ਹਰਪ੍ਰੀਤ ਸੇਖਾ
ਰੂਟਸ: ਇੱਕ ਅਮਰੀਕਨ ਪਰਿਵਾਰ ਦੀ ਗਾਥਾ’ ਇਤਿਹਾਸਕ ਨਾਵਲ ਹੈ ਜਿਹੜਾ ਅਫ਼ਰੀਕਨ-ਅਮਰੀਕਨ ਲੇਖਕ ਐਲੈਕਸ ਹੇਲੀ ਦੇ ਖਾਨਦਾਨੀ ਪਿਛੋਕੜ ’ਤੇ ਝਾਤ ਪੁਆਉਂਦਾ ਹੈ। 1976 ਵਿੱਚ ਅੰਗਰੇਜ਼ੀ ’ਚ ਛਪੇ ਇਸ ਨਾਵਲ ਦੇ ਛਪਣ ਦੇ ਦੋ ਸਾਲਾਂ ਵਿੱਚ ਹੀ ਇਸ ਦੀਆਂ ਅੱਸੀ ਲੱਖ ਕਾਪੀਆਂ ਛਾਪੀਆਂ ਗਈਆਂ। ਇਸ ਨਾਵਲ ਨੂੰ ਨੈਸ਼ਨਲ ਬੁੱਕ ਐਵਾਰਡ ਅਤੇ ਪੁਲਿਟਜ਼ਰ ਪੁਰਸਕਾਰ ਸਮੇਤ 271 ਇਨਾਮ ਮਿਲੇ। ਨਾਵਲ ਦਾ 37 ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕਾ ਹੈ। ਇਸ ਨਾਵਲ ’ਤੇ ਆਧਾਰਿਤ ਟੈਲੀਵਿਜ਼ਨ ਦੇ ਏ.ਬੀ.ਸੀ. ਚੈਨਲ ਉੱਪਰ ਸਾਲ 1977 ਵਿੱਚ ਜਨਵਰੀ 23 ਤੋਂ 30 ਤੱਕ ਬਾਰਾਂ ਘੰਟਿਆਂ ਦੀ ਫਿਲਮ ਨੂੰ ਛੋਟੀਆਂ ਕਿਸ਼ਤਾਂ ਵਿੱਚ ਦਿਖਾਇਆ ਗਿਆ। ਇਨ੍ਹਾਂ ਅੱਠ ਰਾਤਾਂ ’ਚ ਇਸ ਲੜੀਵਾਰ ਨੂੰ ਇੱਕ ਕਰੋੜ ਤੀਹ ਲੱਖ ਲੋਕਾਂ ਨੇ ਦੇਖਿਆ। ਇਹ ਲੜੀਵਾਰ ਟੈਲੀਵਿਜ਼ਨ ਦੇ ਇਤਿਹਾਸ ਵਿੱਚ ਦਰਸ਼ਕਾਂ ਦੀ ਗਿਣਤੀ ਪੱਖੋਂ ਮੀਲ ਪੱਥਰ ਸਾਬਤ ਹੋਇਆ।
ਰੂਟਸ ਦੇ ਲੇਖਕ ਐਲੈਕਸ ਹੇਲੀ ਦਾ ਜਨਮ 1921 ਵਿੱਚ ਨਿਊਯਾਰਕ ਦੇ ਇਥਾਕਾ ਸ਼ਹਿਰ ਵਿੱਚ ਪ੍ਰੋਫ਼ੈਸਰ ਪਿਤਾ ਅਤੇ ਸਕੂਲ ਅਧਿਆਪਕ ਮਾਤਾ ਦੇ ਘਰ ਹੋਇਆ। ਉਹ ਤਿੰਨ ਭਰਾਵਾਂ ਵਿੱਚੋਂ ਸਭ ਤੋਂ ਵੱਡਾ ਸੀ। ਹੇਲੀ ਅਮਰੀਕਾ ਦੀ ਸਟੇਟ ਟੈਨੈੱਸੀ ਦੇ ਛੋਟੇ ਜਿਹੇ ਕਸਬੇ ਹੇਨਿੰਗ ਵਿਖੇ ਵੱਡਾ ਹੋਇਆ। ਉੱਥੇ ਉਹ ਆਪਣੇ ਬਜ਼ੁਰਗਾਂ ਤੋਂ ਅਫਰੀਕਨ ਮੂਲ ਦੇ ਆਪਣੇ ਇਕ ਅਜਿਹੇ ਵਡੇਰੇ ਦੀਆਂ ਬਾਤਾਂ ਸੁਣਦਾ ਸੀ ਜਿਹੜਾ ਆਪਣਾ ਗ਼ੁਲਾਮ ਨਾਂ ‘ਟੋਬੀ’ ਕਹਾਉਣ ਤੋਂ ਇਨਕਾਰੀ ਸੀ।
ਐਲੈਕਸ ਹੇਲੀ ਨੇ 20 ਸਾਲ ਜਲ ਸੈਨਾ (ਕੋਸਟ ਗਾਰਡ) ਵਿਚ ਨੌਕਰੀ ਕੀਤੀ। 1959 ਵਿੱਚ ਹੇਲੀ ਨੇ ਨੌਕਰੀ ਤੋਂ ਸੇਵਾਮੁਕਤ ਹੋ ਕੇ ਲੇਖਨ ਨੂੰ ਕਿੱਤੇ ਦੇ ਤੌਰ ’ਤੇ ਅਪਣਾਇਆ। ਉਹ ਰੀਡਰਜ਼ ਡਾਈਜ਼ੈਸਟ ਅਤੇ ਪਲੇਅਬੌਇ ਵਰਗੇ ਰਸਾਲਿਆਂ ਲਈ ਕੰਮ ਕਰਨ ਲੱਗਾ। ਬਚਪਨ ਵਿੱਚ ਸੁਣੀਆਂ ਕਹਾਣੀਆਂ ਤੋਂ ਪ੍ਰਭਾਵਿਤ ਹੋ ਕੇ 1964 ਵਿੱਚ ਹੇਲੀ ਨੇ ਆਪਣੇ ਨਾਨਕੇ ਖਾਨਦਾਨ ਬਾਰੇ ਖੋਜ ਕਰਨ ਬਾਰੇ ਸੋਚਿਆ। ਉਸ ਨੇ ਪਰਿਵਾਰ ਵੱਲੋਂ ਬੋਲੇ ਜਾਂਦੇ ਅਫ਼ਰੀਕਨ ਸ਼ਬਦਾਂ ਦੇ ਉਚਾਰਣ ਬਾਰੇ ਬਹੁਤ ਸਾਰੀਆਂ ਯੂਨੀਵਰਸਿਟੀਆਂ ਦੇ ਭਾਸ਼ਾ ਵਿਗਿਆਨੀਆਂ ਨਾਲ ਰਾਬਤਾ ਕਾਇਮ ਕੀਤਾ। ਉਨ੍ਹਾਂ ਮਾਹਿਰਾਂ ਨੇ ਉਸ ਬੋਲੀ ਅਤੇ ਸ਼ਬਦਾਂ ਦੇ ਜਨਮ ਸਥਾਨ ਬਾਰੇ ਤਸਦੀਕ ਕੀਤਾ। ਹੇਲੀ ਪੱਛਮੀ ਅਫਰੀਕਾ ਵਿੱਚ ਗਾਂਬੀਆ ਦੇ ਛੋਟੇ ਜਿਹੇ ਉਸ ਪਿੰਡ ਜ਼ੁਫੂਰੇ ਪਹੁੰਚ ਗਿਆ। ਉੱਥੇ ਉਹ ਗਰਾਇਟ (ਮੌਖਿਕ ਇਤਿਹਾਸਕਾਰ) ਨੂੰ ਮਿਲਿਆ ਜਿਸ ਨੇ ਉਸ ਨੂੰ ਮਨਡਿੰਕਾ ਕਬੀਲੇ ਦੀਆਂ ਸੱਤ ਪੁਸ਼ਤਾਂ ਦਾ ਇਤਿਹਾਸ ਸੁਣਾਇਆ।
ਆਪਣੀ ਅਮਰੀਕਾ ਵਾਪਸੀ ਵੇਲੇ ਹੇਲੀ ਮਾਲ-ਜਹਾਜ਼ ਰਾਹੀਂ ਪਰਤਿਆ ਤਾਂ ਜੋ ਉਹ ਆਪਣੇ ਵਡੇਰਿਆਂ ਦੇ ਅਮਰੀਕਾ ਨੂੰ ਤਿੰਨ ਮਹੀਨਿਆਂ ਦੇ ਸਫ਼ਰ ਵੇਲੇ ਆਈਆਂ ਔਖਿਆਈਆਂ ਨੂੰ ਮਹਿਸੂਸ ਕਰ ਸਕੇ। ਇਨ੍ਹਾਂ ਦਸਾਂ ਰਾਤਾਂ ਦੌਰਾਨ ਉਹ ਖੁਰਦਰੇ ਫੱਟਿਆਂ ਉੱਪਰ ਜਹਾਜ਼ ਦੇ ਸਭ ਤੋਂ ਹੇਠਲੇ ਹਿੱਸੇ ਵਿੱਚ ਰਬੜ ਦੀਆਂ ਗੱਠਾਂ ਦੇ ਵਿਚਕਾਰ ਸੌਂਦਾ। ਇੱਥੇ ਪਿਆ ਉਹ ਕਲਪਨਾ ਕਰਨ ਦੀ ਕੋਸ਼ਿਸ਼ ਕਰਦਾ ਕਿ ਸੈਂਕੜੇ ਹੋਰਾਂ ਦੇ ਨਾਲ ਘੁਸੜ ਕੇ ਮਨੁੱਖੀ ਗੰਦ ਦੇ ਕੋਲ ਪਿਆ ਇਨਸਾਨ ਕਿਵੇਂ ਮਹਿਸੂਸ ਕਰਦਾ ਹੋਵੇਗਾ। ਬਾਰਾਂ ਸਾਲਾਂ ਬਾਅਦ ਹੇਲੀ ਨੇ ਆਪਣੀ ਖੋਜ ਨੂੰ ‘ਰੂਟਸ’ ਦੇ ਨਾਂ ਥੱਲੇ ਕਿਤਾਬੀ ਰੂਪ ਦੇ ਦਿੱਤਾ। ਫਰਵਰੀ 1992 ਵਿੱਚ ਐਲੈਕਸ ਹੇਲੀ ਦੀ ਮੌਤ ਹੌ ਗਈ।
ਭਾਵੇ ਐਲੈਕਸ ਹੇਲੀ ਦੀ ਸਾਹਿਤਕ ਖੇਤਰ ਵਿੱਚ ਪਛਾਣ ਮੁੱਖ ਤੌਰ ’ਤੇ ਇਸ ਇਤਿਹਾਸਕ ਨਾਵਲ ਕਰਕੇ ਹੀ ਹੈ, ਪਰ ਉਸ ਨੇ ਅਨੇਕਾਂ ਹੋਰ ਲੇਖ ਵੀ ਲਿਖੇ ਜਿਹੜੇ ਮਸ਼ਹੂਰ ਰਸਾਲਿਆਂ ਵਿੱਚ ਛਪੇ ਅਤੇ ਟੈਲੀਵਿਜ਼ਨ ਪ੍ਰੋਗਰਾਮਾਂ ਵਿੱਚ ਵਰਤੇ ਗਏ।
‘ਰੂਟਸ’ ਨਾਵਲ ਦੀ ਕਹਾਣੀ ਪੱਛਮੀ ਅਫ਼ਰੀਕਾ ਵਿੱਚ ਗਾਂਬੀਆ ਦੇ ਇੱਕ ਛੋਟੇ ਜਿਹੇ ਪਿੰਡ ਜ਼ੁਫੂਰੇ ਵਿੱਚ ਜਨਮੇ ਕੁੰਤਾ ਕਿੰਤੇ ਅਤੇ ਅਮਰੀਕਾ ਵਿੱਚ ਉਸ ਦੇ ਉਤਰਾਧਿਕਾਰੀਆਂ ਦੀ ਹੈ। ਕੁੰਤਾ ਕਿੰਤੇ ਉਹੀ ਅਫਰੀਕਨ ਹੈ ਜਿਸ ਦੀਆਂ ਕਹਾਣੀਆਂ ਹੇਲੀ ਦੀ ਨਾਨੀ ਤੇ ਹੋਰ ਪਰਿਵਾਰਕ ਮੈਂਬਰ ਬਚਪਨ ਵਿੱਚ ਉਸ ਨੂੰ ਸੁਣਾਇਆ ਕਰਦੇ ਸਨ। ਇਹ ਨਾਵਲ ਹੇਲੀ ਦੇ ਉਸ ਅਫ਼ਰੀਕੀ ਖਾਨਦਾਨੀ ਦੀ ਕਹਾਣੀ ਹੈ ਜਿਸ ਨੂੰ 1776 ਵਿੱਚ ਗ਼ੁਲਾਮ ਬਣਾ ਕੇ ਅਮਰੀਕਾ ਦੇ ਮੈਰੀਲੈਂਡ ਸੂਬੇ ਵਿੱਚ ਲਿਆਂਦਾ ਗਿਆ। ਕਹਾਣੀ ਉਸ ਦੇ ਸਪੋਟੀਸਵੇਨੀਆ, ਵਰਜੀਨੀਆ ਵਿੱਚ ਗ਼ੁਲਾਮੀ ਦੇ ਜੀਵਨ ਦੀ ਬਾਤ ਪਾਉਂਦੀ ਹੈ।
ਇਸ ਨਾਵਲ ਮੁਤਾਬਿਕ ਕੁੰਤਾ ਆਪਣੇ ਅਫ਼ਰੀਕਨ ਪਿਛੋਕੜ ਨੂੰ ਭੁੱਲ ਕੇ ਗੋਰੇ ਮਾਲਕਾਂ ਦੇ ਤੌਰ ਤਰੀਕਿਆਂ ’ਤੇ ਚੱਲਣ ਤੋਂ ਇਨਕਾਰੀ ਹੈ। ਉਹ ਗ਼ੁਲਾਮੀ ’ਚੋਂ ਨਿਕਲਣ ਦੀਆਂ ਕੋਸ਼ਿਸ਼ਾਂ ਕਰਦਾ ਹੈ। ਪਿੱਛੋਂ ਜਾ ਕੇ ਉਹ ਰਸੋਈ ਵਿੱਚ ਕੰਮ ਕਰਦੀ ਇੱਕ ਹੋਰ ਗ਼ੁਲਾਮ ਔਰਤ ਨਾਲ ਸ਼ਾਦੀ ਕਰਦਾ ਹੈ ਅਤੇ ਉਨ੍ਹਾਂ ਦੇ ਲੜਕੀ ਜਨਮ ਲੈਂਦੀ ਹੈ ਜਿਸ ਦਾ ਨਾਂ ਉਹ ਕਿਜੀ ਰੱਖਦੇ ਹਨ। ਕੁੰਤਾ ਉਸ ਨੂੰ ਮਾਂ-ਬੋਲੀ ਅਫ਼ਰੀਕੀ ਸਿਖਾਉਂਦਾ ਹੈ। ਪੰਦਰਾਂ ਸਾਲਾਂ ਦੀ ਕਿਜੀ ਦੇ ਬਲਾਤਕਾਰ ਦੇ ਨਤੀਜੇ ਵਜੋਂ ਤੀਜੀ ਪੁਸ਼ਤ ਜੌਰਜ ਦਾ ਜਨਮ ਹੁੰਦਾ ਹੈ ਜਿਹੜਾ ਆਪਣੀ ਮਾਂ ਦੀਆਂ ਕਹਾਣੀਆਂ ਤੋਂ ਆਪਣੇ ਅਫ਼ਰੀਕਨ ਵਿਰਸੇ ਬਾਰੇ ਸਿੱਖਦਾ ਹੈ। ਕੁੰਤਾ ਕਿੰਤੇ ਤੋਂ ਬਾਅਦ ਐਲੈਕਸ ਹੇਲੀ ਦਾ ਇਹ ਮਸ਼ਹੂਰ ਵਡੇਰਾ ਹੈ। ਜੌਰਜ ਦੇ ਮੈਥਲਡਾ ਨਾਲ ਅੱਠ ਬੱਚੇ ਪੈਦਾ ਹੁੰਦੇ ਹਨ। ਉਸ ਦਾ ਚੌਥਾ ਪੁੱਤਰ ਟੌਮ ਲੇਖਕ ਦੀ ਨਾਨੀ ਸਿੰਥੀਆ ਦਾ ਪਿਓ ਸੀ। ਸਿੰਥੀਆ ਨੂੰ ਗ਼ੁਲਾਮੀ ਮੁਕਤ ਕਰ ਕੇ ਵੈਗਨ ਰਾਹੀਂ ਹੈਨਿੰਗ, ਟੈੱਨੈਸੀ ਲਿਜਾਇਆ ਜਾਂਦਾ ਹੈ। ਹੈਨਿੰਗ ਵਿਖੇ ਸਿੰਥੀਆ ਵੈੱਲ ਪਾਮਰ ਨੂੰ ਮਿਲਦੀ ਹੈ ਅਤੇ ਉਨ੍ਹਾਂ ਦਾ ਵਿਆਹ ਹੋ ਜਾਂਦਾ ਹੈ। ਉਨ੍ਹਾਂ ਦੇ ਘਰ ਲੜਕੀ ਦਾ ਜਨਮ ਹੁੰਦਾ ਹੈ ਜਿਸ ਦਾ ਨਾਂ ਬਰਥਾ ਰੱਖਿਆ ਜਾਂਦਾ ਹੈ। ਬਰਥਾ ਦਾ ਵਿਆਹ ਸਿਮਨ ਹੇਲੀ ਨਾਲ ਹੁੰਦਾ ਹੈ ਅਤੇ ਇਹ ਐਲੈਕਸ ਹੇਲੀ ਦੇ ਮਾਪੇ ਬਣਦੇ ਹਨ।
ਨਾਵਲ ਦਾ ਬਿਰਤਾਂਤ ਲਕੀਰੀ ਹੈ। ਨਾਵਲ ਵਿੱਚ ਪੱਛਮੀ ਅਫ਼ਰੀਕਾ ਤੋਂ ਗ਼ੁਲਾਮ ਬਣਾ ਕੇ ਲਿਆਂਦੇ ਨੌਜਵਾਨ ਲੜਕੇ ਲੜਕੀਆਂ ਦੇ ਸ਼ੋਸ਼ਣ ਨੂੰ ਬਾਖ਼ੂਬੀ ਚਿਤਰਿਆ ਗਿਆ ਹੈ। ਇਹ ਗ਼ੁਲਾਮ, ਕੁੰਤਾ ਕਿੰਤੇ ਤੋਂ ਬਾਅਦ ਪੁਸ਼ਤ ਦਰ ਪੁਸ਼ਤ ਆਪਣੇ ਵਿਰਸੇ ਦੀਆਂ ਯਾਦਾਂ ਨੂੰ ਸੰਭਾਲਦਿਆਂ ਹੌਲੀ-ਹੌਲੀ ਉਸ ਦਿਨ ਵੱਲ ਵਧਦੇ ਹਨ, ਜਦੋਂ ਉਹ ਗ਼ੁਲਾਮ ਨਹੀਂ ਰਹਿੰਦੇ।
‘ਰੂਟਸ’ ਨਾਵਲ ਨੇ ਅਮਰੀਕੀ ਇਤਿਹਾਸ ਦੇ ਸਭ ਤੋਂ ਦੁਖਦਾਈ ਪੰਨੇ ਵੱਲ ਲੋਕਾਂ ਦਾ ਧਿਆਨ ਦਿਵਾਇਆ। ਇਹ ਨਾਵਲ ਗ਼ੁਲਾਮੀ, ਕਾਲੇ ਲੋਕਾਂ ਦੀ ਸ਼ਨਾਖ਼ਤ ਅਤੇ ਮੌਖਿਕ ਇਤਿਹਾਸ ਦੀ ਮਹੱਤਤਾ ਦੀ ਗੱਲ ਕਰਦਾ ਹੈ। ਇਸ ਦੇ ਨਾਲ ਹੀ ਮੁੜ ਉੱਭਰਨ ਸ਼ਕਤੀ ਅਤੇ ਮਨੁੱਖੀ ਨੈਤਿਕਤਾ ਦੀ ਅੱਤਿਆਚਾਰ ਉੱਪਰ ਜਿੱਤ ਦਾ ਜਸ਼ਨ ਵੀ ਮਨਾਉਂਦਾ ਹੈ। ਇਹ ਨਾਵਲ ਸਾਂਝੇ ਪਰਿਵਾਰ ਦੀ ਤਾਕਤ, ਪਰਿਵਾਰਕ ਮੈਂਬਰਾਂ ਦਾ ਇੱਕ-ਦੂਜੇ ਦੀ ਸਹਾਇਤਾ ਲਈ ਤਤਪਰ ਰਹਿਣ ਅਤੇ ਅਸੂਲਾਂ ’ਤੇ ਪਹਿਰਾ ਦੇਣ ਲਈ ਖ਼ਤਰਾ ਮੁੱਲ ਲੈਣ ਦਾ ਸਬਕ ਵੀ ਸਿਖਾਉਂਦਾ ਹੈ। ਇਨ੍ਹਾਂ ਵਿਸ਼ਿਆਂ ਕਰਕੇ ਇਸ ਨਾਵਲ ਨੂੰ ਬੇਹੱਦ ਪ੍ਰਸਿੱਧੀ ਮਿਲੀ।
ਕੁਝ ਸਿਆਹਫਾਮ ਆਗੂਆਂ ਨੇ ਇਸ ਨਾਵਲ ਨੂੰ ਮਨੁੱਖੀ ਅਧਿਕਾਰਾਂ ਦੀ ਇੱਕ ਮਹੱਤਵਪੂਰਨ ਘਟਨਾ ਕਿਹਾ। ਬਹੁਤੇ ਅਲੋਚਕਾਂ ਨੇ ਇਸ ਨਾਵਲ ਦੀ ਪ੍ਰਸ਼ੰਸਾ ਹੀ ਕੀਤੀ, ਪਰ ਉਨ੍ਹਾਂ ਨੂੰ ਇਸ ਗੱਲ ਦਾ ਪੂਰਾ ਯਕੀਨ ਨਹੀਂ ਸੀ ਕਿ ਰੂਟਸ ਨੂੰ ਨਾਵਲ ਦੀ ਸ਼੍ਰੇਣੀ ਵਿੱਚ ਰੱਖਣ ਜਾਂ ਇਤਿਹਾਸ ਦੀ। ਇਹ ਕਿਤਾਬ ਸੱਚੀਆਂ ਘਟਨਾਵਾਂ ’ਤੇ ਆਧਾਰਿਤ ਹੈ, ਪਰ ਪਾਤਰਾਂ ਦੇ ਸੰਵਾਦ, ਸੋਚਾਂ ਅਤੇ ਭਾਵਨਾਵਾਂ ਨੂੰ ਗਲਪੀ ਰੂਪ ਦਿੱਤਾ ਗਿਆ ਹੈ। ਰੂਟਸ ਦੇ ਪ੍ਰਕਾਸ਼ਨ ਤੋਂ ਬਾਅਦ ਨਾਵਲਕਾਰ ’ਤੇ ਕੁਝ ਦੋਸ਼ ਵੀ ਲੱਗੇ। ਜਿਵੇਂ 1977 ਵਿੱਚ ਦੋ ਪ੍ਰਕਾਸ਼ਿਤ ਲੇਖਕਾਂ, ਮਾਰਗ੍ਰੇਟ ਵਾਕਰ ਅਤੇ ਹਰਲਡ ਕੋਰਲੈਂਡਰ ਨੇ ਦੋਸ਼ ਲਗਾਏ ਕਿ ਐਲੈਕਸ ਹੇਲੀ ਨੇ ਉਨ੍ਹਾਂ ਦੀਆਂ ਲਿਖਤਾਂ ਦੀ ਚੋਰੀ ਕਰਕੇ ਰੂਟਸ ਵਿੱਚ ਵਰਤਿਆ ਹੈ। ਬਾਅਦ ਵਿੱਚ ਮਾਰਗ੍ਰੇਟ ਵਾਕਰ ਨੇ ਇਹ ਦੋਸ਼ ਵਾਪਸ ਲੈ ਲਏ। ਹੇਲੀ ਨੇ ਮੰਨਿਆ ਕਿ ਉਸ ਨੇ ਅਣਜਾਣਪੁਣੇ ਵਿੱਚ ਕੋਰਲੈਂਡਰ ਦੀ ਕਿਤਾਬ ‘ਦਿ ਅਫ਼ਰੀਕਨ’ (1968) ਵਿੱਚੋਂ ਤਿੰਨ ਪੈਰ੍ਹੇ ਲੈ ਲਏ ਸਨ। ਇਸ ਦੇ ਬਦਲੇ ਹੇਲੀ ਨੇ ਕੋਰਲੈਂਡਰ ਨੂੰ ਪੰਜ ਲੱਖ ਡਾਲਰ ਦੇ ਕੇ ਸਮਝੌਤਾ ਕਰ ਲਿਆ। ਇਨ੍ਹਾਂ ਵਿਵਾਦਾਂ ਦੇ ਬਾਵਜੂਦ ਲੋਕਾਂ ਵਿੱਚ ਰੂਟਸ ਦੀ ਸਾਖ ਨੂੰ ਕੋਈ ਫ਼ਰਕ ਨਹੀਂ ਪਿਆ। ਇਹ ਹਾਲੇ ਵੀ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਇਤਿਹਾਸ ਅਤੇ ਸਾਹਿਤ ਦੇ ਸਿਲੇਬਸ ਵਿੱਚ ਪੜ੍ਹਾਇਆ ਜਾਂਦਾ ਹੈ।
ਇਸ ਨਾਵਲ ਦਾ ਪੰਜਾਬੀ ਵਿੱਚ ਵੀ ਅਨੁਵਾਦ ਹੋ ਚੁੱਕਾ ਹੈ। ਇਹ ਅਨੁਵਾਦ ਕਿਸੇ ਯੂਨੀਵਰਸਿਟੀ ਜਾਂ ਕਿਸੇ ਹੋਰ ਸੰਸਥਾ ਨੇ ਨਹੀਂ ਕਰਵਾਇਆ ਸਗੋਂ ਕੈਨੇਡਾ ਦੇ ਐਡਮਿੰਟਨ ਸ਼ਹਿਰ ਦੇ ਵਾਸੀ ਅੱਸੀ ਸਾਲਾਂ ਦੇ ਬਜ਼ੁਰਗ ਮਰਹੂਮ ਦਲਜੀਤ ਸਿੰਘ ਦੀ ਮਿਹਨਤ ਦਾ ਸਿੱਟਾ ਹੈ।
ਸੰਪਰਕ: 1-778-231-1189