰ ਦਿੱਤਾ ਤੇ ਇਸ ਭਾਵਨਾ ਨੂੰ ਖਤਮ ਕਰਨ ਲਈ ਠੋਸ ਕਦਮ ਚੁੱਕੇ।
ਜਸਦੀਪ ਕੌਰ, ਗਿੱਦੜਬਾਹਾ, ਸ੍ਰੀ ਮੁਕਤਸਰ ਸਾਹਿਬ। ਸੰਪਰਕ: jasdeepk509@gmail.com
ਸਮਾਜ ਸੁਧਾਰਕ ਡਾ. ਅੰਬੇਡਕਰ
ਮਹਾਨ ਸਮਾਜ ਸੁਧਾਰਕ ਡਾ. ਭੀਮ ਰਾਓ ਅੰਬੇਡਕਰ ਨੇ ਆਪਣਾ ਸਾਰਾ ਜੀਵਨ ਸਮਾਜ ਵਿੱਚ ਪ੍ਰਚੱਲਿਤ ਜਾਤੀਵਾਦ ਵਰਗੀਆਂ ਬੁਰਾਈਆਂ ਨੂੰ ਖਤਮ ਕਰਨ ’ਤੇ ਲਗਾਇਆ। ਆਪ ਨੇ ਇਸਤਰੀਆਂ ਨੂੰ ਉਨ੍ਹਾਂ ਦੇ ਹੱਕ, ਆਦਰ, ਸਤਿਕਾਰ ਤੇ ਸਨਮਾਨ ਦਿਵਾਉਣ ਵਾਸਤੇ ਅਣਥੱਕ ਯਤਨ ਕੀਤੇ। ਡਾ. ਅੰਬੇਡਕਰ ਨੇ ਭਾਰਤੀ ਸਮਾਜ ਵਿੱਚ ਮਨੁੱਖਾਂ ਦੁਆਰਾ ਮਨੁੱਖਾਂ ‘ਤੇ ਹੁੰਦੇ ਭੇਦਭਾਵਾਂ ਦਾ ਵਿਰੋਧ ਕੀਤਾ। ਆਪ ਨੇ ਸੰਵਿਧਾਨ ਵਿੱਚ ਗਰੀਬਾਂ ਅਤੇ ਪਛੜਿਆਂ ਦੀ ਭਲਾਈ ਵਾਸਤੇ ਰਿਜਰਵੇਸ਼ਨ ਲਾਗੂ ਕੀਤੀ ਜਿਸ ਕਰ ਕੇ ਆਪ ਨੂੰ ਦਿਲਤਾਂ, ਗ਼ਰੀਬਾਂ ਤੇ ਔਰਤਾਂ ਦਾ ਮਸੀਹਾ ਕਹਿ ਕੇ ਪੁਕਾਰਿਆ ਜਾਂਦਾ ਹੈ।
ਸ਼ੀਲੂ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ
ਸਕੂਲ ਹੰਬੜ੍ਹਾਂ, ਲੁਧਿਆਣਾ।
ਦਲਿਤਾਂ ਦੇ ਮਸੀਹਾ ਡਾ. ਅੰਬੇਡਕਰ
14 ਅਪਰੈਲ, 1891 ਨੂੰ ਜਨਮੇ ਭੀਮ ਰਾਓ ਅੰਬੇਡਕਰ ਨੂੰ ਯੁੱਗ ਪੁਰਸ਼ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਆਪ ਨੇ ਭਾਰਤੀ ਸਮਾਜ ਦੀਆ ਨੀਹਾਂ ਨੂੰ ਖੋਖਲੀਆਂ ਕਰਦੀਆਂ ਬੁਰਾਈਆਂ ਖਿਲਾਫ ਕਦਮ ਚੁੱਕੇ। ਆਪ ਨੇ ਜਾਤੀਵਾਦ ਦੇ ਕੋਹੜ੍ਹ ਨੂੰ ਨਾ ਸਿਰਫ ਆਪਣੇ ਪਿੰਡੇ ’ਤੇ ਹੰਢਾਇਆ ਬਲਕਿ ਇਸਦੇ ਖਿਲਾਫ ਜ਼ੋਰਦਾਰ ਅਵਾਜ਼ ਵੀ ਉਠਾਈ, ਕਈ ਅੰਦੋਲਨ ਕੀਤੇ ਅਤੇ ਦਲਿਤਾਂ ਦੇ ਅਧਿਕਾਰਾਂ ਵਾਸਤੇ ਸ਼ੰਘਰਸ ਕੀਤੇ। ਆਪ ਨਾ ਕੇਵਲ ਦਲਿਤ ਸਮਾਜ ਵਾਸਤੇ ਬਲਕਿ ਪੂਰੀ ਮਨੁੱਖਤਾ ਦੀ ਭਲਾਈ ਕਰਨ ਵਾਲੇ ਮਹਾਨ ਸਮਾਜ ਸੁਧਾਰਕ ਸਨ।
ਪਾਇਲ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ
ਸਕੂਲ ਹੰਬੜ੍ਹਾਂ, ਲੁਧਿਆਣਾ।