ਡਾ. ਮਨਰਾਜ ਸਿੰਘ
‘ਦਿ ਟ੍ਰਿਬਿਊਨ’ ਅਖ਼ਬਾਰ ਪੰਜਾਬ ਦੀਆਂ ਸਿੱਖਿਆ ਸੰਸਥਾਵਾਂ ਵਿਚ ਚੱਲ ਰਹੇ ਆਮ ਰੁਝਾਨ ਦੇ ਟਾਕਰੇ ਲਈ ਸ਼ੁਰੂ ਕੀਤਾ ਗਿਆ ਸੀ ਤਾਂ ਕਿ ਪੱਛਮੀ ਸਿੱਖਿਆ ਦੀ ਬਜਾਏ ਪੂਰਬੀ ਸਿੱਖਿਆ ਮੁਹੱਈਆ ਕਰਵਾਈ ਜਾਵੇ। ਜਿਵੇਂ ਐੱਸਐੱਨ ਬੈਨਰਜੀ ਨੇ ਆਪਣੇ ਸਿਮਰਤੀ ਸੰਗਹਿ ‘ਏ ਨੇਸ਼ਨ ਇਨ ਦਿ ਮੇਕਿੰਗ’ ਵਿਚ ਦਰਜ ਕੀਤਾ ਕਿ ਦਿਆਲ ਸਿੰਘ ਮਜੀਠੀਆ ਜੀ ਨੇ 2 ਫਰਵਰੀ 1881 ਨੂੰ ‘ਦਿ ਟ੍ਰਿਬਿਊਨ’ ਸ਼ੁਰੂ ਕੀਤਾ ਸੀ। ਇਸ ਦਾ ਉਦੇਸ਼ ਸੀ ਕਿ ਆਮ ਲੋਕਾਂ ਦੇ ਮਨੋਰਥ ਨੂੰ ਵਾਜਬਿ ਤੇ ਸੰਜਮ ਢੰਗ ਨਾਲ ਅਗਾਂਹ ਵਧਾਇਆ ਜਾਵੇ ਅਤੇ ਭਾਰਤੀ ਰਾਸ਼ਟਰਵਾਦ ਦੇ ਸੰਕਲਪ ਨੂੰ ਫੈਲਾਇਆ ਜਾਵੇ ਤਾਂ ਕਿ ਵੰਡੇ ਹੋਏ ਸਮਾਜ ਅੰਦਰ ਏਕਤਾ ਕਾਇਮ ਕੀਤੀ ਜਾ ਸਕੇ। ਜਦੋਂ ਬਰਤਾਨਵੀ ਸ਼ਾਸਕਾਂ ਵਲੋਂ ਭਾਰਤ ਸਰਕਾਰ ਨੂੰ ਸੱਤਾ ਤਬਦੀਲ ਕੀਤੇ ਜਾਣ ਅਤੇ ਦੇਸ ਦੀ ਵੰਡ ਹੋਣ ਵੇਲੇ ‘ਦਿ ਟ੍ਰਿਬਿਊਨ’ ਅਤੇ ਸਿੱਖਾਂ ਦੀ ਭੂਮਿਕਾ ਨੂੰ ਉਜਾਗਰ ਕਰਨਾ ਅਹਿਮੀਅਤ ਰੱਖਦਾ ਹੈ।
‘ਦਿ ਟ੍ਰਿਬਿਊਨ’ ਨੇ 19 ਮਈ 1947 ਦੇ ਅੰਕ ਵਿਚ ਖ਼ਬਰ ਛਾਪੀ ਗਈ ਸੀ ਕਿ ਕੁਝ ਗੈਰ-ਸਿਆਸੀ ਹਸਤੀਆਂ ਨੇ ਸੁਲ੍ਹਾ-ਸਫ਼ਾਈ ਕਮੇਟੀ ਕਾਇਮ ਕਰਨ ਦਾ ਫ਼ੈਸਲਾ ਕੀਤਾ ਹੈ। ਜਨਤਕ, ਧਾਰਮਿਕ ਅਤੇ ਸਮਾਜਿਕ ਹਰ ਖੇਤਰ ਨਾਲ ਜੁੜੇ ਸਿੱਖਾਂ ਨੇ ਆਪਣਾ ਇਹ ਸਟੈਂਡ ਦ੍ਰਿੜਾਇਆ ਕਿ ਪੰਜਾਬ ਮੁਸਲਮਾਨਾਂ ਦੀ ਨਹੀ ਸਗੋਂ ਉਨ੍ਹਾਂ ਦੀ ਸਰਜ਼ਮੀਨ ਹੈ। ਹਾਲਾਂਕਿ ਬਰਤਾਨਵੀ ਮਾਡਲ ਤੇ ਕੈਬਨਿਟ ਕਾਇਮ ਕਰ ਦਿੱਤੀ ਗਈ ਸੀ ਪਰ ਵੋਟਰਾਂ ਨੇ ਕਮਿਊਨਲ ਅਵਾਰਡ ਦੇ ਆਧਾਰ ਤੇ ਮੁਸਲਿਮ ਲੀਗ ਨੂੰ ਬਹੁਮਤ ਦੇ ਦਿੱਤਾ ਸੀ ਜਿਵੇਂ ‘ਦਿ ਟ੍ਰਿਬਿਊਨ’ ਦੇ 23 ਫਰਵਰੀ 1945 ਅਤੇ 4 ਜੂਨ 1947 ਦੇ ਅੰਕਾਂ ਵਿਚ ਰਿਪੋਰਟਾਂ ਛਪੀਆਂ ਸਨ। 27 ਜੂਨ 1945 ਨੂੰ ਬਲਦੇਵ ਸਿੰਘ ਨੇ ਲਾਰਡ ਵੇਵਲ ਨਾਲ ਮੁਲਾਕਾਤ ਕੀਤੀ। ਮਾਸਟਰ ਤਾਰਾ ਸਿੰਘ ਨੇ 6 ਜੂਨ 1945 ਨੂੰ ਲਾਰਡ ਵੇਵਲ ਨਾਲ ਦੁਬਾਰਾ ਮੁਲਾਕਾਤ ਕੀਤੀ ਅਤੇ ਅੰਤਰਿਮ ਸਰਕਾਰ ਵਿਚ ਸ਼ਾਮਲ ਹੋਣ ਦੀ ਸਹਿਮਤੀ ਦੇ ਦਿੱਤੀ। 9 ਮਾਰਚ 1946 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਰਾਜ ਦੇ ਹੱਕ ਵਿਚ ਮਤਾ ਪਾਸ ਕਰ ਦਿੱਤਾ।
‘ਦਿ ਟ੍ਰਿਬਿਊਨ’ ਨੇ ਖ਼ਬਰ ਦਿੱਤੀ ਕਿ 15 ਅਪਰੈਲ 1946 ਨੂੰ ਮਾਸਟਰ ਤਾਰਾ ਸਿੰਘ ਨੇ ਐਲਾਨ ਕੀਤਾ ਕਿ ਸਿੱਖ ਅਖੰਡ ਭਾਰਤ ਚਾਹੁੰਦੇ ਹਨ ਅਤੇ ਮੁਸਲਿਮ ਲੀਗ ਤੇ ਕਾਂਗਰਸ ਦੀ ਸਾਂਝੀ ਸਰਕਾਰ ਵਿਚ ਸ਼ਾਮਲ ਹੋਣਾ ਚਾਹੁੰਦੇ ਹਨ। ‘ਦਿ ਟ੍ਰਿਬਿਊਨ’ ਨੇ 5 ਅਪਰੈਲ 1946 ਨੂੰ ਖ਼ਬਰ ਦਿੱਤੀ ਸੀ ਕਿ ਸਰ ਖ਼ਿਜ਼ਰ ਹਯਾਤ ਖ਼ਾਨ ਨੇ ਕੈਬਨਿਟ ਮਿਸ਼ਨ ਦੇ ਮੈਂਬਰਾਂ ਅਤੇ ਲਾਰਡ ਵੇਵਲ ਨਾਲ ਮੁਲਾਕਾਤ ਕੀਤੀ। ਮਿਸ਼ਨ ਨੇ ਦੇਸ਼ ਦੀ ‘ਏ’ ‘ਬੀ’ ‘ਸੀ’, ਤਿੰਨ ਹਿੱਸਿਆਂ ਵਿਚ ਵੰਡ ਦੀ ਸਿਫ਼ਾਰਸ਼ ਕੀਤੀ ਜਿਵੇਂ ਮਿਸ਼ਨ ਦੇ ਮੈਂਬਰਾਂ ਨੇ ਮਹਿਸੂਸ ਕੀਤਾ ਕਿ ਇਸ ਨਾਲ ‘ਏ’ ਭਾਗ ਦੀਆਂ ਘੱਟਗਿਣਤੀਆਂ ਨੂੰ ਵਧੇਰੇ ਯਕੀਨਦਹਾਨੀ ਮਿਲ ਸਕੇਗੀ। ਭਾਗ ‘ਬੀ’ ਵਿਚ ਪੰਜਾਬ, ਸਿੰਧ, ਉੱਤਰ ਪੱਛਮੀ ਸਰਹੱਦੀ ਸੂਬਾ ਅਤੇ ਬਰਤਾਨਵੀ ਬਲੋਚਿਸਤਾਨ ਸ਼ਾਮਲ ਹੋਣਗੇ ਜੋ ਮੁਸਲਿਮ ਬਹੁਗਿਣਤੀ ਵਾਲਾ ਖੇਤਰ ਅਖਵਾਏਗਾ। ਭਾਗ ‘ਸੀ’ ਵਿਚ ਬੰਗਾਲ ਅਤੇ ਅਸਾਮ ਦੇ ਖੇਤਰ ਹੋਣਗੇ ਜਿੱਥੇ ਮੁਸਲਮਾਨਾਂ ਦੀ ਮਾਮੂਲੀ ਬਹੁਗਿਣਤੀ ਹੋਵੇਗੀ।
‘ਦਿ ਟ੍ਰਿਬਿਊਨ’ ਦੀ ਰਿਪੋਰਟ ਮੁਤਾਬਕ ਕੈਬਨਿਟ ਮਿਸ਼ਨ ਨੇ ਸ਼ਿਮਲਾ ਵਿਚ 2-12 ਮਈ 1946 ਨੂੰ ਹੋਈ ਕਨਵੈਨਸ਼ਨ ਵਿਚ ਵਿਚਾਰ ਚਰਚਾ ਲਈ ਸੰਭਾਵੀ ਯੋਜਨਾ ਪੇਸ਼ ਕੀਤੀ ਤਾਂ ਕਿ ਮੁਸਲਿਮ ਲੀਗ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਵਿਚਕਾਰ ਸਹਿਮਤੀ ਪੈਦਾ ਕੀਤੀ ਜਾ ਸਕੇ। ‘ਦਿ ਟ੍ਰਿਬਿਊਨ’ ਦੀ ਰਿਪੋਰਟ ਮੁਤਾਬਕ 30 ਅਪਰੈਲ 1946 ਦੇ ਆਉਂਦੇ ਆਉਂਦੇ ਬਲਦੇਵ ਸਿੰਘ ਕਾਂਗਰਸ ਦੇ ਹਮਾਇਤੀ ਬਣ ਗਏ ਅਤੇ ਉਨ੍ਹਾਂ ‘ਜਾਟਸਤਾਨ’ ਬਣਾਉਣ ਦੀ ਪੈਰਵੀ ਕਰਨੀ ਸ਼ੁਰੂ ਕਰ ਦਿੱਤੀ ਜਿਸ ਵਿਚ ਜਲੰਧਰ, ਅੰਬਾਲਾ, ਮੇਰਠ ਅਤੇ ਆਗਰਾ ਦੇ ਖੇਤਰ ਭਾਵ ਰਾਵੀ ਤੋਂ ਲੈ ਕੇ ਮੇਰਠ ਤੱਕ ਦੇ ਖੇਤਰ ਸ਼ਾਮਲ ਕੀਤੇ ਜਾਣ। ਹਰ ਰੰਗ ਦੀ ਸਿਆਸੀ ਵੰਨਗੀ ਵਾਲੇ ਸਾਰੇ ਸਿੱਖ ਭੰਬਲਭੂਸੇ ਵਿਚ ਪੈ ਗਏ। ‘ਦਿ ਟ੍ਰਿਬਿਊਨ’ ਨੇ 17 ਮਈ 1946 ਨੂੰ ਖ਼ਬਰ ਦਿੱਤੀ ਕਿ ਬਲਦੇਵ ਸਿੰਘ ਨੇ ਖਾਸ ਤੌਰ ਤੇ ਅਕਾਲੀਆਂ ਨੂੰ ਅਗਲੇਰੀ ਲੜਾਈ ਲਈ ਜਥੇਬੰਦ ਅਤੇ ਤਿਆਰ ਹੋਣ ਤੇ ਲੋੜ ਪੈਣ ‘ਤੇ ਜਾਨਾਂ ਵਾਰਨ ਦਾ ਸੱਦਾ ਦਿੱਤਾ।
22 ਫਰਵਰੀ 1946 (ਦਿ ਟ੍ਰਿਬਿਊਨ) ਅਨੁਸਾਰ ਯੂਨੀਅਨਿਸਟ ਪਾਰਟੀ ਦੀ ਮਾੜੀ ਕਾਰਗੁਜ਼ਾਰੀ ਤੋਂ ਹਰ ਕੋਈ ਹੈਰਾਨ ਸੀ ਕਿਉਂਕਿ ਪਾਰਟੀ ਦੇ 57 ਉਮੀਦਵਾਰ ਆਪਣੀਆਂ ਸੀਟਾਂ ਹਾਰ ਗਏ। ‘ਦਿ ਟ੍ਰਿਬਿਊਨ’ ਨੇ 10 ਮਾਰਚ 1946 ਨੂੰ ਇਹ ਗੱਲ ਉਭਾਰੀ ਕਿ ਇਹ ਬਲਦੇਵ ਸਿੰਘ ਹੀ ਸਨ ਜਿਨ੍ਹਾਂ ਖਿਜ਼ਰ ਹਯਾਤ ਖ਼ਾਨ ਨੂੰ ਨਵੀਂ ਸਰਕਾਰ ਦੀ ਅਗਵਾਈ ਕਰਨ ਲਈ ਪ੍ਰੇਰਿਆ ਸੀ। ‘ਦਿ ਟ੍ਰਿਬਿਊਨ’ ਨੇ ਰਿਪੋਰਟ ਕੀਤਾ ਕਿ ਮਈ 1946 ਵਿਚ ਬਾਬਾ ਖੜਕ ਸਿੰਘ ਨੇ ਕੈਬਨਿਟ ਮਿਸ਼ਨ ਯੋਜਨਾ ਦੀ ਆਲੋਚਨਾ ਕਰ ਦਿੱਤੀ। 1 ਜੂਨ 1946 (ਦਿ ਟ੍ਰਿਬਿਊਨ) ਨੂੰ ਕੈਬਨਿਟ ਮਿਸ਼ਨ ਨੇ ਮਾਸਟਰ ਤਾਰਾ ਸਿੰਘ ਅਤੇ ਬਲਦੇਵ ਸਿੰਘ ਨਾਲ ਮੁੜ ਮੀਟਿੰਗ ਬੁਲਾਈ। ‘ਦਿ ਟ੍ਰਿਬਿਊਨ’ ਨੇ 25, 29 ਜੂਨ ਅਤੇ 9 ਅਗਸਤ 1946 ਦੇ ਆਪਣੇ ਵੱਖ ਵੱਖ ਅੰਕਾਂ ਵਿਚ ਇਹ ਗੱਲ ਉਭਾਰੀ ਕਿ ਕਾਂਗਰਸ ਵਰਕਿੰਗ ਕਮੇਟੀ ਨੇ ਆਜ਼ਾਦ ਭਾਰਤ ਦਾ ਸੰਵਿਧਾਨ ਬਣਾਉਣ ਲਈ ਪ੍ਰਸਤਾਵਿਤ ਸੰਵਿਧਾਨ ਘੜਨੀ ਸਭਾ ਵਿਚ ਸ਼ਾਮਲ ਹੋਣ ਦਾ 25 ਜੂਨ ਨੂੰ ਫ਼ੈਸਲਾ ਕਰ ਕੀਤਾ ਹੈ।
‘ਦਿ ਟ੍ਰਿਬਿਊਨ’ ਨੇ 29 ਜੂਨ 1946 ਨੂੰ ਇਹ ਗੱਲ ਉਭਾਰੀ ਕਿ ਨਾਰਾਜ਼ ਆਗੂ ਮੁਹੰਮਦ ਅਲੀ ਜਿਨਾਹ ਨੇ ਬੰਬਈ ਵਿਚ ਕੈਬਨਿਟ ਮਿਸ਼ਨ ਯੋਜਨਾ ਲਈ ਆਪਣੀ ਸਹਿਮਤੀ ਵਾਪਸ ਲੈਣ ਦਾ ਫ਼ੈਸਲਾ ਕਰ ਲਿਆ ਅਤੇ ਮੁਸਲਮਾਨਾਂ ਨੂੰ 16 ਅਗਸਤ ਨੂੰ ‘ਸਿੱਧੀ ਕਾਰਵਾਈ ਦਿਵਸ’ ਦੀ ਪਾਲਣਾ ਕਰਨ ਦਾ ਸੱਦਾ ਦਿੱਤਾ। ਬਲਦੇਵ ਸਿੰਘ ਨੇ ਆਪਣੇ ਜ਼ਾਤੀ ਮੁਫ਼ਾਦ ਖਾਤਰ ਕਾਂਗਰਸ ਅਤੇ ਮੁਸਲਿਮ ਲੀਗ ਦੀਆਂ ਸਰਗਰਮੀਆਂ ਵਿਚ ਸ਼ਾਮਲ ਹੋ ਰਹੇ ਸਨ। ਉਨ੍ਹਾਂ ਸਿਫ਼ਾਰਸ਼ ਕੀਤੀ ਕਿ ਕਲਸੀਆ ਰਿਆਸਤ ਦੇ ਕੁਝ ਖੇਤਰਾਂ ਬਰਤਾਨਵੀ ਖੇਤਰਾਂ ਨਾਲ ਤਬਾਦਲਾ ਕੀਤਾ ਜਾਵੇ ਜਿਵੇਂ ਕਿ ਫ਼ਿਰੋਜ਼ਪੁਰ ਦੀ ਮੋਗਾ ਤਹਿਸੀਲ ਨੂੰ ਰਿਆਸਤੀ ਰਾਜਾਂ ਵਾਲੇ ਗਰੁਪ ਵਿਚ ਸ਼ਾਮਲ ਕੀਤਾ ਜਾਵੇ। 25 ਅਗਸਤ 1946 (ਦਿ ਟ੍ਰਿਬਿਊਨ) ਨੂੰ ਬਲਦੇਵ ਸਿੰਘ ਨੰ ਰੱਖਿਆ ਮੰਤਰੀ ਬਣਾ ਦਿੱਤਾ ਗਿਆ ਹਾਲਾਂਕਿ ਉਹ ਉਸ ਸਮੇਂ ਅਕਾਲੀ ਦਲ ਦੇ ਵਿਧਾਨਕਾਰ ਪਾਰਟੀ ਦੇ ਆਗੂ ਸਨ।
ਸੰਵਿਧਾਨ ਘੜਨੀ ਸਭਾ ਨੇ ਆਪਣੀ ਪਲੇਠੀ ਮੀਟਿੰਗ 9 ਦਸੰਬਰ 1946 ਨੂੰ ਕੀਤੀ ਜਿਸ ਵਿਚ ਜਿਨਾਹ ਮੁਤਾਬਕ ਮੁਸਲਿਮ ਲੀਗ ਦਾ ਕੋਈ ਵੀ ਨੁਮਾਇੰਦਾ ਸ਼ਾਮਲ ਨਹੀਂ ਹੋਇਆ। ਮੁਸਲਿਮ ਲੀਗ ਨੇ ਵੱਖਰੀ ਸੰਵਿਧਾਨ ਘੜਨੀ ਸਭਾ ਬਣਾਉਣ ਦੀ ਮੰਗ ਕੀਤੀ ਜਿਸ ਵਿਚ ਭਾਗ ‘ਬੀ’ ਅਤੇ ‘ਸੀ’ ਵਾਲੀਆਂ ਰਿਆਸਤਾਂ ਦੇ ਮੈਂਬਰ ਸ਼ਾਮਲ ਕੀਤੇ ਜਾਣ ਜਿਵੇਂ ਕੈਬਨਿਟ ਮਿਸ਼ਨ ਨੇ 16 ਮਈ 1946 ਦੇ ਆਪਣੇ ਬਿਆਨ ਵਿਚ ਸੁਝਾਇਆ ਸੀ। 2 ਫਰਵਰੀ 1947 (ਦਿ ਟ੍ਰਿਬਿਊਨ) ਪ੍ਰਧਾਨ ਮੰਤਰੀ ਐਟਲੀ ਨੇ ਜੂਨ 1948 ਤੱਕ ਸੱਤਾ ਜ਼ਿੰਮੇਵਾਰ ਭਾਰਤੀ ਹੱਥਾਂ ਵਿਚ ਸੌਂਪਣ ਦਾ ਅਹਿਮ ਐਲਾਨ ਕਰ ਦਿੱਤਾ। ਮੁਸਲਿਮ ਲੀਗ ਅਤੇ ਕਾਂਗਰਸ ਦੋਵਾਂ ਨੇ ਇਸ ਐਲਾਨ ਦਾ ਸਵਾਗਤ ਕੀਤਾ।
‘ਦਿ ਟ੍ਰਿਬਿਊਨ’ ਨੇ 8 ਮਾਰਚ 1947 ਨੂੰ ਮਤ ਜ਼ਾਹਰ ਕੀਤਾ ਕਿ ਕਾਂਗਰਸ ਵਰਕਿੰਗ ਕਮੇਟੀ ਨੇ ਪੰਜਾਬ ਦੀ ਵੰਡ ਲਈ ਸਹਿਮਤੀ ਦਿੰਦਿਆਂ ਇਹ ਐਲਾਨ ਕੀਤਾ ਕਿ ਵੰਡ ਦਾ ਅਸੂਲ ਬੰਗਾਲ ਤੇ ਵੀ ਲਾਗੂ ਕੀਤਾ ਜਾਣਾ ਚਾਹੀਦਾ ਹੈ। ਅਹੁਦਾ ਛੱਡ ਰਹੇ ਵਾਇਸਰਾਏ ਲਾਰਡ ਵੇਵਲ ਨੇ ਆਪਣੇ ਵਿਦਾਇਗੀ ਭਾਸ਼ਣ ਵਿਚ ਭਾਰਤੀਆਂ ਨੂੰ ਸੰਬੋਧਨ ਕਰਦਿਆਂ ਆਖਿਆ- ‘’ਤੁਹਾਨੂੰ ਬਹੁਤ ਕਰੜੇ, ਘਾਤਕ ਅਤੇ ਔਖੇ ਸਾਲਾਂ ਦਾ ਸਾਹਮਣਾ ਕਰਨਾ ਪੈਣਾ ਹੈ।’’
‘ਦਿ ਟ੍ਰਿਬਿਊਨ’ ਦੀ ਖ਼ਬਰ ਮੁਤਾਬਕ ਲਾਰਡ ਮਾਊਂਟਬੈਟਨ ਨੇ 3 ਜੂਨ 1947 ਨੂੰ ਵੰਡ ਦੀ ਯੋਜਨਾ ਦਾ ਜਨਤਕ ਐਲਾਨ ਕਰ ਦਿੱਤਾ ਜਿਸ ਨਾਲ ਪੰਜਾਬ ਵਿਚ ਅਫ਼ਰਾ-ਤਫ਼ਰੀ ਦਾ ਮਾਹੌਲ ਸ਼ੁਰੂ ਹੋ ਗਿਆ। 3 ਜੂਨ 1946 (ਦਿ ਟ੍ਰਿਬਿਊਨ) ਨੂੰ ਮੁਸਲਿਮ ਲੀਗ ਨੇ 9 ਜੂਨ 1947 ਨੂੰ ਇਕ ਮਤਾ ਪਾਸ ਕਰ ਕੇ 3 ਜੂਨ ਵਾਲੀ ਯੋਜਨਾ ਪ੍ਰਵਾਨ ਕਰ ਲਈ। ਇਹ ਫ਼ੈਸਲਾ ਕੀਤਾ ਗਿਆ ਕਿ ਬੰਗਾਲ ਅਤੇ ਪੰਜਾਬ ਦੀ ਵੰਡ ਨੇਪਰੇ ਚਾੜ੍ਹਨ ਲਈ ਦੋ ਬਾਊਂਡਰੀ ਕਮਿਸ਼ਨ ਬਣਾਏ ਜਾਣ। ਪੰਜਾਬ ਬਾਰੇ ਕਮਿਸ਼ਨ ਦੇ ਚੇਅਰਮੈਨ ਸਰ ਸਾਇਰਿਲ ਰੈੱਡਕਲਿਫ ਅਤੇ ਇਸ ਦੇ ਮੈਂਬਰਾਂ ਵਿਚ ਜਸਟਿਸ ਦੀਨ ਮੁਹੰਮਦ, ਜਸਟਿਸ ਮੁਹੰਮਦ ਮੁਨੀਰ, ਜਸਟਿਸ ਮਿਹਰ ਚੰਦ ਮਹਾਜਨ ਅਤੇ ਜਸਟਿਸ ਤੇਜਾ ਸਿੰਘ ਸ਼ਾਮਲ ਸਨ।
‘ਦਿ ਟ੍ਰਿਬਿਊਨ’ ਦੇ ਕਾਰਜਕਾਰੀ ਸੰਪਾਦਕ ਰਾਣਾ ਜੰਗ ਬਹਾਦਰ ਸਿੰਘ ਵਲੋਂ 4 ਜੂਨ 1947 ਨੂੰ ਇਤਰਾਜ਼ਯੋਗ ਸੰਪਾਦਕੀ ਪ੍ਰਕਾਸ਼ਤ ਕੀਤਾ ਗਿਆ ਜਿਸ ਦਾ ਸਿਰਲੇਖ ਸੀ- ‘ਹਿੰਦੋਸਤਾਨ-ਪਾਕਿਸਤਾਨ ਪਲੈਨ’। 26 ਜੁਲਾਈ 1947 ਨੂੰ ਰਾਣਾ ਜੰਗ ਬਹਾਦਰ ਸਿੰਘ ਨੇ ਅਦਾਲਤ ਵਿਚ ਬਾਕਮਾਲ ਬਿਆਨ ਦਿੰਦਿਆਂ ਆਖਿਆ ਕਿ ‘ਦਿ ਟ੍ਰਿਬਿਊਨ’ ਦੀ ਨੀਤੀ ਹਮੇਸ਼ਾ ਭਾਰਤ ਦੀ ਏਕਤਾ ਲਈ ਕੰਮ ਕਰਨ ਲਈ ਰਹੀ ਹੈ ਜਿਸ ਕਰ ਕੇ ਸਮਾਜੀ-ਸਿਆਸੀ ਅਤੇ ਸਭਿਆਚਾਰਕ ਆਧਾਰਾਂ ਤੇ ਭਾਰਤ ਦੀ ਦੋ ਟੁਕੜਿਆਂ ਵਿਚ ਵੰਡ ਕਰਨੀ ਗ਼ਲਤ ਹੈ। ‘ਦਿ ਟ੍ਰਿਬਿਊਨ’ ਨੇ ਰਿਪੋਰਟ ਕੀਤੀ ਕਿ 11 ਅਗਸਤ 1947 ਨੂੰ ਜਿਨਾਹ ਨੇ ਪਾਕਿਸਤਾਨ ਸੰਵਿਧਾਨ ਘੜਨੀ ਸਭਾ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ, “ਤੁਸੀਂ ਕਿਸੇ ਵੀ ਧਰਮ ਜਾਂ ਜਾਤ ਜਾਂ ਅਕੀਦੇ ਨਾਲ ਸਬੰਧ ਰੱਖ ਸਕਦੇ ਹੋ, ਉਸ ਦਾ ਰਾਜ ਦੇ ਕੰਮਕਾਜ ਨਾਲ ਕੋਈ ਵਾਹ ਵਾਸਤਾ ਨਹੀਂ ਹੋਵੇਗਾ।”
9 ਅਗਸਤ 1947 ਦੇ ਆਪਣੇ ਸੰਪਾਦਕੀ ਵਿਚ ‘ਦਿ ਟ੍ਰਿਬਿਊਨ’ ਨੇ ਖ਼ਬਰਦਾਰ ਕੀਤਾ ਕੀ ਕਿ ਵੰਡ ਦੀ ਤਜਵੀਜ਼ ਘੱਟਗਿਣਤੀ-ਬਹੁਗਿਣਤੀ ਸਵਾਲ ਨੂੰ ਕਦੇ ਵੀ ਹੱਲ ਨਹੀਂ ਕਰ ਸਕੇਗੀ ਸਗੋਂ ਇਸ ਨੂੰ ਖ਼ਤਰਨਾਕ ਹੱਦ ਤੱਕ ਵਧਾ ਦੇਵੇਗੀ। 15 ਅਗਸਤ 1947 ਨੂੰ ਜਦੋਂ ਭਾਰਤ ਆਪਣੀ ਆਜ਼ਾਦੀ ਦਾ ਜਸ਼ਨ ਮਨਾ ਰਿਹਾ ਸੀ ਤਾਂ ਲਗਪਗ ਇਕ ਕਰੋੜ ਲੋਕ ਇਕ ਦੂਜੇ ਦੇ ਗ਼ਲ ਵੱਢਣ ਡਹੇ ਹੋਏ ਸਨ। ਪੰਜਾਬ ਨੂੰ ਭੱਠੀ ਵਿਚ ਝੋਕ ਦਿੱਤਾ ਗਿਆ ਤੇ ਇਸ ਦੇ ਖ਼ੂਨ ਦੇ ਹੰਝੂ ਪੂੰਝਣ ਵਾਲਾ ਕੋਈ ਨਹੀਂ ਸੀ।
ਮਹਾਤਮਾ ਗਾਂਧੀ ਨੇ ਖਾਮੋਸ਼ੀ ਨਾਲ ਕਲਕੱਤਾ ਵਿਚ ਮਾਤਮ ਮਨਾਇਆ। ‘ਦਿ ਟ੍ਰਿਬਿਊਨ’ ਨੇ ਭਾਵੁਕ ਅਪੀਲ ਕੀਤੀ, ‘’ਭਾਰਤ ਅਤੇ ਪਾਕਿਸਤਾਨ ਵਿਚ ਰਹਿੰਦੇ ਅਸੀਂ ਸਾਰੇ ਮੁਸਲਮਾਨ ਅਤੇ ਗ਼ੈਰ-ਮੁਸਲਮਾਨ ਆਪੋ ਆਪਣੇ ਮਤਭੇਦ ਭੁਲਾ ਦੇਈਏ ਅਤੇ ਸਾਂਝੀ ਭਲਾਈ ਦੀ ਖ਼ਾਤਰ ਸਦਭਾਵਨਾ ਤੇ ਸਹਿਯੋਗ ਨਾਲ ਕੰਮ ਕਰੀਏ।’’ 14 ਅਗਸਤ 1947 ਨੂੰ ‘ਦਿ ਟ੍ਰਿਬਿਊਨ’ ਦਾ ਸੰਪਾਦਕੀ ‘ਪਾਕਿਸਤਾਨ ਇਕ ਗ਼ੈਰ-ਫਿਰਕੂ ਰਾਜ’ ਲਾਹੌਰ ਤੋਂ ਪ੍ਰਕਾਸ਼ਤ ਹੋਣ ਵਾਲਾ ਆਖਰੀ ਅੰਕ ਸੀ ਪਰ 15 ਅਗਸਤ 1947 ਦਾ ਅੰਕ ਇਕ ਦਿਨ ਪਹਿਲਾਂ ਹੀ ਪ੍ਰਕਾਸ਼ਤ ਕਰ ਦਿੱਤਾ ਗਿਆ ਸੀ।
‘ਦਿ ਟ੍ਰਿਬਿਊਨ’ ਫਿਰਕੂ ਰਾਜਨੀਤੀ ਬਾਰੇ ਖੁੱਲ੍ਹ ਕੇ ਲਿਖਦਾ ਆ ਰਿਹਾ ਹੈ। ਨਸਲੀ ਸਮੂਹਾਂ, ਸਿਆਸੀ ਪਾਰਟੀਆਂ ਅਤੇ ਪਛਾਣ ਦੇ ਸੰਕਟਾਂ ਦੀ ਰਾਜਨੀਤੀ ਵੀ ਵੰਡ ਲਈ ਕਸੂਰਵਾਰ ਰਹੀ ਹੈ। ‘ਦਿ ਟ੍ਰਿਬਿਊਨ’ ਨੇ ਭਾਈਚਾਰਿਆਂ ਦਰਮਿਆਨ ਏਕਤਾ ਦੇ ਮਨੋਰਥ ਦੀ ਝੰਡਾਬਰਦਾਰੀ ਕੀਤੀ ਹੈ ਅਤੇ ਆਪਸੀ ਸਦਭਾਵ ਅਤੇ ਸਹਿਯੋਗ ਦੀਆਂ ਵਾਰ ਵਾਰ ਅਪੀਲਾਂ ਕੀਤੀਆਂ ਹਨ। ਉਂਜ, ਕਬੀਲੇ, ਧਰਮ, ਜਾਤ, ਸ਼੍ਰੇਣੀ ਅਤੇ ਨਸਲ ਨਾਲ ਜੁੜੇ ਏਜੰਡਿਆਂ ਨੇ ਲੋਕਾਂ ਨੂੰ ਇਕ ਦੂਜੇ ਨਾਲ ਭਿੜਵਾ ਕੇ ਵੰਡ ਨੂੰ ਹੋਣੀ ਬਣਾ ਦਿੱਤਾ ਅਤੇ ਭਾਰਤੀ ਇਤਿਹਾਸ ਦੀਆਂ ਸਭ ਤੋਂ ਮਨਹੂਸ ਘਟਨਾਵਾਂ ਵਿਚ ਸ਼ੁਮਾਰ ਕਰ ਦਿੱਤਾ।
ਸੰਪਰਕ: 9855329333