ਬਰਤਾਨਵੀ ਸਾਮਰਾਜ ਵਿਰੁੱਧ ਪਹਿਲੀ ਬਗ਼ਾਵਤ !

ਬਰਤਾਨਵੀ ਸਾਮਰਾਜ ਵਿਰੁੱਧ ਪਹਿਲੀ ਬਗ਼ਾਵਤ !

ਸੁਖਦੇਵ ਸਿੱਧੂ

ਇਤਿਹਾਸ

ਮਈ 1806 ਨੂੰ ਕੁਝ ਸਿਪਾਹੀਆਂ ਨੇ ਨਵੀਂ ਵਰਦੀ ਖ਼ਿਲਾਫ਼ ਬਗ਼ਾਵਤ ਕਰ ਦਿੱਤੀ। ਜਿਨ੍ਹਾਂ ਨੇ ਹੁਕਮ ਵਜਾਉਣ ਦੀ ਥਾਂ ਉਜ਼ਰ ਕੀਤਾ ਸੀ, ਉਨ੍ਹਾਂ ਨੂੰ ਮਦਰਾਸ ਦੇ ਸੇਂਟ ਜੌਰਜ ਕਿਲ੍ਹੇ ’ਚ ਲਿਜਾਇਆ ਗਿਆ ਤੇ ਹੁਕਮ ਅਦੂਲੀ ਦੀ ਸਜ਼ਾ ਦਿੱਤੀ ਗਈ। ਉਨ੍ਹਾਂ ’ਚੋਂ ਦੋ (ਇਕ ਹਿੰਦੂ ਤੇ ਇਕ ਮੁਸਲਮਾਨ) ਨੂੰ ਤਾਂ ਸ਼ਰੇਆਮ ਨੱਬੇ-ਨੱਬੇ ਕੋੜੇ ਮਾਰੇ ਗਏ ਤੇ ਉਸੇ ਵੇਲੇ ਨੌਕਰੀ ਤੋਂ ਕੱਢ ਦਿੱਤਾ ਗਿਆ। ਇਸ ਨੀਤੀ ਦਾ ਅਸਰ ਅੰਗਰੇਜ਼ਾਂ ਦੀ ਆਸ ਤੋਂ ਉਲਟ ਹੋਇਆ। ਹਿੰਦੂ-ਮੁਸਲਮਾਨ ਸਿਪਾਹੀਆਂ ਦੇ ਮਨਾਂ ’ਚ ਰੋਹ ਦੀ ਭਾਵਨਾ ਨੂੰ ਹੋਰ ਬਲ ਮਿਲਿਆ। ਇਸ ਦੇ ਨਾਲ ਹੀ ਟੀਪੂ ਸੁਲਤਾਨ ਦੇ ਪਰਿਵਾਰ ਨੇ ਇਸ ਮੌਕੇ ਨੂੰ ਅੰਗਰੇਜ਼ਾਂ ਦੇ ਖ਼ਿਲਾਫ਼ ਵਰਤਿਆ।

ਬਰਤਾਨਵੀਆਂ ਨੇ ਭਾਰਤ ਉੱਤੇ ਸਿੱਧਾ ਹੀ ਕਬਜ਼ਾ ਨਹੀਂ ਜਮਾਇਆ ਸੀ। ਵੱਖ ਵੱਖ ਮੁਲਕਾਂ ਨੂੰ ਆਪਣੀਆਂ ਬਸਤੀਆਂ ਬਣਾਉਣ ਦੀ ਦੌੜ ’ਚ ਕਈ ਯੂਰੋਪੀਅਨ ਮੁਲਕ ਇਕ ਦੂਜੇ ਤੋਂ ਅੱਗੇ ਲੰਘਣਾ ਚਾਹੁੰਦੇ ਸਨ। ਵਲਾਇਤ ਦੀ ਈਸਟ ਇੰਡੀਆ ਕੰਪਨੀ ਵਪਾਰ ਲਈ ਹਿੰਦੋਸਤਾਨ ਆਈ। ਈਸਟ ਇੰਡੀਆ ਕੰਪਨੀ ਨੇ ਜਦੋਂ ਭਾਰਤ ’ਚ ਪੈਰ ਲਾ ਲਏ ਤਾਂ ਬਰਤਾਨਵੀ ਸਰਕਾਰ ਨੇ ਕੰਪਨੀ ਨੂੰ ਆਪਣੇ ਅਧੀਨ ਕਰ ਲਿਆ। ਇਉਂ ਬਰਤਾਨੀਆ ਹੌਲ਼ੀ ਹੌਲ਼ੀ ਸਾਰੇ ਹਿੰਦੋਸਤਾਨ ’ਤੇ ਕਬਜ਼ੇ ਦੀ ਦੌੜ ’ਚ ਸਭ ਤੋਂ ਅੱਗੇ ਨਿਕਲ ਗਿਆ। ਦਾਬੇ-ਕਬਜ਼ੇ ਦੀ ਸਹਿਮਤੀ ਤਾਂ ਕੋਈ ਪੀੜਤ ਮੁਲਕ ਕਿਵੇਂ ਦੇ ਸਕਦਾ ਹੈ ਸਗੋਂ ਦਾਬੇ ਵਾਲੇ ਵਰਤਾਅ ਦਾ ਵਿਰੋਧ ਵੀ ਨਾਲ ਹੀ ਸ਼ੁਰੂ ਹੋ ਜਾਂਦਾ ਹੈ। ਬਰਤਾਨਵੀਆਂ ਦਾ ਹਿੰਦੋਸਤਾਨ ’ਚ ਵਿਰੋਧ ਹੋਣਾ ਸੁਭਾਵਿਕ ਸੀ। ਮੁਲਕ ਦੀਆਂ ਨਿੱਕੀਆਂ ਵੱਡੀਆਂ ਦੇਸੀ ਰਿਆਸਤਾਂ ਆਪਸ ਵਿਚ ਵੀ ਸਿੰਙ ਫਸਾਈ ਰੱਖਦੀਆਂ ਸਨ। ਇਕ ਦੂਜੇ ਦੇ ਇਲਾਕਿਆਂ ’ਤੇ ਅੱਖ ਰੱਖਦੇ; ਕਦੇ ਖੋਹ ਖਿੰਝ ਵੀ ਕਰ ਲੈਂਦੇ; ਵਿਚ ਵਿਚ ਆਪਸ ’ਚ ਸੁਲ੍ਹਾ ਵੀ ਹੋ ਜਾਂਦੀ। ਪਰ ਹਮੇਸ਼ਾਂ ਆਂਢ-ਗੁਆਂਢ ਦਾ ਇਲਾਕਾ ਆਪਣੇ ਕਬਜ਼ੇ ’ਚ ਕਰਨ ਦੀ ਤਾਂਘ ਰੱਖਦੇ। ਗੋਰਿਆਂ ਲਈ ਆਪਸੀ ਫੁੱਟ ਦੀ ਇਹ ਸਥਿਤੀ ਚੰਗੀ ਸੀ। ਉਨ੍ਹਾਂ ਨੂੰ ਇਸ ਵੰਡੇ ਹੋਏ ਸਮਾਜ ਅਤੇ ਹਾਕਮਾਂ ’ਤੇ ਕਾਬੂ ਪਾਉਣਾ ਸੌਖਾ ਹੋ ਗਿਆ।

ਬਰਤਾਨੀਆ ਦੀ ਅੱਖ ਮੈਸੂਰ ਦੇ ਸ਼ਾਸਕ ਟੀਪੂ ਸੁਲਤਾਨ ਦੇ ਰਾਜ ’ਤੇ ਵੀ ਸੀ। ਟੀਪੂ ਸੁਲਤਾਨ ਨਾਲ ਪਹਿਲੀ ਲੜਾਈ ਬਰਤਾਨਵੀਆਂ ਨੂੰ ਬੜੀ ਭਾਰੀ ਪਈ। ਉਦੋਂ ਟੀਪੂ ਇਕੋ ਵੇਲ਼ੇ, ਗੋਰਿਆਂ ਦੇ ਨਾਲ ਨਾਲ ਮਰਾਠਿਆਂ ਤੇ ਹੈਦਰਾਬਾਦ ਦੇ ਨਿਜ਼ਾਮ ਖ਼ਿਲਾਫ਼ ਵੀ ਲੜ ਰਿਹਾ ਸੀ। ਤੀਹਰੀ ਲੜਾਈ ’ਚ ਵੀ ਉਸ ਨੂੰ ਕੋਈ ਨਹੀਂ ਸੀ ਹਰਾ ਸਕਿਆ ਸਗੋਂ ਉਹ ਜੇਤੂ ਹੋਇਆ। ਹਾਰ ਖਾ ਕੇ ਵੀ ਅੰਗਰੇਜ਼ਾਂ ਨੇ ਪਸਾਰੇ ਦੀ ਨੀਤੀ ਛੱਡੀ ਨਹੀਂ ਸੀ।

ਮਈ 1806 ਨੂੰ ਕੁਝ ਸਿਪਾਹੀਆਂ ਨੇ ਨਵੀਂ ਵਰਦੀ ਖ਼ਿਲਾਫ਼ ਬਗ਼ਾਵਤ ਕਰ ਦਿੱਤੀ। ਜਿਨ੍ਹਾਂ ਨੇ ਹੁਕਮ ਵਜਾਉਣ ਦੀ ਥਾਂ ਉਜ਼ਰ ਕੀਤਾ ਸੀ, ਉਨ੍ਹਾਂ ਨੂੰ ਮਦਰਾਸ ਦੇ ਸੇਂਟ ਜੌਰਜ ਕਿਲ੍ਹੇ ’ਚ ਲਿਜਾਇਆ ਗਿਆ ਤੇ ਹੁਕਮ ਅਦੂਲੀ ਦੀ ਸਜ਼ਾ ਦਿੱਤੀ ਗਈ। ਉਨ੍ਹਾਂ ’ਚੋਂ ਦੋ (ਇਕ ਹਿੰਦੂ ਤੇ ਇਕ ਮੁਸਲਮਾਨ) ਨੂੰ ਤਾਂ ਸ਼ਰੇਆਮ ਨੱਬੇ-ਨੱਬੇ ਕੋੜੇ ਮਾਰੇ ਗਏ ਤੇ ਉਸੇ ਵੇਲੇ ਨੌਕਰੀ ਤੋਂ ਕੱਢ ਦਿੱਤਾ ਗਿਆ। ਬਾਕੀ ਦੇ ਉੱਨੀਆਂ ਨੂੰ ਪੰਜਾਹ-ਪੰਜਾਹ ਕੋੜੇ ਮਾਰੇ ਗਏ; ਇਨ੍ਹਾਂ ਨੂੰ ਰਹਿਮ ਦੀ ਅਪੀਲ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ। ਇਸ ਨੀਤੀ ਦਾ ਅਸਰ ਅੰਗਰੇਜ਼ਾਂ ਦੀ ਆਸ ਤੋਂ ਉਲਟ ਹੋਇਆ। ਹਿੰਦੂ-ਮੁਸਲਮਾਨ ਸਿਪਾਹੀਆਂ ਦੇ ਮਨਾਂ ’ਚ ਰੋਹ ਦੀ ਭਾਵਨਾ ਨੂੰ ਹੋਰ ਬਲ ਮਿਲਿਆ। ਇਸ ਦੇ ਨਾਲ ਹੀ ਟੀਪੂ ਸੁਲਤਾਨ ਦੇ ਪਰਿਵਾਰ ਨੇ ਇਸ ਮੌਕੇ ਨੂੰ ਅੰਗਰੇਜ਼ਾਂ ਦੇ ਖ਼ਿਲਾਫ਼ ਵਰਤਿਆ।

ਜਰਨਲ ਸਰ ਜੌਹਨ ਕਰੈਡਿੱਕ, ਮਦਰਾਸ ਆਰਮੀ ਦਾ ਚੀਫ ਕਮਾਂਡਰ ਸੀ। ਉਸ ਨੇ ਲਾਰਡ ਹਾਓਡਨ ਨਾਲ ਰਲ ਕੇ 14 ਨਵੰਬਰ 1805 ਨੂੰ ਫ਼ੌਜ ’ਚ ਤਬਦੀਲੀ ਲਿਆਉਣ ਲਈ ਇਕਤਰਫ਼ਾ ਹੁਕਮ ਜਾਰੀ ਕਰ ਦਿੱਤੇ। ਫ਼ੌਜ ਨੂੰ ਪਹਿਲਾਂ ਹੁਕਮ ਹੋਇਆ ਕਿ ਕੋਈ ਵੀ ਸਿਪਾਹੀ ਦਾੜੀ-ਮੁੱਛ ਨਹੀਂ ਰੱਖੇਗਾ ਤੇ ਹਿੰਦੂ ਸਿਪਾਹੀ ਤਿਲਕ ਆਦਿ ਨਹੀਂ ਲਾ ਸਕਣਗੇ ਅਤੇ ਆਪਣੀ ਜ਼ਾਤ ਵੀ ਨਹੀਂ ਲਿਖਣਗੇ। ਕੋਈ ਨੱਤੀਆਂ ਨਹੀਂ ਪਾਏਗਾ। ਇਨ੍ਹਾਂ ਦਾ ਮਕਸਦ ਫ਼ੌਜ ਦੀ ਦਿੱਖ ਨੂੰ ਯੂਰੋਪੀਅਨ ਫ਼ੌਜਾਂ ਵਰਗੀ ਚੁਸਤ ਫੁਰਤ ਕਰਨਾ ਸੀ। ਅਗਲੀ ਤਬਦੀਲੀ ਪੱਗ ਨਾ ਪਹਿਨਣ ਦੀ ਸੀ ਤੇ ਉਸ ਦੀ ਥਾਂ ਜਿਹੜਾ ਟੋਪ ਪਹਿਨਣਾ ਸੀ ਉਸ ਨੂੰ ਚਮੜੇ ਦੀ ਸਜਾਵਟੀ ਕਲਗੀ ਵੀ ਲੱਗੀ ਹੋਈ ਸੀ। ਫ਼ੌਜੀ ਇਸ ਨੂੰ ਫਿਰੰਗੀ ਪਗੜੀ ਕਹਿੰਦੇ ਸਨ। ਹਿੰਦੂਆਂ ’ਚ ਤਾਂ ਚਮੜਾ ਅਪਵਿੱਤਰ ਹੈ। ਧਾਰਮਿਕ ਤੇ ਆਸਥਾ ਵਾਲੇ ਹਿੰਦੋਸਤਾਨੀਆਂ ਲਈ ਇਹ ਮਾਮੂਲੀ ਗੱਲ ਨਹੀਂ ਸੀ। ਹਿੰਦੋਸਤਾਨੀ ਸਿਪਾਹੀਆਂ ਦੇ ਮਨ ’ਚ ਇਹ ਗੱਲ ਆ ਗਈ ਕਿ ਬਹਾਨਾ ਫ਼ੌਜ ਦੀ ਵਰਦੀ ਦਾ ਹੈ, ਪਰ ਅਸਲ ’ਚ ਅੰਗਰੇਜ਼ ਧਰਮ ਬਦਲ ਕੇ ਉਨ੍ਹਾਂ ਨੂੰ ਇਸਾਈ ਬਣਾਉਣ ਦੀ ਤਿਆਰੀ ਕਰ ਰਹੇ ਸਨ। ਜ਼ਿੱਦੀ ਸਰ ਜੌਹਨ ਕਰੈਡਿੱਕ ਹਿੰਦੋਸਤਾਨੀਆਂ ਦੀ ਧਾਰਮਿਕ ਭਾਵਨਾ ਨੂੰ ਕੋਈ ਅਹਿਮੀਅਤ ਦੇਣ ਨੂੰ ਤਿਆਰ ਨਾ ਹੋਇਆ। ਇਕੋ ਹੁਕਮ ਨਾਲ ਉਸ ਨੇ ਮੁਸਲਿਮ ਤੇ ਹਿੰਦੂ ਸਿਪਾਹੀ ਨਾਰਾਜ਼ ਕਰ ਲਏ।

1799 ਵਿਚ ਅੰਗਰੇਜ਼ ਟੀਪੂ ਸੁਲਤਾਨ ਤੋਂ ਜਿੱਤ ਗਏ ਸਨ।  ਉਸ ਦੇ ਸਾਰੇ ਧੀਆਂ ਪੁੱਤਾਂ ਨੂੰ ਮੈਸੂਰ ਤੋਂ ਸਵਾ ਦੋ ਸੌ ਮੀਲ ਦੂਰ ਵੈਲੂਰ ਕਿਲ੍ਹੇ ਦੇ ਵੱਖ ਵੱਖ ਮਹੱਲਾਂ ’ਚ ਰੱਖਿਆ ਗਿਆ। ਨੌਂ ਜੁਲਾਈ ਨੂੰ ਟੀਪੂ ਸੁਲਤਾਨ ਦੀ ਧੀ ਦਾ ਨਿਕਾਹ ਰੱਖਿਆ ਹੋਇਆ ਸੀ। ਬਾਗ਼ੀ ਸਿਪਾਹੀਆਂ ਨੇ ਪੂਰੀ ਤਿਆਰੀ ਕਰ ਲਈ। ਵਿਆਹ ’ਚ ਹਿੱਸਾ ਲੈਣ ਬਹਾਨੇ ਬਾਗ਼ੀ ਕਿਲ੍ਹੇ ਅੰਦਰ ਦਾਖ਼ਲ ਹੋ ਗਏ। ਬਾਗ਼ੀਆਂ ਨੇ ਦਸ ਜੁਲਾਈ 1806 ਨੂੰ ਤੜਕੇ ਦੋ ਵਜੇ ਵੈਲੂਰ (ਤਾਮਿਲਨਾਡੂ) ਦੇ ਕਿਲ੍ਹੇ ’ਚ ਅੰਗ਼ਰੇਜ਼ ਅਫ਼ਸਰਾਂ ਤੇ ਸਿਪਾਹੀਆਂ ’ਤੇ ਹਮਲਾ ਕਰ ਦਿੱਤਾ। ਕਿਸੇ ਨੂੰ ਇਸ ਦੀ ਸੂਹ ਨਹੀਂ ਸੀ। ਗੋਰੇ ਫ਼ੌਜੀ ਤੇ ਅਫ਼ਸਰ ਅਵੇਸਲੇ ਸਨ; ਇਸ ਤਰ੍ਹਾਂ ਦੀ ਬਗ਼ਾਵਤ ਤਾਂ ਉਨ੍ਹਾਂ ਨੂੰ ਚਿੱਤ ਚੇਤੇ ਵੀ ਨਹੀਂ ਸੀ। ਸੁਤੇ-ਸਿੱਧ ਹਮਲੇ ਕਾਰਨ ਅੰਗਰੇਜ਼ਾਂ ਦਾ ਕਾਫ਼ੀ ਨੁਕਸਾਨ ਹੋਇਆ। ਬਗ਼ਾਵਤ ਉਕਸਾਉਣ ਵਿਚ ਟੀਪੂ ਸੁਲਤਾਨ ਦੇ ਪੁੱਤਰ ਦਾ ਹੱਥ ਵੀ ਸੀ।

ਬਾਗ਼ੀਆਂ ਨੇ ਆਪਣੀ ਬ੍ਰਿਗੇਡ ਅਤੇ 69ਵੀਂ ਰਜਮੈਂਟ ਦੇ ਵੀ 200 ਬੰਦੇ ਮਾਰ ਦਿੱਤੇ; ਇਨ੍ਹਾਂ ਵਿਚ ਹਸਪਤਾਲ ’ਚ ਇਲਾਜ ਕਰਾਉਣ ਆਏ ਗੋਰੇ ਵੀ ਸਨ। ਬਾਗ਼ੀਆਂ ਨੇ ਹਮਲਾ ਸੁੱਤਿਆਂ ’ਤੇ ਕੀਤਾ ਸੀ। ਇਸ ਲਈ ਬਹੁਤ ਤਬਾਹੀ ਮਚਾਉਣ ’ਚ ਕਾਮਯਾਬ ਹੋ ਗਏ। ਦਿਨ ਚੜ੍ਹਨ ਤੋਂ ਪਹਿਲਾਂ ਹੀ ਬਾਗ਼ੀਆਂ ਨੇ ਕਿਲ੍ਹੇ ’ਤੇ ਕਬਜ਼ਾ ਕਰ ਲਿਆ। ਕਿਲ੍ਹੇ ਤੋਂ ਯੂਨੀਅਨ ਜੈਕ ਉਤਾਰ ਕੇ ਉਸ ਦੀ ਥਾਂ ਮੈਸੂਰ ਸਲਤਨਤ ਦਾ ਝੰਡਾ ਲਹਿਰਾਅ ਦਿੱਤਾ ਗਿਆ ਅਤੇ ਟੀਪੂ ਦੇ ਪੁੱਤਰ, ਫਤਿਹ ਹੈਦਰ ਬਹਾਦਰ ਦੇ ਮੁੜ ਰਾਜਾ ਹੋਣ ਦਾ ਐਲਾਨ ਕਰ ਦਿੱਤਾ ਗਿਆ। ਵੱਡਾ ਨੁਕਸਾਨ ਹੋਣ ਦੇ ਬਾਵਜੂਦ ਕੋਈ ਅੰਗਰੇਜ਼ ਬਚ ਕੇ ਲਾਗਲੀ ਫ਼ੌਜੀ ਛਾਉਣੀ (ਆਰਕੌਟ) ’ਚ ਖ਼ਬਰ ਪਹੁੰਚਾਉਣ ਵਿਚ ਕਾਮਯਾਬ ਹੋ ਗਿਆ। ਇਸ ਕਿਲ੍ਹੇ ਦੇ ਇੰਚਾਰਜ ਕਰਨਲ ਸੇਂਟ ਜੌਹਨ ਫੈਨਕੋਰਟ ਦਾ ਟੱਬਰ ਬਚ ਗਿਆ ਸੀ, ਪਰ ਉਹ ਆਪ ਇਸ ਹਮਲੇ ’ਚ ਮਾਰਿਆ ਗਿਆ। ਇਸ ਵਾਕੇ ਨਾਲ ਅੰਗਰੇਜ਼ ਹਿੱਲ ਗੲੇ।

ਸਰ ਰੋਲੋ (ਰੌਬਰਟ) ਗਲੈਪਿਸੀ ਦਾ ਪਹਿਲਾਂ ਹੀ 10 ਜੁਲਾਈ ਨੂੰ ਵੈਲੂਰ ਆਉਣ ਦਾ ਪ੍ਰੋਗਰਾਮ ਸੀ, ਪਰ ਬਗ਼ਾਵਤ ਬਾਰੇ ਸੁਣ ਕੇ ਗੁੱਸੇ ’ਚ ਆਰਕੋਟ ਤੋਂ ਪੈਦਲ ਤੇ ਘੋੜਸਵਾਰ ਫ਼ੌਜਾਂ ਲੈ ਕੇ ਬਗ਼ਾਵਤ ਨੂੰ ਕੁਚਲਣ ਲਈ ਚੜ੍ਹ ਆਇਆ। ਬਗ਼ਾਵਤ ’ਤੇ ਦੋ ਕੁ ਵਜੇ ਕਾਬੂ ਪਾ ਲਿਆ ਗਿਆ। ਬਾਗ਼ੀਆਂ ’ਚੋਂ ਸੌ ਨੂੰ ਬਿਨਾਂ ਕੋਈ ਮੁਕੱਦਮਾ ਚਲਾਇਆਂ ਕੰਧ ਨਾਲ ਖੜ੍ਹੇ ਕਰਕੇ ਉਸੇ ਵੇਲੇ ਗੋਲੀਆਂ ਮਾਰ ਦਿੱਤੀਆਂ ਗਈਆਂ। ਬਾਅਦ ’ਚ  ਇਸ ਨੂੰ ਅੰਗ਼ਰੇਜ਼ਾਂ ਨੇ ਵੀ ਵਹਿਸ਼ੀ ਕਾਰਾ ਮੰਨਿਆ। ਸਾਢੇ ਤਿੰਨ ਸੌ ਹਿੰਦੋਸਤਾਨੀ ਸਿਪਾਹੀ ਮੁਠਭੇੜ ’ਚ ਮਾਰੇ ਗਏ ਤੇ ਏਨੇ ਕੁ ਹੀ ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਦੀ ਗਿਣਤੀ ਅੱਠ ਸੌ ਹੋਣ ਦਾ ਵੀ ਦਾਅਵਾ ਕੀਤਾ ਜਾਂਦਾ ਹੈ। ਇਸ ਦੌਰਾਨ ਮਰੇ ਅੰਗਰੇਜ਼ ਅਫ਼ਸਰਾਂ ਤੇ ਸਿਪਾਹੀਆਂ ਦੀ ਗਿਣਤੀ ਦਾ ਸਬੂਤ ਉਨ੍ਹਾਂ ਦੀਆਂ ਕਬਰਾਂ ਤੋਂ ਮਿਲਦਾ ਹੈ। ਮੁਸਲਮਾਨ ਸਿਪਾਹੀਆਂ ਦਾ ਵੀ ਮਿਲ ਸਕਦਾ ਹੈ, ਪਰ ਹਿੰਦੂ ਸਿਪਾਹੀਆਂ ਦੀਆਂ ਲਾਸ਼ਾਂ ਅਗਨ ਭੇਟ ਕਰ ਦਿੱਤੀਆਂ ਗਈਆਂ ਸਨ। ਬਗ਼ਾਵਤ ਵਿਚ ਹਿੱਸਾ ਲੈਣ ਵਾਲੇ ਛੇ ਬਾਗ਼ੀਆਂ ਨੂੰ ਤੋਪਾਂ ਮੂਹਰੇ ਬੰਨ੍ਹ ਕੇ ਉਡਾ ਦਿੱਤਾ ਗਿਆ; ਪੰਜ ਨੂੰ ਫਾਂਸੀ ਦੇ ਦਿੱਤੀ ਗਈ ਤੇ ਕੁਝ ਕਾਲੇਪਾਣੀ ਭੇਜੇ ਗੲੇ। ਇਸ ਬਗ਼ਾਵਤ ਦੇ ਸਿੱਟੇ ਵਜੋਂ ਅੰਗਰੇਜ਼ਾਂ ਨੇ ਕਿਲ੍ਹੇ ਦੀਆਂ ਤਿੰਨੇ ਰਜਮੈਂਟਾਂ ਭੰਗ ਕਰ ਦਿੱਤੀਆਂ ਗਈਆਂ, ਮਦਰਾਸ ਦੇ ਗਵਰਨਰ ਵਿਲੀਅਮ ਬੈਂਟਿੰਕ ਦੀ ਨੌਕਰੀ ਖੁੱਸ ਗਈ ਅਤੇ ਉਸ ਨੂੰ ਲੰਡਨ ਵਾਪਸ ਬੁਲਾ ਲਿਆ ਗਿਆ।

ਇਕੋ ਦਿਨ ਚੱਲੀ ਇਸ ਬਗ਼ਾਵਤ ਦੀ ਬਹੁਤ ਅਹਿਮੀਅਤ ਹੈ: ਅੰਗਰੇਜ਼ਾਂ ਨੇ ਨਵੀਂ ਵਰਦੀ ਸਬੰਧੀ ਹੁਕਮ ਵਾਪਸ ਲੈ ਲਏ। ਅੰਗਰੇਜ਼ ਖ਼ਬਰਦਾਰ ਹੋ ਗਏ। ਅੰਗਰੇਜ਼ ਹਿੰਦੋਸਤਾਨੀ ਲੋਕਾਂ ਦੀਆਂ ਭਾਵਨਾਵਾਂ ’ਤੇ ਵੀ ਗੌਰ ਕਰਨ ਲੱਗੇ। ਅੱਗੇ ਤੋਂ ਫ਼ੌਜੀਆਂ ਨੂੰ ਕੋੜੇ ਮਾਰਨ ਦੀ ਮਨਾਹੀ ਕਰ ਦਿੱਤੀ ਗਈ। ਹੋਰ ਬਗ਼ਾਵਤ ਦੇ ਡਰੋਂ ਟੀਪੂ ਸੁਲਤਾਨ ਦੇ ਸਾਰੇ ਪਰਿਵਾਰ ਨੂੰ ਇੱਥੋਂ ਦੂਰ ਕਲਕੱਤਾ ਭੇਜ ਦਿੱਤਾ ਗਿਆ। ਨਵੀਂ ਵਰਦੀ ਥੋਪਣ ਦੇ ਜ਼ਿੰਮੇਵਾਰ ਅਫ਼ਸਰਾਂ ਨੂੰ ਵਾਪਸ ਲੰਡਨ ਬੁਲਾ ਲਿਆ ਗਿਆ। ਇਹ ਹਿਸਾਬ ਨਾਲ ਅੰਗਰੇਜ਼ਾਂ ਖ਼ਿਲਾਫ਼ ਇਸ ਬਗ਼ਾਵਤ ਨੂੰ ਕਾਮਯਾਬ ਮੰਨਿਆ ਜਾ ਸਕਦਾ ਹੈ।

ਸਿੱਧੇ-ਅਸਿੱਧੇ ਤੌਰ ’ਤੇ ਇਸ ਦਾ ਅਸਰ 1857 ਵਾਲੀ ਬਗ਼ਾਵਤ ’ਤੇ ਵੀ ਪਿਆ। ਕੁਝ ਇਤਿਹਾਸਕਾਰ ਇਸ ਨੂੰ ਅਗਲੀ ਬਗ਼ਾਵਤ ਦੀ ਮਸ਼ਕ ਹੀ ਮੰਨਦੇ ਹਨ। ਕੁਝ ਅੰਗਰੇਜ਼ ਲਿਖਾਰੀ ਇਸ ਨੂੰ ਫਿਰੰਗੀ ਵਰਦੀ ਖ਼ਿਲਾਫ਼ ਗੁੱਸੇ ਦਾ ਪ੍ਰਗਟਾਵਾ ਕਹਿੰਦੇ ਹਨ ਤੇ ਕੁਝ ਟੀਪੂ ਸੁਲਤਾਨ ਦੀ ਔਲਾਦ ਵੱਲੋਂ ਮੁੜ ਤਖ਼ਤ ਸਾਂਭਣ ਦੀ ਕਾਰਵਾਈ ਕਹਿ ਕੇ ਛੋਟਾ ਕਰਦੇ ਹਨ। ਜਵਾਹਰਲਾਲ ਨਹਿਰੂ ਨੇ ਇਸ ਨੂੰ ਹੀ ਹਿੰਦੋਸਤਾਨ ਦੀ ਆਜ਼ਾਦੀ ਦੀ ਪਹਿਲੀ ਲੜਾਈ ਕਿਹਾ। ਕਾਰਲ ਮਾਰਕਸ ਨੇ ਵੀ ਇਸ ਨੂੰ ਹਿੰਦੋਸਤਾਨ ਦੀ ਪਹਿਲੀ ਬਗ਼ਾਵਤ ਕਿਹਾ। ਹਿੰਦੋਸਤਾਨ ’ਚੋਂ ਬਰਤਾਨਵੀ ਹਕੂਮਤ ਦੀਆਂ ਜੜ੍ਹਾਂ ਪੁੱਟਣ ਲਈ ਪਹਿਲੀ ਜਥੇਬੰਦਕ ਕਾਰਵਾਈ ਇਹੋ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੇਰੇ ਨਾਂ ਪਾਸ਼ ਦਾ ਖ਼ਤ

ਮੇਰੇ ਨਾਂ ਪਾਸ਼ ਦਾ ਖ਼ਤ

ਐਟਮੀ ਤਬਾਹੀ ਦੇ ਅੱਲੇ ਜ਼ਖ਼ਮ

ਐਟਮੀ ਤਬਾਹੀ ਦੇ ਅੱਲੇ ਜ਼ਖ਼ਮ

ਕਰੋਨਾ ਕਾਲ: ਨਵੇਂ ਸੱਭਿਆਚਾਰ ਦੀ ਪੈੜਚਾਲ

ਕਰੋਨਾ ਕਾਲ: ਨਵੇਂ ਸੱਭਿਆਚਾਰ ਦੀ ਪੈੜਚਾਲ

ਇਮੀਊਨਿਟੀ ਦੀ ਸੱਜ ਗਈ ਹੱਟੀ

ਇਮੀਊਨਿਟੀ ਦੀ ਸੱਜ ਗਈ ਹੱਟੀ

ਮੁੱਖ ਖ਼ਬਰਾਂ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

* ਸਚਿਨ ਨੇ ਰਾਹੁਲ ਅਤੇ ਪਿ੍ਰਯੰਕਾ ਨਾਲ ਕੀਤੀ ਮੁਲਾਕਾਤ; * ਸੋਨੀਆ ਨੇ ਮਸ...

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

* ਪਟਿਆਲਾ ਪੁਲੀਸ ਨੇ ਵਾਈਪੀਐੱਸ ਚੌਕ ’ਚ ਰੋਕਿਆ ਕਿਸਾਨਾਂ ਦਾ ਮਾਰਚ * ਪ...

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਚੇਨੱਈ ਤੋਂ ਅੰਡੇਮਾਨ ਤੇ ਨਿਕੋਬਾਰ ਤੱਕ ਸਮੁੰਦਰ ਦੇ ਹੇਠੋਂ ਪਾਈ ਗਈ ਹੈ 3...

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

* ਤਾਇਵਾਨ ਦੇ ਹਵਾਈ ਲਾਂਘੇ ’ਚੋਂ ਲੜਾਕੂ ਜਹਾਜ਼ ਲੰਘਾ ਕੇ ਸ਼ਕਤੀ ਪ੍ਰਦਰਸ਼ਨ...

ਸ਼ਹਿਰ

View All