ਮਨਦੀਪ ਰਿੰਪੀ
ਕਥਾ ਪ੍ਰਵਾਹ
ਰਹੀਮ ਦੀ ਗੱਲ ਸੁਣ ਮੈਂ ਘਬਰਾ ਗਈ। ਮੈਨੂੰ ਆਪਣੇ ਕੰਨਾਂ ’ਤੇ ਯਕੀਨ ਨਹੀਂ ਸੀ ਹੋ ਰਿਹਾ। ਮੇਰੀ ਨਜ਼ਰ ਰਹੀਮ ਦੇ ਬੁੱਲ੍ਹਾਂ ’ਤੇ ਟਿਕੀ ਹੋਈ ਸੀ …ਜੋ ਅਜੇ ਵੀ ਬੁੜਬੁੜਾ ਰਹੇ ਸਨ। ਉਸ ਦੀਆਂ ਘੂਰਦੀਆਂ ਅੱਖਾਂ ਤੋਂ ਮੈਂ ਸਹਿਮ ਗਈ। ਮੇਰੇ ਮਨ ਅੰਦਰ ਖ਼ਲਬਲੀ ਜਿਹੀ ਪੈਦਾ ਹੋ ਗਈ। ਅਚਨਚੇਤ ਮੇਰੀਆਂ ਲੱਤਾਂ ਕੰਬਣ ਲੱਗੀਆਂ ਤੇ ਮੇਰੀ ਜ਼ੁਬਾਨ ਜਿਵੇਂ ਸੰਘ ਵਿਚ ਹੀ ਅੜ ਗਈ ਹੋਵੇ। ਮੈਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਮੈਂ ਕੀ ਕਹਾਂ ? ਕੀ ਨਾ? ਕਹਿ ਵੀ ਕੀ ਸਕਦੀ ਸੀ? ਰਹੀਮ ਦੇ ਘਰ ਜੋ ਖੜ੍ਹੀ ਸੀ। ਉਸ ਨੇ ਤਾਂ ਆਪਣਾ ਫ਼ੈਸਲਾ ਸੁਣਾ ਦਿੱਤਾ ਸੀ, ‘ਨਾਂ ਕੱਟ ਦਿਓ ਰਜ਼ੀਆ ਦਾ। ਇਹ ਹੁਣ ਕਦੇ ਸਕੂਲ ਨਹੀਂ ਆਏਗੀ। ਤੁਸੀਂ ਇੱਥੋਂ ਚਲੇ ਜਾਓ।’ ਉਸ ਦੇ ਇਹ ਸ਼ਬਦ ਮੇਰੇ ਦਿਲ ’ਚ ਧੁਰ ਅੰਦਰ ਤਕ ਵਾਰ ਕਰ ਗਏ। ਮੈਨੂੰ ਇੰਜ ਲੱਗਾ ਜਿਵੇਂ ਉਸ ਨੇ ਮੈਨੂੰ ਬਾਹੋਂ ਫੜ ਆਪਣੇ ਵਿਹੜੇ ਵਿਚੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਹੋਵੇ। ਮੈਂ ਕਦੇ ਰਜ਼ੀਆ ਦੇ ਮਾਸੂਮ ਚਿਹਰੇ ਵੱਲ ਵੇਖਾਂ ਜਿਸ ਦੀਆਂ ਅੱਖਾਂ ਵਿਚ ਮੇਰੇ ਲਈ ਮੋਹ ਦੀਆਂ ਤਰੰਗਾਂ ਨਜ਼ਰ ਆ ਰਹੀਆਂ ਸਨ ਤੇ ਕਦੇ ਉਸ ਦੇ ਪਿਓ ਰਹੀਮ ਵੱਲ ਜਿਸ ਦੀਆਂ ਅੱਖਾਂ ਮੈਨੂੰ ਲਗਾਤਾਰ ਘੂਰ ਰਹੀਆਂ ਸਨ।
ਰਹੀਮ ਨੂੰ ਇਸ ਪਿੰਡ ਵਿਚ ਆਏ ਨੂੰ ਦਸ ਕੁ ਸਾਲ ਹੋ ਗਏ ਹਨ। ਕਦੇ ਸਬਜ਼ੀ ਵੇਚ ਕੇ ਆਪਣੇ ਟੱਬਰ ਦਾ ਢਿੱਡ ਭਰਦਾ ਸੀ। ਤਿੰਨ ਬੱਚੇ …ਦੋ ਪੁੱਤਰ ਤੇ ਇਕ ਧੀ। ਰਜ਼ੀਆ ਸਭ ਤੋਂ ਛੋਟੀ ਤੇ ਲਾਡਲੀ। ਛੋਟਾ ਜਿਹਾ ਘਰ ਦੋ ਕਮਰੇ ਤੇ ਅੱਗੇ ਕੱਚਾ ਜਿਹਾ ਵਿਹੜਾ। ਘਰ ਵੀ ਕਿਰਾਏ ’ਤੇ। ਮੈਂ ਕਿਹੜਾ ਅੱਜ ਪਹਿਲੀ ਵਾਰ ਆਈ ਸੀ ਰਹੀਮ ਦੇ ਘਰ। ਅੱਗੇ ਵੀ ਤਾਂ ਕਈ ਵਾਰ ਆਈ। ਅੱਗੇ ਜਦੋਂ ਮੈਂ ਰਹੀਮ ਦੇ ਘਰ ਆਉਂਦੀ। ਉਹ ਭੱਜਿਆ ਫਿਰਦਾ …ਕਦੇ ਕੁਰਸੀ ਖਿੱਚ ਲਿਆਉਂਦਾ ਤੇ ਕਦੇ ਕਾਹਲੀ ਨਾਲ ਬਾਣ ਦਾ ਮੰਜਾ ਡਾਹੁੰਦਾ। ਬੜੇ ਆਦਰ ਤੇ ਮਾਣ ਨਾਲ, ‘ਬੈਠੋ …ਬੈਠੋ ਜੀ।’ ਨਾਲ ਹੀ ਆਪਣੀ ਘਰਵਾਲੀ ਨੂੰ ਹੁਕਮ ਸੁਣਾਉਂਦਾ, ‘ਰਵੀਨਾ, ਮੈਡਮ ਜੀ ਆਏ ਹਨ। ਚਾਹ ਲਿਆ।’ ਉਸ ਦੀਆਂ ਗੱਲਾਂ ’ਚੋਂ ਮਾਸੂਮੀਅਤ ਝਲਕਦੀ। ਮੈਂ ਸੋਚਦੀ, ‘ਕਿੰਨਾ ਸਾਫ਼ ਦਿਲ ਹੈ।’ ਜੇ ਕਦੇ ਉਸ ਦੇ ਬੱਚੇ ਸਕੂਲ ਨਾ ਆਉਂਦੇ ਤਾਂ ਆਪੇ ਝਿੜਕਾਂ ਮਾਰ-ਮਾਰ ਛੱਡ ਜਾਂਦਾ। ਅੱਗੇ ਤਾਂ ਰਹੀਮ ਨੇ ਕਦੇ ਵੀ ਮੱਥੇ ਵੱਟ ਨਹੀਂ ਸੀ ਪਾਇਆ ਮੈਨੂੰ ਵੇਖ ਕੇ। ਭਾਵੇਂ ਗ਼ਰੀਬ ਸੀ, ਪਰ ਖ਼ੁਦਾਰ ਸੀ।
ਜਦੋਂ ਪਿੰਡ ਵਿਚ ਰਹਿਣ ਆਇਆ ਥੋੜ੍ਹੀ ਜਿਹੀ ਜ਼ਮੀਨ ਠੇਕੇ ’ਤੇ ਲੈ ਸਬਜ਼ੀਆਂ ਬੀਜ ਕੇ ਗੁਜ਼ਾਰਾ ਕਰਨ ਲੱਗਾ। ਖੁਸ਼ ਸੀ ਕਿ ਚਲੋ ਰਿਜ਼ਕ ਰੋਟੀ ਚੱਲੀ ਜਾ ਰਹੀ ਹੈ। ਪਰ ਪਿਛਲੇ ਸਾਲ ਜਿਹੜਾ ਹੜ੍ਹ ਆਇਆ, ਇਸ ਹੜ੍ਹ ਦੇ ਪਾਣੀ ਵਿਚ ਉਸ ਦੀ ਮਿਹਨਤ ਦੇ ਨਾਲ ਨਾਲ ਉਸ ਦੀਆਂ ਸਾਰੀਆਂ ਖੁਸ਼ੀਆਂ, ਰੀਝਾਂ ਤੇ ਸੁਫ਼ਨੇ ਵੀ ਹੜ੍ਹ ਗਏ। ਉਸ ਦੀ ਜ਼ਿੰਦਗੀ ਦੀਆਂ ਲੀਹਾਂ ਨੇ ਅਜਿਹੇ ਝਟਕੇ ਖਾਧੇ… ਜਿਸ ਨਾਲ ਉਸ ਦਾ ਸਾਰਾ ਟੱਬਰ ਖੇਰੂੰ- ਖੇਰੂੰ ਹੋਣ ਕਿਨਾਰੇ ਆ ਗਿਆ। ਸਬਜ਼ੀਆਂ ਤਾਂ ਤਬਾਹ ਹੋ ਗਈਆਂ, ਪਰ ਜ਼ਮੀਨ ਦੇ ਮਾਲਕ ਨੇ ਠੇਕੇ ਦੀ ਰਕਮ ਵਸੂਲਣ ਲਈ ਰਹਿਮ ਦੇ ਗਲ ਅੰਗੂਠਾ ਦੇ ਦਿੱਤਾ। ਕਦੇ ਪੁਲੀਸ ਦੀ ਧਮਕੀ ਤੇ ਕਦੇ ਪਿੰਡੋਂ ਧੱਕੇ ਮਾਰ ਬਾਹਰ ਕੱਢਣ ਦੇ ਡਰਾਵੇ। ਰਹੀਮ ਨੇ ਜੋ ਥੋੜ੍ਹੇ ਬਹੁਤੇ ਪੈਸੇ ਚੰਗੇ ਮਾੜੇ ਸਮੇਂ ਲਈ ਰੱਖੇ ਹੋਏ ਸਨ …ਉਹ ਪੈਸੇ ਦੇ ਕੇ ਖਹਿੜਾ ਛੁਡਾਉਣਾ ਚਾਹਿਆ। ਪਰ ਕਿੱਥੇ ? ਗੱਲ ਨਾ ਬਣੀ। ਅਖ਼ੀਰ ਰਹਿਮ ਬੜੇ ਚਾਵਾਂ ਲਾਡਾਂ ਨਾਲ ਪਾਲੀ ਆਪਣੀ ਭੂਰੀ ਗਾਂ ਦੇ ਕੇ ਕਰਜ਼ੇ ਤੋਂ ਸੁਰਖਰੂ ਹੋਇਆ। ਪਰ ਘਰ ਵਿੱਚ ਕਲੇਸ਼ ਪੈ ਗਿਆ। ਕਿੰਨੇ ਦਿਨ ਬੱਚਿਆਂ ਨੇ ਤੇ ਘਰਵਾਲੀ ਨੇ ਚੱਜ ਨਾਲ ਰੋਟੀ ਨਾ ਖਾਧੀ। ਗਊ ਬਹੁਤ ਲਾਡਾਂ ਨਾਲ ਜੋ ਪਾਲੀ ਹੋਈ ਸੀ। ਰਜ਼ੀਆ ਨੇ ਹੀ ਉਸ ਦਾ ਨਾਂ ਭੂਰੀ ਰੱਖਿਆ ਸੀ। ਰਹੀਮ ਨੇ ਜਦੋਂ ਦੋ ਤਿੰਨ ਦਿਨ ਘਰ ਵਿਚ ਪੱਸਰੀ ਚੁੱਪ ਵੇਖੀ ਤਾਂ ਆਪ ਵੀ ਅੱਧੀ ਰਾਤ ਨੂੰ ਸ਼ਰਾਬ ਪੀ ਰੋਣ ਲੱਗਾ ਤੇ ਆਖਣ ਲੱਗਾ,‘ਜਦੋਂ ਤੁਸੀਂ ਰੋਟੀ ਨਹੀਂ ਖਾਂਦੇ ਤਾਂ ਮੇਰੇ ਸੰਘੋਂ ਕਿਹੜਾ ਬੁਰਕੀ ਲੰਘਣੀ ਐ? ਮੈਨੂੰ ਦੱਸੋ ਮੈਂ ਕੀ ਕਰਦਾ? ਅਗਲੇ ਮੈਨੂੰ ਥਾਣੇ ਦੀ ਧਮਕੀ ਦਿੰਦੇ ਸਨ। ਸਾਡਾ ਇੱਥੇ ਕੌਣ? ਕਿਹਨੇ ਛੁਡਾਉਣਾ ਸੀ ਜੇਲ੍ਹ ਚੋਂ ? ਕਿਹਨੇ ਸੁਣਨੀ ਸੀ ਮੇਰੀ? ਤੁਹਾਨੂੰ ਮੇਰੇ ਨਾਲੋਂ ਵੱਧ ਪਿਆਰੀ ਗਊ ਹੋ ਗਈ?’ ਰਹੀਮ ਦੀਆਂ ਗੱਲਾਂ ਸੁਣ ਉਸ ਦੇ ਬੱਚੇ ਤੇ ਘਰਵਾਲੀ ਉਸ ਨੂੰ ਜੱਫ਼ੀ ਪਾ ਰੋਣ ਲੱਗੇ। ਉਸ ਦਿਨ ਤੋਂ ਬਾਅਦ ਕਦੇ ਕਿਸੇ ਨੇ ਗਾਊ ਦਾ ਜ਼ਿਕਰ ਨਾ ਕੀਤਾ। ਪਰ ਜਦੋਂ ਉਹ ਖਾਲੀ ਖੁੰਡਾ ਤੇ ਖ਼ੁਰਲੀ ਵੇਖਦੇ ਤਾਂ ਉਨ੍ਹਾਂ ਦੇ ਕਾਲਜੇ ਦਾ ਰੁੱਗ ਭਰ ਆਉਂਦਾ। ਉਹ ਅੰਦਰੋਂ ਅੰਦਰੀ ਹੰਝੂਆਂ ਨੂੰ ਜਜ਼ਬ ਕਰ ਲੈਂਦੇ। ਕਿੰਨੇ ਦਲੇਰ ਤੇ ਕਿੰਨੇ ਹੌਸਲੇ ਵਾਲੇ ਸਾਰੇ!
ਪਰ ਰੱਬ ਨੇ ਅਜੇ ਹੋਰ ਪਤਾ ਨਹੀਂ ਕੀ- ਕੀ ਦਿਖਾਉਣ ਬਾਰੇ ਸੋਚਿਆ ਹੋਇਆ ਸੀ। ਠੇਕੇ ਵਾਲੀ ਸਾਰੀ ਜ਼ਮੀਨ ਮਾਲਕ ਨੇ ਕਿਸੇ ਹੋਰ ਨੂੰ ਦੇ ਦਿੱਤੀ। ਹੁਣ ਰਹੀਮ ਬਿਲਕੁਲ ਵਿਹਲਾ ਹੋ ਗਿਆ। ਮਾਲਕ ਨੂੰ ਮਿੰਨਤਾਂ ਤਰਲੇ ਕਰਦਾ ਰਿਹਾ ਕਿ ਉਹ ਠੇਕੇ ਦੀ ਰਕਮ ਹੁਣ ਤਕ ਠੀਕ ਸਮੇਂ ’ਤੇ ਦਿੰਦਾ ਆਇਆ ਹੈ। ਆਹ ਤਾਂ ਕੁਦਰਤੀ ਆਫ਼ਤ ਸੀ ਜਿਸ ਨੇ ਹਲੂਣ ਕੇ ਰੱਖ ਦਿੱਤਾ। ਅੱਗੇ ਤੋਂ ਕਦੀ ਦੇਰੀ ਨਹੀਂ ਹੋਵੇਗੀ। ਪਰ ਉਸ ਵਿਚਾਰੇ ਦੀ ਮਾਲਕ ਨੇ ਇਕ ਨਾ ਮੰਨੀ। ਉਂਜ ਵੀ ਗ਼ਰੀਬ ਬੰਦੇ ਦੀ ਭਲਾਂ ਕੌਣ ਸੁਣਦਾ ? ਗ਼ਰੀਬ ਨੂੰ ਹੀ ਸਭ ਦੀਆਂ ਸੁਣਨੀਆਂ ਪੈਂਦੀਆਂ। ਸ਼ਾਇਦ ਰੱਬ ਨੇ ਤਾਂ ਕੰਨ ਵੀ ਗ਼ਰੀਬ ਬੰਦੇ ਨੂੰ ਅਮੀਰਾਂ ਦੀਆਂ ਸੁਣਨ ਲਈ ਦਿੱਤੇ ਨੇ। ਠੇਕੇ ਵਾਲੀ ਜ਼ਮੀਨ ਜਾਣ ਤੋਂ ਬਾਅਦ ਰਹੀਮ ਨੂੰ ਇੰਜ ਲੱਗਾ ਜਿਵੇਂ ਉਸ ਦੀ ਰਿਜ਼ਕ ਦਾ ਆਖਰੀ ਸਹਾਰਾ ਉਸ ਤੋਂ ਕਿਸੇ ਨੇ ਚਪੇੜ ਮਾਰ ਕੇ ਖੋਹ ਲਿਆ ਹੋਵੇ।
ਰਹੀਮ ਦੀ ਘਰਵਾਲੀ ਰਵੀਨਾ ਦੀ ਸਿਹਤ ਕਿਹੜੇ ਠੀਕ ਰਹਿੰਦੀ ਸੀ। ਉਹ ਤਾਂ ਜਿਵੇਂ ਦਵਾਈਆਂ ਦੇ ਸਿਰ ’ਤੇ ਹੀ ਚੱਲਦੀ ਫਿਰਦੀ ਸੀ। ਘਰ ਦਾ ਸਾਰਾ ਕੰਮ ਰਜ਼ੀਆ ਨੇ ਹੀ ਸਾਂਭਿਆ ਹੋਇਆ ਸੀ। ਰਜ਼ੀਆ ਨੂੰ ਵੇਖ ਇੰਜ ਲੱਗਦੈ ਜਿਵੇਂ ਉਹ ਆਪਣੀ ਉਮਰ ਤੋਂ ਪਹਿਲਾਂ ਹੀ ਬਹੁਤ ਵੱਡੀ ਹੋ ਗਈ ਹੋਵੇ। ਉਸ ਦਾ ਬਚਪਨ ਉਸ ਦੀਆਂ ਘਰ ਦੀਆਂ ਜ਼ਿੰਮੇਵਾਰੀਆਂ ਹੇਠ ਦਰੜਿਆ ਗਿਆ। ਜਿਹੜੀ ਉਮਰ ਵਿਚ ਬੱਚੇ ਗੁੱਡੀਆਂ ਪਟੋਲਿਆਂ ਨਾਲ ਖੇਡਦੇ, ਉਸ ਉਮਰੇ ਰਜ਼ੀਆ ਚੁੱਲ੍ਹੇ ’ਤੇ ਬੈਠੀ ਰੋਟੀਆਂ ਪਕਾਉਂਦੀ ਹੋਈ ਇੰਜ ਜਾਪਦੀ ਜਿਵੇਂ ਕੋਈ ਹੱਡ ਮਾਸ ਦੀ ਗੁੱਡੀ ਘਰ-ਘਰ ਖੇਡਦੀ ਰੋਟੀਆਂ ਪਕਾਉਂਦੀ ਹੋਵੇ। ਰਜ਼ੀਆ ਹੈ ਵੀ ਬਹੁਤ ਸੋਹਣੀ। ਉਸ ਦੀਆਂ ਗੱਲਾਂ ਵੀ ਸਿਆਣਿਆਂ ਵਾਲੀਆਂ। ਸਵੇਰੇ ਜਲਦੀ ਉੱਠ, ਆਟਾ ਗੁੰਨ, ਸਬਜ਼ੀ ਭਾਜੀ ਰਿੰਨ੍ਹਦੀ ਤੇ ਫੇਰ ਸਕੂਲ ਆਉਂਦੀ।
ਇਕ ਵਾਰੀ ਜਦੋਂ ਮੇਰੀ ਸਿਹਤ ਕੁਝ ਢਿੱਲੀ ਪੈ ਗਈ। ਮੈਂ ਸਕੂਲ ਤੋਂ ਅੱਧੇ ਦਿਨ ਦੀ ਛੁੱਟੀ ਲੈ ਕੇ ਘਰ ਚਲੇਗੀ। ਉਸ ਤੋਂ ਅਗਲੇ ਦਿਨ ਵੀ ਮੈਂ ਸਕੂਲ ਨਹੀਂ ਆ ਪਾਈ। ਸ਼ਾਮ ਨੂੰ ਸਾਢੇ ਕੁ ਪੰਜ ਵਜੇ ਫੋਨ ਦੀ ਘੰਟੀ ਵੱਜੀ। ਜਦੋਂ ਮੈਂ ਫੋਨ ਚੁੱਕਿਆ ਤਾਂ ਬੜੀ ਹੀ ਮਾਸੂਮ ਆਵਾਜ਼,‘ਹੈਲੋ ਮੈਡਮ ਜੀ, ਤੁਹਾਡੀ ਸਿਹਤ ਠੀਕ ਹੈ ਜੀ? ਮੈਡਮ ਜੀ ਤੁਸੀਂ ਅੱਜ ਸਕੂਲ ਕਿਉਂ ਨਹੀਂ ਆਏ? ਮੈਡਮ ਜੀ ਤੁਹਾਡੇ ਬਿਨਾਂ ਅੱਜ ਸਕੂਲ ’ਚ ਭੋਰਾ ਜੀਅ ਨਹੀਂ ਲੱਗਿਆ ਸਾਡਾ।’ ਮੈਂ ਅੰਦਰੋਂ ਅੰਦਰ ਬਹੁਤ ਖੁਸ਼ ਹੋਈ। ਮੇਰਾ ਮਨ ਜਿਵੇਂ ਝੂਮ ਰਿਹਾ ਸੀ ਆਪਣੇ ਲਈ ਬੱਚੇ ਦਾ ਪਿਆਰ ਵੇਖ ਕੇ। ਮੈਂ ਪੁੱਛਿਆ, ‘ਬੇਟਾ ਕੌਣ ਬੋਲ ਰਹੇ ਹੋ?’ ਤਾਂ ਉਧਰੋਂ ਆਵਾਜ਼ ਆਈ, ‘ਰਜ਼ੀਆ।’ ਉਸ ਦਿਨ ਤੋਂ ਬਾਅਦ ਤਾਂ ਰਜ਼ੀਆ ਨਾਲ ਮੇਰਾ ਪਿਆਰ ਹੋਰ ਵੀ ਗੂੜ੍ਹਾ ਹੋ ਗਿਆ। ਰਜ਼ੀਆ ਨੂੰ ਪੜ੍ਹਨ ਦਾ ਬਹੁਤ ਸ਼ੌਕ ਹੈ। ਪੜ੍ਹਨ ਦੇ ਨਾਲ ਨਾਲ ਹੋਰ ਗਤੀਵਿਧੀਆਂ ਵਿਚ ਵੀ ਹਮੇਸ਼ਾਂ ਅੱਗੇ ਰਹਿੰਦੀ। ਇਕ ਵਾਰ ਮੈਂ ਜਮਾਤ ਦੇ ਬੱਚਿਆਂ ਨੂੰ ਪੁੱਛਿਆ,‘ਬੱਚਿਓ ਤੁਸੀਂ ਵੱਡੇ ਹੋ ਕੇ ਕੀ ਬਣਨਾ ਚਾਹੁੰਦੇ ਹੋ?’ ਸਾਰੇ ਬੱਚੇ ਆਪਣੇ ਆਪਣੇ ਮਨ ਦੀਆਂ ਤੈਹਾਂ ਖੋਲ੍ਹਣ ਲੱਗੇ। ਕੋਈ ਕਹੇ,‘ਮੈਡਮ ਜੀ ਮੈਂ ਪੁਲੀਸ ਬਣਨਾ।’ ਕੋਈ ਕਹੇ, ‘ਮੈਂ ਫ਼ੌਜੀ, ਕੋਈ ਨਰਸ।’ ਰਜ਼ੀਆ ਆਖਣ ਲੱਗੀ, ‘ਮੈਡਮ ਜੀ ਮੈਂ ਤਾਂ ਤੁਸੀਂ ਬਣਨਾ।’ ਮੈਂ ਕਿਹਾ, ‘ਪੁੱਤ ਏਦਾਂ ਕਹਿ ਕਿ ਮੈਂ ਟੀਚਰ ਬਣਨਾ।’ ਕਹਿੰਦੀ, ‘ਨਹੀਂ ਜੀ ਮੈਂ ਤਾਂ ਤੁਹਾਡੇ ਵਰਗੀ ਬਣਨਾ।’ ਮੈਂ ਹੈਰਾਨ ਰਹਿ ਗਈ। ਜਦੋਂ ਉਹ ਜਮਾਤ ਵਿਚ ਨਹੀਂ ਹੁੰਦੀ ਤਾਂ ਮੇਰੀਆਂ ਅੱਖਾਂ ਹਮੇਸ਼ਾਂ ਉਸ ਨੂੰ ਲੱਭਦੀਆਂ ਰਹਿੰਦੀਆਂ। ਮੇਰੇ ਦਿਲ ਵਿਚ ਹੌਲ ਜਿਹਾ ਪੈਂਦਾ ਕਿ ਅੱਜ ਰਜ਼ੀਆ ਕਿੱਥੇ ਹੈ? ਮੈਨੂੰ ਮੇਰਾ ਕੁਝ ਗੁਆਚਿਆ ਜਿਹਾ ਲੱਗਦਾ ਤੇ ਜਦੋਂ ਰਜ਼ੀਆ ਜਮਾਤ ਵਿਚ ਬੈਠੀ ਪੜ੍ਹ ਰਹੀ ਹੁੰਦੀ ਤਾਂ ਮੇਰਾ ਮਨ ਉਸ ਨੂੰ ਕਿਤਾਬ ਨਾਲ ਸਾਂਝ ਪਾਉਂਦਿਆਂ ਵੇਖ ਮੱਲੋ ਮੱਲੀ ਝੂਮ ਉੱਠਦਾ।
ਹੁਣ ਭਾਵੇਂ ਰਹੀਮ ਲੰਬੜਾਂ ਦੇ ਖੇਤਾਂ ਵਿਖ ਕੰਮ ਕਰਨ ਲੱਗਾ। ਸਵੇਰ ਤੋਂ ਸ਼ਾਮ ਤਕ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ। ਨਾ ਦਿਨ ਵੇਖਦਾ ਨਾ ਰਾਤ। ਫਿਰ ਵੀ ਖੁਸ਼ ਸੀ ਕਿ ਚਲੋ ਢਿੱਡ ਭਰ ਕੇ ਦੋ ਵਕਤ ਦੀ ਰੋਟੀ ਤਾਂ ਮਿਲ ਰਹੀ ਹੈ ਸਾਰੇ ਟੱਬਰ ਨੂੰ। ਪਰ ਕਹਿੰਦੇ ਨੇ ਮਾੜੇ ਦੀ ਮਾੜੀ ਕਿਸਮਤ। ਪਤਾ ਨਹੀਂ ਵੱਡੇ ਲੰਬੜ ਦੇ ਮਨ ਵਿਚ ਇਕ ਦਿਨ ਕੀ ਆਈ? ਰਹੀਮ ਦਾ ਆਥਣ ਵੇਲੇ ਹਿਸਾਬ ਕਰ ਦਿੱਤਾ ਤੇ ਕਿਹਾ, ‘ਕੱਲ੍ਹ ਤੋਂ ਖੇਤਾਂ ’ਚ ਨਾ ਆਵੀਂ।’ ਇਹ ਹੁਕਮ ਇੰਜ ਸੀ ਜਿਵੇਂ ਬਿਨਾਂ ਕਿਸੇ ਕਸੂਰੋਂ ਕਿਸੇ ਨੂੰ ਮੌਤ ਦੀ ਸਜ਼ਾ ਸੁਣਾਈ ਹੋਵੇ। ਉਹ ਵੀ ਬਿਨਾਂ ਕਿਸੇ ਅਪੀਲ ਦਲੀਲ ਤੋਂ। ਮੈਨੂੰ ਰਹੀਮ ਨਾਲ ਹਮਦਰਦੀ ਸੀ, ਪਰ ਮੈਂ ਹੈਰਾਨ ਸੀ ਕਿ ਉਹ ਆਪਣੀ ਬੇਵੱਸੀ ਦਾ ਗੁੱਸਾ ਆਪਣੀ ਧੀ ’ਤੇ ਕਿਉਂ ਕੱਢ ਰਿਹਾ ਹੈ?
ਫਿਰ ਮੈਂ ਥੋੜ੍ਹੀ ਹਿੰਮਤ ਕਰਕੇ ਬੋਲੀ, ‘ਤੁਹਾਡੀ ਬੇਟੀ ਪੜ੍ਹਨ ਵਿਚ ਬਹੁਤ ਹੁਸ਼ਿਆਰ ਹੈ। ਇਸ ਦੇ ਸੁਨਹਿਰੀ ਭਵਿੱਖ ਬਾਰੇ ਸੋਚੋ। ਇਸ ਨੂੰ ਸਕੂਲ ਭੇਜੋ।’ ਮੇਰਾ ਏਨਾ ਕਹਿਣ ਦੀ ਦੇਰ ਸੀ ਕਿ ਰਹੀਮ ਬੜੇ ਹੀ ਰੋਅਬ ਨਾਲ ਕੱਛਾਂ ’ਚ ਹੱਥ ਦੇ ਕੇ ਵਿਹੜੇ ਵਿਚ ਟਹਿਲਦਾ ਹੋਇਆ ਬੋਲਿਆ, ‘ਨਹੀਂ ਜੀ, ਮੈਂ ਇਕ ਵਾਰ ਕਹਿ ਦਿੱਤਾ… ਮੈਂ ਨਹੀਂ ਭੇਜਣੀ ਸਕੂਲ… ਤੁਸੀਂ ਨਾ ਕੱਟ ਦਿਓ।’ ਹੁਣ ਮੈਨੂੰ ਵੀ ਥੋੜ੍ਹਾ ਗੁੱਸਾ ਆ ਗਿਆ। ਮੈਂ ਵੀ ਕਿਹਾ, ‘ਠੀਕ ਹੈ। ਮੈਨੂੰ ਤਾਂ ਚਿੰਤਾ ਸੀ ਇਸ ਬੱਚੀ ਦੀ। ਤਾਂ ਹੀ ਮੈਂ ਤੁਹਾਡੇ ਘਰ ਆਈ। ਜਦੋਂ ਤੁਹਾਨੂੰ ਹੀ ਕੋਈ ਫਿਕਰ ਨਹੀਂ… ਤਾਂ ਅਸੀਂ ਕੀ ਕਰ ਸਕਦੇ ਹਾਂ? ਸਾਨੂੰ ਵੀ ਇਕ ਬੱਚੇ ਦਾ ਨਾਂ ਕੱਟਣ ’ਤੇ ਕੋਈ ਫ਼ਰਕ ਨਹੀਂ ਪੈਣ ਲੱਗਿਆ।’ ਮੈਂ ਇੰਨਾ ਕਹਿ ਵਾਪਸ ਸਕੂਲ ਆ ਗਈ।
ਮੇਰੇ ਦਿਮਾਗ਼ ਵਿਚ ਰਹੀਮ ਦੀਆਂ ਗੱਲਾਂ ਹੀ ਘੁੰਮ ਰਹੀਆਂ ਸਨ। ਮੈਂ ਆਪਣੇ ਆਪ ਨੂੰ ਕੋਸ ਰਹੀ ਸੀ। ਵਾਰ -ਵਾਰ ਸੋਚ ਰਹੀ ਸੀ, ‘ਕੀ ਲੋੜ ਸੀ ਮੈਨੂੰ ਉਸ ਦੇ ਘਰ ਜਾਣ ਦੀ? ਮੇਰੀ ਕੀ ਇੱਜ਼ਤ ਰਹਿ ਗਈ?’ ਮੈਂ ਬੱਚਿਆਂ ਨੂੰ ਵੀ ਠੀਕ ਢੰਗ ਨਾਲ ਪੜ੍ਹਾ ਨਹੀਂ ਸੀ ਪਾ ਰਹੀ। ਜ਼ਿੰਦਗੀ ’ਚ ਪਹਿਲੀ ਵਾਰ ਮੈਨੂੰ ਐਨੀ ਬੇਇੱਜ਼ਤੀ ਮਹਿਸੂਸ ਹੋ ਰਹੀ ਸੀ। ਮੈਂ ਆਪਣੇ ਨਾਲ ਦੇ ਅਧਿਆਪਕਾਂ ਨਾਲ ਵੀ ਨਜ਼ਰਾਂ ਨਹੀਂ ਸੀ ਮਿਲਾ ਪਾ ਰਹੀ। ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਉਹ ਕਹਿ ਰਹੇ ਹੋਣ ,‘ਉਤਰ ਗਿਆ ਭੂਤ ਸੁਧਾਰ ਦਾ। ਕਦੇ ਓਵਰ ਟਾਈਮ …ਕਦੇ ਕੁਝ ਹੋਰ… ਹੋਰ ਜਾਓ ਬੱਚਿਆਂ ਦੇ ਘਰ …ਬੱਚਿਆਂ ਨੂੰ ਬੁਲਾਉਣ… ਹੁਣ ਟਿਕ ਕੇ ਬੈਠ ਜਾਓ।’ ਪਤਾ ਨਹੀਂ ਇਹ ਮੇਰੇ ਮਨ ਦਾ ਵਹਿਮ ਸੀ ਜਾਂ ਕੁਝ ਹੋਰ। ਮੈਂ ਖੁਦ ਤੋਂ ਹੀ ਨਜ਼ਰਾਂ ਚੁਰਾ ਰਹੀ ਸੀ ਜਾਂ ਆਪਣੇ ਨਾਲ ਦੇ ਅਧਿਆਪਕਾਂ ਸਾਥੀਆਂ ਤੋਂ।
ਫਿਰ ਮੈਂ ਅਚਾਨਕ ਸੋਚਣ ਲੱਗੀ, ‘ਰਜ਼ੀਆ ਦੀ ਜਮਾਤ ਵਿਚ ਹੀ ਪੜ੍ਹਦੀ ਕੁੜੀ ਜੋ ਮੇਰੇ ਨਾਲ ਉਸ ਦੇ ਘਰ ਗਈ ਸੀ…ਉਸ ਦੇ ਸਾਹਮਣੇ ਮੇਰੀ ਕੀ ਰਹਿ ਗਈ?’ ਮੇਰੀ ਉਸ ਬੱਚੀ ਨਾਲ ਨਜ਼ਰਾਂ ਮਿਲਾਉਣ ਦੀ ਹਿੰਮਤ ਵੀ ਜਵਾਬ ਦੇ ਗਈ। ਮੈਂ ਹੁਣ ਮਨ ਅੰਦਰ ਹੀ ਫ਼ੈਸਲਾ ਕਰ ਲਿਆ ਆਪਣੇ ਆਪ ਨਾਲ ਕਿ ਅੱਜ ਤੋਂ ਬਾਅਦ ਕਿਸੇ ਵੀ ਬੱਚੇ ਦੇ ਘਰ ਕਦੀ ਨਹੀਂ ਜਾਵਾਂਗੀ। ਜੇ ਮੈਂ ਅੱਜ ਰਜ਼ੀਆ ਦੇ ਘਰ ਗਈ ਤਾਂ ਹੀ ਮੈਨੂੰ ਉਸ ਦੇ ਪਿਓ ਤੋਂ ਐਨਾ ਕੁਝ ਸੁਣਨਾ ਪਿਆ। ਜੇ ਮੈਂ ਉੱਥੇ ਨਾ ਜਾਂਦੀ ਤਾਂ ਕਿਵੇਂ ਉਹ ਮੈਨੂੰ ਕੁਝ ਕਹਿ ਸਕਦਾ ਸੀ?
ਮੈਂ ਫਿਰ ਸੋਚਣ ਲੱਗਦੀ ਹਾਂ ਕਿ ਮੈਂ ਪਿਛਲੇ ਚੌਦਾਂ ਪੰਦਰਾਂ ਸਾਲਾਂ ਤੋਂ ਇਸ ਸਕੂਲ ਵਿਚ ਹੀ ਪੜ੍ਹਾ ਰਹੀ ਹਾਂ। ਬਹੁਤ ਸਾਰੇ ਬੱਚੇ ਮੇਰੇ ਕੋਲੋਂ ਪੜ੍ਹ ਕੇ ਗਏ। ਉਹ ਬੱਚੇ ਤੇ ਉਨ੍ਹਾਂ ਦੇ ਮਾਪੇ ਮੈਨੂੰ ਕਿੰਨਾ ਆਦਰ ਮਾਣ ਦਿੰਦੇ ਹਨ। ਮੈਂ ਅੱਜ ਤਕ ਹਰ ਕਿਸੇ ਦੀ ਗ਼ਮੀ ਅਤੇ ਖੁਸ਼ੀ ਵਿਚ ਸ਼ਰੀਕ ਹੋਈ। ਰਹੀਮ ਦੇ ਦੋ ਬੱਚੇ ਵੀ ਪਹਿਲਾਂ ਮੇਰੇ ਕੋਲੋਂ ਹੀ ਪੰਜਵੀਂ ਪਾਸ ਕਰਕੇ ਗਏ ਹਨ। ਉਸ ਨੇ ਪਹਿਲਾਂ ਤਾਂ ਕਦੇ ਮੈਨੂੰ ਇੰਜ ਅੱਖਾਂ ਨਹੀਂ ਦਿਖਾਈਆਂ। ਫਿਰ ਅੱਜ ਕਿਉਂ ? ਫਿਰ ਮੈਂ ਆਪਣੇ ਬਾਰੇ ਸੋਚਣ ਲੱਗੀ ਕਿ ਸ਼ਾਇਦ ਭੁੱਲ ਭੁਲੇਖੇ ਮੈਥੋਂ ਹੀ ਤਾਂ ਨਹੀਂ ਉਸ ਨਾਲ ਕੋਈ ਵਧੀਕੀ ਹੋਈ ਹੋਵੇ। ਵਾਰ ਵਾਰ ਸੋਚਣ ’ਤੇ ਵੀ ਮੈਨੂੰ ਕੁਝ ਯਾਦ ਨਹੀਂ ਆਇਆ। ਮੈਂ ਪ੍ਰੇਸ਼ਾਨ ਸੀ। ਵਾਰ ਵਾਰ ਰਜ਼ੀਆ ਬਾਰੇ ਸੋਚਣ ਲੱਗਦੀ, ‘ਬੱਚੀ ਕਿੰਨੀ ਲਾਇਕ ਹੈ! ਪੜ੍ਹਨ ਵਿਚ ਵੀ ਹੁਸ਼ਿਆਰ ਤੇ ਡਰਾਇੰਗ ਵੀ ਕਿੰਨੀ ਸੋਹਣੀ ਕਰਦੀ ਹੈ! ਕੀ ਬਣੂੰ ਇਸ ਬੱਚੀ ਦਾ?’
ਅੱਧੀ ਛੁੱਟੀ ਹੋਣ ’ਤੇ ਵੀ ਜਮਾਤ ਵਿਚ ਹੀ ਬੈਠੀ ਰਹੀ। ਰੋਟੀ ਦੀ ਵੀ ਭੁੱਖ ਜਿਵੇਂ ਮਰ ਗਈ ਹੋਵੇ। ਘਰ ਜਾ ਕੇ ਵੀ ਮੇਰੀਆਂ ਅੱਖਾਂ ਅੱਗੇ ਰਜ਼ੀਆ ਦਾ ਮਾਸੂਮ ਚਿਹਰਾ ਹੀ ਘੁੰਮਦਾ ਰਿਹਾ। ਫਿਰ ਮੈਨੂੰ ਯਾਦ ਆਇਆ, ‘ਮੈਂ ਰਹੀਮ ਨੂੰ ਕਿਹਾ ਸੀ ਕਿ ਮੈਨੂੰ ਇਕ ਬੱਚੇ ਦੇ ਨਾਂ ਕੱਟਣ ’ਤੇ ਕੋਈ ਫ਼ਰਕ ਨਹੀਂ ਪੈਣ ਲੱਗਿਆ। ਫਿਰ ਮੈਂ ਉਦਾਸ ਕਿਉਂ? ਕਿਉਂ ਵਾਰ ਵਾਰ ਰਜ਼ੀਆ ਬਾਰੇ ਹੀ ਸੋਚ ਰਹੀ ਹਾਂ? ਮੈਨੂੰ ਇੰਜ ਮਹਿਸੂਸ ਹੋਇਆ ਜਿਵੇਂ ਮੈਂ ਆਪਣੇ ਆਪ ਨਾਲ ਹੀ ਝੂਠ ਬੋਲ ਰਹੀ ਹਾਂ। ‘ਹਾਂ…ਇਹ ਝੂਠ ਹੀ ਤਾਂ ਹੈ ਕਿ ਮੈਨੂੰ ਇਕ ਬੱਚੇ ਦੇ ਨਾਂ ਕੱਟਣ ’ਤੇ ਕੋਈ ਫ਼ਰਕ ਨਹੀਂ ਪੈਣ ਲੱਗਿਆ। ਸੱਚ ਤਾਂ ਇਹੀ ਹੈ ਕਿ ਮੈਨੂੰ ਫ਼ਰਕ ਪੈਂਦਾ ਹੈ। ਰਜ਼ੀਆ ਦਾ ਜਮਾਤ ਵਿਚ ਹੋਣ ਜਾਂ ਨਾ ਹੋਣ ਦਾ।’ ਜੇ ਮੈਨੂੰ ਫ਼ਰਕ ਪੈਂਦਾ ਹੈ …ਤਾਂ ਹੀ ਤਾਂ ਮੈਂ ਵਾਰ ਵਾਰ ਰਜ਼ੀਆ ਬਾਰੇ ਹੀ ਸੋਚ ਰਹੀ ਹਾਂ। ਮੇਰੀ ਚੁੱਪੀ ਤੇ ਉਦਾਸੀ ਨੂੰ ਮੇਰੀ ਅੱਠ ਕੁ ਸਾਲਾਂ ਦੀ ਧੀ ਨੇ ਵੀ ਮੇਰੇ ਚਿਹਰੇ ਤੋਂ ਬਹੁਤ ਆਸਾਨੀ ਨਾਲ ਪੜ੍ਹ ਲਿਆ ਹੈ। ਮੈਨੂੰ ਪੁੱਛਦੀ ਹੈ, ‘ਮੰਮੀ ਜੀ ਕੀ ਤੁਸੀਂ ਮੈਥੋਂ ਨਾਰਾਜ਼ ਹੋ?’ ਮੈਂ ਹੈਰਾਨ ਆਪਣੀ ਧੀ ਦੀ ਗੱਲ ਸੁਣ ਕੇ ਕਿ ਮੇਰੀ ਧੀ ਇੰਨੀ ਵੱਡੀ ਹੋ ਗਈ ਹੈ ਜੋ ਆਪਣੀ ਮਾਂ ਦਾ ਚਿਹਰਾ ਪੜ੍ਹ ਸਕਦੀ ਹੈ? ਫਿਰ ਮੈਂ ਗੱਲ ਟਾਲਣ ਲਈ ਕਿਹਾ, ‘ਪੁੱਤ ਮੇਰਾ ਸਿਰ ਦਰਦ ਹੋ ਰਿਹਾ ਹੈ।’ ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਮੇਰਾ ਸਿਰ ਦਬਾਉਣ ਲੱਗੀ ਮੇਰੇ ਮਨ ਨੂੰ ਬਹੁਤ ਰਾਹਤ ਮਿਲੀ, ਪਰ ਜਦੋਂ ਮੈਂ ਆਪਣੀ ਧੀ ਦੇ ਚਿਹਰੇ ਵੱਲ ਵੇਖਿਆ ਤਾਂ ਮੈਨੂੰ ਰਜ਼ੀਆ ਦਾ ਚਿਹਰਾ ਕਿਉਂ ਨਜ਼ਰ ਆਇਆ? ਮੈਂ ਰਾਤ ਨੂੰ ਵੀ ਚੰਗੀ ਤਰ੍ਹਾਂ ਸੌਂਅ ਨਾ ਸਕੀ। ਰਜ਼ੀਆ ਹੀ ਕਦੀ ਹੱਸਦੀ ਨਜ਼ਰ ਆਵੇ ਤੇ ਕਦੀ ਰੋਂਦੀ। ਇਕ ਵਾਰ ਤਾਂ ਮੈਨੂੰ ਇੰਜ ਲੱਗਿਆ ਜਿਵੇਂ ਰਹੀਮ ਰਜ਼ੀਆ ਦੀ ਬਾਂਹ ਫੜ ਕਿਧਰੇ ਦੂਰ ਲੈ ਕੇ ਜਾ ਰਿਹਾ ਹੈ ਤੇ ਮੇਰੀ ਅੱਖ ਖੁੱਲ੍ਹ ਗਈ। ਫਿਰ ਸਾਰੀ ਰਾਤ ਹੀ ਮੈਨੂੰ ਨੀਂਦ ਨਾ ਆਈ।
ਪ੍ਰਾਰਥਨਾ ਤੋਂ ਬਾਅਦ ਜਦੋਂ ਮੈਂ ਆਪਣੀ ਜਮਾਤ ਵਿਚ ਬੱਚਿਆਂ ਨੂੰ ਪੜ੍ਹਾ ਰਹੀ ਸੀ। ਰਹੀਮ ਰਜ਼ੀਆ ਦੀ ਬਾਂਹ ਫੜੀ ਜਮਾਤ ਵਿਚ ਦਾਖਲ ਹੋਇਆ। ਮੇਰੇ ਹੱਥ ਵਿਚ ਚਾਕ ਸੀ ਤੇ ਮੈਂ ਬਲੈਕ ਬੋਰਡ ’ਤੇ ਕੁਝ ਲਿਖ ਰਹੀ ਸੀ। ਰਹੀਮ ਅਚਾਨਕ ਮੇਰੇ ਪੈਰਾਂ ’ਤੇ ਹੱਥ ਲਾਉਣ ਲੱਗਾ। ਮੈਂ ਇਕਦਮ ਤ੍ਰਭਕ ਕੇ ਪਿੱਛੇ ਹੋ ਗਈ। ਉਹ ਹੱਥ ਜੋੜੀ ਮੇਰੇ ਕੋਲ ਖੜ੍ਹਾ ਆਖਣ ਲੱਗਾ, ‘ਮੈਡਮ ਜੀ, ਮੈਥੋਂ ਗ਼ਲਤੀ ਹੋ ਗਈ। ਕੱਲ੍ਹ ਮੈਥੋਂ ਬਹੁਤ ਬੁਰਾ ਭਲਾ ਕਹਿ ਹੋ ਗਿਆ। ਮੈਨੂੰ ਬਹੁਤ ਪਛਤਾਵਾ ਹੈ।’ ਉਸ ਦੀਆਂ ਅੱਖਾਂ ਵਿਚ ਸੱਚਮੁੱਚ ਹੀ ਪਛਤਾਵੇ ਦੇ ਅੱਥਰੂ ਸਨ। ਮੈਂ ਹੈਰਾਨ ਸੀ ਕਿ ਇਹ ਕੱਲ੍ਹ ਵਾਲਾ ਹੀ ਰਹੀਮ ਹੈ? ਮੈਂ ਹੁਣ ਵੀ ਚੁੱਪ ਸੀ। ਮੈਂ ਕੁਝ ਨਹੀਂ ਸੀ ਬੋਲ ਪਾ ਰਹੀ। ਰਹੀਮ ਨੇ ਦੱਸਿਆ,‘ਮੇਰੀ ਪਿਛਲੇ ਪੰਜ ਛੇ ਦਿਨ ਤੋਂ ਕੋਈ ਦਿਹਾੜੀ ਨਹੀਂ ਲੱਗੀ। ਤੁਹਾਨੂੰ ਸਾਡੇ ਘਰ ਦੀ ਹਾਲਤ ਦਾ ਤਾਂ ਪਤਾ ਹੀ ਹੈ। ਮੈਨੂੰ ਕਿਸੇ ਨੇ ਕਿਹਾ ਸੀ ਕਿ ਰਜ਼ੀਆ ਨੂੰ ਬੜੀ ਕੋਠੀ ਵਿਚ ਬੱਚਾ ਸਾਂਭਣ ਲਈ ਭੇਜਣ ’ਤੇ ਹਜ਼ਾਰ ਰੁਪਏ ਮਹੀਨਾ ਮਿਲਿਆ ਕਰਨਗੇ। ਮੈਂ ਮਜਬੂਰ ਸਾਂ। ਮੈਡਮ ਜੀ ਢਿੱਡ ਦੀ ਭੁੱਖ ਬੰਦੇ ਦੀ ਰੂਹ ਨੂੰ ਮਾਰ ਦਿੰਦੀ ਹੈ। ਕੱਲ੍ਹ ਮੈਂ ਨਹੀਂ ਮੇਰੇ ਵਿਚ ਮੇਰੇ ਪਰਿਵਾਰ ਦੀ ਬੇਵੱਸ ਭੁੱਖ ਬੋਲ ਰਹੀ ਸੀ। ਮੇਰੇ ਘਰ ਦੇ ਜੀਅ ਇਸ ਗੱਲ ਲਈ ਸਹਿਮਤ ਨਹੀਂ ਸਨ। ਜਿਸ ਕਾਰਨ ਕੱਲ੍ਹ ਜਦੋਂ ਤੁਸੀਂ ਮੇਰੇ ਘਰ ਆਏ ਤਾਂ ਮੈਥੋਂ ਤੁਹਾਨੂੰ ਵੀ ਵੱਧ ਘੱਟ ਬੋਲ ਹੋ ਗਿਆ ਕਿਉਂਕਿ ਮੇਰਾ ਸਾਰਾ ਪਰਿਵਾਰ ਮੈਥੋਂ ਬਾਗੀ ਹੋ ਗਿਆ ਸੀ। ਕੋਈ ਨਹੀਂ ਸੀ ਚਾਹੁੰਦਾ ਕਿ ਰਜ਼ੀਆ ਘਰੋਂ ਜਾਵੇ। ਕਿਸੇ ਨੇ ਵੀ ਕੱਲ੍ਹ ਦੀ ਰੋਟੀ ਦੀ ਬੁਰਕੀ ਮੂੰਹ ਨੂੰ ਨਹੀਂ ਲਾਈ। ਕਹਿੰਦੇ, ‘ਜੇ ਭੁੱਖ ਨਾਲ ਮਰ ਗਏ ਤਾਂ ਕੋਈ ਗੱਲ ਨਹੀਂ। ਹਾਂ, ਪਰ ਇਕ ਦੂਜੇ ਤੋਂ ਬਗੈਰ ਨਹੀਂ। ਰਜ਼ੀਆ ਮੇਰੇ ਗਲ਼ ਲੱਗ ਬਹੁਤ ਰੋਈ ਤੇ ਆਖਣ ਲੱਗੀ, ‘ਅੱਬੂ, ਤੈਨੂੰ ਮੇਰੇ ਤੇ ਗਊ ’ਚ ਕੋਈ ਫ਼ਰਕ ਨਜ਼ਰ ਨਹੀਂ ਆਇਆ…ਮੇਰੇ ਭਾਗ ਵੀ ਭੂਰੀ ਵਰਗੇ ਹੀ ਨੇ।’ ਚੰਦਰੀ ਦੇ ਬੋਲਾਂ ਨੇ ਮੈਨੂੰ ਹਲੂਣ ਕੇ ਰੱਖ ਦਿੱਤਾ। ਮੇਰੀ ਰੂਹ ਝੰਬੀ ਗਈ। ਮੈਡਮ ਜੀ… ਮੈਨੂੰ ਆਪਣੀ ਭੁੱਲ ਦਾ ਅਹਿਸਾਸ ਹੈ। ਮੈਨੂੰ ਪਤਾ ਹੈ ਕਿ ਤੁਹਾਨੂੰ ਇਕ ਬੱਚੇ ਦਾ ਨਾਂ ਕੱਟਣ ’ਤੇ ਕੋਈ ਫ਼ਰਕ ਨਹੀਂ ਪੈਣ ਲੱਗਿਆ, ਪਰ ਮੇਰੀ ਰਜ਼ੀਆ ਦਾ ਨਾਂ ਨਾ ਕੱਟਿਓ। ਅੱਜ ਮੈਂ ਦਿਹਾੜੀ ਲੱਭਣ ਚੱਲਿਆ ਹਾਂ। ਮੇਰੀ ਧੀ ਤੁਹਾਡੇ ਕੋਲ ਹੀ ਪੜ੍ਹੇਗੀ।’ ਰਹੀਮ ਬੋਲ ਰਿਹਾ ਸੀ ਤੇ ਮੇਰੀਆਂ ਅੱਖਾਂ ’ਚੋਂ ਹੰਝੂ ਮੇਰੇ ਕਾਬੂ ਤੋਂ ਬਾਹਰ ਹੁੰਦੇ ਜਾਪ ਰਹੇ ਸਨ। ਸਾਰੇ ਬੱਚੇ ਮੇਰੇ ਮੂੰਹ ਵੱਲ ਵੇਖ ਰਹੇ ਸਨ। ਰਹੀਮ ਆਪਣੇ ਹੱਥ ਜੋੜੀ ਖੜ੍ਹਾ ਸੀ ਤੇ ਉਸ ਦੀਆਂ ਨਜ਼ਰਾਂ ਮੇਰੇ ਮੂੰਹ ’ਤੇ ਟਿਕੀਆਂ ਹੋਈਆਂ ਸਨ। ਮੈਂ ਰਹੀਮ ਨੂੰ ਕਿਹਾ, ‘ਮੈਂ ਰਜ਼ੀਆ ਦਾ ਨਾਂ ਨਹੀਂ ਕੱਟ ਸਕਦੀ… ਕਿਉਂਕਿ ਮੈਨੂੰ ਇਸ ਦਾ ਨਾਂ ਕੱਟਣ ’ਤੇ ਬਹੁਤ ਫ਼ਰਕ ਪੈਂਦਾ ਹੈ। ਹਾਂ… ਫਰਕ ਤਾਂ ਪੈਂਦਾ ਹੈ।’