ਦੀਪਾਂਕਰ ਗੁਪਤਾ*
ਜਦੋਂ ਤੁਸੀਂ ਕਿਸੇ ਸਿੱਖ ਦੀ ਕਲਪਨਾ ਕਰਦੇ ਹੋ ਤਾਂ ਤੁਹਾਡੇ ਮਨ ਵਿਚ ਖੁੱਲ੍ਹੇ ਡੁੱਲੇ ਹਾਸੇ, ਮੈਡਲਾਂ ਨਾਲ ਸਜੇ-ਫੱਬੇ ਸੀਨੇ ਅਤੇ ਭਰੀ-ਪੂਰੀ ਬਾਰ ਦੀ ਤਸਵੀਰ ਉਭਰਨ ਲਗਦੀ ਹੈ। ਜਾਂ ਫਿਰ ਇਕ ਪੁਰਾਣਾ ਚੁਟਕਲਾ ਚੇਤੇ ਆ ਜਾਂਦਾ ਹੈ: ਨੀਲ ਆਰਮਸਟਰਾਂਗ ਨੇ ਜਦੋਂ ਚੰਦਰਮਾ ਦੀ ਸਤ੍ਵਾ ’ਤੇ ਪੈਰ ਪਾਇਆ ਤਾਂ ਉਹ ਸੋਚ ਰਿਹਾ ਸੀ ਕਿ ਉਹ ਇਹ ਕਾਰਨਾਮਾ ਕਰਨ ਵਾਲਾ ਦੁਨੀਆਂ ਦਾ ਪਹਿਲਾ ਸ਼ਖ਼ਸ ਬਣਨ ਜਾ ਰਿਹਾ ਹੈ ਤਾਂ ਸਾਹਮਣੇ ਇਕ ਸਿੱਖ ਟੈਕਸੀ ਡਰਾਈਵਰ ਨੂੰ ਦੇਖ ਕੇ ਉਹ ਆਪਣਾ ਸਿਰ ਫੜ ਕੇ ਬੈਠ ਗਿਆ।
ਖ਼ੈਰ, ਇਹ ਗੱਲ ਪੁਰਾਣੀ ਹੋ ਗਈ ਹੈ, ਹੁਣ ਨਵਾਂ ਕੀ ਹੈ? ਇਸ ਮਹਾਮਾਰੀ ਨੇ ਨਾ ਸਿਰਫ਼ ਭਾਰਤ ਵਿਚ ਸਗੋਂ ਦੁਨੀਆਂ ਭਰ ’ਚ ਸਿੱਖਾਂ ਬਾਰੇ ਲੋਕਾਂ ਦਾ ਆਮ ਪ੍ਰਭਾਵ ਬਦਲ ਕੇ ਰੱਖ ਦਿੱਤਾ ਹੈ। ਕ੍ਰੋਏਸ਼ੀਆ ਅਤੇ ਸੀਰੀਆ ਤੱਕ ਦੇ ਦੂਰ-ਦਰਾਜ਼ ਦੇ ਲੋਕ ਆਪਣੇ ਅੱਤ ਦੇ ਮਾੜੇ ਸਮਿਆਂ ਵਿਚ ਸਿੱਖਾਂ ਵਲੋਂ ਨਿਭਾਈ ਸੇਵਾ ਦਾ ਇਹਤਰਾਮ ਕਰ ਰਹੇ ਹਨ ਤੇ ਅਮਰੀਕਾ ਵਰਗੇ ਮੁਲ਼ਕ ਨੇ ਨਿਊਯਾਰਕ ਸ਼ਹਿਰ ਦੇ 101 ਇਲਾਕੇ ਨੂੰ ‘ਪੰਜਾਬ ਐਵੇਨਿਊ’ ਦਾ ਨਾਂ ਦੇ ਕੇ ਸ਼ਹਿਰ ਦੀ ਬਿਹਤਰੀ ਵਿਚ ਸਿੱਖਾਂ ਵਲੋਂ ਪਾਏ ਯੋਗਦਾਨ ਦਾ ਸਤਿਕਾਰ ਕੀਤਾ ਹੈ।
ਸਾਡੇ ਆਪਣੇ ਵਤਨ ਭਾਰਤ ਵਿਚ ਸਿੱਖ ਜਥੇਬੰਦੀਆਂ ਤੇ ਅਦਾਰਿਆਂ ਵਲੋਂ ਚਲੰਤ ਮਹਾਮਾਰੀ ਨਾਲ ਸਿੱਝਣ ਲਈ ਨਿਭਾਈਆਂ ਸ਼ਾਨਦਾਰ ਸੇਵਾਵਾਂ ਦੀ ਬਾਤ ਅਖ਼ਬਾਰਾਂ ਤੇ ਹੋਰਨਾਂ ਮਾਧਿਅਮਾਂ ਰਾਹੀਂ ਪਾਈ ਜਾ ਰਹੀ ਹੈ। ਮਰੀਜ਼ਾਂ ਲਈ ਆਕਸੀਜਨ ਮੁਹੱਈਆ ਕਰਾਉਣ ਤੋਂ ਲੈ ਕੇ ਐਂਬੁਲੈਂਸ ਦੀ ਸੇਵਾ, ਗ਼ਰੀਬਾਂ ਲਈ ਲੰਗਰ ਵਰਤਾਉਣ ਤੱਕ ਸਿੱਖ ਲਗਪਗ ਹਰ ਮਾਮਲੇ ਵਿਚ ਮੋਹਰੀ ਰਹੇ ਹਨ। ਜਿਸ ਵੇਲੇ ਕਰੀਬੀ ਰਿਸ਼ਤੇਦਾਰ ਵੀ ਕਰੋਨਾ ਦੇ ਡਰੋਂ ਆਪਣੇ ਫ਼ੌਤ ਹੋਏ ਰਿਸ਼ਤੇਦਾਰਾਂ ਦੇ ਸਸਕਾਰ ਕਰਨ ਤੋਂ ਕਤਰਾਉਂਦੇ ਸਨ ਤਾਂ ਸਿੱਖ ਵਾਲੰਟੀਅਰਾਂ ਨੇ ਅੱਗੇ ਆ ਕੇ ਇਹ ਸੇਵਾ ਵੀ ਨਿਭਾਈ।
ਕੀ ਕਾਰਨ ਹੈ ਕਿ ਸਿੱਖ ਇਸ ਕਿਸਮ ਦੀ ਮਿਸਾਲੀ ਸੇਵਾ ਨਿਭਾ ਪਾਉਂਦੇ ਹਨ। ਇਸ ਦਾ ਜਵਾਬ ਸਿੱਖ ਧਰਮ ’ਚੋਂ ਮਿਲਦਾ ਹੈ। ਬਿਨਾਂ ਸ਼ੱਕ, ਬਾਕੀ ਸਾਰੇ ਧਰਮਾਂ ਦੀ ਤਰ੍ਹਾਂ ਸਿੱਖ ਧਰਮ ਵੀ ਸਰਬਵਿਆਪੀ ਮੁਹੱਬਤ ਦਾ ਹਾਮੀ ਹੈ, ਨਿਰਸਵਾਰਥ ਭਾਵ ਅਤੇ ਖਲੂਸ ਨੂੰ ਹੱਲਾਸ਼ੇਰੀ ਤੇ ਵਾਧਾ ਦਿੰਦਾ ਹੈ। ਪਰ ਬਾਕੀ ਸਾਰੇ ਧਰਮ ਜਿੱਥੇ ਪਹੁੰਚ ਕੇ ਰੁਕ ਜਾਂਦੇ ਹਨ, ਸਿੱਖ ਧਰਮ ਉੱਥੋਂ ਅੱਗੇ ਜਾਂਦਾ ਹੈ ਅਤੇ ਇਹੀ ਸਿੱਖੀ ਦੀ ਮੂਲ ਪਛਾਣ ਹੈ। ਦੂਜਿਆਂ ਦੀ ਸੇਵਾ ਆਮ ਸਿੱਖ ਦੀ ਬੰਦਗੀ ਦੇ ਨਿੱਤਨੇਮ ਦਾ ਅਹਿਮ ਅੰਗ ਹੈ, ਖ਼ਾਸਕਰ ਉਹ ਸੇਵਾ ਜੋ ਗੁਰੂਘਰਾਂ ਅੰਦਰ ਨਿਭਾਉਂਦੇ ਹਨ।
ਇਹ ਠੀਕ ਹੈ ਕਿ ਦੂਜੇ ਧਰਮਾਂ ਵਿਚ ਵੀ ਸੰਤ, ਮਹਿਰਮ ਤੇ ਗੁਣੀ ਗਿਆਨੀ ਹੋਏ ਹਨ ਪਰ ਸਿੱਖ ਧਰਮ ਵਿਚ ਇਹ ਸੇਵਾ ਸਿਰਫ਼ ਸੰਤ ਮਹਾਤਮਾ ਹੀ ਨਹੀਂ ਸਗੋਂ ਆਮ ਸਿੱਖ ਨਿਭਾਉਂਦਾ ਹੈ। ਕੋਈ ਵੱਡਾ ਪੁਜਾਰੀ ਨਹੀਂ ਸਗੋਂ ਅਰਦਾਸ ਕਰਨ ਵਾਲਾ ਹਰ ਸਿੱਖ ਸੇਵਾ ਦੀ ਦਾਤ ਮੰਗਦਾ ਹੈ ਤੇ ਫਿਰ ਉਹ ਹੀ ਨਾਇਕ ਬਣ ਕੇ ਮੈਦਾਨ ਵਿਚ ਆਉਂਦਾ ਹੈ। ਇਹ ਸਧਾਰਨ ਸਿੱਖ ਹੀ ਹਨ ਜੋ ਦੂਜਿਆਂ ਦੀ ਬਾਂਹ ਫੜ ਕੇ ਤੇ ਨਿਰਸਵਾਰਥ ਸੇਵਾ ਕਰ ਕੇ ਆਪਣੇ ਧਰਮ ਦੇ ਮੂਲ ਤੇ ਇਸ ਦੇ ਅੰਤਰੀਵ ਨੂੰ ਬੁਲੰਦ ਕਰਦੇ ਹਨ।
ਸਭ ਤੋਂ ਪਹਿਲਾਂ ਜਦੋਂ ਤੁਸੀਂ ਗੁਰਦੁਆਰੇ ਅੰਦਰ ਜਾਂਦੇ ਹੋ ਤਾਂ ਦਰਾਂ ’ਤੇ ਤੁਹਾਡੇ ਜੋੜੇ ਲੈਣ ਲਈ ਇਕ ਸ਼ਖ਼ਸ ਖੜ੍ਹਾ ਹੁੰਦਾ ਹੈ, ਫਿਰ ਅੱਗੇ ਕੋਈ ਗੁਰੂਘਰ ਦੇ ਫ਼ਰਸ਼ ਨੂੰ ਲਿਸ਼ਕਾ ਰਿਹਾ ਹੁੰਦਾ ਹੈ ਅਤੇ ਕੋਈ ਲੰਗਰ ਘਰ ਵਿਚ ਗਰਮੀਆਂ ਵਿਚ ਵੀ ਅੱਗ ਦੇ ਸੇਕ ਦੀ ਪ੍ਰਵਾਹ ਨਾ ਕਰਦੇ ਹੋਏ ਕੋਈ ਸੰਗਤ ਲਈ ਲੰਗਰ ਤਿਆਰ ਕਰ ਰਿਹਾ ਹੁੰਦਾ ਹੈ। ਸੇਵਾ ਦੇ ਕਾਰਜਾਂ ਦਾ ਇਹ ਨਿੱਤਨੇਮ ਹੀ ਸਿੱਖਾਂ ਨੂੰ ਉੁੱਥੇ ਤੱਕ ਅੱਪੜਨ ਲਈ ਪ੍ਰੇਰਦਾ ਹੈ, ਜਿੱਥੇ ਨੇੜੇ ਤੇੜੇ ਕੋਈ ਗੁਰਦੁਆਰਾ ਵੀ ਨਹੀਂ ਹੁੰਦਾ। ਇਸ ਦੇ ਬਾਵਜੂਦ ਉਹ ਇਸ ਨੂੰ ‘ਕਾਰ ਸੇਵਾ’ ਕਹਿੰਦੇ ਹਨ ਕਿਉਂਕਿ ਰੱਬ ਹਰ ਥਾਈਂ ਹੈ। ਸਿੱਖ ਧਰਮ ਵਿਚ ਕੋਈ ਮਹਾਨ, ਪਹੁੰਚੇ ਹੋਏ ਸ਼ਖ਼ਸ ਜਾਂ ਸੰਤ ਮਹਾਤਮਾ ਹੀ ਆਮ ਲੋਕਾਂ ਦੀ ਸੇਵਾ ਨਹੀਂ ਕਰਦੇ ਸਗੋਂ ਸਧਾਰਨ ਲੋਕ ਹੀ ਸਧਾਰਨ ਲੋਕਾਂ ਦੀ ਸੇਵਾ ਕਰਦੇ ਹਨ। ਸਿੱਖੀ ਵਿਚ ਗੁਰੂ ਦੀ ਸੇਵਾ ਵਾਸਤੇ ਕਿਸੇ ਲਈ ਕੋਈ ਖ਼ਾਸ ਅਧਿਕਾਰ ਨਹੀਂ ਹੈ ਕਿ ਇਹ ਕਾਰਜ ਕੋਈ ਮੌਲਵੀ ਜਾਂ ਮਹੰਤ ਹੀ ਨਿਭਾ ਸਕਦਾ ਹੈ ਸਗੋਂ ਇਹ ਨਿੱਤਨੇਮ ਆਮ ਲੋਕਾਂ ਵਲੋਂ ਨਿਭਾਇਆ ਜਾਂਦਾ ਹੈ ਜਿਨ੍ਹਾਂ ਵਿਚ ਗ਼ੈਰ-ਸਿੱਖ ਵੀ ਸ਼ਾਮਲ ਹੁੰਦੇ ਹਨ।
ਜੇ ਗੁਰਦੁਆਰੇ ਪਾਕ-ਸਾਫ਼ ਨਜ਼ਰ ਆਉਂਦੇ ਹਨ, ਲਗਾਤਾਰ ਅਤੁੱਟ ਲੰਗਰ ਵਰਤਦੇ ਰਹਿੰਦੇ ਹਨ ਅਤੇ ਹਰ ਕਿਸੇ ਲਈ ਰਹਿਣ ਦੀ ਥਾਂ ਮਿਲ ਜਾਂਦੀ ਹੈ ਤਾਂ ਇਹ ਸਭ ਇਸ ਕਰ ਕੇ ਹੁੰਦਾ ਹੈ ਕਿਉਂਕਿ ਸ਼ਰਧਾਵਾਨ ਸਿੱਖ ਸੇਵਾ ਦਾ ਨਿੱਤਨੇਮ ਬੰਦਗੀ ਦੀ ਤਰ੍ਹਾਂ ਹੀ ਸਹਿਜ-ਭਾਵ ਨਾਲ ਨਿਭਾਉਂਦਾ ਹੈ ਨਾ ਕਿ ਆਪਣੇ ਆਪ ਨੂੰ ਕੁਝ ਵੱਡਾ ਜਾਂ ਖ਼ਾਸ ਸਿੱਧ ਕਰਨ ਵਾਸਤੇ। ਇਹ ਸੇਵਾ ਨਿਭਾਉਣ ਵਾਸਤੇ ਸਿੱਖਾਂ ਨੂੰ ਕਿਸੇ ਗ੍ਰੰਥੀ, ਪੁਜਾਰੀ ਜਾਂ ਰਾਗੀ ਦੀ ਲੋੜ ਨਹੀਂ ਪੈਂਦੀ ਤੇ ਨਾ ਹੀ ਕਿਸੇ ਨੇਕ ਬੰਦੇ ਦੇ ਹਸਤਾਖਰ ਦੀ। ਸੰਗਤ ਨਾ ਕੇਵਲ ਮਿਲ ਕੇ ਅਰਦਾਸ ਕਰਦੀ ਹੈ, ਸਗੋਂ ਮਿਲ ਕੇ ਸੇਵਾ ਵੀ ਕਰਦੀ ਹੈ। ਕਿਸੇ ਦੈਵੀ ਸ਼ਕਤੀ ਵਲੋਂ ਤੈਅ ਕੀਤੇ ਗਏ ਖ਼ਾਸ ਮੌਕਿਆਂ ’ਤੇ ਹੀ ਅਜਿਹਾ ਨਹੀਂ ਕੀਤਾ ਜਾਂਦਾ। ਸੇਵਾ ਤਾਂ ਨਿੱਤਨੇਮ ਹੈ, ਜਿਸ ਤੋਂ ਬਿਨਾਂ ਹਰ ਸਿੱਖ ਦੀ ਬੰਦਗੀ ਦਾ ਨਿੱਤਨੇਮ ਅਧੂਰਾ ਹੈ। ਸਿੱਖੀ ’ਚ ਦਾਨ ਦੀ ਆਪਣੇ ਆਪ ’ਚ ਕੋਈ ਅਹਿਮੀਅਤ ਨਹੀਂ ਹੈ। ਜਦੋਂ ਸਿੱਖ ਕਿਸੇ ਦੂਜੇ ਦੀ ਮਦਦ ਕਰਨ ਵਾਸਤੇ ਅੱਗੇ ਆਉਂਦਾ ਹੈ ਤਾਂ ਇਹ ਦਾਨ/ਤਰਸ ਨਹੀਂ ਸਮਝਿਆ ਜਾਂਦਾ ਸਗੋਂ ਪਹਿਲਾਂ ਸੇਵਾ ਦਾ ਭਾਵ ਪੈਦਾ ਹੁੰਦਾ ਹੈ। ਹੋਰਨਾਂ ਧਰਮਾਂ ਦੀ ਤਰ੍ਹਾਂ ਉਨ੍ਹਾਂ ਦੇ ਦਿਲ ਦਿਮਾਗ ਵਿਚ ਸਭ ਤੋਂ ਉਪਰ ਦਾਨ/ਤਰਸ (Charity) ਦਾ ਭਾਵ ਨਹੀਂ ਸਗੋਂ ਸੇਵਾ ਦਾ ਭਾਵ ਉਪਜਦਾ ਹੈ। ਸੇਵਾ ਵਧੇਰੇ ਕਰ ਕੇ ਫ਼ੌਰੀ ਅਤੇ ਹੱਥੀਂ ਕੀਤੀ ਜਾਂਦੀ ਹੈ। ਦਾਨ ਜਾਂ ਭੇਟਾ ਦਾ ਉਹ ਮਹੱਤਵ ਨਹੀਂ ਜੋ ਦੂਰ-ਪਾਰੋਂ ਵੀ ਕੀਤੀ ਜਾ ਸਕਦੀ ਹੈ। ਸੇਵਾ ਨਿਰੋਲ ਦਾਨ ਤੋਂ ਉਤਮ ਸ਼ੈਅ ਹੈ ਖ਼ਾਸਕਰ ਜਦੋਂ ਰੱਬ ਦੇ ਘਰ ਵਿਚ ਸੇਵਾ ਨਿਭਾਈ ਜਾਂਦੀ ਹੈ ਤਾਂ ਦਾਨ/ਤਰਸ (Charity) ਦਾ ਭਾਵ ਪਿਛਾਂਹ ਰਹਿ ਜਾਂਦਾ ਹੈ।
ਸਿੱਖਾਂ ਦਾ ਇਹ ਖਾਸਾ ਔਖੀਆਂ ਘੜੀਆਂ ਵਿਚ ਉਨ੍ਹਾਂ ਨੂੰ ਹੋਰਨਾਂ ਤੋਂ ਵੱਖ ਕਰਦਾ ਹੈ। ਇਹ ਗੱਲ ਨਹੀਂ ਹੈ ਕਿ ਸਿੱਖ ਕਿਸੇ ਰਹੱਸਮਈ ਜੈਨੇਟਿਕ/ਖ਼ਾਨਦਾਨੀ ਕਾਰਨਾਂ ਕਰ ਕੇ ਬਹਾਦਰ ਹੁੰਦੇ ਹਨ ਸਗੋਂ ਜਦੋਂ ਉਹ ਕਿਸੇ ਖ਼ਤਰਨਾਕ ਵਾਇਰਸ ਜਾਂ ਜੰਗ ਦੇ ਮੈਦਾਨ ਵਿਚ ਨਿੱਤਰਦੇ ਹਨ ਤਾਂ ਬਹੁਤਾ ਨਹੀਂ ਸੋਚਦੇ। ਉਹ ਮਰਾਠਿਆਂ, ਗੋਰਖਿਆਂ, ਰਾਜਪੂਤਾਂ ਜਿਹੀਆਂ ਕੌਮਾਂ ਵਾਂਗ ਹੀ ਬਹਾਦਰ ਹਨ ਪਰ ਸਿੱਖਾਂ ਦੀ ਬਹਾਦਰੀ ਵਿਚ ਬਹਾਦਰੀ ਦਾ ਭਾਵ ਪਹਿਲਾਂ ਨਹੀਂ ਆਉਂਦਾ ਸਗੋਂ ਸੇਵਾ ਦਾ ਹੀ ਆਉਂਦਾ ਹੈ, ਜਿੱਥੇ ਉਹ ਹੋਰਨਾਂ ਤੋਂ ਫ਼ਰਕ ਕਰਦੇ ਹਨ। ਬਾਹਰੋਂ ਕੋਈ ਸਿੱਖ ਤੁਹਾਨੂੰ ‘ਰੈਂਬੋ’ ਨਜ਼ਰ ਆ ਸਕਦਾ ਹੈ ਪਰ ਜਦੋਂ ਤੁਸੀਂ ਉਸ ਨੂੰ ਕਿਸੇ ਗੁਰੂਘਰ ਵਿਚ ਪਾਓਗੇ ਤਾਂ ਉੱਥੇ ਉਹ ਸੱਚਾ ਸ਼ਰਧਾਵਾਨ ਹੀ ਨਜ਼ਰ ਪਵੇਗਾ।
ਗੁਰੂਘਰ ਵਿਚ ਸਿੱਖਾਂ ਵਲੋਂ ਗੋਲਕ ਵਿਚ ਪਾਈ ਜਾਂਦੀ ਮਾਇਆ ਦੀ ਕੋਈ ਉਚੇਚ ਨਹੀਂ ਕੀਤੀ ਜਾਂਦੀ। ਚੁੱਪ ਚੁਪੀਤੇ ਗੋਲਕ ਵਿਚ ਮਾਇਆ ਪਾ ਦਿੱਤੀ ਜਾਂਦੀ ਹੈ। ਕੀਹਨੇ ਕਿੰਨੀ ਮਾਇਆ ਪਾਈ, ਇਹ ਕੋਈ ਬੰਦਾ ਨਹੀਂ ਜਾਣਦਾ, ਕੋਈ ਰਸੀਦ ਨਹੀਂ, ਸ਼ਰਧਾਲੂ ਦੀ ਫਰਾਖਦਿਲੀ ਦਾ ਲਾਊਡਸਪੀਕਰ ’ਤੇ ਕੋਈ ਵਖ਼ਾਨ ਨਹੀਂ ਕੀਤਾ ਜਾਂਦਾ ਤੇ ਇਹ ਭਾਈਚਾਰੇ ਅੰਦਰ ਇਕ ਬੇਮਿਸਾਲ ਬਰਾਬਰੀ ਦਾ ਅਹਿਸਾਸ ਪੈਦਾ ਕਰਦਾ ਹੈ। ਅਮੀਰ ਹੋਵੇ ਜਾਂ ਕੋਈ ਗ਼ਰੀਬ, ਸੁਭਾਇਮਾਨ ਗੁਰੂ ਸਾਹਿਬ ਅੱਗੇ ਨਿਵ ਕੇ ਸਭ ਬਰਾਬਰ ਹੋ ਜਾਂਦੇ ਹਨ।
ਸੇਵਾ ਦੀ ਰਸਮ ਦਾ ਇਹ ਕੇਂਦਰੀ ਭਾਵ ਹੀ ਸਿੱਖ ਧਰਮ ਨੂੰ ਹੋਰਨਾਂ ਧਰਮਾਂ ਤੋਂ ਵੱਖ ਕਰਦਾ ਹੈ ਤੇ ਇਸ ਦਾ ਬੇਮਿਸਾਲ ਤੇ ਵਿਲੱਖਣ ਪਹਿਲੂ ਹੈ। ਇਹੀ ਉਹ ਚੀਜ਼ ਹੈ ਜੋ ਇਹ ਖੁਲਾਸਾ ਕਰਦੀ ਹੈ ਕਿ ਇੰਨੇ ਸਿੱਖ ਗੁਰਦੁਆਰਿਆਂ ਅੰਦਰ ਅਤੇ ਉਨ੍ਹਾਂ ਤੋਂ ਬਾਹਰ ਆਪਣੀ ਜਾਨਾਂ ਦੀ ਪ੍ਰਵਾਹ ਨਾ ਕਰਦੇ ਹੋਏ ਕਿਵੇਂ ਲੋੜਵੰਦ ਮਰੀਜ਼ਾਂ ਦੀ ਸੇਵਾ ਕਰਨ ਲਈ ਹਰ ਦਮ ਤਿਆਰ ਰਹਿੰਦੇ ਹਨ। ਜਦੋਂ ਹੋਰ ਲੋਕ ਪਾਸਾ ਵੱਟ ਜਾਂਦੇ ਹਨ ਜਾਂ ਫਿਰ ਆਪਣੀ ਬੇਵਸੀ ਜ਼ਾਹਰ ਕਰਦੇ ਹਨ ਤਾਂ ਇਸ ਖਾਈ ਨੂੰ ਪੂਰਨ ਲਈ ਕਿਸੇ ਸਿੱਖ ’ਤੇ ਵਿਸ਼ਵਾਸ ਕੀਤਾ ਜਾਂਦਾ ਹੈ। ਜੇ ਇਸ ਨੂੰ ਲੋਕਪ੍ਰਿਅ ਲਹਿਜ਼ੇ ਵਿਚ ਸਮੇਟਣਾ ਹੋਵੇ ਤਾਂ ਇੰਜ ਹੈ: ‘ਸੇਵਾ ਕਰਨ ਵਾਲਾ ਹਰ ਸਿੱਖ ਸਵਾ ਲੱਖ ਦੇ ਬਰਾਬਰ ਹੁੰਦਾ ਹੈ।’
*ਲੇਖਕ ਅੰਤਰਰਾਸ਼ਟਰੀ ਪੱਧਰ ’ਤੇ ਜਾਣਿਆ ਜਾਂਦਾ ਉੱਘਾ ਸਮਾਜ ਸ਼ਾਸਤਰੀ ਹੈ। ਉਹ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਜ਼ ਵਿਚ ਕਰੀਬ ਤਿੰਨ ਦਹਾਕਿਆਂ ਤੱਕ ਸਮਾਜ ਸ਼ਾਸਤਰ (Sociology) ਪੜ੍ਹਾਉਂਦਾ ਰਿਹਾ ਹੈ। ਇਹ ਲੇਖ ਮੂਲ ਰੂਪ ਵਿੱਚ ਪਹਿਲਾਂ ‘ਟਾਈਮਜ਼ ਆਫ ਇੰਡੀਆ’ ਵਿੱਚ ਛਪਿਆ ਹੈ।