ਐੱਸ ਪੀ ਸਿੰਘ
ਅਮਰੀਕਾ ਦਾ ਰਾਸ਼ਟਰਪਤੀ ਜੋਅ ਬਾਇਡਨ ਹੈ ਪਰ ਤੁਹਾਨੂੰ ਇਹ ਕਿਵੇਂ ਪਤਾ ਹੈ? ਅੱਛਾ, ਤੁਸੀਂ ਅਖ਼ਬਾਰ ਪੜ੍ਹਦੇ ਹੋ, ਟੀਵੀ ਵੇਖਦੇ ਹੋ, ਅੱਖਾਂ ਕੰਨ ਖੁੱਲ੍ਹੇ ਰੱਖਦੇ ਹੋ। ਨਾਲੇ ਇਹ ਤਾਂ ਬੁਨਿਆਦੀ ਤੱਥ ਹੈ!
ਪਰ ਅਮਰੀਕਾ ਵਿੱਚ ਲੱਖਾਂ ਲੋਕ ਕਿਊਐਨਾਨ (QAnon) ਦੀ ਸੋਚ ਨੂੰ ਪ੍ਰਣਾਏ ਹਨ। ਇਹ ਇੱਕ ਤੱਥਹੀਣ, ਬੇਹੱਦ ਸੱਜੇ-ਪੱਖੀ ਸਾਜ਼ਿਸ਼ੀ ਥਿਊਰੀ ਹੈ ਜਿਸ ਅਨੁਸਾਰ ਸ਼ੈਤਾਨ ਦਾ ਪੁਜਾਰੀ, ਛੋਟੇ ਬੱਚਿਆਂ ਨਾਲ ਬਦਫ਼ੈਲੀ ਕਰਨ ਅਤੇ ਉਨ੍ਹਾਂ ਨੂੰ ਬਲੀ ਪ੍ਰਥਾ ਨਾਲ ਮਾਰ ਕੇ ਖਾ ਜਾਣ ਵਾਲਾ ਇੱਕ ਗਰੋਹ ਨਰਮਦਲੀਏ ਸਿਆਸਤਦਾਨਾਂ, ਹਾਲੀਵੁੱਡ ਦੇ ਵੱਡੇ ਐਕਟਰਾਂ ਅਤੇ ਖੱਬੇ-ਪੱਖੀ ਮੀਡੀਆ ਨਾਲ ਰਲ ਚੁੱਕਾ ਹੈ। ਡੋਨਲਡ ਟਰੰਪ ਉਨ੍ਹਾਂ ਖ਼ਿਲਾਫ਼ ਵੱਡੀ ਲੜਾਈ ਲੜ ਰਿਹਾ ਸੀ, ਹੁਣ ਵੀ ਲੜ ਰਿਹਾ ਹੈ। ਬੱਸ ਕਿਸੇ ਵੀ ਦਿਨ ਇਨਕਲਾਬ ਆ ਸਕਦਾ ਹੈ। ਅਸਲੀ ਰਾਸ਼ਟਰਪਤੀ ਟਰੰਪ ਹੀ ਹੈ ਅਤੇ ਅਮਰੀਕੀ ਫੌਜ ਉਸੇ ਦੇ ਹੁਕਮ ਦਾ ਇੰਤਜ਼ਾਰ ਕਰ ਰਹੀ ਹੈ।
ਤੁਹਾਨੂੰ ਇਹ ਮੂਰਖਤਾ ਵਾਲੀਆਂ ਗੱਲਾਂ ਜਾਪ ਸਕਦੀਆਂ ਹਨ ਪਰ ਬਹੁਤ ਸਾਰੇ ਅਮਰੀਕੀ, ਜਿਹੜੇ ਭਾਵੇਂ ਨਹੀਂ ਸਮਝਦੇ ਕਿ ਹਾਲੀਵੁੱਡ ਦੇ ਐਕਟਰ ਛੋਟੇ ਬੱਚੇ ਮਾਰ ਕੇ ਖਾਂਦੇ ਹਨ, ਇਹ ਜ਼ਰੂਰ ਮੰਨਦੇ ਹਨ ਕਿ ਬਾਇਡਨ ਹੇਰਾਫੇਰੀ ਨਾਲ ਚੋਣ ਜਿੱਤਿਆ ਹੈ। ਇਨ੍ਹਾਂ ਦੀ ਗਿਣਤੀ ਹੁਣ ਇਕ-ਤਿਹਾਈ ਤੱਕ ਹੈ। 40 ਫ਼ੀਸਦ ਤੋਂ ਵਧੇਰੇ ਸਮਝਦੇ ਹਨ ਕਿ ਚੀਨ ਨੇ ਵਾਇਰਸ ਲੈਬ ਵਿੱਚ ਬਣਾਇਆ, ਫਿਰ ਹਥਿਆਰ ਵਜੋਂ ਵਰਤਿਆ। ਕਿਊਐਨਾਨ ਦੀ ਵੱਡੀ ਸਮਰਥਕ ਮਾਰਜਰੀ ਟੇਲਰ ਗਰੀਨ (Marjorie Taylor Greene), ਜਿਹੜੀ ਇਹ ਵੀ ਕਹਿੰਦੀ ਰਹੀ ਕਿ ਬੰਦੂਕਾਂ ਦੀ ਸ਼ਰੇਆਮ ਵਿਕਰੀ ਉੱਤੇ ਕੰਟਰੋਲ ਮੰਗਣ ਵਾਲੀ ਧਿਰ ਨੇ ਸਕੂਲਾਂ ਵਿੱਚ ਸੈਂਕੜੇ ਬੱਚੇ ਆਪ ਮਰਵਾਏ, ਅਮਰੀਕੀ ਏਜੰਸੀਆਂ ਨੇ 9/11 ਹਮਲੇ ਆਪ ਕਰਵਾਏ ਅਤੇ ਖਲਾਅ ਵਿਚੋਂ ਲੇਜ਼ਰ ਮਾਰ ਕੇ ਕੈਲੀਫੋਰਨੀਆ ਦੇ ਜੰਗਲਾਂ ਨੂੰ ਅੱਗਾਂ ਲਾਈਆਂ ਗਈਆਂ, ਹੁਣ ਗੱਜ-ਵੱਜ ਕੇ ਚੋਣ ਜਿੱਤ, ਪਾਰਲੀਮੈਂਟ ਵਿੱਚ ਪਹੁੰਚੀ ਹੈ।
ਜੇ ਕਾਫ਼ੀ ਵੱਡੀ ਗਿਣਤੀ ਵਿੱਚ ਲੋਕ ਵਿਸ਼ਵਾਸ ਕਰਨ ਲੱਗ ਜਾਣ ਕਿ ਸੱਤਾ ਦੇ ਗਲਿਆਰਿਆਂ ਵਿੱਚ ਛੋਟੇ ਬੱਚਿਆਂ ਦਾ ਖ਼ੂਨ ਪੀਣ ਵਾਲੇ ਹਨ ਅਤੇ ਰਾਸ਼ਟਰਪਤੀ ਨੇ ਹੇਰਾਫੇਰੀ ਨਾਲ ਚੋਣ ਜਿੱਤੀ ਹੈ ਤਾਂ ਇਸਦਾ ਮਤਲਬ ਹੈ ਕਿ ਦੋਹਾਂ ਧਿਰਾਂ ਦੇ ਤੱਥ ਹੀ ਵੱਖੋ-ਵੱਖਰੇ ਹਨ। ਉਹ ਵੱਖ-ਵੱਖ ਧਰਤੀਆਂ ’ਤੇ ਰਹਿੰਦੇ ਹਨ। ਇਕ ਦੇ ਸਰੋਕਾਰਾਂ ਨਾਲ ਦੂਜੇ ਦਾ ਕੋਈ ਲਾਗਾ-ਦੇਗਾ ਨਹੀਂ।
ਲੋਕਤੰਤਰ ਵਿੱਚ ਵਖਰੇਵਿਆਂ ਲਈ ਬਹੁਤ ਸਾਰੀ ਜਗ੍ਹਾ ਹੁੰਦੀ ਹੈ। ਵਿਰੋਧੀ ਬਿਰਤਾਂਤ ਅਤੇ ਆਜ਼ਾਦਾਨਾ ਖ਼ਿਆਲ ਪ੍ਰਗਟਾਵੇ ਦਾ ਅਧਿਕਾਰ ਅਤੇ ਮੰਚ ਹੀ ਲੋਕਤੰਤਰ ਦੇ ਜਿਊਂਦੇ ਹੋਣ ਦੀ ਗਰੰਟੀ ਹੈ, ਪਰ ਕੁਝ ਮੌਲਿਕ ਤੱਥਾਂ ਬਾਰੇ ਸਾਡੀ ਆਮ ਸਹਿਮਤੀ ਹੀ ਅਜਿਹੀ ਜ਼ਰਖੇਜ਼ ਜ਼ਮੀਨ ਦੀ ਜਾਮਨ ਹੋ ਸਕਦੀ ਹੈ।
ਇਹ ਮੁਲਕ ਸਭਨਾਂ ਦਾ ਹੈ ਅਤੇ ਮੁਲਕ ਦੇ ਕੁਝ ਖਾਸ ਬਾਸ਼ਿੰਦਿਆਂ ਨੂੰ ਆਪਣੀ ਦੇਸ਼ਭਗਤੀ ਸਾਬਤ ਕਰਨ ਲਈ ਨਹੀਂ ਕਿਹਾ ਜਾ ਸਕਦਾ – ਇਹ ਮੌਲਿਕ ਤੱਥ ਸਨ ਪਰ ਹੁਣ ਇਨ੍ਹਾਂ ਉੱਤੇ ਹੀ ਪਾੜਾ ਪੈ ਚੁੱਕਾ ਹੈ। ਅਮਰੀਕਾ ਵਾਂਗ ਭਾਰਤ ਵਿੱਚ ਵੀ ਇਹ ਪਾੜਾ ਮੱਧਵਰਗੀ ਸਰਦੀ-ਪੁਜਦੀ ਜਮਾਤ ਵਿੱਚ ਆ ਚੁੱਕਾ ਹੈ। ਧਿਰਾਂ ਦੇ ਹੁਣ ਆਪੋ ਆਪਣੇ ਤੱਥ ਹਨ।
ਕਿਸੇ ਵੀ ਅੰਦੋਲਨ ਦੇ ਚੜ੍ਹਤ ਵਾਲੇ ਸਮਿਆਂ ਵਿੱਚ ਇੱਕ ਸਵਾਲ ਹਮੇਸ਼ਾ ਪੁੱਛਿਆ ਜਾਂਦਾ ਹੈ – ਸਰਕਾਰ ਕਿੰਨੀ ਦੇਰ ਤੱਕ ਦਬਾਅ ਬਰਦਾਸ਼ਤ ਕਰ ਸਕੇਗੀ? ਭੀੜਾਂ ਕਿੰਨੀਆਂ ਵੱਡੀਆਂ ਹੋ ਜਾਣ, ਅੰਦੋਲਨ ਕਿੰਨੇ ਸਮੇਂ ਤੱਕ ਆਪਣੇ ਉਰੂਜ਼ ’ਤੇ ਟਿਕਿਆ ਰਹੇ ਤਾਂ ਹਕੂਮਤ ਲਿਫ਼ ਜਾਵੇਗੀ?
ਹਕੂਮਤ ਵਾਲੇ ਪਾਸੇ ਖੜ੍ਹੇ ਹੋ ਕੇ ਵੇਖੋ ਤਾਂ ਇਹ ਸਵਾਲ ਵੱਖਰੇ ਢੰਗ ਨਾਲ ਪੁੱਛਿਆ ਜਾਂਦਾ ਹੈ। ਅੰਦੋਲਨੀ ਭੀੜਾਂ ਤੋਂ ਬਿਨਾਂ ਬਾਕੀ ਦੇ ਵਡੇਰੇ ਮੁਲਕ ਵਿੱਚ ਮਸਲੇ ਨੂੰ ਲੈ ਕੇ ਕਿੰਨੀ ਕੁ ਬੇਚੈਨੀ ਹੈ?
ਹੁਣ ਤਤਕਾਲੀਨ ਵਿੱਤਮੰਤਰੀ ਪੀ ਚਿਦੰਬਰਮ ਹੋਰਾਂ ਨੇ ਕੀਰਨੇ ਪਾਏ ਹਨ ਕਿ ਹਿੰਦੋਸਤਾਨੀ ਮੱਧਵਰਗ ਵੱਡੇ ਰੂਪ ਵਿੱਚ ਕਿਸਾਨ ਅੰਦੋਲਨ ਨਾਲ ਖੜ੍ਹਾ ਨਹੀਂ ਹੋਇਆ। ਉਨ੍ਹਾਂ ਨੇ ਪਿਛਲੇ ਕੁਝ ਦਹਾਕਿਆਂ ਵਿੱਚ ਮੱਧਵਰਗ ਦੇ ਲੋਕ ਸਰੋਕਾਰਾਂ ਤੋਂ ਵਿਛੋੜੇ ਦੀ ਬਾਤ ਪਾਈ ਹੈ ਅਤੇ ਯਾਦ ਕਰਵਾਇਆ ਹੈ ਕਿ ਕਿਵੇਂ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵੀ ਆਪਣੇ ਆਪ ਨੂੰ ਫਖ਼ਰ ਨਾਲ ਮੱਧਵਰਗੀ ਦੱਸਦੇ ਵਪਾਰੀ, ਕਿਸਾਨ, ਜੱਜ, ਵਕੀਲ, ਡਾਕਟਰ, ਇੰਜੀਨੀਅਰ, ਲੇਖਕ, ਐਕਟਰ ਅਤੇ ਹੋਰ ਪ੍ਰੋਫੈਸ਼ਨਲਜ਼ ਰਾਜਨੀਤੀ ਬਾਰੇ ਚੇਤੰਨ ਰਹਿੰਦੇ, ਵਡੇਰੀਆਂ ਬਹਿਸਾਂ ਵਿੱਚ ਦਿਲਚਸਪੀ ਲੈਂਦੇ। ਕਿਸੇ ਲੋਕਸਮੂਹ ਨਾਲ ਵੱਡਾ ਧੱਕਾ ਹੁੰਦਾ ਤਾਂ ਚੁਫੇਰੇ ਬੇਚੈਨੀ ਦਾ ਆਲਮ ਪਸਰਦਾ। ਇੰਜ ਹਾਕਮ ਉਤੇ ਦਬਾਅ ਵੱਧਦਾ।
ਚਿਦੰਬਰਮ ਹੋਰੀਂ ਇਸ ਨਤੀਜੇ ’ਤੇ ਪਹੁੰਚੇ ਹਨ ਕਿ ਭਾਰਤੀ ਮੱਧਵਰਗ ਦਾ ਲੋਕ ਸਰੋਕਾਰਾਂ ਤੋਂ ਉਪਰਾਮ ਹੋ ਜਾਣਾ ਅਤੇ ਆਪਣੇ ਸੁੱਖਾਂ ਤਕ ਮਨਫ਼ੀ ਹੋ ਕੇ ਰਹਿ ਜਾਣਾ ਲੋਕਤੰਤਰ ਲਈ ਵੱਡਾ ਖਤਰਾ ਹੈ। ਵੈਸੇ ਚਿਦੰਬਰਮ ਅਤੇ ਉਨ੍ਹਾਂ ਦੀ ਪਾਰਟੀ ਦੀਆਂ ਸਰਕਾਰਾਂ ਦੀਆਂ ਨੀਤੀਆਂ ਅਤੇ ਵਿਕਾਸ ਬਾਰੇ ਸਮਝ ਦਾ ਮੱਧਵਰਗ ਦੀ ਲੋਕ-ਸਰੋਕਾਰਾਂ ਤੋਂ ਉਪਰਾਮਤਾ ਵਾਲੇ ਵਰਤਾਰੇ ਨਾਲ ਕੀ ਰਿਸ਼ਤਾ ਹੈ, ਦਿਲਚਸਪ ਮੌਜ਼ੂ ਹੈ ਪਰ ਫ਼ਿਲਹਾਲ ਇਹ ਤਾਂ ਜਾਣੀਏ ਕਿ ਮੱਧਵਰਗੀ ਲੋਕਸਮਝ ਦਾ ਨਿਰਮਾਣ ਕਿਵੇਂ ਹੋ ਰਿਹਾ ਹੈ?
ਸੂਚਨਾ ਤਕਨੀਕ ਇਨਕਲਾਬ ਵਾਲੇ ਇਨ੍ਹਾਂ ਸਮਿਆਂ ਵਿੱਚ ਲੋਕ ਅਨੇਕਾਂ ਚੈਨਲਾਂ, ਮਾਧਿਅਮਾਂ ਅਤੇ ਸਰੋਤਾਂ ਤੋਂ ਤੱਥ ਅਤੇ ਵਿਸ਼ਲੇਸ਼ਣ ਗ੍ਰਹਿਣ ਕਰ ਰਹੇ ਹਨ। ਅਸੀਂ ਜੁੜੇ ਵੀ ਹੋਏ ਹਾਂ ਅਤੇ ਆਪੋ-ਆਪਣੇ ਦਾਇਰਿਆਂ ਦੇ ਕੈਦੀ ਵੀ ਹਾਂ। ਅਕਸਰ ਜਾਂ ਕੇਵਲ ਆਪਣੀ ਕਹਿ ਰਹੇ ਹਾਂ, ਨਹੀਂ ਤਾਂ ਆਪਣੇ ਹੀ ਬਿਆਨੀਏ ਦੀ ਗੂੰਜ ਸੁਣ ਰਹੇ ਹੁੰਦੇ ਹਾਂ। ਅਖ਼ਬਾਰ ਉਹੀ ਪੜ੍ਹਦੇ ਹਾਂ ਜਿਸ ਦਾ ਨਜ਼ਰੀਆ ਸਾਡੀ ਸੋਚ ਨਾਲ ਮਿਲਦਾ ਹੋਵੇ। ਜੇ ਵੱਖਰੀ ਕੋਈ ਕਰੇ ਗੱਲ ਤਾਂ ਉਹਨੂੰ ਆਪਣੇ ਸੋਸ਼ਲ ਮੀਡੀਆ, ਸਮਾਜਿਕ ਘੇਰੇ ਜਾਂ ਰਿਸ਼ਤੇਦਾਰਾਂ ਦੀ ਮਹਿਫ਼ਿਲ ’ਚੋਂ ਬਲੌਕ ਕਰਨ ਦੇ ਮੌਕੇ ਭਾਲਦੇ ਹਾਂ, ਗੱਦਾਰੀ ਦੇ ਸਰਟੀਫਿਕੇਟ ਵੰਡਦੇ ਫਿਰਦੇ ਹਾਂ।
ਇਹ ਰਵੱਈਆ ਇਕ ਸਾਂਝ ਵੀ ਸਿਰਜਦਾ ਹੈ। ਜਦੋਂ ਕਿਸਾਨ ਅੰਦੋਲਨ ਮਘਿਆ ਹੋਇਆ ਹੈ ਤਾਂ ਇਸ ਸਾਂਝ ਨੇ ਬਹੁਤ ਸਾਰੀਆਂ ਉਨ੍ਹਾਂ ਧਿਰਾਂ ਨੂੰ ਵੀ ਅੰਦੋਲਨ ਦੀ ਪਿੱਠ ’ਤੇ ਲਿਆ ਖੜ੍ਹਾ ਕੀਤਾ ਹੈ ਜਿਹੜੀਆਂ ਸੱਜੇ ਖੱਬੇ ਖਿਸਕਣ ਦੀ ਰਾਜਨੀਤੀ ਕਰਦੀਆਂ ਸਨ। ਪੰਜਾਬ ਨੇ ਮੱਧਵਰਗ ਨੂੰ ਵੀ ਆਪਣੇ ਸੁਖ-ਸੰਸਾਰ ਵਿੱਚੋਂ ਨਿਕਲ ਸਿੰਘੂ-ਟੀਕਰੀ ਬਾਰਡਰ ਜਾਣ ਜਾਂ ਬੈਨਰ ਫੜ ਘਰ ਦੇ ਨੇੜਲੇ ਚੌਕ ਵਿੱਚ ਖੜ੍ਹਨ ਭੇਜਿਆ ਹੈ।
‘ਸਾਰਾ ਦੇਸ਼ ਅੰਦੋਲਨੀ ਹੋ ਗਿਆ ਹੈ’ ਵਾਲੀਆਂ ਸੁਰਖ਼ੀਆਂ ’ਚੋਂ ਬਾਹਰ ਨਿਕਲ ਵੇਖੋ। ਬਾਕੀ ਦੇ ਮੁਲਕ ਵਿੱਚ ਇੱਕ ਵੱਖਰੇ ਦਾਇਰੇ ਵਿੱਚ ਰਹਿ ਰਿਹਾ ਮੱਧਵਰਗ ਅੰਦੋਲਨ ਨੂੰ ਅਜਬ ਜ਼ਾਵੀਏ ਤੋਂ ਵੇਖ ਰਿਹਾ ਹੈ। ਉਹਦੇ ਬੁਨਿਆਦੀ ਤੱਥ ਕਿਸੇ ਹਿੰਦੂ ਰਾਸ਼ਟਰ ਦੇ ਤਸੱਵਰ ’ਚੋਂ ਆ ਰਹੇ ਹਨ। ਸਿੰਘੂ-ਟੀਕਰੀ ਜੁੜੇ ਲੋਕ ਕਿਸੇ ਹਿਰਦੇ ਸਮਰਾਟ ਦੀ ਰਾਹ ਵਿਚ ਰੋੜਾ ਦਿਖਾਈ ਦੇ ਰਹੇ ਹਨ। ‘‘ਦੇਖੋ ਜੀ, ਰਾਜਧਾਨੀ ਦੇ ਰਾਹ ਰੋਕ ਕੇ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਚੰਗੀ ਗੱਲ ਹੈ?’’ ‘‘ਹੁਣ ਜਰਨੈਲੀ ਸੜਕ ਉੱਤੇ ਪੱਕੇ ਘਰ ਬਣਾਉਣਾ ਕੋਈ ਕਿਸਾਨ ਦਾ ਕੰਮ ਹੈ?’’ ਵੇਖੋ, ਸਵਾਲ ਕਿੰਨੇ ਸਟੀਕ, ਗੱਲ ਕਿੰਨੀ ਸਾਫ਼ ਹੈ?
ਸੋਸ਼ਲ ਮੀਡੀਆ ਉੱਤੇ ਉਨ੍ਹਾਂ ਇਕ ਬਿਆਨੀਏ ਨੂੰ ਬਲੌਕ ਕੀਤਾ ਹੋਇਆ ਹੈ। ਉਨ੍ਹਾਂ ਦੀਆਂ ਅਖ਼ਬਾਰਾਂ, ਚੈਨਲ, ਐਂਕਰ ਆਪਣੇ ਹਨ। ਮੁਲਕ ਦੀ ਤਰੱਕੀ ਬਾਰੇ, ਲੋਕਤੰਤਰ ਬਾਰੇ ਵੱਖਰਾ ਤਸੱਵਰ ਹੈ। ਪਤਾ ਨਹੀਂ ਉਨ੍ਹਾਂ ਦੀ ਇਸ ਤੱਥ ਨਾਲ ਵੀ ਸਾਂਝ ਹੈ ਕਿ ਨਹੀਂ ਕਿ ਧਰਤੀ ਗੋਲ ਹੈ।
ਵੈਸੇ ਅਮਰੀਕਾ ਵਿੱਚ ਲੰਮੇ ਸਮੇਂ ਤੋਂ ਇੱਕ ਫਲੈਟ ਅਰਥ (earth) ਸੋਸਾਇਟੀ ਸਰਕਰਦਾ ਰਹੀ ਹੈ ਜਿਹੜੀ ਦੋ ਹਜ਼ਾਰ ਸਾਲਾਂ ਦੀ ਵਿਗਿਆਨਕ ਸਮਝ ਨੂੰ ਝੂਠ ਦੱਸਦਿਆਂ ਦਾਅਵਾ ਕਰਦੀ ਹੈ ਕਿ ਧਰਤੀ ਗੋਲ ਨਹੀਂ, ਪੱਧਰੀ ਹੈ। ਚਾਰ ਲੱਖ ਲੋਕਾਂ ਦੀ ਅਣਥੱਕ ਮਿਹਨਤ ਅਤੇ ਵਿਗਿਆਨ ਦੀ ਸਿਖਰ ਦਾ ਨਤੀਜਾ ਸੀ ਕਿ 1969 ’ਚ ਨੀਲ ਆਰਮਸਟਰਾਂਗ ਨੇ ਚੰਨ ’ਤੇ ਕਦਮ ਧਰਿਆ। ਪਰ ਬਿਲ ਕੇਸਿੰਗ (Bill Kaysing) ਨਾਮ ਦੇ ਇੱਕ ਆਦਮੀ ਨੇ ਉਹਨੂੰ ਘਸੀਟ ਕੇ ਥੱਲੇ ਲਾਹ ਲਿਆ। ਉਹਨੇ ਪ੍ਰਚਾਰ ਕੀਤਾ ਕਿ ਬੰਦਾ ਕਦੀ ਚੰਨ ’ਤੇ ਗਿਆ ਹੀ ਨਹੀਂ। ਸਭ ਧੋਖਾ ਹੈ, 30 ਖਰਬ ਡਾਲਰ ਦਾ ਸਕੈਂਡਲ ਹੈ। ਅਸਰ ਏਡਾ ਕਿ ਅਮਰੀਕਾ ਛੱਡੋ, ਚੰਡੀਗੜ੍ਹ ਵਿੱਚ ਵੀ ਅਮਰੀਕਾ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਦੇ, ਪੜ੍ਹੇ-ਲਿਖੇ ਕਾਰਕੁਨ ਇਸ ‘‘ਧੋਖੇ’’ ਬਾਰੇ ਸਾਲ-ਛਿਮਾਹੀ ਕੋਈ ਨਾ ਕੋਈ ਦਸਤਾਵੇਜ਼ੀ ਫ਼ਿਲਮ ਦਿਖਾਉਂਦੇ ਰਹਿੰਦੇ ਹਨ।
ਜੇ ਧਿਰਾਂ ਦੇ ਬੁਨਿਆਦੀ ਤੱਥ ਹੀ ਵੱਖੋ-ਵੱਖਰੇ ਹੋਣਗੇ ਤਾਂ ਤੁਸੀਂ ਚੰਨ ’ਤੇ ਚੜ੍ਹ ਕੇ ਕੀ ਕਰ ਲਵੋਗੇ? ਸਾਈਆਂ ਨੇ ਧਰਤੀ ’ਤੇ ਹੀ ਚੰਨ ਚਾੜ੍ਹ ਲੈਣਾ ਹੈ। ਕੰਮ ਹਾਲੇ ਵੀ ਜਾਰੀ ਹੈ। ਇਕ ਤਾਂ ਮੋਦੀ ਜੀ ਨੇ ਕੋਰੋਨਾ ਰੋਕ ਲਿਆ ਹੈ, ਟੀਕਾ ਪੁਚਾ ਰਹੇ ਹਨ। ਅਮਰੀਕੀ ਮਰ ਰਹੇ ਹਨ, ਉਹ ਭਾਰਤੀ ਬਚਾ ਰਹੇ ਹਨ। ਦੂਜੇ ਕੋਰੋਨਾ-ਵਰੋਨਾ ਸਭ ਸਾਜ਼ਿਸ਼ ਹੈ। ਟੀਕਾ ਸਾਮਰਾਜਵਾਦੀ ਸ਼ਕਤੀਆਂ ਦੀ ਚਾਲ ਹੈ। ਭਾਰਤ ਮਹਾਨ, ਅਮਰੀਕਾ ਦਾ ਮੰਦਾ ਹਾਲ ਹੈ। ਕਦੀ ਸਰਬ ਸੁੱਖ-ਸੰਪੰਨ ਮੱਧਵਰਗ ਸਿਰਜਦੀ ਪਰ ਵੇਲਾ ਵਿਹਾ ਚੁੱਕੀ ਕਾਂਗਰਸ ਨੂੰ ਹੁਣ ਕਿਸੇ ਅੰਦੋਲਨੀ ਮੱਧਵਰਗ ਦੀ ਭਾਲ ਹੈ।
(*ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਮੱਧਵਰਗ ਦੀ ਸੁੱਖ-ਸੰਸਾਰੀ ਸਾਂਝ ਵਿਚ ਆ ਰਹੀ ਅੰਦੋਲਨੀ ਤਰੇੜ ਉੱਤੇ ਟੇਕ ਰੱਖ ਹਾਲੇ ਆਸ ਉਮੀਦ ਨੂੰ ਬਲੌਕ ਕਰਨ ਤੋਂ ਇਨਕਾਰੀ ਹੈ।)