ਵਰਿਆਮ ਸਿੰਘ ਸੰਧੂ
ਪੰਜਾਬ ਵਿੱਚ ਲੋਕ ਕਹਾਵਤ ਹੈ ਕਿ ਔਖਿਆਂ ਵੇਲਿਆਂ ਵਿੱਚ ਮਾਵਾਂ ਪੁੱਤ ਨਹੀਂ ਸੰਭਾਲਦੀਆਂ। ਕਹਾਵਤ ਤਾਂ ਹੈ ਪਰ ਲੋਕ ਇਹ ਸੋਚਦਿਆਂ ਇਸ ’ਤੇ ਵਿਸ਼ਵਾਸ ਨਹੀਂ ਕਰਦੇ ਕਿ ਇਹ ਕਿਵੇਂ ਹੋ ਸਕਦਾ ਹੈ। ਕੁਝ ਵੇਲੇ ਅਜਿਹੇ ਕਹਿਰ ਦੇ ਵੇਲੇ ਹੁੰਦੇ ਹਨ ਜਦ ਇਹ ਕਹਾਵਤ ਸੱਚ ਹੋ ਨਿੱਬੜਦੀ ਹੈ। 1947 ਦੀ ਪੰਜਾਬ ਵੰਡ ਪੰਜਾਬ ਲਈ ਸ਼ਾਇਦ ਸਭ ਤੋਂ ਵੱਡੇ ਕਹਿਰ ਦਾ ਵੇਲਾ ਸੀ। ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਇਸ ਲੇਖ ਵਿੱਚ ਅਜਿਹੀ ਹੀ ਇੱਕ ਘਟਨਾ ਬਿਆਨ ਕੀਤੀ ਹੈ ਜਦੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ ਪਿੰਡ ਦੇ ਮਾਪਿਆਂ ਨੂੰ ਆਪਣਾ ਪੁੱਤ ਖੇਤਾਂ ਵਿੱਚ ਰੱਖ ਕੇ ਜਾਣਾ ਪਿਆ।
ਸਾਡਾ ਅੱਜ ਦੁਪਹਿਰ ਦਾ ਖਾਣਾ ਡਾਕਟਰ ਸਰਦਾਰ ਅਹਿਮਦ ਵੱਲੋਂ ਲਾਹੌਰ ਦੇ ਕਿਸੇ ਚਾਈਨੀਜ਼ ਰੈਸਤਰਾਂ ਵਿੱਚ ਸੀ। ਗੁੱਜਰਾਂਵਾਲੇ ਤੋਂ ਤੁਰਦਿਆਂ ਕਰਦਿਆਂ ਸਾਨੂੰ ਦੇਰ ਹੋ ਗਈ। ਵਾਰ ਵਾਰ ਫ਼ੋਨ ਆ ਰਹੇ ਸਨ। ਹਰਨੇਕ ਸਿੰਘ ਘੜੂੰਆਂ “ਹੁਣੇ ਪਹੁੰਚੇ ਲਓ” ਆਖ ਕੇ ਉਨ੍ਹਾਂ ਨੂੰ ਧਰਵਾਸ ਦੇ ਰਿਹਾ ਸੀ।
ਜਦੋਂ ਅਸੀਂ ਲਾਹੌਰ ਪਹੁੰਚੇ ਤਾਂ ਸਾਰੇ ਜਣੇ ਸਾਡੇ ਇਸਤਕਬਾਲ ਲਈ ਰੈਸਤਰਾਂ ਤੋਂ ਬਾਹਰ ਖੜ੍ਹੇ ਸਨ। ਅਸੀਂ ਦਿੱਤੇ ਟਾਈਮ ਤੋਂ ਦੋ ਢਾਈ ਘੰਟੇ ਪਛੜ ਕੇ ਪਹੁੰਚੇ ਸਾਂ। ਮੁੱਢਲੀ ਦੁਆ ਸਲਾਮ ਤੋਂ ਬਾਅਦ ਅਸੀਂ ਅੰਦਰ ਖਾਣੇ ਦੀ ਮੇਜ਼ ਉੱਤੇ ਜਾ ਬੈਠੇ। ਸਾਡੇ ਤੋਂ ਇਲਾਵਾ ਚੌਧਰੀ ਅਸ਼ਰਫ਼ ਅਤੇ ਡਾਕਟਰ ਸਰਦਾਰ ਅਹਿਮਦ ਦੇ ਪਰਿਵਾਰ ਦੇ ਜੀਅ ਰਲਾ ਮਿਲਾ ਕੇ ਬਾਰਾਂ ਚੌਦਾਂ ਜਣੇ ਸਨ। ਉਹ ਤਾਂ ਸਾਰੇ ਈ ਪਹਿਲਾਂ ਇੱਕ ਦੂਜੇ ਨੂੰ ਜਾਣਦੇ ਸਨ। ਸਿਰਫ਼ ਮੈਂ ਹੀ ਓਪਰਾ ਸਾਂ। ਹਰਨੇਕ ਸਿੰਘ ਘੜੂੰਆਂ ਨੇ ਹਰ ਵਾਰ ਵਾਂਗ ਇੱਥੇ ਵੀ ਚੰਗੇ ਸ਼ਬਦਾਂ ਵਿੱਚ ਇੱਕ ਲੇਖਕ ਵਜੋਂ ਮੇਰੀ ਜਾਣ ਪਛਾਣ ਕਰਵਾਈ।
ਮੇਰੇ ਸੱਜੇ ਹੱਥ ਕੁਰਸੀ ’ਤੇ ਬੈਠੇ ਡਾਕਟਰ ਸਰਦਾਰ ਅਹਿਮਦ ਨੇ ਬੜੇ ਉਤਸ਼ਾਹ ਨਾਲ ਆਖਿਆ, “ਲਓ ਜੀ! ਫ਼ਿਰ ਤਾਂ ਲਿਖਾਰੀ, ਪੁਕਾਰੀ ਤੇ ਖਿਡਾਰੀ ਇਕੱਠੇ ਹੋ ਗਏ। ਲਿਖਾਰੀ ਸੰਧੂ ਸਾਹਬ ਹੋ ਗਏ ਤੁਸੀਂ ਤੇ ਘੜੂੰਆਂ ਸਾਹਬ। ਤੇ ਪੁਕਾਰੀ ਹੋ ਗਏ ਤਕਰੀਰਾਂ ਕਰਨ ਵਾਲੇ ਲੀਡਰ; ਮੇਰੇ ਅਤੇ ਘੜੂੰਆਂ ਸਾਹਬ ਵਰਗੇ। ਤੇ ਖਿਡਾਰੀ ਆਪਾਂ ਉਂਜ ਬੜੇ ਵਧੀਆ ਰਹੇ ਆਂ। ਹਾਕੀ ਦੇ ਕਪਤਾਨ ਹੁੰਦੇ ਸਾਂ। ਜ਼ਿਲ੍ਹਾ ਕਿਹੜਾ ਏ ਤੁਹਾਡਾ ਸੰਧੂ ਸਾਹਬ?”
“ਸਾਡਾ ਪਿੰਡ ਸੁਰ ਸਿੰਘ ਪੁਰਾਣੇ ਜ਼ਿਲ੍ਹੇ ਲਾਹੌਰ ਦੀ ਤਹਿਸੀਲ ਕਸੂਰ ਦਾ ਹੀ ਪਿੰਡ ਸੀ, ਪਿੱਛੋਂ ਵੰਡ ਸਮੇਂ ਕਸੂਰ ਤਹਿਸੀਲ ਦੇ ਚਾਰ ਠਾਣੇ ਹਿੰਦੋਸਤਾਨ ਨੂੰ ਮਿਲ ਗਏ। ਉਨ੍ਹਾਂ ਨੂੰ ਮਿਲਾ ਕੇ ਵੱਖਰੀ ਤਹਿਸੀਲ ਪੱਟੀ ਬਣਾ ਦਿੱਤੀ ਗਈ ਹੈ। ਹੁਣ ਇਹ ਪਿੰਡ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੈਂਦਾ ਹੈ।”
ਸਰਦਾਰ ਅਹਿਮਦ ਦੇ ਚਿਹਰੇ ਉੱਤੇ ਚਮਕ ਆਈ। ਜਿਹੜੇ ਆਪਸ ਵਿੱਚ ਛੋਟੀਆਂ-ਛੋਟੀਆਂ ਗੱਲਾਂ ਕਰਨ ਵਿੱਚ ਰੁੱਝੇ ਹੋਏ ਸਨ, ਉਨ੍ਹਾਂ ਨੂੰ ਆਵਾਜ਼ ਦੇ ਕੇ ਕਹਿੰਦਾ, “ਲਓ ਸੁਣੋ ਬਈ! ਐਧਰ ਅੰਬਰਸਰੀਏ ਵੀ ਇਕੱਠੇ ਹੋ ਗਏ ਜੇ।”
“ਡਾਕਟਰ ਸਾਹਬ ਕਿਹੜਾ ਪਿੰਡ ਸੀ ਤੁਹਾਡਾ?”
“ਪਿੰਡ ਵੈਰੋਕੇ, ਥਾਣਾ ਲੋਪੋਕੇ, ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ! ਤੁਸੀਂ ਲਿਖਾਰੀ ਓ, ਸਰਦਾਰ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦਾ ਨਾਮ ਤਾਂ ਸੁਣਿਆ ਈ ਹੋਵੇਗਾ। ਉਨ੍ਹਾਂ ਦੇ ਵਸਾਏ ਪ੍ਰੀਤ ਨਗਰ ਦੇ ਗੁਆਂਢ ਵਿੱਚ ਸੀ ਸਾਡਾ ਪਿੰਡ। ਲੋਪੋਕੇ ਦੇ ਨੇੜੇ।”
ਐਤਕੀਂ ਜ਼ਰੂਰ ਮੇਰੇ ਚਿਹਰੇ ’ਤੇ ਵੀ ਲਿਸ਼ਕ ਹੋਵੇਗੀ। ਅੰਮ੍ਰਿਤਸਰ ਤੋਂ ਸਾਂਝ ਦਾ ਪਰੁੱਚਾ ਧਾਗਾ ਜਦੋਂ ਪ੍ਰੀਤ ਨਗਰ ਦੇ ਮਣਕੇ ਵਿੱਚੋਂ ਲੰਘਿਆ ਤਾਂ ਓਸ ਦੀ ਜਗਮਗਾਹਟ ਨੇ ਰੂਹ ਨੂੰ ਰੁਸ਼ਨਾਉਣਾ ਹੀ ਸੀ। ਸਰਦਾਰ ਅਹਿਮਦ ਮੈਨੂੰ ਪ੍ਰੀਤ ਨਗਰ ਤੋਂ ਚੁੱਕ ਕੇ ਲਾਹੌਰ ਦੇ ਲਾਰੰਸ ਗਾਰਡਨ, ਜਿਸ ਨੂੰ ਅੱਜਕੱਲ੍ਹ ਬਾਗ਼-ਏ-ਜਿਨਾਹ ਕਿਹਾ ਜਾਂਦਾ ਹੈ, ਵਿੱਚ ਲੈ ਆਇਆ। ਦ੍ਰਿਸ਼ ਹਰਨੇਕ ਸਿੰਘ ਘੜੂੰਆਂ ਨਾਲ ਉਸਦੀ ਪਹਿਲੀ ਮਿਲਣੀ ਦਾ ਸੀ। ਸਵੇਰ ਦਾ ਵੇਲਾ ਸੀ। ਸੂਰਜ ਨੇ ਅਜੇ ਪੂਰਬ ਦੀ ਬੁੱਕਲ ਵਿੱਚੋਂ ਥੋੜ੍ਹਾ ਜਿਹਾ ਚਿਹਰਾ ਬਾਹਰ ਕੱਢ ਕੇ ਝਾਤ ਮਾਰੀ ਸੀ। ਬਾਗ਼-ਏ-ਜਿਨਾਹ ਵਿੱਚ ਇੱਕ ਬਣਦਾ ਤਣਦਾ ਸਰਦਾਰ ਆਪਣੇ ਵੱਲ ਤੁਰਿਆ ਆਉਂਦਾ ਵੇਖ ਕੇ ਸਰਦਾਰ ਅਹਿਮਦ ਨੇ ਕਿਹਾ, “ਸਰਦਾਰ ਜੀ, ਸਾਸਰੀਕਾਲ! ਕੀ ਹਾਲ ਚਾਲ ਨੇ? ਕਿੱਥੋਂ ਆਏ ਹੋ? ਕਿੱਥੇ ਰਹਿੰਦੇ ਹੋ?”
“ਮੇਰਾ ਨਾਮ ਹਰਨੇਕ ਸਿੰਘ ਘੜੂੰਆਂ ਹੈ। ਮੈਂ ਪੰਜਾਬ ਸਰਕਾਰ ਦਾ ਸਾਬਕਾ ਵਜ਼ੀਰ-ਏ-ਮਾਲ ਰਹਿ ਚੁੱਕਾ ਹਾਂ ਅਤੇ ਅੱਜਕੱਲ੍ਹ ਚੰਡੀਗੜ੍ਹ ਰਹਿੰਦਾ ਹਾਂ।”
“ਵਾਹ ਜੀ ਵਾਹ!” ਸਰਦਾਰ ਅਹਿਮਦ ਨੇ ਆਪਣਾ ਹੱਥ ਗਰਮਜੋਸ਼ੀ ਨਾਲ ਘੜੂੰਏਂ ਨੂੰ ਮਿਲਾਇਆ ਅਤੇ ਜ਼ੋਰ ਨਾਲ ਹੱਥ ਘੁੱਟਦਿਆਂ ਖ਼ੁਸ਼ੀ ਸਾਂਝੀ ਕੀਤੀ, “ਜਨਾਬ! ਮੈਂ ਵੀ ਪੰਜਾਬ ਦਾ ਸਾਬਕਾ ਵਜ਼ੀਰ ਜੇ। ਇਸ ਵੇਲੇ ਇੱਕ ਸਾਬਕਾ ਵਜ਼ੀਰ ਦੂਜੇ ਸਾਬਕਾ ਵਜ਼ੀਰ ਨੂੰ ਮੁਖ਼ਾਤਬ ਹੋ ਰਿਹਾ ਹੈ।”
ਦੋਹਾਂ ਦੇ ਮਿਲਣ-ਚਾਅ ਵਿੱਚ ਚੜ੍ਹਦੇ ਸੂਰਜ ਦੀ ਲਾਲੀ ਘੁਲ ਗਈ।
“ਇੱਕ ਵਜ਼ੀਰ ਹੁਣ ਦੂਜੇ ਵਜ਼ੀਰ ਨੂੰ ਚਾਹ ਅਤੇ ਖਾਣੇ ਉੱਤੇ ਨਾ ਬੁਲਾਵੇ ਤਾਂ ਦੋਵਾਂ ਵਜ਼ੀਰਾਂ ਦੀ ਹੱਤਕ ਹੈ।”
ਘੜੂੰਏਂ ਨੇ ਉਸਦਾ ਚਾਹ ਅਤੇ ਖਾਣੇ ਦਾ ਸੱਦਾ ਪ੍ਰਵਾਨ ਕਰ ਲਿਆ। ਫ਼ਿਰ ਇਨ੍ਹਾਂ ਮੁਹੱਬਤੀ ਮਿਲਣੀਆਂ ਦੀ ਸ਼ੁਰੂਆਤ ਹੋ ਗਈ ਸੀ। ਹੁਣ ਜਦੋਂ ਵੀ ਘੜੂੰਆਂ ਲਾਹੌਰ ਆਉਂਦਾ, ਸਰਦਾਰ ਅਹਿਮਦ ਨੂੰ ਮਿਲੇ ਅਤੇ ਉਸਦੀ ਮਹਿਮਾਨ ਨਿਵਾਜ਼ੀ ਕਬੂਲੇ ਬਿਨਾਂ ਵਾਪਸ ਨਾ ਜਾਂਦਾ।
ਸਰਦਾਰ ਅਹਿਮਦ ਦੇ ਕਹੇ ਮੁਤਾਬਿਕ ਉਹ ਸੱਚਮੁੱਚ ਬਹੁਤ ਅੱਛਾ ‘ਪੁਕਾਰੀ’ ਭਾਵ ਬੁਲਾਰਾ ਸੀ। ਉਸ ਨੇ ਕੁਝ ਹੀ ਪਲਾਂ ਵਿੱਚ ਸਭ ਨੂੰ ਆਪਣੀ ਗੁਫ਼ਤਗੂ ਦੀ ਗ੍ਰਿਫ਼ਤ ਵਿੱਚ ਲੈ ਲਿਆ। ਹੁਣ ਤਾਂ ਬੱਸ ਮੇਰੇ ਨਿੱਕੇ ਨਿੱਕੇ ਸਵਾਲ ਸਨ ਅਤੇ ਸਰਦਾਰ ਅਹਿਮਦ ਦੇ ਤਰਲ ਤਿਲਕਦੇ ਬੋਲ। ਉਸ ਦੇ ਬੋਲ ਉੱਡਦੇ ਹੋਏ ਆਪਣੇ ਪਿਛੋਕੜ ਨਾਲ ਜੁੜੀਆਂ ਯਾਦਾਂ ਦੇ ਕਦੀ ਇਸ ਬਨੇਰੇ ਉੱਤੇ ਬੈਠਦੇ ਤੇ ਕਦੇ ਓਸ ਬਨੇਰੇ ’ਤੇ। ਉਸ ਦਾ ਪਿੰਡ, ਉਸ ਦਾ ਇਲਾਕਾ, ਜਿਹੜਾ ਉਸ ਦੇ ਅੰਦਰ ਬੰਦ ਕਲੀ ਵਾਂਗ ਕਈ ਦਹਾਕਿਆਂ ਤੋਂ ਸਿਮਟਿਆ ਹੋਇਆ ਸੀ, ਉਹ ਪੂਰੇ ਜਲੌਅ ਵਿੱਚ ਖੁਸ਼ਬੂ ਖਿੰਡਾਉਂਦਾ ਖਿੜ ਉੱਠਿਆ ਸੀ। ਉਸ ਨੇ ਆਪਣੇ ਪਿੰਡ ਵੈਰੋਕੇ ਅਤੇ ਉਸ ਨਾਲ ਜੁੜੀਆਂ ਯਾਦਾਂ ਨੂੰ ਫਿਲਮ ਵਾਂਗ ਸਾਡੀਆਂ ਨਜ਼ਰਾਂ ਸਾਹਵੇਂ ਵਿਛਾ ਕੇ ਰੱਖ ਦਿੱਤਾ। ਪਿੰਡਾਂ ਅਤੇ ਸ਼ਹਿਰਾਂ ਦੇ ਨਕਸ਼ੇ, ਰਾਹਾਂ ਦੇ ਮੋੜ, ਬੱਸਾਂ ਦੇ ਅੱਡੇ, ਬੰਦਿਆਂ ਦੇ ਬੋਲ ਅਤੇ ਉਨ੍ਹਾਂ ਦੇ ਨਕਸ਼ ਉਸ ਨੂੰ ਅਜੇ ਕੱਲ੍ਹ ਵਾਂਗ ਯਾਦ ਸਨ। ਵੈਰੋਕੇ ਪਿੰਡ ਇੱਕ ਨਿੱਕਾ ਜਿਹਾ ਸੰਸਾਰ ਬਣ ਗਿਆ ਸੀ ਅਤੇ ਅੱਜ ਦੇ ਪਾਕਿਸਤਾਨੀ ਪੰਜਾਬ ਦਾ ਇਹ ਮੰਨਿਆ ਪ੍ਰਮੰਨਿਆ ਸ਼ਖ਼ਸ ਬਾਲਾਂ ਵਾਂਗ ਵੈਰੋਕਿਆਂ ਦੀਆਂ ਗਲੀਆਂ ਵਿੱਚ ਫਿਰ ਰਿਹਾ ਸੀ।
ਮੈਂ ਦੱਸਿਆ, “ਮੇਰੇ ਵੀ ਤਹਿਸੀਲ ਅਜਨਾਲੇ ਵਿੱਚ ਨਾਨਕੇ ਨੇ।”
“ਕਿਹੜੇ ਪਿੰਡ?”
“ਚਵਿੰਡਾ ਕਲਾਂ।”
“ਲੈ ਚਵਿੰਡਾ। ਆਹ ਆਪਣਾ ਚਵਿੰਡਾ! ਚਵਿੰਡੇ ਦੀਆਂ ਜੁੱਤੀਆਂ ਬੜੀਆਂ ਮਸ਼ਹੂਰ ਸਨ, ਤਿੱਲੇ ਵਾਲੀਆਂ। ਆਹੋ! ਅਟਾਰੀ ਤੋਂ ਅੱਗੇ ਖੱਬੇ ਹੱਥ ਰਣੀਕੇ ਰਣਗੜ੍ਹ ਵਾਲਾ ਮੋੜ ਮੁੜੀਏ, ਅੱਗੇ ਲਾਹੌਰ ਬਰਾਂਚ ਦਾ ਬਹਿੜਵਾਲ ਵਾਲਾ ਪੁਲ। ਬਹਿੜਵਾਲ ਤੋਂ ਜੇ ਨਹਿਰੇ ਨਹਿਰ ਜਾਣਾ ਹੋਵੇ ਤਾਂ ਅਗਲਾ ਪਿੰਡ ਚਵਿੰਡਾ, ਅੱਗੇ ਬਰਾੜ, ਅੱਗੇ ਕੁਹਾਲੀ ਦੇ ਘਰਾਟ। ਜੇ ਬਹਿੜਵਾਲੋਂ ਸੜਕੇ ਸੜਕ ਚੱਲੀਏ, ਅੱਗੇ ਖੱਬੇ ਹੱਥ ਵਣੀਏ ਕੇ, ਸੱਜੇ ਹੱਥ ਚਵਿੰਡਾ, ਅੱਗੇ ਕੁਹਾਲਾ, ਤੇ ਫ਼ਿਰ ਚੁਗਾਵੇਂ ਵਾਲਾ ਚੌਂਕ, ਚੁਗਾਵੇਂ ਤੋਂ ਸਿੱਧੀ ਸੜਕ ਅਜਨਾਲੇ ਨੂੰ, ਖੱਬੇ ਹੱਥ ਲੋਪੋਕੇ, ਪ੍ਰੀਤ ਨਗਰ, ਵੈਰੋਕੇ ਤੇ ਚੱਕ ਮਿਸ਼ਰੀ ਖਾਂ। ਚੁਗਾਵੇਂ ਵਾਲੇ ਚੌਂਕ ਤੋਂ ਸੱਜੇ ਹੱਥ ਕੁਹਾਲੀ, ਰਾਮ ਤੀਰਥ ਤੇ ਅੰਬਰਸਰ। ਰਾਮ ਤੀਰਥ ਰੋਡ ਤੇ ਅਟਾਰੀ ਰੋਡ ਦੇ ਪੁਤਲੀ ਘਰ ਤੋਂ ਅੱਗੇ ਜਾ ਮਿਲਦੇ ਤਿਕੋਣ ਦੇ ਵਿਚਕਾਰ ਥੋੜ੍ਹਾ ਪਿੱਛੇ ਕਰਕੇ ਖਾਲਸਾ ਕਾਲਜ ਦੀ ਸ਼ਾਹੀ ਇਮਾਰਤ। ਪਿੰਡੋਂ ਸਾਈਕਲ ’ਤੇ ਚੱਲਣਾ, ਭਾਵੇਂ ਚੁਗਾਵੇਂ ਤੋਂ ਸੱਜੇ ਹੱਥ ਹੋ ਕੇ ਅੰਮ੍ਰਿਤਸਰ ਚਲੇ ਜਾਓ ਤੇ ਭਾਵੇਂ ਸਿੱਧੇ ਰਾਮ ਤੀਰਥ ਰੋਡ ਰਾਹੀਂ। ਮੈਂ ਸਾਰਾ ਪੈਂਡਾ ਸਾਈਕਲ ’ਤੇ ਗਾਹਿਆ ਹੋਇਆ। ਕੀ ਘਰਿੰਡਾ, ਘਰਿੰਡੀ, ਕਾਓਂਕੇ, ਮੋਦੇ, ਧਨੋਏ, ਕੰਜਰੀ ਦਾ ਪੁਲ। ਰਾਮ ਤੀਰਥ ਦਾ ਮੇਲਾ ਵੇਖਣ ਜਾਣਾ, ਮੇਲੇ ’ਤੇ ਮੰਡੀ ਵੀ ਲੱਗਦੀ ਸੀ। ਰਾਮ ਤਲਾਈ ਵਿੱਚ ਵੱਟੇ ਵੁੱਟੇ ਵੀ ਮਾਰਨੇ। ਆਹਾ…ਹਾ…ਹਾ…ਆਹਾ…।” ਉਸ ਨੇ ਆਨੰਦ ਵਿੱਚ ਸਰਸ਼ਾਰ ਹੋ ਕੇ ਅੱਖਾਂ ਮੀਟ ਲਈਆਂ।
ਉਸ ਨੂੰ ਸਮਝ ਨਹੀਂ ਸੀ ਆਉਂਦੀ ਪਈ ਕਿ ਉਹ ਕਿਹੜੀ ਗੱਲ ਕਰੇ ਤੇ ਕਿਹੜੀ ਨਾ ਕਰੇ। ਉਹ ਉਸ ਦੌਰ ਨੂੰ, ਉਸ ਇਲਾਕੇ ਨੂੰ, ਉਸ ਮਾਹੌਲ ਨੂੰ ਮੁੱਠੀ ਵਿੱਚ ਫੜ੍ਹਨਾ ਚਾਹੁੰਦਾ ਸੀ। ਯਾਦਾਂ ਦੇ ਇੱਕ ਕਬੂਤਰ ਨੂੰ ਫੜ੍ਹਨਾ ਲੋਚਦਾ ਤਾਂ ਦੂਜਾ ਉਸ ਦੀ ਤਲੀ ’ਤੇ ਆ ਬੈਠਦਾ ਤੇ ਫਿਰ ਤੀਜਾ। ਉਸ ਦੇ ਅੰਦਰ ‘ਗੁਟਰ-ਗੂੰ, ਗੁਟਰ-ਗੂੰ’ ਹੋ ਰਹੀ ਸੀ। ਸਾਰੇ ਸਰੋਤੇ ਉਸ ਗੰਭੀਰ ਵਿਅਕਤੀ ਦੇ ਚਿਹਰੇ ਉੱਤੇ ਝਲਕ ਆਏ ਬਚਪਨ ਦੇ ਵੈਰਾਗ ਨੂੰ ਮਹਿਸੂਸ ਕਰ ਰਹੇ ਸਨ। ਉਸ ਦੇ ਬੋਲਾਂ ਵਿਚਲੇ ਉਤਸ਼ਾਹ ਨੇ ਤਾਂ ਮੈਨੂੰ ਇਹ ਦੱਸਣ ਦਾ ਮੌਕਾ ਹੀ ਨਹੀਂ ਸੀ ਦਿੱਤਾ ਕਿ ਪ੍ਰੀਤ ਨਗਰ ਅਤੇ ਪ੍ਰੀਤ ਲੜੀ ਜਾਂ ਪ੍ਰੀਤ ਪਰਿਵਾਰ ਦਾ ਮੇਰੇ ਸਮੇਤ ਪੂਰੇ ਪੰਜਾਬੀ ਪਾਠਕ ਵਰਗ ਨਾਲ ਕਿੰਨਾ ਨੇੜੇ ਦਾ ਰਿਸ਼ਤਾ ਸੀ। ਜਦੋਂ ਮੈਂ ਇਸ ਰਿਸ਼ਤੇ ਨੂੰ ਉਸ ਨਾਲ ਸਾਂਝਾ ਕਰਦਿਆਂ ਪ੍ਰੀਤ ਨਗਰ ਅਤੇ ਸਰਦਾਰ ਗੁਰਬਖ਼ਸ਼ ਸਿੰਘ ਦੀ ਕੋਈ ਚੇਤੇ ਵਿੱਚ ਵੱਸੀ ਯਾਦ ਦੱਸਣ ਲਈ ਉਸ ਨੂੰ ਆਖਿਆ, ਉਹ ਤਾਂ ਜਿਵੇਂ ਨਸ਼ਿਆਇਆ ਹੀ ਗਿਆ।
ਉਸ ਨੇ ਇੱਕ ਪਲ ਲਈ ਅੱਖਾਂ ਮੀਟੀਆਂ ਅਤੇ ਹੱਥ ਉਠਾ ਕੇ ਅੱਖਾਂ ਖੋਲ੍ਹਦਿਆਂ ਆਖਿਆ, “ਆਏ-ਹਾਏ-ਹਾਏ! ਓਥੋਂ ਦੀਆਂ ਯਾਦਾਂ! ਓਸ ਵੇਲੇ ਦੀਆਂ ਯਾਦਾਂ! ਬਾਬੇ ਸ਼ਾਹ ਬਖ਼ਤਿਆਰ ਦਾ ਮੇਲਾ ਲੱਗਣਾ। ਜਿਨ੍ਹਾਂ ਦੀ ਦੁਆ ਨਾਲ ਸ਼ਾਹਜਹਾਂ ਦੇ ਘਰ ਬੇਟਾ ਹੋਇਆ ਸੀ। ਇਹ ਪ੍ਰੀਤ ਨਗਰ ਵਾਲਾ ਥਾਂ ਉਨ੍ਹਾਂ ਬਣਾਇਆ। ਪਿੱਛੋਂ ਇਹ ਥਾਂ ਗੁਰਬਖ਼ਸ਼ ਸਿੰਘ ਹੁਰਾਂ ਨੇ ਲੈ ਲਿਆ। ਤੁਸੀਂ ਪ੍ਰੀਤ ਨਗਰ ਅਤੇ ਗੁਰਬਖ਼ਸ਼ ਸਿੰਘ ਹੁਰਾਂ ਦੀ ਕੀ ਪੁੱਛਦੇ ਓ? ਮੈਂ ਤਾਂ ਜੀ ਪ੍ਰੀਤ ਪਰਿਵਾਰ ਦਾ ਬੜਾ ਨਜ਼ਦੀਕੀ ਹਿੱਸਾ ਰਿਹਾ ਹਾਂ। ਮੈਂ ਆਪਣੇ ਪਿੰਡ ਦਾ ਪਹਿਲਾ ਮੁਸਲਮਾਨ ਵਿਦਿਆਰਥੀ ਸਾਂ, ਜੋ ਪ੍ਰੀਤ ਨਗਰ ਦੇ ਐਕਟੀਵਿਟੀ ਸਕੂਲ ਵਿੱਚ ਦਾਖ਼ਲ ਹੋਇਆ।” ਤੇ ਫ਼ਿਰ ਉਸ ਨੂੰ ਆਪਣੇ ‘ਪਹਿਲਾ’ ਹੋਣ ਨਾਲ ਜੁੜੀ ਆਪਣੀ ਸ਼ਖ਼ਸੀਅਤ ਦੇ ਹੋਰ ਪਸਾਰ ਦਿਸਣੇ ਸ਼ੁਰੂ ਹੋ ਗਏ।
“ਆਪਣੇ ਪਿੰਡ ਵੈਰੋਕਿਆਂ ਦੇ ਐਕਟੀਵਿਟੀ ਸਕੂਲ ਦਾ ਪਹਿਲਾ ਮੁਸਲਮਾਨ ਵਿਦਿਆਰਥੀ ਮੈਂ ਸਾਂ। ਆਪਣੇ ਪਿੰਡ ਵੈਰੋਕਿਆਂ ਦਾ ਪਹਿਲਾ ਐਮ.ਬੀ.ਬੀ.ਐੱਸ. ਡਾਕਟਰ ਮੈਂ, ਆਪਣੇ ਪਿੰਡ ਵੈਰੋਕਿਆਂ ਦਾ ਪ੍ਰੋਵਿੰਸ਼ਲ ਅਸੈਂਬਲੀ ਦਾ ਦੋ ਵਾਰ ਬਣਿਆ ਪਹਿਲਾ ਮੈਂਬਰ ਮੈਂ। ਆਪਣੇ ਪਿੰਡ ਵੈਰੋਕਿਆਂ ਦਾ ਪਹਿਲਾ ਹੋਮ ਅਤੇ ਟਰਾਂਸਪੋਰਟ ਮਨਿਸਟਰ ਮੈਂ।”
ਉਹ ਆਪਣੀਆਂ ਸਾਰੀਆਂ ‘ਪਹਿਲਾਂ’ ਨੂੰ ਅਜੇ ਵੀ ਆਪਣੇ ਪਿੰਡ ਵੈਰੋਕਿਆਂ ਨਾਲ ਜੋੜ ਕੇ ਮਾਣਮੱਤਾ ਮਹਿਸੂਸ ਕਰ ਰਿਹਾ ਸੀ। ਉਹ ਕਈ ਸੂਬਾਈ ਅਤੇ ਕੇਂਦਰੀ; ਸਰਕਾਰੀ ਅਤੇ ਗ਼ੈਰ ਸਰਕਾਰੀ ਅਦਾਰਿਆਂ ਦਾ ਮੈਂਬਰ, ਵਾਈਸ ਪ੍ਰੈਜ਼ੀਡੈਂਟ ਅਤੇ ਪ੍ਰੈਜ਼ੀਡੈਂਟ ਸੀ। ਪਰ ਇਸ ਵੇਲੇ ਉਹ ਇਹ ਸਾਰਾ ਕੁਝ ‘ਆਪ’ ਨਹੀਂ ਸੀ ਸਗੋਂ ਵੈਰੋਕਿਆਂ ਦਾ ‘ਪਹਿਲਾ’ ਆਦਮੀ ਸੀ। ਉਹ ਸਰਦਾਰ ਅਹਿਮਦ ਹੋ ਕੇ ਵੀ ਇਸ ਵੇਲੇ ‘ਵੈਰੋਕੇ’ ਬਣਿਆ ਹੋਇਆ ਸੀ। ਆਪਣੇ ਸਾਰੇ ਮਾਣ ਸਨਮਾਨ ਨੂੰ ਉਹ ‘ਵੈਰੋਕੇ’ ਦੇ ਸ਼ੀਸ਼ੇ ਵਿੱਚੋਂ ਨਿਹਾਰ ਰਿਹਾ ਸੀ।
ਸਰਦਾਰ ਅਹਿਮਦ ਐਕਟੀਵਿਟੀ ਸਕੂਲ ’ਚੋਂ ਨਿਕਲ ਕੇ ਆਪਣੇ ਆਪੇ ਅਤੇ ਆਪਣੇ ਪਿੰਡ ਨਾਲ ਜੁੜ ਗਿਆ ਸੀ।
“ਮੇਰੀ ਜਨਮ ਤਰੀਕ 24 ਜੁਲਾਈ 1929 ਦੀ ਹੈ।
ਪੰਜ ਸਾਲਾਂ ਦਾ ਸਾਂ ਜਦੋਂ ਮੇਰਾ ਅੱਬਾ ਗੁਜ਼ਰ ਗਿਆ। ਅਸੀਂ ਨੰਬਰਦਾਰ ਹੁੰਦੇ ਸਾਂ। ਮੇਰਾ ਅੰਕਲ ਜ਼ਿਲ੍ਹੇਦਾਰ ਹੁੰਦਾ ਸੀ। ਮੇਰਾ ਮਾਮਾ ਪ੍ਰੀਤ ਨਗਰ ਦੇ ਬੈਂਕ ਦਾ ਡਾਇਰੈਕਟਰ ਹੁੰਦਾ ਸੀ। ਸਾਡਾ ਦਸ ਹਜ਼ਾਰ ਰੁਪਿਆ ਬੈਂਕ ਵਿੱਚ ਰਹਿ ਗਿਆ। ਲੈਣ ਵਾਲਾ ਰਹਿੰਦਾ ਤੁਹਾਡੇ ਕੋਲੋਂ।” ਉਹ ਹੱਸਿਆ।
“ਰਾਈਂ ਬਰਾਦਰੀ ਸੀ ਸਾਡੀ। ਦੋ ਮੁਰੱਬੇ ਜ਼ਮੀਨ। ਕਿੱਕਰਾਂ ਵਾਲਾ ਖੂਹ ਸੀ ਸਾਡਾ। ਇਹ ਜ਼ਮੀਨ ਅਸੀਂ ਕਿਸੇ ਜੱਟ ਸਿੱਖ ਤੋਂ ਮੁੱਲ ਲਈ ਸੀ। ਮੈਨੂੰ ਕੁਝ ਨਹੀਂ ਭੁੱਲਾ। ਸਭ ਯਾਦ ਨੇ। ਸਾਧੂ ਸਿੰਘ, ਲੱਖਾ ਸਿੰਘ, ਸਾਵਣ ਸਿੰਘ, ਤੇਜੋ, ਕੁਸ਼ੱਲਿਆ, ਪ੍ਰੀਤੋ। ਆਹ, ਮੇਰੇ ਸਾਹਮਣੇ ਖਲੋਤੇ ਨੇ ਅਜੇ ਵੀ। ਸਰਦਾਰ ਗੁਰਬਖ਼ਸ਼ ਸਿੰਘ, ਨਵਤੇਜ, ਉਮਾ, ਉਰਮਿਲਾ। ਮਾਸਟਰ ਤਾਰਾ ਸਿੰਘ ਵੀ ਮੈਨੂੰ ਨਹੀਂ ਭੁੱਲਿਆ। ਪਹਿਲਾਂ ਮੈਂ ਐਕਟੀਵਿਟੀ ਸਕੂਲ ਪੜ੍ਹਿਆ। ਫ਼ਿਰ ਭੀਲੋਵਾਲ ਦੇ ਡੀ.ਬੀ. ਸਕੂਲ ਤੋਂ ਅੱਠਵੀਂ ਪਾਸ ਕੀਤੀ। ਜੂਨੀਅਰ, ਸੀਨੀਅਰ ਗੌਰਮੈਂਟ ਹਾਈ ਸਕੂਲ ਅਜਨਾਲੇ ਤੋਂ ਕੀਤੀ। ਵੈਰੋਕਿਆਂ ਦਾ ਪਹਿਲਾ ਮੁੰਡਾ, ਜਿਹੜਾ ਹਰੇਕ ਜਮਾਤ ਵਿੱਚ ਵਜ਼ੀਫ਼ਾ ਲੈਂਦਾ ਰਿਹਾ। ਚੌਥੀ ਤੋਂ ਐਮ.ਬੀ.ਬੀ.ਐੱਸ. ਤੱਕ ਮੈਂ ਵਜ਼ੀਫ਼ਾ ਲਿਆ। ਸਾਰੀ ਉਮਰ ਜਿੰਨਾ ਚਿਰ ਪੜ੍ਹਿਆ, ਮੈਨੂੰ ਸਕਾਲਰਸ਼ਿਪ ਮਿਲਦਾ ਰਿਹਾ। ਹਾਕੀ ਦਾ ਖਿਡਾਰੀ ਮੈਂ ਬੜਾ ਆਹਲਾ ਸਾਂ। ਪ੍ਰੀਤ ਨਗਰ ਦੇ ਕੱਲਰਾਂ ਵਿੱਚ ਬੜੀ ਹਾਕੀ ਖੇਡੀ। ਇਨ੍ਹਾਂ ਕੱਲਰਾਂ ਵਿੱਚ ਨਵਤੇਜ ਸਿੰਘ ਵੀ ਸਾਡੇ ਨਾਲ ਹਾਕੀ ਖੇਡਦਾ ਹੁੰਦਾ ਸੀ। ਅਜਨਾਲੇ ਮੈਂ ਆਪਣੀ ਹਾਕੀ ਦੀ ਟੀਮ ਦਾ ਕਪਤਾਨ ਸਾਂ। 1944-45 ਦੀ ਗੱਲ ਹੈ। ਅਸੀਂ ਖੇਡ ਰਹੇ ਸਾਂ। ਇੱਕ ਬੰਦਾ ਡਾਂਗ ਫੜ੍ਹ ਕੇ ਆਇਆ, ਕਹਿੰਦਾ, “ਭਰਤੀ ਹੋ ਰਹੀ ਹੈ। ਆਓ ਤੁਹਾਨੂੰ ਭਰਤੀ ਕਰਵਾ ਦੇਈਏ। ਅਸੀਂ ਗਏ ਵੇਖਣ। ਮੈਂ ਤਾਂ ਭਰਤੀ ਨਾ ਹੋਇਆ, ਪਰ ਕੁਝ ਹੋਰ ਜਣੇ ਭਰਤੀ ਹੋ ਗਏ। ਉਨ੍ਹਾਂ ਵਿੱਚ ਜਸਤਰਵਾਲੀਏ ਪਠਾਣਾਂ ਦਾ ਮੁੰਡਾ ਵੀ ਸੀ, ਜਿਹੜਾ ਮੇਰੇ ਤੋਂ ਦੋ ਸਾਲ ਅੱਗੇ ਪੜ੍ਹਦਾ ਸੀ। ਉਹ ਭਰਤੀ ਹੋ ਗਿਆ। ਪਿੱਛੋਂ ਜਾ ਕੇ ਉਹੋ ਹੀ ਮੁੰਡਾ ਅਖ਼ਤਰ ਅਬਦੁੱਲਾ ਰਹਿਮਾਨ ਪਾਕਿਸਤਾਨ ਦਾ ਚੀਫ਼ ਆਫ਼ ਆਰਮੀ ਸਟਾਫ਼ ਵੀ ਬਣਿਆ।”
ਉਸ ਦੇ ਭਰੇ ਅੰਦਰ ਵਿੱਚੋਂ ਯਾਦਾਂ ਬੇਤਰਤੀਬੀ ਨਾਲ ਛਲਕ ਰਹੀਆਂ ਸਨ।
“ਐਕਟੀਵਿਟੀ ਸਕੂਲ ਦੀ ਕੋਈ ਯਾਦ?” ਮੈਂ ਉਸ ਨੂੰ ਵਾਪਸ ਪ੍ਰੀਤ ਨਗਰ ਮੋੜ ਕੇ ਲਿਆਉਣਾ ਚਾਹੁੰਦਾ ਸਾਂ।
“ਮੈਂ ਦੱਸਿਆ ਤਾਂ ਹੈ ਕਿ ਐਕਟੀਵਿਟੀ ਸਕੂਲ ਦਾ ਮੈਂ ਪਹਿਲਾ ਮੁਸਲਮਾਨ ਵਿਦਿਆਰਥੀ ਸਾਂ, ਦੂਜਾ ਮੁਸਲਮਾਨ ਵਿਦਿਆਰਥੀ ਸੀ ਮੇਰਾ ਛੋਟਾ ਭਰਾ ਮੁਹੰਮਦ ਸਾਦਿਕ। ਉਹ ਵੀ ਪ੍ਰੀਤ ਨਗਰ ਤੋਂ ਪੜ੍ਹਿਆ। ਜਦੋਂ ਮੈਂ ਪ੍ਰੀਤ ਨਗਰ ਦਾਖ਼ਲ ਹੋਇਆ ਤਾਂ ਪਿੰਡ ਵਾਲਿਆਂ ਨੇ ਕਿਹਾ ਕਿ ਇਸ ਮੁੰਡੇ ਨੂੰ ਓਥੇ ਦਾਖ਼ਲ ਕਰਾ ਕੇ ਚੰਗਾ ਨਹੀਂ ਕੀਤਾ। ਇਹ ਦਹਿਰੀਆ (ਨਾਸਤਕ ਜਾਂ ਰੱਬ ਨੂੰ ਨਾ ਮੰਨਣ ਵਾਲਾ) ਹੋ ਜਾਊ। ਪਰ ਸਾਡਾ ਪਰਿਵਾਰ ਪ੍ਰੋਗਰੈਸਿਵ ਖ਼ਿਆਲਾਂ ਦਾ ਸੀ। ਮੇਰੇ ਨਾਨਾ ਚੌਧਰੀ ਚਿਰਾਗ਼ਦੀਨ ਤਾਂ ਉਰਦੂ ਪ੍ਰੀਤਲੜੀ ਵਿੱਚ ਲਿਖਦੇ ਵੀ ਹੁੰਦੇ ਸਨ।”
“ਅਸੀਂ ਆਪਣੇ ਉਸਤਾਦਾਂ ਨੂੰ ‘ਭਰਾ ਜੀ’ ਕਹਿੰਦੇ ਹੁੰਦੇ ਸਾਂ।” ਉਹ ਹੱਸਦਾ ਹੈ, “ਕੋਈ ਉਸਤਾਦ ਕਿਸੇ ਨੂੰ ਮਾਰਦਾ ਤਾਂ ਬਿਲਕੁਲ ਨਹੀਂ ਸੀ, ਸਭ ਪਿਆਰ ਨਾਲ ਪੜ੍ਹਾਉਂਦੇ ਅਤੇ ਸਮਝਾਉਂਦੇ, ਪਰ ਭਰਾ ਜੀ, ਸਾਡੀ ਓਨਾ ਚਿਰ ਤੱਕ ਜਾਨ ਨਹੀਂ ਸਨ ਛੱਡਦੇ ਜਿੰਨਾ ਚਿਰ ਤੱਕ ਸਾਨੂੰ ਸਾਰੀ ਗੱਲ ਚੰਗੀ ਤਰ੍ਹਾਂ ਸਮਝ ਨਹੀਂ ਸੀ ਪੈ ਜਾਂਦੀ। ਛੁੱਟੀ ਤੋਂ ਬਾਅਦ ਵੀ ਅਸੀਂ ਜਦੋਂ ਚਾਹੀਏ, ਕਿਸੇ ਵੀ ਭਰਾ ਜੀ ਦੇ ਘਰ ਐਂ ਆ ਜਾ ਸਕਦੇ ਸਾਂ ਜਿਵੇਂ ਆਪਣੇ ਘਰ ਜਾਈਦਾ ਹੈ। ਪ੍ਰੀਤ ਨਗਰ ਵਰਗੀ ਐਜੂਕੇਸ਼ਨ ਅਤੇ ਮਾਹੌਲ ਮੈਂ ਸਾਰੀ ਦੁਨੀਆਂ ਵਿੱਚ ਕਿਤੇ ਨਹੀਂ ਵੇਖੇ। ਸਾਡੀ ਸਵੇਰ ਦੀ ਪਰੇਅਰ ਹੁੰਦੀ ਸੀ ਜੈ ਜੈ ਜਨਨੀ ਭਾਰਤ ਮਾਂ! ਕਸ਼ਟ-ਨਿਵਾਰਨੀ ਭਾਰਤ ਮਾਂ!”
“ਤੇ ਜਾਂ ਹੁੰਦੀ ਸੀ ਇਕਬਾਲ ਦੀ ‘ਉੱਠੋ ਮੇਰੀ ਦੁਨੀਆਂ ਕੇ ਗਰੀਬੋਂ ਕੋ ਜਗਾ ਦੋ।’ ਸਰਦਾਰ ਗੁਰਬਖ਼ਸ਼ ਸਿੰਘ ਹਫ਼ਤੇ ਵਿੱਚ ਇੱਕ ਵਾਰ ਸਕੂਲ ਦਾ ਗੇੜਾ ਮਾਰਦੇ। ਉਸਤਾਦਾਂ ਅਤੇ ਤਾਲਬ-ਇਲਮਾਂ ਨੂੰ ਬੜੇ ਪਿਆਰ ਨਾਲ ਮਿਲਦੇ। ਸਾਨੂੰ ਲੈਕਚਰ ਵੀ ਦਿੰਦੇ। ਮੈਨੂੰ ਅਜੇ ਵੀ ਯਾਦ ਹੈ ਉਹ ਸਪੇਸ ਨੂੰ ‘ਵਾਯੂਮੰਡਲ’ ਕਹਿੰਦੇ ਹੁੰਦੇ ਸਨ। ਉਹ ਲਾਗੇ ਦੇ ਮੁਸਲਮਾਨ ਪਿੰਡਾਂ ਵਿੱਚ ਕਦੇ-ਕਦੇ ਸ਼ਾਮ ਨੂੰ ਜਾਂਦੇ ਅਤੇ ਜਾ ਕੇ ਪਿਆਰ ਦਾ ਦਰਸ ਦਿੰਦੇ। ਉਨ੍ਹਾਂ ਦੀ ਪਤਨੀ, ਜਿਨ੍ਹਾਂ ਨੂੰ ਮਾਤਾ ਜੀ ਕਹਿੰਦੇ ਸਨ, ਉਹ ਸਰੀਰ ਦੀ ਥੋੜ੍ਹੀ ਜਿਹੀ ਭਾਰੀ ਸੀ। ਪਰ ਬੜੀ ਬਣਦੀ ਤਣਦੀ, ਸੁਨੱਖੀ ਜ਼ਨਾਨੀ ਸੀ। ਉਨ੍ਹਾਂ ਦੀ ਵੱਡੀ ਧੀ ਉਮਾ ਬਹੁਤ ਅੱਛਾ ਗਾਉਂਦੀ ਸੀ, ਨਵਤੇਜ ਹਾਕੀ ਦਾ ਬੜਾ ਵਧੀਆ ਖਿਡਾਰੀ ਸੀ। ਸਕੂਲ ਦੀ ਇਮਾਰਤ ਦੇ ਸਾਹਮਣੇ ਸੜਕੋਂ ਪਾਰ ਸੁੱਕਾ ਤਲਾਬ ਸੀ, ਚੁਗੱਤਿਆਂ ਦੇ ਵੇਲੇ ਦਾ। ਇੱਥੇ ਅਸੀਂ ਡਰਾਮੇ ਵੇਖਦੇ ਸਾਂ। ਏਥੇ ਹੀ ਡਰਾਮਿਆਂ ਵਿੱਚ ਪਹਿਲੀ ਵਾਰ ਔਰਤਾਂ ਦਾ ਕਿਰਦਾਰ ਔਰਤਾਂ ਨੇ ਕੀਤਾ। ਇਸ ਤਲਾਅ ਦੇ ਕੰਢੇ ਤੋਂ ਅੰਬਰਸਰ ਨੂੰ ਜਾਣ ਵਾਲੀ ਮੋਟਰ ਚੱਲਦੀ ਹੁੰਦੀ ਸੀ।”
“ਆਪਣੀਆਂ ਈ ਗੱਲਾਂ ਸੁਣਾਈ ਜਾਂਦੇ ਓ। ਇਹ ਵੀ ਦੱਸੋ ਕਿ ਮੇਰੇ ਦਾਦਾ ਜੀ ਵੀ ਅੰਬਰਸਰ ਮਹਾਂ ਸਿੰਘ ਗੇਟ ਅੰਦਰ ਰਹਿੰਦੇ ਸਨ।”
ਮੇਜ਼ ਦੇ ਪਰਲੇ ਪਾਰ ਸਾਹਮਣੇ ਬੈਠੀ ਉਸ ਦੀ ਦੂਜੇ ਵਿਆਹ ਦੀ ਖ਼ੂਬਸੂਰਤ ਜਵਾਨ ਪਤਨੀ, ਜਿਹੜੀ ਲਾਹੌਰ ਦੇ ਗੌਰਮਿੰਟ ਕਾਲਜ ਵਿੱਚ ਸਾਈਕੋਲੋਜੀ ਦੀ ਪ੍ਰੋਫ਼ੈਸਰ ਸੀ, ਨੇ ਮੁਸਕਰਾ ਕੇ ਲਾਡ ਨਾਲ ਆਖਿਆ ਤਾਂ ਸਰਦਾਰ ਅਹਿਮਦ ਉਸ ਨੂੰ ਹੱਥ ਦੇ ਇਸ਼ਾਰੇ ਨਾਲ ਰੋਕ ਕੇ ਕਹਿੰਦਾ, “ਉਹ ਵੀ ਦੱਸਦਾਂ, ਉਹ ਵੀ ਦੱਸਦਾਂ। ਪਹਿਲਾਂ ਮੇਰੀ ਗੱਲ ਤਾਂ ਮੁੱਕ ਲੈਣ ਦੇ।’’
ਉਸ ਦੀ ਬੇਗ਼ਮ ਦੀ ਵੱਖੀ ਨਾਲ ਬੈਠੀ ਉਨ੍ਹਾਂ ਦੀ ਸੋਲਾਂ ਸਤਾਰਾਂ ਸਾਲਾਂ ਦੀ ਬੇਟੀ ਨੇ ਮੁਸਕਰਾ ਕੇ ਪਿਤਾ ਨੂੰ ਟਕੋਰ ਕੀਤੀ, “ਤੁਹਾਡੀ ਗੱਲ ਨਾ ਹੁਣ ਸ਼ਾਮ ਤੱਕ ਮੁੱਕੀ!”
ਨੇੜੇ ਹੀ ਉਸ ਦਾ ਛੋਟਾ ਭਰਾ ਵੀ ਬੈਠਾ ਮੁਸਕੜੀਏਂ ਹੱਸ ਰਿਹਾ ਸੀ।
ਬੈਰੇ ਟੇਬਲਾਂ ਉੱਤੇ ਪਈਆਂ ਜੂਠੀਆਂ ਪਲੇਟਾਂ ਚੁੱਕ ਰਹੇ ਸਨ। ਅੱਗੇ ਪਿੱਛੇ ਹੋ ਰਹੇ ਬੈਰਿਆਂ ਦੀ ਹਾਜ਼ਰੀ ਦਾ ਲਾਭ ਲੈਂਦਿਆਂ ਸਰਦਾਰ ਅਹਿਮਦ ਨੇ ਹੌਲੀ ਜਿਹੀ ਮੇਰੇ ਕੰਨ ਵਿੱਚ ਕਿਹਾ, “ਮੈਂ ਇਸ ਵੇਲੇ ਸਤੱਤਰ ਸਾਲ ਦਾ ਹਾਂ। ਇਹ ਮੇਰੀ ਦੂਜੀ ਬੀਵੀ ਹੈ। ਮੈਥੋਂ ਕਈ ਸਾਲ ਛੋਟੀ।” ਉਸ ਦੀ ਦਿੱਖ ਤੋਂ ਅਜਿਹਾ ਹੀ ਲੱਗਦਾ ਸੀ। ਫਿਰ ਵੀ ਮੈਂ ਮਨ ਹੀ ਮਨ ਹਿਸਾਬ ਲਾ ਕੇ ਵੇਖਿਆ। ਦੋਹਾਂ ਦੀ ਉਮਰ ਦਾ ਫ਼ਰਕ ਘੱਟੋ ਘੱਟ ਵੀਹ ਪੰਝੀ ਸਾਲ ਦਾ ਹੋਵੇਗਾ।
ਖਾਣਾ ਖ਼ਤਮ ਹੋ ਗਿਆ ਸੀ ਪਰ ਸਰਦਾਰ ਅਹਿਮਦ ਦਿਲ ਫੋਲਣ ਦਾ ਹੱਥ ਆਇਆ ਮੌਕਾ ਗੁਆਉਣਾ ਨਹੀਂ ਸੀ ਚਾਹੁੰਦਾ। ਉਹ ਹੁਣ ਸਭ ਨੂੰ ਨੇੜੇ ਹੀ ਆਪਣੇ ਪਹਿਲੇ ਵਿਆਹ ਦੇ ਡਾਕਟਰ ਪੁੱਤਰਾਂ ਦੀਆਂ ਅਲੱਗ ਅਲੱਗ ਬਣੀਆਂ ਆਲੀਸ਼ਾਨ ਕੋਠੀਆਂ ਵੀ ਵਿਖਾਉਣਾ ਚਾਹੁੰਦਾ ਸੀ ਅਤੇ ਉੱਥੋਂ ਹੀ ਚਾਹ ਪਿਆ ਕੇ ਵਿਦਾ ਕਰਨ ਦਾ ਇੱਛੁਕ ਸੀ। ਰਾਤ ਅਸੀਂ ਚੌਧਰੀ ਅਸ਼ਰਫ਼ ਦੇ ਮਹਿਮਾਨ ਸਾਂ।
ਅਸੀਂ ਉਸ ਦੇ ਇੱਕ ਡਾਕਟਰ ਪੁੱਤ ਦੇ ਘਰ ਗਏ। ਦੂਜੀ ਕੋਠੀ ਵੀ ਨਾਲ ਹੀ ਜੁੜਵੀਂ ਸੀ। ਉਸ ਦੀਆਂ ਨੂੰਹਾਂ ਅਤੇ ਪੋਤਰੇ ਪੋਤਰੀਆਂ ਇਕੱਠੇ ਹੋ ਗਏ। ਨੂੰਹਾਂ ਆਪਣੀ ਹਮਉਮਰ ਸੱਸ ਨੂੰ ਬੜੇ ਚਾਅ ਨਾਲ ਮਿਲੀਆਂ। ਸਾਰਾ ਪਰਿਵਾਰ ਰਲ ਕੇ ਬੈਠਾ ਸੀ। ਕਿਸੇ ਕਿਸਮ ਦੀ ਕੋਈ ਪਰਦਾਦਾਰੀ ਨਹੀਂ ਸੀ। ਜਿਵੇਂ ਇੱਕੋ ਪਰਿਵਾਰ ਦੇ ਜੀਅ ਮਿਲ ਬੈਠੇ ਹੋਈਏ।
ਸਰਦਾਰ ਅਹਿਮਦ ਦੇ ਹੋਠਾਂ ’ਚੋਂ ਬੋਲ ਕਿਰ ਕਿਰ ਪੈ ਰਹੇ ਸਨ।
“ਮੈਂ ਅੰਬਰਸਰ ਦੀ ਗਲੀ ਗਲੀ ਦਾ ਵਾਕਿਫ਼ ਸਾਂ। ਕੰਪਨੀ ਬਾਗ਼ ਵਿੱਚ ਅਸੀਂ ਸੈਰ ਕਰਿਆ ਕਰਦੇ। ਹਾਲ ਬਾਜ਼ਾਰ ਵਿੱਚ ਘੁੰਮਦੇ। ਇੱਕ ਦਿਨ ਮੈਂ ਅੰਬਰਸਰ ਵਿੱਚ ਸਾਂ; ਕਟੜਾਂ ਮਹਾਂ ਸਿੰਘ, ਚਾਹ (ਖੂਹ) ਮਹਿਰ ਖੀਵਾ, ਨਜ਼ਦੀਕ ਜ਼ਨਾਨਾ ਹਸਪਤਾਲ। ਓਥੋਂ ਮੈਂ ਤੁਰਦਾ ਤੁਰਦਾ ਹਾਲ ਬਜ਼ਾਰ ਗਿਆ। ਮੇਰੀਆਂ ਅੱਖਾਂ ਸਾਹਮਣੇ ਇੱਕ ਮੁਸਲਮਾਨ ਨੇ ਹੱਥ ਵਿੱਚ ਫੜ੍ਹਿਆ ਮੋਟਾ ਸਾਰਾ ਗੰਨਾ ਇੱਕ ਸਰਦਾਰ ਦੇ ਗੁੱਟ ’ਤੇ ਮਾਰ ਕੇ ਉਸ ਦੀ ਤਲਵਾਰ ਖੋਹ ਕੇ ਉਸ ਨੂੰ ਕਤਲ ਕਰ ਦਿੱਤਾ। ਉਸ ਤੋਂ ਕਟੜਾ ਜੈਮਲ ਸਿੰਘ ਵਿੱਚ ਲੜਾਈ ਹੋਈ। ਫਿਰ ਤਾਂ ਚੱਲ ਸੋ ਚੱਲ। ਹਵਾ ਵਿੱਚ ਜਿਵੇਂ ਜ਼ਹਿਰ ਹੀ ਘੁਲ ਗਿਆ। ਮੁਸਲਮਾਨ ਛੁਰੇ ਮਾਰਦੇ ਅਤੇ ਸਿੱਖ ਤਲਵਾਰਾਂ ਵਰਤਦੇ। ਤੁਰਦੀ ਹੋਈ ਅੱਗ ਪਿੰਡਾਂ ਵਿੱਚ ਵੀ ਪਹੁੰਚ ਗਈ।”
ਮੇਰੇ ਆਖਣ ’ਤੇ ਉਹ ਆਪਣੇ ਵੈਰੋਕਿਆਂ ਤੋਂ ਉੱਜੜਣ ਦੀ ਖਿੱਲਰੀ ਕਹਾਣੀ ਨੂੰ ਤਰਤੀਬ ਦੇਣ ਦੀ ਕੋਸ਼ਿਸ਼ ਕਰਦਾ ਹੈ।
“ਕੁਝ ਦਿਨ ਪਹਿਲਾਂ ਦਰਿਆਉਂ ਪਾਰ ਲਹਿੰਦੇ ਪਾਸੇ ਬਾਬੁਕ-ਵਾਲੀਆਂ ਦਾ ਘਰ ਸੜਿਆ। ਉਨ੍ਹਾਂ ਇਸ਼ਤਿਆਲ ਮਚਾਇਆ। ਸਾਨੂੰ ਪਤਾ ਲੱਗਾ ਕਿ ਸਵੇਰੇ ਦਸ ਵਜੇ ਹਮਲਾ ਹੋਣਾ ਹੈ। ਮੇਰਾ ਖਾਲੂ ਚੱਕ ਮਿਸ਼ਰੀ ਖਾਂ ਦਾ ਨੰਬਰਦਾਰ ਸੀ। ਉਸ ਨੂੰ ਭੱਜ ਕੇ ਹਮਲਾ ਹੋਣ ਦੀ ਖ਼ਬਰ ਦੱਸੀ ਤਾਂ ਉਹ ਕਹਿੰਦਾ, ‘ਹੱਦ ਹੋ ਗਈ ਯਾਰ! ਸਾਰੇ ਸਿੱਖ ਇਸ ਇਲਾਕੇ ਦੇ ਆਪਣੇ ਯਾਰ ਨੇ। ਸਾਡੇ ਭਰਾ ਨੇ, ਸਾਨੂੰ ਕਿਸੇ ਨੇ ਕੀ ਕਹਿਣਾ?’ ਪਾਕਿਸਤਾਨ ਤਾਂ ਬਣ ਗਿਆ ਸੀ ਪਰ ਸਾਡੀ ਕਿਸਮਤ ਦਾ ਫ਼ੈਸਲਾ ਅਜੇ ਹੋਣਾ ਸੀ। ਰੈਡਕਲਿੱਫ ਮਿਸ਼ਨ ਨੇ 18 ਅਗਸਤ ਨੂੰ ਆਪਣਾ ਫ਼ੈਸਲਾ ਸੁਣਾਉਣਾ ਸੀ; ਜਿਸ ਤੋਂ ਪਤਾ ਲੱਗਣਾ ਸੀ ਕਿ ਸਾਡਾ ਇਲਾਕਾ ਪਾਕਿਸਤਾਨ ਵਿੱਚ ਆਇਆ ਹੈ ਜਾਂ ਹਿੰਦੋਸਤਾਨ ਵਿੱਚ। ਸਾਨੂੰ ਸਰਦਾਰ ਗੁਰਬਖ਼ਸ਼ ਸਿੰਘ ਦਾ ਬੜਾ ਆਸਰਾ ਸੀ। ਆਪਣੇ ਪਿੰਡ ਦੇ ਚਾਰ ਜਣੇ ਅਸੀਂ ਉਸ ਵੇਲੇ ਸਰਦਾਰ ਗੁਰਬਖ਼ਸ਼ ਸਿੰਘ ਦੇ ਘਰ ਬੈਠੇ ਹੋਏ ਸਾਂ। ਉਨ੍ਹਾਂ ਦੇ ਘਰ ਹੀ ਸਾਂ ਕਿ ਰੈਡਕਲਿੱਫ ਕਮਿਸ਼ਨ ਨੇ ਸਾਡੀ ਕਿਸਮਤ ਦਾ ਫ਼ੈਸਲਾ ਰੇਡੀਓ ਉੱਤੇ ਸੁਣਾ ਦਿੱਤਾ। ਗੁਰਬਖ਼ਸ਼ ਸਿੰਘ ਦੇ ਘਰ ਹੀ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਲੋਪੋਕੇ ਬਹੁਤ ਸਾਰੇ ਸਿੱਖ ਇਕੱਠੇ ਹੋ ਰਹੇ ਨੇ ਹਮਲਾ ਕਰਨ ਲਈ। ਗੁਰਬਖ਼ਸ਼ ਸਿੰਘ ਨੇ ਮੈਨੂੰ ਕਿਹਾ ਕਿ ਫ਼ਟਾਫ਼ਟ ਪਿੰਡ ਨੂੰ ਦੌੜ ਜਾਹ ਤੇ ਆਪਣੇ ਅੱਬੂ ਨੂੰ ਕਹਿ ਕਿ ਘਰ ਛੱਡ ਜਾਣ। ਅਸੀਂ ਮਾਰਦੇ ਛਾਲਾਂ ਪਿੰਡ ਨੂੰ ਆ ਗਏ। ਸੋਚਿਆ ਕਿ ਆਹ ਤਾਂ ਵਾਹਗਾ ਹੈ, ਆਪਾਂ ਹੁਣੇ ਟੱਪ ਜਾਣਾ ਹੈ।”
“ਮੈਨੂੰ ਅਜੇ ਵੀ ਯਾਦ ਹੈ, ਮੇਰੀ ਮਾਂ ਰੋਟੀਆਂ ਪਕਾ ਰਹੀ ਸੀ। ਨਾਨਾ ਹੁਣੇ ਮੱਝ ਚੋਅ ਕੇ ਲਿਆਇਆ ਸੀ ਤੇ ਉਸ ਨੇ ਦੁੱਧ ਵਾਲੀ ਬਾਲਟੀ ਚੌਂਤਰੇ ਵਿੱਚ ਰੱਖੀ ਸੀ। ਮੈਂ ਤਾਜ਼ੇ ਦੁੱਧ ਦਾ ਇੱਕ ਗਿਲਾਸ ਭਰ ਕੇ ਪੀਤਾ ਤੇ ਮਾਂ ਨੂੰ ਕਿਹਾ ਕਿ ਰੋਟੀਆਂ ਪਕਾਉਣੀਆਂ ਛੱਡੋ ਤੇ ਭੱਜਣ ਦੀ ਤਿਆਰੀ ਕਰੋ। ਕਾਹਲੀ ਅਤੇ ਘਬਰਹਾਟ ਵਿੱਚ ਘਰ ਦੇ ਸਾਰੇ ਜੀਅ ਪਿੰਡ ਛੱਡਣ ਨੂੰ ਤਿਆਰ ਹੋ ਗਏ। 1700 ਰੁਪਈਆ ਕੋਲ ਸੀ। ਉਹ ਅਸੀਂ ਲੱਕਾਂ ਨਾਲ ਬੰਨ੍ਹ ਲਿਆ। ਚਾਰ ਮੱਝਾਂ ਸਨ ਸਾਡੇ ਕੋਲ। ਉਨ੍ਹਾਂ ਦੇ ਸੰਗਲ ਲਪੇਟ ਦਿੱਤੇ ਅਤੇ ਅੱਲ੍ਹਾ ਦੇ ਹਵਾਲੇ ਕਰ ਦਿੱਤੀਆਂ। ਬਾਹਰ ਆ ਕੇ ਗਵਾਂਢੀ ਲੱਖਾ ਸਿੰਘ ਤਰਖਾਣ ਨੂੰ ਕਿਹਾ, ‘ਲੈ ਇਹ ਘਰ-ਬਾਰ ਹੁਣ ਤੇਰੇ ਹਵਾਲੇ।’ ਦੋ ਕੋਠੇ ਕਣਕ ਨਾਲ ਭਰੇ ਸਨ। ਮਨ ਵਿੱਚ ਇਹ ਵੀ ਸੀ ਕਿ ਸ਼ਾਇਦ ਵਾਪਸ ਵੀ ਆ ਹੀ ਜਾਈਏ। ਭੀਲੋਵਾਲ ਦੇ ਕੱਲਰਾਂ ’ਚ ਅਸੀਂ ਵੱਡੀ ਗਿਣਤੀ ’ਚ ਇਕੱਠੇ ਹੋ ਗਏ। ਸਾਡੇ ਕੋਲ ਪੱਕੀ ਬੰਦੂਕ ਸੀ। ਰਾਣੀਆਂ ਕੋਲ ਹੇਤਮ ਦੇ ਕਿਲ੍ਹੇ ਕੋਲ ਪੁੱਜੇ ਤਾਂ ਸਾਡੇ ਉੱਤੇ ਹਮਲਾ ਹੋ ਗਿਆ। ਇੱਕ ਸਿੱਖ ਬਰਛੀ ਲੈ ਕੇ ਮੇਰੇ ਪਿੱਛੇ ਦੌੜਿਆ, ਅੱਗੇ ਮੱਝਾਂ ਚਰ ਰਹੀਆਂ ਸਨ। ਮੈਂ ਮੱਝਾਂ ਵਿੱਚ ਵੜ ਗਿਆ ਤੇ ਉਨ੍ਹਾਂ ਵਿੱਚੋਂ ਰਾਹ ਬਣਾ ਕੇ ਭੱਜਿਆ। ਮੈਂ ਲੰਘਿਆ ਤਾਂ ਮੱਝਾਂ ਆਪਸ ਵਿੱਚ ਜੁੜ ਗਈਆਂ ਅਤੇ ਉਨ੍ਹਾਂ ਨੇ ਅੱਲ੍ਹਾ ਪਾਕ ਦੇ ਹੁਕਮ ਮੁਤਾਬਿਕ ਉਸ ਬਰਛੀ ਵਾਲੇ ਦਾ ਰਾਹ ਰੋਕ ਦਿੱਤਾ। ਮੈਂ ਬਚ ਕੇ ਅੱਗੇ ਨਿਕਲ ਗਿਆ। ਓਦਣ ਜੁੰਮੇ ਦਾ ਦਿਨ ਸੀ।”
“ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਬਚ ਕੇ ਪਾਰ ਆ ਗਏ। ਡਰ, ਭੁੱਖ ਅਤੇ ਪਿਆਸ ਅੰਤਾਂ ਦੀ। ਮਰਲ ਮਾੜੀ ਇੱਕ ਬੀਬੀ ਰੋਟੀਆਂ ਲਾਉਂਦੀ ਸੀ ਤੰਦੂਰ ਉੱਤੇ। ਉਸ ਨੇ ਤੰਦੂਰ ਦੀ ਪੱਕੀ ਰੋਟੀ ਅਚਾਰ ਨਾਲ ਦਿੱਤੀ। ਉਸ ਰੋਟੀ ਦਾ ਜੋ ਸਵਾਦ ਆਇਆ, ਉਹ ਅੱਜ ਤੱਕ ਨਹੀਂ ਭੁੱਲਾ। ਈਚੋਗਿਲ ਅਜੇ ਤੱਕ ਸਿੱਖ ਬੈਠੇ ਹੋਏ ਸਨ। ਅਸੀਂ ਇੱਥੋਂ ਉਨ੍ਹਾਂ ਨੂੰ ਭਜਾਇਆ, ਪਰ ਆਪਣੀ ਬੰਦੂਕ ਨਾ ਚਲਾਈ। ਅਸੀਂ ਸਿੱਖਾਂ ਤੋਂ ਖਾਲੀ ਕਰਾਏ ਉਨ੍ਹਾਂ ਘਰਾਂ ਵਿੱਚ ਬਹਿ ਗਏ। ਇੱਥੇ ਅਸੀਂ ਸਾਰੇ ਟੱਬਰ ਨੇ ਚੌਲ ਬਣਾ ਕੇ ਖਾਧੇ। ਡੇਢ ਮਹੀਨਾ ਸਾਰੇ ਜੀਅ ਭੁੰਜੇ ਸੌਂਦੇ ਰਹੇ, ਫਿਰ ਇੱਥੇ ਆ ਕੇ ਬਾਗ਼ਬਾਨਪੁਰੇ ਲਾਹੌਰ ਸੈੱਟ ਹੋ ਗਏ।”
“ਮੈਂ ਛੇ ਮਹੀਨੇ ਨਹੀਂ ਸੁੱਤਾ। ਹਰ ਵੇਲੇ ਪਿੰਡ ਦੀਆਂ ਗਲੀਆਂ ਵਿੱਚ ਫਿਰਦਾ ਰਹਿੰਦਾ। ਕੱਲਰਾਂ ਵਿੱਚ ਯਾਰਾਂ ਨਾਲ ਹਾਕੀ ਖੇਡਦਾ ਰਹਿੰਦਾ। ਸਾਈਕਲ ’ਤੇ ਚੜ੍ਹ ਕੇ ਕਦੀ ਅੰਬਰਸਰ ਦੇ ਬਜ਼ਾਰਾਂ ਵਿੱਚ ਫਿਰਦਾ ਅਤੇ ਕਦੀ ਅਜਨਾਲੇ ਦੇ ਸਕੂਲ ਵਿੱਚ ਮਾਸਟਰ ਦੇ ਕਹਿਣ ’ਤੇ ਮੁੰਡਿਆਂ ਦਾ ਨੱਕ ਫੜ੍ਹ ਕੇ ਚਪੇੜਾਂ ਮਾਰਦਾ। ਹੁਣ ਆਪ ਦੇ ਐਸੀ ਚਪੇੜ ਵੱਜੀ ਸੀ ਕਿ ਹਰ ਵੇਲੇ ਆਪਣੀਆਂ ਦੁਖਦੀਆਂ ਗੱਲ੍ਹਾਂ ਪਲੋਸਦਾ ਰਹਿੰਦਾ। ਪਿਛਲੇ ਸੱਠ ਸਾਲਾਂ ਤੋਂ ਇਹ ਪੀੜ ਮੇਰੇ ਅੰਦਰ ਮੱਚ ਰਹੀ ਹੈ। ਗੱਲਾਂ ਕਰ ਰਿਹਾਂ ਤਾਂ ਲੱਗਦਾ ਹੈ ਜਿਵੇਂ ਪੀੜ ਦਾ ਸੇਕ ਘਟ ਰਿਹਾ ਹੈ।”
ਤੇ ਫਿਰ ਉਸ ਨੇ ਜਿਹੜਾ ਬਿਰਤਾਂਤ ਛੋਹਿਆ, ਉਹ ਮੈਨੂੰ ਬੜਾ ਜਾਣਿਆ ਪਛਾਣਿਆ ਲੱਗਾ। ਉਹ ਦੱਸ ਰਿਹਾ ਸੀ, “ਮੇਰੀ ਸਕੀ ਮਾਸੀ ਸਰਦਾਰ ਬੀਬੀ ਤੇ ਮਾਸੜ ਚੌਧਰੀ ਇਬਰਾਹਿਮ ਨੇੜਲੇ ਪਿੰਡ ਚੱਕ ਮਿਸ਼ਰੀ ਖਾਂ ਰਹਿੰਦੇ ਸਨ। ਇਹ ਉਹੋ ਚੌਧਰੀ ਇਬਰਾਹਿਮ ਸੀ ਜਿਹੜਾ ਕਹਿੰਦਾ ਸੀ ਕਿ ਸਾਰੇ ਸਿੱਖ ਸਾਡੇ ਯਾਰ ਨੇ, ਭਰਾ ਨੇ। ਪਰ ਜਦੋਂ ਰਾਤੋ ਰਾਤ ਅਗਲਿਆਂ ਥਾਣੇਦਾਰ ਸਿਕੰਦਰ ਹਯਾਤ ਦੀ ਵਰਦੀ ਲੁਹਾ ਕੇ ਉਸ ਨੂੰ ਭਜਾ ਦਿੱਤਾ ਅਤੇ ਸਿੱਖ ਪੁਲਿਸ ਆ ਗਈ ਤਾਂ ਹਮਲਾ ਹੋਣਾ ਪੱਕ ਹੋ ਗਿਆ। ਸਰਦਾਰ ਗੁਰਬਖ਼ਸ਼ ਸਿੰਘ ਵੱਲੋਂ ਪਹਿਲਾਂ ਤਾਂ ਸਭ ਨੂੰ ਬੜਾ ਹੌਸਲਾ ਦਿੱਤਾ ਜਾਂਦਾ ਰਿਹਾ ਅਤੇ ਉਸ ਨੇ ਇਹ ਵੀ ਕਿਹਾ ਹੋਇਆ ਸੀ ਕਿ ਜੇ ਤੁਹਾਨੂੰ ਇਤਬਾਰ ਨਹੀਂ ਆਉਂਦਾ ਤਾਂ ਮੈਂ ਆਪਣੇ ਬੱਚੇ ਤੁਹਾਡੇ ਘਰ ਸੁਆਉਣ ਲਈ ਤਿਆਰ ਹਾਂ ਪਰ ਜਦੋਂ ਨਵੇਂ ਬਣੇ ਪਾਕਿਸਤਾਨ ਵਿੱਚੋਂ ਉੱਜੜ ਕੇ ਆਏ ਲੋਕਾਂ ਨੇ ਜਥੇ ਬਣਾ ਕੇ ਲੁੱਟ ਮਾਰ ਕਰਨੀ ਸ਼ੁਰੂ ਕਰ ਦਿੱਤੀ ਤਾਂ ਸਰਦਾਰ ਹੁਰਾਂ ਵੀ ਆਪਣੀ ਬੇਵੱਸੀ ਜ਼ਾਹਿਰ ਕਰ ਦਿੱਤੀ। ਉਹ ਕਰ ਵੀ ਕੀ ਸਕਦੇ ਸਨ!”
“ਜਦੋਂ ਹਮਲਾ ਹੋਇਆ ਤਾਂ ਮੇਰੀ ਮਾਸੀ ਤੇ ਮਾਸੜ ਆਪਣੇ ਅੱਠਾਂ ਮਹੀਨਿਆਂ ਦੇ ਪੁੱਤ ਨੂੰ ਲੈ ਕੇ ਘਰੋਂ ਦੌੜ ਪਏ। ਹਮਲਾਵਰ ਉਨ੍ਹਾਂ ਦੀ ਹਵੇਲੀ ਵਿੱਚ ਉਨ੍ਹਾਂ ਨੂੰ ਲੱਭਦੇ ਫਿਰਦੇ ਸਨ। ਉਹ ਘਰ ਦੇ ਪਿਛਵਾੜੇ ਫ਼ਸਲਾਂ ਵਿੱਚ ਲੁਕ ਗਏ। ਅੱਠ ਮਹੀਨੇ ਦਾ ਮੁੰਡਾ ਮੁਹੰਮਦ ਨਵਾਜ਼ ਰੋਈ ਜਾਵੇ, ਉਹਦਾ ਰੋਣਾ ਮੌਤ ਨੂੰ ਸੱਦਾ ਦਿੰਦਾ ਪਿਆ ਸੀ। ਆਪਣੀ ਜਾਨ ਬਚਾਉਣ ਲਈ ਉਨ੍ਹਾਂ ਨੇ ਮਿਰਚਾਂ ਦੇ ਖੇਤ ਵਿੱਚ ਇੱਕ ਵੱਟ ਉੱਤੇ ਆਪਣੇ ਅੱਠ ਮਹੀਨੇ ਦੇ ਪੁੱਤ ਨੂੰ ਲਿਟਾ ਦਿੱਤਾ ਅਤੇ ਆਪ ਬਚਦੇ ਬਚਾਉਂਦੇ ਦਰਿਆ ਪਾਰ ਕਰ ਕੇ ਲਾਹੌਰ ਮੇਰੇ ਮਾਮੂ ਐਮ.ਆਰ. ਸ਼ਰੀਫ਼ ਦੇ ਘਰ ਪਹੁੰਚ ਗਏ। ਉਹ ਕਹਿੰਦੇ ਹੁੰਦੇ ਨੇ ਨਾ ਕਿ ਆਪਣੀ ਜਾਨ ਬਚਾਉਣ ਲਈ ਮਾਵਾਂ ਨੇ ਉਦੋਂ ਪੁੱਤ ਨਹੀਂ ਸਨ ਸੰਭਾਲੇ। ਇਹਦਾ ਇਸ ਤੋਂ ਵੱਡਾ ਸਬੂਤ ਹੋਰ ਕੀ ਹੋ ਸਕਦਾ ਹੈ!”
ਉਸ ਦੀ ਗੱਲ ਸੁਣ ਕੇ ਮੈਨੂੰ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਕਹਾਣੀ ‘ਮੁਬੀਨਾ ਕਿ ਸੁਕੀਨਾ’ ਦਾ ਇੱਕ ਦ੍ਰਿਸ਼ ਯਾਦ ਹੋ ਆਇਆ। ਜਿਸ ਵਿੱਚ ਇੰਜ ਹੀ ਇੱਕ ਮੁਸਲਮਾਨ ਜੋੜਾ ਆਪਣੀ ਅੱਠ-ਨੌਂ ਮਹੀਨੇ ਦੀ ਬੱਚੀ ਨੂੰ ਖੇਤਾਂ ਵਿੱਚ ਛੱਡ ਕੇ ਦੌੜ ਗਿਆ ਸੀ। ਪਿੱਛੋਂ ਇਹ ਰੋਂਦੀ ਹੋਈ ਬੱਚੀ ਇੱਕ ਬੇਔਲਾਦ ਚੰਗੜ ਦੀ ਨਜ਼ਰੀਂ ਪੈ ਗਈ। ਉਹ ਉਸ ਨੂੰ ਚੁੱਕ ਕੇ ਘਰ ਲੈ ਆਇਆ ਜਿਸ ਨੂੰ ਚੰਗੜੀ ਨੇ ਆਪਣੀ ਛਾਤੀ ਨਾਲ ਲਾ ਲਿਆ ਅਤੇ ਉਸ ਨੂੰ ਉਹ ਆਪਣੀ ਧੀ ਬਣਾ ਕੇ ਪਾਕਿਸਤਾਨ ਲੈ ਗਏ। ਕਹਾਣੀ ਦੇ ਪਾਤਰ ਕਿਤੇ ਉਸ ਦੇ ਮਾਸੀ ਤੇ ਮਾਸੜ ਹੀ ਤਾਂ ਨਹੀਂ ਸਨ!
ਸਰਦਾਰ ਅਹਿਮਦ ਦੱਸ ਰਿਹਾ ਸੀ, “ਮਾਸੀ ਆਪਣੇ ਪੁੱਤ ਨੂੰ ਛੱਡ ਤਾਂ ਆਈ ਤੇ ਆਪਣੀ ਜਾਨ ਵੀ ਬਚਾ ਲਿਆਈ। ਪਰ ਹੁਣ ਹਰ ਵੇਲੇ ਧਾਹਾਂ ਮਾਰਿਆ ਕਰੇ, ਦੁਹੱਥੜੀਂ ਪਿੱਟਿਆ ਕਰੇ। ਵਿਰਲਾਪ ਕਰੇ ਤੇ ਬਾਰ-ਬਾਰ ਆਪਣੇ ਪੁੱਤ ਦਾ ਨਾਂ ਲੈ ਲੈ ਕੇ ਕੀਰਨੇ ਪਾਵੇ। ਉਸ ਨੂੰ ਗਸ਼ਾਂ ਪੈ-ਪੈ ਜਾਣ। ਉਹਦੇ ਦੁੱਖ ਵੱਲ ਵੇਖ ਕੇ ਕੰਧਾਂ ਵੀ ਰੋਂਦੀਆਂ ਲੱਗਦੀਆਂ। ਆਪਣੇ ਵਾਲ ਖੋਂਹਦੀ ਉਹ ਆਖਦੀ, ‘ਮੈਂ ਪੁੱਤ ਨਾਲੋਂ ਜਾਨ ਪਿਆਰੀ ਕਿਉਂ ਕਰ ਲਈ! ਯਾ ਅੱਲਾ, ਮੈਂ ਓਥੇ ਮਰ ਕਿਓਂ ਨਾ ਗਈ! ਮੈਂ ਮਾਂ ਨਹੀਂ, ਡੈਣ ਆਂ। ਡੈਣ ਆਂ ਮੈਂ, ਮਾਂ ਨਹੀਂ। ਵੇ ਜਾਓ, ਮੇਰਾ ਲਾਲ ਲੱਭ ਕੇ ਲਿਆ ਦਿਓ ਕਿਤਿਓਂ!’ ਉਹ ਛਾਤੀ ਤੇ ਹੱਥ ਮਾਰਦੀ, ਸਿਰ ਦੇ ਵਾਲ ਖੋਂਹਦੀ।”
ਗੁਰਬਖ਼ਸ਼ ਸਿੰਘ ਦੀ ਕਹਾਣੀ ਵਿੱਚ ਵੀ ਮਾਂ ਕੁਝ ਇਸ ਤਰ੍ਹਾਂ ਹੀ ਆਖਦੀ ਹੈ, “ਮਾਂ ਨਹੀਂ ਮੈਂ ਡੈਣ ਹਾਂ- ਮਤੇ ਰੋ ਪਏ- ਮਾਰੇ ਜਾਈਏ- ਮੈਂ ਜਿਊਂਦੀ ਨੂੰ ਸੁੱਟ ਆਈ – ਗਿੱਦੜ ਖਾ ਗਏ ਹੋਣਗੇ- ਘੋੜੀਆਂ ਦੇ ਪੈਰਾਂ ਹੇਠਾਂ ਨਿੱਕੇ ਨਿੱਕੇ ਖ਼ੁਸ਼ਬੂਦਾਰ ਹੱਥ ਚਿੱਥੇ ਗਏ ਹੋਣਗੇ- ਉਹ ਭੁੱਖੀ ਮਰ ਗਈ ਹੋਵੇਗੀ- ਉਹਨੂੰ ਕਿਸ ਦਫ਼ਨਾਇਆ ਹੋਣਾ ਏਂ!”
ਸਰਦਾਰ ਅਹਿਮਦ ਦੀ ਗੱਲ ਜਾਰੀ ਸੀ, “ਮਾਸੜ ਸਾਡਾ ਕਮਲਿਆਂ ਵਾਂਗ ਡੌਰ ਭੌਰ ਹੋਇਆ ਚਾਰ ਚਫ਼ੇਰੇ ਖ਼ਿਲਾਅ ਵਿੱਚ ਵੇਖੀ ਜਾਂਦਾ। ਕਦੀ ਕਦੀ ਸਿਰ ਮਾਰਕੇ ਆਖਦਾ, ‘ਕੀ ਖੱਟ ਲਿਆ ਆਪਣੀ ਜਾਨ ਬਚਾ ਕੇ! ਹੁਣ ਤਾਂ ਰੋਜ਼ ਮਰਨਾ ਹੈ। ਹਰ ਪਲ ਆਪ, ਆਪਣੀਆਂ ਅੱਖਾਂ ਦੇ ਸਾਹਮਣੇ!’ – ਸਾਥੋਂ ਉਨ੍ਹਾਂ ਦਾ ਦੁੱਖ ਵੇਖਿਆ ਨਾ ਜਾਂਦਾ। ਅਸੀਂ ਸੋਚਿਆ ਇੱਕ ਕੋਸ਼ਿਸ਼ ਤਾਂ ਕਰ ਕੇ ਵੇਖੀਏ, ਭਾਵੇਂ ਕਿ ਸਾਡੇ ਮਨ ਨੂੰ ਪਤਾ ਸੀ ਕਿ ਇਸ ਕੰਮ ਵਿੱਚ ਸੌ ਫ਼ੀਸਦੀ ਨਾਉਮੀਦੀ ਹੀ ਹੱਥ ਲੱਗਣੀ ਹੈ। ਫਿਰ ਵੀ ਅਸੀਂ ਪੁੱਛਦੇ ਪੁਛਾਉਂਦੇ, ਇੱਧਰੋਂ ਓਧਰੋਂ ਇੱਕ ਪਿੰਡ ਤੋਂ ਦੂਜੇ ਪਿੰਡ ਹੁੰਦੇ ਹੋਏ ਬਾਰਡਰ ਤੱਕ ਗਏ। ਓਧਰੋਂ ਆਉਣ ਵਾਲੇ ਪਰਿਵਾਰਾਂ ਨੂੰ ਲੱਭ ਲੱਭ ਕੇ ਮਿਲੇ। ਕੁਝ ਵੀ ਪਿੜ-ਪੱਲੇ ਨਾ ਪਿਆ। ਅਸੀਂ ਫ਼ੌਜ ਦੀ ਹਿਫ਼ਾਜ਼ਤ ਵਿੱਚ ਟਰੱਕ ਲੈ ਕੇ ਆਪਣੇ ਪਿੰਡ ਵੀ ਗਏ। ਓਥੋਂ ਏਨਾ ਤਾਂ ਪਤਾ ਲੱਗ ਗਿਆ ਕਿ ਜਦੋਂ ਚੱਕ ਮਿਸਰੀ ਖਾਂ ’ਤੇ ਹਮਲਾ ਕਰਨ ਵਾਲੇ ਪਿੰਡ ਨੂੰ ਲੁੱਟ ਪੁੱਟ ਕੇ ਚਲੇ ਗਏ ਤਾਂ ਬਚਦੇ ਬਚਾਉਂਦੇ ਇੱਕ ਚੰਗੜ ਤੇ ਚੰਗੜੀ ਜਦੋਂ ਮਿਰਚਾਂ ਦੀ ਪੈਲੀ ਕੋਲੋਂ ਲੰਘੇ ਤਾਂ ਮਿਰਚਾਂ ਵਿੱਚ ਪਏ ਮੁੰਡੇ ਦੀ ਰੋਣ ਦੀ ਆਵਾਜ਼ ਉਨ੍ਹਾਂ ਦੇ ਕੰਨੀ ਪਈ। ਰੱਬ ਦੀ ਦਿੱਤੀ ਦਾਤ ਸਮਝ ਕੇ ਚੰਗੜ ਅਤੇ ਚੰਗੜੀ ਨੇ ਉਹਨੂੰ ਚੁੱਕ ਲਿਆ ਸੀ। ਮਾਰਨ ਵਾਲੇ ਨਾਲੋਂ ਰੱਖਣ ਵਾਲੇ ਦੇ ਰਾਹ ਨਿਆਰੇ!”
‘ਚੰਗੜ ਅਤੇ ਚੰਗੜੀ’ ਇਹ ਕਹਾਣੀ ਤਾਂ ਐਨ ਗੁਰਬਖ਼ਸ਼ ਸਿੰਘ ਦੀ ਕਹਾਣੀ ਨਾਲ ਮੇਲ ਖਾ ਰਹੀ ਸੀ। ਮੈਂ ਉਸ ਨੂੰ ਕਿਹਾ, “ਹੋਰ ਵੀ ਦੱਸੋ! ਇਸ ਬਾਰੇ ਤਾਂ ਸਰਦਾਰ ਗੁਰਬਖ਼ਸ਼ ਸਿੰਘ ਹੁਰਾਂ ਇੱਕ ਕਹਾਣੀ ਵੀ ਲਿਖੀ ਸੀ। ‘ਮੁਬੀਨਾ ਕਿ ਸੁਕੀਨਾ’।”
“ਅੱਛਾ!” ਉਹ ਹੈਰਾਨ ਅਤੇ ਖ਼ੁਸ਼ ਹੋਇਆ।
“ਲਓ ਜੀ, ਹੁਣ ਅਸੀਂ ‘ਚੰਗੜ ਅਤੇ ਚੰਗੜੀ’ ਦੀ ਤਲਾਸ਼ ਸ਼ੁਰੂ ਕੀਤੀ। ਇਹ ਤਾਂ ਪਤਾ ਲੱਗ ਗਿਆ ਕਿ ਉਹ ਮੁੰਡੇ ਨੂੰ ਚੱਕ ਮਿਸ਼ਰੀ ਖਾਂ ਤੋਂ ਆਪਣੇ ਨਾਲ ਲੈ ਆਏ ਨੇ। ਪਰ ਹੁਣ ਉਨ੍ਹਾਂ ਨੂੰ ਲੱਭੀਏ ਕਿਵੇਂ? ਪਤਾ ਨਹੀਂ ਉਹ ਵੀ ਜਿਊਂਦੇ ਪਹੁੰਚੇ ਸਨ ਕਿ ਨਹੀਂ! ਜੇ ਬਚ ਵੀ ਗਏ ਹੋਏ ਤਾਂ ਪਤਾ ਨਹੀਂ ਕਿੱਥੇ ਹੋਣਗੇ? ਕਿਹੜੇ ਸ਼ਹਿਰ? ਕਿਹੜੇ ਪਿੰਡ? ਉੱਜੜ ਪੁੱਜੜ ਕੇ ਆਏ ਲੱਖਾਂ ਲੋਕ ਏਧਰ ਓਧਰ ਸਿਰ ਲੁਕਾਉਂਦੇ ਫਿਰਦੇ ਸਨ। ਪਰ ਸਾਨੂੰ ਇੱਕ ਆਸ ਬੱਝ ਗਈ ਕਿ ਜੇ ਰੱਬ ਨੇ ਮੁੰਡੇ ਦੇ ਬਚਣ ਦੀ ਸੂਹ ਦੇ ਦਿੱਤੀ ਹੈ ਤਾਂ ਉਹ ਹੁਣ ਉਸ ਨੂੰ ਲਭਾਅ ਵੀ ਜ਼ਰੂਰ ਦੇਵੇਗਾ। ਇਸ ਸਾਰੀ ਮੁਹਿੰਮ ਵਿੱਚ ਮੈਂ ਅੱਗੇ ਅੱਗੇ ਸਾਂ। ਮਾਸੀ ਮਾਸੜ ਵਿਚਾਰੇ ਤਾਂ ਉੱਠ ਕੇ ਤੁਰਨ ਜੋਗੇ ਨਹੀਂ ਸਨ ਰਹਿ ਗਏ। ਹਰ ਵੇਲੇ ਗੁਨਾਹ ਦੇ ਪਹਾੜ ਹੇਠਾਂ ਦੱਬੇ ਆਪਣੀ ਕਿਸਮਤ ਨੂੰ ਕੋਸਦੇ ਰਹਿੰਦੇ। ਅਸੀਂ ਸਵੇਰੇ ਸੂਰਜ ਚੜ੍ਹਦਿਆਂ ਨਿਕਲ ਤੁਰਦੇ ਅਤੇ ਸੋਤੇ ਪਏ ਵਾਪਸ ਪਰਤਦੇ। ਮਾਸੀ ਬਰੂਹਾਂ ’ਚ ਬੈਠੀ ਉਡੀਕ ਰਹੀ ਹੁੰਦੀ।’’
“ਵੇ ਦੱਸੋ ਮੈਨੂੰ ਮੇਰੇ ਲਾਲ ਦੀ ਕੋਈ ਖ਼ਬਰ! ਉਹ ਵਿਰੜ੍ਹੇ ਕਰਦੀ। ਲੱਭਦਿਆਂ ਕਰਦਿਆਂ ਪਤਾ ਲੱਗਾ ਕਿ ਚੰਗੜ ਤੇ ਚੰਗੜੀ ਫਤਹਿਗੜ੍ਹ ਆ ਕੇ ਠਹਿਰੇ ਨੇ। ਅਸੀਂ ਓਥੇ ਗਏ। ਪਤਾ ਲੱਗਾ, ਉਹ ਤਾਂ ਕੁਝ ਦਿਨ ਪਹਿਲਾਂ ਹੀ ਇਹ ਥਾਂ ਛੱਡ ਗਏ ਨੇ। ਫ਼ਿਰ ਪਤਾ ਲੱਗਾ; ਉਹ ਸ਼ਾਹਦਰੇ ਚਲੇ ਗਏ ਨੇ। ਅਸੀਂ ਹਿੰਮਤ ਨਾ ਹਾਰੀ। ਲਓ ਜੀ, ਅਸੀਂ ਲੱਭਦਿਆਂ ਲੱਭਦਿਆਂ ਉਨ੍ਹਾਂ ਨੂੰ ਸ਼ਾਹਦਰਿਓਂ ਜਾ ਲੱਭਾ। ਮੈਂ ਆਪ ਓਸ ਵੇਲੇ ਨਾਲ ਸਾਂ। ਅਸੀਂ ਸ਼ਾਹਦਰੇ ਚੰਗੜ ਅਤੇ ਚੰਗੜੀ ਕੋਲ ਗਏ ਤਾਂ ਉਹ ਤਾਂ ਜੀ ਸਾਨੂੰ ਪੱਲਾ ਨਾ ਫੜ੍ਹਾਉਣ। ਆਖਣ ਇਹ ਤਾਂ ਸਾਡਾ ਮੁੰਡਾ ਹੈ। ਉਨ੍ਹਾਂ ਦਾ ਮੁੰਡੇ ਨਾਲ ਮੋਹ ਪੈ ਗਿਆ ਸੀ। ਉਂਜ ਵੀ ਬੇਔਲਾਦ ਸਨ। ਉਹ ਰੱਬ ਦੀ ਦਿੱਤੀ ਦੌਲਤ ਸਮਝ ਕੇ ਉਹਨੂੰ ਆਪਣੇ ਕੋਲ ਰੱਖਣਾ ਚਾਹੁੰਦੇ ਸਨ। ਉਹ ਕਹਿਣ ਲੱਗੇ, ਇਹ ਮੁੰਡਾ ਤੁਹਾਡਾ ਹੈ ਹੀ ਨਹੀਂ। ਤੁਹਾਡਾ ਹੈ ਤਾਂ ਓਸ ਦੀ ਕੋਈ ਪਛਾਣ ਦੱਸੋ। ਅਸੀਂ ਆਖਿਆ, ‘ਤੁਸੀਂ ਮੁੰਡਾ ਫੜਾਓ। ਅਸੀਂ ਝੱਟ ਪਛਾਣ ਕੇ ਦੱਸ ਦਿੰਦੇ ਹਾਂ। ਉਸ ਦਾ ਧੁੰਨ ਬਾਹਰ ਨਿਕਲਿਆ ਹੋਇਆ ਹੈ।’ ਉਨ੍ਹਾਂ ਦੇ ਤਾਂ ਚਿਹਰੇ ਦਾ ਰੰਗ ਉੱਡ ਗਿਆ। ਅਸੀਂ ਪੁਲਿਸ ਨਾਲ ਲੈ ਕੇ ਗਏ ਸਾਂ। ਮਾਸੀ ਮਾਸੜ ਤਾਂ ਨਾਲ ਨਹੀਂ ਸਨ ਪਰ ਅਸੀਂ ਧੁੰਨ ਤੋਂ ਮੁੰਡਾ ਪਛਾਣ ਲਿਆ। ਪਰ ਉਹ ਤਾਂ ਦੋਵੇਂ ਜੀਅ ਅੜ ਖਲੋਤੇ। ਮੁੰਡਾ ਸਾਨੂੰ ਦੇਣ ਹੀ ਨਾ। ਚੰਗੜੀ ਰੋਈ ਜਾਵੇ। ਆਖੇ, ‘ਮੈਂ ਕਿਵੇਂ ਦੇ ਦਿਆਂ ਆਪਣਾ ਲਾਲ ਤੁਹਾਨੂੰ’!”
ਸਾਰੀ ਕਹਾਣੀ ‘ਮੁਬੀਨਾ ਕਿ ਸੁਕੀਨਾ’ ਨਾਲ ਹੀ ਮੇਲ ਖਾ ਰਹੀ ਸੀ। ਸਿਰਫ਼ ਕਹਾਣੀ ਵਿੱਚ ਪਾਤਰ ਮੁੰਡੇ ਦੀ ਥਾਂ ਕੁੜੀ ਨੂੰ ਬਣਾ ਦਿੱਤਾ ਗਿਆ ਸੀ।
“ਥਾਣੇਦਾਰ ਨੇ ਉਨ੍ਹਾਂ ਨੂੰ ਦਬਕਾਇਆ ਅਤੇ ਬਿਗਾਨੇ ਮੁੰਡੇ ਨੂੰ ਚੁਰਾ ਲੈਣ ਦੇ ਜੁਰਮ ਵਿੱਚ ਉਨ੍ਹਾਂ ਖ਼ਿਲਾਫ਼ ਕੇਸ ਹੋ ਜਾਣ ਦਾ ਡਰਾਵਾ ਦਿੱਤਾ ਤਾਂ ਉਹ ਦਹਿਲ ਗਏ। ਅਸੀਂ ਦੋ ਸੌ ਰੁਪਏ ਇਨਾਮ ਵਜੋਂ ਚੰਗੜ ਅਤੇ ਚੰਗੜੀ ਨੂੰ ਦਿੱਤੇ ਅਤੇ ਮੁੰਡਾ ਲਿਆ ਕੇ ਆਪਣੀ ਮਾਸੀ ਦੀ ਝੋਲੀ ਪਾਇਆ। ਅੱਜ ਕੱਲ੍ਹ ਉਹੋ ਈ ਮੁੰਡਾ ਮੁਹੰਮਦ ਨਵਾਜ਼ ਪਾਕਿਸਤਾਨ ਸੁਪੀਰੀਅਰ ਸਰਵਿਸ ਵਿੱਚ ਡਾਕਖਾਨੇ ਦਾ ਡਿਪਟੀ ਪੋਸਟ ਮਾਸਟਰ ਜਨਰਲ ਲੱਗਾ ਹੋਇਆ ਹੈ।”
‘ਮੁਬੀਨਾ ਤੇ ਸੁਕੀਨਾ’ ਕਹਾਣੀ ਦਾ ਅਸਲ ਮੁੱਖ ਪਾਤਰ ਲੱਭ ਗਿਆ ਸੀ। ਮੈਂ ਉਸ ਨੂੰ ਪੰਜਾਬੀ ਦੇ ਪਾਠਕਾਂ ਦੇ ਸਨਮੁੱਖ ਲਿਆਉਣਾ ਚਾਹੁੰਦਾ ਸਾਂ।
“ਤੁਸੀਂ ਮੈਨੂੰ ਉਸ ਦੀ ਫ਼ੋਟੋ ਮੰਗਵਾ ਦਿਓ।”
“ਨਾ, ਮੈਂ ਨਹੀਂ ਉਸ ਨੂੰ ਫੋਟੋ ਭੇਜਣ ਵਾਸਤੇ ਆਖਣਾ। ਲੜਿਆ ਹੋਇਆਂ ਓਸ ਨਾਲ। ਮੈਂ ਨਹੀਂ ਓਸ ਨਾਲ ਬੋਲਦਾ ਅੱਜਕੱਲ੍ਹ। ਨਰਾਜ਼ ਆਂ ਉਹਦੇ ਨਾਲ।”
ਸਾਰੇ ਉਸ ਦੀ ਗੱਲ ਸੁਣ ਕੇ ਹੱਸ ਪਏ।
ਜਿਸ ਨੂੰ ਉਸ ਨੇ ਏਨੇ ਵਖ਼ਤਾਂ ਨਾਲ ਲੱਭਿਆ ਸੀ, ਉਸੇ ਨੂੰ ਹੀ ਅੰਦਰਲੀ ਫੋਕੀ ਹਉਮੈਂ ਨੇ ਦੂਰ ਕਰ ਦਿੱਤਾ ਹੋਇਆ ਸੀ। ਇਹ ਹਉਮੈ ਕੇਡੀ ਭੈੜੀ ਸ਼ੈਅ ਹੈ, ਦੋ ਭਰਾਵਾਂ ਨੂੰ ਅੱਡ ਕਰ ਦਿੰਦੀ ਹੈ। ਉਨ੍ਹਾਂ ਦਾ ਬੋਲਣਾ ਬੰਦ ਕਰਾ ਦਿੰਦੀ ਹੈ। ਉਨ੍ਹਾਂ ਨੂੰ ਦੋ ਘਰਾਂ ਤੇ ਦੋ ਮੁਲਕਾਂ ਵਿੱਚ ਤਕਸੀਮ ਕਰ ਦਿੰਦੀ ਹੈ।
ਇੱਕ ਪਲ ਰੁਕ ਕੇ ਉਸ ਨੇ ਸਾਹਮਣੇ ਆਣ ਖਲੋਤੇ ਆਪਣੇ ਪੋਤਰੇ ਨੂੰ ਬਾਹਵਾਂ ਖੋਲ੍ਹ ਕੇ ਕਿਹਾ, “ਆ, ਪਾ ਜੱਫੀ।”
ਪੋਤਰਾ ਜੱਫੀ ਪਾਉਣ ਲਈ ਦੌੜਦਾ ਆਇਆ। ਉਸ ਦੇ ਪਿੱਛੋਂ ਪੋਤਰੀ ਗਲ ਨਾਲ ਆਣ ਚੰਬੜੀ। ਉਸ ਨੇ ਬਟੂਆ ਕੱਢਿਆ ਅਤੇ ਦੋ ਨੋਟ ਕੱਢ ਕੇ ਵਾਰੀ ਵਾਰੀ ਦੋਹਾਂ ਨੂੰ ਫੜਾਏ।
“ਇਹ ਸਾਡਾ ਜੱਫੀ ਟੈਕਸ ਹੈ।”
ਗੱਲ ਅੱਗੇ ਤੋਰ ਲਈ,“ਜਦੋਂ ਮੈਂ ਪਹਿਲੀ ਵਾਰ ਵਾਘਾ ਬਾਰਡਰ ਵੇਖਣ ਗਿਆ ਤਾਂ ਮੈਂ ਬੜੀ ਹਸਰਤ ਨਾਲ ਆਪਣੇ ਕਿਸੇ ਅਫ਼ਸਰ ਨੂੰ ਕਿਹਾ, “ਯਾਰ! ਕਿਸੇ ਸਿੱਖ ਨੂੰ ਬੁਲਾ। ਮੇਰਾ ਬੜਾ ਜੀ ਕਰਦੈ ਮਿਲਣ ਨੂੰ। ਉਹ ਇੱਕ ਸਿੱਖ ਕਸਟਮ ਅਫ਼ਸਰ ਨੂੰ ਬੁਲਾ ਕੇ ਲਿਆਇਆ ਤਾਂ ਮੈਂ ਉਸ ਨੂੰ ਆਪਣੀ ਜੱਫੀ ਵਿੱਚ ਘੁੱਟ ਲਿਆ। ਘੁੱਟੀ ਰੱਖਿਆ। ਉਸ ਜੱਫੀ ’ਤੇ ਕਿਹੜਾ ਟੈਕਸ ਸੀ!” ਉਹ ਖਿੜਖਿੜਾ ਕੇ ਹੱਸਿਆ।
ਮੈਂ ਸੋਚਣ ਲੱਗਾ; ‘ਟੈਕਸ’ ਤਾਂ ਸੀ! ‘ਟੈਕਸ’ ਤਾਂ ਹੈ, ਸਾਡੀਆਂ ਜੱਫੀਆਂ ’ਤੇ! ਇਹ ਹੱਦਾਂ, ਇਹ ਕੰਡੇਦਾਰ ਤਾਰਾਂ, ਇਹ ਵੀਜ਼ੇ, ਇਹ ਲੜਾਈਆਂ, ਇਹ ਲਾਸ਼ਾਂ! ਇਹ ਕਿਉਂ ਖਲੋ ਜਾਂਦੀਆਂ ਨੇ ਸਾਡੀਆਂ ਇੱਕ ਦੂਜੇ ਨੂੰ ਗਲਵੱਕੜੀ ਪਾਉਣ ਲਈ ਉੱਠੀਆਂ ਬਾਹਵਾਂ ਦੇ ਦਰਮਿਆਨ!
ਸਰਦਾਰ ਅਹਿਮਦ ਕਹਿ ਰਿਹਾ ਸੀ, “ਉਸ ਦਿਨ ਉਹ ਜੱਫੀ ਪਾ ਕੇ ਮੈਨੂੰ ਲੱਗਾ; ਮੈਂ ਪੂਰੇ ਵੈਰੋਕਿਆਂ ਨੂੰ ਆਪਣੀ ਜੱਫੀ ਵਿੱਚ ਘੁੱਟ ਲਿਆ ਹੈ! ਮੈਂ ਲੱਖਾ ਸਿੰਘ ਅਤੇ ਸਾਧੂ ਸਿੰਘ ਨੂੰ ਜੱਫੀ ਵਿੱਚ ਘੁੱਟ ਲਿਆ ਹੈ ਜਿਹੜੇ 1948 ਵਿੱਚ ਬਾਰਡਰ ਖੁੱਲ੍ਹਣ ’ਤੇ ਸਾਡੇ ਘਰ ਵਿੱਚ ਪਿਆ ਕੁਰਾਨ ਸ਼ਰੀਫ਼ ਦੋਸ਼ਾਲਿਆਂ ਵਿੱਚ ਲਪੇਟ ਕੇ ਅਤੇ ਆਪਣੇ ਗਲ ਨਾਲ ਲਾ ਕੇ ਸਾਨੂੰ ਸੌਂਪਣ ਲਈ ਲੈ ਕੇ ਆਏ ਸਨ। ਹੁਣ ਜਦੋਂ ਵੀ ਸਰਹੱਦ ਪਾਰੋਂ ਘੜੂੰਆਂ ਸਾਹਿਬ ਜਾਂ ਤੁਹਾਡੇ ਵਰਗਾ ਕੋਈ ਸੱਜਣ ਆਉਂਦਾ ਹੈ ਤਾਂ ਮੈਨੂੰ ਲੱਗਦਾ ਹੈ ਜਿਵੇਂ ਪਾਕ ਕੁਰਾਨ ਦਾ ਕੋਈ ਹਰਫ਼ ਮੇਰੇ ਅੰਦਰ ਨੂੰ ਰੋਸ਼ਨ ਕਰਨ ਤੁਰਿਆ ਆ ਰਿਹਾ ਹੈ।”
ਵਿਛੜਣ ਲੱਗਿਆਂ ਅਸੀਂ ਜੱਫੀ ਪਾਈ ਤਾਂ ਮੈਨੂੰ ਲੱਗਾ ਜਿਵੇਂ ਕੁਰਾਨੇ-ਪਾਕ ਦੇ ਪਵਿੱਤਰ ਹਰਫ਼ ਰੌਸ਼ਨੀ ਬਣ ਕੇ ਮੇਰੇ ਅੰਦਰ ਵੀ ਘੁਲ ਗਏ ਹੋਣ!
“ਵੈਰੋਕੇ ਨੂੰ ਮੇਰਾ ਸਲਾਮ ਆਖਣਾ।” ਉਸ ਨੇ ਕਿਹਾ ਤਾਂ ਮੈਨੂੰ ਲੱਗਾ ਲਾਹੌਰ ਵਰਗੇ ਸ਼ਹਿਰ ਵਿੱਚ ਰਹਿੰਦਾ, ਏਨੇ ਵੱਡੇ ਅਹੁਦਿਆਂ ਵਾਲਾ, ਕੋਠੀਆਂ ਵਾਲਾ, ਪੈਸੇ ਵਾਲਾ, ਏਨਾ ‘ਏਨਾ ਰੱਜਿਆ ਪੁੱਜਿਆ’ ਵੈਰੋਕਿਆਂ ਦਾ ਪਹਿਲਾ ਆਦਮੀ, ਵੈਰੋਕਿਆਂ ਤੋਂ ਬਿਨਾਂ ਕਿਵੇਂ ਅੱਧਾ ਅਧੂਰਾ, ਖਾਲੀ ਤੇ ਊਣਾ ਸੀ! ‘ਪਹਿਲਾ’ ਹੋ ਕੇ ਵੀ ਉਹ ਕਿਵੇਂ ਹੁਣ ਤੱਕ ‘ਦੂਸਰਾ’ ਬਣ ਕੇ ਜਿਉਂਦਾ ਆ ਰਿਹਾ ਸੀ!
(2003 ਵਿਚ ਮੈਂ ਪੰਜਾਬ ਦੇ ਸਾਬਕਾ ਮਾਲ ਮੰਤਰੀ ਹਰਨੇਕ ਸਿੰਘ ਘੜੂੰਆਂ ਨਾਲ ਪਾਕਿਸਤਾਨ ਗਿਆ ਸਾਂ ਤਾਂ ਅਸੀਂ ਗੁੱਜਰਾਂਵਾਲੇ ਤੋਂ ਘੜੂੰਏਂ ਦੇ ਦੋਸਤਾਂ ਨੂੰ ਮਿਲਣ ਲਾਹੌਰ ਗਏ। ਇਹ ਬਿਰਤਾਂਤ ਉਸ ਵੇਲੇ ਦਾ ਹੈ)
ਸੰਪਰਕ: 98726-02296 (ਵਟਸਐਪ)
ਈ-ਮੇਲ: waryamsandhu@gmail.com