ਜਗਬੀਰ ਕੌਰ
ਸੈਰ-ਸਪਾਟਾ ਰੁਝੇਵਿਆਂ ਭਰੇ ਜੀਵਨ ’ਚ ਸੱਜਰਾਪਣ ਲਿਆਉਣ ਅਤੇ ਵੱਖ ਵੱਖ ਖਿੱਤਿਆਂ ਦੇ ਰੰਗ ਮਾਣ ਕੇ ਸੋਚ ਤੇ ਤਜਰਬੇ ਦਾ ਦਾਇਰਾ ਵਿਸ਼ਾਲ ਕਰਨ ’ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸੇ ਤਾਂਘ ਨਾਲ ਆਪਣੇ ਪਰਿਵਾਰਕ ਮੈਂਬਰਾਂ ਨਾਲ ਮੱਧ ਸਤੰਬਰ ਦੌਰਾਨ ਹਿਮਾਚਲ ਪ੍ਰਦੇਸ਼ ਦੀ ਚੰਡੀਗੜ੍ਹ ਤੋਂ ਕਿਸੇ ਨੇੜਲੀ ਜਗ੍ਹਾ ਦੇ ਸਫ਼ਰ ਦਾ ਮਨ ਬਣਾਇਆ। ਸਭ ਤੋਂ ਪਹਿਲਾਂ ਕਸੌਲੀ ਦਾ ਚੇਤਾ ਆਇਆ, ਪਰ ਕਸੌਲੀ ਪਹਿਲਾਂ ਵੀ ਕਈ ਵਾਰ ਜਾਣ ਕਰਕੇ ਕਿਸੇ ਨਵੀਂ ਥਾਂ ਦਾ ਪ੍ਰਕਿਰਤਿਕ ਜਲੌਅ ਦੇਖਣ ਦੀ ਇੱਛਾ ਸੀ। ਸੋਚ-ਵਿਚਾਰ ਮਗਰੋਂ ਬੜੋਗ ਜਾਣ ਦਾ ਸਬੱਬ ਬਣਿਆ ਜੋ ਲਗਭਗ ਕਸੌਲੀ ਜਿੰਨੀ ਵਾਟ ਹੀ ਪੈਂਦਾ ਹੈ।
ਬੜੋਗ, ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਸੋਲਨ ਵਿੱਚ ਵਸਿਆ ਛੋਟਾ ਕਸਬਾ ਹੈ। ਇਹ ਚੰਡੀਗੜ੍ਹ ਤੋਂ ਤਕਰੀਬਨ 60 ਕਿਲੋਮੀਟਰ ਦੂਰੀ ’ਤੇ ਹੈ ਜੋ ਕਾਲਕਾ-ਸ਼ਿਮਲਾ ਕੌਮੀ ਸ਼ਾਹਰਾਹ ’ਤੇ ਕੁਮਾਰਹੱਟੀ ਤੋਂ ਮੁੜ ਕੇ 4 ਕਿਲੋਮੀਟਰ ਦੂਰ ਹੈ। ਇੱਥੇ ਪੈਂਦਾ ਬੜੋਗ ਰੇਲਵੇ ਸਟੇਸ਼ਨ ਕਾਲਕਾ-ਸ਼ਿਮਲਾ ਵਿਰਾਸਤੀ ਰੇਲ ਰੂਟ ਦਾ ਸ਼ਿੰਗਾਰ ਹੈ।
ਅਸੀਂ ਕਾਲਕਾ-ਸ਼ਿਮਲਾ ਕੌਮੀ ਸ਼ਾਹਰਾਹ ਤੋਂ ਹੁੰਦੇ ਹੋਏ ਬਾਅਦ ਦੁਪਹਿਰ ਬੜੋਗ ਪੁੱਜੇ, ਜਿੱਥੇ ਚੀਲ ਤੇ ਦੇਵਦਾਰ ਜਿਹੇ ਰੁੱਖਾਂ ਦਾ ਲਬਿਾਸ ਪਹਿਨੀ ਬੈਠੀਆਂ ਵਾਦੀਆਂ ’ਚ ਹੋ ਰਹੀ ਬੂੰਦਾਬਾਂਦੀ ਅਤੇ ਮਨਮੋਹਕ ਕੁਦਰਤੀ ਨਜ਼ਾਰਿਆਂ ਨੇ ਰੂਹ ਖ਼ੁਸ਼ ਕਰ ਦਿੱਤੀ। ਪਹਿਲਾਂ ਪਹਾੜੀ ਚੋਟੀ ’ਤੇ ਸਥਿਤ ਹੋਟਲ ਪੁੱਜੇ, ਜਿੱਥੋਂ ਸ਼ਾਮ ਨੂੰ ਬੜੋਗ ਰੇਲਵੇ ਸਟੇਸ਼ਨ ਦੇਖਣ ਜਾਣਾ ਸੀ, ਪਰ ਮੌਸਮ ਦੇ ਪਲ ਪਲ ਬਦਲ ਰਹੇ ਮਿਜ਼ਾਜ ਤੇ ਹੁਸੀਨ ਨਜ਼ਾਰਿਆਂ ਨੇ ਬੰਨ੍ਹ ਕੇ ਬਿਠਾ ਲਿਆ ਤੇ ਅਸੀਂ ਬੜੋਗ ਰੇਲਵੇ ਸਟੇਸ਼ਨ ਅਗਲੇ ਦਿਨ ਜਾਣ ਦਾ ਮਨ ਬਣਾਇਆ।
ਇਸ ਪਹਾੜੀ ਇਲਾਕੇ ਵਿੱਚ ਆਮ ਤੌਰ ’ਤੇ ਜੁਲਾਈ, ਅਗਸਤ, ਸਤੰਬਰ ਦੌਰਾਨ ਮੌਨਸੂਨ ਸੀਜ਼ਨ ’ਚ ਵਾਦੀ ਦੀ ਚੋਟੀ ’ਤੇ ਬੱਦਲ ਬਿਲਕੁਲ ਨੇੜੇ ਤੇ ਆਸ-ਪਾਸ ਖਹਿੰਦੇ ਪ੍ਰਤੀਤ ਹੁੰਦੇ ਹਨ ਤੇ ਕੁਦਰਤ ਦਾ ਜੋਬਨ ਸਿਖਰ ’ਤੇ ਹੁੰਦਾ ਹੈ। ਕਦੇ ਘੁਲੇ ਹੋਏ ਬੱਦਲ ਧੁੰਦਲੇ ਸ਼ੀਸ਼ੇ ਵਾਂਗ ਪਹਾੜਾਂ ਦੀ ਸਾਰੀ ਹਰਿਆਵਲ ਨੂੰ ਢਕ ਲੈਂਦੇ ਹਨ ਤੇ ਕਦੇ ਪਲਕ ਝਪਕਦਿਆਂ ਹੀ ਮੌਸਮ ਸਾਫ਼ ਹੋਣ ਨਾਲ ਹਰੀ ਚਾਦਰ ਫਿਰ ਉੱਭਰ ਆਉਦੀ ਹੈ। ਆਥਣ ਵੇਲੇ ਨੀਲੇ ਆਸਮਾਨ ’ਤੇ ਟਹਿਲਦੇ ਬੱਦਲਾਂ ’ਚ ਛਿਪਦਾ ਸੂਰਜ ਸੋਨੇ ਵਰਗੀ ਅਜਿਹੀ ਭਾਹ ਮਾਰਦਾ ਹੈ ਕਿ ਕੁਦਰਤ ਦੇ ਇੱਕੋ ਫਰੇਮ ਵਿੱਚ ਕਈ ਰੰਗ ਦਿਸਦੇ ਪ੍ਰਤੀਤ ਹੁੰਦੇ ਹਨ। ਇਨ੍ਹਾਂ ਵਾਦੀਆਂ ’ਚ ਅਕਤੂਬਰ ਤੋਂ ਮਾਰਚ ਤੱਕ ਠੰਢ ਰਹਿੰਦੀ ਹੈ ਤੇ ਦਸੰਬਰ-ਜਨਵਰੀ ਦੌਰਾਨ ਅਤਿ ਦੀ ਸਰਦੀ ’ਚ ਪਹਾੜੀ ਚੋਟੀ ’ਤੇ ਕਦੇ-ਕਦਾਈਂ ਬਰਫ਼ਬਾਰੀ ਦਾ ਆਨੰਦ ਵੀ ਮਾਣਨ ਨੂੰ ਮਿਲਦਾ ਹੈ।
ਇਸ ਮਨਮੋਹਕ ਸੈਲਾਨੀ ਸਥਾਨ ਦੀ ਖ਼ਾਸੀਅਤ ਹੈ ਨੈਰੋਗੇਜ ਲਾਈਨ ਵਾਲਾ ਬੜੋਗ ਰੇਲਵੇ ਸਟੇਸ਼ਨ। ਰੇਲਵੇ ਸਟੇਸ਼ਨ ਲਈ ਬੜੋਗ-ਸੋਲਨ ਰੋਡ ’ਤੇ ਗੱਡੀ ਖੜ੍ਹੀ ਕਰ ਕੇ ਤਕਰੀਬਨ 400 ਮੀਟਰ ਟਰੈਕਿੰਗ ਕਰ ਕੇ ਹੇਠਾਂ ਜਾਣਾ ਪੈਂਦਾ ਹੈ ਜੋ ਬਹੁਤ ਹੀ ਦਿੱਲ-ਖਿੱਚਵਾਂ ਰਸਤਾ ਹੈ ਤੇ ਹਲਕੀ ਬਾਰਸ਼ ਦੌਰਾਨ ਇਸ ਰਾਹ ਦੀ ਹਰਿਆਵਲ ਹੋਰ ਵੀ ਨਿੱਖਰ ਜਾਂਦੀ ਹੈ ਤੇ ਰੰਗ-ਬਿਰੰਗੇ ਫੁੱਲ ਝਾਤੀਆਂ ਮਾਰਨ ਲੱਗ ਜਾਂਦੇ ਹਨ।
ਇਸ ਸੈਲਾਨੀ ਸਥਾਨ ਦੇ ਨਾਮ ‘ਬੜੋਗ’ ਦਾ ਨਾਤਾ ਇੱਥੋਂ ਦੀ ਰੇਲਵੇ ਸੁਰੰਗ ਨੰਬਰ 33 ਨਾਲ ਹੈ। ਬੜੋਗ ਰੇਲਵੇ ਸਟੇਸ਼ਨ ’ਤੇ ਸੁਰੰਗ ਨੰਬਰ 33 ਕੋਲ ਇਸ ਦਾ ਇਤਿਹਾਸ ਦਰਸਾਉਂਦਾ ਬੋਰਡ ਲੱਗਿਆ ਹੋਇਆ ਹੈ ਜਿਸ ਅਨੁਸਾਰ ਇਹ ਸੁਰੰਗ ਕਾਲਕਾ-ਸ਼ਿਮਲਾ ਰੇਲਵੇ ਰੂਟ ’ਤੇ ਸਭ ਤੋਂ ਲੰਬੀ (1143.61 ਮੀਟਰ) ਸੁਰੰਗ ਹੈ। ਇਹ ਬਹੁਤ ਸਮੇਂ ਤੱਕ ਭਾਰਤ ਦੀ ਦੂਜੀ ਸਭ ਤੋਂ ਲੰਬੀ ਸੁਰੰਗ ਰਹੀ। ਇਸ ਦਾ ਨਿਰਮਾਣ ਕਾਰਜ ਚੀਫ ਇੰਜਨੀਅਰ ਐਚ ਐੱਸ ਹੈਰਿੰਗਟਨ ਨੇ ਸੋਲਨ ਜ਼ਿਲ੍ਹੇ ਦੇ ਹੀ ਵਾਸੀ ਬਾਬਾ ਭਲਕੂ (ਜਿਨ੍ਹਾਂ ਨੂੰ ਸਮਰਪਿਤ ਬਾਬਾ ਭਲਕੂ ਰੇਲਵੇ ਮਿਊਜ਼ੀਅਮ ਸ਼ਿਮਲਾ ਵਿੱਚ ਸਥਿਤ ਹੈ) ਦੇ ਮਾਰਗਦਰਸ਼ਨ ਨਾਲ ਜੁਲਾਈ 1900 ਤੋਂ ਸਤੰਬਰ 1903 ਦੌਰਾਨ 8 ਲੱਖ 40 ਹਜ਼ਾਰ ਰੁਪਏ ਦੀ ਲਾਗਤ ਨਾਲ ਸਿਰੇ ਚੜ੍ਹਾਇਆ ਸੀ। ਇਸ ਸੁਰੰਗ ਦਾ ਨਾਮ ਬ੍ਰਿਟਿਸ਼ ਰੇਲਵੇ ਇੰਜਨੀਅਰ ਕਰਨਲ ਬੜੋਗ ਦੇ ਨਾਮ ’ਤੇ ਪਿਆ। ਬੋਰਡ ’ਤੇ ਉੱਕਰੇ ਇਤਿਹਾਸ ਅਨੁਸਾਰ ਪਹਿਲਾਂ ਕਰਨਲ ਬੜੋਗ ਨੂੰ ਇਹ ਸੁਰੰਗ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਕਰਨਲ ਬੜੋਗ ਨੇ ਦੋਵਾਂ ਸਿਰਿਆਂ ਤੋਂ ਸੁਰੰਗ ਪੁਟਵਾਉਣੀ ਸ਼ੁਰੂ ਕਰਵਾ ਦਿੱਤੀ, ਪਰ ਮੱਧ ਵਿਚ ਆ ਕੇ ਇਹ ਦੋਵੇਂ ਸਿਰੇ ਆਪਸ ਵਿੱਚ ਨਹੀਂ ਮਿਲੇ ਜਿਸ ਕਾਰਨ ਕਰਨਲ ਬੜੋਗ ਦਾ ਪ੍ਰਾਜੈਕਟ ਸਫ਼ਲ ਨਹੀਂ ਹੋ ਸਕਿਆ। ਇਸ ਕਾਰਨ ਬਰਤਾਨਵੀ ਸਰਕਾਰ ਨੇ ਕਰਨਲ ਬੜੋਗ ਨੂੰ ਇਕ ਰੁਪਿਆ ਜੁਰਮਾਨਾ ਕਰ ਦਿੱਤਾ। ਇਸ ਨਮੋਸ਼ੀ ਨੂੰ ਨਾ ਸਹਾਰਦਿਆਂ ਕਰਨਲ ਬੜੋਗ ਨੇ ਖ਼ੁਦਕੁਸ਼ੀ ਕਰ ਲਈ। ਇਸ ਪਿੱਛੋਂ ਇਸ ਜਗ੍ਹਾ ਦਾ ਨਾਮ ਉਸ ਦੇ ਨਾਮ ’ਤੇ ਰੱਖ ਦਿੱਤਾ ਗਿਆ। ਕਰਨਲ ਬੜੋਗ ਵੱਲੋਂ ਉਸਾਰੀ ਪੁਰਾਣੀ ਸੁਰੰਗ ਨਵੀਂ ਸੁਰੰਗ ਤੋਂ ਕਰੀਬ 1.7 ਕਿਲੋਮੀਟਰ ਦੂਰੀ ’ਤੇ ਹੈ, ਜੋ ਕਿ ਬੰਦ ਪਈ ਹੈ। ਮੁੜ ਬਣੀ ਸੁਰੰਗ ਬਿਲਕੁਲ ਸਿੱਧੀ ਹੈ ਜਿਸ ਦੇ ਇੱਕ ਸਿਰੇ ’ਤੇ ਖੜ੍ਹੇ ਹੋ ਕੇ ਝਾਤ ਮਾਰੀਏ ਤਾਂ ਸਾਹਮਣੇ ਦੂਜਾ ਸਿਰਾ ਦਿਸਦਾ ਹੈ। ਇਸ ਦੀ ਸਮੁੰਦਰ ਤਲ ਤੋਂ ਉਚਾਈ 1531 ਮੀਟਰ ਹੈ।
ਖ਼ਾਸ ਗੱਲ ਇਹ ਹੈ ਕਿ ਇਸ ਰਮਣੀਕ ਰੇਲਵੇ ਸਟੇਸ਼ਨ ’ਤੇ ਮੁਸਾਫ਼ਿਰਾਂ ਦੇ ਰੁਕਣ ਲਈ ਕਾਟੇਜ ਅਤੇ ਕਮਰਿਆਂ ਦੀ ਵੀ ਸਹੂਲਤ ਹੈ ਜਿਨ੍ਹਾਂ ਦਾ ਕਿਰਾਇਆ ਪ੍ਰਤੀ ਦਿਨ ਲਗਭਗ 1000 ਰੁਪਏ ਤੋਂ 2000 ਰੁਪਏ ਹੈ। ਢਲਵੀਆਂ ਛੱਤਾਂ ਵਾਲੇ ਤੇ ਲੱਕੜ ਦੀ ਕਾਰੀਗਰੀ ਵਾਲੇ ਇਹ ਕਮਰੇ, ਸਟੇਸ਼ਨ ਮਾਸਟਰ ਦਾ ਕਮਰਾ, ਕੰਟੀਨ ਤੇ ਪਲੈਟਫਾਰਮ ਬਿਹਤਰੀਨ ਕਾਰੀਗਰੀ ਦਾ ਨਮੂਨਾ ਹਨ। ਇਨ੍ਹਾਂ ਇਮਾਰਤਾਂ ਦੀਆਂ ਕੰਧਾਂ ਨੂੰ ਪੁਰਾਣੀਆਂ ਰੇਲਾਂ ਦੀਆਂ ਪੇਂਟਿੰਗਜ਼ ਨਾਲ ਸ਼ਿੰਗਾਰਿਆ ਗਿਆ ਹੈ। ਸਟੇਸ਼ਨ ਮਾਸਟਰ ਦੇ ਦਫ਼ਤਰ ਅਤੇ ਕਮਰਿਆਂ ਵਿਚਾਲੇ ਚਸ਼ਮੇ ਦੇ ਪਾਣੀ ਦੀਆਂ ਆਵਾਜ਼ਾਂ ਇਸ ਰਮਣੀਕ ਸਥਾਨ ਦੀ ਚੁੱਪ ’ਚ ਸਾਜ਼ ਛੇੜਦੀਆਂ ਜਾਪਦੀਆਂ ਹਨ। ਇਸ ਸਟੇਸ਼ਨ ’ਤੇ ਰੇਲ ਗੱਡੀਆਂ ਤਕਰੀਬਨ ਅੱਠ-ਅੱਠ ਮਿੰਟ ਲਈ ਰੁਕਦੀਆਂ ਹਨ ਤੇ ਮੁਸਾਫ਼ਿਰਾਂ ਦੇ ਖਾਣ-ਪੀਣ ਲਈ ਕੰਟੀਨ ਦੀ ਸਹੂਲਤ ਹੈ। ਕੰਟੀਨ ਚਲਾ ਰਹੇ ਰਾਜਸਥਾਨ ਨਾਲ ਸਬੰਧਤ ਗਣੇਸ਼ ਕੁਮਾਰ ਮਲਹੋਤਰਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ 1971 ਵਿੱਚ ਇੱਥੇ ਕੰਟੀਨ ਸ਼ੁਰੂ ਕੀਤੀ ਸੀ ਤੇ ਹੁੁਣ ਉਹ ਇੱਥੇ ਕੰਮ ਸਾਂਭ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਰਿਹਾਇਸ਼ ਸੋਲਨ ਹੈ ਤੇ ਉਨ੍ਹਾਂ ਦੀ ਮੁਕੰਮਲ ਆਵਾਜਾਈ ਰੇਲ ਰਾਹੀਂ ਹੀ ਹੁੰਦੀ ਹੈ ਤੇ ਰੇਲ ਸਫ਼ਰ ਉਨ੍ਹਾਂ ਦੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣ ਗਿਆ ਹੈ।
ਇਸ ਤਰ੍ਹਾਂ ਇਹ ਖ਼ੂਬਸੂਰਤ ਵਾਦੀਆਂ ਜਿੱਥੇ ਕਾਦਰ ਦੀ ਕਾਇਨਾਤ ਦਾ ਪ੍ਰਤੱਖ ਨਮੂਨਾ ਹਨ, ਉੱਥੇ ਇਨ੍ਹਾਂ ਦੀ ਵਸੋਂ, ਇਮਾਰਤਾਂ, ਆਵਾਜਾਈ ਦੇ ਮਾਰਗ ਤੇ ਲੋਕਾਂ ਦੀ ਜੀਵਨਸ਼ੈਲੀ ਆਪਣੇ ਆਪ ਵਿਚ ਕਈ ਕਹਾਣੀਆਂ ਸਮੋਈ ਬੈਠੇ ਹਨ।
ਸੰਪਰਕ: 80548-76447
ਕਾਲਕਾ-ਸ਼ਿਮਲਾ ਵਿਰਾਸਤੀ ਰੂਟ ਬਾਰੇ
ਬੜੋਗ ਰੇਲਵੇ ਸਟੇਸ਼ਨ ’ਤੇ ਬਣੇ ਥੜ੍ਹੇ ’ਤੇ ਉੱਕਰੇ ਇਤਿਹਾਸ ਅਨੁਸਾਰ ਯੂਨੈਸਕੋ ਵੱਲੋਂ ਵਿਸ਼ਵ ਵਿਰਾਸਤੀ ਜਗਾ ’ਚ ਸ਼ੁਮਾਰ ਤਕਰੀਬਨ 96 ਕਿਲੋਮੀਟਰ ਲੰਬੀ ਕਾਲਕਾ-ਸ਼ਿਮਲਾ ਰੇਲ ਲਾਈਨ ’ਤੇ ਚਾਲੂ ਆਵਾਜਾਈ ਵਾਲੀਆਂ 100 ਤੋਂ ਵੱਧ ਸੁਰੰਗਾਂ ਹਨ ਜਿਨ੍ਹਾਂ ਵਿੱਚੋਂ ਬੜੋਗ ਸੁਰੰਗ ਸਭ ਤੋਂ ਲੰਬੀ ਹੈ। ਇਹ ਰੇਲ ਟਰੈਕ ਯਾਤਰੀਆਂ ਲਈ 9 ਨਵੰਬਰ 1903 ਨੂੰ ਖੋਲ੍ਹਿਆ ਗਿਆ ਸੀ। ਯੂਨੈਸਕੋ ਵੱਲੋਂ ਕਾਲਕਾ-ਸ਼ਿਮਲਾ ਰੇਲਵੇ ਨੂੰ 10 ਜੁਲਾਈ 2008 ਨੂੰ ਵਿਰਾਸਤੀ ਰੁਤਬਾ ਦੇ ਕੇ ‘ਮਾਊਂਟੇਨ ਰੇਲਵੇਅਜ਼ ਆਫ ਇੰਡੀਆ’ ਸੂਚੀ ਵਿਚ ਸ਼ਾਮਲ ਕੀਤਾ ਗਿਆ ਸੀ।